Khalsa News homepage

 

 Share on Facebook

Main News Page

ਮੀਟਿੰਗ ਨਹੀਂ, ਹੁਣ ਐਕਸ਼ਨ ਕਰੋ
-: ਹਰਪਾਲ ਸਿੰਘ
09.01.2021
#KhalsaNews #FarmersProtest #Deadlock

ਅੱਜ ਮੋਰਚੇ ਨੂੰ ਲੱਗਿਆਂ ਸਵਾ ਮਹੀਨਾ ਹੋਣ ਨੂੰ ਹੈ... ਪਰ ਸੱਚ ਆਹੀ ਹੈ ਕਿ ਇਹ ਮੋਰਚਾ ਸਰਕਾਰ ਨੂੰ ਤੰਗ ਨਹੀਂ ਕਰ ਸਕਿਆ... ਇਸਦਾ ਇਸ਼ਾਰਾ ਸਰਕਾਰ ਨੇ ਹਰ ਮੀਟਿੰਗ 'ਚ ਹੇਠਲੇ ਲੈਵਲ ਦੇ ਮੰਤਰੀ ਭੇਜ ਕੇ ਦਈ ਰਖਿਆ... ਹਰ ਵਾਰ ਮੀਟਿੰਗ ਤੋਂ ਪਹਿਲਾਂ ਹੀ ਸਰਕਾਰੀ ਮੰਤਰੀ ਆਖਣ ਲੱਗ ਜਾਂਦੇ ਨੇ ਕਿ ਬਿੱਲ ਰੱਦ ਨਹੀਂ ਹੋਣਗੇ... ਫੇਰ ਵੀ ਆਪਣੇ ਆਗੂ ਮੀਟਿੰਗ 'ਚ ਜਾਂਦੇ ਕਿਉਂ ਨੇ ਇਹ ਸਮਝ ਨਹੀਂ ਆਉਂਦੀ... ਉਤੋਂ ਕੁਛ ਆਗੂ ਮੰਤਰੀਆਂ ਵਲੋਂ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਨੂੰ ਹੀ ਜਿੱਤ ਦਸੀ ਜਾਂਦੇ ਨੇ...

ਜਿਸ ਬੇਬਾਕੀ ਨਾਲ ਸਰਕਾਰੀ ਮੰਤਰੀ ਕਿਸਾਨਾਂ ਨੂੰ ਟਿੱਚ ਜਾਣਦੇ ਹੋਏ ਬਿਆਨ ਦਿੰਦੇ ਨੇ ਉਸਦੇ ਮੁਕਾਬਲੇ ਆਪਣੇ ਆਗੂ ਬਸ ਇਕੋ ਗੱਲ ਬੋਲੀ ਜਾਂਦੇ ਨੇ ਕਿ ਅਸੀਂ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਜਿੱਤ ਕੇ ਜਾਵਾਂਗੇ... ਪਰ ਇਹ ਜਿੱਤ ਕਿਵੇਂ ਹੋਏਗੀ ਜਾਂ ਕੀ ਰਣਨੀਤੀ ਹੈ ਉਸਦਾ ਖੁਲਾਸਾ ਕੋਈ ਕਿਸਾਨ ਆਗੂ ਨਹੀਂ ਕਰਦਾ... ਉਲਟਾ ਟਿਕੈਤ ਵਰਗੇ ਆਗੂ ਇਹ ਆਖੀ ਜਾਂਦੇ ਨੇ ਕਿ ਅਸੀਂ ਮਈ 2024 ਤੱਕ ਏਥੇ ਬੈਠੇ ਰਹਾਂਗੇ... ਏਨਾ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਅਸੀਂ ਉਥੇ ਲੜਾਈ ਜਿੱਤਣ ਗਏ ਹਾਂ ਜਾਂ ਸੜਕਾਂ ਤੇ ਲੰਮਾ ਸਮਾਂ ਬੈਠ ਕੇ ਕੋਈ ਰਿਕਾਰਡ ਬਣਾਉਣ ਗਏ ਹਾਂ...

ਕਲ੍ਹ ਨੂੰ ਮੈਂ ਨਹੀਂ ਜਾਣਦਾ ਕੀ ਹੋਵੇਗਾ ਪਰ ਇਹ ਇਕ ਵੱਡਾ ਸੱਚ ਹੈ ਕਿ ਲੱਖਾਂ ਲੋਕਾਂ ਦੇ ਇਕੱਠ ਦੇ ਬਾਵਜੂਦ ਜੇ ਅੱਜ ਸਰਕਾਰ ਕਿਸੇ ਦਬਾਅ ਹੇਠ ਨਹੀਂ ਹੈ ਤਾਂ ਇਸਦਾ ਇਕੋ ਕਾਰਨ ਆਗੂਆਂ ਦੀ ਢਿੱਲੀ ਰਣਨੀਤੀ ਹੈ... ਕਲ੍ਹ ਦੀ ਮੀਟਿੰਗ ਤੋਂ ਬਾਦ ਜਿਸ ਤਰ੍ਹਾਂ ਨਾਲ ਰਾਜੇਵਾਲ ਸਾਬ ਬਸ ਚ ਬੈਠੇ ਹੋਏ ਪਤਰਕਾਰਾਂ ਨਾਲ ਗੱਲ ਕਰ ਰਹੇ ਸੀ...ਉਹਨਾਂ ਦਾ ਚਿਹਰਾ ਅਤੇ ਅੰਦਾਜ਼ ਢਹਿੰਦੀ ਕਲਾ ਵਾਲਾ ਸੀ... ਸਰਕਾਰ ਹਰ ਵਾਰ ਏਨਾ ਨੂੰ ਮੀਟਿੰਗ ਤੇ ਬੁਲਾਉਂਦੀ ਹੈ... ਕਰਦੀ ਕਰਾਉਂਦੀ ਕੁਛ ਨਹੀਂ ਤੇ ਹਫਤੇ ਦਾ ਗੈਪ ਪਾ ਕੇ ਅਗਲੀ ਮੀਟਿੰਗ ਦੇ ਦਿੰਦੀ ਹੈ... ਸਰਕਾਰ ਸਾਡੇ ਮਜ਼ੇ ਲੈ ਰਹੀ ਹੈ ਬਸ... ਜੇ ਅਜੇ ਵੀ ਅਸੀਂ ਲੋਕ ਐਦਾਂ ਦੀਆਂ ਬੇਸਿਰ ਪੈਰ ਦੀਆਂ ਮੀਟਿੰਗਾਂ 'ਚ ਹੀ ਹਾਜ਼ਰੀ ਭਰਦੇ ਰਹਿਣਾ ਹੈ ਤਾਂ ਏਡੇ ਵੱਡੇ ਇਕੱਠ ਦੇ ਮਾਇਨੇ ਕੀ ਨੇ ??

ਯੋਗਿੰਦਰ ਯਾਦਵ ਵਰਗੇ ਆਗੂਆਂ ਨੂੰ ਕੁਛ ਲੋਕ ਬਹੁਤ ਬੇਹਤਰੀਨ ਆਗੂ ਦਸਦੇ ਫਿਰਦੇ ਨੇ.. .ਕੀ ਕੋਈ ਉਸਦਾ ਚੇਲਾ ਬਾਲਕਾ ਏਥੇ ਆ ਕੇ ਉਸਦੀ ਇਸ ਮੋਰਚੇ ਨੂੰ ਲੈ ਕੇ ਇਕ ਨਿੱਕੀ ਵੀ ਪ੍ਰਾਪਤੀ ਦਸ ਸਕਦਾ ਹੈ ?? ਕੋਈ ਸਾਬਤ ਕਰ ਸਕਦਾ ਹੈ ਕਿ ਉਸਦਾ ਇਸ ਮੋਰਚੇ ਨੂੰ ਲੈ ਕੇ ਕੀ ਪਾਜੀਟਿਵ ਵਤੀਰਾ ਹੈ ?? ਇਕ ਰਾਜਨੀਤਿਕ ਪਿਛੋਕੜ ਵਾਲੇ ਬੰਦੇ ਨੂੰ ਤਾਂ ਇਹ ਅੱਗੇ ਲਗਾਈ ਰੱਖਣ ਨੂੰ ਤਿਆਰ ਬੈਠੇ ਨੇ ਪਰ ਜੇ ਪੰਜਾਬ ਦਾ ਕੋਈ ਇਕ ਭਾਵੁਕ ਨੌਜਵਾਨ ਅੱਗੇ ਆਉਣਾ ਚਾਹੇ ਤਾਂ ਉਸਦੇ ਲਈ ਬੋਲਣ ਨੂੰ ਅੱਗੇ ਆਉਣ ਨੂੰ ਹਜ਼ਾਰਾਂ ਪਾਬੰਦੀਆਂ ਲਗਾਉਣ ਨੂੰ ਤਿਆਰ ਰਹਿੰਦੇ ਨੇ...

ਮੋਰਚੇ 'ਚ ਪੈਸਾ ਤਾਕਤ ਜੋਸ਼ ਹਰ ਪੰਜਾਬੀ ਦਾ ਲੱਗਾ ਹੋਇਆ ਹੈ.. .ਇਹ ਸਭ ਚੀਜ਼ਾਂ ਅੱਗੇ ਲੱਗਿਆਂ ਨੂੰ ਕਬੂਲ ਵੀ ਨੇ... ਪਰ ਜਦੋਂ ਆਹੀ ਆਮ ਲੋਕ ਆਪਣੀ ਕੋਈ ਰਣਨੀਤੀ ਸਾਂਝੀ ਕਰਨਾ ਚਾਹੁਣ ਤਾਂ ਏਨਾ ਨੂੰ ਆਖਿਆ ਜਾਂਦਾ ਹੈ ਤੁਸੀ ਮਗਰ ਰਹੋ... ਭੜਕਾਓ ਨਾ...ਇਹ ਨਾ ਕਰੋ ਉਹ ਨਾ ਕਰੋ....

ਜਦੋਂ ਛੱਬੀ 26 Nov 2020 ਤਰੀਕ ਨੂੰ ਲੋਕ ਦਿੱਲੀ ਵੱਲ ਨੂੰ ਤੁਰੇ ਸੀ... ਤਾਂ ਗੱਲ ਹੋਈ ਸੀ ਕਿ ਦਿੱਲੀ ਘੇਰੀ ਜਾਏਗੀ... ਦਿੱਲੀ ਦਾ ਹੁੱਕਾ ਪਾਣੀ ਬੰਦ ਕਰਿਆ ਜਾਵੇਗਾ... ਪਰ ਏਹ ਪਹਿਲੀ ਸਕੀਮ ਹੀ ਸਿਰੇ ਨਹੀਂ ਚੜੀ ਤਾਂ ਬਾਕੀ ਗੱਲਾਂ ਦਾ ਬਾਦ ਦੀ ਗੱਲ ਨੇ... ਜਦੋਂ ਦਿੱਲੀ ਹੀ ਨਹੀਂ ਰੋਕੀ ਗਈ ਤਾਂ ਏਡੇ ਵੱਡੇ ਇਕੱਠ ਤੋਂ ਨਤੀਜੇ ਕਿਵੇਂ ਕੱਢੇ ਜਾ ਸਕਨੇ ਸੀ....

ਹੁਣ ਤੱਕ ਬਹੁਤ ਫੋਟੋ ਸ਼ੂਟ ਹੋ ਗਿਆ... ਬਹੁਤ ਗੀਤ ਗਾ ਲਏ... ਬਹੁਤ ਭਾਸ਼ਣ ਦੇ ਲਏ... ਬਹੁਤ ਏਕੇ ਦੀਆਂ ਗੱਲਾਂ ਨਾਲ ਖੁਦ ਨੂੰ ਸ਼ਾਂਤ ਕਰ ਲਿਆ... ਬਹੁਤ ਮੀਟਿੰਗਾਂ ਕਰ ਲਈਆਂ...ਬਹੁਤ ਐਨਰਜੀ ਲਗਾ ਲਈ....ਘੱਟੋ ਘੱਟ ਇੱਕ ਤਾਂ ਕੋਈ ਏਦਾਂ ਦਾ ਫੈਸਲਾ ਲਵੋ ਹੁਣ ਜਿਸਦੇ ਨਾਲ ਸਰਕਾਰੀ ਤੰਤਰ 'ਚ ਹਿਲਜੁਲ ਹੋ ਸਕੇ....

ਇਹ ਲਿਖਦੇ ਹੋਏ ਮੈਨੂੰ ਇਕ ਗੱਲ ਚੇਤੇ ਆ ਰਹੀ ਹੈ... ਜਦੋਂ ਸਰਸੇ ਵਾਲੇ ਪਾਖੰਡੀ ਬਾਬੇ ਨੇ ਗੁਰੂ ਸਾਹਿਬ ਦੀ ਨਕਲ ਕਰੀ ਸੀ... ਤਾਂ ਲੋਕਾਂ ਦੇ ਹਜੂਮ ਨੇ ਸਲਾਬਤਪੁਰ ਵਾਲੇ ਡੇਰੇ ਨੂੰ ਘੇਰ ਲਿਆ ਸੀ... ਲੋਕ ਬਿਲਕੁਲ ਤਿਆਰ ਸੀ ਡੇਰੇ ਨੂੰ ਤਹਿਸ ਨਹਿਸ ਕਰਨ ਨੂੰ... ਫੇਰ ਵਿੱਚ ਕੁਛ ਲੀਡਰ ਆ ਬੈਠੇ.. .ਜੋਸ਼ ਨੂੰ ਹੋਸ਼ ਨਾਲ ਮੈਨੇਜ ਕਰਨ ਦੇ ਭਾਸ਼ਣ ਦਿਤੇ ਗਏ... ਤੇ ਨਤੀਜਾ ਕੀ ਨਿਕਲਿਆ... ਨਾ ਡੇਰੇ ਨੂੰ ਕੋਈ ਸੱਟ ਵੱਜੀ ਨਾ ਪਾਖੰਡੀ ਨੂੰ ਕੁਛ ਹੋਇਆ... ਉਹ ਗੱਲ ਵੱਖਰੀ ਹੈ ਕਿ ਬਹੁਤ ਸਮੇਂ ਬਾਅਦ ਇਹ ਬਾਬਾ ਕਨੂੰਨ ਦੇ ਅੜਿਕੇ ਆਇਆ... ਪਰ ਸਲਾਬਤਪੁਰ ਵਾਲਾ ਡੇਰਾ ਅੱਜ ਵੀ ਕਾਇਮ ਹੈ...

ਨੌਜਵਾਨ ਜਦੋਂ ਅੱਜ ਦਿੱਲੀ 'ਚ ਬੈਠੇ ਹੀ ਇਸ ਕਰਕੇ ਨੇ ਕਿ ਉਹ ਦਿੱਲੀ ਨੂੰ ਬੰਦ ਕਰਨ ਲਈ ਆਏ ਸੀ... ਪਰ ਦਿੱਲੀ ਚ ਕੁਛ ਵੀ ਬੰਦ ਨਹੀਂ ਹੈ... ਦਿੱਲੀ ਆਪਣੀ ਮਸਤੀ ਚ ਚਲ ਰਹੀ ਹੈ... ਉਥੇ ਲੋਕਾਂ ਨੇ ਨਵੇਂ ਸਾਲ ਦੇ ਜਸ਼ਨ ਮਨਾਏ... ਸਭ ਕੁੱਛ ਨਾਰਮਲ ਰਿਹਾ... .ਅੱਜ ਸਿੰਘੁ 'ਤੇ ਹੋਇਆ ਇਕੱਠ ਇਤਿਹਾਸਕ ਇਕੱਠ ਹੈ... ਪਰ ਯਾਦ ਰਖਿਓ... ਜੇ ਇਹ ਇਹ ਇਕੱਠ ਜਿੱਤ ਹਾਸਲ ਨਾ ਕਰਕੇ ਆਇਆ ਤਾਂ ਇਹ ਬਹੁਤ ਵੱਡੀ ਨਮੋਸ਼ੀ ਹੋਏਗੀ... ਮੈਂ ਨਹੀਂ ਜਾਣਦਾ ਕਿ ਤੁਸੀਂ ਜੋ ਇਸ ਪੋਸਟ ਨੂੰ ਪੜ੍ਹ ਰਹੇ ਹੋ ਕਿਸ ਆਗੂ ਨੂੰ ਆਪਣਾ ਸਭ ਕੁਛ ਮੰਨਦੇ ਹੋ... ਪਰ ਜੇ ਕਿਸੇ ਆਗੂ ਨਾਲ ਜੁੜੇ ਹੋ ਤਾਂ ਉਸਨੂੰ ਯਾਦ ਕਰਵਾਓ ਕਿ ਅਸੀਂ ਏਥੇ ਲੰਮਾਂ ਸਮਾਂ ਬੈਠ ਕੇ ਰਿਕਾਰਡ ਬਣਾਉਣ ਨਹੀਂ ਆਏ... ਜਿੱਤਣ ਆਏ ਹਾਂ... ਸਾਨੂੰ ਦਸਿਆ ਜਾਵੇ ਕਿ ਤੁਸੀਂ ਸਾਨੂੰ ਕਿਸ ਰਾਹ ਤੇ ਲੈ ਜਾ ਕੇ ਜਿੱਤ ਦਵਾਓਗੇ... ਤੇ ਜੇ ਤੁਹਾਡੇ ਰਾਹਾਂ ਤੇ ਜਿੱਤ ਦੂਰ ਤੱਕ ਵੀ ਨਹੀਂ ਹੈ ਤਾਂ ਫੇਰ ਕਿਸੇ ਹੋਰ ਨੂੰ ਅੱਗੇ ਆਉਣ ਦਵੋ... ਆਖਰ ਤੁਸੀਂ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਅੱਗੇ ਲੱਗੇ ਹੋਏ ਹੋ... ਤੇ ਅਜੇ ਤੱਕ ਨਤੀਜਾ ਜ਼ੀਰੋ ਹੈ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top