Share on Facebook

Main News Page

⚠️ ਪੰਜਾਬ ਦੇ ਪੁੱਤ ਜਿੰਨਾ ਚਿਰ ਸਟੇਟ ਦੀ ਇਹ ਖੇਡ ਨਹੀਂ ਸਮਝਣਗੇ, ਗੈਂਗਸਟਰ ਬਣ-ਬਣ ਮਰਦੇ ਰਹਿਣਗੇ
-: ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
#GurpreetSinghSahota #Chardikala #KhalsaNews #ManpreetManna #JagroopRoopa #SidhuMoosewala

👉 ਇਹ ਗੱਲ ਸਰਕਾਰਾਂ ਦੇ ਹੱਕ ‘ਚ ਜਾਂਦੀ ਕਿ ਪੰਜਾਬ ਦੇ ਨੌਜਵਾਨ ਕਿਸੇ ਸੋਚ ਜਾਂ ਵਿਚਾਰਧਾਰਾ ਅਧੀਨ ਹਥਿਆਰ ਨਾ ਚੁੱਕਣ ਬਲਕਿ ਸਿਸਟਮ ਤੋਂ ਬਾਗੀ ਹੋ ਕੇ ਗੈਂਗਸਟਰ ਬਣ ਜਾਣ। ਗੈਂਗਸਟਰਾਂ ਨੂੰ ਸਟੇਟ ਫਿਰ ਆਪਣੇ ਹਿਤਾਂ ਲਈ ਵਰਤਦੀ ਹੈ, ਵਿਰੋਧੀ ਖਤਮ ਕਰਵਾਏ ਜਾਂਦੇ, ਦਬਕਾਏ ਜਾਂਦੇ, ਚੁੱਪ ਕਰਵਾਏ ਜਾਂਦੇ। ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਵਰਤ ਕੇ ਫਿਰੌਤੀਆਂ ‘ਚੋਂ ਹਿੱਸਾ ਲੈਂਦਾ ਤੇ ਫਿਰ ਇੱਕ ਦਿਨ ਜਦ ਲੋਕਾਈ ‘ਚ ਇਨ੍ਹਾਂ ਪ੍ਰਤੀ ਗੁੱਸਾ ਵੱਧ ਜਾਵੇ ਤਾਂ ਲੋਕਾਂ ਦੀ ਪੁਰ-ਜ਼ੋਰ ਮੰਗ ‘ਤੇ ਅਮਨ ਸ਼ਾਂਤੀ ਬਹਾਲ ਕਰਨ ਲਈ ਗੈਂਗਸਟਰ ਨੂੰ ਮਾਰ ਦਿੱਤਾ ਜਾਂਦਾ।

🔹 ਕਿਸੇ ਸੋਚ ਜਾਂ ਵਿਚਾਰਧਾਰਾ ਨਾਲ ਨਾ ਜੁੜੇ ਹੋਣ ਕਾਰਨ ਕੋਈ ਧਿਰ ਉਨ੍ਹਾਂ ਨਾਲ ਨਹੀਂ ਖੜ੍ਹਦੀ। ਬਹੁਤੇ ਲੋਕ ਉਨ੍ਹਾਂ ਦੇ ਮਾਰੇ ਜਾਣ ’ਤੇ ਖੁਸ਼ੀ ਜ਼ਾਹਰ ਕਰਦੇ ਹਨ, ਕੁਝ ਚੁੱਪ ਰਹਿੰਦੇ ਹਨ। ਸਰਕਾਰਾਂ ਦੇ ਇਹ ਵਰਤਾਰਾ ਬੜਾ ਸੂਤ ਬਹਿੰਦਾ।

👮 ਪੁਲਿਸ ਕਹਿੰਦੀ ਹੁੰਦੀ ਸੀ ਕਿ ਗੈਂਗਸਟਰ ਮਨਪ੍ਰੀਤ ਮੰਨਾ ਤੇ ਜਗਰੂਪ ਰੂਪਾ ਮਰਹੂਮ ਗਾਇਕ ਸਿੱਧੂ ਮੂਸੇਆਲਾ ਨੂੰ ਮਾਰਨ ਦੇ ਦੋਸ਼ੀ ਸਨ। ਸੋ ਅੱਜ ਉਨ੍ਹਾਂ ਦਾ ਮੁਕਾਬਲੇ ‘ਚ ਮਾਰਿਆ ਜਾਣਾ ਬਹੁਤੇ ਲੋਕਾਂ ਨੂੰ ਜਾਇਜ਼ ਹੀ ਲੱਗੇਗਾ। ਇਹ ਗੱਲ ਵੱਖਰੀ ਹੈ ਕਿ ਮੰਨੇ ਦੇ ਪਿੰਡ ਕੁੱਸੇ ਦੇ ਲੋਕ ਮਹੀਨਾ ਪਹਿਲਾਂ ਦੇ ਕਹਿ ਰਹੇ ਕਿ ਮੰਨਾ ਪੁਲਿਸ ਨੇ ਚੁੱਕਿਆ ਹੋਇਆ।

💥 ਇਸ ਮੁਕਾਬਲੇ ਤੋਂ ਬਾਅਦ ਕਈ ਜ਼ਰੂਰ ਸੋਚਣਗੇ ਕਿ ਪੁਲਿਸ ਹੀ ਕਹਿੰਦੀ ਸੀ ਕਿ ਇਹ ਦੋਸ਼ੀ ਹਨ, ਪੁਲਿਸ ਨੇ ਹੀ ਮਾਰ ਦਿੱਤੇ। ਸਬੂਤਾਂ ਸਹਿਤ ਖੁਲਾਸਾ ਕਿੱਥੇ ਹੈ ਕਿ ਇਨ੍ਹਾਂ ਨੇ ਹੀ ਸਿੱਧੂ ਨੂੰ ਮਾਰਿਆ ਜਾਂ ਮਰਵਾਇਆ ਸੀ? ਪਰ ਸਿੱਧੂ ਨੂੰ ਮਾਰਨ ਦਾ ਦੁੱਖ ਹੀ ਏਨਾ ਵੱਡਾ ਕਿ ਸਾਨੂੰ ਬਹੁਤਿਆਂ ਨੂੰ ਇਨ੍ਹਾਂ ਦਾ ਮਾਰਿਆ ਜਾਣਾ ਸਹੀ ਹੀ ਲੱਗਣਾ। ਤੱਥ ਇਹ ਵੀ ਹੈ ਕਿ ਜਿਹੜੇ ਪੰਜਾਬ ਤੋਂ ਬਾਹਰਲੇ ਸਾਰੇ ਕਥਿਤ ਸ਼ੂਟਰ ਆਦਿ ਇਸ ਮਾਮਲੇ ‘ਚ ਫੜੇ ਹਨ, ਉਹ ਸਾਰੇ ਜੇਲ੍ਹਾਂ ‘ਚ ਹਨ।

👳 ਪੰਜਾਬ ਦੇ ਪੁੱਤ ਜਿੰਨਾ ਚਿਰ ਸਟੇਟ ਦੀ ਇਹ ਖੇਡ ਨਹੀਂ ਸਮਝਣਗੇ, ਗੈਂਗਸਟਰ ਬਣ-ਬਣ ਮਰਦੇ ਰਹਿਣਗੇ।

🛡 ਸਿੱਧੂ ਦੇ ਕਤਲ ਵਿੱਚ ਵਰਤੇ ਗਏ ਮੋਹਰੇ ਮਾਰੇ ਜਾਣਗੇ, ਜੇਲ੍ਹਾਂ ‘ਚ ਰਹਿਣਗੇ ਪਰ ਅਸਲ ਕਾਤਲ ਕਦੇ ਵੀ ਨਹੀਂ ਫੜੇ ਜਾਣਗੇ ਤੇ ਫਿਰ ਇੱਕ ਦਿਨ ਅਸੀਂ ਇਹ ਸਭ ਕੁਝ ਭੁੱਲ ਜਾਵਾਂਗੇ।

💣 ਮਾਰੇ ਗਏ ਗੈਂਗਸਟਰ ਦੀ ਮਾਤਾ ਇਹ ਕਹਿ ਕੇ ਸਬਰ ਕਰ ਰਹੀ ਹੈ ਕਿ ਅੱਜ ਇੱਕ ਵਿਲਕਦੀ ਮਾਂ (ਸਿੱਧੂ ਦੀ ਮਾਂ) ਨੂੰ ਇਨਸਾਫ਼ ਮਿਲ ਗਿਆ, ਕਦੇ ਮੈਨੂੰ ਵੀ ਮਿਲ ਜਊ। ਇਸ ਵੇਲੇ ਅਮਲ ਕਰਨ ਵਾਲੀ ਗੱਲ ਉਹ ਹੈ, ਜੋ ਮਰਹੂਮ ਸਿੱਧੂ ਦੇ ਪਿਤਾ ਸ. ਬਲਕੌਰ ਸਿੰਘ ਨੇ ਕਹੀ ਸੀ ਕਿ ਬੰਦ ਕਰੋ ਇੱਕ ਦੂਜੇ ਤੋਂ ਬਦਲੇ ਲੈਣੇ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top