Khalsa News homepage

 

 Share on Facebook

Main News Page

ਬਲੁ ਹੋਆ ਬੰਧਨ ਛੁਟੇ …(ਇੱਕ ਇਤਿਹਾਸਕ ਪਰਿਪੇਖ)
“ਬਲੁ ਹੋਆ ਬੰਧਨ ਛੁਟੇ …॥54॥” ਸਲੋਕ ਤੋਂ ਪਹਿਲਾਂ ‘ਮਹਲਾ 10’ ਜਾਂ ‘ਪਾਤਸ਼ਾਹੀ 10’ ਦੇ ਸਿਰਲੇਖਕ ਪ੍ਰਤੀਕ ਸਹੀ ਨਹੀਂ, ਸੰਪਰਦਾਈ ਮਿੱਥ ਹੈ
-: ਗਿਆਨੀ ਜਗਤਾਰ ਸਿੰਘ ਜਾਚਕ
26.04.2021
#KhalsaNews #JagtarSingh #Jachak #BalHoya #GuruTegBahadar #GuruGobindSingh

ਗੁਰਮਤਿ ਦਰਸ਼ਨ ਦੇ ਅਬਿਨਾਸੀ ਸੂਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸ੍ਰੀ ਗੁਰੂ ਤੇਗਬਹਾਦਰ ਪਾਤਸ਼ਾਹ ਦੇ ‘ਮਹਲਾ 9’ ਦੇ ਸਿਰਲੇਖ ਹੇਠ 15 ਰਾਗਾਂ ਵਿੱਚ ਕੁੱਲ 59 ਸ਼ਬਦ ਅਤੇ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿੱਚ ‘ਸਲੋਕ ਮਹਲਾ 9 ਦੇ ਸਿਰਲੇਖ ਹੇਠ ਕੁੱਲ 57 ਸਲੋਕ ਹਨ । ਗੁਰਬਾਣੀ ਦੀ ਸੰਪਰਦਾਈ ਪ੍ਰਣਾਲੀ ਦੇ ਨੁਮਾਇੰਦੇ ਡਾ: ਚਰਨ ਸਿੰਘ (ਸੰਨ 1853-1908) ਦੇ ‘ਬਾਣੀ ਬਿਉਰੇ’ ਤੋਂ ਲੈ ਕੇ ਪ੍ਰੋ. ਸਾਹਿਬ ਸਿੰਘ ਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਤਕ ਦੇ ਸਾਰੇ ਵਿਦਵਾਨਾਂ ਨੇ ਉਪਰੋਕਤ ਗਿਣਤੀ ਨੂੰ ਹੀ ਪ੍ਰਵਾਨ ਕੀਤਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਲੋਕ ਨੰਬਰ 53 “ਬਲ ਛੁਟਕਿਓ …॥” ਦਾ ਕਾਵਿਕ ਸਿਰਲੇਖ ‘ਦੋਹਰਾ’ ਹੋਣ ਦੇ ਬਾਵਜੂਦ ਵੀ ਉਸ ਨੂੰ ਸਲੋਕਾਂ ਵਿੱਚ ਹੀ ਗਿਣਿਆ ਹੈ, ਕਿਉਂਕਿ ਉਸ ਦੀ ਕਾਵਿਕ ਬਣਤਰ ਬਾਕੀ ਦੇ ਸਲੋਕਾਂ ਨਾਲ ਮਿਲਦੀ ਜੁਲਦੀ ਹੈ । ਭਾਈ ਵੀਰ ਸਿੰਘ ਰਚਿੱਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਿਕ ਸੰਸਕ੍ਰਿਤ ਵਿੱਚ ਅਨੁਸ਼ਪਟ ਵਜ਼ਨ ਦੇ ਛੰਦਾਂ ਨੂੰ ‘ਸ਼ਲੋਕ’ ਕਹਿੰਦੇ ਹਨ, ਪਰ ਪੰਜਾਬੀ ਵਿੱਚ ਐਸੇ ਵਜ਼ਨ ਦੇ ਛੰਦਾਂ ਨੂੰ ਵੀ ਕਹਿੰਦੇ ਹਨ, ਜੋ ਦੋਹੇ ਜਾਂ ਦੋਹੇ (ਦੋਹਰੇ) ਦੇ ਕਰੀਬ ਹੁੰਦੇ ਹਨ - ਜੈਸੇ ਨਾਵੀਂ ਪਾਤਸ਼ਾਹੀ ਦੇ ਸਲੋਕ ਹਨ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਚੌਥੀ ਜਨਮ-ਸ਼ਤਾਬਦੀ ਨੂੰ ਸਮਰਪਤ ਵੱਖ ਵੱਖ ਸਥਾਨਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਬੋਧ ਸਮਾਗਮ ਕਰਵਾਏ ਜਾ ਰਹੇ ਹਨ । ਗੁਰਬਾਣੀ-ਬੋਧ ਸਿੱਖੀ ਜੀਵਨ ਦਾ ਅਧਾਰ ਹੈ, ਇਸ ਲਈ ਅਜਿਹਾ ਉਪਰਾਲਾ ਅਤਿਅੰਤ ਸ਼ਲਾਘਾਯੋਗ ਹੈ । ਪ੍ਰੰਤੂ, ਉਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕਮਤਾ, ਊਧਮ ਨਗਰ ਦੇ ਪਾਠ-ਬੋਧ ਸਮਾਗਮ ਦੀ 5 ਅਪ੍ਰੈਲ 2021 ਨੂੰ ਜੋ ਵੀਡੀਓ ਵਾਇਰਲ ਹੋਈ ਹੈ, ਉਸ ਨੂੰ ਸੁਣ ਕੇ ਸਿੱਖ ਜਗਤ ਵਿੱਚ ਜ਼ੋਰਦਾਰ ਚਰਚਾ ਚੱਲ ਪਈ ਹੈ ਕਿ ਸ਼੍ਰੋਮਣੀ ਕਮੇਟੀ ਲਈ ਹੁਣ ਅਜਿਹੇ ਸਮਾਗਮ ਕਰਵਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਕਰਵਾਉਣਾ ਅਤਿਅੰਤ ਲਾਜ਼ਮੀ ਹੈ । ਇਸ ਦਾ ਮੁਖ ਕਾਰਣ ਹੈ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਸਹਾਰੇ ਬਣੀ ਸੰਪਰਦਾਈ ਮਿਥ ਮੁਤਾਬਿਕ ਵਿਵਾਦਤ ਵੀਡੀਓ ਵਿੱਚ ਪ੍ਰਚਾਰਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਮਹਲਾ ਨਾਵਾਂ ਦੇ ਅੰਤਮ ਸਲੋਕਾਂ ਵਿੱਚ “ਬਲ ਹੋਆ ਬੰਧਨ ਛੁਟੇ…॥” ਦੋਹਰੇ ਦਾ ਸਿਰਲੇਖ ‘ਮਹਲਾ 10ਵਾਂ’ ਹੈ । ਕਈ ਬੀੜਾਂ ਵਿੱਚ ‘ਪਾਤਸ਼ਾਹੀ 10’ ਵੀ ਲਿਖਿਆ ਮਿਲਦਾ ਹੈ ।

ਵੀਡੀਓ ਵਿੱਚ ਵਕਤਾ ਦਸਦਾ ਹੈ ਕਿ ਇਸ ਤੋਂ ਪਹਿਲਾ ਦੋਹਰਾ “ਬਲ ਛੁਟਕਿਓ…॥” ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ (ਸ੍ਰੀ ਗੋਬਿੰਦ ਰਾਏ) ਦੀ ਪਰਖ ਵਾਸਤੇ ਉਚਾਰਨ ਕੀਤਾ ਸੀ, ਜਿਸ ਦੇ ਉੱਤਰ ਵਿੱਚ ਉਨ੍ਹਾਂ ‘ਬਲ ਹੋਆ ਬੰਧਨ ਛੁਟੇ…॥” ਦੋਹਰਾ ਉਚਾਰਨ ਕੀਤਾ । ਇਸ ਲਈ ਸਿਰਲੇਖ ਮਹਲਾ 10 ਹੈ । ਜ਼ੋਰ ਦੇ ਕੇ ਆਖਿਆ ਗਿਆ ਹੈ ਕਿ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ । ਭਾਵ, ਸ਼੍ਰੋਮਣੀ ਕਮੇਟੀ ਵੱਲੋਂ ਪਾਵਨ ਬੀੜ ਦੀ ਛਪਾਈ ਵਿੱਚ ‘ਮਹਲਾ 10’ ਸਿਰਲੇਖ ਨਾ ਲਿਖਣਾ ਸੱਚਾਈ ਤੋਂ ਮੂੰਹ ਮੋੜਣ ਵਾਲੀ ਭੁੱਲ ਹੈ । ਵੀਡੀਓ ਵਿੱਚ ਵਕਤੇ ਨੇ “…ਟੇਕ ਏਕ ਰਘੁਨਾਥ ॥55॥” ਸਲੋਕ ਵਿੱਚਲੇ ‘ਰਘੁਨਾਥ’ ਨਾਂਵ ਦਾ ਸ਼ੁਧ ਪਾਠ ਤੇ ਅੱਖਰੀ ਰੂਪ ਔਂਕੜ ਰਹਿਤ ‘ਰਘਨਾਥ’ ਠੀਕ ਮੰਨਿਆ ਹੈ । ਇਹ ਉਸ ਦੀ ਗੁਰਬਾਣੀ ਦੀ ਲਿਖਣ ਸ਼ੈਲੀ ਅਤੇ ਭਾਸ਼ਾਈ ਅਗਿਆਨਤਾ ਦਾ ਸਿੱਟਾ ਹੈ, ਕਿਉਂਕਿ ‘ਪ੍ਰਕਾਸ਼’ ਅਰਥ ਰੱਖਣਵਾਲਾ ‘ਰਘੁ’ ਪਦ ਸੰਸਕ੍ਰਿਤ ਸੰਗਿਆ/ਵਿਸ਼ੇਸ਼ਣ ਹੋਣ ਕਰਕੇ ‘ਘੁ’ ਉਕਰਾਂਤ ਮੂਲਿਕ ਹੋਣ ਕਾਰਣ ਲੋੜੀਂਦਾ ਹੈ । ਸ਼੍ਰੋਮਣੀ ਕਮੇਟੀ ਵੱਲੋਂ ਸੰਨ 1976 ਵਿੱਚ ਪ੍ਰਕਾਸ਼ਤ ਹੋਈ ‘ਪਾਠ-ਭੇਦ ਸੂਚੀ’ ਦੇ ਖੋਜੀ ਵਿਦਵਾਨਾਂ ਨੇ ਵੀ ‘ਰਘੁਨਾਥ’ ਸ਼ੁਧ-ਪਾਠ ਮੰਨਿਆ ਹੈ । ਇਹੀ ਕਾਰਣ ਹੈ ਕਿ ਛਾਪੇ ਦੀ ਪਾਵਨ ਬੀੜ ਵਿੱਚ ਹੇਠ ਲਿਖੇ ਅਨੁਸਾਰ ਇੱਕ ਵਾਰ ‘ਰਘੁ’ ਨਾਂਵ ਰਘੁਵੰਸ਼ੀ ਸ੍ਰੀ ਰਾਮਚੰਦਰ ਦੇ ਅਰਥ ਵਿੱਚ ਅਤੇ 3 ਵਾਰ ‘ਰਘੁਨਾਥ’, 3 ਵਾਰ ‘ਰਘੁਰਾਇਆ’, 2 ਵਾਰ ‘ਰਘੁਰਾਈ’ ਤੇ ਇੱਕ ਵਾਰ ‘ਰਘੁਰਾਇਓ’ ਵਰਗੇ ਕਰਤਾਰ ਬੋਧਕ ਨਾਂਵ ਸਭ ਥਾਈਂ ਔਂਕੜ ਸਹਿਤ ਮਿਲਦੇ ਹਨ :

ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ‘ਰਘੁ’ ਤੇਜੁ ਹਰਿਓ ॥ {ਪੰ. ੧੩੮੯}
ਜਲ ਥਲ ਰਾਖਨ ਹੈ ‘ਰਘੁਨਾਥ’ ॥ {ਪੰ. ੧੧੬੨}
ਭੋਲੇ ਭਾਇ ਮਿਲੇ ‘ਰਘੁਰਾਇਆ’ ॥ {ਪੰ. ੩੨੪}
ਏ ਬਾਰਿਕ ਕੈਸੇ ਜੀਵਹਿ ‘ਰਘੁਰਾਈ’ ॥ {ਪੰ.੫੨੪}
ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ‘ਰਘੁਰਾਇਓ’ ॥ {ਪੰ.੨੦੫}

ਉਪਰੋਕਤ ਕਿਸਮ ਦੀ ਦੁਬਿਧਾਜਨਕ ਤੇ ਗੁਰਇਤਿਹਾਸ ਦੇ ਸੱਚ ਤੋਂ ਸੱਖਣੀ ਜਾਣਕਾਰੀ ਸਿੱਖ ਸੰਗਤਾਂ ਲਈ ਦੁਚਿੱਤੇਪਨ ਦਾ ਕਾਰਣ ਬਣ ਰਹੀ ਹੈ । ਵੀਡੀਓ ਦਾ ਉਪਰੋਕਤ ਕਥਨ ਪੁਰਾਤਨ ਬੀੜਾਂ ਦੇ ਲਿਖਤੀ ਸੱਚ ਤੋਂ ਭਾਵੇਂ ਸੱਖਣਾ ਵੀ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ 1976 ਵਿੱਚ ਛਾਪੀ ਖੋਜ ਪੁਸਤਕ ‘ਪਾਠ-ਭੇਦਾਂ ਦੀ ਸੂਚੀ’ ਵਿੱਚ ਅਜਿਹੀਆਂ ਕੁਝ ਬੀੜਾਂ ਦਾ ਵਰਨਣ ਮਿਲਦਾ ਹੈ । ਦਮਦਮੀ ਟਕਸਾਲ ਜਥਾ ਭਿੰਡਰਾਂ, ਮਹਿਤਾ ਵੱਲੋਂ ਪ੍ਰਕਾਸ਼ਤ ਪੁਸਤਕ ‘ਗੁਰਬਾਣੀ ਪਾਠ ਦਰਪਣ’ ਜੋ ਕਰਤਾਰਪੁਰੀ ਤੇ ਦਮਦਮੀ ਬੀੜ ਵਿੱਚ 1500 ਪਾਠ-ਭੇਦਾਂ ਦਾ ਪ੍ਰਗਟਾਵਾ ਕਰਦੀ ਹੈ, ਉਸ ਦੀ ਪੰਜਵੀਂ ਐਡੀਸ਼ਨ ਦੇ ਪੰਨਾ 660 ’ਤੇ ਟਕਸਾਲ ਦੇ ਮੁਖੀ ਗਿ. ਗੁਰਬਚਨ ਸਿੰਘ ‘ਖ਼ਾਲਸਾ’ ਜੀ ਦਾ “ਬਲ ਹੋਆ ਬੰਧਨ ਛੁਟੇ……॥” ਤੁਕ ਨਾਲ 7 ਨੰਬਰ ਦਾ ਹੇਠ ਲਿਖਿਆ ਵਿਸ਼ੇਸ਼ ਨੋਟ ਹੈ :

ਦਸਮ ਸ੍ਰੀ ਮੁਖਵਾਕ ਹੈ, ਪਟਨੇ ਸਾਹਿਬ ਮੈਣੀ ਸੰਗਤ ਵਿਖੇ ਜੋ ਬੀੜ ਆਪ ਜੀ ਨੇ ਲਿਖਾਈ ਹੈ, ਉਸ ਵਿਚ ਮਹਲਾ 10ਵਾਂ ਹੈ, ਬਾਬੇ ਦੀਪ ਸਿੰਘ ਵਾਲੀ ਬੀੜ ਵਿੱਚ ਪਾਠ ਦਸਵਾਂ ਹੈ । ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਭੀ ਇਕ ਦੋਹਰਾ ਕਲਗੀਧਰ ਵੱਲੋਂ ਉਚਾਰਨ ਕੀਤਾ ਲਿਖਿਆ ਹੈ, ਛਾਪੇ ਦੀਆਂ ਬੀੜਾਂ ਵਿੱਚ ਇਹ ਨਿਸ਼ਾਨ ਨਹੀਂ ਹਨ ।

ਭਾਈ ਸਾਹਿਬ ਭਾਈ ਵੀਰ ਸਿੰਘ ਦੁਆਰਾ ਸੰਪਾਦਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 12ਵੀਂ ਰਾਸ਼ਿ ਵਿੱਚ ਉਪਰੋਕਤ ਵਰਨਣ ਵਾਲਾ ਦੋਹਰਾ ਤੇ ਸਿਰਲੇਖ ਮਿਲਦਾ ਅਵੱਸ਼ ਹੈ, ਪ੍ਰੰਤੂ ਭਾਈ ਸਾਹਿਬ ਨੇ ਉਥੇ ਇੱਕ ਵਿਸ਼ੇਸ਼ ਨੋਟ ਲਿਖ ਕੇ ਸਪਸ਼ਟ ਕੀਤਾ ਹੈ ਕਿ ਸੂਰਜ ਪ੍ਰਕਾਸ਼ ਦੇ ਤਿੰਨ ਹੱਥ ਲਿਖਤੀ ਨੁਸਖਿਆਂ ਵਿੱਚ ਉਨ੍ਹਾਂ ਨੂੰ ‘ਪਾਤਸ਼ਾਹੀ 10’ ਸਿਰਲੇਖ ਨਹੀਂ ਮਿਲਿਆ । ਫ਼ਰੀਦਕੋਟ ਰਿਆਸਤ ਦੇ ਰਾਜਾ ਬਿਕਰਮ ਸਿੰਘ ਨੇ 19ਵੀਂ ਸਦੀ ਦੇ ਅਖੀਰ ਵਿੱਚ ਗਿਆਨੀ ਬਦਨ ਸਿੰਘ ਨਿਰਮਲੇ ਵਰਗੇ ਸੰਪਰਦਾਈ ਵਿਦਵਾਨਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿਆਰ ਕਰਵਾਇਆ ਸੀ । ਉਸ ਫ਼ਰੀਦਕੋਟੀ ਟੀਕੇ ਵਿੱਚ “ਬਲ ਛੁਟਕਿਓ ਬੰਧਨ ਪਰੇ…॥” ਦੋਹਰੇ ਨਾਲ ਹੇਠ ਲਿਖੀ ਇਬਾਰਤ ਵੀ ਲਿਖੀ ਮਿਲਦੀ ਹੈ, ਜਿਸ ਨੂੰ ਸ਼ਬਦਾਰਥੀ ਵਿਦਵਾਨਾਂ ਨੇ ਵੀ ਪਾਠਕਾਂ ਦੀ ਵਾਧੂ ਜਾਣਕਾਰੀ ਹਿਤ ਇੱਕ ਵਿਸ਼ੇਸ਼ ਨੋਟ ਵਜੋਂ ਵੀ ਅੰਕਿਤ ਕੀਤਾ ਹੈ :

ਦੋਹਰਾ ॥
ਕਹਿੰਦੇ ਹਨ ਕਿ ਇਹ ਦੋਹਿਰਾ ਗੁਰੂ ਜੀ ਨੇ ਦਿੱਲੀ ਤੋਂ ਕੈਦ ਦੀ ਹਾਲਤ ਵਿੱਚ ਲਿਖ ਕੇ ਦਸ਼ਮੇਸ਼ ਜੀ ਨੂੰ ਭੇਜਿਆ ਸੀ । ਇਸ ਵਿੱਚ ਉਨ੍ਹਾਂ ਦਾ ਇਰਾਦਾ ਆਪਣੇ ਸਪੁੱਤਰ ਦੀ ਤਕੜਾਈ ਨੂੰ ਪਰਖਣ ਦਾ ਸੀ । ਅਗਲੇ ਦੋਹਿਰੇ ਵਿੱਚ ਦਸ਼ਮੇਸ਼ ਜੀ ਵੱਲੋਂ ਉੱਤਰ ਦਿੱਤਾ ਹੋਇਆ ਹੈ । ਕਈਆਂ ਬੀੜਾਂ (ਜਿਵੇਂ ਭਾਈ ਬੰਨੋ ਵਾਲੀ ਅਤੇ ਤਖ਼ਤ ਪਟਨਾ ਸਾਹਿਬ ਵਾਲੀ) ਵਿੱਚ ਇਸ ਦੇ ਨਾਲ ‘ਮਹਲਾ 10’ ਦਿੱਤਾ ਹੋਇਆ ਹੈ । ਜਿਥੇ ‘ਮਹਲਾ 10’ ਨਾਲ ਦਿੱਤਾ ਹੈ, ਉਥੇ ਦੂਜੀ ਤੁਕ ਦਾ ਪਾਠ ਇਉਂ ਆਉਂਦਾ ਹੈ : ‘ਸਭ ਕਛੁ ਤੁਮਰੈ ਹਾਥ ਮਹਿ ਤੁਮ ਹੀ ਹੋਇ ਸਹਾਇ’ । ਇਸ ਦੋਹਿਰੇ ਮਗਰੋਂ ‘ਮਹਲਾ 9’ ਦੇ ਕੇ ਸ਼ਲੋਕ ਜ਼ਾਰੀ ਕੀਤੇ ਹਨ ।

ਪੰਥ-ਦਰਦੀ ਵਿਦਵਾਨਾਂ ਦਾ ਮਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਅਜਿਹੇ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਕਰਨਾ ਅਤਿਅੰਤ ਲੋੜੀਂਦਾ ਹੈ, ਕਿਉਂਕਿ ਉਨ੍ਹਾਂ ਦੇ ਖੋਜਕਾਰਾਂ ਨੇ ਹੀ ਛਾਪੇ ਦੀ ਬੀੜ ਅਤੇ ਪ੍ਰਚੀਨ ਹੱਥ ਲਿਖਤੀ ਬੀੜਾਂ ਵਿੱਚ ਹਜ਼ਾਰਾਂ ਪਾਠ-ਭੇਦ ਪ੍ਰਗਟ ਕੀਤੇ ਹਨ । ਬਾਕੀ ਦੀਆਂ ਸਿੱਖ ਸੰਸਥਾਵਾਂ ਨੂੰ ਵੀ ਇਸ ਪੱਖੋਂ ਯਤਨਸ਼ੀਲ ਹੋਣਾ ਚਾਹੀਦਾ ਹੈ, ਕਿਉਂਕਿ ਸਿੱਖ ਰਹਿਤ ਮਰਯਾਦਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਗੁਰਮਤੇ ਦਾ ਅਧਿਕਾਰ ਦਿੰਦੀ ਹੈ । ਪਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਪੁਰਾਤਨ ਬੀੜਾਂ ਦੇ ਸਾਰੇ ਪਾਠ-ਭੇਦਾਂ ਤੇ ਪੱਖਾਂ ਨੂੰ ਅੱਖਾਂ ਬੰਦ ਕਰਕੇ ਪ੍ਰਵਾਨ ਕਰ ਲਿਆ ਜਾਵੇ । ਉਨ੍ਹਾਂ ਵਿੱਚੋਂ ਕੇਵਲ ਉਹੀ ਪਾਠ ਸ਼ੁਧ ਮੰਨ ਕੇ ਪ੍ਰਵਾਨ ਕੀਤੇ ਜਾ ਸਕਦੇ ਹਨ, ਜਿਹੜੇ ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ ਦੇ ਚਾਨਣ ਵਿੱਚ ਗੁਰਇਤਿਹਾਸ ਦੇ ਸੱਚ ਅਤੇ ਗੁਰਮਤਿ ਦੀ ਸਿਧਾਂਤਕ ਪਰਖ ਘਸਵੱਟੀ ’ਤੇ ਖਰੇ ਉਤਰਦੇ ਹੋਣ । ਪ੍ਰਾਚੀਨ ਪੋਥੀਆਂ ਵਿੱਚ ਤਾਂ ‘ਸੱਤਾ ਤੇ ਬਲਵੰਡ’ ਦੀ ਵਾਰ ਨਾਲ ਛੇਵੇਂ ਪਾਤਸ਼ਾਹ ਦੀ ਉਸਤਤ ਵੀ ਮਿਲਦੀ ਹੈ ਅਤੇ ਨਾਵੇਂ ਪਾਤਸ਼ਾਹ ਦੇ 57 ਸਲੋਕਾਂ ਪਿੱਛੋਂ ‘ਬੈਂਤ ਮਹਲਾ ਨਾਵਾਂ 9’ ਵੀ ਅੰਕਤ ਹੈ । ਸਲੋਕਾਂ ਦੀ ਤਰਤੀਬ ਵਿੱਚ ਵੀ ਇਕਸਾਰਤਾ ਨਹੀਂ ਹੈ । ਸਲੋਕਾਂ ਦਾ ਜੁਮਲਾ 63 ਗਿਣਿਆ ਗਿਆ ਹੈ, ਪਰ ਇਹ ਦੋਵੇਂ ਲਿਖਤਾਂ ਨਕਲੀ ਹੋਣ ਕਰਕੇ ਕਿਸੇ ਵੀ ਸਮੇਂ ਪ੍ਰਵਾਨ ਨਹੀਂ ਕੀਤੀਆਂ ਗਈਆਂ ।

ਹਕੀਕਤ ਤਾਂ ਇਹ ਹੈ ਕਿ ਜਦੋਂ ਤਕ ਗੁਰੂ ਕਾਲ ਦੀਆਂ ਭੱਟ-ਵਹੀਆਂ, ਸਮਕਾਲੀ ਹਕੂਮਤ ਦੇ ਦਫ਼ਤਰੀ ਵੇਰਵੇ, ਬਿਦੇਸ਼ੀ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਗੁਰਬਾਣੀ ਦੀਆਂ ਹੱਥ ਲਿਖਤੀ ਪੁਰਾਤਨ ਬੀੜਾਂ ਆਦਿਕ ਪਰਦੇ ਵਿੱਚ ਰਹੀਆਂ; ਤਦੋਂ ਤਕ ਤਾਂ ਸਾਡੇ ਸੰਪਰਦਾਈ ਬਜ਼ੁਰਗ ਨਿਰਮਲੇ ਮਹਾਂਕਵੀ ਭਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ (ਸੰਨ 1843) ਅਤੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ (ਸੰਨ 1880) ਤੇ ਖ਼ਾਲਸਾ ਤਵਾਰੀਖ਼ ਅਨੁਸਾਰ ਗੁਰਬਾਣੀ ਅਧਾਰਿਤ ਉਪਰੋਕਤ ਕਿਸਮ ਦੀਆਂ ਮਿੱਥਾਂ ਸਿਰਜਦੇ ਰਹੇ ਤੇ ਸਿੱਖ ਸਮਾਜ ਵੱਲੋਂ ਉਨ੍ਹਾਂ ਨੂੰ ਕਿਸੇ ਹੱਦ ਤਕ ਸੱਚ ਵੀ ਮੰਨਿਆ ਜਾਂਦਾ ਰਿਹਾ ਹੈ । ਪਰ 20ਵੀਂ ਸਦੀ ਵਿੱਚ ਜਦੋਂ ਡਾ. ਗੰਡਾ ਸਿੰਘ ਤੇ ਸ੍ਰ. ਕਰਮ ਸਿੰਘ ਵਰਗੇ ਖੋਜੀ ਇਤਿਹਾਸਕਾਰਾਂ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਤੇ ਡਾ. ਭਗਤ ਸਿੰਘ ਵਰਗੇ ਗੁਰਬਾਣੀ ਤੇ ਗੁਰਮਤਿ ਦਰਸ਼ਨ ਦੇ ਵਿਦਵਾਨਾਂ ਅਤੇ ਪ੍ਰਾਚੀਨ ਬੀੜਾਂ ਦੇ ਖੋਜੀਆਂ ਦੀ ਬਦੌਲਤ ਉਪਰੋਕਤ ਸਭ ਕੁਝ ਪੰਥ ਦੀ ਕਚਿਹਰੀ ਵਿੱਚ ਪੇਸ਼ ਹੈ । ਤਾਂ ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਦੀਆਂ ਕਾਵਿਕ ਕਲਪਨਾਵਾਂ ’ਤੇ ਅਧਾਰਿਤ ਸੰਪਰਦਾਈ ਵਿਦਵਾਨਾਂ ਦੇ ਕਿਆਫੇ ਕਿਵੇਂ ਸੱਚੇ ਮੰਨੇ ਜਾ ਸਕਦੇ ਹਨ ?

ਸੂਰਜ ਪ੍ਰਕਾਸ਼ ਮੁਤਾਬਿਕ ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਵਿਖੇ ਕੈਦ ਵਿੱਚ ਰੱਖਿਆ, ਜਿਥੇ ਸਮੇਂ ਸਮੇਂ ਔਰੰਗਜ਼ੇਬ ਤੇ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਆਪਸੀ ਸੰਬਾਦ ਵੀ ਹੁੰਦਾ ਰਿਹਾ । ਗੁਰੂ ਜੀ ਨੂੰ ਕੋਤਵਾਲੀ ਵਿਖੇ ਕਈ ਮਹੀਨੇ ਸਖਤ ਪਹਿਰੇ ਹੇਠ ਪਿੰਜਰੇ ਵਿੱਚ ਪਾਈ ਰੱਖਿਆ । ਉਹ ਆਪਣੀ ਆਤਮਕ ਸ਼ਕਤੀ ਸਦਕਾ ਸਿੱਖਾਂ ਦੇ ਘਰਾਂ ਵਿੱਚ ਪਰਸ਼ਾਦੇ ਵੀ ਛਕਦੇ ਰਹੇ ਅਤੇ ਕੇਸ਼ੀ ਇਸ਼ਨਾਨ ਕਰਕੇ ਛੱਤ ਉੱਪਰ ਕੇਸ਼ ਵੀ ਸਕਾਉਂਦੇ ਰਹੇ । ਗੁਰੂ ਜੀ ਨੇ ਜੋ ਬਾਣੀ ਉਚਾਰੀ, ਉਹ ਦੀਵਾਨ ਸਤੀਦਾਸ ਨੇ ਲਿਖੀ ਪਰ ਪਹਿਰੇਦਾਰ ਸਿਪਾਹੀਆਂ ਵੱਲੋਂ ਖੋਹ ਲਈ ਗਈ । ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਜੀ ਨਾਲ ਚਿੱਠੀ ਪਤਰ ਵੀ ਹੁੰਦਾ ਰਿਹਾ । ਗੁਰੂ ਜੀ ਵੱਲੋਂ ਸਾਹਿਬਜ਼ਾਦੇ ਨੂੰ ਗੁਰਿਆਈ ਲਈ ਪਰਖਣ ਅਤੇ ਗੁਰਿਆਈ ਬਖ਼ਸ਼ਣ ਦੀ ਸਾਰੀ ਕਾਰਵਾਈ ਵੀ ਦਿੱਲੀ ਦੀ ਕੈਦ ’ਚੋਂ ਤੋਂ ਕੀਤੀ । ਪ੍ਰੰਤੂ ਲੇਖਕ ਕਵੀ ਨੇ ਇਸ ਕਾਲਪਨਿਕ ਕਾਰਵਾਈ ਦਾ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ “ਬਲ ਛੁਟਕਿਓ…॥53॥ ” ਨੰਬਰ ਦੋਹਰੇ ਅਤੇ “ਬਲ ਹੋਆ…॥54” ਨੰਬਰ ਸਲੋਕਾਂ ਨੂੰ ਬਣਾਇਆ, ਜਿਸ ਨੂੰ ਸਿੱਖ ਸੰਪਰਦਾਵਾਂ ਨੇ ਜ਼ੋਰਦਾਰ ਢੰਗ ਨਾਲ ਪ੍ਰਚਾਰਿਆ । ਅਸਲ ਵਿੱਚ ਇਹੀ ਜੜ੍ਹ ਹੈ ਸਾਰੇ ਵੀਡੀਓ ਵਿਵਾਦ ਦੀ ।

ਪਰ ਦਿੱਲੀ ਦਰਬਾਰ ਦੇ ਦਫ਼ਤਰੀ ਰੀਕਾਰਡ ਅਤੇ ਅਨਮਤੀ ਇਤਿਹਾਸਕਾਰਾਂ ਦੀ ਲਿਖਤਾਂ ਤੋਂ ਨਿਸ਼ਚੇ ਹੁੰਦਾ ਹੈ ਕਿ ਗੁਰੂ ਜੀ ਦੀ ਗ੍ਰਿਫ਼ਤਾਰੀ ਤੇ ਸ਼ਹਾਦਤ ਮੌਕੇ ਔਰੰਗਜ਼ੇਬ ਹਸਨ-ਅਬਦਾਲ ਵਿੱਚ ਸੀ । ਉਥੋਂ ਹੀ ਉਸ ਨੇ ਗੁਰਦੇਵ ਜੀ ਦੀ ਗ੍ਰਿਫ਼ਤਾਰੀ ਤੇ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਸਨ । ਡਾ. ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਦੇ ਅੰਗਰੇਜ਼ੀ ਵਿੱਚ ਰਚਿਤ ਅਤੇ ਡਾ. ਭਗਤ ਸਿੰਘ ਦੇ ਅਨੁਵਾਦਤ ‘ਸਿੱਖ ਇਤਿਹਾਸ’ ਮੁਤਾਬਿਕ ਮੁਹੰਮਦ ਸਾਕੀ ਮੁਸਤਅਦ ਖ਼ਾਂ ਦੀ ਪੁਸਤਕ ‘ਮੁਆਸਿਰੀ-ਆਲਮਗੀਰੀ’ ਅਨੁਸਾਰ ਔਰੰਗਜ਼ੇਬ ਸਰਹਦੀ ਅਫ਼ਗਾਨਾਂ ਤੇ ਪਠਾਣਾਂ ਦੀ ਬਗਾਵਤ ਦਬਾਉਣ ਲਈ 7 ਅਪ੍ਰੈਲ 1674 ਨੂੰ ਉਹ ਦਿੱਲੀ ਤੋਂ ਹਸਨ ਅਬਦਾਲ (ਪੰਜਾ ਸਾਹਿਬ) ਨੂੰ ਤੁਰਿਆ । ਉਥੋਂ ਉਹ 23 ਦਸੰਬਰ 1675 ਨੂੰ ਵਾਪਸ ਮੁੜਿਆ ਤੇ 21 ਜਨਵਰੀ 1676 ਨੂੰ ਲਾਹੌਰ ਪੁੱਜਿਆ । ਇਕ ਮਹੀਨਾ ਚਾਰ ਦਿਨ ਲਾਹੌਰ ਰਹਿ ਕੇ 24 ਫ਼ਰਵਰੀ ਨੂੰ ਉਥੋਂ ਚੱਲਿਆ ਤੇ 27 ਮਾਰਚ 1676 ਈ. ਨੂੰ ਮੁੜ ਦਿੱਲੀ ਪੁੱਜਾ । ਸਪਸ਼ਟ ਹੈ ਕਿ 7 ਅਪ੍ਰੈਲ 1674 ਤੋਂ 27 ਮਾਰਚ 1676 ਤਕ ਇੱਕ ਸਾਲ ਗਿਆਰਾਂ ਮਹੀਨੇ ਤੇ ਇੱਕੀ ਦਿਨ ਔਰੰਗਜ਼ੇਬ ਦਿੱਲੀ ਤੋਂ ਬਾਹਰ ਰਿਹਾ ।

ਸੁਜਾਨ ਰਾਇ ਭੰਡਾਰੀ ‘ਖ਼ਲਾਸਾਤੁਤ-ਤਵਾਰੀਖ਼’ ਵਿੱਚ ਗੁਰੂ ਤੇਗਬਹਾਦਰ ਸਾਹਿਬ ਦੀ ਸ਼ਹੀਦੀ ਤੋਂ 22 ਸਾਲ ਪਿੱਛੋਂ ਸੰਨ 1697 ਨੂੰ ਲਿਖਦਾ ਹੈ ਕਿ “ਗੁਰੂ ਸਾਹਿਬ ਦਰ ਕੈਦਿ ਉਮਰਾਇ ਬਾਦਸ਼ਾਹੀ ਦਰ ਆਮਦਾ ਦਰ ਸ਼ਾਹਜਾਹਾਨਾਬਾਦ ਕੁਸ਼ਤਾ ਸ਼ੁਦ ।” ਭਾਵ, ਗੁਰੂ ਸਾਹਿਬ ਉਮਰਾ ਦੀ ਕੈਦ ਵਿੱਚ ਪਾ ਦਿੱਤੇ ਗਏ ਤੇ ਦਿੱਲੀ ਵਿੱਚ ਸ਼ਹੀਦ ਕਰ ਦਿੱਤੇ ਗਏ । ਇਹੀ ਗੱਲ ਗ਼ੁਲਾਮ ਹੁਸੈਨ ਲਿਖਦਾ ਹੈ ਕਿ “ਤੇਗ਼ ਬਹਾਦਰ ਦਰ ਕੈਦਿ ਉਮਰਾਇ ਆਲਮਗੀਰ ਉਫ਼ਤਾਦ ।” ਡਾ. ਭਗਤ ਸਿੰਘ ਦਾ ਕਥਨ ਹੈ ਕਿ ਜੇ ਬਾਦਸ਼ਾਹ ਦਿੱਲੀ ਵਿੱਚ ਹੁੰਦਾ ਤਾਂ ਲਿਖਿਆ ਜਾਣਾ ਸੀ ‘ਦਰ ਕੈਦਿ ਬਾਦਸ਼ਾਹੀ ਦਰ ਆਮਦ’ । ਭੱਟ ਵਹੀਆਂ ਵੀ ਗੁਰੂ ਜੀ ਦੀ ਪੇਸ਼ੀ ਦਿੱਲੀ ਦੇ ਸੂਬੇਦਾਰ ਸਾਹਮਣੇ ਮੰਨਦੀਆਂ ਹਨ, ਨਾ ਕਿ ਬਾਦਸ਼ਾਹ ਔਰੰਗਜ਼ੇਬ ਦੇ ਹਜ਼ੂਰ ।

ਇਤਿਹਾਸ ਮੁਤਾਬਿਕ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਖ਼ੁਫੀਆ ਹੁਕਮ ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਨੂੰ ਭੇਜਿਆ ਤੇ ਉਸ ਨੇ ਉਹ ਹੁਕਮ ਸਰਹਿੰਦ ਦੇ ਫ਼ੌਜਦਾਰ ਦਿਲਾਵਰ ਖ਼ਾਂ ਨੂੰ ਦਿੱਤਾ । ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਨੇ ਸਰਹਿੰਦ ਦੇ ਸੂਬੇਦਾਰ ਦਿਲਾਵਰ ਖ਼ਾਂ ਦੇ ਆਦੇਸ਼ ਮੁਤਾਬਿਕ ਗੁਰੂ ਜੀ ਨੂੰ ਤਿੰਨ ਸਿੱਖਾਂ ਸਮੇਤ ਮਲਕਪੁਰ ਰੰਘੜਾਂ ਤੋਂ ਗ੍ਰਿਫ਼ਤਾਰ ਕੀਤਾ । ‘ਸੀਅਰ-ਉਲ-ਮੁਤਖ਼ਾਰੀਨ’ ਵਿੱਚ ਗ਼ੁਲਾਮ ਹੁਸੈਨ ਲਿਖਦਾ ਹੈ “ਆਲਮਗ਼ੀਰ ਬਾਅਦ ਇਸਤਮਾਏ ਈਂ ਖ਼ਬਰ ਬ-ਹਾਕਮ ਲਾਹੌਰ ਨਵਿਸ਼ਤ ਕਿ ਤੇਗ਼ ਬਹਾਦਰ ਰਾ ਗ੍ਰਿਫ਼ਤਾਰ ਮੁਕਯਦ-ਉ ਮਹਬੂਸ ਦਾਰੰਦ । ਚੁਨਾਂਚਿ ਹਸਬਉਲ ਹੁਕਮ ਬ-ਅਮਲ ਆਮਦ ।” ਭਾਵ, ਲਾਹੌਰ ਦੇ ਹਾਕਮ ਨੂੰ ਹੁਕਮ ਹੋਇਆ ਕਿ ਗੁਰੂ ਤੇਗ਼ਬਹਾਦਰ ਜੀ ਨੂੰ ਕੈਦ ਕੀਤਾ ਜਾਏ । ਹੁਕਮ ਅਨੁਸਾਰ ਇਸ ਤਰ੍ਹਾਂ ਹੀ ਕੀਤਾ ਗਿਆ । ‘ਫ਼ਰਖਸੀਅਰ ਨਾਮਾਂ’ ਵੀ ਗੁਰੂ ਜੀ ਨੂੰ ਰੋਪੜ ਨੇੜਿਓਂ ਗ੍ਰਿਫ਼ਤਰ ਕਰਨ ਦੀ ਗਵਾਹੀ ਭਰਦਾ ਹੈ । ਡਾ. ਜੇਮਜ਼ ਬਰਗਿਜ਼ ਦੀ ਰਚਿੱਤ ‘ਕਰੋਨਲੋਜ਼ੀ ਆਫ਼ ਮਾਰਡਨ ਇੰਡੀਆ 1494-1894’ ਦਾ 119 ਨੰ. ਪੰਨਾ ਵੀ ਇਸ ਹਕੀਕਤ ਦੀ ਪੁਸ਼ਟੀ ਕਰਦਾ ਹੈ । ਭੱਟ ਵਹੀਆਂ ਤੋਂ ਵੀ ਉਪਰੋਕਤ ਲਿਖਤ ਸਹੀ ਸਿੱਧ ਹੁੰਦੀ ਹੈ । ‘ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲ੍ਹਾਨੇ ਬਲਉਂਤੋਂ ਕਾ’ ਵਿੱਚ ਪੱਕਾ ਵੇਰਵਾ ਹੈ :

ਗੁਰੂ ਤੇਗ਼ਬਹਾਦਰ ਮਹਲ ਨਾਮਾਂ ਕੋ ਨੂਰ ਮੁਹੰਮਦ ਖ਼ਾਨ ਮਿਰਜ਼ਾ ਚਉਂਕੀ ਰੋਪਰ (ਰੋਪੜ) ਵਾਲੇ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਬਾਰਾਂ ਕੇ ਦਿਹੁੰ ਗ੍ਰਾਮ ਮਲਕਪੁਰ ਰੰਘੜਾਂ ਪਰਗਣਾ ਘਨੌਲਾ ਸੇ ਪਕੜ ਕਰ ਸਰਹੰਦ ਮੇਂ ਪਹੁੰਚਾਇਆ ! ਗੈਲੋਂ (ਸਾਥ) ਦੀਵਾਨ ਮਤੀਦਾਸ ਸਤੀਦਾਸ ਬੇਟਾ ਹੀਰਾ ਮੱਲ ‘ਛਿੱਬਰ’ ਬਲਉਂਤ ਕਾ ਪਕੜਾ ਆਇਆ । ਚਾਰ ਮਾਸ ਬੱਸੀ ਪਠਾਨਾਂ ਬੰਦੀ ਬੰਦੀਖ਼ਾਨੇ ਬੰਦ ਰਹੇ । ਦੁਸ਼ਟਾਂ ਗੁਰੂ ਜੀ ਕੋ ਘਣਾ ਕਸ਼ਟ ਦੀਆ । ਗੁਰੂ ਜੀ ਨੇ ਭਾਣੇ ਕੋ ਮਾਨਾ ।.. {ਗੁਰੂ ਕੀਆਂ ਸਾਖੀਆਂ - ਪੰ. 80}

‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਕੇਸਰ ਸਿੰਘ ਛਿਬਰ ਲਿਖਦਾ ਹੈ :

ਰੋਪੜ ਵਾਲੇ ਆਦਮੀ ਭੇਜਿਆ ਸਿਰੰਦਿ ।
“ਆਉ ਫਉਜ ਲੈ ਜਾਓ, ਅਸਾਂ ਸਾਹਿਬ ਕੀਤੇ ਬੰਦਿ” ।79।
ਸੋ ਪਿੰਜਰਾ ਲੋਹੇ ਦਾ ਕਰਿ ਲਿਆਏ । ਸਾਹਿਬ ਤਿਸ ਵਿਚਿ ਲੀਤੇ ਪਾਇ ।80।
ਚਉਥੇ ਮਹੀਨੇ ਸਾਹਿਬ ਦਿਲੀ ਜਾਇ ਪਹੁਤੇ । ਵਿਚਿ ਮਾਰਗ ਦੁਖ ਪਾਇ ਬਹੁਤੇ ।83।

ਸਪਸ਼ਟ ਹੈ ਕਿ ਗੁਰੂ ਸਾਹਿਬ ਨੂੰ ਮਲਕਪੁਰ ਰੰਗੜਾਂ (ਰੋਪੜ) ਤੋਂ ਗ੍ਰਿਫ਼ਤਾਰ ਕਰਕੇ ਅਗਲੇ ਸ਼ਾਹੀ ਹੁਕਮ ਦੀ ਉਡੀਕ ਵਿੱਚ ਸਰਹੰਦ ਵਿਖੇ ਬੱਸੀ ਪਠਾਣਾਂ ਦੇ ਬੰਦੀਖ਼ਾਨੇ ਵਿੱਚ ਕੈਦ ਰੱਖਿਆ ਗਿਆ । ਗ਼ੁਲਾਮ ਹੁਸੈਨ ਲਿਖਦਾ ਹੈ “ਬਾਅਦ ਚੰਦ ਰੋਜ਼ ਹੁਕਮੇ ਦੀਗਰ ਦਰ ਬਾਰਾਇ ਤੇਗ਼ ਬਹਾਦਰ ਰਸੀਦ ਕਿ ਊ ਰਾ ਕੁਸ਼ਤਾ ਵਜੂਦਸ਼ ਰਾ ਚੰਦ ਹਿੱਸਾ ਨਮੂਦਹ ਅਤਰਾਫ਼ੇ ਸ਼ਹਿਰ ਬਿਆਵੈਜ਼ੰਦ, ਹਸਬਉਲ ਹੁਕਮ ਬਵਕੂਹ ਪੈਵਸਤ ।” ਭਾਵ, ਕੁਝ ਦਿਨਾਂ ਪਿੱਛੋਂ (ਗੁਰੂ) ਤੇਗ਼ ਬਹਾਦਰ ਜੀ ਬਾਰੇ ਦੂਜਾ ਹੁਕਮ ਆ ਪੁੱਜਾ ਕਿ ਉਨ੍ਹਾਂ ਨੂੰ ਕਤਲ (ਸ਼ਹੀਦ) ਕਰ ਦਿੱਤਾ ਜਾਏ ਅਤੇ ਉਨ੍ਹਾਂ ਦੇ ਜਿਸਮ ਦੇ ਕੁਝ ਟੁਕੜੇ ਕਰਕੇ ਸ਼ਹਿਰ ਦੇ ਆਲੇ-ਦੁਆਲੇ ਟੰਗ ਦਿੱਤੇ ਜਾਣ । ਬਾਦਸ਼ਾਹੀ ਹੁਕਮ ਅਨੁਸਾਰ ਕਾਰਵਾਈ ਹੋ ਗਈ । ਪ੍ਰਿੰਸੀਪਲ ਤੇਜਾ ਸਿੰਘ ਦੇ ‘ਸਿੱਖ ਇਤਿਹਾਸ’ ਮੁਤਾਬਿਕ 5 ਜਾਂ 6 ਨਵੰਬਰ 1675 ਨੂੰ ਗੁਰੂ ਜੀ ਨੂੰ ਦਿੱਲੀ ਲਿਜਾਇਆ ਗਿਆ ਅਤੇ ਪੰਜ ਦਿਨਾਂ ਦੇ ਅੰਦਰ ਅੰਦਰ 11 ਮੱਘਰ, ਸੰਮਤ 1732 ਮੁਤਾਬਿਕ 11 ਨਵੰਬਰ 1675 ਦੇ ਦਿਹਾੜੇ ਉਨ੍ਹਾਂ ਨੂੰ ਤਿੰਨ ਸੰਗੀ ਸਿੱਖਾਂ ਸਮੇਤ ਸ਼ਹੀਦ ਕਰ ਦਿੱਤਾ ਗਿਆ । ਚੰਨ ਦੇ ਹਿਸਾਬ ਨਾਲ ਮੱਘਰ ਸੁਦੀ 5 ਸੀ । ਕਮਾਲ ਦੀ ਗੱਲ ਹੈ ਕਿ ਭਾਈ ਲੱਖੀਸ਼ਾਹ ਵਣਜਾਰੇ ਦੇ ਪ੍ਰਵਾਰ ਅਤੇ ਭਾਈ ਜੈਤਾ ਜੀ ਦੇ ਗੁਰਸਿੱਖ ਸਾਥੀਆਂ ਦੀ ਦਲੇਰਾਨਾ ਹਿੰਮਤ ਸਦਕਾ ਸਤਿਗੁਰੂ ਜੀ ਦੀ ਪਾਵਨ ਦੇਹ ਦੇ ਟੁੱਕੜੇ ਕਰਕੇ ਟੰਗਣ ਦਾ ਭੈੜਾ ਹਕੂਮਤੀ ਮਨਸੂਬਾ ਪੂਰਾ ਨਾ ਹੋ ਸਕਿਆ ।

ਪ੍ਰਸਿੱਧ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ‘ਸਿੱਖ ਤਵਾਰੀਖ਼’ ਮੁਤਾਬਿਕ 8 ਜੁਲਾਈ 1675 ਦੇ ਦਿਨ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕੀਤੀ । 20ਵੀਂ ਸਦੀ ਦੇ ਅਜਿਹੇ ਸਿੱਖ ਇਤਿਹਾਸਕਾਰਾਂ ਨੇ ਗੁਰਗੱਦੀ ਦੇ ਸੱਚ ਨੂੰ ਸਾਬਿਤ ਕਰਨ ਹਿੱਤ ‘ਭੱਟ ਵਹੀ ਤਲੌਂਡਾ, ਪਰਗਨਾ ਜੀਂਦ’ ਦਾ ਵੇਰਵਾ ਇੰਝ ਲਿਖਿਆ ਹੈ “ਸਾਵਨ ਪ੍ਰਵਿਸ਼ਟ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਦੇ ਕੇ ਦਿੱਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ । ਸਾਥ ਦੀਵਾਨ ਮਤੀਦਾਸ ਸਤੀਦਾਸ ਰਸੀਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਾਉਂਤ ਆਇਆ ।” ਇਸ ਹਕੀਕਤ ਦੀ ਪੁਸ਼ਟੀ ਕਰਦਿਆਂ ਪ੍ਰਿੰਸੀਪਲ ਸਤਬੀਰ ਸਿੰਘ ਨੇ ਇੱਕ ਹਵਾਲਾ ਇੰਞ ਵੀ ਦਿੱਤਾ ਹੈ : ਤਿਸ ਸਭਾ ਮਹਿ ਬਚਨ ਗੁਰ ਕੀਨਾ । ਮੈਂ ਗੁਰ ਗੋਬਿੰਦ ਗੁਰਿਆਈ ਦੀਨਾ ।3। (ਸਾਖੀ 19, ਮਹਲਾ 9) ਕਵੀ ਸੇਵਾ ਸਿੰਘ ਰਚਿਤ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ (1803 ਈ.) ਸੰਸਕਰਣ 2007 ਵਿਖੇ ਵੀ ਗੁਰਿਆਈ ਬਖਸ਼ਣ ਦਾ ਵਿਸ਼ੇਸ਼ ਵਰਨਣ ਹੈ :

ਦਾਸ ਗੋਬਿੰਦ ਥੀ ਪਾਸ ਬਹਾਯੋ । ਕਮਰ ਕਸਾ ਸਤਿਗੁਰੂ ਕਰਾਯੋ ।
ਪਾਂਚ ਪੈਸੇ ਸ਼੍ਰੀ ਫਲ ਏਕ । ਧਰ ਆਗੈ ਦਿਯੋ ਮਸਤਕ ਟੇਕ ।
ਬਾਲ ਗੁਰੂ ਤਬ ਕਹਿਯੋ ਅਲਾਇ । ਪਿਤਾ ਗੁਰੂ ਤਉ ਕਰੋ ਸਹਾਇ ।…॥39॥ {ਪੰ. 57}

‘ਗੁਰੂ ਕੀਆਂ ਸਾਖੀਆਂ’ ਨਾਂ ਦੀ ਪੁਸਤਕ, ਜੋ ਸ੍ਰ. ਸਰੂਪ ਸਿੰਘ ਕੌਸ਼ਿਸ਼ ਵੱਲੋਂ ਭੱਟ ਵਹੀਆਂ ’ਤੇ ਆਧਾਰਿਤ 1790 ਈ. ਵਿੱਚ ਲਿਖੀ ਗਈ ਅਤੇ ਗਿ. ਗਰਜਾ ਸਿੰਘ ਦੀ ਬਦੌਲਤ ਪ੍ਰੋ. ਪਿਆਰਾ ਸਿੰਘ ਪਦਮ ਦੁਆਰਾ ਸੰਨ 1986 ਵਿੱਚ ਸੰਪਾਦਿਤ ਕਰਕੇ ਛਪਵਾਈ ਗਈ, ਉਸ ਦੀ ਚੌਥੀ ਛਾਪ ਵਿੱਚ ‘28. ਸਾਖੀ ਕਸ਼ਮੀਰੀ ਬ੍ਰਾਹਮਣੋਂ ਕੀ ਚੱਕ ਨਾਨਕੀ ਮੇਂ ਆਨੇ ਕੀ ਚਾਲੀ’ ਸਿਰਲੇਖ ਹੇਠ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਬਖ਼ਸ਼ਣ ਦਾ ਹਵਾਲਾ ਵੀ ਵਿਸਥਾਰ ਸਹਿਤ ਇਉਂ ਅੰਕਤ ਹੈ :

ਸੰਮਤ ਸਤਰਾਂ ਤੈ ਬਤੀਸ ਜੇਠ ਮਾਸੇ ਸੁਦੀ ਇਕਾਦਸੀ ਕੇ ਦਿਹੁੰ ਸੰਗਤਾਂ ਹੁਮ ਹੁਮਾਇ ਕੇ ਦਰਸ਼ਨ ਪਾਨੇ ਆਈਆਂ । ਇਸੀ ਦਿਵਸ ਭਾਈ ਅੜੂ ਰਾਮ ‘ਦੱਤ’ ਮਟਨ ਨਿਵਾਸੀ ਕਾ ਬੇਟਾ ਕ੍ਰਿਪਾ ਰਾਮ ਖੋੜਸ ਬ੍ਰਾਹਮਨੋਂ ਕੋ ਸਾਥ ਲੈ ਕੇ ਕਸ਼ਮੀਰ ਦੇਸ਼ ਸੇ ਗੁਰੂ ਜੀ ਕੇ ਦਰਬਾਰ ਮੇਂ ਆਇ ਫਰਿਆਦੀ ਹੂਆ ।……ਗੁਰੂ ਜੀ ਇਸੇ ਧੀਰਜ ਦਈ, ਕਹਾ ਤੁਸਾਂ ਕੀ ਸਹਾਇਤਾ ਬਾਬਾ ਨਾਨਕ ਜੀ ਕਰੇਗਾ ।…ਸੀਸ ਦੀਏ ਬਿਨਾਂ ਏਹ ਕਾਰਜ ਸਫਲ ਨਹੀਂ ਹੋਏਗਾ ।……

ਸੰਮਤ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਅੱਠੇ ਦਿਹੁੰ ਗੁਰੂ ਜੀ ਕਾ ਦਰਬਾਰ ਹੋਆ, ਦੀਵਾਨ ਦਰਘਾ ਮੱਲ ਸੇ ਬਚਨ ਕੀਆ, ਤਿਆਰੀ ਕੀਏ । ਹਮੇਂ ਗੋਬਿੰਦ ਦਾਸ ਕੋ ਗੁਰਿਆਈ ਦੇਨੀ ਹੈ, ਦੀਵਾਨ ਜੀ ਗੁਰਿਆਈ ਕੀ ਸਮੱਗਰੀ ਲੈ ਆਈਏ । ਸਤਿਗੁਰਾਂ ਸਾਹਿਬਜ਼ਾਦੇ ਕੋ ਸ਼ਸ਼ਤਰ ਬਸਤਰ ਸਜਾਇ ਆਪਨੇ ਆਸਨ ਤੇ ਲਿਆਇ ਬੈਠਾਇਆ । ਦੀਵਾਨ ਦਰਘਾ ਮੱਲ ਨੇ ਗੁਰਿਆਈ ਕੀ ਸਮੱਗਰੀ ਲਿਆਇ ਸਾਹਿਬਜ਼ਾਦੇ ਕੇ ਆਗੇ ਰਾਖ ਕੇ ਮੱਥਾ ਟੇਕਾ, ਬਾਬੇ ਬੁਢੇ ਕੇ ਸ੍ਰੀ ਰਾਮ ਕੁਇਰ ਨੇ ਨੰਨ੍ਹੀ ਅਵਸਥਾ ਮੇਂ ਸ੍ਰੀ ਗੋਬਿੰਦ ਦਾਸ ਜੀ ਕੇ ਭਾਲ ਮੇਂ ਚੰਦਨ ਕਾ ਟੀਕਾ ਕੀਆ । ਬਚਨ ਹੋਆ ‘ਭਾਈ ਸਿੱਖੋ ! ਆਗੈ ਸੇ ਅਸਾਂ ਕੀ ਥਾਂਇ ਸ੍ਰੀ ਗੋਬਿੰਦ ਦਾਸ ਜੀ ਕੋ ਜਾਨਨਾ, ਜੋ ਜਾਨੈਗਾ ਤਿਸ ਕੀ ਘਾਲ ਥਾਂਇ ਪਏਗੀ । ਅਸਾਂ ਹੁਣ ਇਥੇ ਆਏ ਫਰਿਆਦੀ-ਕਸ਼ਮੀਰੀ-ਬ੍ਰਾਹਮਣੋਂ ਕੀ ਖ਼ਾਤਰ ਦਿਹਲੀ ਜਾਏਂਗੇ ।…ਆਪਨੇ ਹਮਰਾਹ ਦੀਵਾਨ ਮਤੀਦਾਸ, ਸਤੀਦਾਸ ਰਸੋਈਆ ਅਤੇ ਬਾਵਾ ਦਿਆਲ ਦਾਸ ਕੋ ਗੈਲ ਲੈ ਕੇ ਚੱਕ ਨਾਨਕੀ ਸੇ ਵਿਦਾ ਹੂਏ । ਪ੍ਰਥਮੇਂ ਕੋਟ ਗੁਰੂ ਹਰਿ ਰਾਇ (ਸ੍ਰੀ ਕੀਰਤਪੁਰ) ਮੇਂ ਆਇ ਨਿਵਾਸ ਕੀਆ ।……{ਗੁਰੂ ਕੀਆਂ ਸਾਖੀਆਂ –ਪੰ. 79}

‘29. ਸਾਖੀ ਗੁਰੂ ਜੀ ਕੀ ਤੀਨ ਸਿੱਖੋਂ ਕੇ ਗੈਲ ਸਰਹੰਦ ਸੇ ਹਾਕਮ ਦਿਹਲੀ ਕੋ ਪੇਸ਼ ਹੋਨੇ ਕੀ ਚਾਲੀ’ ਸਿਰਲੇਖ ਹੇਠ ਵਰਨਣ ਹੈ :

…ਨਦੀ ਸਿਰਸਾ ਪਾਰ ਹੋਇ ਕੇ ਮਲਕਪੁਰ ਰੰਘੜਾਂ ਭਾਈ ਨਗਾਹੀਏ ਸਿੱਖ ਕੇ ਗ੍ਰਹਿ ਆਇ ਨਿਵਾਸ ਕੀਆ ।…ਨਗਰ-ਵਾਸੀ ਰੰਘੜਾਂ ਨੇ ਰੋਪਰ ਕੀ ਚੌਂਕੀ ਮੇਂ ਆਇ ਪਤਾ ਦੀਆ…। ਚਉਂਕੀ ਸਰਦਾਰ ਨੇ ਮਲਕਪੁਰ ਜਾਇ ਗੁਰੂ ਜੀ ਕੋ ਤੀਨ ਸਿੱਖੋਂ ਕੇ ਹਮਰਾਹ ਪਕੜ ਰੋਪਰ ਮੇਂ ਲੈ ਆਂਦਾ । ਅਗਲੇ ਦਿਹੁੰ ਸੰਮਤ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਤੇਰਾਂ ਕੋ ਇਨੇ ਹਾਕਮ ਸਰਹੰਦ ਕੇ ਪੇਸ਼ ਕੀਆ ਗਿਆ । ਇਨ ਕੋ ਬਸੀ ਪਠਾਣਾਂ ਕੀ ਹਵਾਲਾਤ ਮੇਂ ਬੰਦ ਕਰ ਕੇ ਦਿਹਲੀ ਦਰਬਾਰ ਮੇਂ ਇਤਲਾਹ ਭੇਜ ਦਈ ।……

ਤੀਨ ਮਾਸ ਬਾਦ ਦਿਹਲੀ ਸੇ ਪਰਵਾਨਾਂ ਆਨੇ ਸੇ ਗੁਰੂ ਜੀ ਕੋ ਲੋਹੇ ਕੇ ਪਿੰਜਰੇ ਮੇਂ ਬੰਦ ਕਰ ਕੇ ਦਿਹਲੀ ਤਰਫ ਰਵਾਨਾ ਕੀਆ ਗਿਆ । ਸੰਮਤ ਸਤਰਾਂ ਸੈ ਬਤੀਸ ਮੰਗਸਰ (ਮੱਘਰ) ਵਦੀ ਤ੍ਰੇਦਸੀ ਵੀਰਵਾਰ ਕੇ ਦਿਹੁੰ ਗੁਰੂ ਜੀ ਕੋ ਦਿਹਲੀ ਮੇਂ ਪੁਚਾਇ ਦੀਆ । ਹਾਕਮ ਦਿਹਲੀ ਕੇ ਹੁਕਮ ਸੇ ਇਨ੍ਹੇ ਕੋਤਵਾਲੀ ਮੇਂ ਰਾਖਾ ਗਿਆ । ਅਗਲੇ ਦਿਹੁੰ ਇਨ੍ਹੇ ਸ਼ਾਹੀ ਦਰਬਾਰ ਮੇਂ ਪੇਸ਼ ਕੀਆ ਗਿਆ । ਸੂਬਾ ਦਿਹਲੀ ਕੇ ਪੂਛਨੇ ਸੇ ਗੁਰੂ ਜੀ ਨੇ ਆਪਣਾ ਪਰਜੋਜਨ ਬਤਾਇ ਦੀਆ ।…{ਗੁਰੂ ਕੀਆਂ ਸਾਖੀਆਂ –ਪੰ. 81} ‘ਸਿੱਖ ਤਵਾਰੀਖ਼’ ਵਿੱਚ ਸਰਹਿੰਦ ਦੇ ਸੂਬੇਦਾਰ ਦਾ ਪੂਰਾ ਨਾਂ ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ ਅਤੇ ਦਿੱਲੀ ਦੇ ਸੂਬੇਦਾਰ ਦਾ ਨਾਂ ਸਾਫ਼ੀ ਖ਼ਾਨ ਲਿਖਿਆ ਹੈ ।

‘ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਂਤੋਂ ਕਾ’ ਵਿੱਚ ਲਖੀਸ਼ਾਹ ਵਣਜਾਰਾ ਵੱਲੋਂ ਗੁਰੂ ਸਾਹਿਬ ਜੀ ਦੇ ਸਰੀਰ ਦੇ ਕੀਤੇ ਅੰਤਮ ਸੰਸਕਾਰ ਦਾ ਵੇਰਵਾ ਇੰਞ ਹੈ :

ਲਖੀਆ ਬੇਟਾ ਗੋਧੂ ਕਾ, ਨਗਾਹੀਆ, ਹੇਮਾ, ਹਾੜੀ ਬੇਟੇ ਲਖੀਏ ਕੇ ਜਾਦੋਬੰਸੀ ਬੜਤੀਏ ਕਨਾਉਂਤ, ਨਾਇਕ ਧੂਮਾਂ ਬੇਟਾ ਕਾਨ੍ਹੇ ਕਾ ਤੁਮਰ ਬਿੰਜਲਉਤ । ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ ਕੀ ਲਾਸ਼ ਉਠਾਇ ਲਾਏ, ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਛਠ ਗੁਰੂਵਾਰ ਕੇ ਦਿਹੁੰ । ਦਾਗ ਦੀਆ ਰਸੀਨਾ ਗਾਮ ਮੇਂ ਆਧ ਘੜੀ ਰੈਨ ਰਹੀ । {ਗੁਰੂ ਕੀਆਂ ਸਾਖੀਆਂ –ਪੰ. 85}

‘ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਉਦਾਨਿਓਂ ਕਾ’ ਵਿੱਚ ਸ੍ਰੀ ਅਨੰਦਪੁਰ (ਮਾਖੋਵਾਲ) ਗੁਰੂ ਸਾਹਿਬ ਜੀ ਦੇ ਸੀਸ ਨੂੰ ਦਾਗ ਦੇਣ ਦਾ ਹਵਾਲਾ ਇਸ ਪ੍ਰਕਾਰ ਹੈ :

ਜੈਤਾ ਬੇਟਾ ਆਗਿਆ ਕਾ, ਨਾਨੂੰ ਬੇਟਾ ਬਾਘੇ ਕਾ, ਊਦਾ ਬੇਟਾ ਖੇਕੇ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾ ਕਹਿਲੂਰ ਆਏ । ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਦਸਮੀ ਕੇ ਦਿਹੁੰ । ਗਿਆਰਸ ਕੋ ਦਾਗ ਦੀਆ ਮਾਖੋਵਾਲ ਮੇਂ, ਆਗੇ ਗੁਰੂ ਕੀ ਗਤਿ ਗੁਰੂ ਜਾਨੇ । ਗੁਰੂ ਆਪ ਭਾਣੇ ਕਾ ਖਾਬਿੰਦ ਹੈ ।{ਗੁਰੂ ਕੀਆਂ ਸਾਖੀਆਂ –ਪੰ. 85}

ਇਹੀ ਹਨ ਕੁਝ ਵਿਸ਼ੇਸ਼ ਇਤਿਹਾਸਕ ਸੱਚਾਈਆਂ, ਜਿਹੜੀਆਂ ਸੂਰਜ ਪ੍ਰਕਾਸ਼ ਦੀਆਂ ਕਾਲਪਨਿਕ ਕਹਾਣੀਆਂ ਨੂੰ ਮੁੱਢੋਂ ਹੀ ਰੱਦ ਕਰਦੀਆਂ ਹਨ । ਇਨ੍ਹਾਂ ਕਰਕੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਤੇ ਸੰਥਾ ਸੈਂਚੀਆਂ ਦੀ ਛਪਾਈ ਮੌਕੇ ਵਿਵਾਦਤ ਵੀਡੀਓ ਵਾਲੀ ਉਪਰੋਕਤ ਸੰਪਰਦਾਈ ਮਿੱਥ ਨੂੰ ਪ੍ਰਵਾਨ ਨਹੀਂ ਕੀਤਾ । ਭਾਵ, “ਬਲੁ ਹੋਆ ਬੰਧਨ ਛੁਟੇ …॥54॥” ਸਲੋਕ ਤੋਂ ਪਹਿਲਾਂ ‘ਮਹਲਾ 10’ ਜਾਂ ‘ਪਾਤਸ਼ਾਹੀ 10 ਦੇ ਸਿਰਲੇਖਕ ਪ੍ਰਤੀਕਾਂ ਨੂੰ ਸਹੀ ਨਹੀਂ ਮੰਨਿਆ । ਟਕਸਾਲ ਭਿੰਡਰਾਂ ਦੇ ਮੁਖੀ ਗਿ. ਗੁਰਬਚਨ ਸਿੰਘ ਖ਼ਾਲਸਾ ਅਤੇ ਟਕਸਾਲ ਅੰਮ੍ਰਿਤਸਰ ਦੇ ਮੁਖੀ ਗਿਆਨੀ ਅਮੀਰ ਸਿੰਘ ਜੀ ਨੇ ਲਿਖਤੀ ਰੂਪ ਵਿੱਚ ਮੰਨਿਆ ਹੈ ਕਿ ਉਨ੍ਹਾਂ ਵੇਲੇ ਛਾਪੇ ਦੀਆਂ ਪ੍ਰਚਲਿਤ ਬੀੜਾਂ ਵਿੱਚ ਇਹ ਨਿਸ਼ਾਨ (ਪ੍ਰਤੀਕ) ਨਹੀਂ ਸਨ । ਭਾਵ, 20ਵੀਂ ਸਦੀ ਦੇ ਵਪਾਰੀ ਪ੍ਰਕਾਸ਼ਕ ਵੀ ਅਜਿਹੀ ਮਿੱਥ ਨੂੰ ਗੁਰਬਾਣੀ ਛਾਪੇ ਦਾ ਭਾਗ ਨਹੀਂ ਸਨ ਬਣਾਉਂਦੇ, ਕਿਉਂਕਿ ਉਦੋਂ ਤਕ ਭੱਟ ਵਹੀਆਂ ਦਾ ਉਪਰੋਕਤ ਇਤਿਹਾਸਕ ਸੱਚ ਪ੍ਰਗਟ ਹੋ ਚੁੱਕਾ ਸੀ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਰਾਏ ਨੂੰ ਗੁਰਿਆਈ ਬਖ਼ਸ਼ ਕੇ ਹੀ ਸ੍ਰੀ ਅਨੰਦਪੁਰ ਤੋਂ ਦਿੱਲੀ ਨੂੰ ਸ਼ਹਾਦਤ ਲਈ ਚਾਲੇ ਪਾਏ ਸਨ । ਇਸ ਲਈ ਨੌਵੇਂ ਗੁਰੂ ਪਾਤਸ਼ਾਹ ਵੱਲੋਂ ਦਿੱਲੀ ਤੋਂ ਸਾਹਿਬਜ਼ਾਦੇ ਨੂੰ ਗੁਰਿਆਈ ਲਈ ਪਰਖਣ ਦੀ ਕੋਈ ਸਾਰਥਕਿਤਾ ਦ੍ਰਿਸ਼ਟੀ ਨਹੀਂ ਪੈਂਦੀ । ਇਸ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ “ਜਾਂ ਸੁਧੋਸ ਤਾਂ ਲਹਣਾ ਟਿਕਿਓਨ ॥” {ਪੰ. 967} ਇਲਾਹੀ ਵਾਕ ਸਾਡੀ ਯੋਗ ਅਗਵਾਈ ਕਰਦਾ ਹੈ ਕਿ ਗੁਰੂ-ਜੁਗਤਿ ਵਿੱਚ ਗੁਰਿਆਈ ਦੀ ਪਰਖ ਪੜਤਾਲ ਤਖ਼ਤ ਦੀ ਬਖ਼ਸ਼ਿਸ਼ ਤੋਂ ਪਹਿਲਾਂ ਹੁੰਦੀ ਹੈ ।

ਫ਼ਰੀਦਕੋਟੀ ਟੀਕੇ ਵਿੱਚ ਇਹ ਸੱਚ ਵੀ ਪ੍ਰਵਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਬੀੜਾਂ ਵਿੱਚ ਉਪਰੋਕਤ ਪ੍ਰਤੀਕ ਹਨ, ਉਨ੍ਹਾਂ ਦੁਆਰਾ ਲਿਖੇ ਸਲੋਕ ਵਿੱਚ ‘ਨਾਨਕ’ ਨਾਮ ਦੀ ਮੋਹਰ ਰੂਪ ਕਵੀ-ਛਾਪ ਨਹੀਂ ਹੈ । ਛਾਪੇ ਦੀ ਪਾਵਨ ਬੀੜ ਵਿੱਚਲੇ “ਬਲੁ ਹੋਆ ਬੰਧਨ ਛੁਟੇ …॥” ਸਲੋਕ ਦੀ ਦੂਜੀ ਤੁਕ “ਨਾਨਕ ਸਭ ਕਿਛੁ ਤੁਮਰੈ ਹਾਥ ਮਹਿ ਤੁਮ ਹੀ ਹੋਤ ਸਹਾਇ ॥54॥” ਦੀ ਥਾਂ ‘ਸਭ ਕਛੁ ਤੁਮਰੈ ਹਾਥ ਮਹਿ ਤੁਮ ਹੀ ਹੋਇ ਸਹਾਇ ॥’ ਲਿਖਿਆ ਮਿਲਦਾ ਹੈ । ਸਪਸ਼ਟ ਹੈ ਕਿ ਇਸ ਤੁਕ ਵਿੱਚ ਜਿਥੇ ‘ਨਾਨਕ’ ਨਾਮ ਦੀ ਅਣਹੋਂਦ ਹੈ, ਉਥੇ ‘ਕਿਛੁ/ਕਛੁ’ ਅਤੇ ‘ਹੋਤ/ਹੋਇ’ ਪਾਠ-ਭੇਦ ਵੀ ਮੌਜੂਦ ਹਨ । ਇਉਂ ਪ੍ਰਤੀਤ ਹੁੰਦਾ ਹੈ ਕਿ ‘ਮਹਲਾ 10’ ਸਿਰਲੇਖ ਦੇਣ ਵਾਲੇ ਕਿੱਤਾਕਾਰ ਲਿਖਾਰੀਆਂ ਨੇ ‘ਨਾਨਕ’ ਕਵੀ-ਛਾਪ ਨੂੰ ਛੱਡਣ ਦੀ ਭੁੱਲ ਜਾਣ-ਬੁਝ ਕੀ ਕੀਤੀ ਹੋਏਗੀ, ਕਿਉਂਕਿ ਉਹ ਭਲੀਭਾਂਤ ਜਾਣੂ ਸਨ ਕਿ ਗੁਰੂ ਨਾਨਕ ਜੋਤਿ-ਜੁਗਤਿ ਅਧੀਨ ਯੋਗਤਾ ਪਰਖ ਗੁਰਿਆਈ ਤੋਂ ਪਹਿਲਾਂ ਹੁੰਦੀ ਹੈ ਅਤੇ ਗੁਰਿਆਈ ਪ੍ਰਾਪਤ ਦੈਵੀ ਸ਼ਖ਼ਸੀਅਤ ਹੀ ‘ਨਾਨਕ’ ਕਵੀ-ਛਾਪ ਦੀ ਵਰਤੋਂ ਕਰ ਸਕਦੀ ਹੈ ।

ਭੱਟ-ਵਹੀਆਂ ’ਤੇ ਅਧਾਰਿਤ ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਕਸ਼ਮੀਰੀ ਬ੍ਰਾਹਮਣਾਂ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾਵੇਂ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਉਣ ਤੋਂ ਲੈ ਕੇ ਸ਼ਹੀਦ ਗੁਰੂ ਜੀ ਦੇ ਪਾਵਨ-ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਸਕਾਰਣ ਤਕ ਦੀਆਂ ਤਿਥਾਂ, ਪ੍ਰਵਿਸ਼ਟੇ, ਵਾਰ, ਸੰਮਤ ਅਤੇ ਅੰਗਰੇਜ਼ੀ ਤਰੀਖਾਂ ਤੇ ਈਸਵੀ ਸੰਨ ਆਦਿਕ ਜਿਸ ਤਰਤੀਬ ਨਾਲ ਹੇਠ ਲਿਖੇ ਅਨੁਸਾਰ ਸਪਸ਼ਟ ਅੰਕਿਤ ਕੀਤੇ ਹਨ, ਉਨ੍ਹਾਂ ਤੋਂ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਨੌਵੇਂ ਗੁਰੂ ਪਾਤਸ਼ਾਹ ਵੱਲੋਂ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਪਰਖਣ ਤੇ ਗੁਰਿਆਈ ਬਖ਼ਸ਼ਣ ਦੀ ਸੂਰਜ ਪ੍ਰਕਾਸ਼ ਵਾਲੀ ਕਲਪਣਾ ਅਤੇ ਉਸ ਸੰਪਰਦਾਈ ਮਿੱਥ ਦਾ ਕੋਈ ਇਤਿਹਾਸਕ ਤੇ ਸਿਧਾਂਤਕ ਅਧਾਰ ਨਹੀਂ, ਜਿਸ ਅਧੀਨ ਉਹ ‘ਬਲੁ ਹੋਆ ਬੰਧਨ ਛੁਟੇ ..’ ਵਾਲੇ ਸਲੋਕ ਨੂੰ ‘ਮਹਲਾ 10’ ਦਾ ਦੋਹਰਾ ਵਰਨਣ ਕਰਦੇ ਹਨ। ਇਸ ਪੱਖੋਂ ਧੰਨਵਾਦੀ ਹਾਂ ਅਜੋਕੇ ਕੈਲੰਡਰ ਮਾਹਿਰ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਦਾ, ਜਿਨ੍ਹਾਂ ਦੀ ਅਗਵਾਈ ਵਿੱਚ ਹੇਠ ਲਿਖਿਆ ਵੇਰਵਾ ਤਿਆਰ ਕੀਤਾ ਗਿਆ ਹੈ :

(1) ਜੇਠ ਸੁਦੀ 11, ਸੰਮਤ 1732 (ਬਿਕ੍ਰਮੀ) ਮੁਤਾਬਿਕ 27 ਮਈ 1675 ਈ: (ਜੂਲੀਅਨ) ਦਿਨ ਮੰਗਲਵਾਰ ਨੂੰ 16 ਕਸ਼ਮੀਰੀ ਬ੍ਰਾਹਮਣਾਂ ਦਾ ਜਥਾ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਆਇਆ।
(2) 8 ਸਾਵਨ, ਸੰਮਤ 1732 ਮੁਤਾਬਿਕ 8 ਜੁਲਾਈ ਸੰਨ 1675, ਵੀਰਵਾਰ ਦੇ ਦਿਨ ਸਾਹਿਬਜ਼ਾਦਾ ਸ੍ਰੀ ਗੋਬਿੰਦ ਦਾਸ ਜੀ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕਰਕੇ ਦਿੱਲੀ ਜਾਣ ਲਈ ਤਿਆਰ ਹੋਏ।
(3) 12 ਸਾਵਣ, ਸੰਮਤ 1732 ਮੁਤਾਬਿਕ 12 ਜੁਲਾਈ ਸੰਨ 1675, ਸੋਮਵਾਰ ਦੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਗ੍ਰਿਫਤਾਰ ਕਰਕੇ ਸਰਹਿੰਦ ਪਹੁੰਚਾਇਆ।
(4) ਮੱਘਰ ਵਦੀ 13, 5 ਮੱਘਰ, ਸੰਮਤ 1732 ਮੁਤਾਬਿਕ ਮੁਤਾਬਿਕ 5 ਨਵੰਬਰ, ਸੰਨ 1675 ਸ਼ੁਕਰਵਾਰ ਦੇ ਦਿਨ ਗੁਰੂ ਜੀ ਨੂੰ ਸਰਹਿੰਦ ਤੋਂ ਦਿੱਲੀ ਪਹੁੰਚਾਇਆ ।
(5) ਮੱਘਰ ਸੁਦੀ 5, 11 ਮੱਘਰ, ਸੰਮਤ 1732 ਮੁਤਾਬਿਕ 11 ਨਵੰਬਰ ਸੰਨ 1675 ਵੀਰਵਾਰ ਦੇ ਦਿਨ ਗੁਰਦਆਰਾ ਸੀਸ ਗੰਜ ਸਾਹਿਬ ਦਿੱਲੀ ਵਾਲੀ ਥਾਂ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ।
(6) ਮੱਘਰ ਸੁਦੀ 6, 12 ਮੱਘਰ, ਸੰਮਤ 1732 ਮੁਤਾਬਿਕ 12 ਨਵੰਬਰ 1675 ਸ਼ੁਕਰਵਾਰ ਦੇ ਦਿਨ ਭਾਈ ਲੱਖੀ ਸ਼ਾਹ ਨੇ ਅੰਮ੍ਰਿਤ ਵੇਲੇ ਗੁ. ਰਕਾਬਗੰਜ ਸਾਹਿਬ ਦਿੱਲੀ ਵਾਲੀ ਥਾਂ ’ਤੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਪਾਵਨ ਧੜ ਦਾ ਸਸਕਾਰ ਕੀਤਾ।
(7) ਮੱਘਰ ਸੁਦੀ 10, 16 ਮੱਘਰ, ਸੰਮਤ 1732 ਮੁਤਾਬਿਕ 16 ਨਵੰਬਰ ਸੰਨ 1675 ਨੂੰ ਮੰਗਲਵਾਰ ਦੇ ਦਿਨ ਗੁਰੂ ਜੀ ਦਾ ਸੀਸ ਕੀਰਤਪੁਰ ਪਹੁੰਚਾ ਅਤੇ ਅਗਲੇ ਦਿਨ 17 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਗੁ. ਸੀਸਗੰਜ ਸਾਹਿਬ ਵਾਲੀ ਥਾਂ ਸਸਕਾਰ ਹੋਇਆ।

ਉਪਰੋਕਤ ਵੇਰਵੇ ਅਨੁਸਾਰ ਸਪਸ਼ਟ ਹੈ ਕਿ ਗੁਰੂ ਜੀ ਮਲਕਪੁਰ ਰੰਘੜਾਂ ਤੋਂ ਗ੍ਰਿਫ਼ਤਰੀ ਦੇ ਦਿਨ 11 ਜੁਲਾਈ 1675 ਤੋਂ ਲੈ ਕੇ ਸ਼ਹੀਦੀ ਦਿਹਾੜੇ 11 ਨਵੰਬਰ 1675 ਤਕ ਦੇ ਕੁੱਲ ਚਾਰ ਮਹੀਨੇ ਇੱਕ ਦਿਨ ਬਣਦੇ ਹਨ। ਬੰਸਾਵਲੀ ਨਾਮੇ ਨੇ ਵੀ ਚੌਥੇ ਮਹੀਨੇ ਦਿੱਲੀ ਪਹੁੰਚਣ ਦੀ ਗੱਲ ਕੀਤੀ ਹੈ। ਇਸ ਪ੍ਰਕਾਰ ਗੁਰੂ ਜੀ ਨੂੰ ਦਿੱਲੀ ਦੀ ਕੋਤਵਾਲੀ ਵਿਖੇ ਵਧ ਤੋਂ ਵਧ 5 ਤੋਂ 7 ਦਿਨ ਦਾ ਸਮਾਂ ਮਿਲਦਾ ਹੈ। ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਦੂਰੀ 200 ਮੀਲ ਦੇ ਲਗਭਗ ਹੈ। ਇਤਨੇ ਸਮੇਂ ਵਿੱਚ ਤਾਂ ਉਸ ਵੇਲੇ ਦਿੱਲੀ ਤੋਂ ਇੱਕ ਵਾਰ ਵੀ ਆਉਣਾ ਜਾਣਾ ਅਸੰਭਵ ਹੈ। ਪ੍ਰੰਤੂ ਜੇ ਸੂਰਜ ਪ੍ਰਕਾਸ਼ ਮੁਤਾਬਿਕ ਦਿੱਲੀ ਵਿਖੇ ਕਈ ਮਹੀਨਿਆਂ ਦਾ ਸਮਾਂ ਵੀ ਮੰਨ ਲਿਆ ਜਾਵੇ, ਤਾਂ ਵੀ ਜਿਸ ਵਿਅਕਤੀ ਨੂੰ ਪਿੰਜਰੇ ਦੀ ਕੈਦ ਵਿੱਚ ਸਖ਼ਤ ਪਹਿਰੇ ਹੇਠ ਰੱਖਿਆ ਜਾਏ, ਉਸ ਪ੍ਰਤੀ ਅਜਿਹਾ ਮੰਨਣਾ ਅਸੰਭਵ ਹੈ ਕਿ ਉਸ ਨੂੰ ਚਿੱਠੀ ਪਤਰ ਲਿਖਣ, ਸਾਹਿਬਜ਼ਾਦੇ ਨੂੰ ਪਰਖਣ ਤੇ ਗੁਰਿਆਈ ਦੀ ਸਮਗਰੀ ਬਜ਼ਾਰੋਂ ਮੰਗਵਾਉਣ ਤੇ ਭੇਜਣ ਆਦਿਕ ਦੀ ਅਜ਼ਾਦੀ ਹੋਵੇ। ਇਤਿਹਾਸਕਾਰ ਮੰਨਦੇ ਹਨ ਕਿ ਕੋਤਵਾਲੀ ਦੇ ਅੰਦਰ ਦੀ ਸਾਰੀ ਸੂਹ ਲੈਣ ਲਈ ਭਾਈ ਉਦੇ ਅਤੇ ਭਾਈ ਗੁਰਦਿੱਤਾ ਜੀ ਮੁਸਲਮਾਨੀ ਲਿਬਾਸ ਵਿੱਚ ਉਥੇ ਆਸ-ਪਾਸ ਫਿਰਦੇ ਰਹੇ। ਇਥੋਂ ਨਿਰਣੈ ਹੁੰਦਾ ਹੈ ਕਿ ਕਿਸੇ ਵੀ ਬਾਹਰੀ ਤੇ ਸਿੱਖ ਵਿਅਕਤੀ ਨੂੰ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਕੈਦੀਆਂ ਦੇ ਨੇੜੇ ਜਾਣ ਦੀ ਆਗਿਆ ਨਹੀਂ ਸੀ। ਸੂਰਜ ਪ੍ਰਕਾਸ਼ ਜਦੋਂ ਇਹ ਮੰਨਦਾ ਹੈ ਕਿ ਸਿਪਾਹੀਆਂ ਨੇ ਭਾਈ ਸਤੀਦਾਸ ਪਾਸੋਂ ਲਿਖੀ ਗੁਰਬਾਣੀ ਵੀ ਖੋਹ ਲਈ ਸੀ ਤਾਂ ਫਿਰ ਸੁਆਲ ਖੜਾ ਹੁੰਦਾ ਹੈ ਤਾਂ ਹਜ਼ੂਰ ਨੇ ਸਾਹਿਬਜ਼ਾਦੇ ਨੂੰ ਪਰਖਣ ਲਈ “ਦੋਹਰਾ ॥ ਬਲ ਛੁਟਕਿਓ…॥53॥ ਕਿਵੇਂ ਸ੍ਰੀ ਅਨੰਦਪੁਰ ਨੂੰ ਲਿਖ ਭੇਜਿਆ ? ਅਗੋਂ ਸਾਹਿਬਜ਼ਾਦੇ ਨੇ ਉੱਤਰ ਵਜੋਂ “ਬਲ ਹੋਆ…॥54॥ ਸਲੋਕ ਦਿੱਲੀ ਵਿਖੇ ਕਿਵੇਂ ਪਹੁੰਚਾਇਆ ? ਅਤੇ ਫਿਰ ਗੁਰੂ ਜੀ ਨੇ ਬਜ਼ਾਰੋਂ ਗੁਰਿਆਈ ਦੀ ਸਮਗਰੀ ਮੰਗਵਾ ਕੇ “ਸੰਗ ਸਖਾ ਸਭਿ ਤਜਿ ਗਏ…॥55॥” ਤੋਂ ਲੈ ਕੇ “ਨਾਮ ਰਹਿਓ ਸਾਧੂ ਰਹਿਓ…॥57॥” ਤਕ ਦੇ ਸਿਰਪਾਓ ਰੂਪ ਤਿੰਨ ਸਲੋਕ ਕਿਵੇਂ ਤੇ ਕਿੰਨ੍ਹੇ ਲਿਖ ਭੇਜੇ ?

ਮੁਕਦੀ ਗੱਲ ਇਹ ਹੈ ਕਿ ਨੌਵੇਂ ਗੁਰੂ ਪਾਤਸ਼ਾਹ ਵੱਲੋਂ ਸ੍ਰੀ ਅਨੰਦਪੁਰ ਤੋਂ ਦਿੱਲੀ ਵੱਲ ਤੁਰਨ ਮੌਕੇ 8 ਜੁਲਾਈ 1675 ਦੇ ਦਿਹਾੜੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੂੰ ਗੁਰਿਆਈ ਬਖ਼ਸ਼ਣ ਦੇ ਇਤਿਹਾਸਕ ਸੱਚ ਦੇ ਸਾਹਮਣੇ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਤੇ ਤਵਾਰੀਖ਼ ਗੁਰੂ ਖ਼ਾਲਸਾ ’ਤੇ ਅਧਾਰਿਤ ਕਾਇਮ ਹੋਈ ਵਿਵਾਦਤ ਵੀਡੀਓ ਵਾਲੀ ਅਧਾਰਹੀਣ ਸੰਪਰਦਾਈ ਮਿੱਥ ਰੇਤ ਦੀ ਕੰਧ ਵਾਂਗ ਆਪਣੇ ਆਪ ਹੀ ਢਹਿ ਢੇਰੀ ਹੋ ਜਾਂਦੀ ਹੈ। ਫ਼ਰੀਦਕੋਟੀ ਟੀਕੇ ਦੀ ਇਬਾਰਤ “ਕਹਿੰਦੇ ਹਨ ਕਿ ਇਹ ਦੋਹਿਰਾ ਗੁਰੂ ਜੀ ਨੇ ਦਿੱਲੀ ਤੋਂ ਕੈਦ ਦੀ ਹਾਲਤ ਵਿੱਚ ਲਿਖ ਕੇ ਦਸ਼ਮੇਸ਼ ਜੀ ਨੂੰ ਭੇਜਿਆ ਸੀ ” ਤੋਂ ਵੀ ਸਿੱਧ ਹੁੰਦਾ ਹੈ ਟੀਕਾਕਾਰਾਂ ਨੂੰ ਭੱਟ-ਵਹੀਆਂ ਵਰਗਾ ਕੋਈ ਠੋਸ ਇਤਿਹਾਸਕ ਤੱਥ ਪ੍ਰਾਪਤ ਨਹੀਂ ਸੀ, ਇਸੇ ਲਈ ਉਹ ‘ਕਹਿੰਦੇ ਹਨ..’ ਵਰਗੀ ਸੰਦਿਗਧ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਪਰ ਫਿਰ ਵੀ ਇਉਂ ਜਾਪਦਾ ਹੈ ਕਿ ਜਿਹੜੇ ਲੋਕ ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਦੀਆਂ ਸੰਪੂਰਨ ਰਚਨਾਵਾਂ ਨੂੰ ਦਸਵੇਂ ਗੁਰੂ ਪਾਤਸ਼ਾਹ ਦੀ ਬਾਣੀ ਸਿੱਧ ਕਰਨ ਲਈ ਯਤਨਸ਼ੀਲ ਹੋਏ, ਉਨ੍ਹਾਂ ਨੇ ਬਾਣੀਕਾਰਾਂ ਦੇ ਪ੍ਰਤੀਕ ਮੰਨੇ ਜਾਂਦੇ ‘ਮਹਲਾ’ ਤੇ ‘ਪਾਤਸ਼ਾਹੀ’ ਸਿਰਲੇਖਾਂ ਨੂੰ ਰਲਗੱਡ ਕਰਨ ਦਾ ਯਤਨ ਕੀਤਾ ਹੋਵੇਗਾ ਤਾਂ ਜੁ ਵਿਵਾਦਤ ਵੀਡੀਓ ਦੇ ਵਕਤੇ ਵਾਂਗ ਪ੍ਰਚਾਰ ਕੀਤਾ ਜਾ ਸਕੇ ਕਿ ਪਾਤਸ਼ਾਹੀ 10 ਸਿਰਲੇਖ ਕੇਵਲ ਬਚਿਤ੍ਰ ਨਾਟਕ ਵਿੱਚ ਹੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਵੀ ਹੈ; ਕਿਉਂਕਿ ਉਵੇਂ ਉਨ੍ਹਾਂ ਲਈ ਦਸਵੇਂ ਗੁਰੂ ਪਾਤਸ਼ਾਹ ਜੀ ਨੂੰ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥”{ਗੁ.ਗ੍ਰੰ.-ਪੰ.966} ਦੇ ਗੁਰਮਤੀ ਸਿਧਾਂਤ ਵਾਲੇ ਗੁਰਿਆਈ ਤਖ਼ਤ ਉਪਰ ਸ਼ੋਭਨੀਕ ਕਰਨਾ ਮੁਸ਼ਕਲ ਹੁੰਦਾ ਸੀ।

ਸੋ ਇਸ ਲਈ ਗੁਰਬਾਣੀ ਦੀ ਨਿਯਮਬਧ ਲਿਖਣ ਸ਼ੈਲੀ, ਗੁਰਮਤੀ ਸਿਧਾਂਤਾਂ ਅਤੇ ਇਤਿਹਾਸਕ ਸੱਚ ਦੇ ਸਹਾਰੇ ਪੂਰਨ ਆਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਗੁਰਬਾਣੀ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਕਰਦੀ ਹੋਈ ਕਿਸੇ ਯੋਗ ਮੌਕੇ ਸਪਸ਼ਟ ਐਲਾਨ ਕਰੇਗੀ ਕਿ ਉਪਰੋਕਤ ਕਿਸਮ ਦੀਆਂ ਸੰਪਰਦਾਈ ਮਿੱਥਾਂ ਅਧਾਰਹੀਣ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਣਾਇਕ ਗੁਰਵਾਕ “ਕੂੜ ਨਿਖੁਟੈ ਨਾਨਕਾ ਓੜਕਿ ਸਚਿ ਰਹੀ ॥ {ਪੰ. 953} ਦੇ ਚਾਨਣ ਵਿੱਚ ਗੁਰਸਿੱਖਾਂ ਨੂੰ ਧੀਰਜ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਰੱਬੀ ਨਿਆ ਅਧੀਨ ਕੂੜ ਦੇ ਵਪਾਰੀ ਅੰਤ ਨੂੰ ਹਾਰਦੇ ਹਨ ਅਤੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ । ਗੁਰੂ ਆਸਰੇ ਯਤਨਸ਼ੀਲ ਹਾਂ ਕਿ ਇਸ ਲੇਖ ਦਾ ਦੂਜਾ ਭਾਗ ‘ਬਲੁ ਹੋਆ ਬੰਧਨ ਛੁਟੇ …’ (ਇੱਕ ਦਾਰਸ਼ਨਿਕ ਪਰਿਪੇਖ) ਵੀ ਸੂਝਵਾਨ ਪਾਠਕਾਂ ਨਾਲ ਛੇਤੀ ਸਾਂਝਾ ਕਰਾਂ । ਅੱਗੇ ਜਿਵੇਂ ਮਾਲਕ ਪਭੂ ਨਾ ਭਾਵੇ।

ਭੁੱਲ-ਚੁੱਕ ਦੀ ਖ਼ਿਮਾ ਕਰਨਾ ਜੀ।
ਵਾਹ ਗੁਰੂ ਜੀ ਕਾ ਖ਼ਾਲਸਾ। ਵਾਹ ਗੁਰੂ ਜੀ ਕੀ ਫ਼ਤਹ।
ਗੁਰੂ ਤੇ ਪੰਥ ਦਾ ਚਾਕਰ : ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ 26 ਅਪ੍ਰੈਲ 2021


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top