Share on Facebook

Main News Page

💥 ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ???
-: ਸਰਵਜੀਤ ਸਿੰਘ ਸੈਕਰਾਮੈਂਟੋ
15.06.2022
#KhalsaNews #SarbjitSingh #Sacramento #DG #Dhumma

👉 ਦਮਦਮੀ ਟਕਸਾਲ (ਜਥਾ ਭਿੰਡਰਾ ਮਹਿਤਾ) ਦੇ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਦਸਮ ਗ੍ਰੰਥ ਦੀਆਂ ਦੋ ਪੋਥੀਆਂ, 12 ਜੂਨ 2022 ਦਿਨ ਐਤਵਾਰ ਨੂੰ ਰਲੀਜ਼ ਕੀਤੀਆਂ ਗਈਆਂ ਸਨ। ਉਨ੍ਹਾਂ ਦੀ ਭੂਮਿਕਾ ਵਿੱਚ, “ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਦਸ਼ਮੇਸ਼ ਜੀ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ” ਦੇ ਸਿਰਲੇਖ ਹੇਠ ਦਿੱਤੀ ਗਈ ਸੂਚੀ ਮੁਤਾਬਕ, ਦਸਮ ਗ੍ਰੰਥ ਵਿਚ ਦਰਜ ਸਾਰੀਆਂ ਰਚਨਾਵਾਂ ਨੂੰ ਹੀ ਦਸਮੇਸ਼ ਜੀ ਦੀ ਰਚਨਾ ਮੰਨਿਆ ਹੈ।

☝️ ਪਰ, ਕਈ ਸਾਲ ਪਹਿਲਾ ਇਕ video ਵਿੱਚ (Taksal on Dasam Granth) ਭਾਈ ਹਰਨਾਮ ਸਿੰਘ ਨੇ ਕਿਹਾ ਸੀ ਕਿ ਬਹੁਤੀਆਂ ਰਚਨਾਵਾਂ ਦੂਜੇ ਮੱਤਾ ਦੇ ਗ੍ਰੰਥਾਂ ਦਾ ਉੱਲਥਾ ਹੈ। ਇਸ ਸਬੰਧੀ ਅਖ਼ਬਾਰ ਵਿਚ ਛਪੀ ਖ਼ਬਰ, “ਧੁੰਮਾ ਨੇ ਮੰਨਿਆ ਕਿ ‘ਦਸਮ ਗ੍ਰੰਥ’ ਦੇ 1160 ਪੰਨੇ ਗੁਰੂ ਕ੍ਰਿਤ ਨਹੀਂ” ਅੱਜ ਵੀ ਫੇਸ ਬੁਕ ਉਪਰ ਘੁੰਮ ਰਹੀ ਹੈ। ਅੱਜ ਦਾ ਮੁੱਦਾ ਉਪ੍ਰੋਕਤ ਸੂਚੀ ਵਿਚ ਦਰਜ “ਜੋ ਕਿਛੁ ਲੇਖੁ ਲਿਖਿਓ ਬਿਧਨਾ” (ਉਪਦੇਸ਼ ਮਿਸ੍ਰ ਪ੍ਰਤਿ) ਦੀ ਵਿਚਾਰ ਕਰਨਾ ਹੈ ਜਿਸ ਨੂੰ ਦਮਦਮੀ ਟਕਸਾਲ ਗੁਰੂ ਜੀ ਦੀ ਕਿਰਤ ਮੰਨਦੀ ਹੈ।

✍️ ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ 716 ਉਪਰ ਦਰਜ ਕੁਝ ਪੰਗਤੀਆਂ, ਜਿਨ੍ਹਾਂ ਨੂੰ ‘ਖਾਲਸਾ ਮਹਿਮਾ’ ਦਾ ਨਾਮ ਦੇ ਦਿੱਤਾ ਗਿਆ ਹੈ, ਆਓ ਇਨ੍ਹਾਂ ਦੇ ਅਰਥ ਜਾਣ ਲਈਏ।

🔸 ੴ ਵਾਹਿਗੁਰੂ ਜੀ ਕੀ ਫਤਹਿ ॥
ਸਵੈਯਾ। ਪਾਤਸ਼ਾਹੀ 10
ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਈਯਤੁ ਮਿਸ਼ਰਜੂ ਸ਼ੋਕ ਨਿਵਾਰੋ।
ਮੇਰੋ ਕਛੂ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ।
ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ।
ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ।1।

🔹 ਹੇ ਮਿਸ਼ਰ ! ਵਿਧਾਤਾ ਨੇ ਜੋ ਲੇਖ ਲਿਖ ਦਿੱਤਾ ਹੈ ਉਹ ਹੀ ਮਿਲਦਾ ਹੈ। ਤੁਸੀਂ ਸ਼ੋਕ ਨੂੰ ਤਿਆਗ ਦਿਓ। ਮੇਰਾ ਇਸ ਵਿਚ ਕੋਈ ਦੋਸ਼ ਨਹੀ ਹੈ। ਮੈ ਭੁਲ ਗਿਆ ਸੀ (ਮੈ ਆਪ ਨੂੰ ਖਿਲਾਉਣ ਤੋਂ ਪਹਿਲਾ ਇਨ੍ਹਾਂ ਸਿੱਖਾਂ ਨੂੰ ਲੰਗਰ ਵਰਤਾ ਦਿੱਤਾ) ਮੈਂ ਅੱਜ ਹੀ ਆਪ ਲਈ ਚੰਗੇ ਵਸਤਰ ਅਤੇ ਰਜਾਈ ਆਦਿ ਭੇਜ ਦੇਵਾਂਗਾ। ਇਸ ਲਈ ਤੁਸੀਂ ਬੇਫਿ਼ਕਰ ਰਹੋ। ਸਾਰੇ ਛਤ੍ਰੀ ਤਾਂ ਬ੍ਰਾਹਮਣਾਂ ਦੇ ਦਾਸ ਹੀ ਹਨ ਤੁਸੀਂ ਇਨ੍ਹਾਂ ਨੂੰ ਕ੍ਰਿਪਾ ਦਿ੍ਸ਼ਟੀ ਨਾਲ ਵੇਖੋ।1।

ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕਿ੍ਪਾ ਫੁਨ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋਸੇ ਗਰੀਬ ਕਰੋਰ ਪਰੇ। 2।

💢 ਮੈਂ ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਯੁੱਧ ਜਿੱਤੇ ਹਨ ਅਤੇ ਦਾਨ ਕੀਤੇ ਹਨ। ਇਨ੍ਹਾਂ ਦੀ ਕਿ੍ਪਾ ਨਾਲ ਹੀ ਸਾਰੇ ਪਾਪ ਮਿਟ ਗਏ ਅਤੇ ਘਰ ਧੰਨ-ਦੌਲਤ ਨਾਲ ਭਰ ਗਏ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਵਿੱਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕਿ੍ਪਾ ਨਾਲ ਹੀ ਅਸੀਂ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਵਿਚ ਹਨ ਜਿਨ੍ਹਾਂ ਦੀ ਕੋਈ ਦੱਸ-ਪੁਛ ਨਹੀ ਹੈ।

ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ।
ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ।
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀ ਕੋ।3।

‼️ ਇਨ੍ਹਾਂ ਦੀ ਸੇਵਾ ਕਰਨੀ ਹੀ ਮੈਨੂੰ ਚੰਗੀ ਲਗਦੀ ਹੈ ਕਿਸੇ ਹੋਰ ਦੀ ਨਹੀ। ਦਾਨ ਵੀ ਇਨ੍ਹਾਂ ਨੂੰ ਦੇਣਾ ਹੀ ਚੰਗਾ ਲਗਦਾ ਹੈ। ਇਨ੍ਹਾਂ ਨੂੰ ਦਿੱਤਾ ਦਾਨ ਹੀ ਅੱਗੇ ਵੱਧਦਾ-ਫੁਲਦਾ ਹੈ। ਹੋਰਨਾ ਨੂੰ ਦਿੱਤਾ ਦਾਨ ਵਿਅਰਥ ਹੈ। ਮੇਰੇ ਘਰ ਵਿਚ ਤਨ, ਮਨ ਅਤੇ ਧਨ ਆਦਿ ਸਭ ਇਨ੍ਹਾਂ ਦਾ ਹੀ ਹੈ।3।

ਦੋਹਰਾ ॥
ਚਟਪਟਾਇ ਚਿਤ ਮੈ ਜਰਯੋ ਤਿ੍ਣ ਜਯੋਂ ਕ੍ਰੁੱਧਤ ਹੋਇ।
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ ।4।

ਇਹ ਗੱਲ ਸੁਣਿਆ ਹੀ ਮਿਸ਼ਰ ਸੜ-ਬਲ ਗਿਆ। ਰੋਟੀ ਰੋਜ਼ੀ ਦੀ ਭਾਲ ਵਿਚ ਲੱਗੇ ਹੋਏ ਮਿਸ਼ਰ ਜੀ ਦਾਨ-ਦੱਛਣਾ ਨਾ ਮਿਲਣ ਕਾਰਨ ਰੋ ਹੀ ਪਏ।4।

✳️ ਉਪ੍ਰੋਕਤ ਵਾਰਤਾ ਨਾਲ ਸਬੰਧਿਤ ਰਵਾਇਤੀ ਸਾਖੀ, ਪੰਡਿਤ ਨਰੈਣ ਸਿੰਘ ਨੇ ਕਾਫੀ ਵਿਸਥਾਰ ਨਾਲ ਲਿਖੀ ਹੈ। ਗਿਆਨੀ ਗਿਆਨ ਸਿੰਘ ਨੇ ਤਾਂ ਇਸ ਹਵਨ ਦੇ ਖਰਚੇ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਵੀ ਸੰਤੋਖ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਉਨ੍ਹਾਂ ਨੇ ਇਸ ਸਾਖੀ ਨੂੰ ਬਹੁਤ ਹੀ ਵਿਸਥਾਰ ਨਾਲ ਲਿਖਿਆ ਹੈ। 100 ਸਾਖੀ ਦੀ ੧੭ਵੀਂ ਸਾਖੀ ਵਿੱਚ ਵੀ ਇਹ ਵਾਰਤਾ ਦਰਜ ਹੈ।

🌀 ਸਟੇਜ ਤੋਂ ਅੱਡੀਆਂ ਚੁੱਕ-ਚੁੱਕ ਕੇ ਸੁਣਾਈ ਜਾਂਦੀ ਪੰਗਤੀ “ਇਹਨੀ ਕੀ ਕਿ੍ਪਾ ਕੇ ਸਜੇ ਹਮ ਹੈ ਨਹੀ ਮੋਸੇ ਗਰੀਬ ਕਰੋਰ ਪਰੇ” ਜੇ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪੰਡਤ ਕੇਸ਼ੋਦਾਸ ਅੱਗੇ, “ਮੇਰੋ ਕਛੂ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ” ਅਤੇ “ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ”, ਵਰਗੇ ਲਚਾਰੀ ਭਰੇ ਸਬਦਾਂ ਵਿੱਚ ਬੇਨਤੀਆਂ ਕਰਨ ਵਾਲਾ ਫਿਰ ਕੋਣ ਹੋਇਆ?

🔆 ਕੀ ਕੇਸ਼ੋ ਦਾਸ ਨਾਮੀ ਲੁਟੇਰੇ ਦੀ ਹਿੰਮਤ ਹੋ ਸਕਦੀ ਸੀ ਕਿ ਗੁਰੂ ਜੀ ਵਲ ਕ੍ਰੋਧ ਭਰੇ ਨੈਣਾਂ ਨਾਲ ਵੇਖ ਸਕੇ? ਜੋ ਦਾਨ ਨਾ ਮਿਲਣ ਕਾਰਨ ਖੁਦ ਰੋਂਦਾ ਹੈ। (ਮਿਸ੍ਰ ਜੂ ਰੋਇ) ਕੀ ਸਿੱਖ ਖੱਤ੍ਰੀ ਹਨ? ਕੀ ਇਥੇ ਕਿਸੇ ਨੂੰ ਦਿੱਤਾ ਹੋਇਆ ਦਾਨ (ਆਗੈ ਫਲੈ ਇਨ ਹੀ ਕੋ ਦਯੋ) ਅੱਗੇ ਜਾਂ ਕੇ ਮਿਲਦਾ ਹੈ? ਕੀ ਇਹ ਦਾਨ ਪ੍ਰਥਾ ਗੁਰਮਤਿ ਦਾ ਸਿਧਾਂਤ ਹੈ ਜਾਂ ਬ੍ਰਾਹਮਣ ਦੀ ਲੁੱਟ ਨੀਤੀ?

🙏 ਗੁਰੂ ਜੀ ਦੇ ਉਹ ਕੇਹੜੇ ਪਾਪ ਸਨ (ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ) ਜੋ ਸਿੱਖਾਂ ਦੀ ਕ੍ਰਿਪਾ ਕਰਕੇ ਨਾਸ਼ ਹੋਏ ਸਨ? ਕੀ ਗੁਰੂ ਜੀ ਨੇ ਵਿੱਦਿਆ ਸਿੱਖਾਂ ਦੀ ਕ੍ਰਿਪਾ ਨਾਲ ਲਈ ਸੀ (ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ) ਜਾਂ ਸਿੱਖਾਂ ਨੇ ਗੁਰੂ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ?

☝️ ਉਪ੍ਰੋਕਤ ਵਿਚਾਰ ਤੋਂ ਸਪੱਸ਼ਟ ਹੈ ਕੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ। ਇਹ ਤਾਂ ਕਿਸੇ ਲੁੱਟ-ਖਾਣੇ ਬਿਪਰ ਦੀ ਕਾਢ ਹੈ। ਤਾਹੀਂ ਤਾਂ ਅੱਜ ਉਹੀ ਬਿਪਰ ਭੇਸ ਬਦਲ ਕੇ ਇਸ ਦਾ ਪ੍ਰਚਾਰ ਕਰ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top