Share on Facebook

Main News Page

ਹਾਏ ਕਨੇਡਾ !!!
-: ਪਰਮਿੰਦਰ ਸਿੰਘ
20.10.2023
#KhalsaNews #ParminderSingh #Canada #Immigration #Punjab #Punjabis #Problems #IELTS

ਪੰਜਾਬਿਓ : ਖਾਸ ਤੌਰ 'ਤੇ ਪੰਜਾਬੀ ਮਾਪੇ, ਰੱਬ ਦਾ ਵਾਸਤਾ ਜੇ 5 ਮਿੰਟ ਕੱਢ ਕੇ ਜ਼ਰੂਰ ਪੜਿਓ !

ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਲੋਕ ਆਪਣੇ ਧਾਰਮਿਕ, ਆਰਥਿਕ ਤੇ ਪਰਿਵਾਰਕ ਪਿਛੋਕੜ ਨੂੰ ਘੋਖੇ ਬਿਨਾਂ... ਬਿਨਾਂ ਵਿਚਾਰੇ... ਰੀਸੋ ਰੀਸ ਦੂਜਿਆਂ ਮਗਰ ਲੱਗ ਕੇ 17-18 ਸਾਲ ਦੇ ਜੁਆਕਾਂ ਦੀ ਜਿਦ ਕਰਕੇ ਬਾਹਰਲੇ ਮੁਲਕਾਂ ਨੂੰ ਭੇਜੀ ਜਾ ਰਹੇ ਹਨ।

ਕਹਿੰਦੇ ਪੰਜਾਬ ਹੁਣ ਸੁਰੱਖਿਅਤ ਨਹੀਂ ਰਿਹਾ... ਨਸ਼ਾ ਬਹੁਤ ਹੈ... ਕੀ ਕਨੇਡਾ ਅਮਰੀਕਾ ਸੁਰੱਖਿਅਤ ਹੈ... ? ਇੱਥੇ ਨਸ਼ਾ ਨਹੀਂ ਹੈ... ? ਇਥੇ ਤਾਂ ਹਾਲਾਤ ਪੰਜਾਬ ਨਾਲੋਂ ਵੀ ਬਦਤਰ ਹਨ... ਨਸ਼ਾ On Call ਘਰੇ deliver ਹੁੰਦਾ... ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ... 17-18 ਸਾਲ 'ਚ ਬੱਚਾ ਭਾਵੇਂ ਸਰੀਰਕ ਤੌਰ 'ਤੇ ਕੰਮ ਲਈ ਤਿਆਰ ਹੋ ਚੁਕਾ ਹੁੰਦਾ... ਪਰ ਮਾਨਸਿਕ ਤੌਰ 'ਤੇ ਸਮਾਜ ਦੀ ਸੋਝੀ ਨਹੀਂ ਆਈ ਹੁੰਦੀ... ਆਪਦੇ ਦੋਸਤਾਂ ਦੀਆਂ ਫੇਸ ਬੁੱਕ 'ਤੇ ਕਰਜੇ 'ਤੇ ਲਈਆਂ ਕਾਰਾਂ ਮੂਹਰੇ... ਬੀਚ ਦੇ ਕੰਢੇ 'ਤੇ ਖੜਕੇ... ਮੂਹਰੇ ਕੇਕ ਰੱਖ ਪਾਰਟੀ ਕਰਦਿਆਂ ਦੀਆਂ... ਬੀਅਰ ਪੀਂਦਿਆਂ ਦੀਆਂ ਪਾਈਆਂ ਫੋਟੋਆਂ ਵੇਖ... ਦਿਮਾਗ ਫੋਟੋਆਂ ਵਾਲੀ ਜਿੰਦਗੀ ਨੂੰ ਕਨੇਡਾ ਦਾ ਆਖਰੀ ਸੱਚ ਮੰਨ ਲੈਂਦਾ...

ਜਦ ਕਨੇਡਾ ਪਹੁੰਚ ਜਿੰਦਗੀ ਦੀ ਅਸਲੀਅਤ ਤੇ ਸਖਤ ਹੱਢ ਭੰਨਵੀਂ ਮਿਹਨਤ ਵਾਲੇ ਪਾਸੇ ਨਾਲ ਵਾਹ ਪੈਂਦਾ ਤਾਂ ਕੱਚੀ ਉਮਰ ਦੇ ਬੱਚੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ... ਬੇਸਮੈਂਟ ਦਾ ਫਿਕਰ... ਰੋਟੀ ਪਾਣੀ ਦਾ ਫਿਕਰ... ਕੰਮ ਲੱਭਣ ਦਾ ਫਿਕਰ... ਪਹਿਲਾਂ ਪੜਾਈ ਪੂਰੀ ਕਰਨ ਦੀ ਫਿਕਰ... ਫਿਰ ਅਗਲੇ ਸਮੈਸਟਰ ਦੀ ਫੀਸ ਦਾ ਫਿਕਰ... ਫਿਰ ਪਿੱਛੇ ਜਮੀਨ ਗਹਿਣੇ ਰੱਖ ਚੁੱਕੇ ਕਰਜੇ ਦੇ ਲਾਹੁਣ ਦਾ ਫਿਕਰ... ਫਿਰ ਪੱਕੇ ਹੋਣ ਦਾ ਫਿਕਰ... ਪੜਾਈ ਤੋਂ ਬਾਅਦ ਰੂਲ ਬਦਲਣ 'ਤੇ ਇਕ Province (ਰਾਜ) ਤੋਂ ਦੂਜੇ ਰਾਜ 'ਚ ਜਾਕੇ ਪੱਕੇ ਹੋਣ ਦਾ ਫਿਕਰ... ਉਤੋਂ ਲੋਟੂ Employer ਵਲੋਂ ਕੰਮ ਦੇ ਦੱਬੇ ਪੈਸੇ ਦਾ ਫਿਕਰ ਤੇ ਗੁੱਸਾ... ਲੋਟੂ ਇੰਮੀਗਰੇਸ਼ਨ ਵਾਲਿਆਂ ਵਲੋਂ ਝੂਠੇ ਪੇਰੋਲ ਥੱਲੇ ਨਚੋੜੀ ਹੱਢ ਭੰਨਵੀਂ ਕਮਾਈ ਦੀ ਲੁੱਟ...

ਹਾਲਾਤ ਇੰਨੇ ਸੌਖੇ ਨਹੀਂ ਹਨ... ਪੜਾਈ ਪੂਰੀ ਹੋਣ 'ਤੇ ਪਿਛਿਉਂ ਫੁਕਰੇ ਮਾਪਿਆਂ ਦਾ ਦਿਨ ਰਾਤ ਫੋਨ ਤੇ ਮਿਹਣਾ ਕਿ ਫਲਾਨਿਆਂ ਦੇ ਮੀਤੇ ਨੇ ਤਾਂ ਕੋਠੀ ਪਵਾਤੀ... ਜਮੀਨ ਲੈ ਲਈ... ਜਆਕ ਨੂੰ ਸੂਈ ਦੇ ਨੱਕੇ 'ਚੋਂ ਕੱਢਣ ਵਾਲਾ ਕੰਮ ਹੈ... ਬੱਚੇ ਨਸ਼ੇ ਕਰਨ ਲੱਗ ਜਾਂਦੇ ਨੇ... ਨਤੀਜੇ ਵੱਡੇ ਚੈਕ ਲਈ ਦਿਨ ਰਾਤ ਬਿਨਾਂ ਆਰਾਮ ਕੀਤੇ ਟਰੱਕ ਧੂਈ ਫਿਰਨਾ... ਅਖੀਰ ਉਨੀਂਦਰੇ ਹੋ ਐਕਸੀਡੈਂਟ 'ਚ ਮਾਰੇ ਜਾਣਾ... ਹਕੀਕਤ ਕੋਈ ਨਹੀਂ ਦੱਸਦਾ... ਮਿਹਨਤੀ ਜੁਆਕ ਧੀਆਂ ਮਿਲਦੇ ਨੇ... ਉਹਨਾਂ ਨੇ ਬਾਪ ਦਾ ਕਰਜਾ ਲਾਹਿਆ... ਘਰ ਪਾਏ... ਭੈਣਾਂ ਵਿਆਹੀਆਂ... 30-32 ਸਾਲ ਦੇ ਹੋਕੇ ਵਿਆਹ ਕਰਵਾਏ... ਜਰੂਰੀ ਨਹੀਂ ਸਾਰੇ ਬੱਚੇ ਉਹ ਪ੍ਰੈਸ਼ਰ ਝੱਲਣ ਲਈ ਤਿਆਰ ਹੋਣ... ਇਹ ਫਾਰਮੂਲਾ ਸਭ 'ਤੇ ਲਾਗੂ ਹੋਵੇ...

ਬੱਚੇ ਨੂੰ ਕਨੇਡਾ ਭੇਜਣ ਤੋਂ ਪਹਿਲਾਂ ਆਪਦੇ ਪਰਿਵਾਰਕ ਤੇ ਆਰਥਿਕ ਹਾਲਤ ਜਰੂਰ ਘੋਖੋ... ਤੁਸੀਂ ਕਾਹਦੇ ਮਾਂ ਪਿਉ ਹੋ... ਜੋ ਬੱਚੇ ਦਾ ਬੁਰਾ ਭਲਾ ਹੀ ਨਹੀਂ ਸੋਚ ਸਕਦੇ... ਕਨੇਡਾ, ਅਸਟਰੇਲੀਆ ਦੀਆਂ ਸਰਕਾਰਾਂ ਨੇ ਕੀ ਲੈਣਾ ਪਿੱਛੇ ਕੀ ਚੱਲ ਰਿਹਾ... ਉਹਨਾਂ ਨੂੰ ਤਾਂ ਅੰਗ੍ਰੇਜੀ ਬੋਲਣ ਵਾਲੀ ਲੇਬਰ ਚਾਹੀਦੀ ਹੈ... ਲੇਬਰ ਪਹਿਲਾਂ ਹਜਾਰਾਂ ਫੂਕ IELTS ਕਰਦੀ ਹੈ... ਅਰਬਾਂ ਦਾ ਧੰਦਾ ਹੈ... Embassy ਵੀਜੇ ਦੇਕੇ ਫੀਸ ਲੈਂਦੀਆਂ... .ਅਰਬਾਂ ਦਾ ਕਾਰੋਬਾਰ... ਅਗਲਿਆਂ ਦੇ ਡੈਡ ਹੋ ਚੁਕੇ ਕਾਲਜ ਚਲਦੇ ਨੇ... Laptop ਞਿਕਦੇ ਨੇ... ਕਿਤਾਬਾਂ ਵਿਕਦੀਆਂ... ਗੱਡੀਆਂ ਵਿਕਦੀਆਂ 15-20% ਵਿਆਜ 'ਤੇ... ਕੱਪੜਾ ਵਿਕਦਾ... .ਫੋਨ ਵਿਕਦੇ ਨੇ... Drug ਵਿਕਦੀ ਹੈ...

ਸਾਡੇ ਧੀ ਪੁੱਤ ਜੰਮ ਕੇ ਪਾਲ ਪੋਸਕੇ, ਪੜਾ ਲਿਖਾਕੇ ਆਪਦੇ ਧਰਮ ਦੇ ਸੰਸਕਾਰ ਕਦਰਾਂ ਕੀਮਤਾਂ ਦੇ ਹੱਥੀਂ ਚਾਵਾਂ ਨਾਲ ਵਿਆਹ ਕੇ ਤੋਰਨ ਦਾ ਰਿਵਾਜ ਆ... ਤੁਸੀਂ ਬਾਹਰ ਦੇ ਨਾਂ 'ਤੇ ਅੰਨੇ ਹੋਏ 17 ਸਾਲ ਦੀਆਂ ਬੱਚੀਆਂ ਨੂੰ ਆਪ ਤੋਂ ਤੋੜਕੇ ਬਾਹਰ ਸੁੱਟੀ ਜਾ ਰਹੇ ਹੋ... ਇਸ ਉਮਰ 'ਚ ਬੱਚੀਆਂ ਤੇ ਮੁੰਡਿਆ 'ਚ ਸਰੀਰਕ ਤਬਦੀਲੀਆਂ ਆ ਰਹੀਆਂ ਹੁੰਦੀਆਂ ਨੇ... ਉਹਨਾਂ ਨੂੰ ਜੰਮਣ ਵਾਲਿਆਂ ਤੋਂ ਬਿਨਾਂ ਕੋਈ ਹੋਰ ਸਹੀ ਸੇਧ ਨੀ ਦੇ ਸਕਦਾ... ਕੀ ਸਾਡੇ ਕੁਆਰੀ ਕੁੜੀ ਜਾਂ ਜੁਆਨ ਪੁੱਤ ਨੂੰ ਕਿਸੇ ਬੰਦੇ ਨਾਲ ਜਾਂ ਔਰਤ ਨਾਲ ਇਕੱਲੇ ਰਹਿਣ ਦੀ ਰੀਤ ਹੈ? ਰਿਵਾਜ ਹੈ? ਜੇ ਨਹੀਂ ਤਾਂ... ਪੰਜਾਬ ਤੋਂ Contract marriage ਰਾਹੀਂ ਆਏ ਆ ਕੁਝ ਨਹੀਂ ਕਰ ਰਹੇ ???

ਬੱਚੀਆਂ ਦਾ ਮਾਨਸਿਕ ਤੇ ਸ਼ਰੀਰਕ ਸ਼ੋਸ਼ਣ ਹੋ ਰਿਹਾ... ਉਹ ਡਰਦੀਆਂ ਚੁੱਪ ਕਰ ਜਾਂਦੀਆਂ... ਅਸੀਂ ਮਾਂ ਬਾਪ ਹੋਣ ਦੀ ਜਿੰਮੇਵਾਰੀ ਤੋਂ ਭੱਜ ਰਹੇ ਹਾਂ... ਅੱਜ ਦੇ ਤੇ 20 ਸਾਲ ਪਹਿਲਾਂ ਦੇ ਕਨੇਡਾ 'ਚ ਜਮੀਨ ਆਸਮਾਨ ਦਾ ਫਰਕ ਹੈ। ਹੁਣ ਹਾਲਾਤ ਬਦਲ ਗਏ ਹਨ... ਮਾਂ ਬਾਪ ਤਾਂ ਜਹਾਜ ਚੜਾ ਸੁਰਖੁਰੂ ਹੋ ਗਿਆ ਕਿ ਜਿਹੜਾ ਵਿਆਹ 'ਤੇ ਲਾਉਣਾ ਸੀ... ਬਾਹਰ ਭੇਜਣ 'ਤੇ ਲਾਤਾ... ਕਈ ਮਾਂ ਬਾਪ ਆਪਦੀ ਨਾਕਾਬਲੀਅਤ ਨੂੰ ਜੁਆਕਾਂ ਨੂੰ ਬਾਹਰ ਭੇਜ ਲੁਕਾਉਣ ਨੂੰ ਫਿਰਦੇ ਨੇ... ਉਹਨਾਂ ਰਾਹੀਂ ਆਪਦੇ ਅਰਮਾਨ ਇਛਾਵਾਂ ਪੂਰੀਆਂ ਕਰਨ ਨੂੰ ਫਿਰਦੇ ਨੇ...

ਨਤੀਜਾ... ਸਾਰਾ ਭਾਰ ਜੁਆਕਾਂ 'ਤੇ ਪੈ ਰਿਹਾ... ਜੁਆਕ ਬੌਂਦਲੇ ਫਿਰਦੇ ਨੇ... ਗੱਲ ਦੀ ਗਹਿਰਾਈ ਨੂੰ ਸਮਝਣ ਦੀ ਲੋੜ ਹੈ... ਬੱਚੇ Emotionally blackmail ਹੋ ਰਹੇ ਨੇ... ਵਰਤੇ ਜਾ ਰਹੇ ਨੇ... 12 ਪਾਸ ਨਿਰੋਲ ਲੇਬਰ ਕਲਾਸ ਹੈ... ਇਹਨਾਂ ਨੂੰ ਆਪਦਾ ਧਰਮ, ਵਿਰਸਾ ਸਮਾਜ ਦੀ ਬਣਤਰ, ਸਮਾਜ ਦੇ ਨਿਯਮ ਦੱਸੋ... ਪਰਿਵਾਰਕ ਕਦਰਾਂ ਕੀਮਤਾਂ ਦਿਉ... ਨਹੀਂ ਤਾਂ ਇਹ ਭਟਕ ਜਾਣਗੇ... ਇਹ ਜੁਆਕ ਥੋਡਾ ਅੰਸ਼ ਵੰਸ ਨੇ, ਰੋਲੋ ਨਾ... ਜਿਸ ਬੰਦੇ ਦਾ ਪੰਜਾਬ 'ਚ ਸਰਦਾ... ਭੁਲਕੇ ਵੀ ਨਾ ਭੇਜੋ... ਜੇ ਭੇਜਣਾ ਹੀ ਹੈ ਤਾਂ ਡਿਗਰੀ ਡਿਪਲੋਮੇ ਕਰਾਕੇ Trade courses ਦੀ ਪੜਾਈ Plumber, Electrician, Welder, Auto, AC, Truck Mechanic ਦੀ ਪੜਾਈ 'ਚ ਭੇਜੋ... ਤਾਂ ਕਿ ਰੁਲਣ ਤੋਂ ਬਚਿਆ ਜਾ ਸਕੇ...

ਜਿਵੇਂ ਫੁਕਰੇ ਲੋਕਾਂ ਦੀ ਪੰਜਾਬ ਚ ਬਹੁਤਾਤ ਹੈ... ਉਵੇਂ ਫੁਕਰੇ Students ਦੀ ਵੀ ਕਨੇਡਾ 'ਚ ਭਰਮਾਰ ਹੈ... ਉਹ ਬਾਹਰ ਆ ਤਾਂ ਗਏ... ਪਰ ਲੱਛਣ ਉਹੀ ਨੇ... 18-20% ਵਿਆਜ 'ਤੇ ਖਰੀਦੀਆਂ ਕਾਰਾਂ ਨਾਲ ਸਮਾਜ 'ਚ ਰੁਤਬਾ ਲੈਣ ਨੂੰ ਫਿਰਦੇ ਨੇ... ਬੈਂਕ ਅਕਾਊਂਟ 'ਚ ਦੁਆਨੀ ਨੀ ਹੁੰਦੀ... ਗੱਲ ਕਰਨਗੇ ਚੱਬ ਕੇ... ਇਹੋ ਜਿਹੀਆਂ ਨਾਲ ਆਲੀਆਂ ਫੁਕਰੀਆਂ... ਔਖੀਆਂ ਹੋ ਹੋ ਅੰਗ੍ਰੇਜੀ ਬੋਲਣਗੀਆਂ... Bob cut ਬਣਾ ਲੈਣ ਨਾਲ... ਕੰਨਾਂ ਦੇ ਪਿੱਛੇ ਐਨਕਾਂ ਟੰਗਣ ਨਾਲ... Tim Hortons(ਚਾਹ ਦੀ ਦੁਕਾਨ) ਨੂੰ ਟਿੰਮੀ ਕਹਿ Drive thru ਚਾਹ ਦਾ ਕੱਪ ਲੈਣ ਨਾਲ ... MacDonald's ਨੂੰ MacDees ਕਹਿਣ ਨਾਲ... ਕਰਜੇ 'ਤੇ ਲਈਆਂ ਕਾਰਾਂ ਮੂਹਰੇ ਸੈਲਫੀਆਂ ਲੈ ਟਿਕ ਟਾਕ 'ਤੇ ਰੀਲਾਂ ਪਾਉਣ ਨਾਲ... ਪੈਰਾਂ 'ਚ ਜਰਾਬਾਂ ਨਾਲ ਗੁਸਲਖਾਨੇ ਆਲੀਆਂ ਚੱਪਲਾਂ ਪਾ... ਚੌਕਾਂ 'ਚ ਲਾਲ ਬੱਤੀ ਹੋਣ 'ਤੇ ਕਾਰਾਂ ਦੀਆਂ ਟਾਕੀਆਂ ਦੇ ਸ਼ੀਸ਼ੇ ਥੱਲੇ ਕਰ ਉਚੀ ਅਵਾਜ 'ਚ ਲੋਕਾਂ ਨੂੰ ਫੁਕਰੇ ਚਵਲ ਗਾਇਕਾਂ ਦੇ ਗਾਣੇ ਸੁਣਾਉਣ ਨਾਲ ਬੰਦਾ ਮਾਡਰਨ ਨੀ ਹੋ ਜਾਂਦਾ... ਇਹ ਸੋਚ ਦੇ ਦੀਵਾਲੀਆਪਣ ਦੀ ਨਿਸ਼ਾਨੀ ਹੈ...

ਇਹ ਕੁਝ ਕਰਨ ਨਾਲ ਅਸੀਂ ਸਿੱਧ ਕਰ ਰਹੇ ਹਾਂ... ਕਿ ਅਸੀਂ ਸਮਾਜ ਦੀ ਲੇਬਰ ਕਲਾਸ ਹਾਂ... ਇਹੀ ਕੁਛ ਹੁੰਦਾ ਅਸੀਂ ਪਹਿਲਾਂ ਵੀ ਵੇਖਿਆ ਹੈ... ਪਹਿਲਾਂ ਇਹੀ ਕੁੱਝ ਸਾਡੇ ਪਿੰਡਾਂ ਆਲੀ ਮੋਟਰ 'ਤੇ ਯੂਪੀ, ਬਿਹਾਰ ਤੋਂ ਆਈ ਲੇਬਰ ਕਰਦੀ ਸੀ... ਸ਼ਾਮ ਨੂੰ ਨਾਹ ਕੇ ਪਿੰਡ ਦੀ ਦੁਕਾਨ ਤੋਂ ਸੌਦਾ ਲੈਣ ਆਇਆਂ ਦੇ ਮੋਢੇ ਟੰਗੇ ਰੇਡੀਉ 'ਚੋਂ ਉਚੀ ਆਵਾਜ 'ਚ ਇਹੀ ਹੁੰਦਾ ਸੀ... ਕਨੇਡਾ ਅਮਰੀਕਾ 'ਚ "ਯਾ ਮੈਨ" ਆਲੇ ਕਰਦੇ ਰਹੇ ਨੇ... ਫਰਕ ਸਿਰਫ ਇੰਨਾ ਕਿ ਸਮੇਂ ਦੇ ਨਾਲ ਸਿਰਫ ਪਾਤਰ ਬਦਲ ਗਏ ਨੇ ਤੇ ਹੁਣ ਅਸੀਂ ਕਰਨ ਲੱਗ ਪਏ ਹਾਂ...

ਭਲਿਉ ਲੋਕੋ ਆਪਦੀ ਉਮਰ ਦੇ 12ਵੀਂ ਜਮਾਤ ਵਾਲੇ ਸਾਲ ਯਾਦ ਕਰੋ... ਥੋਨੂੰ ਕੀ ਅਕਲ ਸੀ ਸਮਾਜ ਬਾਰੇ... ਜੇ ਜੁਆਕ ਜਿੱਦ ਕਰਦਾ ਤਾਂ ਉਸਨੂੰ ਸਮਝਾਵੋ... ਬੈਠਕੇ ਗੱਲ ਕਰੋ... ਜਜ਼ਬਾਤੀ ਹੋ ਲਏ ਫੈਸਲੇ ਨੁਕਸਾਨ ਕਰਦੇ ਨੇ... ਬੱਚੇ ਲਈ ਇਸ ਉਮਰ 'ਚ ਠੀਕ ਗਲਤ ਦਾ ਫੈਸਲਾ ਕਰਨਾ ਮੁਸ਼ਕਿਲ ਹੈ... ਬਹੁਤੇ ਲੋਕਾਂ ਦੇ ਇੱਕ ਇੱਕ ਬੱਚਾ ਹੈ... ਇਹ ਨਾ ਹੋਵੇ ਕਿ ਕਨੇਡਾ ਦੇ ਚੱਕਰ 'ਚ ਔਲਾਦ ਵੀ ਗੁਆ ਲਵੋਂ ਤੇ ਆਪਦਾ ਬੁਢਾਪਾ ਵੀ ਰੁਲ਼ ਜਾਵੇ... ਪਰ ਅਫਸੋਸ ਅੱਜ ਹੋ ਇਹੀ ਰਿਹਾ।

ਭੁੱਲ ਚੁੱਕ ਲਈ ਮਾਫੀ
ਪਰਮਿੰਦਰ ਸਿੰਘ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details... .

Go to Top