Share on Facebook

Main News Page

ਇਤਿਹਾਸਕ ਅਸਥਾਨਾਂ ਨਾਲ ਜੋੜੀਆਂ ਮਨਘੜਤ ਸਾਖੀਆਂ ਦਾ ਆਧਾਰ ਗੁਰਮਤਿ ਵਿਰੋਧੀ ਰਚਨਾਵਾਂ
-: ਜਸਬੀਰ ਸਿੰਘ ਵੈਨਕੂਵਰ
13.01.2013
#KhalsaNews #JasbirSingh #Vancouver #Historic #Gurdwaras #AntiGurmat #Compositions #GianiGyanSingh #GurBilas6 #BhaiSantokhSingh

ਸਵਾਲ: ਕੀ ਗੁਰਮਤਿ ਵਿੱਚ ਗੁਰ ਸ਼ਬਦ ਨਾਲੋਂ ਸਥਾਨ ਦੀ ਮਹੱਤਤਾ ਵਧੇਰੇ ਹੈ?
ਜਵਾਬ: ਗੁਰਮਤਿ ਵਿੱਚ ਸਥਾਨ ਨਾਲੋਂ ਗੁਰ ਸ਼ਬਦ ਦੀ ਹੀ ਵਧੇਰੇ ਮਹੱਤਾ ਹੈ। ਇਹ ਸਾਡੀ ਗੁਰਮਤਿ ਸਿਧਾਂਤ ਵਲੋਂ ਅਣਜਾਣ ਪੁਣੇ ਦਾ ਪ੍ਰਤੀਕ ਹੈ ਕਿ ਅਸੀਂ ਗੁਰੂ ਸ਼ਬਦ ਨਾਲੋਂ ਸਥਾਨ ਨੂੰ ਵਧੇਰੇ ਮਹੱਤਤਾ ਦੇਣ ਲੱਗ ਪਏ ਹਾਂ। ਇਸ ਗੱਲ ਨੂੰ ਪ੍ਰਚਾਰਨ ਵਿੱਚ ਕੁੱਝ ਲੇਖਕਾਂ ਤੋਂ ਇਲਾਵਾ ਇਤਿਹਾਸਕ ਸਥਾਨਾਂ ਦੀ ਸੇਵਾ ਸੰਭਾਲ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਹੱਥ ਹੈ। ਅਜੇਹਾ ਲਿੱਖਣ ਜਾਂ ਪ੍ਰਚਾਰਨ ਦਾ ਕਾਰਨ ਅਨਮਤ ਵਾਲਿਆਂ ਦੇ ਧਾਰਮਿਕ ਸਥਾਨਾਂ ਤੋਂ ਵਧੇਰੇ ਇਹਨਾਂ ਗੁਰ ਸਥਾਨਾਂ ਦੀ ਮਹਿਮਾਂ ਦਰਸਾ ਕੇ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਇਹਨਾਂ ਸਥਾਨਾਂ ਦੀ ਯਾਤਰਾ ਕਰਨ ਲਈ ਪ੍ਰੇਰਨਾ ਸੀ ਅਤੇ ਕਿਧਰੇ ਇੱਕ ਗੁਰ ਸਥਾਨ ਤੋਂ ਦੂਜੇ ਗੁਰ ਅਸਥਾਨ ਦੀ ਵਧੇਰੇ ਮਹੱਤਾ ਦਰਸਾ ਕੇ ਸੰਗਤਾਂ ਨੂੰ ਇਹਨਾਂ ਗੁਰਦੁਆਰਿਆਂ ਦੀ ਹਾਜ਼ਰੀ ਭਰਨ ਲਈ ਉਤਸ਼ਾਹਤ ਕਰਨਾ ਹੈ /ਸੀ। ਕਾਰਨ ਭਾਂਵੇ ਕੋਈ ਵੀ ਹੈ /ਸੀ, ਇਸ ਨੂੰ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ। ਚੂੰਕਿ ਇਸ ਰੁਚੀ ਕਾਰਨ ਕਈ ਇਤਿਹਾਸਕ ਅਸਥਾਨਾਂ 'ਤੇ ਗੁਰਬਾਣੀ ਦੇ ਪ੍ਰਚਾਰ ਦੀ ਬਜਾਇ ਇਹਨਾਂ ਕਥਿਤ ਮਹਾਤਮ / ਫਲ ਆਦਿ ਉੱਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ। ਇਹਨਾਂ ਗੁਰ ਸਥਾਨਾਂ ਦੀ ਯਾਤਰਾ ਕਰਨ ਵਾਲੀਆਂ ਸੰਗਤਾਂ ਨੂੰ ਗੁਰਮਤਿ ਸਿਧਾਂਤ ਦੱਸਣ ਦੀ ਥਾਂ ਕੇਵਲ ਇਹ ਹੀ ਦੱਸਿਆ ਜਾਂਦਾ ਹੈ ਕਿ ਅਮਕੇ ਗੁਰੂ ਸਾਹਿਬ ਨੇ ਇਸ ਜਗਾ ਬਾਰੇ ਇਹ ਵਰ ਦਿੱਤਾ ਹੈ ਕਿ ਜੇਹੜਾ ਇਸ ਥਾਂ ਦੀ ਯਾਤਰਾ ਕਰੇਗਾ ਉਸ ਨੂੰ ਆਹ ਮਿਲੇਗਾ, ਉਹ ਮਿਲੇਗਾ। ਕਈ ਥਾਂਈ ਸਰੋਵਰਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਆਖਿਆ ਸੀ ਕਿ ਜੇਹੜਾ ਕੋਈ ਇਤਨੀ ਕੁ ਵੇਰਾਂ ਇੱਥੇ ਇਸ਼ਨਾਨ ਕਰੇਗਾ ਉਸ ਨੂੰ ਇਹ ਫਲ ਮਿਲੇਗਾ।

- ਜਿਵੇਂ ਗੁਰਦੁਆਰਾ ਸੰਨ੍ਹ ਸਾਹਿਬ ਬਾਰੇ ਇਹ ਆਖਿਆ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਇਹ ਕਿਹਾ ਹੈ ਕਿ:
ਜੋ ਇਹ ਸੰਨ੍ਹ ਕਾ ਦਰਸਨ ਪਾਵੈ। ਜਮਦੁਆਰ ਤਿਹ ਦ੍ਰਿਸਟਿ ਨ ਆਵੈ। (ਗੁਰ ਬਿਲਾਸ ਪਾਤਸ਼ਾਹੀ 6)

- ਬਾਉਲੀ ਸਾਹਿਬ ਬਾਰੇ ਇਹ ਪ੍ਰਸਿੱਧ ਹੈ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਤੀਜੇ ਪ੍ਰਕਾਸ਼ ਜੀ ਨੇ ਇਹ ਆਖਿਆ ਹੈ:
ਪੌੜੀ ਰਚੀ ਚੁਰਾਸੀ ਗੁਰ ਤੇ ਕਾਟਨ ਹੇਤ ਚੁਰਾਸੀ। ਚੌਰਾਸੀ ਇਸਨਾਨ ਕਰਤ ਜੋ ਜਪੁਜੀ ਇਤੋ ਜਪਾਸੀ। ਇੱਕ ਇੱਕ ਪੌੜੀ ਪਰ ਇੱਕ ਦਿਨ ਮੈਂ ਇਹ ਸਾਧਨ ਜੋ ਕਰ ਹੈ। ਅਮਰ ਦਾਸ ਸਤਗੁਰੁ ਕੇ ਵਰ ਸੈ ਸੋ ਭਵ ਸਾਗਰ ਤਰ ਹੈ। (ਗਿ: ਗਿਆਨ ਸਿੰਘ)

- ਮੁਕਤਸਰ ਦੇ ਸਰੋਵਰ ਅਤੇ ਸ਼ਹੀਦ ਗੰਜ ਬਾਰੇ ਦਸਮੇਸ਼ ਪਾਤਸ਼ਾਹ ਦੇ ਮੁੱਖੋਂ ਅਖਵਾਇਆ ਹੈ:
ਮਕ੍ਰ ਸੰਕਰਖਣ ਅਰਕੀ ਹੋਇ। ਆਨ ਸ਼ਨਾਨਹਿ ਜੇ ਨਰ ਕੋਇ॥ ਮਨੋਕਾਮਨਾ ਪ੍ਰਾਪਤਿ ਸੋਊ। ਪਾਪ ਕਰੇ ਗਨ ਬਯ ਸਭਿ ਖੋਊ॥ ਬੰਦਹਿ ਗੰਜ ਸ਼ਹੀਦਨ ਕੇਰਾ। ਧਨ ਦੇਵਹਿ ਨਿਤ ਵਧਹਿ ਵਧੇਰਾ॥ (ਭਾਈ ਸੰਤੋਖ ਸਿੰਘ)
ਅਰਥ: ਮਕਰ ਦੀ ਸੰਗਰਾਂਦ ਭਾਵ ਮਾਘ ਦੀ ਸੰਗਰਾਂਦ ਨੂੰ ਜੇ ਕੋਈ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਤਾਂ ਉਸ ਦੀ ਮਨੋਕਾਮਨਾਂ ਪੂਰੀ ਹੋਵੇਗੀ। ਕੇਵਲ ਮਨੋਕਾਮਨਾਂ ਹੀ ਨਹੀਂ ਪੂਰੀ ਹੋਵੇਗੇ ਬਲਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਪਾਪ ਕੀਤੇ ਹੋਏ ਹਨ ਉਹ ਵੀ ਨਾਸ਼ ਹੋ ਜਾਣ ਗੇ। ਜੇਹੜਾ ਕੋਈ ਮਾਈ ਭਾਈ ਸ਼ਹੀਦਾਂ ਦੇ ਗੰਜ ਨੂੰ ਨਮਸ਼ਕਾਰ ਕਰਕੇ ਦਾਨ ਕਰੇਗਾ ਉਸ ਦਾ ਧਨ ਨਿਤ ਪ੍ਰਤੀ ਵਧੇ ਫੁਲੇਗਾ।

- ਪਾਤਾਲ ਪੁਰੀ ਬਾਰੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਛੇਵੇਂ ਪਾਤਸ਼ਾਹ ਨੇ ਇਸ ਥਾਂ ਬਾਰੇ ਕਿਹਾ ਹੈ:
ਇਹ ਥਾਂ ਦਾਹ ਜਿਸੈ ਨਰ ਹੋਈ। ਗੁਰ ਕੇ ਧਾਮ ਜਾਇ ਵਹੁ ਸੋਈ। (ਗੁਰ ਬਿਲਾਸ ਪਾਤਸ਼ਾਹੀ 6)

- ਬਾਬਾ ਅਟੱਲ ਰਾਇ ਜੀ ਦੇ ਦਾਹ ਸਥਾਨ ਬਾਰੇ ਮਹਾਰਾਜ ਦੇ ਪਾਵਨ ਮੁਖ਼ਾਰਬਿੰਦ 'ਚੋਂ ਇਹ ਕਢਵਾਇਆ ਹੈ:
ਜਪ ਤਪ ਕਰੇ ਮੁਕਤਿ ਨਹਿ ਪਾਵੈ। ਇਹਾਂ ਦਾਹ ਫਿਰ ਜਨਮ ਨ ਆਵੈ। (ਗੁਰ ਬਿਲਾਸ ਪਾਤਸ਼ਾਹੀ 6)

- ਬਟਾਲੇ ਤੋਂ ਕੁੱਝ ਦੂਰੀ 'ਤੇ ਇਤਿਹਾਸਕ ਗੁਰਦੁਆਰਾ ਓਠੀਆਂ ਹੈ, ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਗੁਰਮਤਿ ਦੀ ਰਹਿਣੀ ਦਾ ਉਪਦੇਸ਼ ਦ੍ਰਿੜ ਕਰਾਉਣ ਦੀ ਬਜਾਇ ਇਹ ਦੱਸਿਆ ਜਾਂਦਾ ਹੈ:
ਗੁਰੂ ਜੀ ਦੀ ਮੇਹਰ ਸਦਕਾ ਇਸ ਖੂਹ ਅਤੇ ਸਰੋਵਰ ਵਿੱਚ ਬੇਅੰਤ ਸੰਗਤਾਂ ਹਰ ਐਤਵਾਰ ਅਤੇ ਮੱਸਿਆ ਦੇ ਦਿਹਾੜੇ ਤੇ ਇਸ਼ਨਾਨ ਕਰਦੀਆਂ ਹਨ। ਇੱਥੇ ਅਠਰਾਹ ਵਰਗੇ ਰੋਗ ਅਤੇ ਸੁੱਕੇ ਬੱਚੇ ਤੰਦਰੁਸਤ ਹੁੰਦੇ ਹਨ ਅਤੇ ਚੰਮੜੀ ਦੇ ਸਾਰੇ ਰੋਗ ਦੂਰ ਹੁੰਦੇ ਹਨ ਅਤੇ ਇਲਾਕੇ ਦੀਆਂ ਬੇਅੰਤ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ।

ਇਸ ਤਰ੍ਹਾਂ ਹੋਰ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਵਿਖੇ ਗੁਰਬਾਣੀ ਦੀ ਮਹਿਮਾਂ ਦਰਸਾਉਣ ਦੀ ਬਜਾਇ ਇਹੋ ਜੇਹੀਆਂ ਕਲਪਤ ਗੱਲਾਂ ਸੁਣਾ ਕੇ ਗੁਰ ਸ਼ਬਦ ਨਾਲੋਂ ਸਥਾਨ ਦੀ ਮਹਿਮਾ ਦਰਸਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸਭ ਕੁੱਝ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਜ਼ੁੰਮੇਵਾਰ ਸੱਜਣਾਂ ਵਲੋਂ ਪ੍ਰਚਾਰਿਆ ਜਾ ਰਿਹਾ ਹੁੰਦਾ ਹੈ। ਆਮ ਸੰਗਤਾਂ ਜੋ ਕੁੱਝ ਸਟੇਜਾਂ ਆਦਿ ਤੋਂ ਪ੍ਰਚਾਰਿਆ ਜਾ ਰਿਹਾ ਹੈ, ਉਸ ਨੂੰ ਸ'ਚ ਮੰਨ ਲੈਂਦੀਆਂ ਹਨ। ਆਮ ਸੰਗਤਾਂ ਅਜੇਹੇ ਸੱਜਣਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਸ'ਚ ਮੰਨ ਰਹੀਆਂ / ਲੈਂਦੀਆਂ ਹਨ। ਇਸ ਕਾਰਨ ਹੀ ਕਦੇ ਵੀ ਇਹ ਸਵਾਲ ਨਹੀਂ ਉਠਾਇਆ ਜਾਂਦਾ ਕਿ ਜੇਕਰ ਇਹ ਜੋ ਕੁੱਝ ਆਖਿਆ ਜਾ ਰਿਹਾ ਹੈ ਇਹੀ ਸ'ਚ ਹੈ ਤਾਂ ਫਿਰ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀ ਲੋੜ ਹੈ? ਗੁਰਮਤਿ ਦੀ ਵਿਚਾਰਧਾਰਾ ਅਨੁਸਾਰ ਸਚਿਆਰ ਜੀਵਨ ਜਿਊਣ ਦੀ ਕੀ ਜ਼ਰੂਰਤ ਹੈ? ਫਿਰ ਤਾਂ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਣਨ ਦੀ ਤਾਂ ਲੋੜ ਹੀ ਨਹੀਂ ਹੈ। ਚੂੰਕਿ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਅਰਥ ਹੈ ਕਿ ਇਸ ਵਿੱਚ ਜੋ ਲਿਖਿਆ ਹੋਇਆ ਹੈ ਅਸੀਂ ਉਸ ਨੂੰ ਹੀ ਮੰਨਦੇ ਹਾਂ, ਸਾਡੀ ਕਲਿਆਣ ਇਸ ਵਿਚਾਰਧਾਰਾ ਨੂੰ ਮੰਨਿਆਂ ਹੀ ਹੋਵੇ ਗੀ। ਇਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਹੀ ਅਸੀਂ ਜੀਵਨ ਮੁਕਤ ਹੋ ਸਕਦੇ ਹਾਂ।

ਗੁਰੂ ਸਾਹਿਬਾਨ ਦੇ ਮੁੱਖੋਂ ਇਹਨਾਂ ਸਥਾਨਾਂ ਬਾਰੇ ਵਰ / ਮਹਿਮਾਂ ਆਦਿ ਦਾ ਜੋ ਵਰਣਨ ਕੀਤਾ ਜਾ ਰਿਹਾ / ਗਿਆ ਹੈ, ਇਸ ਨੂੰ ਜਦ ਅਸੀਂ ਗੁਰਬਾਣੀ ਦੀ ਕਸਵੱਟੀ ਉੱਤੇ ਪਰਖਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਗੁਰਦੇਵ ਅਗਵਾਈ ਬਖਸ਼ਿਸ਼ ਕਰਦੇ ਹਨ:
ਸਤਿਗੁਰੂ ਜੀ / ਸਥਾਨ ਆਦਿ ਦੀ ਕੇਵਲ ਯਾਤਰਾ / ਦਰਸ਼ਨ ਕਰਨ ਨਾਲ ਮੁਕਤ ਹੋਣ ਦੇ ਭਰਮ ਬਾਰੇ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ॥ 1॥
(ਪੰਨਾ 594)

ਸਰੋਵਰਾਂ 'ਤੇ ਸਰੀਰਕ ਇਸ਼ਨਾਨ ਬਾਰੇ ਹਜ਼ੂਰ ਫ਼ਰਮਾਂਦੇ ਹਨ:
ਖ਼ਾਸ ਸਥਾਨਾਂ 'ਤੇ ਇਸ਼ਨਾਨ ਆਦਿ ਕਰਨ ਬਾਰੇ:
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ 1॥
ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ 1॥ ਰਹਾਉ॥
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ 2॥
(ਪੰਨਾ 484)

ਅਤੇ

ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥
ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥
(ਪੰਨਾ 1348)

ਧਾਰਮਿਕ ਗ੍ਰੰਥਾਂ ਦੇ ਕੇਵਲ ਪਾਠ ਕਰਨ ਬਾਰੇ:
ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥ ਬੇਦ ਪਾਠ ਸੰਸਾਰ ਕੀ ਕਾਰ॥
ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ 1॥
(ਪੰਨਾ 791)

ਤੀਰਥਾਂ 'ਤੇ ਸਰੀਰ ਤਿਆਗਨ / ਸਸਕਾਰਨ ਦੇ ਸਬੰਧ 'ਚ:
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ॥ 1॥
ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ॥ 1॥ ਰਹਾਉ॥
ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ॥ 2॥
(ਪੰਨਾ 692)

ਇਤਿਹਾਸਕ ਸਥਾਨਾਂ ਦੀ ਮਹੱਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਨਾਂ ਸਥਾਨਾਂ ਦੀ ਯਾਤਰਾ ਕਰਨ ਨਾਲ ਸਾਡੇ ਸਾਹਮਣੇ ਉਹਨਾਂ ਸਮੂਹ ਘਟਨਾਵਾਂ ਦਾ ਆ ਜਾਣਾ ਸੁਭਾਵਿਕ ਹੈ, ਜੋ ਇਹਨਾਂ ਸਥਾਨਾਂ 'ਤੇ ਵਾਪਰੀਆਂ ਹਨ। ਅਸੀਂ ਅਤੀਤ ਵਿੱਚ ਗੁਆਚ ਕੇ ਉਸ ਪਲ ਨੂੰ ਮਾਣਦੇ ਹੋਏ ਆਪਣੇ ਆਪ ਨੂੰ ਉਸ ਰੂਹਾਨੀ ਵਾਤਾਵਰਨ 'ਚ ਵਿਚਰਦੇ ਹੋਏ ਮਹਿਸੂਸ ਕਰਨ ਲੱਗ ਪੈਂਦੇ ਹਾਂ। ਸਤਿਗੁਰੂ ਜੀ ਦੇ ਮਹਾਨ ਪਰਉਪਕਾਰਾਂ ਦੀ ਯਾਦ ਮਨਾਂ 'ਚ ਤਾਜ਼ੀ ਹੋਣ ਨਾਲ ਸਤਿਗੁਰੂ ਪ੍ਰਤੀ ਪਿਆਰ 'ਚ ਗੜੂੰਦ ਹੋ ਕੇ ਉਹਨਾਂ ਘਟਨਾਵਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਘੁੰਮਦਿਆਂ ਹੋਇਆਂ ਦੇਖਣ ਦੀ ਮਨ ਹੀ ਮਨ ਕਲਪਨਾ ਕਰਦਿਆਂ ਆਤਮਕ ਸਕੂਨ ਮਹਿਸੂਸ ਕਰਦੇ ਹਾਂ। ਗੁਰੂ ਸਾਹਿਬਾਨ ਨਾਲ ਸਬੰਧਤ ਸਥਾਨਾਂ 'ਤੇ ਸਿੱਖ ਸ਼ਰਧਾਲੂਆਂ ਨੇ ਹੀ ਜਾਣਾ ਹੈ, ਇਹਨਾਂ ਦੀ ਸੇਵਾ ਸੰਭਾਲ ਦੀ ਜ਼ੁੰਮੇਵਾਰੀ ਵੀ ਸਿੱਖ ਸੰਗਤਾਂ ਦੇ ਹੀ ਜ਼ੁੰਮੇ ਹੈ। ਨੇੜੇ ਤੇੜਿਓਂ ਅਤੇ ਦੂਰ ਦੁਰਾਡਿਓਂ ਸੰਗਤਾਂ ਦੇ ਆਉਣ ਨਾਲ ਹੀ ਸਥਾਨਕ ਸੰਗਤਾਂ ਦਾ ਬਾਕੀ ਸਿੱਖ ਸੰਗਤਾਂ, ਖ਼ਾਲਸਈ ਜਥੇਬੰਧਕ ਢਾਂਚੇ ਨਾਲ ਸਬੰਧ ਬਣਿਆ ਰਹਿੰਦਾ ਹੈ। ਇਹਨਾਂ ਗੱਲਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ; ਪਰੰਤੂ ਮਹੱਤਾ ਦਾ ਇਹ ਅਰਥ ਨਹੀਂ ਹੈ ਕਿ ਅਸੀਂ ਇਹਨਾਂ ਸਥਾਨਾਂ ਬਾਰੇ ਇਹ ਧਾਰਨਾਂ ਬਣਾ ਲਈਏ ਕਿ ਇਹਨਾਂ ਦੀ ਮਹਿਜ਼ ਯਾਤਰਾ / ਦਰਸ਼ਨ ਕਰਨ ਨਾਲ ਹੀ ਸਾਡੀ ਕਲਿਆਣ ਹੋ ਜਾਵੇਗੀ। ਵਿਕਾਰਾਂ ਤੋਂ ਖਲਾਸੀ ਗੁਰਬਾਣੀ ਨੂੰ ਪੜ੍ਹ, ਸੁਣ, ਵਿਚਾਰ ਕੇ ਆਪਣੇ ਹਿਰਦੇ ਵਿੱਚ ਵਸਾਉਣ ਨਾਲ ਹੀ ਹੋਵੇਗੀ। ਇਸ ਲਈ ਕਿਸੇ ਵੀ ਤਰ੍ਹਾਂ ਦੇ ਵਹਿਮਾਂ ਭਰਮਾਂ ਰਾਂਹੀ ਸੰਗਤਾਂ ਨੂੰ ਇਨ੍ਹਾਂ ਸਥਾਨਾਂ ਦੀ ਯਾਤਰਾ ਲਈ ਪ੍ਰੇਰਨਾ ਕਰਨਾ, ਗੁਰੂ ਗਰੰਥ ਸਾਹਿਬ ਦੇ ਆਸ਼ੇ ਦੇ ਵਿਰੁੱਧ ਹੈ। ਇਸ ਤਰ੍ਹਾਂ ਦੇ ਯਤਨ ਰਾਂਹੀ ਅਸੀਂ ਸਤਿਗੁਰੂ ਜੀ ਦੇ ਸਨਮੁੱਖ ਹੋਣ ਦਾ ਸੁਭਾਗ ਪਰਾਪਤ ਨਹੀਂ ਕਰ ਸਕਦੇ।

ਕਈ ਵਿਦਵਾਨ ਇਹ ਕਹਿੰਦਿਆਂ ਹੋਇਆਂ ਇਤਿਹਾਸਕ ਸਥਾਨਾਂ ਦੀ ਮਹਿਮਾਂ ਦਰਸਾਉਣ ਵਾਲਿਆਂ ਦੀ ਪ੍ਰੜੋਤਾ ਕਰਦੇ ਹਨ ਕਿ ਇਸ ਤਰ੍ਹਾਂ ਦੀ ਮਹਿਮਾਂ / ਫਲ ਆਦਿ ਦਰਸਾਉਣ ਵਾਲਿਆਂ ਦਾ ਮਨੋਰਥ ਗੁਰੂ ਸਾਹਿਬਾਨ ਨਾਲ ਸਬੰਧਿਤ ਸਥਾਨਾਂ ਪ੍ਰਤੀ ਵਧੇਰੇ ਫ਼ਖਰ ਮਹਿਸੂਸ ਕਰਨਾ ਹੈ, ਅਨਮਤਾਂ ਵਾਲਿਆਂ ਦੇ ਧਾਰਮਿਕ ਸਥਾਨਾਂ ਤੋਂ ਇਹਨਾਂ ਗੁਰ ਸਥਾਨਾਂ ਦੀ ਉਚਤਾ ਤੇ ਸ੍ਰੇਸ਼ਟਤਾ ਦਰਸਾਉਣਾ ਹੈ; ਇਸ ਲਈ ਸਾਨੂੰ ਅਜੇਹਾ ਪ੍ਰਚਾਰ ਕਰਨ ਵਾਲਿਆਂ ਦੀ ਭਾਵਨਾਂ ਨੂੰ ਸਮਝਣਾ ਚਾਹੀਦਾ ਹੈ। ਪਰ ਗੁਰ ਸਥਾਨਾਂ ਦੀ ਮਹਿਮਾਂ ਨੂੰ ਜਾਇਜ਼ ਠਹਿਰਾਉਣ ਵਾਲੇ ਸੱਜਣ ਇਸ ਪੱਖ ਨੂੰ ਨਹੀਂ ਵਿਚਾਰਦੇ ਕਿ ਇਸ ਤਰ੍ਹਾਂ ਦੇ ਵਿਸਵਾਸ਼ ਨਾਲ ਸੰਗਤਾਂ ਗੁਰੂ ਗਰੰਥ ਸਾਹਿਬ ਵਿੱਚ ਦਰਸਾਈ ਜੀਵਨ ਜਾਚ ਤੋਂ ਮੂੰਹ ਮੋੜ ਕੇ ਮੁੜ ਕਰਮ ਕਾਂਡ ਦੀ ਦਲਦਲ ਵਿੱਚ ਖੁੱਭਦੀਆਂ ਜਾ ਰਹੀਆਂ ਹਨ / ਖੁੱਭ ਗਈਆਂ ਹਨ। ਸਤਿਗੁਰੂ ਮਨੁੱਖ ਨੂੰ ਸਚਿਆਰ ਬਣਾਉਣ ਵਿੱਚ ਵਿਸਵਾਸ਼ ਰੱਖਦੇ ਸਨ ਨਾ ਕਿ ਵਹਿਮਾਂ ਭਰਮਾਂ ਦਾ ਸ਼ਿਕਾਰ ਬਣਾ ਕੇ ਕਰਮ ਕਾਂਡੀ ਬਣਾਉਣ ਵਿਚ। ਗੁਰਦੇਵ ਦਾ ਆਸ਼ਾ ਮਨੁੱਖ ਨੂੰ ਇੱਕ ਟੋਏ ੱਚੋਂ ਬਾਹਰ ਕੱਢ ਕੇ ਦੂਜੇ ਟੋਏ ਵਿੱਚ ਸੁੱਟਨਾ ਨਹੀਂ ਸੀ। ਜੇਕਰ ਅਸੀਂ ਗੁਰੂ ਸਾਹਿਬਾਨ ਦੇ ਨਾਂ ਨਾਲ ਇਹੀ ਕੁੱਝ ਜੋੜ ਕੇ ਪ੍ਰਚਾਰਨਾ ਹੈ ਤਾਂ ਫਿਰ ਗੁਰਮਤਿ ਦੀ ਵਿਚਾਰਧਾਰਾ ਅਤੇ ਅਨਮਤੀ ਵਿਚਾਰਧਾਰਾ ਵਿੱਚ ਕੀ ਫ਼ਰਕ ਹੋਇਆ? ਫਿਰ ਗੁਰਮਤਿ ਦਾ ਤੱਤ ਗਿਆਨ ਵਿਸ਼ੇਸ਼ ਕਿਵੇਂ ਹੋਇਆ? ਸਤਿਗੁਰੂ ਜੀ ਦਾ ਮਨੁੱਖ ਨੂੰ ਇਸ ਭਵਸਾਗਰ ਤੋਂ ਪਾਰ ਲੰਘਣ ਦੀ ਜੁਗਤੀ ਦਰਸਾਉਂਦਿਆਂ ਹੋਇਆਂ ਇਹ ਕਹਿਣ ਦਾ ਫਿਰ ਕੀ ਅਰਥ ਰਹਿ ਜਾਵੇਗਾ: ਸੁਣਿ ਸਾਜਨ ਇਉ ਦੁਤਰੁ ਤਰੀਐ॥ ਮਿਲਿ ਸਾਧੂ ਹਰਿ ਨਾਮੁ ਉਚਰੀਐ॥ (ਪੰਨਾ 740) ਫਿਰ ਖ਼ਾਲਸੇ ਦੇ ਨਿਆਰੀ ਅਤੇ ਵਿਲੱਖਣ ਜੀਵਨ ਜੁਗਤ ਉਤੇ ਜ਼ੋਰ ਦੇਂਦਿਆਂ ਦਸਮੇਸ਼ ਪਾਤਸ਼ਾਹ ਦਾ ਖ਼ਾਲਸੇ ਤੋਂ ਆਪਾ ਘੋਲ ਘੁਮਾਉਂਦਿਆਂ ਹੋਇਆਂ ਨਾਲ ਹੀ ਕੀਤੀ ਹੋਈ ਤਾੜਨਾ ਦਾ ਕੀ ਭਾਵ ਲਵਾਂਗੇ, ਖ਼ਾਲਸੇ ਦਾ ਨਿਆਰਾਪਣ ਕੇਵਲ ਬਾਣੇ ਵਿੱਚ ਹੀ ਨਹੀਂ ਬਲਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਜੀਵਨ ਬਿਤਾਉਣ ਵਿੱਚ ਹੀ ਹੈ।

ਸੋ, ਸਿੱਖੀ ਵਿੱਚ ਮਹਿਮਾਂ ਗੁਰਬਾਣੀ / ਗੁਰਸ਼ਬਦ ਦੀ ਹੀ ਹੈ, ਅਸਥਾਨ ਦੀ ਨਹੀਂ। ਇਤਿਹਾਸਕ ਅਸਥਾਨਾਂ ਦੀ ਮਹੱਤਤਾ ਦਾ ਇਹ ਹਰਗ਼ਿਜ਼ ਭਾਵ ਨਹੀਂ ਕਿ ਇਹਨਾਂ ਦੀ ਕੇਵਲ ਯਾਤਰਾ / ਦਰਸ਼ਨ ਨਾਲ ਹੀ ਕਿਸੇ ਦਾ ਕਲਿਆਣ ਹੋ ਜਾਵੇਗਾ; ਕਲਿਆਣ ਕੇਵਲ ਤੇ ਕੇਵਲ ਗੁਰੂ ਆਸ਼ੇ ਅਨੁਸਾਰ ਜੀਵਨ ਗੁਜ਼ਾਰਨ ਨਾਲ ਹੀ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top