Share on Facebook

Main News Page

🙏 ਗੁਰੂ ਗ੍ਰੰਥ ਦੇ ਪੰਥ ਦਾ ਪਾਂਧੀ (ਕਿਤਾਬ ਸਮੀਖਿਆ)
-: ਗਿ. ਜਗਤਾਰ ਸਿੰਘ ਜਾਚਕ 
29.04.2022
#KhalsaNews #KuldeepSingh #Virginia #JagtarSingh #Jachak

🔹 ਭਾਰਤੀ ਦਰਸ਼ਨ ਮੁਤਾਬਿਕ ਸੰਸਾਰ ਜ਼ਿੰਦਗੀ ਦੇ ਸਫ਼ਰ ਵਿੱਚ ਅੱਧ-ਵਾਟੇ ਆਇਆ ਇੱਕ ਪੜ੍ਹਾ ਹੈ, ਮੰਜ਼ਲ ਨਹੀਂ; ਕਿਉਂਕਿ ਜੋ ਇਥੇ ਆਇਆ ਹੈ, ਉਸ ਨੇ ਮੌਤ ਦੇ ਰੂਪ ਵਿੱਚ ਇੱਕ ਦਿਨ ਇਥੋਂ ਉਠ ਚੱਲਣਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਗੁਰਵਾਕ ਬਾਬਾ ! ਆਇਆ ਹੈ, ਉਠਿ ਚਲਣਾ; ਅਧ ਪੰਧੈ ਹੈ ਸੰਸਾਰੋਵਾ ॥(ਪੰ. 581) ਉਪਰੋਕਤ ਹਕੀਕਤ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤਿ ਦੀ ਸੱਚੀ ਮੋਹਰ ਹੈ । ਸਪਸ਼ਟ ਹੈ ਕਿ ਮਨੁੱਖਾ ਜੀਵਨ ਇੱਕ ਪੰਧ ਹੈ ਅਤੇ ਹਰੇਕ ਮਨੁੱਖ ਉਸ ਦਾ ਪਾਂਧੀ । ਗੁਰਬਾਣੀ ਵਿੱਚ ਪੰਧ ਦਾ ਸਮਾਨਰਥਕ ਲਫ਼ਜ਼ ਪੰਥ ਮਾਰਗ ਤੇ ਰਾਹ ਅਤੇ ਪਾਂਧੀ ਦਾ ਸਮਾਨਰਥਕ ਪਦ ਪੰਥੀ ਵੀ ਵਰਤੇ ਮਿਲਦੇ ਹਨ।

🔸 ਭਾਰਤੀ ਦਰਸ਼ਨ ਅਧਿਆਪਕ ਨੂੰ ਪਾਂਧਾ ਨਾਂ ਦਿੰਦਾ ਹੈ, ਕਿਉਂਕਿ ਉਹ ਆਪਣੇ ਵਿਦਿਆਰਥੀ ਚਾਟੜਿਆਂ ਨੂੰ ਜੀਵਨ ਪੰਧ ਤੋਂ ਜਾਣੂ ਕਰਵਾੳਂਦਾ ਹੋਇਆ ਸਫਲ ਪਾਂਧੀ ਬਨਾਉਣ ਦਾ ਯਤਨ ਕਰਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਵਾਕ ਪਾਧਾ ਗੁਰਮਖਿ ਆਖੀਐ, ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ, ਨਾਮੁ ਸੰਗਰਹੁ; ਲਾਹਾ ਜਗ ਮਹਿ ਲੇਇ ॥ (ਗੁਰੂ ਗ੍ਰੰਥ- ਪੰ. 938) ਮੁਤਾਬਿਕ ਉਹ ਪਾਂਧਾ ਵੀ ਗੁਰਮੁਖ ਕਹਿਣਾ ਚਾਹੀਦਾ ਹੈ, ਜਿਹੜਾ ਆਪਣੇ ਸ਼ਾਗਿਰਦਾਂ ਨੂੰ ਪ੍ਰਭੂ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰਕੇ ਜੀਵਨ ਦਾ ਲਾਹਾ ਖੱਟੋ ਦਾ ਸਬਕ ਦ੍ਰਿੜ੍ਹ ਕਰਵਾਉਂਦਾ ਹੈ ।

🔹 ਸ਼ਾਇਦ ਇਹੀ ਕਾਰਣ ਹੈ ਕਿ ਗੁਰਬਾਣੀ ਵਿੱਚ ਸਤਿਗੁਰੂ ਨੂੰ ਪਾਂਧੇ ਦੀ ਤਸ਼ਬੀਹ ਦਿੰਦਿਆਂ ਕਿਹਾ ਹੈ ਧੰਨ ਧੰਨ ਗੁਰੂ, ਗੁਰੁ ਸਤਿਗੁਰੁ ਪਾਧਾ; ਜਿਨਿ ਹਰਿ ਉਪਦੇਸੁ ਦੇ, ਕੀਏ ਸਿਆਣੇ ॥ (ਗੁਰੂ ਗ੍ਰੰਥ-ਪੰ. 168) ਇਥੇ ਸਿਆਣੇ ਦਾ ਭਾਵਰਥ ਹੈ : ਰੱਬੀ ਰਜ਼ਾ ਅਥਵਾ ਹੁਕਮ ਨੂੰ ਮਿੱਠਾ ਕਰਕੇ ਮੰਨਣ ਵਾਲੇ, ਕਿਉਂਕਿ ਸੋਈ ਸਿਆਣਾ, ਸੋ ਪਤਿਵੰਤਾ; ਹੁਕਮੁ ਲਗੈ ਜਿਸੁ ਮੀਠਾ ਜੀਉ ॥ (ਗੁਰੂ ਗ੍ਰੰਥ- ਪੰ. 108) ਗੁਰਵਾਕ ਇਸ ਪੱਖੋਂ ਸਾਡੀ ਅਗਵਾਈ ਕਰਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਜੀਊਣਾ, ਰੱਬੀ ਭਾਣੇ ਨੂੰ ਮੰਨਣਾ ਹੈ । ਸਫਲ ਸਫਲ ਭਈ ਸਫਲ ਜਾਤ੍ਰਾ; ਆਵਣ ਜਾਣ ਰਹੇ, ਮਿਲੇ ਸਾਧਾ ॥ (ਗੁਰੂ ਗ੍ਰੰਥ- ਪੰ. 687) ਗੁਰਵਾਕ ਅਨੁਸਾਰ ਉਸ ਮਨੁੱਖ ਦੀ ਜੀਵਨ ਯਾਤਰਾ ਨੂੰ ਕਾਮਯਾਬ ਮੰਨਿਆ ਹੈ, ਗੁਰੂ ਨੂੰ ਮਿਲ ਕੇ ਜਿਸ ਦੇ ਜੰਮਣ ਮਰਣ ਦੇ ਗੇੜ ਮੁੱਕ ਜਾਂਦੇ ਹਨ ।

🔸 ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਯੂ.ਐੱਸ. ਏ. ਨੇ ਹੱਥਲੀ ਪੁਸਤਕ ਦੁਆਰਾ ਆਪਣੀ ਜੀਵਨ ਯਾਤ੍ਰਾ ਦਾ ਵਰਨਣ ਕਰਦਿਆਂ ਆਪਣੇ ਆਪ ਨੂੰ ਗੁਰੂ ਗ੍ਰੰਥ ਦਾ ਪਾਂਧੀ ਐਲਾਨਿਆ ਹੈ । ਕਈ ਤਾਂ ਕਿਤਾਬ ਦਾ ਸਿਰਲੇਖ ਪੜ੍ਹ ਕੇ ਸਮਝਦੇ ਹੋਣੇ ਹਨ ਕਿ ਇਹ ਤਾਂ ਆਪਣੇ ਮੂੰਹੋਂ ਮੀਆਂ ਮਿਠੂ ਬਣਨ ਵਾਲੀ ਗੱਲ ਹੈ । ਪਰ ਅਗਸਤ ਸੰਨ 1976 ਤੋਂ 1981 ਤਕ ਚੰਡੀਗੜ੍ਹ ਵਿਖੇ ਕਥਾਵਾਚਕ ਗ੍ਰੰਥੀ ਦੀ ਸੇਵਾ ਨਿਭਾਦਿਆਂ ਉਨ੍ਹਾਂ ਦਾ ਸੰਗ ਮਾਨਣ ਤੇ ਹੱਥਲੀ ਪੁਸਤਕ ਪੜ੍ਹਣ ਉਪਰੰਤ ਦਾਸ (ਜਾਚਕ) ਬਿਨ੍ਹਾਂ ਕਿਸੇ ਝਿਜਕ ਕਹਿ ਸਕਦਾ ਹੈ ਕਿ ਅਜਿਹਾ ਬਿਲਕੁਲ ਨਹੀਂ, ਕਿਉਂਕਿ ਉਸ ਨੇ ਸਾਰੀ ਜ਼ਿੰਦਗੀ ਗੁਰਮਤ ਪ੍ਰਚਾਰਕ ਦਾ ਫ਼ਰਜ਼ ਦ੍ਰਿੜਤਾ ਸਹਿਤ ਨਿਭਾਇਆ ਹੈ ।

🔹 ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਮੰਨਿਆ ਹੈ ਕਿ ਭੁੱਲੇ ਹੋਏ ਬੰਦੇ ਨੂੰ ਸਿਖਿਆ ਦੇ ਕੇ ਗੁਰੂ ਸਹੀ ਜੀਵਨ-ਰਾਹ ਦੀ ਸਮਝ ਬਖ਼ਸ਼ਦਾ ਹੈ ਅਤੇ ਇਸ ਪ੍ਰਕਾਰ ਕੁਰਾਹੇ ਜਾਂਦੇ ਨੂੰ ਠੀਕ ਰਾਹ ਤੇ ਪਾਂਦਾ ਹੈ । ਪ੍ਰਮਾਣ ਰੂਪ ਗੁਰੂ ਵਾਕ ਹੈ ਭੂਲੇ ਸਿਖ ਗੁਰੂ ਸਮਝਾਏ ॥ ਉਝੜਿ ਜਾਦੇ ਮਾਰਗੁ ਪਾਏ ॥ (ਗੁਰੂ ਗ੍ਰੰਥ- ਪੰ. 1032) ਇਹੀ ਕਾਰਣ ਸੀ ਕਿ ਗਿਆਨੀ ਕੁਲਦੀਪ ਸਿੰਘ ਨੇ ਜਦੋਂ ਸਮਝਿਆ ਕਿ ਬਹੁਤ ਸਾਰੇ ਸਿੱਖ ਅਖਵਾਉਣ ਲੋਕ ਗੁਰਮਤ ਮਾਰਗ ਤੋਂ ਭਟਕ ਰਹੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਅੰਮ੍ਰਿਤ ਕੁੰਡ ਦੀ ਥਾਂ ਬਿਖ ਰੂਪੀ ਛਪੜਾਂਚੋਂ ਅੰਮ੍ਰਿਤ ਭਾਲ ਰਹੇ ਹਨ । ਅਜਿਹੇ ਭੁੱਲੜ ਭੈਣ-ਭਾਰਾਵਾਂ ਨਾਲ ਕਸਤੂਰੀ ਕੈ ਭੋਲੜੈ, ਗੰਦੇ ਡੁੰਮਿ ਪਾਈਆਸੁ ॥ (ਗੁਰੂ ਗ੍ਰੰਥ-ਪੰ. 89) ਵਾਲੀ ਮੰਦਭਾਗੀ ਘਟਨਾ ਘਟ ਰਹੀ ਹੈ । ਤਾਂ ਗੁਰੂ ਗ੍ਰੰਥ ਦੇ ਇਸ ਪਾਂਧੀ ਨੇ ਸਿਰੁ ਧਰਿ ਤਲੀ ਗਲੀ ਮੇਰੀ ਆਉ ॥॥ (ਪੰ. 1412) ਦੀ ਰੱਬੀ ਸੱਦ ਨੂੰ ਹਿਰਦੇ ਵਿੱਚ ਵਸਾ ਕੇ ਬੜੀ ਬੇਬਾਕੀ ਨਾਲ ਜ਼ੋਰਦਾਰ ਹੋਕਾ ਦਿੱਤਾ :

🔸 ਸਤਿਕਾਰਯੋਗ ਗੁਰਸਿੱਖ ਵੀਰੋ ਤੇ ਭੈਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਵੋ, ਗੁਰਬਾਣੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ ਮੰਨੋ, ਇੱਕ ਦੇ ਲੜ ਲੱਗਿਆਂ ਸਭ ਵਖਰੇਵੇਂ ਆਪੇ ਦੂਰ ਹੋ ਜਾਣਗੇ । ਫਿਰ ਵੇਖਣਾ ਇੱਕ ਦੂਜੇ ਨੂੰ ਵੇਖ ਕੇ ਕਿਵੇਂ ਖੁਸ਼ੀ ਮਹਿਸੂਸ ਹੁੰਦੀ ਹੈ । ਸਾਹਿਤ ਪੜ੍ਹਣ ਦੀ ਕੋਈ ਮਨਾਹੀ ਨਹੀਂ, ਸਭ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰੋ । ਪਰ ਗੁਰਸਿੱਖੀ ਦੇ ਵਿਹੜੇ ਪਸਰੀਆਂ ਸਭ ਬੀਮਾਰੀਆਂ ਦਾ ਕੇਵਲ ਇੱਕੋ-ਇੱਕ ਇਹੋ ਸਾਰਥਿਕ ਇਲਾਜ਼ ਹੈ । ਜੋ ਗੁਰੁ ਕਹੈ ਸੋਈ ਭਲ ਮਾਨਹੁ ਉੱਤੇ ਆਪਣੇ ਵਿਸ਼ਵਾਸ਼ ਨੂੰ ਕੇਂਦਰਤ ਕਰੋ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਅੰਤਮ ਸਮੇਂ ਇਹੋ ਕਿਹਾ ਸੀ, ਸਿੱਖਾ ! ਅੱਜ ਤੋਂ ਬਾਅਦ ਤੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਆਖ ਕੇ ਇਸੇ ਅੱਗੇ ਸੀਸ ਨਿਵਾਇਆ ਸੀ । (ਗੁਰੂ ਗ੍ਰੰਥ ਦਾ ਪਾਂਧੀ - ਪੰ.207)

🔹 ਇਸ ਪ੍ਰਕਾਰ ਭਾਈ ਕੁਲਦੀਪ ਸਿੰਘ ਆਪਣੀ ਕਥਨੀ ਤੇ ਕਰਣੀ ਦੇ ਸੁਮੇਲ ਦੀ ਬਦੌਲਤ ਗੁਰੂ ਗ੍ਰੰਥ ਦਾ ਸੱਚਾ ਪਾਂਧੀ ਉਦੋਂ ਸਿੱਧ ਹੋਇਆ, ਜਦੋਂ ਉਸ ਨੇ 15 ਅਪ੍ਰੈਲ ਸੰਨ 2016 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪੰਜ ਸਿੰਘ/ਸਿੰਘਣੀਆਂ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਪੜ੍ਹ ਕੇ ਪਾਹੁਲ ਤਿਆਰ ਕੀਤੀ ਤੇ ਵਡਭਾਗੀ ਅੰਮ੍ਰਿਤ ਅਭਿਲਾਖੀਆਂ ਨੂੰ ਛਕਾਈ । ਅਜਿਹਾ ਐਲਾਨ ਵੀ ਕੀਤਾ ਕਿ ਉਹ ਗੁਰੂ ਗ੍ਰੰਥ ਦਾ ਪਾਂਧੀ ਬਣ ਕੇ ਅਗਿਆਨਤਾ ਦੀ ਖੱਡ ਵਿੱਚ ਡਿੱਗੇ ਲੋਕਾਂ ਪਾਸੋਂ ਪੰਥ ਦੋਖੀ ਹੋਣ ਦਾ ਫ਼ਤਵਾ ਤਾਂ ਪ੍ਰਵਾਨ ਕਰ ਸਕਦਾ ਹੈ, ਪਰ ਉਹ ਗੁਰੂ ਦੋਖੀ ਨਹੀਂ ਬਣ ਸਕਦਾ । ਪੁਸਤਕ ਪੜ੍ਹ ਕੇ ਇਉਂ ਜਾਪਦਾ ਹੈ ਕਿ ਜੇ ਪੁਸਤਕ ਦਾ ਨਾਂ ਗੁਰੂ ਗ੍ਰੰਥ ਦਾ ਪਾਂਧੀ ਦੇ ਥਾਂ ਗੁਰੂ ਗ੍ਰੰਥ ਦੇ ਪੰਥ ਦਾ ਪਾਂਧੀ ਹੁੰਦਾ ਤਾਂ ਲੇਖਕ ਦਾ ਪੱਖ ਹੋਰ ਵੀ ਸੁਭਾਵਕ ਤੇ ਸਪਸ਼ਟਤਾ ਸਹਿਤ ਪ੍ਰਗਟ ਹੁੰਦਾ, ਭਾਵੇਂ ਕਿ ਦੋਵੇਂ ਸਿਰਲੇਖਾਂ ਦਾ ਭਾਵਰਥ ਇੱਕੋ ਹੈ ।

🔸 ਇਸ ਤੋਂ ਪਹਿਲਾਂ ਲੇਖਕ ਵਿਰਲੇ ਕੇਈ ਕੇਇ ਨਾਂ ਦੀ ਪੁਸਤਕ ਵੀ ਗੁਰਮਤਿ ਪ੍ਰੇਮੀਆਂ ਦੀ ਝੋਲੀ ਪਾ ਚੁੱਕਾ ਹੈ । ਦਾਸ ਦਾ ਖ਼ਿਆਲ ਹੈ ਕਿ ਗੁਰੂ ਗ੍ਰੰਥ ਦੇ ਪੰਥ ਦੇ ਪਾਂਧੀਆਂ ਪਾਸੋਂ ਕਰਣੀ ਤੇ ਕਥਨੀ ਦੇ ਸੂਰੇ ਦਾ ਸਨਮਾਨ ਹਾਸਲ ਕਰਨ ਵਾਲੇ ਗਿਆਨੀ ਕੁਲਦੀਪ ਸਿੰਘ ਜੀ ਨੇ ਉਪਰੋਕਤ ਦੋ ਪੁਸਤਕਾਂ ਲਿਖ ਕੇ ਆਪਣੇ ਆਪ ਨੂੰ ਕਲਮ ਦੇ ਧਨੀਆਂ ਵਿੱਚ ਵੀ ਸ਼ਾਮਲ ਕਰ ਲਿਆ ਹੈ । ਪੁਸਤਕ ਵਿੱਚ ਭਾਈ ਸਾਹਿਬ ਜੀ ਦੀ ਸਿਖਿਆਦਾਇਕ ਜੀਵਨ-ਗਾਥਾ ਸਮੇਤ ਆਪਣੇ ਭਰਮ ਭੁਲੇਖੇ ਦੂਰ ਕਰੋ ਦੇ ਸਿਰਲੇਖ ਹੇਠ ਪ੍ਰਸਿੱਧ ਵਿਦਵਾਨਾਂ ਦੇ ਸੰਪਾਦਤ ਕੀਤੇ ਸਾਰੇ ਲੇਖ ਹੀ ਗੁਰਮਤਿ ਅਭਿਲਾਖੀਆਂ ਵਾਸਤੇ ਪੜ੍ਹਣਯੋਗ ਹਨ ।
🔹 ਜੇ ਮੈਂ ਪੁਸਤਕ ਬਾਰੇ ਅਤਿ ਸੰਖੇਪ ਦੋ ਲਫ਼ਜ਼ ਕਹਿਣੇ ਹੋਣ ਤਾਂ ਕੇਵਲ ਇਹੀ ਆਖਾਂਗਾ ਕਿ ਇਹ ਜ਼ਿੰਦਗੀ ਦੇ ਵਿਰਾਸਤੀ ਸੱਚ ਦਾ ਰਸਦਾਇਕ ਪ੍ਰਗਟਾਵਾ' ਹੈ । ਇਸ ਲਈ ਦਾਸ ਸਮੂਹ ਗੁਰਮਤਿ ਪ੍ਰੇਮੀ ਸਤਿਸੰਗੀਆਂ ਸਮੇਤ ਗੁਰੂ ਦਰਬਾਰ ਦੀਆਂ ਸੇਵਾਵਾਂ ਨਿਭਾ ਰਹੇ ਸੁਭਾਗੇ ਗ੍ਰੰਥੀਆਂ, ਪ੍ਰਚਾਰਕਾਂ ਤੇ ਕੀਤਰਨੀਏ ਸੱਜਣਾਂ ਨੂੰ ਸਨਿਮਰ ਬੇਨਤੀ ਕਰਦਾ ਹੈ ਕਿ ਉਹ ਗੁਰੂ ਗ੍ਰੰਥ ਦਾ ਪਾਂਧੀ ਪੁਸਤਕ ਨੂੰ ਵਿਚਾਰ ਪੂਰਵਕ ਜ਼ਰੂਰ ਪੜ੍ਹਣ, ਕਿਉਂਕਿ ਇਸ ਨਾਲ ਸਾਡੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ, ਗੁਰਮਤਿ ਪੱਖੋਂ ਦ੍ਰਿੜਤਾ ਤੇ ਰੱਬੀ ਵਿਸ਼ਵਾਸ਼ ਵਿੱਚ ਹੋਰ ਵਾਧਾ ਹੋਵੇਗਾ ।

ਨਿਰਣੈਜਨਕ ਗੁਰਵਾਕ ਹੈ :
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ (ਗੁਰੂ ਗ੍ਰੰਥ-ਪੰ. 285)

ਗੁਰੂ ਗ੍ਰੰਥ ਦੇ ਪੰਥ ਦਾ ਪ੍ਰਚਾਰਕ ਸੇਵਾਦਾਰ : ਜਗਤਾਰ ਸਿੰਘ ਜਾਚਕ, ਨਿਊਯਾਰਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top