Khalsa News homepage

 

 Share on Facebook

Main News Page

ਮਸਲਾ ਗਾਤਰੇ ਪਹਿਨੀ ਕਿਰਪਾਨ ਦਾ
-: ਗੁਰਬਖਸ਼ ਸਿੰਘ ਆਸਟ੍ਰੇਲੀਆ
27.05.2021
#KhalsaNews #GurbakhshSingh #Kirpan #Australia

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਇਕ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ ਇੱਕ ਹਾਈ ਸਕੂਲ ਵਿੱਚ ਪੜ੍ਹਦੇ ਨੌਂਵੀਂ ਕਲਾਸ ਦੇ ਵਿਦਿਆਰਥੀ ਨੇ ਆਪਣੇ ਤੋਂ ਇੱਕ ਕਲਾਸ ਮੂਹਰੇ ਪੜ੍ਹਦੇ ਇੱਕ ਸ਼ਰਾਰਤੀ ਤੇ ਖਰੂਦੀ ਕਿਸਮ ਦੇ ਲੜਕੇ ਵਲੋਂ ਵਾਰ ਵਾਰ ਤੰਗ, ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਗੁੱਸੇ ਵਿੱਚ ਉਸ ਲੜਕੇ ਤੇ ਕਿਰਪਾਨ ਨਾਲ ਵਾਰ ਕਰ ਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਇਹ ਮਾਮਲਾ ਕੁਝ ਕਾਰਨਾਂ ਕਰਕੇ ਚਰਚਾ ਵਿੱਚ ਹੈ। ਇਹ ਵੀ ਦੱਸਣ ਯੋਗ ਹੈ ਕੇ ਇਸ ਸ਼ਰਾਰਤੀ ਬੱਚੇ ਦੀਆਂ ਖਰਮਸਤੀਆਂ ਤੇ ਧੱਕੇਸ਼ਾਹੀ ਦੀਆਂ ਕਈ ਸ਼ਿਕਾਇਤਾਂ ਸਕੂਲ ਦੇ ਸਟਾਫ ਕੋਲ ਸਬੰਧਤ ਬੱਚੇ ਵਲੋਂ ਪਹਿਲਾਂ ਵੀ ਕੀਤੀਆਂ ਜਾ ਚੁੱਕੀਆਂ ਸਨ ਪਰ ਸਕੂਲ ਸਟਾਫ ਨੇ ਕੋਈ ਨੋਟਿਸ ਨਹੀਂ ਲਿਆ ।

ਸਕੂਲ ਵਾਲਿਆਂ ਨੇ ਸਿੱਖ ਬੱਚਿਆਂ ਦੇ ਗਾਤਰੇ ਪਹਿਨਣ ਵਾਲੀ ਪੰਜ ਕਕਾਰਾਂ ਚੋਂ ਪ੍ਰਮੁੱਖ ਕੱਕਾਰ ਕਿਰਪਾਨ 'ਤੇ ਪਾਬੰਦੀ ਲਗਾ ਦਿੱਤੀ ਹੈ। ਸਿੱਖ ਸੰਗਤਾਂ ਵਿੱਚ ਇਸ ਬੇਅਸੂਲੀ ਕਵਾਇਦ ਪ੍ਰਤੀ ਅੰਤਾਂ ਦਾ ਰੋਸ ਹੈ ਪਰ ਇੱਕ ਕੇਂਦਰੀ ਕਮਾਨ ਤੇ ਇੱਕ ਹੱਥ ਡੋਰ ਨਾ ਹੋਣ ਕਰਕੇ ਬਹੁਤ ਸਾਰੇ ਬੁਧੀਜੀਵੀ ਇਸ ਮਾਮਲੇ ਵਿੱਚ ਰੱਸਾ-ਕਸ਼ੀ ਕਰ ਰਹੇ ਹਨ। ਮੈ ਆਪ ਬਹੁਤ ਦਿਨਾਂ ਤੋਂ ਇਸ ਸਬੰਧ ਵਿੱਚ ਇੱਕ ਵੀ ਅੱਖਰ ਨਹੀਂ ਸੀ ਲਿਖ ਰਿਹਾ ਕਿਉਂਕਿ ਪਹਿਲਾਂ ਹੀ ਬਹੁਤ ਸਿਆਣੇ ਤੇ ਆਗੂ ਲੋਕ ਇਸ ਮਾਮਲੇ ਵਿੱਚ ਪਹਿਲੇ ਦਿਨ ਤੋਂ ਕਾਰਜਸ਼ੀਲ ਸਨ, ਪਰ ਕੁਝ ਪੰਥ ਦੋਖੀਆਂ ਵਲੋਂ, ਕੁਝ ਤਾਂ ਜਿਹੜੇ ਆਪਣਾ ਰੂਪ ਬਦਲ ਕੇ ਸਿੱਖੀ ਭੇਸ ਵਿੱਚ ਵਿਚਰਦੀਆਂ ਭੇਡਾਂ ਹਨ ਤੇ ਕੁਝ ਸਪਸ਼ਟ ਰੂਪ ਵਿੱਚ ਸਿੱਖੀ ਨੂੰ ਨਫਰਤ ਕਰਨ ਵਾਲੇ ਹਨ ਅਤੇ ਜਦ ਇਸ ਮਾਮਲੇ ਦੀ ਪੈਰਵਾਈ ਕਰਨ ਵਾਲੇ ਸੱਜਣਾ ਦੀ Education Dept. ਦੇ ਨਾਲ ਮੀਟਿੰਗ ਬਗ਼ੈਰਾ ਹੋਣੀ ਹੁੰਦੀ ਹੈ ਤਾਂ ਪੰਥ ਦੋਖੀ ਇਸ ਮਸਲੇ ਨੂੰ ਉਲਝਾਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਪੈਰਵਾਈ ਕਰਨ ਵਾਲੇ ਵੀਰ ਤੇ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਵੀ ਕਈ ਵਾਰ ਸਿੱਖੀ ਰਹਿਤ ਮਰਿਯਾਦਾ ਅਤੇ ਕੱਕਾਰਾਂ ਦੀ ਮਹੱਤਤਾ ਦੀ ਡੂੰਘਾਈ ਨਾ ਜਾਣਦੇ/ ਸਮਝਦੇ ਹੋਏ ਪਾਣੀ ਵਿੱਚ ਵੜਨ ਤੋਂ ਪਹਿਲਾਂ ਹੀ ਮੌਜੇ । ਜੁੱਤੀਆਂ॥ ਖੋਲ ਲੈਂਦੇ ਹਨ, ਮੇਰਾ ਮਤਲਬ Defensive line 'ਤੇ ਆ ਕੇ ਖਲੋ ਜਾਂਦੇ ਹਨ।

ਇਸ ਸਬੰਧ ਵਿੱਚ ਆਪਣੇ ਵਿਚਾਰ ਮੈਂ ਸੰਗਤਾਂ ਨਾਲ ਸਾਂਝੇ ਕਰਨੇ ਜਰੂਰੀ ਸਮਝਦਾ ਹਾਂ ਅਤੇ ਜੇ ਕੋਈ ਇਹਨਾਂ ਨਾਲ ਸਹਿਮਤ ਨਾ ਹੋਵੇ ਤਾ ਇਸ ਸਬੰਧ ਵਿੱਚ ਵਿਚਾਰ ਚਰਚਾ ਕਰਨੀ ਬਣਦੀ ਹੈ। ਜਿਹੜੇ ਪੰਥਦੋਖੀ ਮੌਕਾ ਮਿਲ ਗਿਆ ਗਨੀਮਤ ਜਾਣ ਕੇ ਸਿੱਖ ਮਸਲਿਆਂ ਵਿੱਚ ਆਪਣੀ ਟੰਗ ਅੜਾਉਣੀ ਆਪਣਾ ਹੱਕ ਸਮਝਦੇ ਹਨ ਉਹਨਾਂ ਨੂੰ ਮੇਰਾ ਚੈਲਿੰਜ ਹੈ ਕਿ ਉਹ ਜਿਵੇਂ ਵੀ ਚਾਹੁਣ ਗੱਲ ਕਰ ਸਕਦੇ ਹਨ । ਸਭ ਤੋਂ ਪਹਿਲੀ ਗੱਲ:

1॥ ਪੰਜਾਂ ਕੱਕਾਰਾਂ ਵਿੱਚੋ ਪ੍ਰਮੁੱਖ ਕੱਕਾਰ ਕਿਰਪਾਨ ਹੈ।
2॥ ਕਸ਼ਹਿਰਾ ਤੇ ਕੜਾ ਬੱਚੇ ਦਾ ਛੋਟਾ ਤੇ ਬਾਲਿਗਾਂ Adult ਦਾ ਆਪਣੇ ਮੇਚ ਦਾ ਹੁੰਦਾ ਹੈ, ਪਰ ਉਹ ਪਹਿਨਿਆ ਜਾਂਦਾ ਹੈ, ਕੋਈ ਚਿਨ੍ਹ ਮਾਤਰ ਨਹੀਂ ਹੁੰਦਾ।
3॥ ਕੰਘਾ ਵੀ ਕੇਸ ਵਾਹ ਸਕਣ ਵਾਲਾ ਅਸਲੀ ਕੰਘਾ ਹੁੰਦਾ ਹੈ ਨਾ ਕੇ ਸਿਰਫ ਦਿਖਾਵੇ ਮਾਤਰ ਅਤੇ ਰੋਮ ਕੇਸ/ਦਾਹੜਾ ਵੀ ਸਾਬਤ ਸਰੂਪ ਹੁੰਦਾ ਹੈ।
4॥ ਕੱਕਾਰਾਂ ਵਿਚੋਂ ਕੋਈ ਕੱਕਾਰ ਵੀ ਦਿਖਾਵੇ ਮਾਤਰ ਨਹੀਂ ਬਲਕਿ ਵਰਤੋਂ 'ਚ ਆਉਣ ਗੋਚਰਾ ਹੀ ਮੰਨਿਆ ਜਾਂਦਾ ਹੈ।
5॥ ਗਾਤਰੇ ਵਾਲੀ ਕਿਰਪਾਨ ਵੀ ਬੱਚਿਆਂ ਅਤੇ ਬਾਲਿਗਾਂ Adults ਲਈ ਸਾਧਾਰਣ Normal ਕਿਰਪਾਨ ਹੈ, ਇਸ ਦੀ ਲੰਬਾਈ, ਤੇਜ ਧਾਰ ਜਾ ਖੁੰਢੀ ਹੋਣਾ ਜਾ ਇਸ ਨੂੰ ਪੇਚ ਕੱਸ ਕੇ ਗਾਤਰੇ ਵਿੱਚ ਡਣਿ ਕਰ ਦੇਣ ਵਰਗੀਆਂ ਦਲੀਲਾਂ ਤੇ ਢੁੱਚਰਾਂ ਦੀ ਕੋਈ ਥਾਂ ਨਹੀਂ ਹੈ।

ਆਸਟ੍ਰੇਲੀਆ ਵਿੱਚ ਵਸਦੀ ਸਿੱਖ ਵਸੋਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਲੋਂ ਇਹ ਅੱਜ ਤੱਕ ਦਾ ਪਹਿਲਾ ਮਾਮਲਾ ਆਇਆ ਹੈ ਕੇ ਕਿਸੇ ਬੱਚੇ ਨੇ ਕਿਰਪਾਨ ਦੀ ਸਕੂਲ ਚ ਵਰਤੋਂ ਕੀਤੀ ਹੈ। ਅਮਰੀਕਾ ਕੈਨੇਡਾ ਦੀ ਗੱਲ ਆਪਾਂ ਨਾ ਕਰੀਏ ਸਿਰਫ ਆਸਟ੍ਰੇਲੀਆ ਦੀ ਹੀ ਕਰ ਲੈਂਦੇ ਹਾਂ।

ਕੁਝ ਦਲੀਲਾਂ ਪੇਸ਼ ਕਰਦੇ ਹਾਂ -

ੳ॥ ਗਰਾਉਂਡ ਵਿੱਚ ਕ੍ਰਿਕਟ ਅਤੇ ਹਾਕੀ ਖੇਡਦੇ ਖਿਡਾਰੀ ਕਿਸੇ ਝਗੜੇ ਦੀ ਸੂਰਤ ਵਿੱਚ ਬੈਟ ਜਾਂ ਹਾਕੀ ਮਾਰ ਕੇ ਆਸਾਨੀ ਨਾਲ ਦੂਸਰੇ ਵਿਅਕਤੀ ਨੂੰ ਮਾਰ ਸਕਦੇ ਹਨ, ਪਰ ਬੈਟ ਬੰਦ ਨਹੀਂ ਕੀਤੇ ਸਰਕਾਰ ਨੇ।
ਬ॥ ਮੈਲਬੌਰਨ ਦੇ ਸਿਟੀ ਸੈਂਟਰ ਵਿੱਚ ਇੱਕ Intersection 'ਤੇ ਸੈਕੜਿਆਂ ਦੀ ਗਿਣਤੀ ਵਿੱਚ Pedestrian ਲੰਘ ਰਹੇ ਸਨ ਤੇ ਇੱਕ ਵਿਅਕਤੀ ਨੇ ਜਨੂਨੀ ਨਫਰਤ ਵਿੱਚ ਆਪਣੀ ਕਾਰ ਨੂੰ ਲੋਕਾਂ ਤੇ ਚ੍ਹਾੜ ਕੇ ਕਈਆਂ ਨੂੰ ਜਖਮੀ ਤੇ ਹਲਾਕ ਕਰ ਦਿੱਤਾ ਸੀ, ਪਰ ਸਿਟੀ ਸੈਂਟਰ ਵਿੱਚ ਕਾਰਾਂ ਲਿਜਾਉਣ 'ਤੇ ਪਾਬੰਦੀ ਨਹੀਂ ਲਗਾਈ ਗਈ।
ਚ॥ ਦੇਰ ਰਾਤ ਚੱਲਣ ਵਾਲ਼ੀਆਂ ਟ੍ਰੇਨਾਂ ਵਿੱਚ ਕਈ ਵਾਰੀ Stabbing ਹੋ ਜਾਂਦੀ ਹੈ ਪਰ ਦੇਰ ਰਾਤ ਚਲਣੀਆਂ ਟ੍ਰੇਨਾਂ ਬੰਦ ਨਹੀਂ ਕੀਤੀਆਂ ਗਈਆਂ।
ਦ॥ ਪਿਛਲੇ ਸਾਲ ਮੈਲਬੌਰਨ ਵਿੱਚ ਇੱਕ ਟਰੱਕ ਡਰਾਈਵਰ ਨੇ ਪੁਲਿਸ ਪਾਰਟੀ 'ਤੇ ਟਰੱਕ ਚ੍ਹਾੜ ਕੇ 4 ਪੁਲਿਸ ਵਾਲੇ ਮਾਰ ਦਿੱਤੇ ਸਨ ਪਰ ਟਰੱਕ ਬੰਦ ਨਹੀਂ ਕੀਤੇ ਗਏ।
ੲ॥ ਬਹੁਤੇ ਕੇਸਾਂ ਵਿੱਚ ਸ਼ਰਾਬੀ ਅਤੇ Drugs ਕੀਤੇ ਡ੍ਰਾਇਵਰਾਂ ਵਲੋਂ ਬੇਦੋਸ਼ੇ ਲੋਕ ਕਾਰ ਐਕਸੀਡੈਂਟ ਵਿੱਚ ਮਾਰ ਮੁਕਾਏ ਜਾਂਦੇ ਹਨ, ਪਰ ਕਾਰਾਂ ਚੱਲਣੀਆਂ ਬੰਦ ਨਹੀਂ ਕੀਤੀਆਂ ਗਈਆਂ।

ਜਿਹੜਾ ਵੀ ਵਿਅਕਤੀ ਕੋਈ ਜ਼ੁਰਮ Crime ਕਰਦਾ ਹੈ ਉਸ ਦੇ ਦੋਸ਼ ਦੀ ਛਾਣਬੀਣ ਹੁੰਦੀ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਸਜ਼ਾ ਜਰੂਰ ਮਿਲਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਕੇਸ ਦੀ ਤਫਤੀਸ਼ ਹੋ ਰਹੀ ਹੈ। ਕੇਸ ਅਦਾਲਤ ਵਿੱਚ ਹੈ। ਜੇ ਅਦਾਲਤ ਨੇ ਦੋਸ਼ ਨੂੰ ਜਾਇਜ ਮੰਨਿਆ ਤਾ ਸਜਾ ਹੋ ਜਾਵੇਗੀ, ਇਹ ਵੱਖਰੀ ਗੱਲ ਹੈ , ਇਹ ਕਨੂੰਨੀ ਪ੍ਰਕਿਰਿਆ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਥੇ ਜੇ ਬੱਚੇ ਨੂੰ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਦਾ ਹੱਕਦਾਰ ਹੋ ਜਾਵੇਗਾ, ਪਰ ਕਿਰਪਾਨ ਜਿਹੜਾ ਕਿਸੇ ਕੌਮ ਦਾ ਧਾਰਮਿਕ ਅਕੀਦੇ ਦਾ ਜਰੂਰੀ ਅੰਗ ਹੈ ਉਸ ਨੂੰ ਬੰਦ 'ਤੇ Ban ਕਿਸੇ ਸੂਰਤ ਵਿੱਚ ਨਹੀਂ ਕੀਤਾ ਜਾ ਸਕਦਾ।

ਆਸਟ੍ਰੇਲੀਆ ਵਿੱਚ ਕੋਈ ਅਜਿਹਾ ਕਨੂੰਨ ਨਹੀਂ ਹੈ ਜਿਸ ਅਨੁਸਾਰ ਕਿਸੇ ਸ਼ਹਿਰੀ ਨੂੰ ਉਸ ਦੇ ਧਾਰਮਿਕ ਵਿਸ਼ਵਾਸ਼ ਤੇ ਅਕੀਦੇ ਤੋਂ ਵੰਚਿਤ ਕੀਤਾ ਜਾ ਸਕਦਾ ਹੋਵੇ।

ਇਥੇ ਇੱਕ ਗੱਲ ਹੋਰ ਬੜੀ ਦਿਲਚਸਪ ਪਤਾ ਲੱਗੀ ਹੈ ਕੇ ਸ਼ਾਇਦ ਉਹ ਲੜਕਾ ਅਮ੍ਰਿਤਧਾਰੀ ਨਹੀਂ ਸੀ ਅਤੇ ਸ਼ਰਾਰਤੀ ਤੋਂ Bullying ਹੋਣ ਕਰਕੇ ਸਤਿਆ ਹੋਇਆ, ਅੱਕਿਆ ਹੋਇਆ ਆਪਣੇ ਘਰੋਂ ਆਪਣੇ ਬੈਗ ਵਿੱਚ ਇਹ ਕਿਰਪਾਨ ਪਾ ਕੇ ਲੈ ਗਿਆ ਸੀ ਅਤੇ ਲੋੜ ਪੈਣ ਤੇ ਵਰਤ ਲਈ। ਇਥੇ ਉਹ Kitchen ਵਿੱਚੋ ਕੋਈ ਵੀ Kitchen Knife ਵਗੈਰਾ ਲਿਜਾ ਸਕਦਾ ਸੀ ਤੇ ਫਿਰ ਕੀ Kitchen ਦੇ Tools 'ਤੇ Knives ਵਗੈਰਾ ਸਰਕਾਰ ਬੰਦ ਕਰ ਦਿੰਦੀ।

ਸੋ ਕੋਈ ਵੀ ਵਜ੍ਹਾ ਨਹੀਂ ਬਣਦੀ ਕਿਰਪਾਨ 'ਤੇ ਪਾਬੰਦੀ ਲਾਉਣ ਦੀ ਅਤੇ ਪੈਰਵਾਈ ਕਰਨ ਵਾਲੇ ਵੀਰਾਂ ਨੂੰ ਡੱਟ ਕੇ ਇਸ ਕੇਸ ਦੀ ਪੈਰਵਾਈ ਕਰਨੀ ਚਾਹੀਦੀ ਹੈ। ਇਹ ਸਿੱਖਾਂ ਦਾ ਗੰਭੀਰ ਮਸਲਾ ਹੈ, ਕਿਸੇ ਵੀ ਸੂਰਤ ਵਿੱਚ ਡੱਟ ਕੇ ਅਦਾਲਤੀ ਸਿਸਟਮ ਦੇ ਸਿਰੇ ਤੱਕ ਜਾ ਕੇ ਵੀ ਆਪਣੇ ਹੱਕ ਦੀ ਸਲਾਮਤੀ ਤੇ ਬਹਾਲੀ ਲਈ ਲੜਨਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top