Share on Facebook

Main News Page

‘’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਣਕ ਰੂਪ
-:  ਗਿਆਨੀ ਜਗਤਾਰ ਸਿੰਘ ਜਾਚਕ 
04.04.2022
#KhalsaNews #JagtarSingh #Jachak #EkOnkar #Ghagga #Chahal #Kalsi #Dhadrianwala

ਜੁਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਵਿਖੇ 20ਵੀਂ ਸਦੀ ਦੀ ਮਸ਼ੀਨੀ ਛਪਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ‘ੴ ’ ਦਾ ਵਖਰੇਵੇਂ-ਜਨਕ ਸਥਾਪਤ ਕੀਤਾ ਚਿੰਨਾਤਮਕ ਲਫ਼ਜ਼ 21ਵੀਂ ਸਦੀ ਦੇ ਮੁੱਢਲੇ ਦੌਰ ਸੰਨ 2004 ਤੋਂ ‘ੴ ’ ਦਾ ਜੁੜਵਾਂ ਰੂਪ ਇਖ਼ਤਿਆਰ ਕਰ ਚੁੱਕਾ ਹੈ । ‘ੴ’ ਉਪਰਲੀ ਕਾਰ ਰੂਪ ਰੇਖਾ ਦਾ ਅਕਾਰ ਵੀ ਘੱਟ ਚੁੱਕਾ ਹੈ।

ਗੁਰਬਾਣੀ ਦੇ ਖੋਜੀ ਵਿਦਵਾਨਾਂ ਦਾ ਮਤ ਹੈ ਕਿ ਗੁਰਮੁਖੀ ਦੇ ਇਸ ਪ੍ਰਤੀਕਾਤਮਿਕ ਲਫ਼ਜ਼ ਦੀ ਘਾੜਤ ਗੁਰੂ ਨਾਨਕ ਸਾਹਿਬ ਜੀ ਦੀ ਨਿਰੋਲ ਆਪਣੀ ਮੌਲਿਕ ਰਚਨਾ ਹੈ। ਇਸ ਦਾ ਪ੍ਰੰਪਰਾਗਤ, ਪ੍ਰਚਲਿਤ ਤੇ ਸਰਬ-ਪ੍ਰਵਾਣਿਤ ਪ੍ਰਮਾਣੀਕ ਉਚਾਰਨ ਹੈ : ਇੱਕ-ਓਅੰਕਾਰ (ਇਕੁ ਓਅੰਕਾਰੁ)। ਨਾ ਤਾਂ ਇਸ ਦੀ ਬਣਤਰ ਲਈ ਸੰਸਕ੍ਰਿਤ ਦੇ ਲਫ਼ਜ਼ਾਂ ਦੀ ਧੂਹ-ਘੜੀਸ ਕਰਦਿਆਂ ਕਾਰ ਨੂੰ ਵੱਖਰੇ ਰੂਪ ਵਿੱਚ ਵੇਖਣ ਤੇ ਸਮਝਾਉਣ ਦੀ ਲੋੜ ਹੈ ਅਤੇ ਨਾ ਹੀ ਉਚਾਰਣ ਪੱਖੋਂ ਇਸ ਨੂੰ ‘ਇੱਕ-ਓ’ ‘ਇੱਕੋ, ‘ਇੱਕ-ਓਮ’, ‘ਏਕੰਕਾਰ’ ਤੇ ‘ਏਕਮ-ਕਾਰ’ ਵਰਗੇ ਮਨਮਤੀ ਤੇ ਅਸ਼ੁਧ ਰੂਪਾਂ ਵਿੱਚ ਦਰਸਾਉਣ ਤੇ ਪ੍ਰਚਾਰਣ ਦੀ।

ਇਸ ਸੱਚਾਈ ਦਾ ਵੱਡਾ ਕਾਰਣ ਹੈ ਗੁਰੂ ਕੇ ਸਮਕਾਲੀ ਵਿਦਵਾਨ, ਹਜ਼ੂਰੀ ਲਿਖਾਰੀ ਤੇ ਗੁਰਬਾਣੀ ਦੇ ਮੋਢੀ ਵਿਆਖਿਆਕਾਰ ਭਾਈ ਗੁਰਦਾਸ ਜੀ ਦੁਆਰਾ ‘ੴ ’ ਦੇ ਚਿੰਨਾਤਮਕ ਲਫ਼ਜ਼ ਦੀ ਵਿਆਖਿਆ, ਜਿਸ ਰਾਹੀਂ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ‘ੴ ’ ਦਾ ਸੰਕੇਤ ‘ਏਕੰਕਾਰ’ ਤੇ ‘ਓਅੰਕਾਰ’ ਦੇ ਲਫ਼ਜ਼ੀ ਵਖਰੇਵੇਂ ਦੇ ਬਾਵਜੂਦ ਵੀ ਇੱਕ ਅਨਿਖੜਵਾਂ ਸੁਮੇਲ ਹੈ । ਏਕਾ (1), ਏਕੰਕਾਰੁ ਦਾ ਪ੍ਰਤੀਕ ਹੈ ਅਤੇ ਊੜਾ (ੳ), ਓਅੰਕਾਰੁ ਦਾ। ਭਾਈ ਸਾਹਿਬ ਦੇ ਲਿਖਤ ਰੂਪ ਵਿੱਚ ਅਨਮੋਲ ਬੋਲ ਹਨ:

ਏਕਾ, ਏਕੰਕਾਰੁ ਲਿਖਿ ਦੇਖਾਲਿਆ।
ਊੜਾ, ਓਅੰਕਾਰੁ ਪਾਸਿ ਬਹਾਲਿਆ।
{ਵਾਰ 3 ਪਉੜੀ 15}

ਏਕੰਕਾਰੁ ਇਕਾਂਗ ਲਿਖਿ (ਏਕਾ ਲਿਖ ਕੇ), ਊੜਾ ਓਅੰਕਾਰੁ ਲਿਖਾਇਆ । {ਵਾਰ 39, ਪਉੜੀ 1}

ਸਪਸ਼ਟ ਹੈ ਕਿ ਭਾਈ ਸਾਹਿਬ ਜੀ ਨੇ ‘ੴ ’ ਦੇ ਉਪਰੋਕਤ ਰੂਹਾਨੀ ਚਿੰਨ ਨੂੰ ਕੇਵਲ ਗੁਰਮੁਖੀ ਗਿਣਤੀ ਦੇ ਪਹਿਲੇ ਹਿੰਦਸੇ ਇੱਕ (੧) ਅਤੇ ਗੁਰਮੁਖੀ ਭਾਸ਼ਾ ਦੀ ਪੈਂਤੀ ਦੇ ਪਹਿਲੇ ਅੱਖਰ ਊੜਾ (ੳ) ਦੇ ਰੂਪ ਵਿੱਚ ਵੱਖ ਵੱਖ ਪ੍ਰਗਟਾਇਆ ਹੈ। ਊੜੇ ਹੋੜਾ ਮੰਨੇ ਜਾਂਦੇ ਖੁਲ੍ਹੇ ਮੂੰਹ ਵਾਲੇ ‘ਓ’ ਦੇ ਰੂਪ ਵਜੋਂ ਨਹੀਂ, ਜਿਸ ਨੂੰ ਅਧਾਰ ਬਣਾ ਕੇ ਸਭ ਤੋਂ ਪਹਿਲਾਂ ਵੈਨਕੂਵਰ (ਕਨੇਡਾ) ਨਿਵਾਸੀ ਨਿਰਮਲ ਸਿੰਘ ਕਲਸੀ ਨੇ ‘ੴ ’ ਨੂੰ ‘ਇੱਕ-ਓ..’ ਦੇ ਧੁੰਨਿਆਤਮਕ ਉਚਾਰਣ ਵਜੋਂ ਪੇਸ਼ ਕੀਤਾ । ਉਸ ਤੋਂ ਪਿੱਛੋਂ ਗੁਰੂ ਨਾਨਕ ਵਿਚਾਰਧਾਰਾ ਨੂੰ ‘ਨਨਕਾਇਣ ਫ਼ਿਲਾਸਫ਼ੀ’ ਦਾ ਨਾਂ ਦੇਣ ਵਾਲੇ ਮੌਂਟਰੀਅਲ (ਕਨੇਡਾ) ਨਿਵਾਸੀ ਤੇ ਅਕਾਦਮਿਕ ਖੇਤਰ ਦੇ ਪ੍ਰਸਿੱਧ ਸਾਇੰਸਦਾਨ ਡਾ. ਦੇਵਿੰਦਰ ਸਿੰਘ ‘ਚਾਹਲ’ ਨੇ ‘ਇੱਕੋ’ ਦੇ ਸੰਖਿਆਤਮਕ ਹਿੰਦਸੇ ਵਜੋਂ ਪ੍ਰਚਾਰਿਆ ਹੈ। ਸ੍ਰ. ਨਿਰਮਲ ਸਿੰਘ ‘ਕਲਸੀ’ ਨੇ ਆਪਣੇ ਪੱਖ ਦੀ ਪਰਪੱਕਤਾ ਵਜੋਂ ‘ੴ ’ਦੇ ਵੱਖਰੇ ਵੱਖਰੇ ਨਵੀਨ ਤੇ ਪ੍ਰਾਚੀਨ ਹੱਥ-ਲਿਖਤੀ ਰੂਪਾਂ ਨੂੰ ਦਰਸਾਉਂਦੀ ਇੱਕ ਪੁਸਤਕ ਵੀ ਪ੍ਰਕਾਸ਼ਤ ਕੀਤੀ ਹੈ। ਡਾ. ‘ਚਾਹਲ’ ਜੀ ਦਾ ‘ੴ ’ ਦੇ ਉਚਾਰਣ ਪੱਖੋਂ ਲਿਖਿਆ ਲੇਖ ਉਨ੍ਹਾਂ ਦੁਆਰਾ ਸੰਪਾਦਤ ਕੀਤੇ ਜਾਂਦੇ ਇੱਕ ਅੰਗਰੇਜ਼ੀ ਦੇ ਪੱਤਰ ‘Understanding Sikhism - The Research Journal’ ਵਿੱਚ ਅਤੇ ਸ੍ਰ. ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੁਆਰਾ ਸੰਪਾਦਤ ਕੀਤੇ ਜਾਂਦੇ ਰਹੇ ‘ਸਿੱਖ ਮਾਰਗ’ ਮੈਗਜ਼ੀਨ ਵਿੱਚ ਵੀ ਛਪਿਆ, ਜਿਸ ਨੇ ਸੰਪਰਦਾਇਕਤਾ ਅਤੇ ਬਿਪਰਵਾਦ ਦੀ ਖ਼ਿਲਾਫ਼ਤ ਕਰਨ ਵਾਲੇ ਸਿੱਖ ਲੇਖਕਾਂ ਨੂੰ ਉਸ ਸਮੇਂ ਕਾਫ਼ੀ ਪ੍ਰਭਾਵਿਤ ਕੀਤਾ।

ਗੁਰਬਾਣੀ ਦੇ ਚਾਨਣ ਅਤੇ ਭਾਈ ਗੁਰਦਾਸ ਜੀ ਦੁਆਰਾ ‘ੴ ’ ਦੀ ਉਪਰੋਕਤ ਵਿਆਖਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਰੂਹਾਨੀ ਚਿੰਨ ਦੇ ਭਾਵਾਰਥ ਨੂੰ ਕੁਝ ਇਉਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ:

ਸ੍ਰਿਸ਼ਟੀ ਦਾ ਮੂਲ ਸ਼੍ਰੋਤ (ਜਿਥੋਂ ਸਭ ਕੁਝ ਪੈਦਾ ਹੋ ਰਿਹਾ ਹੈ) ਅਕਾਲਪੁਰਖ ਇੱਕ ਹੈ ਅਤੇ ਉਸ ਨੂੰ ਨਿਰਗੁਣ ਤੇ ਸਰਗੁਣ ਦੋਂਹ ਵਖ ਵਖ ਰੂਪਾਂ ਵਿੱਚ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਬਿਲਕੁਲ ਓਵੇਂ ਹੀ, ਜਿਵੇਂ ਕਿਸੇ ਪੌਦੇ ਦੀ ਜੜ੍ਹ ਤੇ ਉਸ ਦੇ ਤਣੇ ਨੂੰ, ਸਮੁੰਦਰ ਤੇ ਸਮੁੰਦਰ ਦੇ ਪਾਣੀ ਵਿੱਚ ਉਠਦੀਆਂ ਲਹਿਰਾਂ ਨੂੰ, ਸੋਨੇ ਤੇ ਸੋਨੇ ਤੋਂ ਬਣੇ ਗਹਿਣਿਆਂ ਨੂੰ। ਭਾਰਤੀ ਫਲਸਫ਼ੇ ਵਿੱਚ ਨਿਰਗੁਣ ਬ੍ਰਹਮ ਦਾ ਅਰਥ ਹੈ: ਰੱਬ ਦਾ ਨਾ ਦਿਸਣ ਵਾਲਾ ਉਹ ਰੂਪ, ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਹੁੰਦਾ ਹੈ। ਸੰਸਾਰ ਦੇ ਰੂਪ ਵਿੱਚ ਧਰਤੀ ਅਕਾਸ਼, ਸੂਰਜ, ਚੰਦਰਮਾ ਤੇ ਹੋਰ ਕੋਈ ਜੀਅ ਜੰਤ ਆਦਿਕ ਕੁਝ ਵੀ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਅਜਿਹੇ ਨਿਰਗੁਣ ਰੂਪ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਪ੍ਰਗਟ ਕੀਤਾ ਹੈ:

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥

ਮਾਰੂ ਸੋਲਹੇ (ਮਃ੧) ਗੁਰੂ ਗ੍ਰੰਥ ਸਾਹਿਬ - ਪੰਨਾ 1035

ਪੌਰਾਣਿਕ ਦ੍ਰਿਸ਼ਟੀ ਤੋਂ ਮੰਨਿਆਂ ਜਾਂਦਾ ਹੈ ਕਿ ਐਸਾ ਅਦ੍ਰਿਸ਼ਟ ਨਿਰਗੁਣ ਬ੍ਰਹਮ, ਜਦੋਂ ਸੰਸਾਰ ਦੀ ਸਿਰਜਨਾ ਕਰਦਾ ਹੈ ਤਾਂ ਜਾਣੋਂ ਕਿ ਉਹ ਆਪਣੇ ਆਪ ਨੂੰ ਦਿਸਣ ਵਾਲੇ ਸਰਗੁਣ ਰੂਪ ਵਿੱਚ ਪ੍ਰਗਟ ਕਰਦਾ ਹੈ। ਇਸੇ ਲਈ ਆਖਿਆ ਜਾਂਦਾ ਹੈ ਕਿ ਸੰਸਾਰ, ਨਿਰੰਕਾਰ ਦਾ ਸਰਗੁਣ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵਾਲੇ ਭਾਰਤੀ ਫ਼ਲਸਫ਼ੇ ਦੇ ਉਪਨਿਸ਼ਦ-ਕਾਲ ਵਿੱਚ ਬ੍ਰਹਮ ਦੇ ਨਿਰਗੁਣ ਰੂਪ ਨੂੰ ਪ੍ਰਗਟਾਉਣ ਲਈ ‘ਏਕੰਕਾਰ’ ਅਤੇ ਸਰਗੁਣ ਲਈ ‘ਓਅੰਕਾਰ’ ਲਫ਼ਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਵੀ ਮੰਨਿਆ ਜਾਂਦਾ ਸੀ ਕਿ ਬ੍ਰਹਮ ਦੇ ਇਹ ਦੋਵੇਂ ਰੂਪ ਵੱਖ ਵੱਖ ਹਨ। ਇਸੇ ਲਈ ਨਿਰਗੁਣ ਬ੍ਰਹਮ ਨੂੰ ‘ਪਾਰਬ੍ਰਹਮ’ ਵੀ ਆਖਿਆ ਜਾਂਦਾ ਸੀ, ਕਿਉਂਕਿ ਉਸ ਨੂੰ ਸੰਸਾਰ ਤੋਂ ਪਰੇ ਕਿਸੇ ਵਖਰੀ ਥਾਂ ਵੇਖਿਆ ਜਾ ਰਿਹਾ ਸੀ। ਅਜਿਹੀ ਵਿਚਾਰਧਾਰਾ ਨੂੰ ਹੀ ਦਵੈਤਵਾਦ ਜਾਂ ਦਵੰਦਮਈ ਦ੍ਰਿਸ਼ਟੀਕੋਨ ਕਿਹਾ ਜਾਂਦਾ ਹੈ।

ਅਸਲ ਵਿੱਚ ਇਹੀ ਕਾਰਣ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ‘ਨਿਰਗੁਣ’ ਤੇ ‘ਸਰਗੁਣ’ ਬ੍ਰਹਮ ਦਾ ਸੁਮੇਲ ਕਰਦਿਆਂ ‘ਏਕੰਕਾਰ’ ਤੇ ‘ਓਅੰਕਾਰ’ ਦੇ ਸਾਂਝੇ ਤੇ ਗੁਰਮੁਖੀ ਪ੍ਰਤੀਕ ੴ ’ ਦੀ ਨਵੀਨ ਘਾੜਤ ਘੜੀ । ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਐਸਾ ਧਰਮ ਗ੍ਰੰਥ ਹੈ, ਜਿਸ ਦਾ ਅਰੰਭ ਰੱਬੀ ਏਕਤਾ ਦੇ ਪ੍ਰਤੀਕ ‘ਏਕੇ’ ਦੇ ਹਿੰਦਸੇ ਨਾਲ ਹੁੰਦਾ ਹੈ। ਕਾਰਣ ਹੈ ਕਿ ਸਤਿਗੁਰੂ ਜੀ ਦਾ ਮੁੱਖ ਮਨੋਰਥ ਮਨੁਖਤਾ ਨੂੰ ਇਹ ਸੋਝੀ ਕਰਵਾਉਣਾ ਸੀ ਕਿ ਜਿਥੋਂ ਅਸੀਂ ਸਾਰੇ ਪੈਦਾ ਹੋ ਰਹੇ ਹਾਂ ਅਤੇ ਜਿਸ ਵਿੱਚ ਮੁੜ ਸਾਰੇ ਲੀਨ ਹੋ ਰਹੇ ਹਾਂ, ਉਹ ਮੂਲ-ਸ਼੍ਰੋਤ ਅਕਾਲਪੁਰਖ ਇੱਕ ਹੈ। ਉਸ ਨੂੰ ਨਿਰਗੁਣ ਤੇ ਸਰਗੁਣ ਦੋ ਵੱਖ ਵਖ ਜਾਂ ਸ਼ਿਵ ਸ਼ਕਤੀ ਆਦਿਕ ਕਈ ਹੋਰ ਹਿਸਿਆਂ ਵਿੱਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ; ਤਾਂ ਕਿ ਮਨੁੱਖੀ ਭਾਈਚਾਰੇ ਵਿੱਚਲੀ ਨਸਲੀ, ਸ਼ਕਲੀ ਤੇ ਦੇਸ਼-ਦੇਸ਼ਾਂਤਰਾਂ ਦੀ ਭਿੰਨਤਾ ਦੇ ਬਾਵਜੂਦ ਵੀ ਮਾਨਵ-ਏਕਤਾ ਸਥਾਪਤ ਹੋ ਸਕੇ। ਲੋਕ ਰੱਬ ਦੀ ਰੂਹਾਨੀ ਸੱਤਾ (ਜੋਤਿ) ਨੂੰ ਆਪਣੇ ਤੋਂ ਵੱਖਰੇ ਕਿਸੇ ਅਕਾਸ਼, ਸਮੁੰਦਰ ਜਾਂ ਮਨੋ-ਕਲਪਤ ਸਵਰਗੀ ਸਚਖੰਡ ਆਦਿਕ ਵਿੱਚ ਮੰਨਣ ਦੀ ਥਾਂ ਆਪਣੇ ਸਮੇਤ ਸਾਰੇ ਸੰਸਾਰ ਵਿੱਚ ਵਿਆਪਕ ਵੇਖਦੇ ਅਤੇ ਉਸ ਦੇ ਨਿਰਮਲ-ਭਉ ਵਿੱਚ ਜੀਊਦੇ ਹੋਏ ਇੱਕ ਪ੍ਰਵਾਰ ਵਜੋਂ ਵਿਚਰ ਸਕਣ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੰਜਵੇਂ ਰੂਪ ਵਿੱਚ ਵਿਆਖਿਆਤਮਕ ਐਲਾਨ ਕੀਤਾ:

ਨਿਰਗੁਨੁ ਆਪਿ, ਸਰਗੁਨੁ ਭੀ ਓਹੀ ॥
ਕਲਾ ਧਾਰਿ ਜਿਨਿ ਸਗਲੀ ਮੋਹੀ ॥
ਗਉੜੀ ਸੁਖਮਨੀ (ਮਃ 5) ਗੁਰੂ ਗ੍ਰੰਥ ਸਾਹਿਬ - ਪੰਨਾ 288

ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿੱਚ ਇੱਕ ਅਕਾਲਪੁਰਖ ਤੋਂ ਬਗੈਰ ਦੂਜਾ ਕੋਈ ਹੋਰ ਹੈ ਹੀ ਨਹੀਂ। “ਦੂਜਾ ਕਉਣੁ ਕਹਾਂ, ਨਹੀ ਕੋਈ ॥ ਸਭ ਮਹਿ, ਏਕੁ ਨਿਰੰਜਨੁ ਸੋਈ ॥” {ਪੰਨਾ 223} ਅਤੇ “ਸਿਵ ਸਕਤਿ, ਆਪਿ ਉਪਾਇ ਕੈ ਕਰਤਾ; ਆਪੇ ਹੁਕਮੁ ਵਰਤਾਏ” ॥ {ਪੰਨਾ 920} ਕਹਿ ਕੇ ਹਜ਼ੂਰ ਨੇ ਦਵੰਦਮਈ ਤੇ ਦੇਵ-ਵਾਦੀ ਪੌਰਾਣਿਕ ਵਿਚਾਰਧਾਰਾ ਦੀਆਂ ਜੜ੍ਹਾਂ ਹੀ ਕੱਟ ਦਿੱਤੀਆਂ । ਤਦੇ ਤਾਂ ਮਾਨਵ-ਹਿਤਕਾਰੀ ਵਿਦਵਾਨ ਮੰਨਦੇ ਹਨ ਕਿ ‘ੴ ’ ਵਿੱਚ ਛੁਪਿਆ ਹੈ ਰਾਜ਼, ਅਜੋਕੇ ਦੌਰ ਦੀ ਸਰਬਨਾਸ਼ ਦੇ ਕਿਨਾਰੇ ਖੜੀ ਮਨੁੱਖਤਾ ਨੂੰ ਬਚਾਉਣ ਦਾ; ਕਿਉਂਕਿ, ਜਦੋਂ ਉਹ ਇੱਕ ਪਰਮਾਤਮਾ ਹੀ ਸਾਰੇ ਰੂਪਾਂ ਵਿੱਚ ਵਿਆਪਕ ਵਰਤ ਰਿਹਾ, ਤਾਂ ਕਿਸ ਨੂੰ ਮੰਦਾ ਕਿਹਾ ਜਾਏ ? ਰੰਗ ਰੂਪ ਨਸਲ ਕਰਕੇ ਕਿਸ ਨਾਲ ਵਿਤਕਰਾ ਕੀਤਾ ਜਾਏ ? ਕਿਸ ਨਾਲ ਧੱਕਾ ਜਾਂ ਨਫ਼ਰਤ ਕੀਤੀ ਜਾਏ ? ਕਿਸ ਨਾਲ ਠੱਗੀ ਮਾਰੀ ਜਾਏ ? ਹਕੀਕਤ ਤਾਂ ਇਹ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਅਜਿਹਾ ਦੁਰਵਿਹਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਸੰਸਾਰ ਦਾ ਇੱਕੋ-ਇੱਕ ਮੂਲ ਅਕਾਲਪੁਰਖ ਸਾਰਿਆਂ ਵਿੱਚ ਵਿਆਪਕ ਨਹੀਂ ਦਿਸਦਾ । ਗੁਰਦੇਵ ਜੀ ਦਾ ਅੰਮ੍ਰਿਤ ਬਚਨ ਹੈ :

ਆਪਿ ਉਪਾਏ ਨਾਨਕਾ; ਆਪੇ ਰਖੈ ਵੇਕ ॥ (ਵਖ ਵਖ ਰੂਪ ਤੇ ਸੁਭਾਅ ਵਾਲੇ ਜੀਅ-ਜੰਤ)
ਮੰਦਾ ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ॥ (ਮਃ 2) ਗੁਰੂ ਗ੍ਰੰਥ ਸਾਹਿਬ - ਪੰਨਾ 1238

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜਿਹੀ ਸਪਟਸ਼ਤਾ ਦੇ ਬਾਵਜੂਦ ਵੀ ਪੌਰਾਣਿਕ-ਮਤੀ ਤੇ ਸੱਤਾਧਾਰੀ ਬਿਪਰਵਾਦੀ ਪ੍ਰਚਾਰਕਾਂ ਦੇ ਜ਼ੋਰਦਾਰ ਅਤੇ ਨੀਤੀਗਤ ਵਿਆਪਕ ਪ੍ਰਚਾਰ ਤੋਂ ਭੈ-ਭੀਤ ਹੋ ਕੇ ਕੁਝ-ਕੁ ਸਿੱਖ ਵਿਦਵਾਨ, ਲੇਖਕ ਤੇ ਪ੍ਰਚਾਰਕ ਸੱਜਣ ‘ੴ ’ ਦੇ ਉਚਾਰਣ ਪੱਖੋਂ ਡਾ. ਚਾਹਲ ਦੇ ਪਿਛਲਗ ਬਣ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉਚਾਰਣ ਦੀ ਵਕਾਲਤ ਕਰ ਰਹੇ ਹਨ । ਹੈਰਾਨਗੀ ਹੈ ਕਿ ਪ੍ਰੋ. ਇੰਦਰ ਸਿੰਘ ‘ਘੱਗਾ’ ਵਰਗੇ ਪੜਚੋਲੀਏ ਤੇ ਤਰਕਸ਼ੀਲ ਲੇਖਕ ਵੀ ਉਪਰੋਕਤ ਵਰਗ ਵਿੱਚ ਸ਼ੁਮਾਰ ਹੋ ਕੇ ਅਗਵਾਈ ਕਰਦੇ ਜਾਪਦੇ ਹਨ । ‘ਗੁਰਮਤਿ ਦੀ ਕਸਵੱਟੀ ਤੇ ਪੌਰਾਣਕ ਕਥਾਂਵਾਂ ਦਾ ਅੰਤ’ ਨਾਂ ਦੀ ਪੁਸਤਕ (ਪਹਿਲੀ ਕਿਸ਼ਤ) ਵਿੱਚ ਉਨ੍ਹਾਂ ਦੁਆਰਾ ਹੇਠ ਲਿਖੇ ਵਿਚਾਰਾਂ ਨਾਲ ਸਾਰੇ ਵਿਦਵਾਨ ਸਹਿਮਤ ਹਨ ਕਿ “ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਨਵੇਂ ਨਿਵੇਕਲੇ ਦਿੱਤੇ ਹਨ, ਪਰ ਮੁਹਾਵਰਾ (ਸਮਝਾਉਣ ਦਾ ਢੰਗ) ਪੰਜਾਬੀ ਹਿੰਦੂ ਪੌਰਾਣਕ ਰੰਗ ਵਾਲਾ ਹੈ । …ਗੁਰਬਾਣੀ ਦਾ ਤੱਤਸਾਰ ਸਮਝਣ ਵਾਲੇ ਤੇ ਲੰਮਾ ਸਮਾਂ ਗੁਰਬਾਣੀ ਦੇ ਸੰਪਾਦਨ ਕਾਰਜ ਪੂਰੇ ਕਰਨ ਵਾਲੇ ਭਾਈ ਗੁਰਦਾਸ ਜੀ ਜਦੋਂ ਆਪਣੀ ਰਚਨਾ ਵਾਰਾਂ ਤੇ ਕਬਿਤ ਲਿਖ ਕੇ ਸਿੱਖ ਜਗਿਆਸੂਆਂ ਅੱਗੇ ਰੱਖਦੇ ਹਨ ਤਾਂ ਉਸ ਦਾ ਬਹੁਤ ਹਿੱਸਾ ਸੁਤੇ ਸਿੱਧ ਸਮਝ ਆ ਜਾਂਦਾ ਹੈ।”

ਇਥੇ ਇੱਕ ਬੜਾ ਮਹਤਵ ਪੂਰਨ ਸੁਆਲ ਖੜ੍ਹਾ ਹੁੰਦਾ ਹੈ ਕਿ ਘੱਗਾ ਜੀ ਦੇ ਪ੍ਰਗਟਾਏ ਅਜਿਹੇ ਸਿਧਾਂਤਕ, ਇਤਿਹਾਸਕ ਅਤੇ ਸਰਬ-ਪ੍ਰਵਾਣਿਤ ਸੱਚ ਦੇ ਸਨਮੁਖ ਫਿਰ ਭਾਈ ਗੁਰਦਾਸ ਜੀ ਦੁਆਰਾ ‘ੴ ’ ਦੀ ਉਪਰੋਕਤ ਚਿੰਨਾਤਮਕ ਵਿਆਖਿਆ ਨੂੰ ਮੰਨਣ ਵਿੱਚ ਹਿਚਕਾਹਟ ਕਿਉਂ ? ਜਿਹੜੀ ਹੁਣ ਤਕ ਦੀਆਂ ਸਾਰੀਆਂ ਸਿੱਖ ਸੰਪਰਦਾਵਾਂ ਅਤੇ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ‘ੴ ’ ਦੇ ਪ੍ਰੰਪਰਾਗਤ ਉਚਾਰਣ ਦਾ ਅਧਾਰ ਬਣਦੀ ਆ ਰਹੀ ਹੈ । ਵੱਡੀ ਗੱਲ ਇਹ ਹੈ ਕਿ ਇਸ ਅੰਦਰਲਾ ‘ਏਕੇ’ ਦਾ ਹਿੰਦਸਾ, ‘ਓਮ’ ਅਤੇ ‘ਓਅੰਕਾਰ’ ਪਦਾਂ ਦੀ ਪੌਰਾਣਿਕ-ਮਤੀ ਤੀਨ-ਦੇਵੀ ਤੇ ਅਵਤਾਰਵਾਦੀ ਵਿਆਖਿਆ ਦਾ ਵੀ ਅੰਤ ਕਰਦਾ ਹੈ, ਜਿਸ ਤੋਂ ਭੈ-ਭੀਤ ਹੋ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉੱਚਾਰਣ ਦੀ ਵਕਾਲਤ ਕੀਤੀ ਜਾ ਰਹੀ ਹੈ । ਜਿਵੇਂ ਕਿ ‘ਘੱਗਾ’ ਜੀ ਲਿਖਦੇ ਹਨ:

“ਭਾਵੇਂ ਅਗੇਤਰ ਵਿੱਚ ‘੧’ (ਇੱਕ) ਗੁਰੂ ਜੀ ਨੇ ਓਅੰਕਾਰ ਦੇ ਤਿੰਨ ਦੇਵਾਂ ਵਾਲੀ ਤ੍ਰਿਕੜੀ ਦਾ ਖਾਤਮਾ ਕੀਤਾ ਹੈ । ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ‘ਓਅੰਕਾਰ’ ਸ਼ਬਦ ਪੌਰਾਣਕ ਗ੍ਰੰਥਾਂ ਵਿਚੋਂ ਸਾਡੇ ਗਲ ਆ ਪਿਆ ਹੈ । ਅਸਲ ਵਿੱਚ ਇਹ ਊੜਾ ਖੁੱਲ੍ਹੇ ਮੂੰਹ ਵਾਲਾ (ਓ) ਸੀ । ਇਸ ਦੇ ਅੱਗੇ ਏਕਾ ਲਾ ਕੇ ਜਦੋਂ ਆਮ ਪੰਜਾਬੀ ਵਿੱਚ ਉਚਾਰਣ ਕਰਾਂਗੇ ਤਾਂ ਬਣੇਗਾ ‘ਇੱਕੋ’ (੧+ਓ) । ਇਹ ‘ਕਾਰ ਵਾਲਾ ਬ੍ਰਾਹਮਣ’ ਸਿੱਖਾਂ ਦੇ ਪਿੱਛੇ ਚਿਪਕ ਗਿਆ ਹੈ । ਇਸ ‘ਓਅੰਕਾਰ’ ਨੂੰ ਉਤਾਰ ਕੇ ‘ਇੱਕੋ’ ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ ਪ੍ਰੰਪਰਾਵਾਂ ਤੋਂ ਮੁਕਤ ਹੋ ਸਕੇਗਾ । ਪੜ੍ਹੋ ਗੁਰ ਫੁਰਮਾਣ –

ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
{ (ਮਃ ੪) ਗੁਰੂ ਗ੍ਰੰਥ ਸਾਹਿਬ – ਪੰ. ੮੩}

ਪਰ, ਇਥੇ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ੴ ਤੋਂ ਗੁਰ ਪ੍ਰਸਾਦਿ’ ਤਕ ਦੇ ਆਦਿ ਮੰਗਲਾਚਰਨ (ਮੂਲ-ਮੰਤ੍ਰ = ਮੁੱਢਲਾ ਗੁਰਉਪਦੇਸ਼) ਸਮੇਤ ਕਿਹੜਾ ਰੱਬੀ-ਨਾਂਵ ਹੈ, ਜਿਸ ਦਾ ਪਿਛੋਕੜ ਵੈਦਿਕ ਤੇ ਇਸਲਾਮਕ ਪ੍ਰੰਪਰਾ ਨਾਲ ਨਹੀਂ ਜੁੜਿਆ ? ਇਸ ਲਈ ਲੋੜ ਤਾਂ ਕੇਵਲ ਇਹੀ ਸੀ ਕਿ ਸਿੱਖੀ ਨੂੰ ਬਿਪਰਵਾਦੀ ਪ੍ਰਭਾਵ ਤੋਂ ਮੁਕਤ ਕਰਨ ਲਈ ਗੁਰਬਾਣੀ ਅੰਦਰਲੇ ਪੌਰਾਣਿਕ-ਮਤੀ ਰੱਬੀ-ਨਾਵਾਂ ਦੀ ਗੁਰਮਤੀ ਵਿਆਖਿਆ ਪੇਸ਼ ਕੀਤੀ ਜਾਵੇ, ਨਾ ਕਿ ਬਿਪਰਵਾਦੀ । ਜਿਵੇਂ ਪੌਰਾਣਿਕ-ਮਤੀ ਹਿੰਦੂ ਪ੍ਰਚਾਰਕ ਗੁਰਬਾਣੀ ਵਿੱਚ ਸਭ ਤੋਂ ਵਧੇਰੇ ਵਰਤੇ ‘ਰਾਮ’ ਨਾਮ ਨੂੰ ਹਰੇਕ ਤੁਕ ਵਿਖੇ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ ਸ੍ਰੀ ਰਾਮ ਚੰਦਰ ਨਾਲ ਜੋੜਣ ਲਈ ਯਤਨਸ਼ੀਲ ਰਹਿੰਦੇ ਹਨ । ਪ੍ਰੰਤੂ “ਰਮਤ ਰਾਮੁ ਸਭ ਰਹਿਆ ਸਮਾਏ ॥” {ਪੰ.865} ਅਤੇ “ਰਮਤ ਰਾਮੁ ਪੂਰਨ ਸਭ ਠਾਂਇ ॥” {ਪੰ.1236} ਆਦਿਕ ਗੁਰਵਾਕਾਂ ਦੁਆਰਾ ‘ਰਾਮੁ’ ਨਾਂ ਦੀ ਗੁਰਮਤੀ ਪ੍ਰੀਭਾਸ਼ਾ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੀ । ਕਾਰਣ ਹੈ ਕਿ ਅਜਿਹੇ ਗੁਰਵਾਕ ਗੁਰਬਾਣੀ ਦੇ ‘ਰਾਮੁ’ ਨੂੰ ਵਿਅਕਤੀਗਤ ਹਸਤੀ ਦੀ ਥਾਂ ਸਰਬ-ਵਿਆਪਕ ਸ਼ਕਤੀ ਦੇ ਰੂਪ ਵਿੱਚ ਬਿਆਨਦੇ ਹਨ ।

ਇਸੇ ਤਰ੍ਹਾਂ ਦੇਵ-ਵਾਦੀ ਪੌਰਾਣਿਕ ਦ੍ਰਿਸ਼ਟੀ ਤੋਂ ‘ਓਅੰਕਾਰ’ ਤੇ ‘ਓਮ’ ਲਫ਼ਜ਼ਾਂ ਨੂੰ ਤੀਨ-ਦੇਵੀ ਤ੍ਰੈਮੂਰਤੀ ਪੱਖੋਂ ਸਮਾਨਰਥਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ । ਸੰਸਕ੍ਰਿਤ ਦੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਵਿੱਚ 3 ਵਾਰ ਵਰਤੇ ‘ਓਅੰ’ ਲਫ਼ਜ਼ ਨੂੰ ‘ਓਮ’ ਹੀ ਮੰਨਦੇ ਹਨ, ਕਿਉਂਕਿ ਉਹ ਪੰਜਾਬੀ ਦੇ ਪ੍ਰਚਲਿਤ ਉਚਾਰਣ ‘ਓ-ਅਙ’ ਦੀ ਥਾਂ ‘ਓ-ਅਮ’ ਉਚਾਰਦੇ ਹਨ । ਪ੍ਰੰਤੂ, ਗੁਰੂ ਨਾਨਕ ਸਾਹਿਬ ਜੀ ਦੇ ਗੁਰਵਾਕ “ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥” {ਪੰ.929} “ਓਅੰਕਾਰਿ ਸਭ ਸ੍ਰਿਸਟਿ ਉਪਾਈ ॥” {ਪੰ.1061} ਅਤੇ ਭਗਤ ਕਬੀਰ ਜੀ ਦੇ ਅੰਮ੍ਰਿਤ ਬਚਨ “ਓਅੰ ਗੁਰਮੁਖਿ ਕੀਓ ਅਕਾਰਾ ॥ ਏਕੈ ਸੂਤਿ ਪਰੋਵਨਹਾਰਾ ॥” {ਪੰ. 250} ਉਨ੍ਹਾਂ ਦੇ ਪ੍ਰਚਾਰ ਨੂੰ ਸਫਲ ਬਨਾਉਣ ਪੱਖੋਂ ਵੱਡੀ ਰੁਕਾਵਟ ਬਣ ਜਾਂਦੇ ਹਨ; ਕਿਉਂਕਿ ਉਹ “ਓਅੰਕਾਰ” ਤੇ ‘ਓਮ’ (ਓਅੰ) ਲਫ਼ਜ਼ਾਂ ਨੂੰ ਸਮਾਨਰਥਕ ਮੰਨਦੇ ਹੋਏ ਪੌਰਾਣਿਕ-ਮਤੀ ਤ੍ਰੈ-ਦੇਵੀ ਤ੍ਰਿਕੜੀ ਦੀ ਕੈਦ ’ਚੋਂ ਮੁਕਤ ਕਰਦੇ ਹੋਏ ਸ੍ਰਿਸ਼ਟੀ ਦਾ ਮੂਲ-ਕਰਤਾ ਮੰਨਦੇ ਹਨ, ਜਿਹੜਾ ਬ੍ਰਹਮਾ, ਵਿਸ਼ਨੂ ਤੇ ਸ਼ਿਵ ਆਦਿਕ ਕਲਪਤ ਦੇਵਤਿਆਂ ਸਮੇਤ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ । ਸਰਬਸੰਮਤੀ ਨਾਲ ਮੰਨਿਆ ਜਾਂਦਾ ਹੈ ਕਿ ਸਦਾ ਹੀ ਕਿਸੇ ਤੋਂ ਵੱਡੀ ਹਸਤੀ ਓਹੀ ਮੰਨੀ ਜਾਂਦੀ ਹੈ, ਜੋ ਉਸ ਨੂੰ ਜਨਮ ਦੇਣ ਵਾਲੀ ਹੋਵੇ । ਸ਼ਾਇਦ ਇਹੀ ਕਾਰਣ ਹੈ ਕਿ ਭਗਤ ਕਬੀਰ ਜੀ ਨੇ ਪੌਰਾਣਿਕ-ਮਤੀ ਪ੍ਰਚਾਰਕਾਂ ਸਾਹਮਣੇ ਬੜੀ-ਬੇਬਾਕੀ ਨਾਲ ਇਹ ਸੁਆਲ ਵੀ ਖੜੇ ਕਰ ਦਿੱਤੇ ਸਨ ਕਿ ਦੱਸੋ !

“ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥” {ਪੰ.331}

ਸ਼ਾਇਦ ਇਹੀ ਕਾਰਣ ਹੈ ਕਿ ਭਾਰਤੀ ਰਾਜਸੱਤਾ ਦੇ ਬਲਬੋਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਭਾਸ਼ਾ ਵਿਭਾਗ ਪੰਜਾਬ ਵਰਗੇ ਵਿਦਿਅਕ ਅਦਾਰੇ ਹੁਣ “ੴ ” ਦੇ ਗੁਰਮਤਿ ਮੂਲਕ ਚਿੰਨ ਅਤੇ “ੴ ਸਤਿ ਗੁਰਪ੍ਰਸਾਦਿ” ਦੇ ਸੰਖੇਪ ਮੰਗਲਾਚਰਨ ਨੂੰ ਵੈਦਿਕ ਤੇ ਪੌਰਾਣਿਕ-ਮਤੀ ਗ੍ਰੰਥਾਂ ਦੇ ਅਰੰਭ ਵਿੱਚ ਲਿਖ ਕੇ ਅਜਿਹਾ ਸਿੱਧ ਕਰਨ ਦਾ ਅਸਫਲ ਯਤਨ ਕਰ ਰਹੇ ਹਨ ਕਿ ਗੁਰਬਾਣੀ ਦਾ ਉਪਰੋਕਤ ਅਦੁੱਤੀ ਚਿੰਨ ਅਤੇ ਗੁਰਸਿੱਖੀ ਦੀ ਅਧਾਰਸ਼ਿਲਾ ਮੰਨੇ ਜਾਂਦੇ ਮੰਗਲਾਚਰਨ ਤਾਂ ਗੁਰੂ ਨਾਨਕ ਕਾਲ ਤੋਂ ਪਹਿਲਾਂ ਦੇ ਗ੍ਰੰਥਾਂ ਵਿੱਚ ਹੀ ਦਰਜ਼ ਸਨ, ਗੁਰੂ ਨਾਨਕ ਸਾਹਿਬ ਜੀ ਤਾਂ ਉਨ੍ਹਾਂ ਦੀ ਨਕਲ ਹੀ ਕੀਤੀ ਹੈ । ਇਸ ਪੱਖੋਂ ਸਭ ਤੋਂ ਮੂਹਰੇ ਹੈ ‘ਪੰਜਾਬੀ ਯੂਨੀਵਰਸਿਟੀ ਪਟਿਆਲਾ’, ਜਿਸ ਨੇ ਪਟਿਆਲੇ ਦੇ ਰਾਜ ਘਰਾਣੇ ਦੀ ਚਾਪਲੂਸੀ ਕਰਦਿਆਂ ਨਿਊਯਾਰਕ ਵਾਸੀ ਰਾਜਾ ਮ੍ਰਗਿੰਦਰ ਸਿੰਘ ਦੀ ਲਿਖਤ ‘ੴ ਜਪੁ ਨੀਸਾਣ’ ਨਾਂ ਦੀ ਪੁਸਤਕ ਸੰਪਾਦਤ ਕੀਤੀ । ਉਸ ਵਿਚ ਜਿਥੇ ੴ ਦਾ ਲਿਖਤੀ ਸਰੂਪ ਵਿਗਾੜ ਕੇ ਉਸ ਨੂੰ ਸੰਸਕ੍ਰਿਤ ਤੇ ਹਿੰਦੀ-ਨੁਮਾ ਅਖਰਾਂ ਦਾ ਰੂਪ ਦਿੱਤਾ । ਉਥੇ, ‘ੴ ’ ਦੇ ਮੌਲਿਕ ਚਿੰਨ ਨੂੰ ਰਿਗ ਵੇਦ, ਮੰਡੂਕ ਉਪਨਿਸ਼ਦ ਤੇ ਗੀਤਾ ਆਦਿਕ ਦੇ ਮੰਤਰਾਂ ਦੇ ਆਰੰਭ ਵਿੱਚ ਲਿਖਿਆ ਦਰਸਾਇਆ, ਜੋ ਕਿ ਬਿਲਕੁਲ ਹੀ ਕੋਰਾ ਝੂਠ ਹੈ । ਕਾਰਣ ਹੈ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਮੰਤਰਾਂ ਦਾ ਆਰੰਭ ‘ਓਮ’ ਲਫ਼ਜ਼ ਨਾਲ ਹੀ ਹੁੰਦਾ ਹੈ । ‘ਗੀਤਾ’ ਦੀਆਂ ਹੱਥ ਲਿਖਤਾਂ ਵਿੱਚ ਵੀ ‘ੴ ’ ਦੀ ਹੋਂਦ ਕਿਧਰੇ ਨਹੀਂ ਲੱਭਦੀ ।

ਭਾਸ਼ਾ ਵਿਭਾਗ ਪੰਜਾਬ ਦੀ ‘ਭਾਸ਼ਾ ਵਿਭਾਗ ਹਵਾਲਾ ਲਾਇਬ੍ਰੇਰੀ ਦੇ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ’ ਨਾਂ ਦੀ ਪੁਸਤਕ ਵਿੱਚ 700 ਦੇ ਲਗਭਗ ਪ੍ਰਾਚੀਨ ਗ੍ਰੰਥਾਂ ਦਾ ਆਰੰਭਕ ਤੇ ਅੰਤਕ ਵੇਰਵਾ ਦਰਜ਼ ਹੈ । ਇਨ੍ਹਾਂ ਵਿੱਚ ਬਹੁਤ ਹੱਥ ਲਿਖਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਅਰੰਭ ਵਿੱਚ ਪੌਰਾਣਿਕ ਮਤੀ ਹਿੰਦੂ ਲਿਖਾਰੀਆਂ ਨੇ ੴ ਨਾਲ ਸਨਾਤਨੀ ਮੰਗਲਾਂ ਦੀ ਰਲਗਢ ਕਰਕੇ ਨਕਲੀ ਮੰਗਲਾਚਰਨ ਸਥਾਪਤ ਕੀਤੇ ਹੋਏ ਹਨ । ਖ਼ਤਰਾ ਹੈ ਕਿ ਭਵਿੱਖ ਵਿੱਚ ਐਸੀਆਂ ਲਿਖਤਾਂ ਨੂੰ ਅਧਾਰ ਬਣ ਕੇ ਪ੍ਰਚਾਰਿਆ ਜਾਵੇ ਕਿ “ੴ ” ਵਰਗਾ ਗੁਰਬਾਣੀ ਤੇ ਗੁਰਸਿੱਖੀ ਦਾ ਅਦੁੱਤੀ ਤੇ ਅਧਾਰ-ਰੂਪ ਮੂਲਿਕ ਚਿੰਨ ਗੁਰੂ ਨਾਨਕ ਸਾਹਿਬ ਜੀ ਦੀ ਮੌਲਿਕ ਰਚਨਾ ਨਹੀਂ । ਇਸ ਪੱਖੋਂ ਵਿਸਥਾਰ ਲਈ ਵੀਰ ਗੁਰਬੰਸ ਸਿੰਘ ਦੀ ਪੁਸਤਕ “ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ ” ਪੜ੍ਹੀ ਜਾ ਸਕਦੀ ਹੈ, ਭਾਵੇਂ ਕਿ ਉਹ ਵੀ ‘ੴ ’ (ਇੱਕ ਓਅੰਕਾਰ) ਦਾ ਸ਼ੁਧ ਉਚਾਰਣ ‘ਏਕੰਕਾਰ’ ਹੀ ਮੰਨਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਦੇ ਕਥਨ ਦੀ ਰੌਸ਼ਨੀ ਵਿੱਚ ਸਹੀ ਮੰਨ ਸਕਣਾ ਅਸੰਭਵ ਹੈ ।

ਸੋ ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਪੰਥ ਨੂੰ ਉਪਰੋਕਤ ਪੱਖੋਂ ਅਤਿਅੰਤ ਜਾਗਰੂਕ ਹੋਣ ਦੀ ਲੋੜ ਹੈ । ਯਾਦ ਰੱਖੋ, ਜਿਹੜੀਆਂ ਕੌਮਾਂ ਆਪਣੀ ਵਿਰਾਸਤ ਭੁੱਲ ਜਾਂਦੀਆਂ ਹਨ, ਸੰਸਾਰਕ ਮੰਚ ’ਤੇ ਉਨ੍ਹਾਂ ਦਾ ਜ਼ਿੰਦਾ ਰਹਿਣਾ ਵੀ ਅਸੰਭਵ ਹੋ ਜਾਂਦਾ ਹੈ । ਇਕ ਸੂਝਵਾਨ ਸ਼ਾਇਰ ਦਾ ਕਥਨ ਹੈ ਕਿ ਐ ਮਨੁੱਖ ! ਜੇ ਤੂੰ ਆਪਣੇ ਹਿਰਦੇ ਵਿੱਚ ਸਾਂਭੀਆਂ ਯਾਦਾਂ ਨੂੰ ਤਲਖ਼ ਤੇ ਤਾਜ਼ਾ ਰੱਖਣਾ ਚਹੁੰਦਾ ਹੈਂ ਤਾਂ ਕਦੀ ਕਦਾਈਂ ਆਪਣੇ ਪੁਰਾਣੇ ਇਤਿਹਾਸਕ ਕਿਸਿਆਂ ਨੂੰ ਫੋਲਿਆ ਕਰ । ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਮੁਤਾਬਿਕ ਅਸਲ ਬੋਲ ਹਨ :

ਤਾਜ਼ਾ ਖਾਹੀ ਦਾਸਤਨ, ਗਰ ਦਾਗ ਹਾਇ ਸੀਨਾ ਰਾ ।
ਗਾਹਿ ਗਾਹਿ ਬਾਜ਼ ਖਾਂ ਈਂ, ਕਿੱਸਾ ਹਾਇ ਪਾਰੀਨਾ ਰਾ ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top