Share on Facebook

Main News Page

🏵️ਪਵਿੱਤਰ ਸ਼ਹਿਰ ਦੇ ਪਵਿੱਤਰ ਪਾਪੀ !⚠️
-: ਹਰਜੀਤ ਸਿੰਘ ਸੱਲ੍ਹਾਂ
18.05.2023
#KhalsaNews #HarjeetSingh #HolyCity #ਪਵਿੱਤਰ #ਸ਼ਹਿਰ

👳ਸਾਡੇ ਸਿੱਖਾਂ ਵਲੋ ਹਿੰਦੂਆਂ ਦੇ ਤੀਰਥਾਂ ਦੀ ਰੀਸੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਜਾਂਦੀ ਹੈ । ਕੀ ਗੁਰੂ ਰਾਮਦਾਸ ਜੀ ਦੇ ਵਸਾਏ ਨਗਰ ਨੂੰ ਕਿਸੇ ਜਾਤ ਸਮਾਜ ਤੋਂ ਕਿਸੇ ਕਨੂੰਨ ਤਹਿਤ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਇਆ ਜਾ ਸਕਦਾ ? ਜਦ ਕਿ ਸਿੱਖਾਂ ਵਿੱਚ ਸੁੱਚ-ਭਿੱਟ, ਸੂਤਕ-ਪਾਤਕ, ਪਵਿੱਤਰ-ਅਪਵਿੱਤਰ ਦਾ ਕੋਈ ਸੰਕਲਪ ਨਹੀਂ। ਹਾਂ ਸਿੱਖੀ ਵਿੱਚ ਸਫਾਈ ਅਤੇ ਵਾਤਾਵਰਣ ਸੰਭਾਲ਼ ਬਹੁਤ ਜ਼ਰੂਰੀ ਹੈ । ਹਵਾ ਪਾਣੀ ਤੇ ਧਰਤੀ ਦੀ ਕੀ ਮਹੱਤਤਾ ਅਹਿਮੀਅਤ ਹੈ ਗੁਰਬਾਣੀ ਵਿੱਚ ਸਪਸ਼ਟ ਹੈ ਗੁਰਬਾਣੀ ਫੁਰਮਾਨ ਹੈ :

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

🙏ਗੁਰਬਾਣੀ ਅਨੁਸਾਰ ਕੋਈ ਜਗ੍ਹਾ ਜਾਂ ਸਰੀਰ ਪਵਿੱਤਰ ਨਹੀਂ ਹੋ ਸਕਦਾ, ਹਾਂ ਗੰਦਾ ਤੇ ਸਾਫ਼ ਜ਼ਰੂਰ ਹੋ ਸਕਦੇ। ਸਾਫ ਸੁੱਥਰੇ ਨਿਰਮਲ ਜਲ ਵਾਲੇ ਦਰਿਆ ਸਾਡੀ ਅਣਗਹਿਲੀ ਕਰਕੇ ਗੰਦੇ ਨਾਲੇ ਬਣ ਜਾਂਦੇ। ਸਿਆਣਪ ਨਾਲ ਗੰਦੇ ਛੱਪੜ ਸਰੋਵਰ ਬਣ ਸਕਦੇ ਤੇ ਸਰੋਵਰ ਛੱਪੜ। ਅੱਜ ਪਾਕਿਸਤਾਨ ਵਿੱਚ ਸਾਡੇ ਗੁਰਦੁਆਰਿਆਂ ਵਾਲੀਆ ਕਈ ਥਾਂਵਾ 'ਤੇ ਪਸ਼ੂ ਬੰਨੇ ਹੋਏ ਹਨ ਪੱਛਮੀ ਦੇਸ਼ਾਂ ਵਿੱਚ ਚਰਚਾਂ (Churches) ਵਾਲੀਆਂ ਥਾਂਵਾਂ 'ਤੇ ਠੇਕੇ ਤੇ ਡਾਂਸ ਕਲੱਬ ਖੁਲ ਜਾਂਦੇ ਤੇ ਗੁਰਦੁਆਰੇ ਵੀ ਬਣ ਜਾਦੇ, ਉਨਾਂ ਬਾਰੇ ਕੀ ਕਹੋਗੇ? ਹਾਂ ਗੁਰ ਉਪਦੇਸ਼ ਸਿੱਖਿਆ 'ਤੇ ਚੱਲ ਕੇ ਪਵਿੱਤਰ ਸਿਰਫ਼ ਤੁਹਾਡਾ ਮਨ ਤੁਹਾਡੇ ਵਿਚਾਰ ਹੋ ਸਕਦੇ ਕਿਉਂਕਿ ਉਹਨਾ ਦਾ ਕੋਈ ਸਰੂਪ ਨਹੀਂ, ਜੋ ਸਥੂਲ ਹੈ ਉਸਦੀ ਸਫਾਈ ਕੀਤੀ ਜਾ ਸਕਦੀ ਪਵਿੱਤਰ ਨਹੀਂ-

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥
੪॥੧॥੭॥
ਭਗਤ ਕਬੀਰ ਜੀ, ਅੰਕ ੧੧੯੫

🌎 ਇਸ ਸੰਸਾਰ ਵਿੱਚ ਮਾੜਾ ਚੰਗਾ ਪਾਪ ਪੁੰਨ ਦਿਨ ਰਾਤ ਨਾਲ ਨਾਲ ਚੱਲਦੇ ਹਨ ਬਿੱਖ ਜ਼ਹਿਰ ਤੇ ਅੰਮ੍ਰਿਤ ਅਕਾਲ ਪੁਰਖ ਦੇ ਹੀ ਪੈਦਾ ਕੀਤੇ ਹਨ

ਬਿਖੁ ਅੰਮ੍ਰਿਤ ਕਰਤਾਰਿ ਉਪਾਏ ॥ ਸੰਸਾਰ ਬਿਰਖ ਕਉ ਦੁਇ ਫਲ ਲਾਏ ॥ ਮਃ੩ ਅੰਕ ੧੧੭੨

🚭ਤੰਬਾਕੂ, ਮੀਟ ਸ਼ਰਾਬ ਕੱਢ ਕੇ ਸ਼ਹਿਰ ਪਵਿੱਤਰ ਕਰਨਾ ਇਵੇਂ ਹੈ ਜਿਵੇਂ ਸਰੀਰ ਦਾ ਬਾਹਰੀ ਇਸ਼ਨਾਨ ਸੁੱਚਾ ਕਰਨਾ ਜਿਸ ਨਾਲ ਮਨ ਨੂੰ ਕੋਈ ਫਰਕ ਨਹੀਂ ਪੈਦਾ, ਪਵਿੱਤਰਤਾ ਦੀ ਗੱਲ ਕਰਨ ਵਾਲੇ ਕਲ ਗੁਰੂ ਗ੍ਰੰਥ ਸਾਹਿਬ ਨੂੰ ਪਵਿੱਤਰ ਨਾ ਕਰਨ ਚਲ ਪੈਣ ਕਿਉਂਕਿ ਮੀਟ ਵੇਚਣ ਵਾਲੇ ਭਾਈ ਸਧਨਾ ਜੀ ਤੇ ਮੋਏ ਪਸ਼ੂਆਂ ਨੂੰ ਢੋਣ ਤੇ ਚਮੜੇ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਹਨ। ਗੁਰਦੁਆਰਿਆਂ ਵਿੱਚ ਵੱਜਣ ਵਾਲੇ ਤਬਲੇ ਢੋਲਕ ਤੇ ਨਗਾਰੇ ਵੀ ਚੰਮ ਨਾਲ ਮੜ੍ਹੇ ਹੁੰਦੇ, ਪਰ ਕਈ ਚਮੜੇ ਦੀ ਲਾਈ ਬੈਲਟ 'ਤੇ ਵੀ ਇਤਰਾਜ ਕਰਦੇ। ਪਰ ਇਹ ਭੁੱਲ ਜਾਂਦੇ ਕਿ ਰੱਬ ਸਾਡੇ ਅੰਦਰ ਸਰੀਰ ਵਿੱਚ ਹੀ ਵਸਦਾ ਹੈ ਤੇ ਇਹ ਸਰੀਰ ਵਿੱਚ ਵਿਸ਼ਟਾ ਵੀ ਭਰਿਆ ਪਿਆ ਹੈ । ਫਿਰ ਵੀ ਇਸ ਨੂੰ ਹਰਿਮੰਦਰ ਆਖਿਆ ਹੈ -

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਃ੩ ਅੰਕ ੧੧੪੬

💩ਬਿਸਟਾ ਅਸਤ ਰਕਤੁ ਪਰੇਟੇ ਚਾਮ ॥ ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥
ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥ ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥
ਮਃ੫ ਅੰਕ ੩੭੪

🚫ਤੇ ਮੰਦੇ ਚੰਗੇ ਵਿਚਾਰ ਵੀ ਨਾਲ ਵਸਦੇ ਹਨ। ਹੁਣ ਸਰੀਰ ਕਿਵੇਂ ਪਵਿੱਤਰ ਕਰਾਂਗੇ ਕੀ ਰੱਬ ਨੂੰ ਬਾਹਰ ਕੱਢ ਸਕਦੇ ਹਾਂ ਜਾਂ ਅੰਦਰਲਾ ਵਿਸ਼ਟਾ ਤੇ ਮੰਦੇ ਵਿਚਾਰ? ਨਹੀਂ ਅਜਿਹਾ ਨਹੀਂ ਹੋ ਸਕਦਾ, ਰੱਬੀ ਰਚਨਾ ਵਿੱਚ ਮਾੜਾ ਚੰਗਾ ਨਾਲ ਨਾਲ ਹੀ ਚੱਲਦਾ ਜੇ ਫੁੱਲ ਹੈ ਨਾਲ ਕੰਡਾ ਵੀ ਹੈ ਦਿਨ ਨਾਲ ਰਾਤ ਹੈ।

🏡ਸ਼ਹਿਰ ਸਾਫ਼ ਕੀਤੇ ਜਾ ਸਕਦੇ ਹਨ, ਪਵਿੱਤਰ ਨਹੀਂ। ਸ਼ਹਿਰਾਂ ਵਿੱਚ ਪ੍ਰਦੂਸ਼ਿਤ ਗੱਡੀਆਂ ਤੇ ਸਾਧਨਾਂ ਨੂੰ ਰੋਕਿਆਂ ਜਾਵੇ, ਪਵਣ ਪਾਣੀ ਦੀ ਸੰਭਾਲ਼ ਕੀਤੀ ਜਾਵੇ। ਗੁਰੂ ਸਿਧਾਂਤ ਦੇ ਉਲਟ ਕਰੋੜਾਂ ਰੁਪਏ ਫੁੱਲਾਂ 'ਤੇ ਬਰਬਾਦ ਕੀਤੇ ਜਾਂਦੇ ਹਨ ਜਿੱਥੇ ਲੋਕ ਗੁਰੂ ਉਪਦੇਸ਼ ਨਾਲੋ ਸਜਾਵਟ ਵੇਖਣ ਨੂੰ ਵੱਧ ਤਰਜੀਹ ਦਿੰਦੇ ਹਨ ਉਸ ਨੂੰ ਬੰਦ ਕੀਤਾ ਜਾਵੇ। ਤੰਬਾਕੂ ਸਿਗਰਟ ਨੋਸ਼ੀ ਦੇ ਮਾੜੇ ਪ੍ਰਭਾਵ ਦੱਸ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਪਬਲਿਕ ਥਾਂਵਾਂ 'ਤੇ ਸਿਗਰਟ ਬੀੜੀ ਪਹਿਲਾਂ ਹੀ ਬੰਦ ਹੈ, ਮਿਲਾਵਟੀ ਖਾਣਾ ਬੰਦ ਕੀਤਾ ਜਾਵੇ, ਅਵਾਰਾ ਪਸ਼ੂਆਂ ਨੂੰ ਸਾਂਭਿਆ ਜਾਵੇ, ਗੱਡੀਆਂ ਦੇ ਉੱਚੇ ਸਾਇਰਨ ਤੇ ਹਾਰਨ ਕੰਟਰੋਲ ਕੀਤੇ ਜਾਣ, ਜਿਸ ਨਾਲ ਸ਼ਹਿਰ ਸਾਫ ਹੋ ਸਕਦੇ।

🏚 ਪਵਿੱਤਰ ਸ਼ਹਿਰ ਦੀ ਮੰਗ ਕਰਨ ਵਾਲੇ ਪਹਿਲਾਂ ਗੁਰਦੁਆਰਿਆਂ ਵਿੱਚੋ ਭੰਗ ਘੋਟਣੀ ਪੀਣੀ ਤੇ ਬੱਕਰੇ ਵੱਢਣੇ ਵੀ ਬੰਦ ਕਰਵਾਉਣ, ਜਿਸ ਨੂੰ ਗੁਰ ਉਪਦੇਸ ਦੇ ਉਲਟ ਧਰਮ ਤੇ ਪ੍ਰੰਪਰਾ ਦਾ ਨਾਮ ਦਿੱਤਾ ਜਾ ਰਿਹਾ ! ਜਦਕਿ ਗੁਰ ਫੁਰਮਾਨ ਹੈ -

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਭਗਤ ਕਬੀਰ ਜੀ,ਅੰਕ ੧੧੦੨

🌐ਪਵਿੱਤਰ ਸ਼ਹਿਰ ਦੇ ਪਾਪੀ ਪ੍ਰਬੰਧਕਾਂ, ਪੁਜਾਰੀਆਂ ਤੇ ਪਰਜਾ ਨੂੰ ਪਵਿੱਤਰ ਕਿਵੇਂ ਕਰੋਗੇ? ਜਿਹੜੇ ਮਾਇਆ ਕਾਰਨ ਅੰਮ੍ਰਿਤ ਬਾਣੀ ਨਾਲ ਅਨਮਤੀ ਰਚਨਾਵਾਂ ਮਿਲਾ ਕੇ ਪੜਦੇ ਹਨ। ਲੱਖਾਂ ਰੁਪਏ ਰਸਦਾਂ ਰੁਮਾਲਿਆਂ ਵਿੱਚੋ ਹੀ ਖਾ ਜਾਂਦੇ ਹਨ। ਉਸ ਪਰਜਾ ਦਾ ਜਿਹੜੀ ਸੁਭ ਗੁਣ ਸਿਫ਼ਤ ਸਲਾਹ :
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥

☣️ਮੰਗਣ ਦੀ ਬਜਾਏ ਸ਼ਰਤਾਂ, ਸੁੱਖਣਾ, ਗੁਆਂਢੀ ਦੀ ਵੱਟ ਵੀ ਮੇਰੇ ਵਿੱਚ ਰਲ ਜਾਏ ਮੈਂ ਜਿੱਤ ਜਾਵਾਂ ਦੂਜਾ ਹਾਰ ਜਾਏ ਲੈ ਹਾਜ਼ਰ ਹੁੰਦੀ, ਉਹ ਕਿਵੇ ਪਵਿੱਤਰ ਹੋਵੇਗੀ ? ਪਰ ਸਾਡੇ ਪੁਜਾਰੀਆਂ ਤੇ ਪ੍ਰਬੰਧਕਾਂ ਨੂੰ ਤਾਂ ਸਭ ਕੁਝ ਮੁਆਫ ਹੈ ਕਿਉਂਕਿ ਉਹ ਪਵਿੱਤਰ ਪਾਪੀ ਹਨ, ਵੱਢੀ ਲੈ ਕੇ ਜਾਂ ਸਿਆਸੀ ਫਾਇਦੇ ਲਈ ਕਿਸੇ ਨੂੰ ਵੀ ਮੁਆਫ ਕਰ ਸਕਦੇ, ਫਖਰੇ ਏ ਕੌਮ ਬਣਾ ਸਕਦੇ ! ਬਾਕੀ ਜਿਹੜੀ ਗੁਰਦੁਆਰਿਆਂ ਵਿੱਚ ਚੜਾਵੇ ਵਿੱਚ ਮਾਇਆ ਆਉਂਦੀ ਹੈ ਉਸ ਬਾਰੇ ਵੀ ਕਦੇ ਸੋਚਿਆ ਕਿੱਥੋਂ ਕਿੱਥੋਂ ਆਉਂਦੀ ਹੈ? ਗਊ ਮੂਤਰ ਤੇ ਗੋਬਰ ਨਾਲ ਮੰਦਰ ਤੇ ਹੋਰ ਥਾਂਵਾਂ ਪਵਿੱਤਰ ਕਰਨ ਵਾਲਿਆਂ ਦੀ ਰੀਸੇ ਸਾਡੇ ਵੀ ਕੱਚੀ ਲੱਸੀ ਨਾਲ ਜਗ੍ਹਾ ਪਵਿੱਤਰ ਕਰਨ ਵਾਲਿਆਂ ਨੂੰ ਭਗਤ ਰਵਿਦਾਸ ਜੀ ਦਾ ਸ਼ਬਦ ਵਿਚਾਰ ਲੈਣਾ ਚਾਹੀਦਾ-

ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਭਗਤ ਰਵਿਦਾਸ ਜੀ ਅੰਕ ੫੨੫


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top