Khalsa News homepage

 

 Share on Facebook

Main News Page

551ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ - ਕੱਤਕ ਕਿ ਵਿਸਾਖ ਕਿ ਮੱਘਰ ?
-: ਸੁਖਜੀਤ ਸਿੰਘ ਕਪੂਰਥਲਾ
25.11.2020
ਗੁਰਮਤਿ ਪ੍ਰਚਾਰਕ/ ਕਥਾ ਵਾਚਕ/ ਲੇਖਕ/ਸੇਵਾ ਮੁਕਤ Xen   ਮੋਬਾਈਲ 98720-76876
#KhalsaNews #SukhjitSingh #Kapurthala #Kattak #Vaisakh #Maghar


ਇਸ ਲੇਖ ਦੇ ਸਿਰਲੇਖ ਵਿੱਚ *"ਕੱਤਕ ਕਿ ਵਿਸਾਖ ਕਿ ਮੱਘਰ"* ਪੜ੍ਹਨ ਵਾਲੇ ਪਾਠਕ ਦੇ ਮਨ ਵਿੱਚ ਇਕ ਹੈਰਾਨੀ ਪੈਦਾ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਬੰਧੀ ਸਾਡੇ ਵਿਚੋਂ ਬਹੁਗਿਣਤੀ ਨੇ *"ਕੱਤਕ ਕਿ ਵਿਸਾਖ"* ਦੋ ਪੱਖ ਹੀ ਸੁਣੇ ਹਨ। ਪਰ ਸਾਲ 2020 ਵਿੱਚ ਇਹ 551ਵਾਂ ਪ੍ਰਕਾਸ਼ ਗੁਰਪੁਰਬ 16 ਮੱਘਰ - 30 ਨਵੰਬਰ ਨੂੰ ਆ ਰਿਹਾ ਹੈ (ਜਦੋਂ ਕਿ ਪਿਛਲੇ ਸਾਲ 2019 ਵਿਚ 550ਵਾਂ ਪ੍ਰਕਾਸ਼ ਗੁਰਪੁਰਬ 27 ਕੱਤਕ - 12 ਨਵੰਬਰ ਨੂੰ ਸੀ) ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਐਸਾ ਕਿਉਂ ?

ਇਸ ਕਿਉਂ ਦੇ ਕਾਰਨ ਤਕ ਪਹੁੰਚਣ ਲਈ ਸਾਨੂੰ ਥੋੜ੍ਹਾ ਜਿਹਾ ਈਸਵੀ ਤੇ ਬਿਕ੍ਰਮੀ 2 ਕੈਲੰਡਰਾਂ ਦੇ ਮੁੱਢਲੇ ਅੰਤਰ ਨੂੰ ਧਿਆਨ ਵਿੱਚ ਰੱਖਣਾ ਪਵੇਗਾ।

ਵਿਗਿਆਨਕ ਆਧਾਰ 'ਤੇ ਕੈਲੰਡਰ ਤਿਆਰ ਕਰਨ ਵਾਲੇ ਮਾਹਿਰਾਂ ਅਨੁਸਾਰ ਈਸਵੀ ਕੈਲੰਡਰ ਸੂਰਜੀ ਸਾਲ ਤੇ ਆਧਾਰਤ ਹੈ ਕਿਉਂਕਿ ਕੁਦਰਤੀ ਪ੍ਰਕਿਰਿਆ ਦੁਆਰਾ ਧਰਤੀ ਸੂਰਜ ਦੁਆਲੇ 365+ ਦਿਨਾਂ ਵਿਚ ਆਪਣੀ ਪਰਿਕਰਮਾ ਪੂਰੀ ਕਰਦੀ ਹੈ। ਮਾਹਿਰਾਂ ਨੇ 365 ਤੋਂ ਉਪਰ ਦੇ ਸਮੇਂ ਨੂੰ ਦਿਨਾਂ ਵਿਚ ਪੂਰਾ ਕਰਨ ਲਈ 4 ਸਾਲ ਬਾਅਦ ਲੀਪ ਸਾਲ ਵਿੱਚ ਫਰਵਰੀ ਮਹੀਨਾ 29 ਦਿਨ ਭਾਵ ਉਸ ਸਾਲ ਦੀ ਲੰਬਾਈ 366 ਦਿਨ ਕਰਕੇ ਅਡਜਸਟਮੈਂਟ (Adjustment) ਕੀਤੀ ਗਈ ਹੈ।

ਇਸੇ ਤਰ੍ਹਾਂ ਬਿਕ੍ਰਮੀ ਕੈਲੰਡਰ ਚੰਦਰ ਸਾਲ ਭਾਵ ਚੰਦਰਮਾ ਵੱਲੋਂ ਕੁਦਰਤੀ ਪ੍ਰਕਿਰਿਆ ਅਨੁਸਾਰ ਧਰਤੀ ਦੀ ਪਰਿਕਰਮਾ 354+ ਦਿਨਾਂ ਵਿੱਚ ਪੂਰੀ ਹੋਣ 'ਤੇ ਆਧਾਰਤ ਹੈ।

ਇਨ੍ਹਾਂ ਦੋਵਾਂ ਕੈਲੰਡਰਾਂ ਦੇ ਆਪਸੀ ਫ਼ਰਕ ਸਬੰਧੀ ਵਿਚਾਰਵਾਨਾਂ ਦਾ ਪੱਖ ਹੈ- *ਸਾਧਾਰਨ ਚੰਦਰ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੈ। ਇਸ ਲਈ ਚੰਦਰ ਸਾਲ ਦਾ ਸੂਰਜੀ ਸਾਲ ਨਾਲ ਮੇਲ ਰੱਖਣ ਲਈ ਪੰਡਿਤ ਲੋਕਾਂ ਵਲੋਂ ਹਰ ਤੀਜੇ ਜਾਂ ਚੌਥੇ ਸਾਲ ਚੰਦਰ ਸਾਲ ਵਿੱਚ 1 ਮਹੀਨਾ ਵਧਾ ਦਿੱਤਾ ਜਾਂਦਾ ਹੈ। ਜਿਸ ਕਾਰਨ ਇਸ ਸਾਲ ਵਿੱਚ 12 ਦੀ ਥਾਂ 13 ਮਹੀਨੇ ਹੋ ਜਾਂਦੇ ਹਨ ਅਤੇ ਇੱਕੋ ਨਾਂ ਦੇ 2 ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਨੂੰ ਮਲਮਾਸ ਜਾਂ ਲੌਂਦ (ਅਸ਼ੁੱਭ - 13ਵਾਂ) ਮਹੀਨਾ ਆਖਿਆ ਜਾਂਦਾ ਹੈ। 19 ਸਾਲਾਂ ਵਿਚ 7 ਮਲਮਾਸ ਹੁੰਦੇ ਹਨ। ਖਾਸ ਤੌਰ ਤੇ ਚੰਦਰ ਸਾਲ ਅਨੁਸਾਰ ਨਿਸ਼ਚਿਤ ਕੀਤੇ ਗੁਰਪੁਰਬ ਸੂਰਜ / ਈਸਵੀ ਸਾਲ ਦੇ 365 ਦਿਨਾਂ ਵਿੱਚ ਕਿਸੇ ਪੱਕੀ ਤਰੀਕ ਤੇ ਆਉਣ ਦੀ ਬਜਾਏ ਅੱਗੇ-ਪਿੱਛੇ ਹੁੰਦੇ ਰਹਿੰਦੇ ਹਨ ।*

ਸੁਦੀ ਵਦੀ- ਸ਼ੁਭ ਅਸ਼ੁਭ ਦੇ ਚੱਕਰ ਵਿਚ ਸੰਨ 2020 ਦੌਰਾਨ ਬਿਕ੍ਰਮੀ ਕੈਲੰਡਰ ਦਾ ਅੱਸੂ ਮਹੀਨਾ 3 ਸਤੰਬਰ ਤੋਂ ਆਰੰਭ ਹੋ ਕੇ 31 ਅਕਤੂਬਰ ਤੱਕ ਭਾਵ 59 ਦਿਨ ਚੱਲਦਾ ਦਰਸਾਇਆ ਗਿਆ ਹੈ। ਇਸ ਵਿਚ 18 ਸਤੰਬਰ ਤੋਂ 16 ਅਕਤੂਬਰ ਤੱਕ 29 ਦਿਨਾਂ ਦਾ ਅਸ਼ੁੱਭ ਭਾਵ ਮਲਮਾਸ /ਲੌਂਦ /13ਵਾਂ ਮਹੀਨਾ ਹੈ। ਬਾਕੀ 30 ਦਿਨ ਅੱਸੂ ਸ਼ੁੱਭ ਮਹੀਨਾ ਹੈ। ਜਨ ਸਾਧਾਰਨ ਮਨੁੱਖ ਦੀ ਸਮਝ ਵਿੱਚ ਨਾ ਆਉਣ ਵਾਲੇ ਬਿਪਰ ਦੇ ਇਸ ਭਰਮਜਾਲ ਅਨੁਸਾਰ ਸੁਦੀ ਵਦੀ- ਸ਼ੁਭ ਅਸ਼ੁਭ ਦੇ ਚੱਕਰ ਵਿੱਚ ਪਾ ਕੇ 551ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ 30 ਨਵੰਬਰ 2020 - 16 ਮੱਘਰ - ਕੱਤਕ ਸੁਦੀ ਪੂਰਨਮਾਸ਼ੀ ਨੂੰ ਦਰਸਾਇਆ ਗਿਆ ਹੈ (ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਜੀਵਨ ਡਾਇਰੀ/ ਜੰਤਰੀ 2020 ਦੇ ਆਧਾਰ ਤੇ ਉਪਰੋਕਤ ਦਰਸਾਏ ਵੇਰਵੇ ਵੇਖੇ ਜਾ ਸਕਦੇ ਹਨ।)

ਇਸ 13ਵੇਂ ਮਹੀਨੇ ਦੇ ਚੱਕਰ ਕਾਰਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਈ ਵਾਰ ਇਕ ਈਸਵੀ ਸਾਲ ਵਿੱਚ ਦੋ ਵਾਰ ਅਤੇ ਕਦੀ ਆਉਂਦਾ ਹੀ ਨਹੀਂ ਹੈ।

ਵਿਚਾਰਨ ਵਾਲਾ ਪੱਖ ਹੈ ਕਿ ਵੱਖ- ਵੱਖ ਕੈਲੰਡਰਾਂ ਕਾਰਨ ਪੈਦਾ ਹੋਈ ਇਸ ਸਮੱਸਿਆ ਦੇ ਕਾਰਨ ਕੀ ਹਨ ? ਅੱਜ ਤੋਂ ਲਗਪਗ 40-50 ਸਾਲ ਪਿੱਛੇ ਜਾ ਕੇ ਵੇਖੀਏ ਤਾਂ ਸਾਡੇ ਵਿਆਹ ਸ਼ਾਦੀਆਂ ਦੇ ਸੱਦਾ ਪੱਤਰਾਂ ਉੱਪਰ ਈਸਵੀ ਤਰੀਕਾਂ ਦੇ ਨਾਲ-ਨਾਲ ਦੇਸੀ ਮਹੀਨੇ ਦੀਆਂ ਤਰੀਕਾਂ ਵੀ ਲਿਖੀਆਂ ਮਿਲਦੀਆਂ ਸਨ। ਸਾਡੇ ਬਹੁਗਿਣਤੀ ਪੁਰਾਤਨ ਬਜ਼ੁਰਗ ਦੁਨਿਆਵੀ ਵਿੱਦਿਆ ਤੋਂ ਕੋਰੇ ਸਨ। ਉਹ ਚੰਦਰਮਾ ਦੇ ਵਧਣ ਘਟਣ (ਪੂਰਾ ਚੰਨ- ਪੂਰਨਮਾਸ਼ੀ, ਪੂਰੀ ਤਰ੍ਹਾਂ ਅਲੋਪ ਚੰਨ- ਮੱਸਿਆ) ਸੂਰਜ - ਤਾਰਿਆਂ ਵੀ ਕੁਦਰਤੀ ਦਿਸ਼ਾ ਵਾਲੀ ਪ੍ਰਕਿਰਿਆ ਤੋਂ ਦਿਨਾਂ-ਸਮੇਂ ਦਾ ਅੰਦਾਜ਼ਾ ਲਾ ਲੈਂਦੇ ਸਨ। ਜਿਹੜੇ *"ਅੰਗਰੇਜ਼ਾਂ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਡੁੱਬਦਾ"* ਵਾਲੀ ਕਹਾਵਤ ਪ੍ਰਚੱਲਤ ਸੀ ਉਨ੍ਹਾਂ ਅੰਗਰੇਜ਼ਾਂ ਵੱਲੋਂ ਬਣਾਏ ਈਸਵੀ ਕੈਲੰਡਰ ਦੇ ਬਹੁਤ ਵੱਡੇ ਪੱਧਰ ਤੇ ਪ੍ਰਚਲਣ ਨੇ ਦੇਸੀ ਬਿਕ੍ਰਮੀ ਕੈਲੰਡਰ ਦੀ ਜ਼ਰੂਰਤ ਨੂੰ ਸਾਡੇ ਵਿਆਹ ਸ਼ਾਦੀ ਦੇ ਕਾਰਡਾਂ ਅਤੇ ਆਮ ਵਰਤੋਂ ਵਿਹਾਰ ਵਿੱਚੋਂ ਲਗਪਗ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਇਸ ਸਭ ਕੁਝ ਦੇ ਪਿੱਛੇ ਕਾਰਨ ਵਿੱਦਿਆ ਦਾ ਪਸਾਰਾ ਹੀ ਮੰਨਿਆ ਜਾ ਸਕਦਾ ਹੈ। ਅਜੋਕੇ ਸਮੇਂ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਸਾਡੇ ਵਿਚੋਂ ਬਹੁਗਿਣਤੀ ਨੂੰ ਸੁਦੀ ਵਦੀ- ਦੇਸੀ ਮਹੀਨਿਆਂ ਆਦਿ ਦੀ ਯੋਗ ਸਮਝ ਹੀ ਨਹੀਂ ਹੈ।

ਬਿਕ੍ਰਮੀ ਅਤੇ ਈਸਵੀ ਕੈਲੰਡਰ ਨੂੰ ਆਪਣੀ ਮਨ ਮਰਜ਼ੀ ਅਨੁਸਾਰ ਚਲਾਉਣ ਕਾਰਨ ਪੈਦਾ ਹੁੰਦੀ ਸਮੱਸਿਆ ਨੂੰ ਇੱਕ ਅਜੋਕੀ ਉਦਾਹਰਣ ਵਿੱਚੋਂ ਸੌਖਾਲੇ ਸਮਝ ਸਕਦੇ ਹਾਂ - ਈਸਵੀ ਸਾਲ 1984 ਵਿੱਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ - ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉੱਪਰ *"ਆਪ੍ਰੇਸ਼ਨ ਬਲਿਊ ਸਟਾਰ"* ਫੌਜੀ ਹਮਲੇ ਲਈ ਚੁਣਿਆ ਗਿਆ ਸੀ। ਹੁਣ ਅਸੀਂ *"ਸਾਕਾ ਨੀਲਾ ਤਾਰਾ"* ਦੀ ਯਾਦ ਤਾਂ ਹਰੇਕ ਸਾਲ 1 ਤੋਂ 6 ਜੂਨ ਤਕ ਈਸਵੀ ਕੈਲੰਡਰ ਅਨੁਸਾਰ ਮਨਾਉਂਦੇ ਹਾਂ ਪਰ ਸ਼ਹੀਦੀ ਗੁਰਪੁਰਬ ਬਿਕ੍ਰਮੀ ਕੈਲੰਡਰ ਵਿੱਚ ਮਨਾਏ ਜਾਣ ਕਾਰਨ ਹਰੇਕ ਸਾਲ 3 ਜੂਨ ਤੋਂ ਅੱਗੇ ਪਿੱਛੇ ਚਲਾ ਜਾਂਦਾ ਹੈ ਜੋ ਕਿ ਸਿੱਖ ਕੌਮ ਲਈ ਹਾਸੋਹੀਣੀ ਸਥਿਤੀ ਹਰ ਸਾਲ ਪੈਦਾ ਕਰਦਾ ਹੈ।

ਇਹ ਸਭ ਕੁਝ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਕੋਈ ਮਨੁੱਖ ਇੱਕੋ ਸਮੇਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਜਾਂ ਦੋਵਾਂ ਪੈਰਾਂ ਵਿਚ ਵੱਖ-ਵੱਖ ਨੰਬਰ ਦੀਆਂ ਜੁੱਤੀਆਂ ਪਹਿਨ ਕੇ ਤੁਰਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਹੋਵੇ। ਈਸਵੀ ਸਾਲ ਅਤੇ ਬਿਕ੍ਰਮੀ ਸਾਲ ਵਿੱਚ 365 - 354 = 11 ਦਿਨਾਂ ਦਾ ਹਰੇਕ ਸਾਲ ਆਪਸੀ ਅੰਤਰ ਹੀ ਦੋਵੇਂ ਕੈਲੰਡਰਾਂ ਵਿਚ ਆਪਸੀ ਤਾਲਮੇਲ ਨਹੀਂ ਬੈਠਣ ਦਿੰਦਾ ਹੈ।

ਗੁਰਬਾਣੀ ਦੇ ਪਾਵਨ ਬਚਨ *"ਸੂਰਜੁ ਏਕੋ ਰੁਤਿ ਅਨੇਕ"*(12 ਅਤੇ 357) ਅਨੁਸਾਰ ਪ੍ਰਕਿਰਤੀ ਦੇ ਪ੍ਰਚਲਣ- ਰੁੱਤਾਂ ਦੇ ਬਦਲਣ ਦਾ ਕੇਂਦਰ ਬਿੰਦੂ ਸੂਰਜ ਹੈ, ਚੰਦਰਮਾ ਨਹੀਂ। ਇਸ ਦੇ ਨਾਲ ਹੀ *"ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ"* (1033) ਅਨੁਸਾਰ ਚੰਦਰਮਾ ਕੋਲ ਤਾਂ ਆਪਣੀ ਰੋਸ਼ਨੀ ਵੀ ਨਹੀਂ ਹੈ, ਸੂਰਜ ਦੀਆਂ ਕਿਰਨਾਂ ਚੰਦਰਮਾ ਨੂੰ ਰੋਸ਼ਨੀ ਦੇ ਰਹੀਆਂ ਹਨ ਜੋ ਚੰਦਰਮਾ ਤੋਂ ਪ੍ਰਵਰਤਿਤ (Reflection) ਹੋ ਕੇ ਸਾਡੇ ਤੱਕ ਧਰਤੀ 'ਤੇ ਪਹੁੰਚਦੀ ਹੈ।

ਭਾਰਤ ਵਿਚ ਕੈਲੰਡਰਾਂ ਦੇ ਇਤਿਹਾਸ ਵੱਲ ਝਾਤੀ ਮਾਰਨ ਤੇ ਸਪੱਸ਼ਟ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਈਸਵੀ ਕੈਲੰਡਰ ਦਾ ਪ੍ਰਚਲਣ ਨਹੀਂ ਸੀ ਪਰ ਇਸ ਦੇ ਨਾਲ-ਨਾਲ ਸਾਨੂੰ ਨਿਰਸੰਕੋਚ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਅਜੋਕੇ ਸਮੇਂ ਬਿਕ੍ਰਮੀ ਕੈਲੰਡਰ ਸਾਡੇ ਆਮ ਰੋਜ਼ਾਨਾ ਵਰਤੋਂ-ਵਿਹਾਰ ਵਿੱਚੋਂ ਬਾਹਰ ਹੋਣ ਕਰਕੇ ਆਊਟ ਡੇਟਿਡ (Out dated) ਹੋ ਗਿਆ ਹੈ। ਅੱਜ ਸਾਡੇ ਸਾਰੇ ਨਿੱਜੀ-ਸਰਕਾਰੀ-ਗੈਰ ਸਰਕਾਰੀ- ਰੋਜ਼ਾਨਾ ਕਾਰ-ਵਿਹਾਰ ਵੀ ਇੱਥੋਂ ਤਕ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਸਾਰੇ ਕਾਰਜ ਈਸਵੀ ਕੈਲੰਡਰ ਅਨੁਸਾਰ ਹੀ ਚੱਲ ਰਹੇ ਹਨ। ਇਸ ਲਈ ਜ਼ਰੂਰਤ ਹੈ ਕਿ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਨੂੰ ਈਸਵੀ ਕੈਲੰਡਰ ਵਿੱਚ ਪੱਕੇ ਤੌਰ 'ਤੇ ਨਿਰਧਾਰਤ ਕੀਤਾ ਜਾਵੇ। ਸਿੱਖ ਨੇ ਮਨਾਉਣੀ ਤਾਂ ਗੁਰੂ ਦੀ ਯਾਦ ਹੀ ਹੈ, ਸਿੱਖ ਧਰਮ ਵਿੱਚ ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ ਲਈ ਕੋਈ ਥਾਂ ਹੀ ਨਹੀਂ ਹੈ। ਸਿੱਖ ਧਰਮ ਇਕ ਨਵੀਨ- ਨਿਵੇਕਲਾ-ਵੱਖਰਾ ਧਰਮ ਹੋਣ ਦੇ ਕਾਰਨ ਆਪਣੇ ਦਿਹਾੜੇ ਆਪ ਨਿਰਧਾਰਤ ਕਰਨ ਲਈ ਪੂਰਨ ਤੌਰ 'ਤੇ ਸਮਰੱਥ ਹੈ।

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸਬੰਧੀ *"ਸ੍ਰ ਕਰਮ ਸਿੰਘ ਹਿਸਟੋਰਿਅਨ* ਦੀ ਖੋਜ ਭਰਪੂਰ ਪੁਸਤਕ *"ਕੱਤਕ ਕਿ ਵਿਸਾਖ"* ਧਿਆਨ ਮੰਗਦੀ ਹੈ । ਇਸ ਪੁਸਤਕ ਵਿਚ ਲੇਖਕ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਦੀ ਥਾਂ 'ਤੇ ਵਿਸਾਖ ਸਿੱਧ ਕੀਤਾ ਹੈ । ਅੱਜ ਵੀ ਸਾਡੇ ਵਿਦਿਅਕ ਸਿਲੇਬਸ ਦੀਆਂ ਕਿਤਾਬਾਂ ਵਿੱਚ, SGPC ਵੈਬਸਾਈਟ ਦੇ ਅੰਗਰੇਜ਼ੀ ਭਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ 1469 ਲਿਖਿਆ ਮਿਲਦਾ ਹੈ (ਪਰ SGPC ਨੇ ਪੰਜਾਬੀ ਭਾਗ ਵਿਚ ਪ੍ਰਕਾਸ਼ ਮਿਤੀ ਨਾ ਲਿਖ ਕੇ ਕੇਵਲ 1469 ਈਸਵੀ ਕਰ ਦਿੱਤਾ ਗਿਆ ਹੈ।)

ਦਾਸ ਕੋਈ ਕੈਲੰਡਰ ਮਾਹਿਰ ਨਹੀਂ ਹੈ, ਪਰ ਆਮ ਸਿੱਖ ਸੰਗਤਾਂ ਦੀਆਂ ਦਿਲੀ ਭਾਵਨਾਵਾਂ ਦੇ ਸਨਮੁੱਖ ਇਹ ਸੁਝਾਅ ਦੇਣਾ ਚਾਹੁੰਦਾ ਹੈ ਕਿ ਸਾਡੀਆਂ ਸਿਰਮੌਰ ਸਿੱਖ ਸੰਸਥਾਵਾਂ-ਯੋਗ ਕੈਲੰਡਰ ਮਾਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੈਅ ਭਾਵਨੀ ਵਿਚ ਸਿਰ ਜੋੜ ਕੇ ਬੈਠਣ, ਸ੍ਰ. ਪਾਲ ਸਿੰਘ ਪੁਰੇਵਾਲ ਵਲੋਂ ਪਹਿਲਾਂ ਬਣਾਏ - SGPC ਵਲੋਂ ਸੰਨ 2003 ਤੋਂ 2010 ਤੱਕ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਵੀ ਧਿਆਨ ਗੋਚਰੇ ਰੱਖਦਿਆਂ ਅਤੇ ਆਪਸੀ ਸਹਿਮਤੀ ਨਾਲ ਸਮੇਂ ਦੇ ਹਾਣੀ ਬਣਦੇ ਹੋਏ ਸਿੱਖ ਕੌਮ ਦੇ ਪੁਰਾਤਨ ਇਤਿਹਾਸਕ ਦਿਹਾੜਿਆਂ ਦੀਆਂ ਬਿਕ੍ਰਮੀ ਤਰੀਕਾਂ ਨੂੰ ਉਸ ਪੁਰਾਤਨ ਸਮੇਂ ਦੇ ਈਸਵੀ ਕੈਲੰਡਰ ਵਿੱਚ ਕੈਲਕੂਲੇਟ/ਕਨਵਰਟ ਕਰ ਲੈਣ ਅਤੇ ਉਨ੍ਹਾਂ ਮਿਤੀਆਂ ਨੂੰ ਅੰਤਿਮ ਮੰਨਦੇ ਹੋਏ ਈਸਵੀ ਕੈਲੰਡਰ ਵਿੱਚ ਹਮੇਸ਼ਾ ਲਈ ਪੱਕੇ ਤੌਰ 'ਤੇ ਨਿਸ਼ਚਿਤ (fixed) ਕਰ ਲੈਣ ਦਾ ਸਥਾਈ ਫ਼ੈਸਲਾ ਕਰ ਲਿਆ ਜਾਵੇ, ਇਸੇ ਵਿਚ ਹੀ ਕੌਮੀ ਭਲਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top