Khalsa News homepage

 

 Share on Facebook

Main News Page

ਗੁਰੂ ਉਪਦੇਸ਼ ਦੇ ਉਲਟ "ਤੀਰਥ" ਨਾਮ ਦਾ ਪਖੰਡ
-: ਗੁਰਜੋਤ ਸਿੰਘ ਗਾਂਧੀਧਾਮ
26.05.2020
#KhalsaNews #GurjotSingh #Teerath # Pakhand

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥🙏

● ਪ੍ਰਯਾਗ ਜਿਸ ਨੂੰ ਅੱਜ ਕਲ ਇਲਾਹਾਬਾਦ ਵੀ ਕਹਿੰਦੇ ਹਨ, ਉਸ ਸਥਾਨ 'ਤੇ ਮਾਘ ਮਹੀਨੇ ਦਾ ਮੇਲਾ ਲਗਿਆ ਹੋਇਆ ਸੀ। ਉਸ ਸਥਾਨ 'ਤੇ ਗੰਗਾ ਤੇ ਜਮਨਾ ਦੋ ਨਦੀਆਂ ਦਾ ਮੇਲ ਹੁੰਦਾ ਹੈ ਤੇ ਲੋਕ ਇਹ ਵੀ ਮੰਨਦੇ ਹਨ ਕਿ ਸਰਸਵਤੀ ਨਦੀ ਵੀ ਗੁਪਤ ਮੇਲ ਖਾਂਦੀ ਹੈ। ਬ੍ਰਾਹਮਣਵਾਦ ਦੇ ਲਪੇਟ ਵਿਚ ਆਏ ਮਨ ਦੇ, ਵਿਚਾਰ ਦੇ, ਅੰਨ੍ਹੇ ਲੋਕ ਉਸ ਸਥਾਨ 'ਤੇ ਇਸ਼ਨਾਨ ਕਰਨ ਨੂੰ ਬਹੁਤ ਸ਼ੁਭ ਕਰਮ ਮੰਨਦੇ ਹਨ। ਬ੍ਰਾਹਮਣਵਾਦ ਨੇ ਲੋਕਾਂ ਦੇ ਮਨਾਂ ਵਿਚ ਇਹ ਭਰ ਦਿੱਤਾ ਸੀ ਕੇ ਇਸ ਤੀਰਥ 'ਤੇ ਇਸ਼ਨਾਨ ਕਰਨ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।

● ਗੁਰੂ ਨਾਨਕ ਸਾਹਿਬ ਜੀ ਵੀ ਉਸ ਸਥਾਨ 'ਤੇ ਪਹੁੰਚੇ। ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਤਨ ਦੀ ਮੈਲ ਸਾਫ ਕਰਨ ਨਾਲ ਮਨ ਦੇ ਵਿਕਾਰਾਂ ਦੀ ਸੁੱਚ ਨਹੀਂ ਹੋ ਸਕਦੀ। ਗੁਰੂ ਸਾਹਿਬ ਜੀ ਨੇ ਸਮਝਾਇਆ , ਗੁਰੂ ਦੇ ਸਮਾਨ ਕੋਈ ਤੀਰਥ ਨਹੀਂ :

🌹" ਗੁਰ ਸਮਾਨਿ ਤੀਰਥੁ ਨਹੀ ਕੋਇ॥"🌹

ਅੱਜ ਸਾਡੀ ਕੌਮ ਵੀ ਬ੍ਰਾਹਮਣਵਾਦੀ ਸੋਚ ਦੀ ਲਪੇਟ ਵਿਚ ਆ ਗਈ ਹੈ। ਗੁਰੂ ਸਾਹਿਬਾਨਾਂ ਨੇ ਜਿਨਾਂ ਕਰਮ ਕਾਂਡਾਂ ਵਿਚੋਂ ਸਿੱਖਾਂ ਨੂੰ ਕਡਿਆ, ਅੱਜ ਬਿਪਰਾਂ ਨੇ ਓਹੀ ਕਮ ਸਿੱਖਾਂ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ। ਜਿਸ ਤੀਰਥ ਇਸ਼ਨਾਨ ਦਾ ਗੁਰੂ ਸਾਹਿਬ ਜੀ ਨੇ ਖੰਡਨ ਕੀਤਾ, ਉਨ੍ਹਾਂ ਗੁਰੂਆਂ ਦੇ ਰਚੇ ਸਰੋਵਰਾਂ ਨੂੰ ਅੱਜ ਅਸੀਂ ਤੀਰਥ ਬਣਾ ਛੱਡਿਆ। ਦਰਬਾਰ ਸਾਹਿਬ ਅੰਮ੍ਰਿਤਸਰ, ਤਰਨ ਤਾਰਨ ਸਾਹਿਬ, ਅਨੰਦਪੁਰ ਸਾਹਿਬ, ਬੰਗਲਾ ਸਾਹਿਬ, ਫ਼ਤਹਿਗੜ ਸਾਹਿਬ ਆਦਿ ਧਰਮ ਅਸਥਾਨ ਸਾਡੇ ਵਾਸਤੇ ਬਹੁਤ ਸਤਿਕਾਰ ਯੋਗ ਹਨ। ਇਹ ਸਾਰੇ ਇਤਿਹਾਸਕ ਸਥਾਨ ਹਨ। ਅਸੀਂ ਇਹਨਾਂ ਸਥਾਨਾਂ 'ਤੇ ਜਾਕੇ ਇਤਿਹਾਸ ਪੜ੍ਹੀਏ, ਸਿੱਖੀਏ, ਗੁਰਬਾਣੀ ਪੜ੍ਹਨ ਦਾ ਪ੍ਰਣ ਕਰਕੇ ਆਈਏ ਨਾਂ ਕਿ ਤੀਰਥ ਇਸ਼ਨਾਨ ਮਨ ਕੇ ਡੁਬਕੀਆਂ ਲਈ ਜਾਈਏ।

ਤੀਰਥ ਤਾਂ ਗੁਰੂ ਹੀ ਹੈ, ਨਾ ਕੇ ਕੋਈ ਸਰੋਵਰ ਜਾਂ ਗੁਰਦੁਆਰਾ। ਸਰੋਵਰਾਂ ਨੂੰ ਅਸੀਂ ਤੀਰਥ ਤਾਂ ਬਣਾਇਆ, ਹੋਰ ਤਾਂ ਹੋਰ ਉਸ ਨਾਲ NON SENSE ਸਾਖੀਆਂ ਜੋੜ ਛੱਡੀਆਂ। ਜਿਵੇ ਕੇ ਆਪਾਂ ਇਕ ਉਧਾਰਣ ਲੈ ਲਈਏ "ਕਾਲੇ ਕਾਂ ਦੀ ਸਰੋਵਰ ਵਿੱਚ ਡੁਬਕੀ ਲਾਣੀ ਤੇ ਚਿੱਟਾ ਹੋਕੇ ਬਾਹਰ ਨਿਕਲਨਾ।" ਮੇਰਾ ਇਹ ਸਵਾਲ ਹੈ ਪੁਜਾਰੀਆਂ ਨੂੰ ਕਿ ਜੇ ਕਾਂ ਕਾਲ਼ਾ ਹੈ ਤੇ ਇਸ ਵਿਚ ਵਿਚਾਰੇ ਕਾਂ ਦਾ ਕੀ ਕਸੂਰ??? ਕੀ ਕਾਂ ਦਾ ਕਾਲ਼ਾ ਹੋਣਾ ਕੋਈ ਰੋਗ ਹੈ?? ਇਹ ਤਾਂ ਰੱਬ ਦੀ ਹੀ ਬਨਾਵਟ ਹੈ। ਖ਼ੈਰ ਆਪਾਂ ਗੱਲ ਕਰ ਰਹੇ ਸਾਂ ਕੇ ਬ੍ਰਾਹਮਣਵਾਦੀ ਸੋਚ ਨੇ ਸਰੋਵਰਾਂ ਨੂੰ ਤੀਰਥ ਇਸ਼ਨਾਨ ਬਣਾ ਛਡਿਆ।

ਗੁਰੂ ਪਿਆਰਿਓਂ, ਗੁਰੂ ਸਾਹਿਬਾਨਾਂ ਜੀ ਨੇ ਤੀਰਥ ਇਸ਼ਨਾਨਾਂ ਨੂੰ ਕਦੇ ਵੀ ਮੱਹਤਤਾ ਨਹੀਂ ਦਿੱਤੀ ਬਲਕਿ ਖੰਡਨ ਹੀ ਕੀਤਾ ਹੈ। ਲੋਕਾਂ ਦਾ ਇਹ ਭੁਲੇਖਾ ਹੈ ਕੇ ਜੇ ਅਸੀਂ ਤੀਰਥ ਇਸ਼ਨਾਨ ਕਰਾਂਗੇ ਤਾਂ ਅਸੀਂ ਸੁੱਚੇ ਹੋ ਜਾਵਾਂਗੇ ਯਾ ਸਾਡੇ ਪਾਪ ਧੁਲ ਜਾਣਗੇ ਆਦਿ। ਨਹੀਂ ਪਿਆਰਿਓ, ਗੁਰੂ ਸਾਹਿਬ ਜੀ ਤਾਂ ਸਾਮਝਾਉਂਦੇ ਹਨ :-

🌺ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥੨॥🌺
ਭਾਵ: ਅਜੇਹੇ ਮਨੁੱਖ ਸੁਚੇ ਨਹੀਂ ਆਖੇ ਜਾਂਦੇ ਜੋ ਸ਼ਰੀਰ ਨੂੰ ਹੀ ਧੋ ਧੋਕੇ ਆਪਣੇ ਆਪ ਨੂੰ ਪਵਿੱਤਰ ਮੰਨ ਕੇ ਬੈਠ ਜਾਂਦੇ ਹਨ, ਬਲਕਿ ਉਹ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦਾ ਵਾਸਾ ਹੈ।

★ਪੰਚਮ ਗੁਰੂ ਪਾਤਸਾਹ ਜੀ ਦੇ ਬਚਨ ਹਨ 👇
"ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥"

ਭਾਵ: ਤੀਰਥਾਂ 'ਤੇ ਨਹਾਉਣ ਨਾਲ ਹਉਮੈ ਦੀ ਮੈਲ ਨਹੀਂ ਉਤਰਦੀ ਬਲਕਿ ਇਹੋ ਜਿਹੇ ਕਰਮ ਧਰਮ ਹਉਮੈ ਵਧਾਉਂਦੇ ਨੇ।

ਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਉਂਦੇ ਹਨ ਕਿ ਸਿਫਤ ਸਲਾਹ ਤੋਂ ਬਿਨਾਂ ਅਨੇਕਾਂ ਪੁੰਨ ਦਾਨ ਕੀਤਿਆਂ, ਅਨੇਕਾਂ ਤੀਰਥ ਇਸ਼ਨਾਨ ਕੀਤਿਆਂ ਕੋਈ ਮਨੁੱਖ ਆਪਣੇ ਅੰਦਰ ਦੀ ਮੈਲ ਨੂੰ ਧੋ ਨਹੀਂ ਸਕਦਾ। ਗੁਰੂ ਵਾਕ ਇਉਂ ਹਨ:

"ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ॥"

ਤੀਰਥ ਕੀ ਹੈ? ਆਓ ਵਿਚਾਰੀਏ👇

★ਗੁਰੂ ਅਮਰਦਾਸ ਜੀ ਦੇ ਬਚਨ ਹਨ:-
"ਹਰਿ ਸਰਿ ਤੀਰਥ ਜਾਣਿ ਮਨੂਆ ਨਾਇਆ॥"
ਭਾਵ: ਹਰੀ ਨੂੰ ਸਰੋਵਰ, ਤੀਰਥ ਜਾਣ ਕੇ, ਅਸੀਂ ਆਪਣੇ ਮਨ ਨੂੰ ਉਸ ਵਿਚ ਇਸ਼ਨਾਨ ਕਰਵਾਉਂਦੇ ਹਾਂ।

★ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ:-
"ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰ ਅੰਤਰਿ ਗਿਆਨ ਹੈ॥"
ਭਾਵ: ਤੀਰਥ ਦੇ ਇਸ਼ਨਾਨ ਦਾ ਕੋਈ ਲਾਭ ਨਹੀਂ, ਤੀਰਥ ਕੇਵਲ ਨਾਮ ਹੀ ਹੈ, ਸ਼ਬਦ ਦੀ ਵਿਚਾਰ ਹੈ, ਜੋ ਅੰਤਰ ਆਤਮੇ ਗਿਆਨ ਦੇਂਦੀ ਹੈ।

★ਗੁਰੂ ਨਾਨਕ ਸਾਹਿਬ ਜੀ ਇਹ ਵੀ ਫੁਰਮਾਉਂਦੇ ਹਨ:-
"ਗੁਰ ਸਮਾਨਿ ਤੀਰਥ ਨਹੀ ਕੋਇੁ॥ ਸਰੁ ਸੰਤੋਖੁ ਤਾਸੁ ਗੁਰੁ ਹੋਇ॥੧॥"
ਭਾਵ: ਗੁਰੂ ਦੇ ਬਰਾਬਰ ਕੋਈ ਤੀਰਥ ਹੀ ਨਹੀਂ ਹੈ। ਗੁਰੂ ਹੀ ਸੰਤੋਖ ਰੂਪ ਸਰੋਵਰ ਹੈ।

👉 ਸੋ ਅਖੀਰ ਵਿਚ ਆਓ ਨਿਚੋੜ ਕਢੀਏ 👇
★ਗੁਰੂ ਪੰਚਮ ਪਾਤਸ਼ਾਹ ਜੀ ਫੁਰਮਾਉਂਦੇ ਹਨ ਕੇ, ਜਗਾ ਜਗਾ ਜਾ ਤੀਰਥਾਂ 'ਤੇ ਨਹਾਉਣ ਨਾਲ ਸ਼ਰੀਰ ਦੀ ਤਾਂ ਸਾਫ ਹੋ ਸਕਦੀ ਹੈ ਪਰ ਮਨ ਦੀ ਮੈਲ ਨਹੀਂ ਉਤਰ ਸਕਦੀ। ਮਨ ਦੀ ਮੈਲ ਨਾਮ ਰੂਪੀ ਇਸ਼ਨਾਨ ਨਾਲ ਹੀ ਉਤਰ ਸਕਦੀ ਹੈ।

🍁 ਨਾਮ ਹਮਾਰੈ ਮਜਮ ਇਸਨਾਨੁ॥ ਨਾਮ ਹਮਾਰੈ ਪੂਰਨ ਦਾਨੁ॥🍁
🍁 ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥🍁

★ਸਾਡੇ ਤਾਂ ਕੇਵਲ ਹਰੀ ਹਰੀ ਹੀ ਹੈ। ਅਸੀਂ ਹੋਰ ਕਿਸਦੀ ਸਿਆਣ ਨਹੀਂ ਕਰਦੇ।
💕ਹਮਾਰੈ ਏਕੈ ਹਰੀ ਹਰੀ॥ ਆਨ ਅਵਰ ਸਿਞਾਣਿ ਨ ਕਰੀ॥ਰਹਾਉ॥💕

★ਨਾਨਕ ਦੇ ਘਰ ਤਾਂ ਕੇਵਲ ਨਾਮ ਹੀ ਹੈ। ਭਾਵ ਪੁੰਨ - ਦਾਨ, ਕਰਮ - ਧਰਮ, ਤੀਰਥ ਇਸ਼ਨਾਨ ਆਦਿ ਕਰਮ ਕਾਂਡਾਂ ਵਾਸਤੇ ਨਾਨਕ ਦੇ ਘਰ ਕੋਈ ਥਾਂ ਨਹੀਂ।

ਗੁਰ ਪਿਆਰਿਓ, ਤੀਰਥ ਇਸ਼ਨਾਨ 'ਤੇ ਲਿਖਦੇ ਲਿਖਦੇ ਮੈਨੂੰ ਇਕ ਹੋਰ ਗੱਲ ਚੇਤੇ ਆ ਗਈ ਕਿ ਬਚਿੱਤ੍ਰ ਨਾਟਕ ਜਿਸ ਨੂੰ ਪੁਜਾਰੀਵਾਦ ਨੇ ਦਸਮ ਗ੍ਰੰਥ ਨਾਮ ਦੇ ਦਿੱਤਾ ਹੈ, ਉਸ ਵਿਚ ਬਚਿਤ੍ਰ ਨਾਟਕ - ਅਧਿਆਇ ਅੱਠਵਾਂ - ਪੜਕੇ ਦੇਖੋ, ਉਸ ਵਿਚ ਗ੍ਰੰਥ ਦਾ ਰਚੇਤਾ, ਗੁਰੂ ਸਾਹਿਬ ਜੀ ਦੀ ਲਿਖਤ ਦਸ ਕੇ, ਗੁਰੂ ਸਾਹਿਬ ਜੀ ਦੇ ਮੂੰਹੋਂ ਕਢਵਾ ਰਿਹਾ ਹੈ:-

ਚੌਪਈ॥
ਮੁਰ ਪਿਤ ਪੂਰਬਿ ਕਿਯਮਿ ਪ੍ਯਾਨਾ॥ ਭਾਂਤਿ ਭਾਂਤਿ ਕੇ ਤੀਰਥ ਨਹਾਨਾ॥
ਜਬ ਹੀ ਜਾਤਿ ਤ੍ਰਿਬੇਣੀ ਭਏ॥ ਪੁਨ ਦਾਨ ਦਿਨ ਕਰਤ ਬਿਤਏ॥੧॥
ਤਹੀ ਪ੍ਰਕਾਸ ਹਮਾਰਾ ਭਯੋ॥.........

ਲੇਖਕ ਪਾ:੧੦ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੂਹੋਂ ਕਢਾ ਰਿਹਾ ਹੈ ਕਿ :-

ਮੇਰੇ ਪਿਤਾ (ਭਾਵ ਗੁਰੂ ਤੇਗ ਬਹਾਦੁਰ) ਨੇ ਪੂਰਬ ਵੱਲ ਜਾਣਾ ਕੀਤਾ। ਭਿੰਨ ਭਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ। ਜਦ ਉਹ ਤ੍ਰਿਬੇਣੀ (ਪ੍ਰਯਾਗ) (ਅੱਜ ਜਿਸ ਨੂੰ ਇਲਾਹਾਬਾਦ ਕਿਹਾ ਜਾਂਦਾ ਹੈ) ਪਹੁੰਚੇ , ਤਾਂ ਉਥੇ ਪੁੰਨ - ਦਾਨ ਕਰਦਿਆਂ ਕਈਂ ਦਿਨ ਬਿਤਾ ਦਿਤੇ।।੧।।  ਫੇਰ ਸਾਡਾ ਜਨਮ ਹੋਇਆ। ਪਟਨਾ ਸ਼ਹਿਰ ਵਿਚ ਜਨਮ ਲਿਆ।......

ਆਪਾਂ ਇਸ ਲੇਖ ਦੇ ਸ਼ੁਰੂਆਤ ਵਿਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਯਾਗ ਇਸ਼ਨਾਨ ਖੰਡਨ ਦਾ ਇਤਿਹਾਸ ਪੜ੍ਹਿਆ। ਕੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਦੀ, ਹੁਕਮ ਦੀ, ਉਲੰਗਣਾ ਕਰ ਸਕਦੇ ਹਨ??? ਕੀ ਗੁਰੂ ਗੁਰਮਤਿ ਤੋਂ ਉਲਟ ਕੱਮ ਕਰ ਸਕਦਾ ਹੈ???

● ਜੀ ਨਹੀਂ। ਕਦੇ ਵੀ ਨਹੀਂ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਲਿਖਤ ਗੁਰੂ ਦਸਮ ਪਾਤਸ਼ਾਹ ਜੀ ਦੀ ਨਹੀਂ ਬਲਕਿ ਕਿਸੇ ਵਿਰੋਧੀ ਨੇ ਸਿੱਖਾਂ ਨੂੰ ਗੁਰਮਤਿ ਤੋਂ ਤੋੜਨ ਵਾਸਤੇ ਤੇ ਸਿੱਖਾਂ ਨੂੰ ਹਿੰਦੂ ਬਣਾਉਣ ਵਾਸਤੇ ਇਹ ਲਿਖਤਾਂ ਦਸਮ ਪਾਤਸ਼ਾਹ ਦੇ ਨਾਮ ਹੇਠ ਲਿਖੀ ਹੈ।

🙏ਖਿਮਾਂ ਦਾ ਜਾਚਕ,
💕ਗੁਰਜੋਤ ਸਿੰਘ ਗਾਂਧੀਧਾਮ💕


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top