Khalsa News homepage

 

 Share on Facebook

Main News Page

ਸਾਕਾ ਨਨਕਾਣਾ ਸਾਹਿਬ ਦੌਰਾਨ ਲਾਲਾ ਲਾਜਪਤ ਰਾਏ ਦਾ ਸਿੱਖ ਦੁਸ਼ਮਣ ਰੋਲ
-: ਰਾਜਵਿੰਦਰ ਸਿੰਘ ਰਾਹੀ
22.02.2021
#KhalsaNews #NankanaSahib #LalaLajpatRai

ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ। ਸ. ਗੁਰਬਖਸ਼ ਸਿੰਘ 'ਸਮਸ਼ੇਰ' ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਨੂੰ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ :

(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ "ਬੰਦੇ ਮਾਤਰਮ" ਅਖ਼ਬਾਰ ਨੂੰ 50,000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ। ਮਹੰਤ ਨੂੰ ਗੁਜ਼ਾਰਾ ਦੇ ਕੇ ਬਾਕੀ ਰੁਪਿਆ ਨੈਸ਼ਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ 'ਤੇ ਖਰਚ ਕੀਤਾ ਜਾਵੇਗਾ। (ਸਫ਼ਾ 129)

ਲਾਲਾ ਲਾਜਪਤ ਰਾਏ ਨੇ ਉਚ ਕੋਟੀ ਦੇ ਕਾਂਗਰਸੀ ਨੇਤਾਵਾਂ ਨੂੰ ਮਹੰਤ ਦੇ ਪੱਖ ਵਿਚ ਲਿਆਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ। (ਇਸ ਕੰਮ ਵਿਚ ਉਸ ਨੂੰ ਕਿੰਨੀ ਕੁ ਸਫ਼ਲਤਾ ਮਿਲੀ, ਇਹ ਵੱਖਰਾ ਵਿਸ਼ਾ ਹੈ) ਇਸਦਾ ਸਬੂਤ ਉਹ ਤਾਰ ਹੈ, ਜੋ ਸਾਕਾ ਵਾਪਰਨ ਤੋਂ ਬਾਅਦ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਸਮੇਂ ਉਸ ਦੀ ਘਰ ਦੀ ਤਲਾਸ਼ੀ ਲੈਣ ਵੇਲੇ ਮਿਲੀ ਸੀ। ਭਾਈ ਗੁਰਬਖਸ਼ ਸਿੰਘ ‘ਸਮਸ਼ੇਰੱ ਆਪਣੀ ਰਿਪੋਰਟ ਵਿਚ ਦੱਸਦੇ ਹਨ, ਇਕ ਤਾਰ ਮਿਲੀ ਜੋ ਮਹੰਤ ਨਰੈਣ ਦਾਸ ਦੇ ਨਾਮ 'ਤੇ ਲਾਲਾ ਲਾਜਪਤ ਰਾਏ ਵੱਲੋਂ ਲਿਖੀ ਗਈ, ਜਿਸ ਵਿਚ ਲਿਖਿਆ ਗਿਆ ਸੀ ਕਿ ਮਹਾਤਮਾ ਗਾਂਧੀ ਜੀ ਨਨਕਾਣੇ ਸਾਹਿਬ ਨਹੀਂ ਆ ਸਕਦੇੱ (ਉਪਰੋਕਤ)

ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ਵੀ ਲਾਲਾ ਲਾਜਪਤ ਰਾਏ ਦੇ ਇਸ ਰੋਲ ਦੀ ਚਰਚਾ ਆਪਣੀ ਕਿਤਾਬ 'ਸ਼ੁਧਾਰ ਖਾਲਸਾ' ਵਿਚ ਕੀਤੀ ਹੈ। ਗਿਆਨੀ ਕਲਾਸਵਾਲੀਆ ਜੀ ਪਹਿਲਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਫਿਰ ਮੁੱਖ ਗ੍ਰੰਥੀ ਰਹੇ ਹਨ। ਉਨ੍ਹਾਂ ਦੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੀ 25ਵੀਂ ਵਰ੍ਹੇਗੰਢ ਸਮੇਂ ਮੁੜ ਛਾਪੀ ਸੀ। ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਦ੍ਰਿਸ਼ ਨੂੰ ਬਿਆਨ ਕਰਦਿਆਂ ਕਲਾਸਵਾਲੀਆ ਜੀ ਨੇ ਮਹੰਤ ਦੇ ਕੁਝ ਯਾਰਾਂ ਦੇ ਇਸ ਤਰ੍ਹਾਂ ਨਾਂਅ ਗਿਣਾਏ ਹਨ :

ਮੁਖੀਏ ਪੰਥ ਦੇ ਕਾਜ ਸੰਭਾਲ ਬੈਠੇ ਮਹੰਤ ਸਣੇ ਮਹੰਤ ਦੇ ਯਾਰ ਗਏ।
ਕਬਜ਼ਾ ਪੰਥ ਦਾ ਜਨਮ ਅਸਥਾਨ ਉ'ਤੇ, ਬੜੇ ਬਾਵੇ ਭੀ ਕਿਧਰੇ ਸਿਧਾਰ ਗਏ।
ਸੰਤ ਸੇਵਕ ਹੋਰੀਂ ਕਿਤੇ ਜਾ ਛੁਪੇ, ਲੜੇ ਲਾਜਪਤ ਰਾਏ ਪਧਾਰ ਗਏ।
ਸਾਥ ਬੜੇ ਮਹੰਤ ਭੀ ਛੱਡ ਗਏ, ਹੋ ਅੜੇ ਉਦਾਸੀ ਉਡਾਰ ਗਏ।
ਬੈਠਾ ਜੇਹਲ ਅੰਦਰ ਜਾ ਪਾਪੀ, ਘੁਸੜ ਸਾਰੇ ਹੀ ਬੜੇ ਹੰਕਾਰ ਗਏ (ਸਫ਼ਾ 186)

ਲਾਲਾ ਲਾਜਪਤ ਰਾਏ ਦੇ ਨਾਂਅ ਨਾਲ ਸਟਾਰ ਲਾ ਕੇ ਹੇਠਾਂ ਇਹ ਫੁੱਟ ਨੋਟ ਦਿੱਤਾ ਗਿਆ :

‘ਲਾਜਪਤ ਰਾਏ ਹੋਰਾਂ ਦੀ ਮਨਸ਼ਾ ਸੀ ਕਿ ਮਹੰਤ ਨੂੰ ਅਪਨੇ ਕਾਬੂ ਕਰਕੇ ਏਥੋਂ ਦੇ ਕਾਰਕੁਨ ਅਸੀਂ ਬਣ ਜਾਈਏ ਤੇ ਏਸ ਪੰਥ ਦੀ ਜਾਇਦਾਦ ਪਾਸੋਂ ਪੰਥ ਘਾਤੀ ਪੈਦਾ ਕਰਨ ਦਾ ਕੰਮ ਲਈਏ ਤੇ ਇਕ ਨੈਸ਼ਨਲ ਯੂਨੀਵਰਸਿਟੀ ਕਾਇਮ ਕਰੀਏ ਤੇ ਬਾਕੀ ਦਾ ਪੈਸਾ ਪੋਲੀਟੀਕਲ ਕੰਮਾਂ ਵਿਚ ਖਰਚ ਕਰੀਏ।ੱ
ਲਾਲਾ ਲਾਜਪਤ ਰਾਏ ਆਪਣੀ ਅਖ਼ਬਾਰ "ਬੰਦੇ ਮਾਤਰਮ" ਵਿਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਬਾਰੇ ਕਿਹੋ ਜਿਹੀਆਂ ਲਿਖਤਾਂ ਲਿਖਦੇ ਰਹੇ, ਇਸ ਦੀ ਇਕ ਮਿਸਾਲ ਡਾ. ਕੁਲਵਿੰਦਰ ਸਿੰਘ ਬਾਜਵਾ (ਜੋ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਖੀ ਰਹੇ ਹਨ) ਨੇ ਆਪਣੀ ਕਿਤਾਬ ‘ਅਕਾਲੀ ਦਲ : ਸੱਚਾ ਸੌਦਾ ਦੇ ਸਫ਼ੇ 44-45 'ਤੇ ਦਿੱਤੀ ਹੈ। ਇਹ ਕਿਤਾਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਮਾਰਚ 2000 ਵਿਚ ਛਾਪੀ ਸੀ।

ਡਾ. ਬਾਜਵਾ ਮੁਤਾਬਕ, ‘16 ਨਵੰਬਰ 1921 ਦੇ ‘ਬੰਦੇ ਮਾਤਰਮ' ਵਿਚ ਲਾਲਾ ਲਾਜਪਤ ਰਾਏ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਜੁੜੀ ‘ਸੱਚਾ ਸੌਦਾ’ ਦੀ ਸਾਖੀ ਦੇ ਹਵਾਲੇ ਨਾਲ ਲਿਖਿਆ, ‘ਜਿਸ ਸ਼ਖਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਮੇਂ ਜਾਇਦਾਦ ਆਮਦਾਨਾਓ ਕੇ ਅਖਤਿਆਰ ਕਾ ਝਗੜਾ ਹੋ ਰਹਾ ਹੈ।

ਦੇਖੋ, ਆਰੀਆ ਸਮਾਜ ਦੀ ਬੋਲੀ ਬੋਲਦਾ ਹੋਇਆ ਲਾਲਾ ਸ਼ਰਾਰਤ ਤੇ ਸ਼ੈਤਾਨੀ ਨਾਲ ਜਗਤ ਗੁਰੂ ਗੁਰੂ ਨਾਨਕ ਜੀ ਨੂੰ 'ਸ਼ਖਸ' ਕਹਿਣ ਦੀ ਗੁਸਤਾਖੀ਼ ਕਰਦਾ ਹੈ, ਗੁਰਦੁਆਰਾ ‘ਜਨਮ ਅਸਥਾਨ' ਨੂੰ ‘ਮੰਦਰ’ ਦਾ ਨਾਂਅ ਦਿੰਦਾ ਹੈ ਅਤੇ ‘ਜਨਮ ਅਸਥਾਨ ਅੰਦਰ ਪ੍ਰਚਲਤ ਹਿੰਦੂਵਾਦੀ ਰਸਮਾਂ ਨੂੰ ਬੰਦ ਕਰਵਾਕੇ ਪੰਥਕ ਮਰਿਆਦਾ ਸ਼ੁਰੂ ਕਰਵਾਉਣ ਦੇ ਸਿਧਾਂਤਕ ਮਾਮਲੇ ਨੂੰ ‘ਆਮਦਾਨਾਓ ਦੇ ਅਖਤਿਆਰ ਦਾ ਝਗੜਾ’ ਕਰਾਰ ਦਿੰਦਾ ਹੈ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top