Share on Facebook

Main News Page

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤਾਰੀਖ ਸੰਬੰਧੀ (#ਕੱਤਕ ਕਿ #ਵੈਸਾਖ)
-: ਜਗਸੀਰ ਸਿੰਘ 'ਬਰਨਾਲਾ'
805-494-1830
#KhalsaNews #GuruNanak #Birthdate #Birth #Katak #Vaisakh

ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਪੁਰਬ/ਜਨਮ ਤਾਰੀਖ ਸੰਬੰਧੀ ਕਈ ਭੁਲੇਖੇ ਅਤੇ ਮਤਭੇਦ ਅਜੇ ਵੀ ਬਰਕਰਾਰ ਹਨ। ਇਹਨਾਂ ਮਤਭੇਦਾਂ ਦੇ ਬਰਕਰਾਰ ਰਹਿਣ ਦੇ ਕਾਰਨ ਸਿੱਖਾਂ ਦੀ ਖੁਦ ਦੀ ਅਣਗਹਿਲੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਨਮ 15 ਅਪ੍ਰੈਲ 1469 ਈ: ਨੂੰ ਹੋਇਆ ਪਰ ਇਹ ਪ੍ਰਕਾਸ਼ ਪੁਰਬ ਬੜੀ ਸਾਜਿਸ਼ ਦੇ ਤਹਿਤ ਸਨਾਤਨ ਦੇ ਪ੍ਰਭਾਵ ਹੇਠ ਕੱਤਕ ਦੀ ਪੂਰਨਮਾਸ਼ੀ ਵਿੱਚ ਬਦਲ ਦਿੱਤਾ ਗਿਆ। ਆਉ ਇਤਿਹਾਸ ਦੇ ਪੰਨਿਆਂ ਅਤੇ ਵਿਦਵਾਨਾਂ ਦੇ ਵਿਚਾਰਾਂ ਨੂੰ ਗੌਰ ਨਾਲ ਵਾਚਦੇ ਹਾਂ ਕਿ ਅਸਲ ਤਾਰੀਖ ਕਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ?

1) 'ਮਹਾਨ ਕੋਸ਼' (Encyclopedia of Sikhism) ਦੇ ਕਰਤਾ 'ਭਾਈ ਕਾਨ੍ਹ ਸਿੰਘ ਨਾਭਾ' ਅਨੁਸਾਰ:-
"ਨਾਨਕ ਦੇਵ, ਸਤਿਗੁਰੂ:-
ਸਿੱਖ ਧਰਮ ਦੇ ਆਚਾਰਯ, ਅਗਯਾਨ ਅੰਧਕਾਰ ਦੇ ਵਿਨਾਸ਼ਕ ਸੂਰਸਰੂਪ ਜਗਤ ਗੁਰੂ ਨਾਨਕ ਦਾ ਜਨਮ ਵੈਸਾਖ ਸੁਦੀ ੩ (੨੦ ਵੈਸਾਖ) ਸੰਮਤ ੧੫੨੬ (੧੫ ਅਪ੍ਰੈਲ ਸਨ ੧੪੬੯) ਨੂੰ ਬੇਦੀ ਕਾਲੂ ਚੰਦ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਰਾਇ ਭੋਇੰ ਦੀ ਤਲਵੰਡੀ ਵਿੱਚ (ਜੋ ਹੁਣ ਨਾਨਕਿਆਣਾ ਪ੍ਰਸਿੱਧ ਹੈ) ਹੋਇਆ।" (ਪੰਨਾ ਨੰ: 692)

2) 'ਗਿਆਨੀ ਸੋਹਣ ਸਿੰਘ ਸ਼ੀਤਲ' ਆਪਣੀ ਕਿਤਾਬ 'ਗੁਰ ਇਤਿਹਾਸ ਦਸ ਪਾਤਸ਼ਾਹੀਆਂ' ਦੇ ਪੰਨਾ ਨੰ 11 'ਤੇ ਲਿਖਦੇ ਹਨ :-
"ਸ਼ਨਿਚਰਵਾਰ, ੨੦ ਵਿਸਾਖ, ਵਿਸਾਖ ਸੁਦੀ ੩, ਸੰਮਤ ੧੫੨੬ ਬਿਕ੍ਰਮੀ (੧੫ ਅਪ੍ਰੈਲ ੧੪੬੯ ਈ:) ਨੂੰ ਅੰਮ੍ਰਿਤ ਵੇਲੇ ਤਲਵੰਡੀ ਰਾਇ ਭੋਇੰ ਵਿੱਚ ਇੱਕ ਮਹਾਨ ਜੋਤ ਪਰਗਟ ਹੋਈ।"

3) 'ਪ੍ਰਿੰਸੀਪਲ ਸਤਿਬੀਰ ਸਿੰਘ' ਆਪਣੀ ਪੁਸਤਕ 'ਬਲਿਓ ਚਿਰਾਗ' ਵਿੱਚ ਪਹਿਲੇ ਪਾਤਸ਼ਾਹ ਦੇ ਜਨਮ ਸੰਬੰਧੀ ਲਿਖਦੇ ਹਨ:-
"ਪ੍ਰਕਾਸ਼: ਤਲਵੰਡੀ ਵਿਖੇ ਬਾਬੇ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਵੈਸਾਖ ਸੁਦੀ ਤਿੰਨ ਸੀ। ਸੰਮਤ ੧੫੨੬ ਸੀ, ਸੰਨ ੧੪੬੯ ਅਤੇ ਅਪ੍ਰੈਲ ਦੀ ਪੰਦਰਾਂ ਸੀ।" (ਪੰਨਾ ਨੰ 21)

4) 'ਸੰਖੇਪ ਸਿੱਖ ਇਤਿਹਾਸ' ਦੇ ਲਿਖਾਰੀ 'ਪਿਆਰਾ ਸਿੰਘ ਪਦਮ' ਲਿਖਦੇ :-
"ਗੁਰੂ ਨਾਨਕ ਸਾਹਿਬ ਦਾ ਜਨਮ ਪਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਇ ਭੋਇੰ ਦੀ ਤਲਵੰਡੀ (ਨਨਕਾਣਾ ਸਾਹਿਬ) ਜਿਲਾ ਸ਼ੇਖੂਪੁਰਾ ਵਿੱਚ ਵੈਸਾਖ ਸੁਦੀ 3, 1526 ਬਿਕ੍ਰਮੀ ਮੁਤਾਬਕ 15 ਅਪ੍ਰੈਲ 1469 ਈ: ਨੂੰ ਹੋਇਆ। " (ਪੰਨਾ ਨੰ 21)

5) 'ਪ੍ਰਿੰ: ਤੇਜਾ ਸਿੰਘ' ਤੇ 'ਡਾ: ਗੰਡਾ ਸਿੰਘ' ਆਪਣੀ ਰਚਨਾ 'ਸਿੱਖ ਇਤਿਹਾਸ (1469-1765)' ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਪੰਨਾ ਨੰ: 2 'ਤੇ ਲਿਖਦੇ ਹਨ:-
"ਸਿੱਖ ਲਹਿਰ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਈ। ਉਨਾਂ ਦਾ ਜਨਮ 15 ਅਪ੍ਰੈਲ 1469 (ਵਿਸਾਖ ਸੁਦੀ 3, 1526 ਬਿਕਰਮੀ) ਨੂੰ ਇੱਕ ਖੱਤਰੀ ਘਰਾਣੇ ਵਿੱਚ ਰਾਇ ਭੋਇੰ ਦੀ ਤਲਵੰਡੀ ਦੇ ਸਥਾਨ ਤੇ ਹੋਇਆ, ਜਿਸ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ।"

6) 'ਪ੍ਰੋ: ਸਾਹਿਬ ਸਿੰਘ' ਆਪਣੀ ਪੁਸਤਕ 'ਜੀਵਨ ਬ੍ਰਿਤਾਂਤ- ਸ਼੍ਰੀ ਗੁਰੂ ਨਾਨਕ ਦੇਵ ਜੀ' ਦੇ ਪੰਨਾ ਨੰ: 13 'ਤੇ ਲਿਖਦੇ ਹਨ:-
"ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਤਲਵੰਡੀ ਵਿੱਚ ਵੈਸਾਖ ਸੁਦੀ ੩, ਸੰਮਤ ੧੫੨੬ ਨੂੰ ਹੋਇਆ। ਪ੍ਰਵਿਸ਼ਟਾ ਮਹੀਨਾ ਵੈਸਾਖ ਦੀ ੨੦ ਤਰੀਕ ਸੀ। ਈਸਵੀ ੧੪੬੯ ਮਹੀਨਾ ਅਪ੍ਰੈਲ ਦੀ ੧੫ ਤਰੀਕ ਤੇ ਦਿਨ ਛਨਿੱਛਰਵਾਰ ਸੀ।"

7) 'ਸਿੱਖ ਮਿਸ਼ਨਰੀ ਕਾਲਜ ਲੁਧਿਆਣਾ' ਦੁਆਰਾ ਸੰਪਾਦਿਤ ਕਿਤਾਬ 'ਜੀਵਨ ਗਾਥਾ ਤੇ ਸਿਧਾਂਤ ਸ਼੍ਰੀ ਗੁਰੂ ਨਾਨਕ ਦੇਵ ਜੀ' ਦੇ ਪੰਨਾ ਨੰ: 28 ਤੇ ਦਰਜ ਹੈ:-
"15 ਅਪ੍ਰੈਲ ਸੰਨ 1469 (20 ਵੈਸਾਖ ਸੰਮਤ 1526) ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ; ਜਿਸਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ।"

8) 'ਸਿੱਖ ਪੰਥ ਵਿਸ਼ਵਕੋਸ਼' ਵਿੱਚ 'ਡਾ: ਰਤਨ ਸਿੰਘ ਜੱਗੀ' ਪੰਨਾ ਨੰ: 1179 'ਤੇ ਲਿਖਦੇ ਹਨ:-
"ਨਾਨਕ ਦੇਵ, ਗੁਰੂ:- ਆਪ ਜੀ ਦੇ ਜਨਮ ਸੰਬੰਧੀ ਦੋ ਮੱਤ ਪ੍ਰਚਲਿਤ ਹਨ। ਇੱਕ ਮੱਤ ਦਾ ਆਧਾਰ ਪੁਰਾਤਨ ਜਨਮ ਸਾਖੀ ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ: (ਵਿਸਾਖ ਸੁਦੀ 3, ਸੰਮਤ 1526 ਬਿ:) ਨੂੰ ਆਪਦਾ ਜਨਮ ਹੋਇਆ। ਦੂਜੇ ਮੱਤ ਦਾ ਆਧਾਰ ਬਾਲੇ ਵਾਲੀ ਜਨਮ ਸਾਖੀ ਹੈ, ਜਿਸ ਵਿੱਚ ਆਪ ਦਾ ਜਨਮ ਕਤਕ ਸੁਦੀ 15,1526 ਬਿ: ਵਾਲੇ ਦਿਨ ਹੋਇਆ। ਅਧਿਕਾਂਸ਼ ਵਿਦਵਾਨ ਪੁਰਾਤਨ ਜਨਮ ਸਾਖੀ ਵਾਲੀ ਜਨਮ ਤਿਥੀ ਨੂੰ ਸਹੀ ਮੰਨਦੇ ਹਨ।"

9) 'ਪੁਰਾਤਨ ਜਨਮ ਸਾਖੀ' ਵਿੱਚ 'ਭਾਈ ਵੀਰ ਸਿੰਘ' ਪੰਨਾ ਨੰ: 20 'ਤੇ ਲਿਖਦੇ ਹਨ:-
"੧) ਅਵਤਾਰ:- ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ ਚਾਨਣੀ ਰਾਤਿ, ਅੰਮ੍ਰਿਤ ਵੇਲਾ ਪਹਰ ਰਾਤ ਰਹਿੰਦੀ ਕੁ ਜਨਮਿਆ।"*
*( ਨੋਟ:- ਵੈਸਾਖ ਮਾਹਿ ਤ੍ਰਿਤੀਆ ਭਾਵ ਵੈਸਾਖ ਸੁਦੀ ੩)

10) 'ਮਹਿਮਾ ਪ੍ਰਕਾਸ਼' ਦੇ ਕਰਤਾ 'ਸਰੂਪ ਦਾਸ ਭੱਲਾ' ਪੰਨਾ ਨੰ: 69 'ਤੇ ਲਿਖਦੇ ਹਨ:-
"ਦੋਹਰਾ॥
ਸੰਮਤ ਬਿਕ੍ਰਮ ਨ੍ਰਿਪਤ ਕੋ ਪੰਦਰਹ ਸਹਸ ਪਚੀਸ।
ਬੈਸਾਖ ਸੁਦੀ ਤਿਥ ਤੀਜ ਕੇ ਧਰਿਓ ਸੰਤ ਬਪੁ ਈਸ॥੩॥"

11) Official website of 'SGPC AMRITSAR' :
"Sri Guru Nanak Dev ji (the first founder of Sikhism) was born on 15th April 1469 at Rai-Bhoi-di Talwandi in the presant district of Shekhupura (Pakistan) now Nankana Sahib. The birthday of Guru Nanak Sahib is celebrated on 15th Kartik puranmashi. full moon day of the Kartik."

ਭਾਵ: ਸ੍ਰੀ ਗੁਰੂ ਨਾਨਕ ਦੇਵ ਜੀ (ਸਿੱਖ ਧਰਮ ਦੇ ਪਹਿਲੇ ਸੰਸਥਾਪਕ) ਦਾ ਜਨਮ 15 ਅਪ੍ਰੈਲ, 1469 ਨੂੰ ਰਾਇ ਭੋਇ ਦੀ ਤਲਵੰਡੀ ਮੌਜੂਦਾ ਜਿਲਾ ਸ਼ੇਖੂਪੁਰਾ (ਪਾਕਿਸਤਾਨ) ਦੇ ਅੱਜਕਲ ਨਨਕਾਣਾ ਸਾਹਿਬ ਦੇ ਵਿੱਚ ਹੋਇਆ ਸੀ। ਉਂਝ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਸੁਦੀ 15 ਭਾਵ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।"

12) 'ਸਿੱਖ ਹਿਸਟਰੀ 1469-1988' ਵਿੱਚ 'ਖੁਸ਼ਵੰਤ ਸਿੰਘ' ਪੰਨਾ ਨੰ: 33 'ਤੇ ਲਿਖਦੇ ਹਨ:-
"ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਈ: ਨੂੰ ਹੋਇਆ।"

13) 'ਸਿੱਖ ਇਤਿਹਾਸ' ਦੇ ਲਿਖਾਰੀ 'ਮੈਕਸ ਆਰਥਰ ਮੈਕਾਲਿਫ' ਆਪਣੀ ਲਿਖਤ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸੰਬੰਧੀ ਪੰਨਾ ਨੰ: 43 ਤੇ ਲਿਖਦੇ ਹਨ। ਇਹ ਕਿਤਾਬ ਅਜੈਬ ਸਿੰਘ ਅਤੇ ਘ.ਸ਼. ਅੁਲੳਕਹ ਦੁਆਰਾ ਅਨੁਵਾਦਿਤ ਕੀਤੀ ਗਈ ਹੈ:-
"ਸਿੱਖ ਧਰਮ ਨੂੰ ਪ੍ਰਗਟਾਉਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸਾਖ ਸੁਦੀ ਤਿੰਨ ਸੰਨ ਚੌਦਾਂ ਸੌ ਉਨੱਤਰ ਨੂੰ ਅਵਤਾਰ ਧਾਰਨ ਕੀਤਾ। ਸਮੁੱਚੇ ਪ੍ਰਾਚੀਨ ਸਿੱਖ ਇਤਿਹਾਸ ਅਨੁਸਾਰ ਇਹ ਤਰੀਕ ਠੀਕ ਹੈ, ਪਰ ਆਪਣੀ ਸਹੂਲਤ ਲਈ ਸਿੱਖ ਗੁਰੂ ਜੀ ਦੇ ਜਨਮ ਦਾ ਪੁਰਬ ਕੱਤੇ ਦੀ ਪੂਰਨਮਾਸ਼ੀ ਨੂੰ ਹੀ ਮਨਾਉਂਦੇ ਹਨ।"

14) 'ਕੱਤਕ ਕਿ ਵੈਸਾਖ' ਨਾਮੀ ਕਿਤਾਬ ਵਿੱਚ 'ਸ: ਕਰਮ ਸਿੰਘ ਹਿਸਟੋਰੀਅਨ' ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਾਰੇ ਭੁਲੇਖੇ ਦੂਰ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਕੱਤਕ ਦੀ ਪੂਰਨਮਾਸ਼ੀ ਦੀ ਸਿਰਫ ਬਾਲੇ ਵਾਲੀ ਜਨਮ ਸਾਖੀ ਸਿੱਧ ਕਰਦੀ ਹੈ। ਜਿਸਨੂੰ ਕਈ ਕਾਰਨਾਂ ਕਰਕੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਲਈ ਵੈਸਾਖ ਵਾਲੀ ਤਾਰੀਖ ਹੀ ਸਹੀ ਹੈ।

ਉਪਰੋਕਤ ਸ੍ਰੋਤਾਂ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਪ੍ਰੈਲ ਭਾਵ ਵੈਸਾਖ ਵਿੱਚ ਹੀ ਹੈ। ਇੱਥੇ ਇੱਕ ਗੱਲ ਜ਼ਿਕਰਯੋਗ ਹੈ ਕਿ ਵਿਸਾਖੀ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਇੱਕ ਹੀ ਤਾਰੀਖ 14 ਅਪ੍ਰੈਲ ਨੂੰ ਹੈ ਕਿਉਂਕਿ ਪਹਿਲਾਂ 1752 ਈ: ਵਿੱਚ ਈਸਵੀ ਕੈਲੰਡਰ ਵਿੱਚ ਤਬਦੀਲੀ ਹੋਈ। ਗ੍ਰੈਗੋਰੀਅਨ ਕੈਲੰਡਰ ਅਨੁਸਾਰ ਇਹ ਤਾਰੀਖ 14) ਅਪ੍ਰੈਲ ਅਤੇ ਈਸਵੀ ਕੈਲੰਡਰ ਅਨੁਸਾਰ 14 ਤਾਰੀਖ ਹੀ ਹੋਵੇਗੀ। ਉਪਰੋਕਤ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਸਿੱਖ ਸਮਾਜ ਨੂੰ ਵਿਸਾਖ ਵਾਲੀ ਤਾਰੀਖ ਤੈਅ ਕਰਨੀ ਚਾਹੀਦੀ ਹੈ ਨਾ ਕਿ ਸਨਾਤਨੀ ਰੰਗਤ ਵਾਲੀ ਕੱਤਕ ਦੀ ਪੂਰਨਮਾਸ਼ੀ ਵਾਲੀ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਵਿਚ ਲੈ ਕੇ ਜਾਣ ਦਾ ਕਾਰਨ ਬਿਪਰਵਾਦੀ ਮਾਨਸਿਕਤਾ ਹੈ ਕਿਉਂਕਿ ਭਾਰਤੀ ਸਮਾਜ ਵਿਚ ਕੱਤਕ ਵਿੱਚ ਬੱਚੇ ਦਾ ਜਨਮ ਹੋਣ ਨੂੰ ਮਾੜਾ ਸਮਝਿਆ ਜਾਂਦਾ ਹੈ, ਭਾਵੇਂ ਕਿ ਗੁਰਬਾਣੀ ਦਿਨਾਂ ਮਹੀਨਿਆਂ ਆਦਿਕ ਨੂੰ ਪ੍ਰਵਾਨ ਨਹੀਂ ਕਰਦੀ, ਫਿਰ ਵੀ ਭਾਰਤ ਵਿੱਚ ਅਜੇ ਤਕ ਸਨਾਤਨੀ ਸੋਚ ਇੱਥੋਂ ਦੇ ਵਾਸੀਆਂ ਦੀਆਂ ਜੜ੍ਹਾਂ ਨੂੰ ਘੁਣ ਵਾਂਗ ਖਾ ਰਹੀ ਹੈ। ਆਮ ਲੋਕਾਂ ਉੱਤੇ ਸਨਾਤਨੀ ਸੋਚ ਦੇ ਪ੍ਰਭਾਵ ਸਦਕਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਈਰਖਾ ਰੱਖਣ ਵਾਲੇ ਲੋਕਾਂ ਨੇ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਵਿਸਾਖ ਤੋਂ ਤਬਦੀਲ ਕਰਕੇ ਕੱਤਕ ਵਿੱਚ ਲੈ ਕੇ ਜਾਣਾ ਉਨ੍ਹਾਂ ਨੂੰ ਭਾਰਤੀ ਸਮਾਜ ਦੀਆਂ ਨਜ਼ਰਾਂ ਵਿੱਚ ਗ਼ਲਤ/ਮਾੜਾ ਸਾਬਤ ਕਰਨਾ ਹੈ, ਤਾਂ ਜੋ ਆਮ ਲੋਕ ਗੁਰੂ ਨਾਨਕ ਸਾਹਿਬ ਜੀ ਬਾਰੇ ਬਹੁਤਾ ਨਾ ਜਾਣ ਸਕਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਿਸਾਖੀ ਦਾ ਦਿਨ ਨਿਸ਼ਚਿਤ ਕਰਨਾ ਅਤੇ ਵਿਸਾਖੀ ਵਾਲੇ ਦਿਨ ਵਿਸ਼ੇਸ਼ ਇਕੱਠ ਬੁਲਾ ਕੇ ਦਸਮੇਸ਼ ਪਾਤਸ਼ਾਹ ਜੀ ਦੁਆਰਾ ਖ਼ਾਲਸਾ ਸਾਜਨਾ (ਭਾਵ ਗੁਰੂ ਨਾਨਕ ਸਾਹਿਬ ਜੀ ਦੀ 230 ਸਾਲ ਦੀ ਵਿਚਾਰਧਾਰਾ ਨੂੰ ਅੰਤਿਮ ਰੂਪ ਦੇਣਾ) ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਹੀ ਨਿਸ਼ਚਤ ਕਰਨਾ ਸੀ ਤਾਂ ਕਿ ਇਕ ਨਵੀਨ ਤੇ ਵਿਲੱਖਣ ਵਿਚਾਰਧਾਰਾ ਦੇ ਮੋਢੀ/ਰਹਿਬਰ ਨੂੰ ਯਾਦ ਰੱਖਿਆ ਜਾ ਸਕੇ।

ਆਉ ਸਾਰੇ ਇੱਕ ਹੰਭਲਾ ਮਾਰੀਏ ਤੇ ਕ੍ਰਾਂਤੀਕਾਰੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਇੱਕ ਤਾਰੀਖ 14 ਅਪ੍ਰੈਲ ਨਿਸ਼ਚਿਤ ਕਰੀਏ ਅਤੇ ਇੱਕ ਪ੍ਰਣ ਕਰੀਏ ਕਿ ਬਾਬੇ ਨਾਨਕ ਨੇ ਜਿਸ ਬ੍ਰਹਿਮੰਡੀ/ਕੁਦਰਤੀ ਫਲਸਫ਼ੇ ਬਾਰੇ ਸਾਨੂੰ ਜਾਣੂ ਕਰਵਾਉਣ ਲਈ ਯਤਨ ਅਰੰਭੇ ਸਨ, ਉਨ੍ਹਾਂ ਨੂੰ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਲਾਗੂ ਕਰੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top