ਇਸ ਵਿੱਚ ਕੋਈ ਸ਼ੱਕ ਨਹੀਂ ਕਿ
ਇਸ ਮੋਰਚੇ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚ ਵਿਚਾਰਧਾਰਕ ਮੱਤਭੇਦ
ਵੀ ਹਨ, ਪਰ ਇਸ ਸਾਂਝੇ ਮਸਲੇ ਉੱਤੇ ਸਾਰੀਆਂ ਜਥੇਬੰਦੀਆਂ ਇੱਕਸੁਰ ਹਨ।
ਜਿਹੜੀਆਂ ਮੰਗਾਂ ਵਾਸਤੇ ਇਹ ਮੋਰਚਾ ਲੱਗਾ ਹੈ ਉਨ੍ਹਾਂ ਮੰਗਾਂ ਤੋਂ ਕੋਈ ਵੀ
ਜਥੇਬੰਦੀ ਪਿੱਛੇ ਨਹੀਂ ਹਟ ਰਹੀ। ਇਸ ਲਈ ਜ਼ਰੂਰੀ ਹੈ ਕਿ ਮੋਰਚੇ ਵਿੱਚ ਸ਼ਾਮਲ
ਲੋਕ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਮੀਡੀਏ ਰਾਹੀਂ ਅਤੇ ਸੋਸ਼ਲ ਮੀਡੀਏ ਰਾਹੀਂ ਜੁੜੇ
ਹੋਏ ਲੋਕ ਇਸ ਸਾਂਝੇ ਮਸਲੇ ਉੱਤੇ ਆਪਣਾ ਧਿਆਨ ਕੇਂਦਰਤ ਰੱਖਣ।
ਆਪਸੀ ਵਿਚਾਰਧਾਰਕ ਵਖਰੇਵਿਆਂ
ਨੂੰ ਇਕ ਪਾਸੇ ਰੱਖ ਕੇ ਇਸ ਸਾਂਝੇ ਮੁੱਦੇ ਉੱਤੇ ਆਪਣੀ ਰਾਇ ਪ੍ਰਗਟ ਕਰਨ।
ਹਾਲਾਂਕਿ ਦਸ ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨੁੱਖੀ
ਅਧਿਕਾਰਾਂ ਦੇ ਸਬੰਧ ਵਿੱਚ ਕੀਤੇ ਗਏ ਸਮਾਗਮ ਦੌਰਾਨ ਕੇਵਲ ਖੱਬੇ ਪੱਖੀ ਲੇਖਕਾਂ
ਅਤੇ ਬੁੱਧੀਜੀਵੀਆਂ ਜਿਨ੍ਹਾਂ ਨੂੰ ਸਰਕਾਰ ਨੇ ਕਿਸੇ ਨਾ ਕਿਸੇ ਕਾਰਨ ਜੇਲ੍ਹਾਂ
ਵਿੱਚ ਡੱਕਿਆ ਹੋਇਆ ਹੈ ਜਾਂ ਉਨ੍ਹਾਂ ਉੱਤੇ ਕੇਸ ਦਰਜ ਕੀਤੇ ਹਨ ਉਨ੍ਹਾਂ ਦੀਆਂ
ਤਸਵੀਰਾਂ ਆਮ ਲੋਕਾਂ ਨੂੰ ਫੜਾ ਕੇ ਇਸ ਮਸਲੇ ਨੂੰ ਉਭਾਰਿਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ
ਸਰਕਾਰ ਆਪਣਾ ਵਿਰੋਧ ਕਰਨ ਵਾਲੀਆਂ ਧਿਰਾਂ ਨੂੰ ਦਬਾਉਣ ਅਤੇ ਖ਼ਤਮ ਕਰਨਾ ਆਪਣਾ
ਏਜੰਡਾ ਮਿੱਥੀ ਬੈਠੀ ਹੈ। ਸਰਕਾਰ ਦੇ ਇਸ ਧੱਕੇ ਅਤੇ ਜ਼ੁਲਮ ਦੇ ਹੱਕ ਵਿਚ
ਕੋਈ ਵੀ ਜਾਗਦੀ ਜ਼ਮੀਰ ਵਾਲਾ ਨਹੀਂ ਹੋ ਸਕਦਾ। ਪਰ ਅਜਿਹੇ ਸਮੇਂ ਜਿਸ ਸਮੇਂ ਉਤੇ
ਭਾਰਤੀ ਮੀਡੀਆ ਅਤੇ ਭਾਜਪਾ ਦਾ ਆਈਟੀ ਸੈੱਲ ਅਤੇ ਟ੍ਰੋਲ ਗਰੁੱਪ ਵੱਧ ਚੜ੍ਹ ਕੇ
ਇਸ ਮੋਰਚੇ ਵਿਚ ਆਏ ਹੋਏ ਲੋਕਾਂ ਨੂੰ ਪਾਕਿਸਤਾਨੀ ਖ਼ਾਲਿਸਤਾਨੀ ਅਤੇ ਅਰਬਨ ਨਕਸਲੀ
ਕਹਿ ਕੇ ਦੇਸ਼ ਦੇ ਬਾਕੀ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ, ਤਾਂ ਕਿਸਾਨ
ਜਥੇਬੰਦੀਆਂ ਨੂੰ ਵੀ ਇਨ੍ਹਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਇਸ ਦੇ ਨਾਲ ਇਹ ਵੀ ਇੱਕ ਜ਼ਰੂਰੀ
ਗੱਲ ਹੈ ਕਿ ਉਗਰਾਹਾਂ ਗਰੁੱਪ ਰਾਹੀਂ ਹੋ ਸਕਦਾ ਹੈ ਸਰਕਾਰ ਇਸ ਮੋਰਚੇ
ਦੇ ਖ਼ਿਲਾਫ਼ ਸਿੱਖ ਨੌਜਵਾਨੀ ਨੂੰ ਕਰਕੇ ਮੋਰਚੇ ਨੂੰ ਦੋ ਧੜਿਆਂ ਵਿੱਚ ਵੰਡਣ ਦੀ
ਕੋਸ਼ਿਸ਼ ਕਰ ਰਹੀ ਹੋਵੇ। ਸਾਡੀ ਸਿੱਖ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਹੈ
ਕਿ ਇਹ ਵੀ ਹੋ ਸਕਦਾ ਹੈ ਕਿ ਕੁਝ ਲੋਕ ਇਸ ਮੋਰਚੇ ਨੂੰ ਦੋਫਾੜ ਕਰ ਕੇ ਅਤੇ ਫੇਰ
ਸਾਰਾ ਦੋਸ਼ ਸਿੱਖਾਂ ਸਿਰ ਮੜ੍ਹ ਕੇ ਆਪ ਸੁਰਖਰੂ ਹੋਣਾ ਚਾਹੁੰਦੇ ਹੋਣ। ਇਸ ਲਈ
ਬਹੁਤ ਜ਼ਰੂਰੀ ਬੇਨਤੀ ਹੈ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਥਾਵਾਂ ਉੱਤੇ ਇਨ੍ਹਾਂ
ਆਗੂਆਂ ਤੇ ਮੁੱਦੇ ਉੱਤੇ ਖੜ੍ਹੇ ਰਹਿਣ ਦਾ ਪ੍ਰੈਸ਼ਰ ਬਣਾਈ ਰੱਖਣ।
ਇਨ੍ਹਾਂ ਦਾ ਵਿਰੋਧ ਕਰਨ ਦੀ
ਬਜਾਏ ਸਾਂਝੇ ਮੁੱਦੇ ਦੀ ਵਾਰ ਵਾਰ ਗੱਲ ਕਰਨਾ ਹੀ ਇਸ ਵੇਲੇ ਮੋਰਚੇ ਦੀ
ਸਫ਼ਲਤਾ ਦਾ ਇੱਕੋ ਇੱਕ ਤਰੀਕਾ ਹੈ। ਕਿਤੇ ਇਹ ਨਾ ਹੋਵੇ ਕਪੂਰੀ ਦੇ ਮੋਰਚੇ ਵਾਂਗ
ਕੁਝ ਲੋਕ ਸਾਈਡ ਲੈ ਜਾਣ ਤੇ ਸਾਰੀ ਗੱਲ ਕੇਵਲ ਸਿੱਖ ਨੌਜਵਾਨਾਂ ਦੇ ਗਲ ਪੈ ਜਾਵੇ।
ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਜਿੱਤ ਦਾ ਕ੍ਰੈਡਿਟ ਸਾਰੇ ਹੀ ਆਪਣੇ ਆਪ ਨੂੰ
ਦੇਣਾ ਚਾਹੁੰਦੇ ਹਨ ਅਤੇ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਦੂਜਿਆਂ ਉੱਤੇ ਥੋਪਦੇ ਹਨ।
ਕਿਸਾਨ ਜਥੇਬੰਦੀਆਂ ਦੇ ਆਗੂ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ ਅਤੇ ਪ੍ਰੋਗਰਾਮ
ਵੀ ਉਹਨਾਂ ਨੇ ਸਾਂਝੇ ਰੂਪ ਵਿੱਚ ਮਿਥਿਆ ਹੈ ਇਸ ਲਈ ਸਾਨੂੰ ਕੁਝ ਖੱਬੇ ਪੱਖੀ
ਲੋਕਾਂ ਦੇ ਵਲੋਂ ਕੀਤੀ ਜਾ ਰਹੀ ਪ੍ਰਾਪੋਗੰਡਾ ਨੁਮਾ ਨੀਤੀ ਤੋਂ ਵੀ ਸੁਚੇਤ ਰਹਿਣ
ਦੀ ਲੋੜ ਹੈ ਅਤੇ ਡਟ ਕੇ ਸਾਂਝੇ ਮੁੱਦੇ ਉੱਤੇ ਖੜ੍ਹੇ ਰਹਿਣ ਦੀ ਲੋੜ ਹੈ ਬਾਕੀ
ਕੰਮ ਬਾਅਦ ਵਿਚ ਨਜਿੱਠੇ ਜਾਣਗੇ।