Khalsa News homepage

 

 Share on Facebook

Main News Page

ਜ਼ਿੰਦਾ-ਦਿਲੀ ਨਾਲ਼ ਅਮਲੀ ਜੀਵਨ ਜਿਊਣ ਵਾਲ਼ਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਇਲਾਵਾ ਕਿਸੇ ਨਾਟਕ ਦੀ ਕੋਈ ਲੋੜ ਹੈ ?
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
24.11.2020
#KhalsaNews #GurpreetSingh #SGGS #BachittarNatak #DasamGranth

ਗੁਰੂ ਅਮਰਦਾਸ ਸਾਹਿਬ ਜੀ ਦੇ ਅਨਮੋਲਕ ਬਚਨ “ਮੇਰੈ ਕਰਤੈ, ਇਕ ਬਣਤ ਬਣਾਈ ॥ ਇਸੁ ਦੇਹੀ ਵਿਚਿ, ਸਭ ਵਥੁ ਪਾਈ ॥ (ਮਾਰੂ ਮ:੩/੧੦੬੪)” ਅਨੁਸਾਰ ਕਰਤਾਰ ਨੇ ਇੱਕ ਅਜਿਹੀ ਰਚਨਾ ਬਣਾ ਦਿੱਤੀ ਹੈ ਕਿ ਮਨੁੱਖ ਵਾਸਤੇ ਆਤਮਿਕ ਜੀਵਨ ਲਈ, ਉਸ ਨੇ ਮਨੁੱਖਾ ਦੇਹੀ ਅੰਦਰ ਹੀ ਸਭ ਪਦਾਰਥ ਪਾ ਰੱਖੇ ਹਨ। ਮਸਲਨ ਮਨੁੱਖ ਦੇ ਸਰੀਰ ਅੰਦਰ ਹੀ ਨਾਮ-ਅੰਮ੍ਰਿਤ ਦਾ ਸੱਚਾ ਸਰੋਵਰ ਹੈ; ਜਿਸ ਵਿੱਚ ਮਨ ਜਦ ਚਾਹੇ ਬੜੇ ਪ੍ਰੇਮ ਨਾਲ਼ ਡੁਬਕੀ ਲਗਾ ਸਕਦਾ ਹੈ: ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ; ਮਨੁ ਪੀਵੈ ਭਾਇ ਸੁਭਾਈ ਹੇ ॥ (ਮਾਰੂ ਮ:੩/੧੦੪੬)

ਅੰਮ੍ਰਿਤ-ਸਰ ਦੀ ਤਰ੍ਹਾਂ ਅਕਾਲ ਤਖ਼ਤ ਵੀ ਸਾਡੇ ਅੰਦਰ ਹੀ ਸੁਸ਼ੋਭਿਤ ਹੈ। ਸੱਚੇ ਅਕਾਲ-ਪੁਰਖ ਨੇ ਸਾਡੇ ਸਰੀਰ ਦੇ ਮਹੱਲ ਅੰਦਰ ਆਪਣੇ ਬੈਠਣ ਲਈ ਸੱਚਾ ਤਖ਼ਤ (ਸਿੰਘਾਸਨ) ਬਣਾਇਆ ਹੋਇਆ ਹੈ ਤੇ ਅੰਦਰ ਬੈਠਾ ਹੀ ਉਹ ਸਾਡੇ ਕੀਤੇ ਕਰਮਾਂ ਦਾ ਇਨਸਾਫ਼ ਕਰੀ ਜਾਂਦਾ ਹੈ, ਜਿਵੇਂ ਕਿ ਗੁਰ-ਵਾਕ ਹਨ: ਅੰਦਰਿ ਰਾਜਾ ਤਖਤੁ ਹੈ; ਆਪੇ ਕਰੇ ਨਿਆਉ ॥ ਗੁਰ ਸਬਦੀ, ਦਰੁ ਜਾਣੀਐ; ਅੰਦਰਿ ਮਹਲੁ ਅਸਰਾਉ ॥ (ਮਾਰੂ ਮ:੩/੧੦੯੨) ਕਾਇਆ ਗੜ ਮਹਲ, ਮਹਲੀ ਪ੍ਰਭੁ ਸਾਚਾ; ਸਚੁ ਸਾਚਾ ਤਖਤੁ ਰਚਾਇਆ ॥ (ਮਾਰੂ ਮ:੧/੧੦੩੯) ਪਰ ਆਪਣੇ ਮੂਲ ਨਾਲ਼ੋਂ ਟੁੱਟੇ ਹੋਏ ਮਨੁੱਖ ਲਈ ਇਹ ਯਕੀਨ ਕਰਨਾ ਔਖਾ ਹੁੰਦਾ ਹੈ ਕਿ ਵਾਕਈ ਹੀ ਉਸ ਦੇ ਅੰਦਰ ਪ੍ਰਮਾਤਮਾ ਦਾ ਘਰ ਹੈ: ਹਰਿ ਮੰਦਰੁ, ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ; ਮਾਣਸਿ ਹਰਿ ਮੰਦਰੁ ਨ ਹੋਇ ॥ (ਪ੍ਰਭਾਤੀ ਮ:੩/੧੩੪੬)

ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਇਤਿਹਾਸਿਕ ਮਹੱਤਤਾ ਤੋਂ ਇਲਾਵਾ ਗੁਰਮਤਿ ‘ਚ ਕਿਸੇ ਵੀ ਗੁਰ-ਅਸਥਾਨ ਜਾਂ ਅਖੌਤੀ ਤੀਰਥ ਆਦਿ ਦਾ ਕੋਈ ਮਹੱਤਵ ਨਹੀਂ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਸਵੈ-ਪੜਚੋਲ ਕਰਨ (ਗੁਰੂ ਵੱਲੋਂ ਬਖ਼ਸ਼ੀ ਸੁਚੱਜੀ ਜੀਵਨ ਜਾਚ ਨੂੰ ਅਪਣਾਉਣ) ਨਾਲ਼ ਸਾਨੂੰ ਇਹ ਜ਼ਰੂਰ ਦ੍ਰਿੜ ਹੋ ਜਾਂਦਾ ਹੈ ਕਿ ਗੁਰੂ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਗੁਰੂ ਹੈ: ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ॥ ਗੁਰ ਗੋਵਿੰਦੁ, ਗੋੁਵਿੰਦੁ ਗੁਰੂ ਹੈ; ਨਾਨਕ! ਭੇਦੁ ਨ ਭਾਈ ॥ (ਆਸਾ ਮ:੪/੪੪੨) ਨਿਰਸੰਦੇਹ! ਇਹ ਗੁਰੂ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਵੇਂ ਕਿ ਉਪਰੋਕਤ ਗੁਰੂ ਵਾਕਾਂ ਰਾਹੀਂ ਇਹ ਸਾਬਤ ਹੋ ਜਾਂਦਾ ਹੈ ਕਿ ਨਾਮ ਦਾ ਸਰੋਵਰ (ਅੰਮ੍ਰਿਤ-ਸਰ) ਤੇ ਅਕਾਲ-ਪੁਰਖ ਦਾ ਸੱਚਾ ਤਖ਼ਤ (ਅਕਾਲ ਤਖ਼ਤ) ਸਾਡੇ ਅੰਦਰ ਹੀ ਮੌਜੂਦ ਹੈ ਤਿਵੇਂ ਹੀ ਰੂਹਾਨੀ, ਸੰਸਾਰੀ ਤੇ ਵਿਗਿਆਨ ਸੋਚ ਨੂੰ ਸੇਧ ਦੇਣ ਵਾਲਾ ਸਾਰਾ ਅਦੁੱਤੀ ਗਿਆਨ ਭਾਵ ਇੱਕ ਨਿਵੇਕਲੀ ਤੇ ਸੰਪੂਰਨ ਜੀਵਨ ਜਾਚ; ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੌਜੂਦ ਹੈ। ਪਰ ਸਿੱਖੀ ਸਰੂਪ ਧਾਰਨ ਕਰਨ ਦੇ ਬਾਵਜੂਦ ਵੀ ਤੀਰਥਾਂ, ਨਸ਼ੇ ਤੇ ਵਿਭਚਾਰ ਆਦਿ ਨੂੰ ਪ੍ਰਫੁੱਲਿਤ ਕਰਨ ਵਾਲੇ ਅਨਮਤੀ ਗ੍ਰੰਥਾਂ ਦੇ ਪੈਰੋਕਾਰ ਬਣਨਾ ਤੇ ਫਿਰ ਅੰਨ੍ਹੀ ਸ਼ਰਧਾ ‘ਚ ਭੁੱਤਰ ਕੇ ਆਪਣੇ ਅਸਲੇ, ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਉਂਗਲ ਚੁੱਕਣ ਦੀ ਗੁਸਤਾਖ਼ੀ ਕਰਨਾ; ਕੀ ਇਹ ਅਕ੍ਰਿਤਘਣਤਾ ਦੀ ਨਿਸ਼ਾਨੀ ਨਹੀਂ? ਅਜਿਹੀਆਂ ਮੰਦੀਆਂ ਕਰਤੂਤਾਂ ਕਰਕੇ ਸਿੱਖੀ ਦੀਆਂ ਭਾਵ ਆਪਣੀਆਂ ਹੀ ਜੜ੍ਹਾਂ ਵੱਢਣ ਤੇ ਆਪਣੇ ਅਸਲੇ ਦੀ ਪਛਾਣ ਨਾ ਕਰ ਸਕਣ ਵਾਲ਼ਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਤਾਂ ਪਾਗਲ ਕਹਿੰਦੇ ਹਨ: ਬਦਫੈਲੀ ਗੈਬਾਨਾ, ਖਸਮੁ ਨ ਜਾਣਈ ॥ ਸੋ ਕਹੀਐ ਦੇਵਾਨਾ, ਆਪੁ ਨ ਪਛਾਣਈ ॥ (ਮਾਝ ਮ:੧/੧੪੨)

ਇੱਕ ਕਰਤਾ-ਪੁਰਖ ਦੀ ਥਾਂ ਭਗਉਤੀ, ਦੁਰਗਾ, ਚੰਡੀ, ਮਹਾਕਾਲ ਤੇ ਹੋਰ ਕਈ ਦੇਵੀ-ਦੇਵਤੇ ਜਾਂ ਸ਼ਸਤਰਾਂ ਆਦਿ ਭਾਵ ਅਨੇਕਾਂ ਨੂੰ ਆਪਣਾ ਪੀਰ ਮੰਨਣਾ ਸਿਰਫ਼ ਗ਼ਫ਼ਲਤ ਦੀ ਨੀਂਦ ਹੀ ਨਹੀਂ ਬਲਕਿ ਘੋਰ ਅਗਿਆਨਤਾ, ਮਾਨਸਿਕ ਕਮਜ਼ੋਰੀ ਤੇ ਗੁਲਾਮੀ ਦਾ ਪ੍ਰਤੀਕ ਹੈ। ਆਤਮਾ ਨੂੰ ਖੋਰਾ ਲਾਉਣ ਵਾਲੀ ਅਜਿਹੀ ਵਿਨਾਸ਼ਕਾਰੀ ਹਾਲਤ ‘ਚ ਸਿਰਫ਼ ਗੁਰਬਾਣੀ ਦੀ ਰੱਬੀ ਰਿਸ਼ਮ ਹੀ ਜੀਵਨ ਪਲਟਾਊ ਸੇਧ ਪ੍ਰਦਾਨ ਕਰ ਕੇ ਸਾਨੂੰ ਸੁਚੇਤ ਕਰਦੀ ਹੈ: ਸੋ ਜਾਗੈ, ਜੋ ਏਕੋ ਜਾਣੈ ॥ (ਭੈਰਉ ਮ:੩/੧੧੨੮)

ਇੱਕ ਨੁਕਤਾ ਹੋਰ ਵੀ ਵਿਚਾਰਨਯੋਗ ਹੈ ਕਿ ਸਿੱਖੀ ਉਹ ਧਰਮ ਹੈ ਜਿੱਥੇ ਗੁਰੂ ਸਾਹਿਬਾਨ ਨੇ ਹੱਥੀ ਹਲ਼ ਵਾਹ ਕੇ, ਦਵਾਖ਼ਾਨੇ ਖੋਲ੍ਹ ਕੇ, ਲੰਗਰ ਲਗਾ ਕੇ ਭਾਵ ਹੱਥੀਂ ਸੇਵਾ ਕਰ ਕੇ ਧਰਮ ਕਮਾਇਆ ਹੈ। ਸਾਨੂੰ ਜ਼ਿੰਦਗੀ ‘ਚ ਰੁਜ਼ਾਨਾ ਵਾਪਰਨ ਵਾਲ਼ੀਆਂ ਚੁਣੌਤੀਆਂ ਤੇ ਬੁਰਿਆਈਆਂ ਦਾ ਸਫਲਤਾਪੂਰਨ ਮੁਕਾਬਲਾ ਕਰਨ ਦੀ ਬਿਹਤਰੀਨ ਜਾਚ ਸਿਖਾਈ ਹੈ। ਜੇ ਅਸੀਂ ਸਾਰਾ ਕੁਝ ਜਾਣਦਿਆਂ ਹੋਇਆਂ ਵੀ “ਬਚਿੱਤਰ ਨਾਟਕ” ਜਿਹੇ ਅਸ਼ਲੀਲਤਾ ਭਰਪੂਰ ਨਕਲੀ ਗ੍ਰੰਥ ਨੂੰ ਦੇਖਾ-ਦੇਖੀ, ਭੇਡਾਂ ਵਾਂਗ ਆਪਣੇ ਆਪ ਤੇ ਥੋਪਣਾ ਹੈ ਤਾਂ ਯਾਦ ਰੱਖੀਏ ਕਿ ਸਾਡਾ ਜੀਵਨ ਬਣਨਾ ਤਾਂ ਬਹੁਤ ਦੂਰ...... , ਸਾਡੀ ਸਾਰੀ ਉਮਰ ਖ਼ੁਦ ਇੱਕ ਤਮਾਸ਼ੇ (ਨਾਟਕ) ਵਾਂਗ ਗੁਜ਼ਰ ਜਾਵੇਗੀ ਤੇ ਸਾਡੀ ਬੁੱਧ ਅੰਦਰ ਰੱਬੀ ਗੁਣਾਂ ਦਾ ਉਪਜਣਾ ਸੰਭਵ ਨਹੀਂ ਹੋ ਸਕੇਗਾ, ਜਿਵੇਂ ਕਿ ਪੰਚਮ-ਪਾਤਸ਼ਾਹ ਦਾ ਫ਼ੁਰਮਾਨ ਹੈ: ਨਟ ਨਾਟਿਕ, ਆਖਾਰੇ ਗਾਇਆ ॥ ਤਾ ਮਹਿ ਮਨਿ, ਸੰਤੋਖੁ ਨ ਪਾਇਆ ॥ (ਗਉੜੀ ਮ:੫/੧੭੯)

ਸੋ, ਆਉ ਜਾਗੀਏ! ਆਪਣੇ ਤੇ ਆਪਣੀ ਪੀੜ੍ਹੀ ਅਤੇ ਮਨੁੱਖਤਾ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਢਾਹ ਲਾਉਣ ਵਾਲ਼ੀਆਂ ਸਾਰੀਆਂ ਕੱਚੀਆਂ ਰਚਨਾਵਾਂ ਨੂੰ ਸਦਾ ਲਈ ਸਾੜ ਦੇਈਏ। ਅਸਲ ਭਾਵ ਕਿ ਆਪਣੇ ਮਨ ਨੂੰ, ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ਼ ਰੱਬੀ ਬਾਣੀ ਨਾਲ਼ ਰੁਸ਼ਨਾਉਣ ਦਾ ਅਹਿਦ ਕਰੀਏ ਕਿਉਂਕਿ ਪ੍ਰੀਤ ਤੇ ਰੀਤ ਉਹ ਹੀ ਚੰਗੀ ਹੈ; ਜਿਹੜੀ ਸਾਨੂੰ ਆਪਣੇ ਅਸਲੇ ਨਾਲ਼ ਜੋੜਦੀ ਹੈ ਤੇ ਇੱਕ ਸਦਾਚਾਰੀ ਜੀਵਨ ਜਿਊਂਣ ਦੀ ਜਾਚ ਸਿਖਾਉਂਦੀ ਹੈ। ਗੁਰ-ਉਪਦੇਸ਼ ਬੜਾ ਸਪੱਸ਼ਟ ਹੈ: ਜਾਲਉ ਐਸੀ ਰੀਤਿ; ਜਿਤੁ ਮੈ ਪਿਆਰਾ ਵੀਸਰੈ ॥ ਨਾਨਕ! ਸਾਈ ਭਲੀ ਪਰੀਤਿ; ਜਿਤੁ, ਸਾਹਿਬ ਸੇਤੀ ਪਤਿ ਰਹੈ ॥(ਵਡਹੰਸ ਮ:੧/੫੯੦)

ਸਾਰ ਵਜੋਂ ਇਹ ਚੇਤੇ ਰੱਖੀਏ ਕਿ ਸਾਰਾ ਕੁਝ ਸਾਡੇ ਸਰੀਰ ਅੰਦਰ ਹੀ ਹੈ। ਆਪਣੇ ਅੰਦਰ ਚਮਕ ਰਹੇ ਜੋਤ ਸਰੂਪ ਨਿਰਮਲ ਹੀਰੇ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਗੁਰ-ਗੱਦੀ ਤੇ ਸ਼ਸ਼ੋਭਿਤ ਕੀਤੇ ਗੁਰ-ਸ਼ਬਦ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਤੇ ਰੱਬੀ ਬਖਸ਼ਸ਼ ਸਦਕਾ ਸਹਿਜੇ ਹੀ ਉਜਾਗਰ ਕੀਤਾ ਜਾ ਸਕਦਾ ਹੈ: ਸਭ ਕਿਛੁ ਘਰ ਮਹਿ, ਬਾਹਰਿ ਨਾਹੀ ॥ ਬਾਹਰਿ ਟੋਲੈ, ਸੋ ਭਰਮਿ ਭੁਲਾਹੀ ॥ ਗੁਰ ਪਰਸਾਦੀ, ਜਿਨੀ ਅੰਤਰਿ ਪਾਇਆ; ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥ (ਮਾਝ ਮ:੫/੧੦੨)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top