Share on Facebook

Main News Page

ਗੁਰਬਾਣੀ ਉਚਾਰਣ ਜੁਗਤ ਦੀ ਵਿਰਾਸਤੀ ਸੰਭਾਲ
-: ਗਿਆਨੀ ਜਗਤਾਰ ਸਿੰਘ ਜਾਚਕ
#KhalsaNews #JagtarSinghJachak #Gurbani #Uchharan

ਗੁਰਬਾਣੀ ਦੇ ਅਖੁੱਟ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਿੱਖੀ ਦੀ ਇੱਕੋ-ਇਕ ਤੇ ਜੁਗੋ-ਜੁਗ ਅਟੱਲ ਅਧਾਰਸ਼ਿਲਾ ਹੈ । “ਤਮ ਸੰਸਾਰੁ ਚਰਨ ਲਗਿ ਤਰੀਐ.. ॥” ਅਤੇ “ਗੁਰਬਾਣੀ ਇਸੁ ਜਗ ਮਹਿ ਚਾਨਣੁ.. ॥” ਗੁਰਵਾਕਾਂ ਦੀ ਰੌਸ਼ਨੀ ਵਿੱਚ ਅਗਿਆਨਤਾ ਦੇ ਅੰਧਕਾਰ ਨਾਲ ਭਰੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹਰੇਕ ਮਨੁੱਖ ਲਈ ਕੇਵਲ ਇੱਕ ਬੋਹਿਥ (ਜਹਾਜ਼) ਹੀ ਨਹੀਂ, ਸਦੀਵੀ ਚਾਨਣ-ਮੁਨਾਰਾ ਵੀ ਹੈ । ਇਸ ਵਿੱਚ ਸਾਰੀ ਲੋਕਾਈ ਨੂੰ ਸਰਬ-ਸਾਂਝਾ ਤੇ ਵਿਸ਼ਵਾਸ਼ ਭਰਪੂਰ ਦਿਲਾਸਾ ਦਿੰਦਿਆਂ ਜ਼ੋਰਦਾਰ ਹੋਕਾ ਦਿੱਤਾ ਗਿਆ ਹੈ ਕਿ ਜਿਹੜਾ ਵੀ ਮਨੁੱਖ ਰੱਬੀ ਸਿਫ਼ਤ-ਸਾਲਾਹ ਵਾਲੇ ਗੁਰੂ ਦੇ ਸੋਹਣੇ ਸ਼ਬਦ (ਗੁਰਬਾਣੀ) ਨੂੰ ਗਾਵੇਗਾ, ਪੜ੍ਹੇਗਾ ਤੇ ਸੁਣੇਗਾ; ਗੁਰੂ ਉਸ ਦੀ ਸਰਬਪੱਖੀ ਰੱਖਿਆ ਕਰੇਗਾ । ਭਾਵ, ਉਹ ਮਨੁੱਖ ਗੁਰਬਾਣੀ ਦੇ ਚਾਨਣ ਵਿੱਚ ਅਗਿਆਨਤਾ ਦੇ ਹਨੇਰੇ ਦੀ ਭਟਕਣਾ ਤੋਂ ਬਚ ਕੇ ਸੁਭਾਵਿਕ ਹੀ ਵਿਕਾਰਾਂ ਵਾਲੇ ਰਾਹ ਨਹੀਂ ਤੁਰੇਗਾ । ਗੁਰਮਤਿ ਅਨੁਸਾਰ ਅਸਲ ਵਿੱਚ ਇਹੀ ਹੈ ਸੰਸਾਰ-ਸਾਗਰ ਤੋਂ ਪਾਰ ਉਤਰਨਾ । ਉਪਦੇਸ਼-ਜਨਕ ਗੁਰਵਾਕ ਹੈ :

ਪ੍ਰਭ ਬਾਣੀ ਸਬਦੁ ਸੁਭਾਖਿਆ ॥
ਗਾਵਹੁ ਸੁਣਹੁ ਪੜਹੁ ਨਿਤ, ਭਾਈ ! ਗੁਰੂ ਪੂਰੈ ਤੂ ਰਾਖਿਆ ॥
{ਪੰ. 611}

ਗੁਰੂ-ਕਾਲ ਅੰਦਰਲੇ ਗੁਰਬਾਣੀ ਦੇ ਮੋਢੀ ਤੇ ਪ੍ਰਮਾਣੀਕ ਵਿਆਖਿਆਕਾਰ ਭਾਈ ਗੁਰਦਾਸ ਜੀ ਹੁਰਾਂ ਨੇ ਵੀ ਗੁਰਬਾਣੀ ਗਾਇਨ ਤੇ ਉਚਾਰਣ ਦੇ ਉਪਰੋਕਤ ਮਨੋਰਥ ਦਾ ਬੜਾ ਖ਼ੂਬਸੂਰਤ ਵਰਨਣ ਕੀਤਾ ਹੈ । ਉਹ ਲਿਖਦੇ ਹਨ ਕਿ ‘ਘਰਿ ਘਰਿ ਅੰਦਰ ਧਰਮਸਾਲ’ ਦੀ ਤਾਂਘ ਰੱਖਣ ਵਾਲੇ ਗੁਰੂ-ਬਾਬਾ ਨਾਨਕ ਜੀ ਜਦੋਂ ਸ੍ਰੀ ਕਰਤਾਰਪੁਰ (ਹੁਣ ਪਾਕਿਸਤਾਨ) ਦੀ ਸੱਚਖੰਡੀ ਧਰਮਸਾਲ ਵਿੱਚ ਟਿਕੇ ਤਾਂ ਉਨ੍ਹਾਂ ਨੇ ਆਪਣੇ ਮੁੱਖੋਂ ਗੁਰਬਾਣੀ ਉਚਾਰੀ, ਤਾਕਿ ਇਸ ਦਾ ਚਾਨਣ ਹੋਵੇ ਅਤੇ ਅਵਿਦਿਆ ਦਾ ਅੰਧੇਰਾ ਮਿਟ ਜਾਵੇ । ਇਸ ਲਈ ਉਥੇ ਗੁਰਮੁਖ-ਜਨਾਂ ਦੁਆਰਾ ਗਿਆਨ ਗੋਸ਼ਟ ਤੇ ਚਰਚਾ ਦੇ ਰੂਪ ਵਿੱਚ ਗੁਰਸ਼ਬਦ ਦੀ ਇਕ-ਰਸ ਧੁਨੀ ਹੋਣ ਲੱਗੀ । ਧਰਮਸਾਲ ਵਿੱਚ ਸੰਧਿਆ ਨੂੰ ‘ਸੋ-ਦਰੁ’ ਤੇ ‘ਆਰਤੀ’ ਦਾ ਗਾਇਨ ਹੁੰਦਾ ਅਤੇ ਸਵੇਰੇ ਜਪੁ-ਜੀ ਦਾ ਉਚਾਰਣ (ਪਾਠ) ਕੀਤਾ ਜਾਂਦਾ । ਸਿੱਟੇ ਵਜੋਂ ਗੁਰਮੁਖ ਗੁਰਸਿੱਖਾਂ ਨੇ ਆਪਣੇ ਸਿਰੋਂ ‘ਅਥਰਬਣੀ ਭਾਰ’ ਉਤਾਰ ਦਿੱਤਾ । ਭਾਵ, ਗੁਰਬਾਣੀ ’ਤੇ ਭਰੋਸਾ ਕਰਕੇ ਵੈਦਿਕ-ਵਿਚਾਰਧਾਰਾ ਦੇ ਅਨੁਯਾਈ ਪੰਡਤਾਂ ਦੇ ਮੰਤਰਾਂ ਵਾਲਾ ਵਿਤਕਰੇ-ਜਨਕ ਕਰਮਕਾਂਡੀ ਮਾਰਗ ਛੱਡ ਦਿੱਤਾ । ਭਾਈ ਜੀ ਰਚਿਤ ਪਹਿਲੀ ਵਾਰ ਦੀ ਲਿਖਤ ਹੈ:

ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ।
ਗਿਆਨ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ।
ਸੋਦਰੁ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ।
ਗੁਰਮੁਖ ਭਾਰ ਅਥਰਬਣਿ ਤਾਰਾ ॥38॥

ਭੁੱਲਣਾ ਨਹੀਂ ਚਾਹੀਦਾ ਕਿ 20ਵੀਂ ਸਦੀ ਦੇ ਸੁਪ੍ਰਸਿੱਧ ਤੇ ਪ੍ਰਮਾਣੀਕ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿੱਚ ‘ਅਥਰਬਣਿ’ ਦਾ ਅਰਥ ਕੀਤਾ ਹੈ : ਅਥਰਵ ਵੇਦ ਦਾ ਗਿਆਤਾ ਪੰਡਿਤ । ਗੁਰੂ-ਕਾਲ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਸ੍ਰੀ ਅੰਮ੍ਰਿਤਸਰੀ ਟਕਸਾਲ ਨਾਲ ਸਬੰਧਤ ਅਤੇ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੇ ਨਾਨਾ ਗਿ. ਹਜ਼ਾਰਾ ਸਿੰਘ ਨੇ ਭਾਈ ਗੁਰਦਾਸ ਜੀ ਦੀ ਉਪਰੋਕਤ ਰਚਨਾ ਦਾ ਸਮੁਚਾ ਭਾਵਾਰਥ ਇੰਝ ਲਿਖਿਆ ਹੈ : “ਭਾਵ- ਬਾਬਾ ਜੀ ਨੇ ਪਹਿਲੇ ਫਿਰਕੇ ਸੰਸਾਰ ਨੂੰ ਤਾਰਿਆ, ਫੇਰ ਕਰਤਾਰ ਪੁਰ ਬੈਠ ਕੇ ਸਤਿਸੰਗ ਟੋਰਿਆ, ਤਾਕਿ ਲੋਕਾਂ ਦਾ ਅੰਧੇਰਾ ਬਾਣੀ ਦੀ ਰੌਸ਼ਨੀ ਨਾਲ ਹਟ ਜਾਵੇ । ਇਸ ਲਈ ਪੰਜਾਬੀ ਵਿਖੇ ਵਾਹਿਗੁਰੂ ਦਾ ਗਯਾਨ ਪ੍ਰਕਾਸ਼ ਕੀਤਾ ।” ਸਪਸ਼ਟ ਹੈ ਕਿ ਵੈਦਿਕ ਵਿਚਾਰਧਾਰਾ ਦੇ ਪੰਡਿਤਾਂ (ਬ੍ਰਾਹਮਣਾਂ) ਦੀ ਦ੍ਰਿਸ਼ਟੀ ਵਿੱਚ ਦੇਵ-ਭਾਸ਼ਾ ਸਮਝੀ ਜਾਣ ਵਾਲੀ ਅਤਿ ਬਿਖਮ (ਔਖੀ) ਵਿਦਿਆ ਸੰਸਕ੍ਰਿਤ ਨੂੰ ਛੱਡ ਕੇ ਗੁਰਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਣਾ ਅਤੇ ਉਸ ਦੇ ਗੁਰਮਤੀ ਪ੍ਰਕਾਸ਼ (ਗੁਰਬਾਣੀ ਉਚਾਰਣ ਤੇ ਵਿਆਖਿਆ) ਲਈ ਸੌਖੀ ਲੋਕ-ਭਾਸ਼ਾ ਪੰਜਾਬੀ ਬੋਲੀ ਨੂੰ ਵਰਤਣਾ, ਗਿ. ਜੀ ਦੀ ਦ੍ਰਿਸ਼ਟੀ ਵਿੱਚ ‘ਅਥਰਵਣੀ ਭਾਰ’ ਉਤਾਰਣਾ ਹੈ।

ਅਸਲ ਵਿੱਚ ਇਹੀ ਕਾਰਣ ਸਨ ਕਿ ‘ਧੁਰ ਕੀ ਬਾਣੀ’ ਨੂੰ ਪ੍ਰਗਾਉਣ ਵਾਲੇ ‘ਲੰਮੀ ਨਦਰਿ’ ਦੇ ਮਾਲਕ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਨੇ ਗੁਰਬਾਣੀ ਗਾਇਨ, ਉਚਾਰਣ (ਪਾਠ) ਤੇ ਸੁਣਨ ਦੇ ਸਰਬਸਾਂਝੇ ਮਹਾਤਮ ਤੇ ਮਨੋਰਥ ਨੂੰ ਆਪ ਹੀ “ਕੋਈ ਗਾਵੈ, ਕੋ ਸੁਣੈ.. ॥” {ਪੰ.300} ਕਹਿ ਕੇ ਬਾਖ਼ੂਬੀ ਪ੍ਰਗਟ ਕਰ ਦਿੱਤਾ । ਸਮਝਾਇਆ ਕਿ ਗੁਰਬਾਣੀ ਕੋਈ ਸਧਾਰਨ ਗੀਤ ਨਹੀਂ, ਜਿਸ ਨੂੰ ਆਮ ਗੀਤਾਂ ਵਾਂਗ ਕੇਵਲ ਮਨੋਰੰਜਨ ਲਈ ਗਾਇਆ ਸੁਣਿਆ ਜਾਵੇ । ਇਹ ਤ੍ਰੈਗੁਣੀ ਵੇਦ-ਮੰਤ੍ਰਾਂ ਤੇ ਤੰਤ੍ਰਾਂ ਵਾਂਗ ਵੀ ਨਹੀਂ, ਜਿਸ ਦੀਆਂ ਮੰਤ੍ਰ-ਸਾਧਨਾ ਅਧੀਨ ਧੁਨੀਆਂ ਗਿਣ ਕੇ ਉਚਾਰਦਿਆਂ ਕੋਈ ਦੁਨਿਆਵੀ ਕਾਰਜ ਸਿੱਧੀ ਅਤੇ ਰੋਗ-ਨਾਸ਼ਕ ਇੱਛਾ ਦੀ ਪੂਰਤੀ ਵਾਲੀ ਆਸ ਪਾਲ਼ੀ ਜਾਵੇ । ਜਿਵੇਂ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀ ਨੇ ਲਿਖ ਮਾਰਿਆ ਹੈ ਕਿ ਧਰਮ-ਸ਼ਾਸਤਰ ਦੀ ਪਹੁੰਚ ਵਿਧੀ ਅਨੁਸਾਰ “ਆਦਿ ਸਚੁ ਜੁਗਾਦਿ ਸਚੁ ॥” (ਜਪੁ) ਤੁਕ ਵਿੱਚ ਗੁਰਮੁਖੀ ਦੇ 16 ਚਿੰਨਾਂ ਦੁਆਰਾ ਜੋ 9 ਧੁਨੀਆਂ ਪੇਸ਼ ਕੀਤੀਆਂ ਹਨ, ਉਨ੍ਹਾਂ ਦਾ ਪੂਰਾ ਆਤਮਿਕ ਲਾਭ ਤਾਂ ਹੀ ਸੰਭਵ ਹੈ, ਜੇ ਉਚਾਰਨ ਵਿੱਚ ਮੂਲ ਉੱਤੇ ਕਾਇਮ ਰਿਹਾ ਜਾਵੇ । ਭਾਵ, ਜੇ ਮੰਤ੍ਰ ਤੇ ਤੰਤ੍ਰ-ਸ਼ਾਸਤਰਾਂ ਦੀ ਸਾਧਨਾ ਵਿਧੀ ਮੁਤਾਬਿਕ ਸ਼ਰਧਾਲੂ ਪਾਠਕ ਪਾਸੋਂ ਕੋਈ ਮਾਤ੍ਰਿਕ ਧੁਨੀ ਸੁਭਾਵਿਕ ਛੁੱਟ ਗਈ ਤਾਂ ਉਸ ਨੂੰ ਗੁਰਬਾਣੀ ਦਾ ਸਹੀ ਲਾਭ ਨਹੀਂ ਮਿਲੇਗਾ । ਇਉਂ ਜਾਪਦਾ ਹੈ ਗੁਰਬਾਣੀ ਦੇ ਉਚਾਰਣਿਕ ਤੇ ਵਿਹਾਰਕ ਪੱਖ ਤੋਂ ਜਿਹੜਾ ਅਥਰਵਣੀ ਭਾਰ ਗੁਰਮੁਖ ਗੁਰਸਿੱਖ ਆਪਣੇ ਸਿਰੋਂ ਉਤਾਰਨ ਵਿੱਚ ਬਹੁਤ ਹੱਦ ਤਕ ਸਫਲ ਹੋਏ ਸਨ, ਉਸ ਨੂੰ ਮੁੜ ਉਨ੍ਹਾਂ ਦੀ ਸਿਰੀਂ ਮੜ੍ਹਣ ਦਾ ਗੁੰਮਰਾਹਕੁੰਨ ਯਤਨ ਹੋ ਰਿਹਾ ਹੈ ।

ਐਸੇ ਲੋਕ ਭੁੱਲ ਜਾਂਦੇ ਹਨ ਕਿ ਗੁਰਬਾਣੀ ਵੇਦ-ਮੰਤ੍ਰਾਂ ਵਾਂਗ ਕੇਵਲ ਉਨ੍ਹਾਂ ਵਰਗੇ ਵਿਦਵਾਨ ਪੰਡਿਤਾਂ ਦੇ ਪੜ੍ਹਣ ਪੜ੍ਹਾਉਣ ਦਾ ਹੀ ਵਿਸ਼ਾ ਨਹੀਂ, ਇਥੇ ਤਾਂ “ਪੜਿਆ ਅਣਪੜਿਆ ਪਰਮਗਤਿ ਪਾਵੈ ॥” ਦਾ ਸਰਬ-ਸਾਂਝਾ ਰੂਹਾਨੀ ਹੋਕਾ ਦਿੱਤਾ ਗਿਆ ਹੈ । ਰੱਬੀ ਪ੍ਰੀਤਵਾਨਾਂ ਨੂੰ ਸੁਘੜ ਸਿਆਣੇ ਕਹਿ ਕੇ “ਜੇ ਬਾਹਰਹੁ ਭੁਲਿ ਚੁਕਿ ਬੋਲਦੇ, ਭੀ ਖਰੇ ਹਰਿ ਭਾਣੇ ॥” {ਪੰ.450} ਦਾ ਬਖ਼ਸ਼ਿੰਦੀ ਬਾਪ-ਦਿਲਾਸਾ ਵੀ ਨਿੱਤ ਸੁਣਾਇਆ ਜਾਂਦਾ ਹੈ । “ਅਉਖਧ ਮੰਤ੍ਰ ਤੰਤ ਸਭਿ ਛਾਰੁ ॥ ਕਰਣੈਹਾਰ ਰਿਦੇ ਮਹਿ ਧਾਰੁ ॥” {ਪੰ. 196} ਅਤੇ “ਤੰਤੁ ਮੰਤੁ ਪਾਖੰਡੁ ਨ ਜਾਣਾ, ਰਾਮੁ ਰਿਦੈ ਮਨੁ ਮਾਨਿਆ ॥” {ਪੰ.766} ਦਾ ਉਪਦੇਸ਼ ਦੇ ਕੇ ਗੁਰਮਤਿ ਪਾਂਧੀਆਂ ਦੇ ਸਿਰੋਂ ਉਪਰੋਕਤ ਕਿਸਮ ਦੀ ਪੰਡਤਾਈ ਤੇ ਪਾਖੰਡ ਵਾਲਾ ਸਾਰਾ ਹੀ ਵਿਚਾਰਧਾਰਕ ਤੇ ਵਿਉਹਾਰਕ ‘ਅਥਰਵਣੀ ਭਾਰ’ ਉਤਾਰ ਦਿੱਤਾ ਗਿਆ ਹੈ । ਭਗਤ ਕਬੀਰ ਜੀ ਮਹਾਰਾਜ ਨੇ “ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉੁ ਬੇਦਹੁ ਮਾਹਿ ॥” {ਪੰ. 1377} ਅਤੇ ਭਗਤ ਬਾਬਾ ਨਾਮਦੇਵ ਜੀ ਨੇ “ਬੇਦ ਪੁਰਾਨ ਸਾਸਤ੍ਰ ਆਨੰਤਾ, ਗੀਤ ਕਬਿਤ ਨ ਗਾਵਉਗੋ ॥ ਅਖੰਡ ਮੰਡਲ ਨਿਰੰਕਾਰ ਮਹਿ, ਅਨਹਦ ਬੇਨੁ ਬਜਾਵਉਗੋ ॥” {ਪੰ.973} ਦਾ ਬੇਬਾਕ ਐਲਾਨ ਕਰਕੇ ਉਪਰੋਕਤ ਪੱਖੋਂ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੱਤਾ ।

ਪ੍ਰਤੀਤ ਹੁੰਦਾ ਹੈ ਕਿ ਅਜਿਹੇ ਹੀ ਬਿਪਰਵਾਦੀ ਖ਼ਤਰਿਆਂ ਨੂੰ ਧਿਆਨ ਵਿੱਚ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਢਲੇ ਰੂਪ ‘ਪੋਥੀ ਸਾਹਿਬ’ (ਆਦਿ ਗ੍ਰੰਥ) ਦੇ ਸੰਪਾਦਕ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਗਾਇਨ ਅਤੇ ਪਾਠ ਪੜ੍ਹਣ ਲਈ 8 ਪ੍ਰਕਾਰ ਦੀਆਂ ਸੇਧਾਂ ਵੀ ਬਖ਼ਸ਼ੀਆਂ, ਕਿਉਂਕਿ ਸਮਾਜਕ ਪ੍ਰਚਾਰ ਤੇ ਮਨੁੱਖ ਦੇ ਪਰਮਾਰਥੀ ਪ੍ਰਵੇਸ਼ ਲਈ ਦੇ ਇਹੀ ਦੋ ਪ੍ਰਮੁਖ ਅਧਿਆਤਮੀ ਸਾਧਨ ਹਨ । ਇਸ ਲਈ ਉਹ ਨਹੀਂ ਸਨ ਚਹੁੰਦੇ ਕਿ ਭਵਿੱਖ ਵਿੱਚ ਇਨ੍ਹਾਂ ਉੱਤੇ ਕੋਈ ਅਥਰਵਣੀ ਰੰਗ ਚੜ੍ਹੇ । ਪਰ ਲੇਖ ਦੇ ਵਿਸ਼ੇ ਨੂੰ ਮੁਖ ਰਖਦਿਆਂ ਇਥੇ ਕੇਵਲ ‘ਸੰਗੀਤਕ’ ਤੇ ‘ਉਚਾਰਣਿਕ’ ਸੇਧਾਂ ਦਾ ਹੀ ਸੰਖੇਪ ਵਰਨਣ ਕੀਤਾ ਗਿਆ ਹੈ । ਗੁਰਬਾਣੀ ਦੀ ਸਾਹਿਤਕ ਭਾਸ਼ਾ ਵਿੱਚ ਜਿਹੜੀਆਂ ਸਿਰਲੇਖਕ ਸੂਚਨਾਵਾਂ ਤੋਂ ਸ਼ਬਦਾਂ ਨੂੰ ਗਾਉਣ ਲਈ ਰਾਗ ਅਤੇ ਤਾਲ ਦੀ ਜਾਣਕਾਰੀ ਮਿਲੇ, ਉਨ੍ਹਾਂ ਨੂੰ ‘ਸੰਗੀਤਕ’ ਸੇਧਾਂ ਆਖਿਆ ਜਾਂਦਾ ਹੈ । ਜਿਵੇਂ : ਸਿਰੀਰਾਗੁ, ਮਹਲਾ 1, ਘਰੁ 3 ॥ ਰਾਗੁ ਦੇਵਗμਧਾਰੀ, ਮਹਲਾ 5, ਘਰੁ 6 ॥ ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥ ਰਾਗੁ ਆਸਾਵਰੀ ਘਰੁ 16 ਕੇ 2 ਮਹਲਾ 4 ਸੁਧμਗ ॥ ਆਦਿ । ‘ਰਾਗੁ ਆਸਾਵਰੀ ਘਰੁ 16 ਕੇ 2 ਮਹਲਾ 4 ਸੁਧμਗ’ ਸਿਰਲੇਖ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਸ੍ਰੀ ਗੁਰੂ ਗ੍ਰμਥ ਸਾਹਿਬ ’ਚ ਇੰਝ ਲਿਖਿਆ ਹੈ : “ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ (ਸੁਧμਗ) । ਇਥੇ ਆਸਾਵਰੀ ਸ਼ੁਧ ਅੰਗ ਵਾਲੀ ਕਰ ਕੇ ਆਖੀ ਗਈ ਹੈ । ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ 16 ਤਾਰ ਵਿਚ ਆਸਾਵਰੀ ਸ਼ੁਧ ਅੰਗ ਵਿਚ ਗਾਵਣ ਵਾਲੀ ਹੈ ।”

ਇਸੇ ਤਰ੍ਹਾਂ ਉਹ ਸੂਚਨਾਵਾਂ, ਜੋ ਵਿਆਕ੍ਰਣਿਕ ਦ੍ਰਿਸ਼ਟੀ ਤੋਂ ਗੁਰਬਾਣੀ ਦੇ ਸ਼ੁੱਧ-ਉਚਾਰਨ ਨਾਲ ਸμਬμਧਿਤ ਹਨ, ਉਨ੍ਹਾਂ ਨੂੰ ‘ਉਚਾਰਣਿਕ’ ਸੇਧਾਂ ਵਜੋਂ ਪਛਾਣਿਆ ਜਾਂਦਾ ਹੈ। ਜਿਵੇਂ ਹੇਠ ਲਿਖੀਆਂ ਸਿਰਲੇਖਕ ਤੇ ਅੰਤਕ ਸੂਚਨਾਵਾਂ ਵਿਚ ‘ਮਹਲਾ’ ਅਤੇ ‘ਘਰੁ’ ਨਾਵਾਂ ਨਾਲ 1, 2, 3, 4 ਅਤੇ 5 ਹਿੰਦਸੇ ਲਿਖ ਕੇ ਫਿਰ ਅੱਖਰਾਂ ਵਿਚ ‘ਪਹਿਲਾ’, ‘ਦੂਜਾ’, ‘ਤੀਜਾ’, ‘ਚਉਥਾ’ ਅਤੇ ‘ਪੰਜਵੇਂ ਕੇ’ ਬੋਲਣ ਦੀ ਵਿਸ਼ੇਸ਼ ਹਦਾਇਤ ਕੀਤੀ ਗਈ ਹੈ; ਕਿਉਂਕਿ ਵਿਆਕ੍ਰਣਿਕ ਦ੍ਰਿਸ਼ਟੀ ਤੋਂ ਇਹ ਹਿੰਦਸੇ ਕਰਮ-ਵਾਚਕ ਸμਖਿਅਕ ਵਿਸ਼ੇਸ਼ਣ ਹਨ, ਸਾਧਾਰਨ ਸμਖਿਅਕ ਵਿਸ਼ੇਸ਼ਣ ਨਹੀਂ । ਜਿਵੇਂ: ਸੋਰਠਿ ਮਹਲਾ 1 ਪਹਿਲਾ ਦੁਤੁਕੀ ॥ {ਪੰ. 636} ਸਿਰੀਰਾਗੁ ਮਹਲਾ 1 ਘਰੁ ਦੂਜਾ 2 ॥ {ਪੰ. 25} ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥1॥ ਰਹਾਉ ਦੂਜਾ ॥ {ਪੰ. 92} ਗੂਜਰੀ ਮਹਲਾ 3 ਤੀਜਾ ॥ {ਪੰ. 492} ਸੋਰਠਿ ਮਹਲਾ 4 ਚਉਥਾ ॥ {ਪੰ. 604} ਸਵਈਏ ਮਹਲੇ ਪੰਜਵੇ ਕੇ 5 ॥ {ਪੰ. 1406} ।

ਗਉੜੀ ਬਾਵਨ ਅਖਰੀ ਦੇ ਆਰੰਭ ਤੇ ਅੰਤ ਵਿੱਚ ਲਿਖੇ ਮੰਗਲਾਚਰਨ ਰੂਪ ਸਲੋਕ ਪਿੱਛੋਂ “ਏਹੁ ਸਲੋਕੁ ਆਦਿ ਅੰਤਿ ਪੜਣਾ” {ਪੰ.262} ਦੀ ਹਦਾਇਤ ਤਾਂ ਕਿਸੇ ਕਿਸਮ ਦਾ ਭੁਲੇਖਾ ਰਹਿਣ ਹੀ ਨਹੀਂ ਦਿੰਦੀ ਕਿ ਗੁਰੂ ਸਾਹਿਬਾਨ ‘ਗੁਰਬਾਣੀ ਉਚਾਰਣ ਜੁਗਤਿ’ ਦੇ ਭਵਿੱਖ ਪੱਖੋ ਕਿਤਨੇ ਫ਼ਿਕਰਮੰਦ ਸਨ । ਫਰੀਦਕੋਟ ਵਾਲੇ ਸੰਪਰਦਾਈ ਟੀਕੇ ਵਿੱਚ ਉਪਰੋਕਤ ਹਦਾਇਤ ਦਾ ਇਉਂ ਵਿਸਥਾਰ ਦਿੱਤਾ ਹੈ :

1 ਇਕ ਸਲੋਕ ਮੇਂ ਗੁਰਾਂ ਕਾ ਮੰਗਲ ਕੀਆ, 2 ਦੂਸਰੇ ਸਲੋਕ ਮੇਂ ਪਰਮੇਸ੍ਵਰ ਕਾ ਮੰਗਲਾ ਚਰਨ ਕੀਆ, 52 ਸਲੋਕੋਂ ਮੇਂ ਅਖਰੋਂ ਦ੍ਵਾਰਾ ਉਪਦੇਸ਼ ਕਹਾ ਹੈ । ਸਭ ਅੰਗ (ਸਲੋਕਾਂ ਦੀ ਗਿਣਤੀ) 55 ਪਚਵੰਜਾ ਹੈਂ । ਇਹੁ ਮੰਗਲਾ ਚਰਣ ਰੂਪ ਸਲੋਕ ਆਦਿ ਅੰਤ ਮੇਂ (ਆਰੰਭ ਤੇ ਅਖੀਰ ਵਿੱਚ) ਪੜ ਲੈਣਾ, ਪਾਠ ਮੇਂ ਦੋ ਵਾਰ ਲਿਖਣੇ ਕੀ ਅਸੰਕਾ ਕਰ ਛੋਡ ਨਹੀਂ ਦੇਣਾ ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ 20ਵੀਂ ਸਦੀ ਦੇ 8ਵੇਂ ਦਹਾਕੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਵਿਆਖਿਅਕਾਰੀ ਦੇ ਜੋ ਉਪਕਾਰੀ ਯਤਨ ਹੋਏ, ਉਨ੍ਹਾਂ ਦਾ ਵੇਰਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ’ ਦੇ ਪਹਿਲੇ ਮੁਖੀ ਡਾ. ਤਾਰਨ ਸਿੰਘ ਜੀ ਦੀ ‘ਪਬਲੀਕੇਸ਼ਨ ਬਿਊਰੋ’ ਵੱਲੋਂ ਸੰਨ 1980 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਵਿੱਚੋਂ ਵਿਸਥਾਰ ਪੂਰਵਕ ਪੜ੍ਹਿਆ ਜਾ ਸਕਦਾ ਹੈ । ਅਸਲ ਵਿੱਚ ਉਹ ਗੁਰਬਾਣੀ ਦੀਆਂ ਮੁਖ ਸੰਥਾ (ਸੰਥਿਆ) ਪ੍ਰਨਾਲੀਆਂ ਹੀ ਸਨ । ਕਾਰਣ ਹੈ ਕਿ ਗੁਰਬਾਣੀ ਦੇ ਉਚਾਰਣ ਸਮੇਤ ਲਫ਼ਜ਼ਾਂ ਦੇ ਭਾਸ਼ਾਈ ਤੇ ਵਿਆਕ੍ਰਣਿਕ ਰੂਪ (ਨਿਰੁਕਤ), ਪਦ-ਛੇਦ, ਵਿਸ਼ਰਾਮਕ ਵਾਕ-ਵੰਡ, ਸ਼ਬਦਾਰਥ, ਭਾਵ-ਅਰਥ ਅਤੇ ਸਾਧਨਾ ਦੀ ਦ੍ਰਿਸ਼ਟੀ ਤੋਂ ਸਿਧਾਂਤਕ ਵਿਆਖਿਆ ਸਮਝਾਉਣਾ ਸੰਥਿਆ ਦੇ ਭਾਗ ਮੰਨੇ ਜਾਂਦੇ ਹਨ । ਇਸ ਲਈ ਸੰਥਿਆ ਤੇ ਵਿਆਖਿਆ ਨੂੰ ਵਖਰਾਉਣਾ ਅਸੰਭਵ ਹੈ । ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਚਿਤ ਟੀਕਾ ‘ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ । ਡਾ. ਤਾਰਨ ਸਿੰਘ ਜੀ ਨੇ ਉਪਰੋਕਤ ਪੁਸਤਕ ਵਿੱਚ ਅਜਿਹੀਆਂ ਵਿਆਖਿਆ ਪ੍ਰਨਾਲੀਆਂ ਨੂੰ 8 ਭਾਗਾਂ ਵਿੱਚ ਵੰਡ ਕੇ ਹੇਠ ਲਿਖੀਆਂ 7 ਮੁਖ ਪ੍ਰਣਾਲੀਆਂ ਸਥਾਪਿਤ ਕੀਤੀਆਂ ਹਨ । ਜਿਵੇਂ –
1. ਸਹਜ ਪ੍ਰਣਾਲੀ (ਗੁਰ ਤੇ ਗੁਰ)
2. ਭਾਈ ਪ੍ਰਣਾਲੀ (ਭਾਈ ਗੁਰਦਾਸ)
3. ਪਰਮਾਰਥ ਪ੍ਰਣਾਲੀ (ਸ੍ਰੀ ਮਿਹਰਬਾਨ, ਸੋਢੀ ਹਰਿ ਜੀ ਤੇ ਸੋਢੀ ਚਤੁਰਭੁਜ)
4. ਉਦਾਸੀ ਪ੍ਰਣਾਲੀ (ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ)
5. ਨਿਰਮਲਾ ਪ੍ਰਣਾਲੀ (ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਿਰੋਤਮ, ਭਾਈ ਦਲ ਸਿੰਘ ਗਿਆਨੀ, ਭਾਈ ਗਿਆਨ ਸਿੰਘ ਗਿਆਨੀ, ਪੰਡਿਤ ਗੁਲਾਬ ਸਿੰਘ, ਸਾਧੂ ਗੁਰਦਿੱਤ ਸਿੰਘ ਜੀ, ਸੰਤ ਸੰਪੂਰਣ ਸਿੰਘ ਤੇ ਸੰਤ ਨਿਰੰਕਾਰ ਸਿੰਘ)
6. ਸੰਪਰਦਾਈ ਪ੍ਰਨਾਲੀ (ਭਾਈ ਮਨੀ ਸਿੰਘ ਜੀ, ਗਿਆਨੀ ਬਦਨ ਸਿੰਘ ਜੀ ਸ਼ੇਖਵਾਂ ਵਾਲੇ, ਸੰਤ ਅਮੀਰ ਸਿੰਘ ਅੰਮ੍ਰਿਤਸਰ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ ਮੁਜੰਗ ਵਾਲੇ, ਪੰਡਿਤ ਕਰਤਾਰ ਸਿੰਘ ਦਾਖਾ ।)
7. ਸਿੰਘ ਸਭਾਈ ਪ੍ਰਨਾਲੀ (ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ-ਬੱਲਭ ਸਿੰਘ ਊਨਾ ।)

8ਵੇਂ ਭਾਗ ਨੂੰ ‘ਗੁਰਬਾਣੀ ਵਿਆਖਿਆ ਦੇ ਹੋਰ ਯਤਨ’ ਦੇ ਨਾਂ ਹੇਠ ਸੰਕੋਚਿਆ ਗਿਆ ਹੈ । ਇਹ ਹਿੱਸਾ ਹੈ ਗੁਰਬਾਣੀ ਨਾਲ ਸਬੰਧਤ ਕੋਸ਼ਕਾਰੀ ਦਾ, ਜਿਸ ਵਿੱਚ ਭਾਈ ਕਾਨ੍ਹ ਸਿੰਘ ‘ਨਾਭਾ’ ਤੇ ਪ੍ਰੋ. ਪਿਆਰਾ ਸਿੰਘ ‘ਪਦਮ’ ਆਦਿਕ ਵਿਦਵਾਨਾਂ ਦੇ ਉਪਰਾਲੇ ਸ਼ਾਮਲ ਕੀਤੇ ਗਏ ਹਨ । ਪੁਸਤਕ ਦੇ ਮੁੱਖ-ਬੰਧ ਵਿੱਚ ਉਨ੍ਹਾਂ ਨੇ ਨਿਰਣੈ ਦਿੱਤਾ ਹੈ ਕਿ “ਵਿਆਖਿਆਕਾਰੀ ਦੇ ਸਾਰੇ ਯਤਨਾਂ ਨੂੰ ਸਮੁੱਚੇ ਤੌਰ ’ਤੇ ਦ੍ਰਿਸ਼ਟੀ ਗੋਚਰ ਕਰਨ ਨਾਲ ਸਾਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਭਾਵੇਂ ਕਹਿਣ ਨੂੰ ਅੱਠ ਪ੍ਰਣਾਲੀਆਂ ਕੰਮ ਕਰ ਚੁੱਕੀਆਂ ਹਨ, ਪਰ ਇਹਨਾਂ ਦੀ ਸੇਧਾਂ ਵਿੱਚ ਕੋਈ ਬੁਨਿਆਦੀ ਅੰਤਰ ਨਹੀਂ ਸੀ ਅਤੇ ਨਾ ਹੀ ਇਹਨਾਂ ਦੀਆਂ ਪ੍ਰਾਪਤੀਆਂ ਵਿੱਚ ਕੋਈ ਫ਼ਰਕ ਹੈ । ਗੁਰ-ਦਰਸ਼ਨ ਜਾਂ ਗੁਰਮਤਿ ਫ਼ਿਲਾਸਫ਼ੀ ਦਾ ਨਿਰਣਾ ਕਰਣਾ ਬਹੁਤ ਚੇਤੰਨ ਰੂਪ ਵਿੱਚ ਇਹਨਾਂ ਯਤਨਾ ਦਾ ਪ੍ਰਯੋਜਨ ਨਹੀਂ ਰਿਹਾ । ਜਿਥੋਂ ਤੀਕ ਇਸ ਸਬੰਧ ਵਿੱਚ ਕੋਈ ਪ੍ਰਾਪਤੀ ਹੈ, ਉਸ ਦਾ ਨਿਰਣਾ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਪ੍ਰਣਾਲੀਆਂ ਨੇ ਗੁਰ-ਦਰਸ਼ਨ ਵੈਦਿਕ ਹੀ ਮੰਨਿਆ ਹੈ ਕਿ ਗੁਰੂ ਦੀ ਫ਼ਿਲਾਸਫ਼ੀ ਆਮ ਬ੍ਰਾਹਮਣੀ ਜਾਂ ਹਿੰਦੂ ਫ਼ਿਲਾਸਫ਼ੀ ਤੋਂ ਭਿੰਨ ਨਹੀਂ ਹੈ ।” ਭਾਵ, ਉਪਰੋਕਤ ਵਿਆਖਿਆ ਪ੍ਰਣਾਲੀਆਂ ਦੀਆਂ ਉਚਾਰਣਿਕ ਤੇ ਸਿਧਾਂਤਕ ਸੇਧਾਂ ਲਗਭਗ ਸਮਾਨ ਹਨ, ਕਿਉਂਕਿ ਇਨ੍ਹਾਂ ਸਾਰੀਆਂ ਪ੍ਰਣਾਲੀਆਂ ਦਾ ਆਧਾਰ ‘ਸਹਜ ਪ੍ਰਣਾਲੀ’ (ਗੁਰ ਤੇ ਗੁਰ) ਹੀ ਬਣਿਆ ਰਿਹਾ ਹੈ । ਪ੍ਰੰਤੂ ਅਜਿਹਾ ਹੋਣ ਦੇ ਬਾਵਜੂਦ ਵੀ ਉਹ ਵੈਦਿਕ ਦਰਸ਼ਨ ਤੇ ਗੁਰਮਤਿ ਦਰਸ਼ਨ ਨੂੰ ਨਿਖਾਰਨ ਪੱਖੋਂ ਸਫਲ ਨਹੀਂ ਹੋ ਸਕੇ । ਕਿਉਂ ? ਇਹ ਇੱਕ ਵਖਰਾ ਵਿਸ਼ਾ ਹੈ ।

‘ਗੁਰ ਤੇ ਗੁਰ’ ਦਾ ਭਾਵਾਰਥ ਹੈ : ਗੁਰਬਾਣੀ ਦਾ ਉਚਾਰਣ ਤੇ ਵਿਆਖਿਆ ਗੁਰਬਾਣੀ ਦੇ ਚਾਨਣ ਵਿੱਚ ਗੁਰੂ ਬਖਸ਼ੀਆਂ ਵਿਆਕਰਣਿਕ ਸੇਧਾਂ ਅਤੇ ਵਿਸ਼ੇਸ਼ ਦਰਸ਼ਨ-ਬੋਧਕ ਸੰਕੇਤਾਂ ਮੁਤਾਬਿਕ ਕਰਣੀ, ਕਿਉਂਕਿ ਗੁਰਬਾਣੀ ਦੇ ਪਦ-ਛੇਦੀ ਸ਼ੁਧ ਉਚਾਰਣ (ਸੰਥਾ) ਨੂੰ ਪਦ-ਅਰਥ ਤੇ ਵਿਆਖਿਆ ਤੋਂ ਵੱਖਰਾ ਰੱਖ ਕੇ ਵਿਚਾਰਣਾ ਅਸੰਭਵ ਹੈ । ਗੁਰਬਾਣੀ ਸੰਥਿਆ ਪੱਖੋਂ 19ਵੀਂ ਸਦੀ ਦੇ ਅੱਧ ਤਕ ‘ਸੰਪਰਦਾਈ ਪ੍ਰਨਾਲੀ’ ਸਭ ਤੋਂ ਪ੍ਰਭਾਵਸ਼ਾਲੀ ਰਹੀ ਹੈ । ਇਸ ਦੇ ਪ੍ਰਸਿੱਧ ਵਿਦਵਾਨ ਤੇ ਸਾਹਿਤ ਅਚਾਰੀਆ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੁਆਰਾ 14 ਸਾਲਾਂ ਦੀ ਮਿਹਨਤ ਸਦਕਾ 1944 ਵਿੱਚ ਸੰਪੂਰਨ ਕੀਤੀ ਅਤੇ ਸੰਨ 1945 ਵਿੱਚ ‘ਗਿਆਨੀ ਪ੍ਰੈਸ’ ਸ੍ਰੀ ਅੰਮ੍ਰਿਤਸਰ ਰਾਹੀਂ ਛਪਵਾਈ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਭੂਮਿਕਾ ਉਪਰੋਕਤ ਸੱਚਾਈ ਦਾ ਪ੍ਰਤੱਖ ਪ੍ਰਮਾਣ ਹੈ । ਉਹ ਲਿਖਦੇ ਹਨ :

ਸ੍ਰੀ ਗੁਰੂ ਬਾਣੀ ਦੇ ਨਿਗਮ-ਆਗਮ

(4) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਧਿਆਤਮਿਕ ਗਿਆਨ ਦਾ ਨਿਰਬਹਣ ਅਨੰਤ ਰਸ ਭਿੰਨੀ ਵਿਦਿਆਵਾਂ ਵਿੱਚ ਕੀਤਾ ਗਿਆ ਹੈ ਜੋ ਉਸ ਗਿਆਨ ਦਾ ਅੰਗ ਹੋਣ ਕਰਕੇ ਸ੍ਰੀ ਗੁਰਬਾਣੀ ਹੀ ਆਪਣੇ ਸ੍ਵਤੰਤ੍ਰ ਨਿਗਮ-ਨਿਘੰਟੂ ਰੂਪ ਤੇ ਉਨ੍ਹਾਂ ਦਾ ਮੂਲ ਹੈ । ਅਰਥਾਤ - ਸ੍ਰੀ ਗੁਰਬਾਣੀ ਵਿੱਚ ਦਰਸਾਏ ਗਏ ਜੋ ਵਿਸ਼ੇਸ਼ ਪਦਾਰਥਾਂ ਦੇ ਬੋਧਕ ਵਿਸ਼ੇਸ਼ ਪਦ ਜਾਂ ਸੰਕੇਤ ਹਨ, ਉਨ੍ਹਾਂ ਨੂੰ ‘ਨਿਗਮ’ ਆਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਅਰਥ ਖੋਲ੍ਹਣ ਵਾਲੇ ਸ੍ਰੀ ਗੁਰਬਾਣੀ ਦੇ ਹੀ ਵਾਕਿ ‘ਨਿਘੰਟੂ’ ਹਨ । ਜੈਸੇ “ਕ੍ਰਿਤ ਕਰਮ ਕੇ ਵੀਛੜੈ” ਆਦਿ ਵਾਕਾਂ ਵਿੱਚ ‘ਕ੍ਰਿਤ ਕਰਮ’ ਆਦਿ ਪਦ ‘ਨਿਗਮ’ ਹਨ ਅਤੇ “ਸਾਈ ਕਾਰ
ਕਮਾਵਣੀ ਧੁਰਿ ਛੋਡੀ ਤਿਨੈ ਪਾਇ ॥” ਆਦਿ ਵਾਕਿ ਇਸ ਦੀ ਪਰਿਭਾਸ਼ਾ ਦੱਸਣ ਵਾਲੇ ਹੋਣ ਕਰਕੇ ‘ਨਿਘੰਟੂ’ ਹਨ । ਧੁਰੋਂ ਫਰਮਾਈ ਕਾਰ ਕਮਾਉਣੀ ਅਤੇ “ਕਰਿ ਕਿਰਪਾ ਮੇਲਹੁ ਰਾਮ” ਤਥਾ “ਤਾ ਮਿਲੀਐ ਜਾ ਲਏ ਮਿਲਾਇ” ਆਦਿ ਵਾਕ ਅਥਵਾ ਫਲ ਭੋਗ ਦੀ ਅਵਧੀ ਜਾਂ ਸਿੱਧੀ ਹਾਰੇ ਹੋਣ ਕਰਕੇ ‘ਆਗਮ’ ਰੂਪ ਹਨ । ਸੋ “ਅਗਮ ਨਿਗਮੁ ਸਤਿਗੁਰੂ ਦਿਖਾਇਆ” ਆਦਿ ਮਹਾ ਵਾਕਾਂ ਅਨੁਸਾਰ ‘ਦਰਸ਼ਨ’ ਆਦਿ ਅਰਥ ਸ਼ਾਸਤ੍ਰ ਅਤੇ ਵਿਆਕਰਣ, ਨਿਰੁਕਤ, ਕਾਵ੍ਯ, ਸੰਗੀਤ, ਸਾਹਿਤ੍ਯ ਆਦਿ ਸ਼ਬਦ ਸ਼ਾਸਤ੍ਰ ਦਾ ਮੂਲ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ । (ਭਾਵ, ਗੁਰਬਾਣੀ ਦੇ ਸੰਗੀਤਕ ਤੇ ਵਿਆਕਰਣਿਕ ਪਾਠ ਉਚਾਰਣ ਅਤੇ ਦਾਰਸ਼ਨਿਕ ਵਿਆਖਿਆ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖ਼ੁਦ ਆਪ ਹਨ ।)

ਸੋ ਗੁਰੂ-ਕਾਲ ਉਪਰੰਤ 200 ਸਾਲ ਦੇ ਅਜਿਹੇ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਜਿਵੇਂ ਗੁਰਬਾਣੀ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਦੀ ਜਾਣਕਾਰੀ ਦੇਣ ਹਿਤ ‘ਮਹਲਾ’ ਅਤੇ ਸੰਗੀਤਕ ਸੂਚਨਾ ਵਜੋਂ ‘ਘਰੁ’ ਪਦਾਂ ਨਾਲ ਦਿੱਤੇ ਅੰਕਾਂ ਨੂੰ ਕਰਮਵਾਚਕ ਸੰਖਿਅਕ ਵਿਸ਼ੇਸ਼ਣਾਂ ਵਜੋਂ ‘ਪਹਿਲਾ’, ‘ਦੂਜਾ’, ਤੇ ‘ਤੀਜਾ’ ਆਦਿਕ ਉਚਾਰਣ ਦੀਆਂ ਗੁਰੂ ਬਖਸ਼ੀਆਂ ਹਦਾਇਤਾਂ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਿਰਲੇਖਾਂ ਨੂੰ ਉਸੇ ਤਰ੍ਹਾਂ ਹੀ ਉਚਾਰਿਆ ਜਾਂਦਾ ਹੈ । ਤਿਵੇਂ ਹੀ ਸੰਪੂਰਣ ਬਾਣੀ ਦੇ ਪਾਠ-ਉਚਾਰਣ ਵੇਲੇ ਵੀ ਜਿਹੜੇ ਲਫ਼ਜ਼ ਬਿੰਦੀ ਸਹਿਤ ‘ਨਾਸਕੀ’ ਹਨ ਅਤੇ ਅਜੋਕੇ ਭਾਰ-ਚਿੰਨ ‘ਅਧਿਕ’ ਦੀ ਅਣਹੋਂਦ ਕਾਰਣ ਜਿਹੜੇ ਲਫ਼ਜ਼ਾਂ ਉੱਤੇ ਟਿੱਪੀ ਦੀ ਨਾਸਕੀ ਤੇ ਦੁੱਤ ਅਖਰਾਂ ਲਈ ਭਾਰ-ਚਿੰਨ ਵਜੋਂ ਦੂਹਰੀ ਵਰਤੋਂ ਕੀਤੀ ਮਿਲਦੀ ਹੈ, ਉਨ੍ਹਾਂ ਤੋਂ ਸੇਧ ਲੈ ਕੇ ਬਾਕੀ ਦੀ ਸਾਰੀ ਬਾਣੀ ਦਾ ਉਚਾਰਣ ਕੀਤਾ ਜਾਵੇ । ਜਿਵੇਂ ‘ਨਿਰਮਲਾ ਪ੍ਰਣਾਲੀ’ ਦੇ ਸਿਰਕੱਢ ਵਿਦਵਾਨ ਤੇ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਲਗਭਗ 200 ਸਾਲ ਪਹਿਲਾਂ ਸੰਨ 1829 ਵਿੱਚ ਲਿਖੀ ਅਤੇ ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਰੀ ਕਮੇਟੀ, ਨਵੀਂ ਦਿੱਲੀ ਦੁਆਰਾ ਸੰਨ 1986 ਵਿੱਚ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ: ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ ਕਰਵਾਈ ਜਪੁ-ਜੀ ਸਾਹਿਬ ਦੀ ‘ਗਰਬ ਗੰਜਨੀ’ ਨਾਂ ਦੀ ਸਟੀਕ ਵਿੱਚ ਲਿਖਿਆ ਹੈ :

ਨਾਨਕ ਪਾਤਸਾਹੀ ਪਾਤਿਸਾਹੁ ॥25॥
“ਸ੍ਰੀ ਨਾਨਕ ਸਾਹਿਬ ਜੀ ਕਹਤ ਹੈਂ : ਤਿਸ ਕੋ ਸਰਬ ਕੁਛ ਹੀ ਪ੍ਰਾਪਤ ਹੋਤ ਹੈ, ਐਸੀ ਵਸਤੁ ਕੋਈ ਨਹੀਂ ਜੋ ਤਿਸ ਕੋ ਅਲਭੁ ਹੋਇ, ਪਾਤਸ਼ਾਹੀ, ਅਨੇਕ ਜੋ ਪਾਤਿਸ਼ਾਹ ਜਗਤ ਕੇ ਹੈਂ । ਕਿੰਵਾ (ਅਥਵਾ) ਅਨੇਕ ਬ੍ਰਹਮੰਡੋਂ ਕੇ ਜੋ ਪਾਤਿਸ਼ਾਹ ਹੈਂ ਤਿਨ ਸਭ ਕੋ ਪਾਤਿਸ਼ਾਹ ਹੋਤ ਹੈ । ‘ਪਾਤਸਾਹੀ’ ਪਦ ਮੇਂ ਜੋ ‘ਹੀ’ ਹੈ ਤਿਸ ਕੇ ਦੀਰਘ ਇਕਾਰ ਮੇਂ ਬਹੁ ਸਬਦ ਹੋਤ ਹੈ, ਬਿੰਦ ਕੇ ਸਮੇਤ । (ਭਾਵ-‘ਹ’ ਦੀ ਬਿਹਾਰੀ ਵਜੋਂ ਲੱਗੇ ਦੀਰਘ-ਮਾਤ੍ਰਾ ਚਿੰਨ ਨਾਲ ਬਿੰਦੀ ਲਗਾਇਆਂ ‘ਪਾਤਿਸ਼ਾਹੀਂ’ ਪਦ ਸਬੰਧਕੀ ਬਹੁ-ਵਚਨ ਬਣ ਜਾਂਦਾ ਹੈ, ਜਿਸ ਦਾ ਅਰਥ ਹੈ : ਪਾਤਿਸ਼ਾਹਾਂ ਦਾ ।) ਸੋ ਬਿੰਦਾ ਔਰ ਅਧਿਕ ਊਪਰਲੀ, ਇਨ ਦੋਊ ਕਾ ਆਦਿ ਗ੍ਰੰਥ ਸਾਹਿਬ ਮੇਂ ਅਭਾਵ ਹੈ, ਪਠਿਨ ਮੇਂ ਆਵਤ ਹੈ, ਜੇ ਨਾ ਪੜੇ ਤੌ ਅਰਥ ਤੇ ਅਨਰਥ ਹੋਤ ਹੈ । ਪ੍ਰਮਾਣ :- ‘ਵਡਾ ਸਾਹਿਬੁ ਵਡੀ ਨਾਈ ॥’

ਇਸ ਮੇਂ ‘ਨਾਂਈ’ ਪਠਨ ਮੇਂ ਅਰਥ ਆਛੋ ਹੋਤ ਹੈ । ਤੇ ‘ਨਾਈ’ ਕੋ ਅਰਥ ਨਹੀਂ ਬਨਤ ਹੈ । ਐਸੇ ਹੀ ਅਨੇਕ ਸਥਾਨੋਂ ਮੇਂ ਯਹਿ ਰੀਤਿ ਹੈ । ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ : ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ । ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ । ਕਿੰਵਾ ਪਾਤਿਸਾਹੀ ਨਾਮ ਪਾਤਿਸ਼ਾਹਿਤ ਕੋ; ਸਰਬ ਪਾਤਿਸ਼ਾਹਿਤ ਕੋ ਪਾਤਿਸ਼ਾਹ ਹੋਤ ਹੈ ।” {ਪੰ.136}

ਬਿਲਕੁਲ ਸਪਸ਼ਟ ਹੈ ਕਿ ਭਾਈ ਸੰਤੋਖ ਸਿੰਘ ਵਰਗੇ ਪ੍ਰੌਢ ਵਿਦਵਾਨ ਨੇ ‘ਜਪੁ-ਜੀ’ ਦੀਆਂ ਤੁਕਾਂ “ਵਡਾ ਸਾਹਿਬ ਵਡੀ ਨਾਈ..॥” ਅਤੇ “ਨਾਨਕ ਪਾਤਿਸਾਹੀ ਪਾਤਿਸਾਹੁ ॥” ਵਿੱਚੋਂ ‘ਨਾਈ’ ਅਤੇ ‘ਪਾਤਿਸਾਹੀ’ ਪਦਾਂ ਦੇ ਫ਼ਾਰਸੀ ਮੂਲਿਕ ਭਾਸ਼ਾਈ ਪਿਛੋਕੜ ਤੇ ਅਰਥਾਂ ਨੂੰ ਮੁਖ ਰੱਖ ਕੇ ‘ਨਾਂਈ’ ਅਤੇ ‘ਪਾਤਿਸ਼ਾਹੀਂ’ ਦੇ ਭਾਸ਼ਾਈ-ਮੂਲਿਕ ਤੇ ਨਾਸਕੀ ਉਚਾਰਣ ਨੂੰ ਗੁਰੂ-ਕਾਲ ਦੀ ਪਰੰਪਰਾ ਦੱਸਿਆ ਹੈ । ਇਹ ਵੀ ਲਿਖਿਆ ਹੈ ਕਿ ਜਿੰਨ੍ਹੀਂ ਥਾਈਂ ਗੁਰਬਾਣੀ ਦੇ ਮੂਲ-ਪਾਠ ਵਿੱਚ ਅੱਧਕ ਜਾਂ ਬਿੰਦੀ ਚਿੰਨ ਦਾ ਅਭਾਵ ਹੈ, ਜੇਕਰ ਉਥੇ ਉਚਾਰਣ ਵਿੱਚ ਲੋੜੀਂਦੇ ਅੱਧਕ ਤੇ ਬਿੰਦੀ ਚਿੰਨ ਦੀ ਵਰਤੋਂ ਨਾ ਹੋਵੇ ਤਾਂ ਅਰਥ ਦਾ ਅਨਰਥ ਹੋ ਸਕਦਾ ਹੈ । ‘ਗੁਰ ਪ੍ਰਤਾਪ ਸੂਰਜ’ ਦੀ ਤੀਜੀ ਰੁੱਤ ਦੇ ਅਧਿਆਇ 34 ਵਿੱਚ ਤਾਂ ਉਨ੍ਹਾਂ ਨੇ “ਜੇ ਅਸ਼ੁਧ ਹ੍ਵੈ, ਪਢੀਐ ਸ਼ੁਧਿ ਕਰ । ਬਿਗਰੀ ਵਸਤ ਸੁਧਾਰਹਿ ਜਿਮ ਘਰਿ ।” ਦੀ ਬੜੀ ਅਗਾਂਹ-ਵਧੂ, ਆਧੁਨਿਕ ਤੇ ਨੇਕ ਸਲਾਹ ਵੀ ਦਿੱਤੀ ਹੈ।

ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਣ ਪੱਧਤੀ ਦੀ ਹੀ ਪ੍ਰੋੜਤਾ ਕਰਦੀ ਹੈ । ਉਨ੍ਹਾਂ ਤਾਂ ਇਥੋਂ ਤਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਣ ਉਸ ਦੇ ਅਰਥ ਨੂੰ ਮੁਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਕਿ ਉਸ ਨੂੰ ਸੁਖਾਲਾ ਸਮਝ ਪਵੇ, ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਣ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰਉਪਦੇਸ਼ ਹੈ ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ । ਇਸ ਲਈ ਪਾਠ ਕਰਨ ਮੌਕੇ ‘ਟਿੱਪੀ’, ‘ਬਿੰਦੀ’ ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਣ ਕਰਨਾ ਦੋਸ਼ ਨਹੀਂ, ਪਰ ਅਰਥ ਅਧੀਨ ਪਾਠਾਂਤਰ ਵੀ ਪ੍ਰਵਾਨ ਨਹੀਂ । ਜਿਵੇਂ ਕੋਈ ਪਾਠੀ ‘ਜੀਅ ਕਾ’ ਪਾਠ ਨੂੰ ‘ਮਨ ਕਾ’ ਉਚਾਰਣ ਕਰੇ । ਦਾਖਾ ਜੀ ਮਤ ਹੈ ਕਿ ਅਰਥ ਦੇ ਗਿਆਨ ਰਹਿਤ ਪਾਠ ਦਾ ਪਾਠੀ ਅਤੇ ਸ੍ਰੋਤੇ ਨੂੰ ਕੋਈ ਲਾਭ ਨਹੀਂ, ਨਿਹਫਲ ਹੈ। “ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੇ ਸਦ ਬਲਿਹਾਰੈ ਜਾਉ॥” ਗੁਰਵਾਕ ਵੀ ਹੈ । ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀਆਂ 19 ਤੇ 21 ਨੰਬਰ ਦੋ ਹਦਾਇਤਾਂ ਦਾਖਾ ਜੀ ਦੇ ਉਪਰੋਕਤ ਪੱਖ ਨੂੰ ਉਨ੍ਹਾਂ ਦੀ ਸ਼ਾਸਤਰੀ ਭਾਸ਼ਾ ਵਿੱਚ ਇਉਂ ਸਪਸ਼ਟ ਕਰਦੀਆਂ ਹਨ :

19. ਅਰਥ ਦੇ ਗਿਆਨ, ਰਹਿਤ ਪਾਠ ਨਿਸਫਲ ਅਤੇ ਪ੍ਰਯਾਇ ਪਾਠ ਅਥਵਾ ਪਾਠਾਂਤਰ ਕਰਕੇ (‘ਜੀਅ ਕਾ’ ਕਾ ਦੇ ਥਾਂ ‘ਮਨ ਕਾ’) ਕਰਕੇ ਬੋਲਣਾ ਮਹਾਂ ਪਾਪ ਹੈ ।

21. ਸ੍ਰੀ ਗੁਰੂ ਬਾਣੀ ਵਿੱਚ ਵਿਪ, (ਪ੍ਰਤੰਤ੍ਰ ਵਿਅੰਜਨ ਮੰਨੇ ਜਾਂਦੇ) ਟਿੱਪੀ, ਬਿੰਦੀ, ਅੱਧਕ ਅਤੇ ਉਪਧ ਤਥਾ ‘ਧੁਪ’ (ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ ਅਤੇ ਲਾਂਵ ਤੇ ਦੁਲਾਂਵ ਆਦਿਕ ਵਿਸ਼ੇਸ਼ ਪ੍ਰਤੰਤ੍ਰ ਧੁਨੀਆਂ, ਕਿਉਂਕਿ ਸ੍ਵਤੰਤ੍ਰ ਸ੍ਵਰ ਰੂਪ ਅੱਖਰਾਂ ਨਾਲ ਲਗਦੀਆਂ ਹਨ ) ਦਾ ਉਚਾਰਣ ਭਿੰਨ 2 ਦੇਸ਼ ਦੀ ਪ੍ਰਥਾ ਅਨੁਸਾਰ ਕਰਨਾ ਦੋਸ਼ ਨਹੀਂ । ਅਰਥਾਤ ਇਨ੍ਹਾਂ ਵਿੱਚੋਂ ਕਈਆਂ ਦਾ ਚਿੰਨ੍‍ ਪ੍ਰਗਟ ਨਾ ਹੋਣ ਕਰਕੇ ਨਿਪਾਤਨ ਦੁਆਰਾ ਯਥਾ ਯੋਗ ਹੀ ਹੋਣਾ ਚਾਹੀਏ । ਨਹੀਂ ਤਾਂ ਅਰਥ ਦਾ 1ਅਨਰਥ ਹੋ ਜਾਵੇਗਾ । ਕਿਉਂਕਿ ‘ਕਰਤਾ’ ਦਾ 2ਅਰਥ ਕ੍ਰਮ ਅਤੇ ‘ਸ੍ਰੋਤਾ’ ਦਾ ਸਬਦ ਕ੍ਰਮ ਬਲੀ ਹੁੰਦਾ ਹੈ । ਇਸ ਲਈ ਗੁਰੂ ਸਾਹਿਬ ਅਰਥ ਕ੍ਰਮ ਬਲੀ (ਪ੍ਰਧਾਨ) ਮੰਨ ਕੇ ਉਸ ਦੇ ਅਨੁਸਾਰ ਹੀ ਪਾਠ ਕਰੋ ਅਤੇ ਸ੍ਰੋਤੇ ਨੂੰ ਤਦਨੁਕੂਲ ਸਬਦ ਕ੍ਰਮ ਸੁਣਾਉ।

ਪੁਸਤਕ ਦੇ ਪੰਨਾ 65 ਦੇ ਆਰੰਭ ਵਿੱਚ ਲਿਖਿਆ ਹੈ : “ਅਨੁਨਾਸਿਕ ਪਰੇ ਹੁੰਦਿਆਂ ਉਰਲੀ ਟਿੱਪੀ ਦੀ ਵਿਕਲਪ ਕਰਕੇ ਅੱਧਕ ਹੋ । ਅੰਮ੍ਰਿਤ = ਅੱਮ੍ਰਿਤ, ਕੰਮ = ਕੱਮ ।” ਭਾਵ, ਉਚਾਰਣ ਮੌਕੇ ਟਿੱਪੀ ਦੀ ਨਾਸਕੀ-ਧੁਨੀ ਅੱਧਕ ਵਿੱਚ ਬਦਲ ਜਾਂਦੀ ਹੈ । ਪੰਨਾ 61 ਤੇ ਅੰਕਿਤ ਹੈ “ਅੱਧਕ ਦਾ ਦੀਰਘ ਸ੍ਵਰ ਬਣ ਕੇ ਅਗਲੇ ਅਖਰ ਦੇ ਮੁਹਰੇ ਝਟਕਾ ਲਗਦਾ ਹੈ, ਤਾਂ ਉਸ ਵਰਣ ਨੂੰ ਅੱਧਕ ਦਾ ਆਗਮ ਭੀ ਹੁੰਦਾ ਹੈ। (ਭਾਵ, ਉਹ ਅੱਖਰ ਅੱਧਕ ਸਹਿਤ ਹੋ ਜਾਂਦਾ ਹੈ) ਅਤੇ ਉਸ ਅੱਖਰ ਨੂੰ ਦੁਹਰਾ ਨਾ ਲਿਖ ਕੇ ਝਟਕੇ ਨਾਲ ਉਚਾਰਨ ਕਰੀਦਾ ਹੈ । ਜੈਸੇ ‘ਆਟਾ’ (ਆਟੱਾ) ਤੇ ‘ਰਾਖਾ’ (ਰਾਖੱਾ) ਨੂੰ ਅੱਧਕ ਦਾ ਆਗਮ ਹੋਇਆ ਹੈ ।” ਏਥੇ ‘ਜਿਉਂ ਲਿਖਿਆ, ਤਿਉਂ ਹੀ ਪੜ੍ਹੋ’ ਕਹਿਣ ਦੀ ਵਕਾਲਤ ਕਰਨ ਵਾਲੇ ਸੱਜਣਾਂ ਪਾਸ ਉਪਰੋਕਤ ਕਿਸਮ ਦੀ ਸੁਭਾਵਿਕ ਤਬਦੀਲੀ ਦਾ ਕੀ ਉੱਤਰ ਹੈ ? ਇਸ ਨੁਕਤੇ ਨਾਲ ਸਬੰਧਤ 65 ਪੰਨੇ ਦੇ ਹੇਠਾਂ ਇੱਕ ਵਿਸ਼ੇਸ ਨੋਟ ਇਉਂ ਵੀ ਲਿਖਿਆ ਹੈ : “ਗੁਰਬਾਣੀ ਵਿੱਚ ਅੱਧਕ ਦਾ ਚਿੰਨ ਬਹੁਤ ਘਟ ਹੈ, ਉਚਾਰਣ ਤੋਂ ਸਮਝਿਆ ਜਾਂਦਾ ਹੈ ।” (ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਮਜੂਦਾ ਛਾਪੇ ਦੀ ਬੀੜ ਵਿੱਚ ਅੱਧਕ ਦਾ ਮੂਲੋਂ ਹੀ ਅਭਾਵ ਹੈ।)

ਗੁਰਬਾਣੀ ਦੇ ਸ਼ੁਧ ਉਚਾਰਣ ਅਤੇ ਵਿਆਖਿਆ ਨੂੰ ਗੁਰਮਤਿ ਦੀਆਂ ਸਿਧਾਂਤਕ ਲੀਹਾਂ ’ਤੇ ਤੋਰਦਿਆਂ, ਰਹਿੰਦਾ ਹੋਇਆ ‘ਅਥਰਵਣੀ ਭਾਰ’ ਉਤਾਰਨ ਲਈ ਸਿੰਘ ਸਭਾਈ ਪ੍ਰਣਾਲੀ ਦੇ ਪ੍ਰੋਫੈਸਰ ਤੇਜਾ ਸਿੰਘ (1894-1958 ਈ.) ਤੇ ਪ੍ਰੋਫੈਸਰ ਸਾਹਿਬ ਸਿੰਘ ਜੀ (1893-1977 ਈ.) ਨੇ ਸਭ ਤੋਂ ਵੱਡਾ ਹੰਭਲਾ ਮਾਰਿਆ ਹੈ, ਭਾਵੇਂ ਕਿ ਇਸ ਵਿੱਚ ਹੋਰ ਨਿਖਾਰ ਲਿਆਉਣਾ ਅਜੇ ਵੀ ਲੋੜੀਂਦਾ ਹੈ । ਪ੍ਰੋ. ਤੇਜਾ ਸਿੰਘ ਜੀ ਨੇ ਸੰਨ 1925 ਵਿੱਚ ‘ਗੁਰੂ ਗ੍ਰੰਥ ਦੀਆਂ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ’ ਲੱਭੇ ਤੇ ਸੰਨ 1926 ਵਿੱਚ ਕਿਤਾਬਚੇ ਦੇ ਰੂਪ ਵਿੱਚ ਛਾਪੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਉਪਰੋਕਤ ਕਿਤਾਬਚਾ ਅਤੇ ਉਸ ਵਿੱਚ ਪ੍ਰਗਾਟਾਏ ਨੀਯਮਾਂ ਅਨੁਸਾਰ ਲਿਖੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣੇ ਆਰੰਭਕ ਕਾਲ ਤੋਂ ਹੀ ਨਿਰੰਤਰ ਛਾਪਿਆ ਜਾ ਰਿਹਾ ਹੈ । ਸੰਨ 1932 ਵਿੱਚ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰਬਾਣੀ ਵਿਆਕਰਣ’ ਨਾਂ ਦੀ ਵਿਗਿਆਨਕ ਲੀਹਾਂ ’ਤੇ ਵਿਸਥਾਰਤ ਪੁਸਤਕ ਰਚੀ । ਸੰਨ 1925 ਤੋਂ 1961 ਤੱਕ 36 ਸਾਲਾਂ ਦੀ ਮਿਹਨਤ ਨਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਗੁਰਬਾਣੀ ਦੀ ਅਦੁੱਤੀ ਸਟੀਕ ਲਿਖੀ, ਜਿਹੜੀ ਹੁਣ ਸਾਰੀਆਂ ਸਿੱਖ ਸੰਪਰਦਾਵਾਂ ਦੇ ਵਿਦਵਾਨਾਂ ਅਤੇ ਦੇਸ਼-ਵਿਦੇਸ਼ ਦੇ ਗੁਰਬਾਣੀ ਪ੍ਰੇਮੀਆਂ ਦੁਆਰਾ ਪਹਿਲ ’ਤੇ ਅਧਾਰਿਤ ਵੀਚਾਰੀ ਜਾ ਰਹੀ ਹੈ ।

ਸੰਥਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਟੀਕੇ ਦੀ ਪਹਿਲੀ ਤੇ ਵੱਡੀ ਵਿਸੇਸ਼ਤਾ ਇਹ ਹੈ ਕਿ ਸੰਪੂਰਣ ਬਾਣੀ ਨੂੰ ਪਦ-ਛੇਦ ਕਰਕੇ ਵਾਕ-ਵੰਡ ਲਈ ਤੁਕਾਂ ਵਿੱਚ ਵਿਸ਼ਰਾਮ ਚਿੰਨ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਪਦ-ਅਰਥ ਕਰਦਿਆਂ ਮਹਤਵ-ਪੂਰਨ ਲਫ਼ਜ਼ਾਂ ਦੇ ਸ਼ੁਧ ਉਚਾਰਣ ਲਈ ਲੋੜੀਂਦੇ ਅੱਧਕ, ਟਿੱਪੀ ਤੇ ਬਿੰਦੀ ਲਗਾ ਕੇ ਲਿਖਣ ਦੀ ਹਿੰਮਤ ਵੀ ਪ੍ਰਗਟਾਈ ਹੈ । ਪਰ, ਇਸ ਪੱਖ ਦੀ ਸੰਥਿਆ ਸ਼ੈਲੀ ਵਿੱਚ ਵਿਸ਼ੇਸ਼ ਨਿਖਾਰ ਲਿਆਂਦਾ ਪੰਜਾਬ ਦੇ ਪ੍ਰਸਿੱਧ ਗੁਰਮਤਿ ਪ੍ਰਚਾਰ ਜਥੇ ਦੇ ਮੁਖੀ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ (ਸੰਨ 1902-1969) ਭਿੰਡਰਾਂ ਵਾਲਿਆਂ ਨੇ ; ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਸਮਕਾਲੀ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਸਬੰਧਤ ਸੰਪਰਦਾ ਦੇ ਵਿਰਾਸਤੀ ਵਿਦਵਾਨਾਂ ਦੀ ਉਚਾਰਣ ਸ਼ੈਲੀ ਅਤੇ ਪ੍ਰੋ. ਸਾਹਿਬ ਸਿੰਘ ਜੀ ਦੀ ਟੀਕਾਕਾਰੀ ਤੋਂ ਪ੍ਰਭਾਵਤ ਹੁੰਦਿਆਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁਖ ਰੱਖ ਕੇ ਸ਼ੁਧ-ਪਾਠ ਅਤੇ ਅਰਥਾਂ ਦੀ ਸੰਥਿਆ ਕਰਾਉਣ ਵੇਲੇ ਲੋੜੀਦੀਆਂ ਥਾਵਾਂ ’ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ, ਵਾਕ ਵੰਡ ਤੇ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸ਼ਰਾਮ ਚਿੰਨ੍ਹ ਲਗਵਾਉਣੇ ਸ਼ੁਰੂ ਕਰ ਦਿੱਤੇ । ਹੋਰ ਉਪਕਾਰ ਕੀਤਾ ਉਨ੍ਹਾਂ ਦੇ ਉਤ੍ਰਾਧਿਕਾਰੀ ਗਿਆਨੀ ਮੋਹਣ ਸਿੰਘ ਜੀ (ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ, ਫਿਰੋਜ਼ਪੁਰ) ਵਾਲਿਆਂ, ਜਿਨ੍ਹਾਂ ਨੇ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ਸੰਨ 1973 ਵਿੱਚ ‘ਗੁਰਬਾਣੀ ਪਾਠ ਦਰਸ਼ਨ’ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ । ਗਿ. ਗੁਰਬਚਨ ਸਿੰਘ ਖ਼ਾਲਸਾ ਜੀ ਦੇ ਦੂਜੇ ਉਤ੍ਰਾਧਿਕਾਰੀ ਗਿ. ਕਰਤਾਰ ਸਿੰਘ ‘ਖ਼ਾਲਸਾ’ ਜੀ ਦੁਆਰਾ ਸਥਾਪਤ ਜਥਾ ਚੌਕ ਮਹਿਤਾ (ਸ੍ਰੀ ਅੰਮ੍ਰਿਤਸਰ) ਵਲੋਂ ਹੁਣ ਓਹੀ ਪੁਸਤਕ ਪੰਨਿਆਂ ਦੀ ਕੁਝ ਤਬਦੀਲੀ ਨਾਲ ‘ਗੁਰਬਾਣੀ ਪਾਠ ਦਰਪਣ’ ਦੇ ਨਾਮ ਹੇਠ ਵੀ ਛਾਪੀ ਜਾ ਰਹੀ ਹੈ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵਖ ਵਖ ਕਿਸਮਾਂ ਦੇ ਵਿਸ਼ਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ । ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ । ਇਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁੱਠੇ ਕਾਮਿਆਂ (‘’) ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ । ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ, ਅਧਿਕ ਅਤੇ ਪੈਰ-ਚਿੰਨਾਂ ਦੀ ਵਰਤੋਂ ਬਾਰੇ ਸੇਧਾਂ ਦਿਤੀਆਂ ਹੋਈਆਂ ਹਨ । ਸ਼ਬਦਾਂ ਦੇ ਪਦਛੇਦ ਪਾਠਾਂਤਰ ਤੇ ਲਿਖਤ ਦੇ ਪਾਠ-ਭੇਦ ਵੀ ਲਿਖੇ ਹਨ । ਉਦਾਹਰਣ ਵਜੋਂ ਹੇਠਾਂ ਕੁਝ ਤੁਕਾਂ ਦੇ ਹੁੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ । ਜਿਵੇਂ :

ਸੋਚੈ, ਸੋਚਿ ਨ ਹੋਵਈ ; ਜੇ ਸੋਚੀ ਲਖ ਵਾਰ ॥ (ਲੱਖ ਪੜ੍ਹੋ) -{ਅੰਕ 1}
ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥ (ਨ੍ਹਾਵਣ ਭਾਰਾ ਬੋਲੋ) {ਅੰਕ 91}
ਤੇਰਾ ਸਬਦੁ, ਤੂੰਹੈ ਹਹਿ ਆਪੇ ; ਭਰਮੁ ਕਹਾ ਹੀ ॥ (ਕਹਾਂ ਬੋਲਣਾ)- {ਅੰਕ 162}
‘ਅਹੰ-ਬੁਧਿ’ ਪਰ ਬਾਦ ਨੀਤ ; ਲੋਭ ਰਸਨਾ ਸਾਦਿ ॥ (2) ਪਰਬਾਦ -{ਅੰਕ 810}
ਤੂ ਅਜਰਾ-ਵਰੁ ਅਮਰੁ ਤੂ ; ਸਭ ਚਾਲਣ-ਹਾਰੀ ॥ {ਅੰਕ 1008}

ਸੰਪਰਦਾਈ ਪਿਛੋਕੜ ਦੇ ਗੁਰਮੁਖ ਸੱਜਣ ਗਿ. ਹਰਿਬੰਸ ਸਿੰਘ ਜੀ ਰਚਿਤ ‘ਸ੍ਰੀ ਗਰੁੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਵੀ ‘ਗੁਰਬਾਣੀ ਉਚਾਰਣ ਜੁਗਤ’ ਦੀ ਸੰਭਾਲ ਪੱਖੋਂ ਵੀਚਾਰਨੀ ਅਤਿ ਲੋੜੀਂਦੀ ਹੈ । ਉਸ ਵਿਖੇ ਹਰੇਕ ਸ਼ਬਦ ਲਈ ਵੱਖ ਵੱਖ ਵਿਸ਼ਰਾਮਾਂ ਦੀ ਵਰਤੋਂ ਕਰਦਿਆਂ ਬਿੰਦੀ, ਟਿਪੀ ਤੇ ਅਧਿਕ ਆਦਿਕ ਚਿੰਨਾਂ ਦੀ ਲੋੜੀਂਦੀ ਵਰਤੋਂ ਸਬੰਧੀ ਲਿਖਤੀ ਸੇਧਾਂ ਅੰਕਿਤ ਕੀਤੀਆਂ ਹੋਈਆਂ ਹਨ । ਸ਼੍ਰੋਮਣੀ ਕਮੇਟੀ ਦੁਆਰਾ ਪ੍ਰਵਾਣਿਤ ‘ਈਸ਼ਰ ਮਾਈਕਰੋ ਮੀਡੀਆ’ ਐਪ ਵਿੱਚ ਵੀ ਲੋੜੀਂਦੀਆਂ ਲੱਗਾਂ ਮਾਤ੍ਰਾਂ ਲਗਾ ਕੇ ਸ਼ੁਧ ਪਾਠਾਂ ਨੂੰ ਵਿਸ਼ਰਾਮਾਂ ਸਹਿਤ ਲਿਖਤੀ ਰੂਪ ਦਿੱਤਾ ਹੋਇਆ ਹੈ । ਅਖੰਡ ਕੀਰਤਨੀ ਜਥੇ ਦੇ ਨਮਰ ਗੁਰਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ (ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਜੀ ਦੇ ਸਹਿਯੋਗ ਨਾਲ ਸਾਲਾਂ ਬੱਧੀ ਪੁਰਾਤਨ ਹੱਥ ਲਿਖਤੀ ਬੀੜਾਂ ਨੂੰ ਵਾਚਿਆ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਢੂੰਡਿਆ) ਉਨ੍ਹਾਂ ਨੇ ਆਪਣੇ ਅੰਤਲੇ ਕਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ’ ਦੇ ਦੂਜੇ ਭਾਗ ਵਿੱਚ ਪੰਨਾ 87 ਤੇ ਬਿੰਦੀਆਂ ਟਿੱਪੀਆਂ ਬਾਰੇ ਲਿਖਦਿਆਂ, ਆਪਣੇ ਪੰਥ-ਦਰਦੀ ਹਿਰਦੇ ਦੀ ਵੇਦਨਾ ਨੂੰ ਚਿਤਾਵਨੀ ਵਜੋਂ ਕੁਝ ਇਉਂ ਪ੍ਰਗਟ ਕੀਤਾ ਹੈ –

“ਗੁਰਬਾਣੀ ਵਿੱਚ ਮੂਲਕ-ਅੰਗੀ ਨਾਸਕੀ ਚਿੰਨਾਂ (ਬਿੰਦੀ, ਟਿੱਪੀ) ਦੀ ਵਰਤੋਂ ਵੀ ਮਿਲਦੀ ਹੈ ਅਤੇ ਵਿਆਕਰਣਿਕ ਬਿੰਦੀਆਂ ਦੀ ਵੀ । ਅਸੀਂ ਦੇਖਦੇ ਹਾਂ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਟਿੱਪੀ/ਬਿੰਦੀ ਸਹਿਤ ਮਿਲਦੇ ਹਨ ਅਤੇ ਕਿਧਰੇ ਇਸ ਤੋਂ ਬਗੈਰ । ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਤਕਰੀਬਨ 90% ਲਗੀਆਂ ਮਿਲਦੀਆਂ ਹਨ । ਬਾਕੀ 10% ਸੰਭਵ ਹੈ ਛਾਪੇ ਦੀ ਅਣਗਹਿਲੀ ਕਾਰਨ ਰਹੀਆਂ ਹੋਣ । ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਲਿਖਤੀ ਬੀੜਾਂ ਵਿੱਚ ਲੱਗੀਆਂ ਮਿਲਦੀਆਂ ਹਨ । ਇਸ ਪੱਖ ਵੱਲ ਕਿਸੇ ਜ਼ਿੰਮੇਵਾਰ ਸੰਸਥਾ ਨੇ ਅੱਜ ਤਕ ਧਿਆਨ ਹੀ ਨਹੀਂ ਦਿੱਤਾ । ਏਧਰ ਤੁਰਤ ਧਿਆਨ ਦਿੱਤੇ ਜਾਣ ਦੀ ਲੋੜ ਹੈ ।
ਬ-ਹਰ ਹਾਲ ਗੋਬਿਦ (ਗੋਬਿੰਦ), ਮਦਰ (ਮੰਦਰ), ਖਭ (ਖੰਭ), ਕਾਇਆ (ਕਾਂਇਆ), ਬੂਦ (ਬੂੰਦ), ਬਿਦ (ਬਿੰਦ) ਆਦਿਕ ਸ਼ਬਦਾਂ ਦਾ ਮੂਲਿਕ-ਅੰਗੀ ਨਾਸਕੀ ਚਿੰਨਾਂ ਸਹਿਤ ਉਚਾਰਣ ਹੀ ਸ਼ੁਧ ਬਣਦਾ ਹੈ । (ਜਿਵੇਂ, ਬ੍ਰੈਕਟਾਂ ਵਿੱਚ ਲਿਖਿਆ ਗਿਆ ਹੈ) ਪ੍ਰਮਾਣੀਕ ਮੂਲਿਕ ਬੀੜਾਂ ਤੋਂ ਅਗਵਾਈ ਲੈ ਕੇ ਛਾਪੇ ਦੀ ਉਕਾਈ ਦਰੁਸਤ ਕਰ ਲੈਣੀ ਉਚਿਤ ਹੈ ।”

‘ਗੁਰਬਾਣੀ ਦੀਆਂ ਵਿਆਖਿਆ ਪ੍ਰਨਾਲੀਆਂ’ ਪੁਸਤਕ ਵਿੱਚ ਉਚਾਰਣ ਦੇ ਉਪਰੋਕਤ 400ਸਾਲਾ ਵਿਰਸੇ ਦੀ ਵਾਰਸ ਬਣੀ ‘ਸਿੱਖ ਮਿਸ਼ਨਰੀ ਸੰਥਿਆ ਪ੍ਰਨਾਲੀ’ ਦਾ ਵਿਸ਼ੇਸ਼ ਵੇਰਵਾ ਨਹੀਂ ਹੈ । ਕਾਰਣ ਹੈ ਕਿ ਪੁਸਤਕ ਪ੍ਰਕਾਸ਼ਨਾ ਮੌਕੇ ਇਹ ਪ੍ਰਨਾਲੀ ਸਿੰਘ ਸਭਾ ਲਹਿਰ ਵਾਂਗ ਇੱਕ ਪ੍ਰਚਾਰ ਲਹਿਰ ਵਜੋਂ ਅਜੇ ਸਥਾਪਤ ਹੀ ਨਹੀਂ ਸੀ ਹੋਈ, ਜਿਵੇਂ ਕਿ ਹੁਣ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਦੇ ਵਿਸ਼ੇਸ਼ ਸਿੱਖ ਮਿਸ਼ਨਰੀ ਕਾਲਜਾਂ ਸਮੇਤ ਸਾਰੇ ਸੰਸਾਰ ਅੰਦਰ ਉਨ੍ਹਾਂ ਦੇ ਸੈਂਕੜੇ ਹੀ ਪ੍ਰਚਾਰ ਕੇਂਦਰ ਹਨ । ਯਾਦ ਰੱਖਣਾ ਚਾਹੀਦਾ ਹੈ ਕਿ ਇਸ ਲਹਿਰ ਦਾ ਜਨਮ ਸੰਨ 1927 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਤੇ ਸਥਾਪਤ ਕੀਤੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ’ ਵਿਖੇ ਹੀ ਹੋਇਆ ਅਤੇ ਉਸ ਦੇ ਪ੍ਰਿੰਸੀਪਲ ਦੁਆਰਾ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਹੀ ਉਸ ਦਾ ਵਿਸ਼ੇਸ਼ ਵਿਚਾਰਧਾਰਕ ਆਧਾਰ ਬਣਿਆ । ਸਿੱਖ ਮਿਸ਼ਨਰੀ ਸੰਸਥਾਵਾਂ ਯਤਨਸ਼ੀਲ ਹਨ ਕਿ ਜਗਤ-ਗੁਰ ਬਾਬੇ ਨਾਨਕ ਜੀ ਦਾ ‘ਨਿਰਮਲ ਪੰਥ’ ਅਥਰਵਣੀ ਮੈਲ ਦੇ ਭਾਰ ਤੋਂ ਬਿਲਕੁਲ ਮੁਕਤ ਹੋਵੇ । ਇਹੀ ਕਾਰਣ ਸੀ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਸਦਕਾ ‘ਕੇਂਦਰੀ ਸਿੰਘ ਸਭਾ’ ਅੰਮ੍ਰਿਤਸਰ ਨੇ ਸੰਨ 1979 ਵਿਖੇ ‘ਸਮੁੰਦਰੀ ਤੇਜਾ ਸਿੰਘ ਹਾਲ’ ਸ੍ਰੀ ਅੰਮ੍ਰਿਤਸਰ ਤੋਂ ‘ਪਾਠ-ਬੋਧ ਸਮਾਗਮਾਂ ਦੀ ਲੜੀ ਅਤੇ ‘ਸਿੰਘ ਸਭਾ ਪਤ੍ਰਿਕਾ’ ਸ਼ੁਰੂ ਕਰਕੇ ‘ਗੁਰਬਾਣੀ ਉਚਾਰਣ ਜੁਗਤ’ ਨੂੰ ਸਦੀਵੀ ਤੌਰ ’ਤੇ ਸੰਭਾਲਣ ਦਾ ਉਪਕਾਰੀ ਉਪਰਾਲਾ ਕੀਤਾ ਤਾਂ ‘ਸਿੱਖ ਮਿਸ਼ਨਰੀ ਲਹਿਰ’ ਵੱਲੋਂ ਦੇਸ਼ ਭਰ ਵਿੱਚ ਉਸ ਨੂੰ ਲੜੀ ਨੂੰ ਜਾਰੀ ਰੱਖਣ ਪੱਖੋਂ ਸੱਭ ਤੋਂ ਵੱਡਾ ਯੋਗਦਾਨ ਪਾਇਆ ਗਿਆ । ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਅਤੇ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਨਾਵਾਂ ਦੇ ਦੋ ਕਿਤਾਬਚੇ ਵੀ ਹੁਣ ਤਕ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ ਹੋਣਗੇ । ‘ਮਿਸ਼ਨਰੀ ਸੇਧਾਂ’ ਨਾਂ ਦੀ ਮਾਸਿਕ ਪਤ੍ਰਕਾ ਦੇ ਐਡੀਟਰ ਗਿ. ਅਵਤਾਰ ਸਿੰਘ ਦੁਆਰਾ ਚਲਾਈ ਜਾ ਰਹੀ ‘ਗੁਰਪ੍ਰਸਾਦਿ’ ਨਾਂ ਦੀ ਵੈਬਸਾਈਟ ਨੂੰ ਉਪਰੋਕਤ ਸਦੰਰਭ ਤੋਂ ਵਿਚਾਰਣਾ ਵੀ ਉਚਿਤ ਹੀ ਹੋਵੇਗਾ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ’ (ਅਸਟ੍ਰੇਲੀਆ) ਨੇ ਆਪਣੇ ‘ਗੁਰਬਾਣੀ ਦਰਪਣ’ ਪ੍ਰੋਜੈਕਟ ਅਧੀਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੁਆਰਾ ਪ੍ਰਗਟਾਈ ਗੁਰਮਤਿ ਵਿਚਾਰਧਾਰਾ ਨੂੰ ਹੋਰ ਨਿਖਾਰਣ ਅਤੇ ਸੰਥਿਆ ਦੇ ਉਪਰੋਕਤ 400ਸਾਲਾ ਵਿਰਸੇ ਨੂੰ ਸੰਭਾਲਣ ਦੇ ਮਨੋਰਥ ਨੂੰ ਮੁਖ ਰੱਖ ਕੇ ਗੁਰਬਾਣੀ ਦੀ ਸੰਪੂਰਣ ਵਿਆਕਰਣਿਕ ਸੰਥਿਆ ਪਾਠ ਦੀ ਵੀਡੀਓ ਤਿਆਰ ਕਰਨ ਦੀ ਸੇਵਾ ਦਾਸਰੇ (ਜਾਚਕ) ਨੂੰ ਬਖ਼ਸ਼ੀ । ਸਮੁੱਚੇ ਸਿੱਖ ਜਗਤ ਲਈ ਉਹ ਅਤਿਅੰਤ ਹੀ ਖ਼ੁਸ਼ੀ ਦਾ ਮੁਕਾਮ ਸੀ, ਜਦੋਂ ਉਸ ਸੰਥਿਆ ਵੀਡੀਓ ਨੂੰ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ‘ਗੁਰੂ ਨਾਨਕ ਭਵਨ’ ਲੁਧਿਆਣਾ ਵਿਖੇ 15 ਦਸੰਬਰ 2014 ਨੂੰ ਆਪ ਰੀਲੀਜ਼ ਕੀਤਾ । ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥਕ ਪ੍ਰਵਾਨਗੀ ਲੈਣ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਮਰਹੂਮ ਮੁਖ ਗ੍ਰੰਥੀ ਗਿ. ਮੱਲ ਸਿੰਘ ਜੀ (ਜੋ ਪਿੱਛੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਹੋਏ) ਨੇ ਹੱਥੀਂ ਲਿਖੇ ਅਤੇ ਰੀਕਾਰਡ ਕਰਵਾਏ ਆਪਣੇ ਪੰਥਕ ਸੁਨੇਹੜੇ ਵਿੱਚ ਇਉਂ ਵਿਚਾਰ ਪ੍ਰਗਟ ਕੀਤੇ :

“ਸਾਡੀ ਹਾਰਦਿਕ ਇੱਛਾ ਹੈ ਕਿ ‘ਗੁਰਬਾਣੀ ਦਰਪਣ’ ਪ੍ਰੋਜੈਕਟ ਦੀ ਸਾਰੀ ਘਾਲਣਾ ਕਿਤਾਬੀ ਰੂਪ ਵਿੱਚ ਵੀ ਸਿੱਖ ਸੰਗਤਾਂ ਦੇ ਹੱਥੀਂ ਜਾਏ । ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ਼ਬਦਾਰਥ ਵਾਂਗ ਮੂਲ ਪਾਠ ਨੂੰ ਕਾਇਮ ਰੱਖ ਕੇ ਸਰਲ ਭਾਸ਼ਾ ਵਿੱਚ ਸ਼ਬਦਾਰਥ ਤੇ ਸ਼ੁਧ ਉਚਾਰਨ ਲਿਖ
ਦਿੱਤੇ ਜਾਣ, ਤਾਂ ਜੋ ਸ਼ਰਧਾਲੂਆਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੁਖਾਲਾ ਹੋ ਜਾਵੇ ।
ਦਾਸ ਸਮੂੰਹ ਗੰ੍ਰਥੀ ਸਾਹਿਬਾਨ, ਕੀਰਤਨੀਏ ਵੀਰਾਂ ਤੇ ਗੁਰਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਉਹ ਗੁਰਬਾਣੀ ਦੇ ਸ਼ੁਧ ਉਚਾਰਨ ਦੀ ਇਸ ਸੰਥਿਆ
ਵੀਡੀਓ ਨੂੰ ਘਰ ਘਰ ਪਹੁੰਚਾਣ ਲਈ ਸਹਾਇਕ ਹੋਣ ਤੇ ਆਪ ਵੀ ਲਾਭ ਉਠਾਓਣ ।”

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬਰਨ’ ਤਾਂ ਆਪਣੇ ਕੁਝ ਪ੍ਰਬੰਧਕੀ ਕਾਰਣਾਂ ਕਰਕੇ ਉਪਰੋਕਤ ਪੱਖੋਂ ਭਾਵੇਂ ਅੱਗੇ ਨਹੀਂ ਵਧਿਆ ਸਕਿਆ । ਪ੍ਰੰਤੂ, ਉਸ ਵੇਲੇ ਰੱਬੀ ਸ਼ੁਕਰਾਨੇ ਵਿੱਚ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਅਕਾਦਮਿਕ ਖੇਤਰ ਦੇ ਇੱਕ ਸਥਾਪਤ ਵਿਦਵਾਨ ਡਾ. ਓਅੰਕਾਰ ਸਿੰਘ ਜੀ ‘ਫੀਨਿਕਸ’ (ਅਮਰੀਕਾ) ਵਾਲਿਆਂ ਦੀਆਂ ਰਚਿਤ ‘ਗੁਰਬਾਣੀ ਉਚਾਰਣ ਜੁਗਤ’ ਦੀਆਂ ਸੰਥਾ ਸੈਂਚੀਆਂ ਦੇ ਨਮੂੰਨੇ ਵਜੋਂ ‘ਜਪੁ-ਜੀ’ ਸਾਹਿਬ ਦੇ ਦਰਸ਼ਨ ਕੀਤੇ । ਕਾਰਨ ਸੀ ਕਿ ਉਹ ਸਤਿਕਾਰਯੋਗ ਗਿ. ਮੱਲ ਸਿੰਘ ਜੀ ਦੁਆਰਾ ਪ੍ਰਗਟਾਈ ਇੱਛਾ ਦੀ ਹੀ ਲਗਭਗ ਪੂਰਤੀ ਹੈ । ਮੈਨੂੰ ਇਉਂ ਜਾਪਦਾ ਹੈ ਕਿ ਇੰਸਟੀਚਿਊਟ ਮੈਲਬਰਨ ਦੀ ਸੰਥਾ ਵੀਡੀਓ ਵਾਂਗ ਇਹ ਸੰਥਾ ਸੈਂਚੀਆਂ ਵੀ ‘ਗੁਰਬਾਣੀ ਉਚਾਰਣ ਜੁਗਤ’ ਦੀ ਵਿਰਾਸਤੀ ਸੰਭਾਲ ਦਾ ਹੀ ਇੱਕ ਸਾਰਥਕ ਤੇ ਅਗਾਂਹ-ਵਧੂ ਯਤਨ ਮੰਨਿਆ ਜਾਵੇਗਾ । ਗੁਰੂ ਬਖ਼ਸ਼ੀ ਅਜਿਹੀ ਸਫਲਤਾ ਤੇ ਵਡਿਆਈ ਲਈ, ਜਿਥੇ ਡਾ. ਸਾਹਿਬ ਆਪ ਹਾਰਦਿਕ ਵਧਾਈ ਦੇ ਪਾਤਰ ਹਨ । ਉਥੇ, ਉਨ੍ਹਾਂ ਦੇ ਛੋਟੇ ਭਾਈ ਤੇ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਹੁਰਾਂ ਦੇ ਵੀ ਧੰਨਵਾਦੀ ਹੋਣ ਬਣਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਤੇ ਪਿਆਰ ਭਰੀ ਅਗਵਾਈ ਵਿੱਚ ਗੁਰਬਾਣੀ ਦੇ ਪੰਜਾਬੋਂ ਬਾਹਰਲੇ ਤੇ ਵਿਦੇਸ਼ੀ ਵਿਦਿਆਰਥੀਆਂ ਲਈ ਸਰਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਰੋਮਨ ਅੱਖਰਾਂ ਵਿੱਚ ਲਿਪੀਅੰਤਰ ਵਿਧੀ ਨਾਲ ਇਹ ਵਿਸ਼ੇਸ਼ ਤੇ ਮਹਾਨ ਕਾਰਜ ਸਿਰੇ ਚਾੜ੍ਹਿਆ ਗਿਆ ਹੈ । ਅਮਰੀਕਾ ਨਿਵਾਸੀ ਡਾ. ਚਮਕੌਰ ਸਿੰਘ ਦੁਆਰਾ ਗੁਰਬਾਣੀ ਦੇ ਵਿਆਕਰਣਿਕ ਟੀਕੇ ਤੇ ਪ੍ਰੋ. ਕਸਮੀਰਾ ਸਿੰਘ ਜੀ ਦੇ ਗੁਰਬਾਣੀ ਉਚਾਰਣ ਪੱਖੋਂ ਲਿਖਤੀ ਯਤਨ ਵੀ ਉਪਰੋਕਤ ਪੱਖੋਂ ਸ਼ਲਾਘਾਯੋਗ ਹਨ ।

ਸਿੱਖ ਜਗਤ ਦੇ ਸੰਪਰਦਾਈ ਵਿਦਵਾਨ ਤਾਂ ਆਪਣੇ ਵਿਦਿਅਕ ਸੰਸਕਾਰਾਂ ਕਾਰਣ ਗੁਰਬਾਣੀ ਦੀ ਦਾਰਸ਼ਨਿਕ ਦਿਸ਼੍ਰਟੀ ਪੱਖੋਂ ਉਪਰੋਕਤ ਭਾਰ ਉਤਾਰਨ ਵਿੱਚ ਭਾਵੇਂ ਵਧੇਰੇ ਸਫਲ ਨਹੀਂ ਸਨ ਹੋ ਸਕੇ, ਪ੍ਰੰਤੂ ਉਚਾਰਣਿਕ ਪੱਖੋਂ ਉਨ੍ਹਾਂ ਨੇ ਬਹੁਤ ਸਫਲਤਾ ਹਾਸਲ ਕੀਤੀ । ਪਰ ਦੁੱਖ ਦੀ ਗੱਲ ਹੈ ਕਿ ਅਕਾਦਮਿਕ ਖੇਤਰ ਦੇ ਕੁਝ ਮਜੂਦਾ ਵਿਦਵਾਨ ਤੇ ਨੌਜਵਾਨ ਸਿੱਖ ਆਗੂ ਯੂਨੀਵਰਸਿਟੀਆਂ ਦੀਆਂ ਉੱਚ-ਪਦਵੀਆਂ ਤੇ ਵਿਦਿਅਕ ਡਿਗਰੀਆਂ ਦੀ ਲਾਲਸਾ ਕਾਰਣ ਗੁਰਬਾਣੀ ਉਚਾਰਣ ਪੱਖੋਂ ਸ਼ਰਧਾਲੂ ਪਾਠਕਾਂ ਨੂੰ ਮੁੜ ਉਪਰੋਕਤ ਭਾਰ ਹੇਠ ਦੱਬਣ ਲਈ ਗੁੰਮਰਾਹ ਕਰਨ ਦੇ ਅਸਫਲ ਯਤਨ ਕਰ ਰਹੇ ਹਨ । ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਪ੍ਰੋ. ਹਰਿਭਜਨ ਸਿੰਘ ਲੰਡਨ ਵਾਲਿਆਂ ਨੇ 8 ਅਕਤੂਬਰ ਸੰਨ 2021 ਨੂੰ ਮੈਨੂੰ ਆਪਣਾ ਵਿਦਿਆਰਥੀ ਸਮਝ ਕੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਕਿ “ਜੇ ਸੰਨ 1965 ਵਿੱਚ ਮਰਹੂਮ ਪ੍ਰਿੰਸੀਪਲ ਡਾ. ਤਾਰਨ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਰਹੇ ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਭਾਈ ਸਾਹਿਬ) ਮਿਲਵਾਂ ਤੇ ਜ਼ੋਰਦਾਰ ਵਿਰੋਧ ਨਾ ਕਰਦੇ ਤਾਂ ਸਰਕਾਰੀ ਸਾਜਿਸ਼ ਤੇ ਦਬਾਅ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਇਸ ਪਹਿਲੇ ਸਿੱਖ ਮਿਸ਼ਨਰੀ ਕਾਲਜ ਨੂੰ ਕਿਸੇ ਯੂਨੀਵਰਸਿਟੀ ਨਾਲ ਜੋੜ ਕੇ ਵਿਚਾਰਧਾਰਕ ਭਗਵਾਕਰਣ ਕਰਵਾ ਲੈਣਾ ਸੀ । ਸ਼ੁਕਰ ਹੈ ਕਿ ਉਸ ਮੌਕੇ ਅਜਿਹੀ ਕੋਈ ਬਿਪਰਵਾਦੀ ਕੁਟਿਲ ਚਾਲ ਨਹੀਂ ਚੱਲੀ, ਨਹੀਂ ਤਾਂ ਉਥੋਂ ਜਨਮ ਲੈਣ ਵਾਲੀ ਮਜੂਦਾ ‘ਸਿੱਖ ਮਿਸ਼ਨਰੀ ਲਹਿਰ’ ਵੀ ਹੋਰ ਸਿੱਖ ਸੰਪਰਦਾਵਾਂ ਵਾਂਗ ਵਿਚਾਰਧਾਰਾ ਪੱਖੋਂ ਪੌਰਾਣਿਕ ਰੰਗ ਵਿੱਚ ਰੰਗੀ ਜਾਂਦੀ । ਇਸ ਲਈ ਹੁਣ ਤਾਂ ਖ਼ਾਲਸਾ ਪੰਥ ਨੂੰ ਹੋਰ ਵੀ ਸੁਚੇਤ ਤੇ ਇਕਮੁੱਠ ਹੋਣ ਦੀ ਲੋੜ ਹੈ; ਕਿਉਂਕਿ ਅਜੋਕੇ ਦੌਰ ਦੀ ਕੋਈ ਵੀ ਰਾਜਨੀਤਕ ਪਾਰਟੀ ਕਿਸੇ ਵੀ ਸੂਬੇ ਵਿੱਚ ਸੱਤਾਧਾਰੀ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਉਹ ਕੇਂਦਰ ਦੀ ਡੁਗਡੁਗੀ ’ਤੇ ਬਾਂਦਰੀ ਨਾਚ ਨੱਚੇ ।”

ਕਾਰਣ ਹੈ ਕਿ ਸੰਨ 1947 ਤੋਂ ਪਿੱਛੋਂ ਦੇਸ਼ ਦੀ ਹਕੂਮਤ ਉਨ੍ਹਾਂ ਦੇ ਹੱਥਾਂ ਵਿੱਚ ਹੈ, ਜਿਹੜੇ ਮਰਨ ਕਿਨਾਰੇ ਪਹੁੰਚੀ ਸੰਸਕ੍ਰਿਤ ਨੂੰ ‘ਦੇਵ-ਭਾਸ਼ਾ’ ਵਜੋਂ ਮੁੜ ਸੁਰਜੀਤ ਕਰਕੇ ਉਸ ਦੀ ਧੀ ‘ਹਿੰਦੀ’ ਨੂੰ ਦੇਸ਼-ਭਾਸ਼ਾ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਹਨ । ਇਸ ਲਈ “ਜਿਸ ਹੀ ਕੀ ਸਿਰਕਾਰ ਹੈ, ਤਿਸ ਹੀ ਕਾ ਸਭੁ ਕੋਇ ॥” {ਪੰ.27} ਗੁਰਵਾਕ ਮੁਤਾਬਿਕ ਹੁਣ ਤਾਂ ‘ਅਥਰਵਣੀ ਵਿਚਾਰਧਾਰਾ’ ਦੇ ਪ੍ਰਚਾਰਕਾਂ ਵੱਲੋਂ ਅਜਿਹੇ ਜ਼ੋਰਦਾਰ ਹੰਭਲੇ ਮਾਰਨੇ ਸੁਭਾਵਿਕ ਹਨ, ਜਦੋਂ ਉਹ ਬਹੁ-ਮਤ ਨਾਲ ਕੇਂਦਰੀ ਹਕੂਮਤ ’ਤੇ ਕਾਬਜ ਹਨ । ਇਹ ਲੋਕ ਤਾਂ ਉਸ ਵੇਲੇ ਬਾਜ਼ ਨਹੀਂ ਆਏ, ਜਦੋਂ ਇਸ ਦੇਸ਼ ਵਿੱਚ ਅੰਗਰੇਜ਼ ਹਕੂਮਤ ਸੀ । ਪ੍ਰਸਿੱਧ ਸਿੱਖ ਵਿਦਵਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਨੇ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਉਥਾਨਕਾ ਵਿੱਚ ਵਰਨਣ ਕੀਤਾ ਹੈ ਕਿ “1931 ਦੇ ਅਪ੍ਰੈਲ ਮਹੀਨੇ ਵਿਚ ਸ੍ਰ: ਇਕਬਾਲ ਸਿੰਘ ਜੀ ਬੀ.ਏ.ਬੀ.ਟੀ ਦੀ ਪ੍ਰੇਰਨਾ ਤੇ ‘ਸੰਤ ਸਮਾਚਾਰ’ ਦੇ ਕੁਲੇਖ ਦੇ ਉੱਤਰ ਵਿੱਚ ‘ਹਿੰਦੀ ਤੇ ਗੁਰਮੁਖੀ ਲਿੱਪੀ ਤੇ ਵਿਚਾਰ’ ਨਾਮੇ ਟ੍ਰੈਕਟ ਲਿਖਿਆ । ਜਿਸ ਵਿਚ ਹਿੰਦੀ-ਸੰਸਕ੍ਰਿਤ ਅੱਖਰਾਂ ਦੀ ਅਯੋਗਤਾ ਅਤੇ ਗੁਰਮੁਖੀ ਅੱਖਰਾਂ ਦੀ ਵਿਆਪਕਤਾ ਸਿੱਧ ਕੀਤੀ ਸੀ ।” ਗੁਰਬਾਣੀ ਪ੍ਰੇਮੀਆਂ ਤੇ ਪੰਥ-ਦਰਦੀ ਸੱਜਣਾਂ ਨੂੰ ਗੰਭੀਰਤਾ ਸਹਿਤ ਵਿਚਾਰਣ ਦੀ ਲੋੜ ਹੈ ਕਿ ‘ਦਾਖਾ’ ਜੀ ਨੂੰ ਐਸਾ ਉਪਰਾਲਾ ਕਿਉਂ ਕਰਨਾ ਪਿਆ ਅਤੇ ਉਨ੍ਹਾਂ ‘ਸੰਤ ਸਮਾਚਾਰ’ ਦੇ ਲੇਖ ਨੂੰ ਕੁਲੇਖ (ਮੰਦ-ਨੀਤੀ ਨਾਲ ਲਿਖਿਆ ਭੈੜਾ ਲੇਖ) ਕਿਉਂ ਆਖਿਆ ?

ਇਸ ਲਈ ਪੰਥ ਦਾ ਪ੍ਰਚਾਰਕ ਸੇਵਾਦਾਰ ਹੋਣ ਨਾਤੇ ਲੇਖ ਦੇ ਅੰਤ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਉਹ ਅਜਿਹੀਆਂ ਮੰਨੂਵਾਦੀ ਕੁਟਿਲ ਚਾਲਾਂ ਤੋਂ ਸੁਚੇਤ ਰਹੇ ਅਤੇ ਗੁੰਮਰਾਹ ਹੋ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1927 ਤੋਂ ਸੰਭਾਲੀ ਜਾ ਰਹੀ 400ਸਾਲਾ ‘ਗੁਰਬਾਣੀ ਉਚਾਰਣ ਜੁਗਤ’ ਨੂੰ ਪ੍ਰਚਾਰਨ ਦੇ ਗੁਰਮੁਖੀ ਮਾਰਗ ਤੋਂ ਨਾ ਥਿੜਕੇ । ਜਿਵੇਂ ਕਿ ਕਮੇਟੀ ਦੇ ਕੁਝ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਕਤੂਬਰ 2021 ਵਿੱਚ ਧਰਮ ਪ੍ਰਚਾਰ ਕਮੇਟੀ, ਸ੍ਰੀ ਅਮ੍ਰਿਤਸਰ ਦੁਆਰਾ ‘ਗੁਰਬਾਣੀ ਸੰਥਿਆ ਉਚਾਰਣ ਦੇ ਵਿਸੇਸ਼ ਹਵਾਲੇ ਨਾਲ’ ਕਿਤਾਬਚਾ ਛਾਪ ਦਿੱਤਾ ਗਿਆ ਹੈ, ਜਿਸ ਪ੍ਰਤੀ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਗਿਆਨਤਾ ਪ੍ਰਗਟ ਕੀਤੀ । ਹਕੀਕਤ ਹੈ ਕਿ ਸਿੱਖ ਸਮਾਜ ਦੀ ਦ੍ਰਿਸ਼ਟੀ ਵਿੱਚ ਇਸ ਕਿਤਾਬਚੇ ਨੇ ਕਮੇਟੀ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਤੇ ਦੁਬਿਧਾ-ਜਨਕ ਬਣਾ ਦਿੱਤਾ ਹੈ । ਇਸ ਲਈ ਚੰਗਾ ਹੋਵੇ ਜੇ ਸ਼੍ਰੋਮਣੀ ਕਮੇਟੀ ਅਜਿਹੇ ਕਿਤਾਬਚੇ ਨੂੰ ਵਾਪਸ ਲੈਣ ਸਬੰਧੀ ਗੰਭੀਰਤਾ ਸਹਿਤ ਵਿਚਾਰ ਕਰੇ । ਕਾਰਣ ਹੈ ਕਿ ਉਹ ਆਪਣੇ ਮੁਢਲੇ ਕਾਲ ਤੋਂ ਗੁਰਬਾਣੀ ਉਚਾਰਣ ਪੱਖੋਂ ਪ੍ਰਿਸੀਪਲ ਤੇਜਾ ਸਿੰਘ ਜੀ ਦੁਆਰਾ ਪ੍ਰੋ. ਸਾਹਿਬ ਸਿੰਘ ਜੀ ਦੀ ਸਾਲਾਹ ਨਾਲ ਰਚਿਤ ਕਿਤਾਬਚਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਅਤੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ (4 ਭਾਗ) ਨੂੰ ਨਿਰੰਤਰਤਾ ਸਹਿਤ ਛਾਪਦੀ ਆ ਰਹੀ ਸੀ, ਜਿਹੜੇ ਨਵੀਨ ਕਿਤਾਬਚੇ ਦੀ ਸੰਥਿਆ ਸ਼ੈਲੀ ਨਾਲ ਮੁੱਢੋਂ ਹੀ ਮੇਲ ਨਹੀਂ ਖਾਂਦੇ ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਹੋਰ ਅਹੁਦੇਦਾਰਾਂ ਨੂੰ ਇਹ ਵੀ ਖ਼ਿਆਲ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਸੰਥਿਆ ਦੇ ਹਿੰਦੀ-ਨੁਮਾ ਉਚਾਰਣ ਵਾਲੀ ਜਿਹੜੀ ਵਿਧੀ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਪਟਿਆਲੇ ਦੀ ਅਕਤੂਬਰ 2021 ਵਿਖੇ ਹੋਈ ‘ਪੰਜ-ਰੋਜ਼ਾ ਕਾਰਜਸ਼ਾਲਾ’ ਦੇ ਸਿਖਿਆਰਥੀਆਂ ਅਤੇ ਉਪਰੋਕਤ ਕਿਸਮ ਦੇ ਨਵੀਨ ਕਿਤਾਬਚੇ ਰਾਹੀਂ ਪ੍ਰਚਾਰੀ ਜਾ ਰਹੀ ਹੈ, ਇਸ ਦੇ ਮੋਢੀ ਡਾ. ਹਰਕੀਰਤ ਸਿੰਘ ਨੂੰ ਉਚਾਰਣਿਕ ਪੱਖੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਣਜੀਤ ਸਿੰਘ ਮੌਕੇ ਲਿਖਤੀ ਮੁਆਫ਼ੀ ਮੰਗਣੀ ਪਈ ਸੀ । ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ ਵੀ ਉਸ ਹਕੀਕਤ ਦੇ ਜਿਊਂਦੇ ਜਾਗਦੇ ਗਵਾਹ ਹਨ । ਕਾਰਣ ਹੈ ਕਿ ਗੁਰਬਾਣੀ ਉਚਾਰਣ ਦੀ ਹਿੰਦੀ-ਨੁਮਾ ਨਵੀਨ ਸੰਥਿਆ-ਵਿਧੀ, ਗੁਰੂ ਕਾਲ ਸਮੇਤ 200 ਸਾਲਾ ਸੰਪਰਦਾਈ ਤੇ ਸਿੱਖ ਮਿਸ਼ਨਰੀ ਲਹਿਰ ਦੀ ‘ਵਿਆਕਰਣਿਕ ਸੰਥਿਆ ਪ੍ਰਨਾਲੀ’ ਦੀ ਵਿਰਾਸਤ ਨੂੰ ਰੱਦ ਕਰਦਿਆਂ ਮੂਲੋਂ ਹੀ ਪੁੱਠਾ-ਗੇੜਾ ਦੇਣ ਤੁੱਲ ਹੈ । ਸਿੱਖ ਜਗਤ ਲਈ ਐਸਾ ਕਥਨ ਵੀ ਗੁੰਮਰਾਹਕੁੰਨ ਹੈ ਕਿ ਇਸ ਜੁਗਤ ਰਾਹੀਂ ਸਾਰੇ ਸਿੱਖ ਜਗਤ ਵਿੱਚ ਗੁਰਬਾਣੀ ਉਚਾਰਣ ਪੱਖੋਂ ਇਕਸਾਰਤਾ ਸਥਾਪਤ ਹੋ ਜਾਏਗੀ; ਕਿਉਂਕਿ ਇਲਾਕਈ ਪ੍ਰਭਾਵ ਅਧੀਨ ਕਿਸੇ ਵੀ ਇੱਕ ਦੇਸ਼ ਦੇ ਵਾਸੀਆਂ ਦੇ ਭਾਸ਼ਾਈ ਉਚਾਰਣ ਵਿੱਚ ਇਕਸਾਰਤਾ ਨਹੀਂ ਹੈ । ਸਾਹਿਤਕ ਦੁਨੀਆਂ ਵਿੱਚ ਪ੍ਰਚਲਿਤ ਲੋਕੋਕਤੀ ਹੈ ਕਿ ਹਰੇਕ 12 ਕੋਹ ਪਿਛੋਂ ਭਾਸ਼ਾ ਬਦਲ ਜਾਂਦੀ ਹੈ । ਸੱਚ ਤਾਂ ਇਹ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਮੇਤ ਕਿਸੇ ਵੀ ਧਰਮ ਗ੍ਰੰਥ ਦੀ ਛਪਾਈ ਪੱਖੋਂ ਇਕਸਾਰਤਾ ਤਾਂ ਸਥਾਪਤ ਹੋ ਸਕਦੀ ਹੈ, ਪ੍ਰੰਤੂ ਉਚਾਰਣਿਕ ਇਕਸਾਰਤਾ ਤਾਂ ਮੁੱਢੋਂ ਹੀ ਅਸੰਭਵ ਹੈ ।

ਗੁਰਬਾਣੀ ਦੇ ਉਚਾਰਣ ਪੱਖੋਂ ਇਹ ਮਸਲਾ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਿੰਦੁਸਤਾਨ ਦੀਆਂ ਕਈ ਮੁੱਖ ਤੇ ਉਪ-ਭਾਸ਼ਾਵਾਂ ਦੀ ਤਤਸਮ ਸ਼ਬਦਾਵਲੀ ਵੀ ਸਮਿਲਤ ਹੈ, ਜਿਨ੍ਹਾਂ ਨੇ ਆਪਣੇ ਮੂਲ-ਰੂਪ ਨੂੰ ਹੂ-ਬਹੂ ਕਾਇਮ ਰੱਖਿਆ ਹੋਇਆ ਹੈ । ਪੰਜਾਬ ਦੇ ਮਝੈਲ ‘ਛ’ ਨੂੰ ‘ਸ਼’ ਬੋਲਦੇ ਹਨ, ਗੁਜਰਾਤੀ ‘ਸ਼’ ਨੂੰ ‘ਸ’ ਬੋਲਣ ਲਈ ਮਜਬੂਰ ਹਨ । ਜੰਮੂ ਕਸ਼ਮੀਰ ਦੇ ਵਾਸੀ ‘ਕਨੌੜੇ’ ਨੂੰ ‘ਹੋੜੇ’ ਦੀ ਧੁਨੀ ਵਜੋਂ ਉਚਾਰਣ ਪੱਖੋਂ ਅਸਮਰਥ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਮੁਖੀ ਅਤੇ ਪੰਥ ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ ਜੀ ਨੇ ਗੁਰਬਾਣੀ ਉਚਾਰਣ ਦੀ ਹਿੰਦੀ-ਨੁਮਾ ਜੁਗਤ ਸਬੰਧੀ ਪੰਜਾਬ ਦੇ ਇੱਕ ਟੀ.ਵੀ. ਚੈਨਲ ’ਤੇ ਚਰਚਾ ਕਰਦਿਆਂ ਸਪਸ਼ਟ ਆਖਿਆ ਹੈ ਕਿ ਕਿਸੇ ਦੀ ਉਚਾਰਣਿਕ ਮਜਬੂਰੀ ਨੂੰ ਗੁਸਤਾਖ਼ੀ ਸਮਝਣ ਦੀ ਵਧੀਕੀ ਨਹੀਂ ਹੋਣੀ ਚਾਹੀਦੀ । ਮੈਂ ਅਮਰੀਕਨ ਸਿੱਖਾਂ ਨੂੰ ਪੰਜਾਬੀ ਪੜ੍ਹਾਉਂਦਿਆਂ ‘ਘ’ ਤੇ ‘ੜ’ ਨਹੀਂ ਬੁਲਵਾ ਸਕਿਆ, ਪਰ ਉਨ੍ਹਾਂ ਵਿੱਚੋਂ ਬਹੁਤੇ ਸਰਲਤਾ ਸਹਿਤ ਸਿੱਧੇ ਪਾਠ ਅਤੇ ਕੀਰਤਨ ਕਰਣ ਦੁਆਰਾ ਗੁਰਬਾਣੀ ਨਾਲ ਜੁੜਦੇ ਰਹੇ ਅਤੇ ਜੁੜ ਰਹੇ ਹਨ । ਜਿਹੜੇ ਵਿਦਵਾਨ ਹਰੇਕ ਲਫ਼ਜ਼ ਦੀ ਅਖੀਰਲੀ ਸਿਹਾਰੀ ਤੇ ਔਂਕੜ ਨੂੰ ਬੋਲਣ ਦੀ ਜ਼ਿਦ ਕਰਦੇ ਹਨ, ਉਨ੍ਹਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਪਾਠੀ ਅਤੇ ਕੀਰਤਨੀਏ ਉਨ੍ਹਾਂ ਦੇ ਸੁਝਾਵਾਂ ਨਾਲ ਕਿਵੇਂ ਨਿਭਣਗੇ ? ਇਸ ਮਜਬੂਰੀ ਨੂੰ ਗੁਸਤਾਖ਼ੀ ਵਾਂਗ ਲੈਣ ਵਾਲਿਆਂ ਦੇ ਪਹਿਰੇਦਾਰਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੇ ਗੁਰਬਾਣੀ ਉਚਾਰਣ ਦੀ ਸਦੀਆਂ ਤੋਂ ਚਲਦੀ ਪੰ੍ਰਪਰਾਗਤ ਵਿਧੀ ਨਾਲ ਹੁਣ ਤਕ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਸ ਨੂੰ ਪੰਥਕ ਮਸਲਾ ਕਿਉਂ ਬਣਾਇਆ ਜਾ ਰਿਹਾ ਹੈ, ਜਿਹੜਾ ਪੰਥ ਅੰਦਰ ਸ਼ੀਆ ਸੁੰਨੀਆਂ ਵਾਲੇ ਟਕਰਾਅ ਨੂੰ ਜਨਮ ਦੇ ਸਕਦਾ ਹੈ?

ਇਸ ਲਈ ਦਾਸਰੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਜੂਦਾ ਜਥੇਦਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰਣਿਕ ਇਕਸਾਰਤਾ ਦੀ ਥਾਂ ਪਹਿਲਾਂ ਛਾਪੇ ਦੀ ਇਕਸਾਰਤਾ ਵੱਲ ਵਿਸ਼ੇਸ਼ ਧਿਆਨ ਦੇਣ । ਕਾਰਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਿਤ ‘ਪਾਠ-ਭੇਦਾਂ ਦੀ ਸੂਚੀ’ ਅਤੇ 26 ਮਾਰਚ 1996 ਨੂੰ ਸਥਾਪਤ ਕੀਤੀ 6 ਮੈਂਬਰੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿਚ ਜੋ ਅੰਤ੍ਰਿਮ ਰਿਪੋਰਟ ਪੇਸ਼ ਕੀਤੀ ਸੀ, ਉਸ ਮੁਤਾਬਿਕ ਪ੍ਰਾਚੀਨ ਬੀੜਾਂ ਦੇ ਹਜ਼ਾਰਾਂ ਪਾਠ-ਭੇਦਾਂ ਦੇ ਵਖਰੇਵੇਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਵਿੱਚ ਵੀ ਛਾਪੇ ਦੀ ਇਕਸਾਰਤਾ ਨਹੀਂ ਹੈ । ਸ਼੍ਰੋਮਣੀ ਕਮੇਟੀ ਲਈ ਵੀ ਲੋੜੀਂਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਬੰਧੀ ਉਪਰੋਕਤ ਪੱਖ ਨੂੰ ਗੰਭੀਰਤਾ ਸਹਿਤ ਵਿਚਾਰੇ, ਕਿਉਂਕਿ ਹੁਣ ਉਸ ਖੋਜੀ ਟੀਮ ’ਚੋਂ ਕੇਵਲ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਰਦਾਸੀਏ ਗਿ. ਭਰਪੂਰ ਸਿੰਘ ਹੀ ਸਾਡੇ ਵਿੱਚ ਮਜੂਦ ਹਨ, ਬਾਕੀ ਸਾਰੇ ਅਕਾਲ ਚਲਾਣਾ ਕਰ ਚੁੱਕੇ ਹਨ । ਗੁਰਬਾਣੀ ਦੇ ਉਚਾਰਣ ਪੱਖੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਤੇ ਸੰਪਰਦਾਈ ਪ੍ਰਨਾਲੀ ਦਾ ਸਾਰੰਸ਼ ਮੰਨੀ ਜਾਂਦੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ਦੀਆਂ ਉਚਾਰਣਿਕ ਸੇਧਾਂ ’ਤੇ ਆਧਾਰਿਤ 2 ਸਦੀਆਂ ਦੀ ਜੋ ‘ਵਿਆਕਰਣਿਕ ਸੰਥਿਆ ਸ਼ੈਲੀ’ ਦੀ ਵਿਰਾਸਤ ਹੈ, ਉਸ ’ਤੇ ਦ੍ਰਿੜਤਾ ਸਹਿਤ ਪਹਿਰਾ ਦੇਵੇ । ਉਸ ਦੀ ਮੁੱਖ ਜ਼ਿਮੇਵਾਰੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਸਾਜਿਸ਼ ਦਾ ਸ਼ਿਕਾਰ ਹੋਣ ਤੋਂ ਬਚਦੀ ਹੋਈ ਸਮੁੱਚੇ ਸਿੱਖ ਭਾਈਚਾਰੇ ਨੂੰ ਲੁੱਟ ਦੇ ਖ਼ਤਰੇ ਵਾਲੇ ਦੁਬਿਧਾ-ਜਨਕ ਕੁਮਾਰਗ ਤੋਂ ਬਚਾ ਕੇ ਰੱਖੇ । ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਭਲੀਭਾਂਤ ਸੁਚੇਤ ਕੀਤਾ ਹੈ :

ਦੁਬਿਧਾ ਛੋਡਿ ਕੁਵਾਟੜੀ, ਮੂਸਹੁਗੇ ਭਾਈ ॥
ਅਹਿਨਿਸਿ ਨਾਮੁ ਸਲਾਹੀਐ, ਸਤਿਗੁਰ ਸਰਣਾਈ ॥ {ਪੰਨਾ 419}

ਵਿਸ਼ੇਸ਼ ਨੋਟ : ਵਿਦਵਾਨ ਸੱਜਣਾਂ ਦੇ ਵਿਸ਼ੇਸ਼ ਵਿਚਾਰਾਂ ਨੂੰ ਦੂਹਰੇ ਤੇ ਪੁੱਠੇ (“”) ਕੌਮਿਆਂ ਅੰਦਰ ਪ੍ਰਗਟਾਇਆ ਹੈ । ਪ੍ਰੰਤੂ, ਉਨ੍ਹਾਂ ਦੇ ਬਿਖਮ ਲਫ਼ਜ਼ਾਂ ਦੀ ਸਪਸ਼ਟਤਾ ਹਿਤ ਗੋਲ ਬ੍ਰੈਕਟਾਂ (..) ਵਿੱਚ ਲਿਖੇ ਵਿਚਾਰ ਲੇਖਕ ਦੇ ਹਨ ।

ਭੁੱਲ-ਚੁੱਕ ਮੁਆਫ਼ ਕਰਨੀ ਜੀ । ਵਾਹ ਗੁਰੂ ਜੀ ਕਾ ਖ਼ਾਲਸਾ । ਵਾਹ ਗੁਰੂ ਜੀ ਕੀ ਫ਼ਤਹ ।

ਸ੍ਰੀ ਗੁਰੂ ਗ੍ਰੰਥ ਅਤੇ ਪੰਥ ਦਾ ਪ੍ਰਚਾਰਕ ਸੇਵਾਦਾਰ : ਜਗਤਾਰ ਸਿੰਘ ਜਾਚਕ
ਮਿਤੀ : 30 ਅਕਤੂਬਰ 2021, ਨਿਊਯਾਰਕ

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top