Khalsa News homepage

 

 Share on Facebook

Main News Page

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ੧੦ ਪ੍ਰਮੁੱਖ ਕਾਰਣ
-: ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣਾ
26.05.2020
#KhalsaNews #Reasons #GuruArjan #Shaheedi #GianiAmritpalSingh

ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ 'ਤੇ ਲੱਗੀ ਛਬੀਲ ਦੇਖ ਕੇ ਇਕ ਆਦਮੀ ਨੇ ਦੂਜੇ ਆਦਮੀ ਨੂੰ ਪੁੱਛਿਆ ਕਿ ਇਹ ਸਿੱਖ ਲੋਗ ਇੰਨੀ ਖੁਸ਼ੀ ਨਾਲ ਦੁਨੀਆਂ ਨੂੰ ਸ਼ਰਬਤ ਕਿਉਂ ਪਿਲਾ ਰਹੇ ਨੇ?

ਦੂਸਰੇ ਆਦਮੀ ਨੇ ਅਣਜਾਣਤਾ ਵਿਚ ਜਵਾਬ ਦਿੱਤਾ ਕਿ ਅੱਜ ਸਿੱਖ ਬੜੇ ਖੁਸ਼ ਨਜ਼ਰ ਆ ਰਹੇ ਨੇ। ਲੱਗਦੈ ਕਿ ਇਹਨਾਂ ਦੇ ਗੁਰੂ ਦਾ ਅੱਜ ਜਨਮ ਦਿਨ ਹੈ, ਤਾਂ ਹੀ ਇੰਨੀ ਖੁਸ਼ੀ ਵਿਚ ਸ਼ਰਬਤ ਪਿਲਾ ਰਹੇ ਨੇ।

ਕੋਲ ਖਲੋਤੇ ਇਕ ਪਿਆਰ ਵਾਲੇ ਗੁਰਸਿੱਖ ਦੇ ਕੰਨੀਂ ਜਦੋਂ ਇਹ ਗੱਲ ਪਈ ਤਾ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਡੂੰਘੀ ਸੋਚ ਵਿਚ ਗੁਆਚ ਗਿਆ ਕਿ ਅਸੀਂ ਗੁਰਪੁਰਬ 'ਤੇ ਮਾਇਆ ਤਾਂ ਬਹੁਤ ਖਰਚ ਦਿੱਤੀ ਪਰ ਆਪਣੇ ਸੁਨਹਿਰੀ ਇਤਿਹਾਸ ਦਾ ਸੁਨੇਹਾ ਸੰਸਾਰ ਨੂੰ ਪੁਚਾ ਨਾ ਸਕੇ।

ਓ ਸਿੱਖੋ ! ਅਸੀਂ ਕਿੰਨੇ ਅਕ੍ਰਿਤਘਣ ਹੋ ਗਏ ਹਾਂ। ਅਸੀਂ ਦੁਨੀਆਂ ਨੂੰ ਦੱਸ ਹੀ ਨਾ ਸਕੇ ਕਿ ਜਿਸ ਸਤਿਗੁਰੂ ਨੇ ਸੜਦੀ-ਬਲਦੀ ਦੁਨੀਆਂ ਦੀ ਝੋਲੀ ਗੁਰਬਾਣੀ ਦੀ ਠੰਢ ਪਾਈ, ਉਸ ਸਤਿਗੁਰੂ ਜੀ ਨੂੰ ਅੱਜ ਦੇ ਦਿਨ ਜ਼ਾਲਮਾਂ ਨੇ ਉਬਲਦੀ ਦੇਗ ਵਿਚ ਉਬਾਲਿਆ। ਸੰਸਾਰ ਵਿਚ ਠੰਢ ਵਰਤਾਉਣ ਵਾਲੇ ਦੀ ਝੋਲੀ ਵਿਚ ਅੱਗ ਪਾਈ। ਤੱਤੀ ਤਵੀ 'ਤੇ ਬਿਠਾ ਕੇ ਸੀਸ ਵਿਚ ਗਰਮ ਰੇਤਾ ਪਾਇਆ। ਅਸੀਂ ਅੱਜ ਦੇ ਦਿਨ ਸ਼ਰਬਤਾਂ ਦੀਆਂ ਛਬੀਲਾਂ ਤਾਂ ਲਗਾਈਆਂ ਪਰ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਦੁਨੀਆਂ ਨੂੰ ਕੁਝ ਦੱਸ ਹੀ ਨਹੀਂ ਸਕੇ। ਦੁਨੀਆਂ ਨੂੰ ਤਾਂ ਕੀ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ ਕਿ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਿਉਂ ਤੇ ਕਿਵੇਂ ਹੋਈ?

ਚਾਹੀਦਾ ਤਾਂ ਸੀ ਕਿ ਅੱਜ ਦੇ ਦਿਨ ਤਾਂ ਠੰਢੇ ਜਲ ਦੀ ਛਬੀਲ ਦੇ ਨਾਲ-ਨਾਲ ਪੰਚਮ ਗੁਰਦੇਵ ਜੀ ਦੇ ਜੀਵਨ ਇਤਿਹਾਸ ਨੂੰ ਵੀ ਵਰਤਾਉਂਦੇ। ਸਤਿਗੁਰੂ ਜੀ ਦੀ ਬਾਣੀ ਦਾ ਲੰਗਰ ਵੀ ਲਗਾਉਂਦੇ ਤਾਂ ਕਿ ਸਤਿਗੁਰੂ ਜੀ ਦੀ ਸ਼ਹਾਦਤ ਵਿਚ ਛੁਪਿਆ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦੁਨੀਆਂ ਨੂੰ ਮਿਲ ਸਕਦਾ। ਆਉ ਪੰਚਮ ਗੁਰਦੇਵ ਜੀ ਦੀ ਸ਼ਹਾਦਤ ਦੇ ਕੁਝ ਕੁ ਕਾਰਨਾਂ 'ਤੇ ਸੰਖੇਪ ਜਿਹੀ ਝਾਤ ਮਾਰੀਏ:

ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਤਿੰਨ ਅਸੂਲ ਬਖਸ਼ੇ: ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਸਿੱਖੀ ਦੇ ਇਹ ਅਸੂਲ ਇੰਨੇ ਸਰਲ ਤੇ ਅਰਥ ਭਰਪੂਰ ਸਨ ਕਿ ਹਰ ਕੋਈ ਸਿੱਖੀ ਵੱਲ ਖਿੱਚਿਆ ਆਉਂਦਾ ਸੀ। ਇਹ ਗੱਲ ਅਨਮੱਤਾਂ ਦੇ ਪ੍ਰਚਾਰਕ ਤੇ ਆਗੂ ਜਰ ਨਾ ਸਕੇ ਕਿਉਂਕਿ ਉਹਨਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ। ਉਹਨਾਂ ਨੇ ਸਤਿਗੁਰੂ ਜੀ ਦੇ ਸਿਧਾਂਤਾਂ ਨੂੰ ਬੰਦ ਕਰਨ ਲਈ ਬੜੇ ਜਤਨ ਕੀਤੇ। ਸਤਿਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ।

ਵਿਦਵਾਨਾਂ ਵੱਲੋਂ ਗੁਰਦੇਵ ਜੀ ਦੀ ਸ਼ਹਾਦਤ ਦੇ ੧੦ ਪ੍ਰਮੁੱਖ ਕਾਰਨ ਇਹ ਮੰਨੇ ਗਏ ਹਨ:

੧. ਬਿਪਰਵਾਦ: ਬ੍ਰਾਹਮਣੀ ਮੱਤ ਵਿਚ ਸੂਤਕ ਪਾਤਕ, ਵਰਤ, ਯੱਗ, ਹੋਮ, ਜੰਤਰ ਮੰਤਰ, ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਦਸਮੀ, ਇਕਾਦਸ਼ੀ, ਮਹੂਰਤ, ਸ਼ਗਨ ਅਪਸ਼ਗਨ, ਦਾਨ, ਪੁੰਨ, ਤੀਰਥ ਇਸ਼ਨਾਨ, ਸਰੀਰਾਂ ਨੂੰ ਕਸ਼ਟ ਦੇਣ ਵਾਲੇ ਤਪ, ਲੋਕਾਂ ਤੋਂ ਉਹਨਾਂ ਦੀ ਧਨ-ਦੌਲਤ, ਜ਼ਮੀਨ, ਜਾਇਦਾਦ ਦਾਨ ਵਿਚ ਲੈਣੀ, ਉਹਨਾਂ ਦੀਆਂ ਪਤਨੀਆਂ ਤੇ ਛੋਟੀਆਂ ਬੱਚੀਆਂ ਨੂੰ ਮੰਦਰਾਂ ਵਿਚ ਜ਼ਬਰੀ ਚੜ੍ਹਵਾ ਕੇ ਉਹਨਾਂ ਨਾਲ ਕੁਕਰਮ ਕਰਨੇ ਤੇ ਹੋਰ ਕਈ ਤਰ੍ਹਾਂ ਦੇ ਕਰਮਕਾਡਾਂ ਤੇ ਪਖੰਡਾਂ ਕਾਰਨ ਮਨੁੱਖਤਾ ਦਾ ਸ਼ੋਸ਼ਣ ਇੰਨਾ ਵੱਧ ਗਿਆ ਸੀ ਕਿ ਲੋਕ ਤਰਾਹ-ਤਰਾਹ ਕਰ ਉੱਠੇ ਸਨ।

ਮਨੁੱਖ ਪਾਸੋਂ ਪਸ਼ੂਆਂ, ਪੰਛੀਆਂ, ਦਰਖ਼ਤਾਂ, ਪਹਾੜਾਂ, ਪੱਥਰਾਂ, ਮੁਰਦਿਆਂ ਦੀ ਪੂਜਾ ਕਰਵਾਈ ਗਈ, ਪਸ਼ੂਆਂ ਦਾ ਗੋਬਰ ਖੁਵਾਇਆ ਤੇ ਮੂਤਰ ਪਿਲਾਇਆ ਗਿਆ ਪਰ ਮਨੁੱਖ ਨੂੰ ਊਚ ਨੀਚ ਦਾ ਭੇਦ ਪਾ ਕੇ ਦੁਰਕਾਰਿਆ ਗਿਆ। ਅਖੌਤੀ ਨੀਚ ਜਾਤ ਦੇ ਲੋਕਾਂ ਤੇ ਅੰਤਾਂ ਦੇ ਜ਼ੁਲਮ ਕੀਤੇ ਗਏ। ਉਹਨਾਂ ਦੀਆਂ ਜ਼ੁਬਾਨਾਂ ਵਿਚ ਕਿੱਲੇ ਠੋਕੇ ਗਏ, ਕੰਨਾਂ ਵਿਚ ਸਿੱਕੇ ਢਾਲ ਕੇ ਪਾਏ ਗਏ, ਹੱਥ-ਪੈਰ ਕੱਟ ਕੇ ਤੜਫਾਇਆ ਜਾਂਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਐਸੇ ਜ਼ੁਲਮ ਕਰਨ ਵਾਲੇ ਬ੍ਰਾਹਮਣ ਨੂੰ ਜਗਤ ਕਸਾਈ ਕਹਿ ਕੇ ਸੰਬੋਧਨ ਕੀਤਾ।

ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਸਾਈ॥ ਸ੍ਰੀ ਗੁਰੂ ਨਾਨਕ ਸਾਹਿਬ ਜੀ (੪੭੧)

ਗੁਰੂ ਸਾਹਿਬਾਨਾਂ ਨੇ ਇਹਨਾਂ ਲਿਤਾੜੇ ਹੋਏ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਤੇ ਉਹਨਾਂ ਨੂੰ ਰਾਮ ਦੀ ਅੰਸ ਕਹਿ ਕੇ ਸਤਿਕਾਰ ਦਿੱਤਾ। ਉਹਨਾਂ ਨੂੰ ਬਰਾਬਰ ਸੰਗਤ ਤੇ ਪੰਗਤ ਵਿਚ ਬਿਠਾਇਆ। ਸਰੋਵਰ ਤੇ ਬਾਉਲੀਆਂ ਬਣਵਾਈਆਂ ਤਾਂਕਿ ਇੱਕੋ ਥਾਂ ਤੋਂ ਪਾਣੀ ਵਰਤ ਕੇ ਊਚ ਨੀਚ ਤੇ ਸੁੱਚ ਭਿੱਟ ਦਾ ਭੇਦਭਾਵ ਮੁੱਕ ਜਾਏ। ਅਖੌਤੀ ਨੀਚ ਜਾਤ ਦੇ ਮੰਨੇ ਜਾਣ ਵਾਲੇ ਭਗਤਾਂ ਨੂੰ ਗੁਰੂ ਗੰ੍ਰਥ ਸਾਹਿਬ ਵਿਚ ਸੁਸ਼ੋਭਿਤ ਕਰਕੇ ਅਤੇ ਭਗਤ ਕਹਿ ਕੇ ਸਨਮਾਨ ਦਿੱਤਾ। ਬ੍ਰਹਾਮਣਾਂ ਦੇ ਕਰਮਕਾਂਡਾਂ ਤੇ ਪਖੰਡਾਂ ਦੇ ਬਖੀਏ ਉਧੜ ਰਹੇ ਸਨ ਤੇ ਬ੍ਰਾਹਮਣ ਹੱਥੋਂ ਲੋਕਾਂ ਦੀ ਲੁੱਟ-ਖਸੁੱਟ ਬੰਦ ਹੋਣ ਲੱਗੀ।

ਆਪਣੀ ਰੋਜ਼ੀ-ਰੋਟੀ ਬੰਦ ਹੁੰਦੀ ਦੇਖ ਕੇ ਹੁਣ ਬ੍ਰਾਹਮਣ ਘਬਰਾ ਗਏ। ਜਿਹਨਾਂ ਨੂੰ ਕਸਾਈ ਕਿਹਾ ਗਿਆ ਹੋਵੇ ਤੇ ਜਿਹਨਾਂ ਦੀ ਪਖੰਡ ਦੀ ਦੁਕਾਨਦਾਰੀ ਬੰਦ ਹੁੰਦੀ ਹੋਵੇ, ਉਹ ਕਿਉਂ ਨਹੀਂ ਹੱਥ-ਪੈਰ ਮਾਰੇਗਾ? ਉਹਨਾਂ ਬ੍ਰਾਹਮਣਾਂ ਨੇ ਅਕਬਰ ਦੇ ਸਮੇਂ ਤੋਂ ਹੀ ਬਾਦਸ਼ਾਹ ਕੋਲ ਗੁਰੂ ਸਾਹਿਬਾਨਾਂ ਵਿਰੁੱਧ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਹਾਂਗੀਰ ਬਾਦਸ਼ਾਹ ਦੇ ਸਮੇਂ ਤੱਕ ਇਹ ਸਿਲਸਿਲਾ ਚਲਦਾ ਰਿਹਾ। ਬਿਪਰ ਵੱਲੋਂ ਬਾਦਸ਼ਾਹ ਨੂੰ ਕੀਤੀਆਂ ਸ਼ਿਕਾਇਤਾਂ ਸਤਿਗੁਰੂ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਸੀ।

੨. ਬੀਰਬਲ: ਬ੍ਰਾਹਮਣਾਂ ਦਾ ਇੱਕ ਹਥਿਆਰ ਕੱਟੜ ਬ੍ਰਾਹਮਣ ਮਹੇਸ਼ ਦਾਸ ਵੀ ਸੀ, ਜਿਹੜਾ ਬਾਅਦ ਵਿਚ ਬੀਰਬਲ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜੈਪੁਰ ਦੇ ਰਾਜੇ ਭਗਵਾਨ ਦਾਸ ਨੇ ਹਿੰਦੂ ਉੱਚ ਜਾਤ ਦੀ ਪਰਵਾਹ ਕੀਤੇ ਬਗੈਰ ਆਪਣੀ ਭਤੀਜੀ ਦਾ ਵਿਆਹ ਬਾਦਸ਼ਾਹ ਅਕਬਰ ਨਾਲ ਕਰ ਦਿੱਤਾ। ਉਸ ਵਿਆਹ ਵਿਚ ਮਹੇਸ਼ ਦਾਸ ਬ੍ਰਾਹਮਣ ਨੂੰ ਵੀ ਇੱਕ ਮਸਖ਼ਰੇ ਵਜੋਂ ਬਾਦਸ਼ਾਹ ਅਕਬਰ ਦੇ ਦਾਜ ਵਿਚ ਦਿੱਤਾ ਗਿਆ। ਇਹ ਬਹੁਤ ਚੁਸਤ ਦਿਮਾਗ ਤੇ ਹੁਸ਼ਿਆਰ ਮਸਖ਼ਰਾ ਸੀ ਜੋ ਬਾਦਸ਼ਾਹ ਦਾ ਮਨੋਰੰਜਨ ਕਰਦਾ ਸੀ।

ਬਾਦਸ਼ਾਹ ਦੇ ਨੇੜੇ ਹੋਣ ਦੇ ਕਾਰਨ ਇਹ ਬ੍ਰਾਹਮਣਾਂ ਦੀ ਇੱਕੋ-ਇੱਕ ਉਮੀਦ ਸੀ ਜੋ ਗੁਰੂ ਘਰ ਦੇ ਖ਼ਿਲਾਫ਼ ਬਾਦਸ਼ਾਹ ਦੇ ਮਨ ਵਿਚ ਜ਼ਹਿਰ ਭਰ ਸਕਦਾ ਸੀ। ਇਸ ਨੇ ਵੀ ਗੁਰੂ ਘਰ ਵਿਰੁੱਧ ਖੁੱਲ੍ਹੇ ਦਿਲ ਨਾਲ ਬਾਦਸ਼ਾਹ ਅਕਬਰ ਦੇ ਕੰਨ ਭਰੇ ਪਰ ਬਾਦਸ਼ਾਹ ਸਦਾ ਗੁਰੂ ਘਰ ਦੇ ਸੁਨਹਿਰੀ ਅਸੂਲਾਂ ਦਾ ਨੂੰ ਸਤਿਕਾਰ ਦਿੰਦਾ ਰਿਹਾ। ਗੁਰੂ ਘਰ ਦੇ ਵਿਰੁੱਧ ਬੋਲਣ ਵਾਲੇ ਇਸ ਬੀਰਬਲ ਦੀ ਮੌਤ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਹੀ ਹੋ ਗਈ ਸੀ।

੩. ਪ੍ਰਿਥੀ ਚੰਦ: ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਵੀ ਬ੍ਰਾਹਮਣਾਂ ਦੀਆਂ ਗੱਲਾਂ ਵਿਚ ਆ ਕੇ ਤੇ ਗੁਰਗੱਦੀ ਦੇ ਲਾਲਚ ਵਿਚ ਗੁਰੂ ਸਾਹਿਬ ਦੀ ਵਿਰੋਧਤਾ ਕਰਦਾ ਰਿਹਾ। ਕਦੇ ਗੁਰੂ ਸਾਹਿਬ ਦੀ ਦਸਤਾਰ ਨੂੰ ਹੱਥ ਪਾ ਕੇ ਤੇ ਕਦੀ ਗੁਰੂ ਕੇ ਲੰਗਰ ਦੀ ਨਾਕਾਬੰਦੀ ਕਰਕੇ ਇਸ ਨੇ ਵੀ ਖੁਲ੍ਹ ਕੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਇਸਨੇ ਗੁਰੂ ਸਾਹਿਬ ਵਿਰੁੱਧ ਇੱਕ ਸ਼ਿਕਾਇਤਨਾਮਾ ਤਿਆਰ ਕਰਕੇ ਬਾਦਸ਼ਾਹ ਅਕਬਰ ਦੇ ਅੱਗੇ ਪੇਸ਼ ਕੀਤਾ ਪਰ ਬਾਦਸ਼ਾਹ ਵੱਲੋਂ ਕਰਵਾਈ ਪੜਤਾਲ ਵਿਚ ਝੂਠਾ ਸਾਬਤ ਹੋਣ ਕਾਰਨ ਇਸ ਨੂੰ ਬਾਦਸ਼ਾਹ ਨੇ ਬਹੁਤ ਜ਼ਲੀਲ ਕੀਤਾ।

ਬੀਰਬਲ ਨਾਲ ਮਿਲ ਕੇ ਗੁਰੂ ਸਾਹਿਬ ਉੱਤੇ ਸੁਲਭੀ ਖ਼ਾਨ ਤੇ ਉਸਦੇ ਚਾਚਾ ਸੁਲਹੀ ਖ਼ਾਨ ਨੂੰ ਫ਼ੌਜ਼ਾਂ ਸਮੇਤ ਚੜ੍ਹਾ ਕੇ ਲਿਆਉਣ ਵਾਲਾ ਵੀ ਪ੍ਰਿਥੀ ਚੰਦ ਹੀ ਸੀ। ਇਸ ਨੇ ਹੀ ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਨੂੰ ਖਤਮ ਕਰਨ ਲਈ ਕਈ ਅਸਫ਼ਲ ਕੋਸ਼ਿਸ਼ਾਂ ਕੀਤੀਆਂ।

੪. ਕਾਹਨਾ, ਪੀਲੋ, ਛੱਜੂ ਤੇ ਸ਼ਾਹ ਹੁਸੈਨ: ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਆਪਣੇ ਆਪ ਨੂੰ ਆਪ ਹੀ ਭਗਤ ਅਖਵਾਉਣ ਵਾਲੇ ਇਹਨਾਂ ਪਖੰਡੀਆਂ ਨੇ ਵੀ ਆਪੋ-ਆਪਣੀ ਕਵਿਤਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਣੀ ਚਾਹੀ ਤਾਂ ਕਿ ਹਮੇਸ਼ਾਂ ਲਈ ਦੁਨੀਆਂ ਤੇ ਨਾਂ ਬਣਿਆ ਰਹਿ ਸਕੇ। ਸਤਿਗੁਰੂ ਜੀ ਨੇ ਇਹਨਾਂ ਦੀ ਕਵਿਤਾਵਾਂ ਤੇ ਇਹਨਾਂ ਦੇ ਜੀਵਨ ਨੂੰ ਗੁਰਮਤਿ ਦੀ ਕਸਵੱਟੀ 'ਤੇ ਪਰਖ ਕੇ ਰੱਦ ਕਰ ਦਿੱਤਾ। ਇਹ ਚਾਰੋਂ ਭੜਕ ਉੱਠੇ ਤੇ ਗੁਰੂ ਸਾਹਿਬ ਨੂੰ ਖ਼ਤਮ ਕਰਵਾਉਣ ਦੀਆਂ ਧਮਕੀਆਂ ਦੇ ਵਾਪਸ ਆ ਗਏ।

ਕਾਹਨੇ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਪਰ ਬਾਕੀ ਦਿਆਂ ਅਖੌਤੀ ਭਗਤਾਂ ਤੇ ਉਹਨਾਂ ਦੇ ਚੇਲਿਆਂ ਨੇ ਕਾਹਨੇ ਦੇ ਚੇਲਿਆਂ ਸਮੇਤ ਸਮੇਂ ਦੇ ਹਾਕਮਾਂ ਤੇ ਬਾਦਸ਼ਾਹ ਕੋਲ ਸਤਿਗੁਰੂ ਜੀ ਦੇ ਖ਼ਿਲਾਫ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਅੱਜ ਪੰਜਾਬ ਦੀ ਧਰਤੀ 'ਤੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਇਹਨਾਂ ਦੀਆਂ ਰਚਨਾਵਾਂ ਹੀ ਪੜ੍ਹਾਈਆਂ ਜਾ ਰਹੀਆਂ ਹਨ।

੫. ਸਖੀ ਸਰਵਰ ਦੀ ਗੱਦੀ: ਇਸਲਾਮਿਕ ਰਾਜ ਦੇ ਹਾਕਮਾਂ ਵੱਲੋਂ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਲਈ ਸ਼ੇਖ ਫੱਤੇ ਦਾ ਸ਼ਰਧਾਲੂ ਬਣਾਇਆ ਜਾਂਦਾ ਰਿਹਾ। ਇਸ ਦੀ ਸੰਪਰਦਾ ਸਖੀ ਸਰਵਰ ਨੂੰ ਧਾਰਨ ਤੋਂ ਬਾਦ ਲੋਕ ਸਹਿਜੇ ਹੀ ਮੁਸਲਮਾਨ ਬਣ ਜਾਂਦੇ ਸਨ। ਸਾਰਾ ਪੰਜਾਬ ਸ਼ੇਖ ਫੱਤੇ ਦੇ ਅਸਰ ਹੇਠ ਆ ਚੁੱਕਾ ਸੀ ਪਰ ਜਿਵੇਂ ਜਿਵੇਂ ਸਿੱਖੀ ਦਾ ਪ੍ਰਚਾਰ ਫੈਲਣਾ ਸ਼ੁਰੂ ਹੋਇਆ, ਲੋਕ ਸਿੱਖੀ ਧਾਰਨ ਕਰਨ ਲੱਗ ਪਏ। ਜਦੋਂ ਸਖੀ ਸਰਵਰ ਦੇ ਮੱਤ ਦਾ ਪ੍ਰਚਾਰ ਕਰਨ ਵਾਲੇ ਦੋ ਵੱਡੇ ਪ੍ਰਚਾਰਕ ਭਾਈ ਮੰਝ ਤੇ ਭਾਈ ਬਹਿਲੋਂ ਸਖੀ ਸਰਵਰੀ ਮੱਤ ਛੱਡ ਗੁਰੂ ਸਾਹਿਬ ਦੇ ਸਿੱਖ ਬਣ ਗਏ ਤਾਂ ਮਾਨੋਂ ਪੰਜਾਬ ਦੀ ਧਰਤੀ 'ਤੇ ਸਖੀ ਸਰਵਰ ਮੱਤ ਦੀ ਰੀੜ ਦੀ ਹੱਡੀ ਹੀ ਟੁੱਟ ਗਈ। ਇਸ ਘਟਨਾ ਨਾਲ ਸਖੀ ਸਰਵਰੀਏ ਮੱਚ ਉੱਠੇ।

(ਇਹ ਸ਼ੇਖ ਫੱਤਾ ਉਹ ਹੀ ਹੈ ਜਿਸ ਦੀ ਕਬਰ ਨੂੰ ਭੋਲੇ ਭਾਲੇ ਸਿੱਖ ਸਤਿਗੁਰੂ ਦਾ ਸ਼ਰਧਾਲੂ ਜਾਣ ਕੇ ਅੱਜ ਤੱਕ ਪੂਜਦੇ ਰਹੇ ਤੇ ਹੁਣ ਕੁਝ ਦਿਨ ਪਹਿਲਾਂ ਹੀ ਉਸਦੀ ਕਬਰ ਤੋਂ ਸਿੱਖ ਸੰਗਤਾਂ ਨੇ ਨਿਸ਼ਾਨ ਸਾਹਿਬ ਉਤਾਰਿਆ ਤੇ ਪੰਥ ਨੂੰ ਗੁਰੂ ਸਾਹਿਬ ਦੇ ਇਸ ਦੁਸ਼ਮਣ ਬਾਰੇ ਸੁਚੇਤ ਕੀਤਾ ਹੈ।)

੬. ਨਕਸ਼ਬੰਦੀ: ਤੂਰਾਨ ਦੀ ਪੈਦਾਵਾਰ ਖ਼ਵਾਜ਼ਾ ਮੁਹੰਮਦ ਬਾਕੀਬਿਲਾ ਰਾਹੀਂ ਇਕ ਹੋਰ ਨਵਾਂ ਸੂਫੀ ਸਿਲਸਿਲਾ ਹਿੰਦੁਸਤਾਨ ਆ ਪਹੁੰਚਿਆ, ਜਿਹੜਾ ਨਕਸ਼ਬੰਦੀ ਕਰਕੇ ਮਸ਼ਹੂਰ ਹੋਇਆ। ਹਿੰਦੁਸਤਾਨ ਵਿਚ ਇਸਲਾਮਿਕ ਰਾਜ ਦੇਖ ਕੇ ਇਸ ਨੇ ਨਕਸ਼ਬੰਦੀ ਨੂੰ ਫੈਲਾਉਣ ਲਈ ਰਾਜ ਸ਼ਕਤੀ ਨੂੰ ਵਰਤਿਆ। ਇਸ ਨੇ ਰਾਜ ਸ਼ਕਤੀ ਰਾਹੀਂ ਗੁਰੂ ਘਰ ਨੂੰ ਦਬਾਉਣਾ ਚਾਹਿਆ ਪਰ ਛੇਤੀ ਹੀ ਇਸ ਦਾ ਵੀ ਭੋਗ ਪੈ ਗਿਆ। ਇਸ ਦੀ ਮੌਤ ਤੋਂ ਬਾਦ ਇਸ ਦਾ ਕੰਮ ਸ਼ੇਖ ਅਹਿਮਦ ਸਰਹੰਦੀ ਨੇ ਸੰਭਾਲਿਆ।

੭. ਸ਼ੇਖ ਅਹਿਮਦ ਸਰਹੰਦੀ: ਇਹ ਸਰਹਿੰਦ ਵਿਚ ਪੈਦਾ ਹੋਣ ਸ਼ਖ਼ਸ ਬੜਾ ਤੇਜ਼ ਬੁੱਧੀ ਵਾਲਾ ਤੇ ਆਪਣੀ ਦਲੀਲ ਨਾਲ ਹਰ ਇੱਕ ਪ੍ਰਭਾਵਤ ਕਰ ਲੈਂਦਾ ਸੀ। ਇਹ ਇਸਲਾਮ ਮਤ ਦਾ ਬੜਾ ਉੱਘਾ ਵਿਦਵਾਨ ਸੀ। ਹਿੰਦੂਆਂ ਦਾ ਇਹ ਕੱਟੜ ਵਿਰੋਧੀ ਸੀ। ਇਹ ਇਸ ਗੱਲੋਂ ਵੀ ਬਹੁਤਾ ਔਖਾ ਸੀ ਕਿ ਸਿੱਖ ਮਤ ਦਿਨੋਂ ਦਿਨ ਫੈਲਦਾ ਹੀ ਜਾ ਰਿਹਾ ਹੈ।

ਸੰਨ ੧੫੯੭ ਵਿਚ ਪੰਜਾਬ ਵਿਚ ਕਾਲ ਪੈ ਗਿਆ ਤੇ ਅਨੇਕਾਂ ਮਾਰੂ ਬਿਮਾਰੀਆਂ ਫੈਲ਼ ਗਈਆਂ। ਹਜ਼ਾਰਾਂ ਲੋਕ ਮੌਤ ਦੇ ਮੂੰਹ ਜਾ ਪਏ। ਲਾਹੌਰ ਦੀਆਂ ਗਲੀਆਂ ਮੁਰਦਿਆਂ ਨਾਲ ਭਰੀਆਂ ਪਈਆਂ ਸਨ। ਕੋਈ ਸਹਾਇਤਾ ਲਈ ਬਹੁੜ ਨਹੀਂ ਸੀ ਰਿਹਾ। ਅਜਿਹੇ ਵਿਚ ਗੁਰੂ ਅਰਜਨ ਸਾਹਿਬ ਨੇ ਰੋਗੀਆਂ ਦੀ ਦਵਾ ਦਾਰੂ ਨਾਲ ਸੇਵਾ ਕੀਤੀ ਤੇ ਲੋੜਵੰਦਾਂ ਨੂੰ ਖ਼ੁਰਾਕ ਪਹੁੰਚਾਈ। ਆਪਣੀ ਪਰਵਾਹ ਨਾ ਕਰਦੇ ਹੋਏ ਦੀਨ ਦੁਖੀਆਂ ਵਿਚ ਜਾ ਕੇ ਸੇਵਾ ਕੀਤੀ, ਜਿਸ ਨਾਲ ਸਤਿਗੁਰੂ ਜੀ ਸੇਵਾ ਤੇ ਪਰਉਪਕਾਰ ਦੀ ਬਿਰਤੀ ਦਾ ਪੂਰੇ ਹਿੰਦੁਸਤਾਨ ਵਿਚ ਪ੍ਰਚਾਰ ਹੋਇਆ। ਸ਼ੇਖ ਅਹਿਮਦ ਇਹ ਦੇਖ ਕੇ ਹੋਰ ਵੀ ਕਲਪ ਗਿਆ। ਇਧਰ ਵੱਡੇ-ਵੱਡੇ ਹਾਕਮਾਂ ਤੇ ਦਰਬਾਰੀਆਂ ਤੋਂ ਇਲਾਵਾ ਸ਼ੇਖ ਫਰੀਦ ਬੁਖ਼ਾਰੀ ਵੀ ਇਸ ਦਾ ਇਕ ਸ਼ਰਧਾਲੂ ਸੀ, ਜਿਸ ਦੀ ਸਹਾਇਤਾ ਨਾਲ ਇਸ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਲਈ ਸਾਜ਼ਿਸ਼ ਰਚੀ।

੮. ਸ਼ੇਖ ਫਰੀਦ ਬੁਖਾਰੀ ਜਾਂ ਮੁਰਤਜ਼ਾ ਖ਼ਾਂ: ਜਹਾਂਗੀਰ ਬਾਦਸ਼ਾਹ ਨੂੰ ਤਖ਼ਤ ਦਿਵਾਉਣ ਵਿਚ ਸਭ ਤੋਂ ਵੱਧ ਇਸ ਨੇ ਮਦਦ ਕੀਤੀ। ਇਸਨੂੰ ਲਾਹੌਰ ਦਾ ਕਿਲ੍ਹਾ ਬਚਾਉਣ ਕਰਕੇ ਹੀ 'ਮੁਰਤਜ਼ਾ ਖਾਂ' ਦਾ ਖ਼ਿਤਾਬ ਮਿਲਿਆ ਸੀ। ਇਸਨੇ ਹੀ ਸ਼ੇਖ ਅਹਿਮਦ ਸਰਹੰਦੀ ਨਾਲ ਮਿਲ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਝੂਠਾ ਬਹਾਨਾ ਲੱਭ ਕੇ ਦਿੱਤਾ ਸੀ।

੯. ਜਹਾਂਗੀਰ ਬਾਦਸ਼ਾਹ: ਇਹ ਕੱਟੜ ਤੇ ਤੁਅਸਬੀ ਨੀਤੀ ਦਾ ਧਾਰਨੀ ਸੀ। ਇਸ ਦੀ ਇੱਛਾ ਸੀ ਕਿ ਸਾਰੇ ਹਿੰਦੁਸਤਾਨ ਵਿਚ ਕੇਵਲ ਇਸਲਾਮ ਮੱਤ ਹੀ ਹੋਵੇ। ਇਸ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਅਨੇਕਾਂ ਤਰੀਕੇ ਵਰਤੇ। ਸਿੱਖੀ ਦਾ ਪ੍ਰਚਾਰ ਵੀ ਇਸ ਨੂੰ ਖਟਕਦਾ ਸੀ। ਇਸ ਨੇ ਆਪਣੀ ਸਵੈ-ਜੀਵਨੀ 'ਤੁਜ਼ਕਿ-ਜਹਾਂਗੀਰੀ' ਵਿਚ ਕੁਝ ਇਸ ਤਰ੍ਹਾਂ ਲਿਖਿਆ ਹੈ:

"ਗੋਇੰਦਵਾਲ ਵਿਚ, ਜੋ ਬਿਆਸ ਨਦੀ ਦੇ ਕਿਨਾਰੇ ਤੇ ਹੈ, ਪੀਰਾਂ ਬਜ਼ੁਰਗਾਂ ਦੇ ਭੇਸ ਵਿਚ ਗੁਰੂ ਅਰਜਨ ਨਾਮ ਦਾ ਇਕ ਹਿੰਦੂ ਰਹਿੰਦਾ ਸੀ। ਉਸਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬਹੁਤ ਸਾਰੇ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉਚਾ ਵਜਾਇਆ ਹੋਇਆ ਸੀ। ਲੋਕ ਉਸਨੂੰ ਗੁਰੂ ਕਹਿੰਦੇ ਸਨ। ਸਾਰਿਆਂ ਪਾਸਿਆਂ ਤੋਂ ਫ਼ਰੇਬੀ ਤੇ ਠੱਗੀ ਪਸੰਦ ਲੋਕ ਉਸ ਕੋਲ ਆ ਕੇ ਉਸ ਉੱਤੇ ਪੂਰਾ ਏਤਕਾਦ ਅਤੇ ਸ਼ਰਧਾ ਦਾ ਇਜ਼ਹਾਰ ਕਰਦੇ ਸਨ।ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਦੀ ਇਹ ਦੁਕਾਨ ਗਰਮ ਸੀ। ਕਿਤਨੇ ਸਮੇਂ ਤੋਂ ਮੇਰੇ ਮਨ ਵਿਚ ਇਹ ਖਿਆਲ ਆਉਂਦਾ ਸੀ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨੀ ਮਤ ਵਿਚ ਲੈ ਆਉਣਾ ਚਾਹੀਦਾ ਹੈ।"

ਦਰਅਸਲ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੀ ਕਿ ਸਮੇਂ ਦਾ ਬਾਦਸ਼ਾਹ ਗੁਰੂ ਸਾਹਿਬ ਦੇ ਵਿਰੁੱਧ ਸੀ ਤੇ ਹਰ ਹੀਲੇ ਗੁਰੂ ਸਾਹਿਬ ਨੂੰ ਖਤਮ ਜਾਂ ਇਸਲਾਮ ਦੇ ਦਾਇਰੇ ਵਿਚ ਲਿਆਉਣਾ ਚਾਹੁੰਦਾ ਸੀ।

੧੦. ਚੰਦੂ: ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵੇਲੇ ਹੋਰ ਭਾਵੇਂ ਕਿਸੇ ਦਾ ਜ਼ਿਕਰ ਆਵੇ ਜਾਂ ਨਾ ਆਵੇ ਪਰ ਚੰਦੂ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਪ੍ਰੋਫ਼ੈਸਰ ਸਾਹਿਬ ਸਿੰਘ ਜੀ ਮੁਤਾਬਿਕ ਇਹ ਗੁਰਦਾਸਪੁਰ ਦੇ ਪਿੰਡ ਰੁਹੇਲੇ ਦਾ ਖੱਤਰੀ ਸੀ ਜੋ ਕਿ ਲਾਹੌਰ ਮਾਮੂਲੀ ਜਿਹਾ ਸਰਕਾਰੀ ਮੁਲਾਜ਼ਮ ਸੀ। ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਦੀ ਧੀ ਲਈ ਚੰਦੂ ਦੇ ਪੁਰੋਹਿਤ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਕਰ ਗਏ। ਇਸਨੂੰ ਪਤਾ ਲੱਗਣ ਤੇ ਅੰਦਰੋਂ ਤਾਂ ਬੜਾ ਖੁਸ਼ ਹੋਇਆ ਪਰ ਹੰਕਾਰ ਵਿਚ ਆ ਕੇ ਪੁਰੋਹਿਤ ਨੂੰ ਕਹਿ ਦਿੱਤਾ ਕਿ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ ਹੈਂ। ਗੁਰੂ ਨਾਨਕ ਦੇ ਘਰ ਨੂੰ ਮੋਰੀ ਕਹਿਣ ਬਾਰੇ ਪਤਾ ਲੱਗਣ 'ਤੇ ਸਤਿਗੁਰੂ ਜੀ ਨੇ ਰਿਸ਼ਤਾ ਵਾਪਸ ਮੋੜ ਦਿੱਤਾ ਤੇ ਇਸ ਗੱਲੋਂ ਇਹ ਵੀ ਬੇਇਜ਼ਤੀ ਵਿਚ ਸੜ੍ਹ ਬਲ ਕੋਲ਼ੇ ਹੋ ਗਿਆ।

ਸਤਿਗੁਰੂ ਜੀ ਦੀ ਸ਼ਹੀਦੀ ਵੇਲੇ ਇਸ ਦੀ ਡਿਊਟੀ ਲੱਗ ਜਾਣ ਕਾਰਨ ਇਸ ਨੇ ਸਤਿਗੁਰੂ ਜੀ ਨੂੰ ਤਸੀਹੇ ਦੇ ਕੇ ਰੱਜ ਕੇ ਦਿਲ ਦੀ ਭੜਾਸ ਕੱਢੀ। ਚੰਦੂ ਦੇ ਕਾਰਨ ਸਤਿਗੁਰੂ ਜੀ ਦੀ ਸ਼ਹਾਦਤ ਨੂੰ ਇਕ ਪਰਿਵਾਰਕ ਝਗੜਾ ਕਹਿਣਾ ਸ਼ਹਾਦਤ ਦੀ ਮਹਾਨਤਾ ਘਟਾਉਣਾ ਹੈ ਜੋ ਸਤਿਗੁਰੂ ਜੀ ਨੇ ਗੁਰੂ ਗ੍ਰੰਥ, ਗੁਰੂ ਪੰਥ ਤੇ ਸਾਰੀ ਮਨੁੱਖਤਾ ਦੇ ਭਲੇ ਲਈ ਦਿੱਤੀ ਹੈ। ਇਸ ਪਾਤਰ ਨੂੰ ਅਜੇ ਹੋਰ ਵਿਚਾਰਨ ਦੀ ਲੋੜ ਹੈ।

ਬਹਾਨਾ: ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰਨ ਲਈ ਕਿਸੇ ਬਹਾਨੇ ਦੀ ਲੋੜ ਸੀ। ਉਹ ਬਹਾਨਾ ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫ਼ਰੀਦ ਬੁਖਾਰੀ ਮੁਰਤਜ਼ਾ ਖਾਂ ਨੇ ਬਣਾਇਆ। ਜਦੋਂ ਜਹਾਂਗੀਰ ਦਾ ਪੁੱਤਰ ਖੁਸਰੋ ਬਗਾਵਤ ਕਰ ਕੇ ਦੌੜਿਆ ਤਾਂ ਰਸਤੇ ਵਿਚ ਇਸ ਦੇ ਕੁਝ ਹਿਮਾਇਤੀਆਂ ਨੇ ਇਸ ਦੀ ਸਹਾਇਤਾ ਵੀ ਕੀਤੀ। ਪਿੱਛੇ-ਪਿੱਛੇ ਮੁਰਤਜ਼ਾ ਖਾਂ ਇਸ ਦੇ ਹਿਮਾਇਤੀਆਂ ਨੂੰ ਸਜ਼ਾ ਵੀ ਦਿੰਦਾ ਆ ਰਿਹਾ ਸੀ। ਜਿਹੜੇ ਖੁਸਰੋ ਦੇ ਸਾਥੀ ਬਚ ਗਏ ਉਹਨਾਂ ਨੂੰ ਜਹਾਂਗੀਰ ਨੇ ਸਜ਼ਾਵਾਂ ਦਿੱਤੀਆਂ।

ਕੁਝ ਦਿਨਾਂ ਬਾਦ ਇਹ ਚਾਲ ਚੱਲੀ ਗਈ ਕਿ ਕਿਉਂ ਨਾ ਗੁਰੂ ਅਰਜਨ ਸਾਹਿਬ ਨੂੰ ਵੀ ਖੁਸਰੋ ਦਾ ਸਾਥ ਦੇਣ ਦੇ ਜ਼ੁਰਮ ਵਿਚ ਖਤਮ ਕਰ ਦਿੱਤਾ ਜਾਏ? ਮੌਕੇ ਦਾ ਫਾਇਦਾ ਉਠਾ ਕੇ ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਖਾਂ ਦੀ ਚੰਡਾਲ ਚੌਕੜੀ ਨੇ ਇਕ ਝੂਠੀ ਸ਼ਿਕਾਇਤ ਜਹਾਂਗੀਰ ਬਾਦਸ਼ਾਹ ਦੇ ਅੱਗੇ ਪੇਸ਼ ਕਰ ਦਿੱਤੀ ਕਿ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਨੇ ਖੁਸਰੋ ਦੀ ਮਦਦ ਕੀਤੀ ਤੇ ਉਸ ਦੇ ਮੱਥੇ 'ਤੇ ਤਿਲਕ ਲਗਾ ਕੇ ਰਾਜ-ਭਾਗ ਹੋਣ ਦਾ ਉਸ ਨੂੰ ਅਸ਼ੀਰਵਾਦ ਦਿੱਤਾ ਹੈ।

ਹਾਲਾਂਕਿ ਉਸ ਸਮੇਂ ਗੁਰੂ ਸਾਹਿਬ ਗੋਇੰਦਵਾਲ ਨਹੀਂ ਬਲਕਿ ਅੰਮ੍ਰਿਤਸਰ ਦੀ ਧਰਤੀ 'ਤੇ ਮੌਜ਼ੂਦ ਸਨ। ਦੂਜਾ ਗੁਰੂ ਨਾਨਕ ਦੇ ਘਰ ਤਾਂ ਕੋਈ ਵੀ ਆ ਸਕਦਾ ਹੈ। ਤੀਜਾ ਮੱਥੇ 'ਤੇ ਤਿਲਕ ਲਗਾਉਣ ਦੀ ਸਿੱਖ ਧਰਮ ਵਿਚ ਕੋਈ ਮਰਿਆਦਾ ਨਹੀਂ ਹੈ। ਫਿਰ ਵੀ ਸਤਿਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਂਗੀਰ ਨੇ ਆਪਣੇ ਸਿਪਾਹੀ ਭੇਜੇ ਤੇ ਇਹ ਬਹਾਨਾ ਲਾ ਕੇ ਸਤਿਗੁਰੂ ਜੀ ਨੂੰ ਲਾਹੌਰ ਵਿਖੇ ਕੈਦ ਕਰ ਲਿਆ ਗਿਆ।

ਇੱਥੇ ਸਤਿਗੁਰੂ ਜੀ ਨੂੰ ਭਿਆਨਕ ਤਸੀਹੇ ਦਿੱਤੇ ਗਏ। ਭੋਜਨ ਤੇ ਪਾਣੀ ਤੱਕ ਬੰਦ ਕਰ ਦਿੱਤਾ ਗਿਆ। ਕੁਝ ਸ਼ਰਤਾਂ ਰੱਖੀਆਂ ਗਈਆਂ, ਜਿਸ ਵਿਚੋਂ ਇੱਕ ਇਹ ਕਿ ਸਿੱਖੀ ਛੱਡ ਕੇ ਇਸਲਾਮ ਧਰਮ ਧਾਰਨ ਕਰ ਲਵੋ ਜਾਂ ਸ਼ਾਹੀ ਖ਼ਜਾਨੇ ਵਿਚ ਟੈਕਸ ਭਰੋ। ਕਈ ਵਿਦਵਾਨ ਇਹ ਵੀ ਆਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫ਼ਤ ਦਾ ਸ਼ਬਦ ਵੀ ਰਚ ਕੇ ਦਰਜ ਕਰਨ ਲਈ ਕਿਹਾ ਗਿਆ।

ਸਤਿਗੁਰੂ ਜੀ ਦਾ ਜਵਾਬ ਇਹ ਸੀ ਕਿ ਅਸੀਂ ਆਪਣੇ ਧਰਮ ਵਿਚ ਦ੍ਰਿੜ ਹਾਂ। ਕਿਰਤੀ ਸਿੱਖਾਂ ਦੀ ਨੇਕ ਖ਼ੂਨ-ਪਸੀਨੇ ਦੀ ਕਮਾਈ ਨਾਲ ਗੁਰੂ ਕੇ ਲੰਗਰ ਤਾਂ ਚਲਾਏ ਜਾ ਸਕਦੇ ਨੇ ਜਾਂ ਲੋੜ੍ਹਵੰਦਾਂ ਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਪਰ ਸ਼ਾਹੀ ਖ਼ਜਾਨੇ ਨਹੀਂ ਭਰੇ ਜਾ ਸਕਦੇ। ਬਾਕੀ ਰਹੀ ਗੱਲ ਗੁਰਬਾਣੀ ਦੀ ਇਸ ਵਿਚ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਦੀ ਹੀ ਸਿਫ਼ਤ ਹੈ। ਉਹ ਵੀ ਮੇਰੇ ਤੋਂ ਜੋ ਮੇਰੇ ਮਾਲਕ ਨੇ ਬੁਲਾ ਲਿਆ ਹੈ ਉਹ ਹੀ ਦਰਜ ਹੈ।

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਸ੍ਰੀ ਗੁਰੂ ਅਰਜਨ ਸਾਹਿਬ ਜੀ (੭੬੩)

ਇਹ ਜਵਾਬ ਸੁਣ ਕੇ ਸਤਿਗੁਰੂ ਜੀ ਨੂੰ ਉਬਲਦੀ ਦੇਗ ਵਿਚ ਬਿਠਾਇਆ ਗਿਆ। ਫਿਰ ਤੱਤੀ ਤਵੀ 'ਤੇ ਬਿਠਾ ਕੇ ਗਰਮ ਰੇਤ ਸਰੀਰ ਉੱਤੇ ਪਾਈ ਗਈ। ਜਦੋਂ ਸਰੀਰ ਬਿਲਕੁਲ ਨਿਢਾਲ ਹੋ ਗਿਆ ਤੇ ਸਰੀਰ ਦੀ ਚਮੜੀ ਦੀ ਚਰਬੀ ਢਲਨ ਲੱਗੀ। ਇਤਿਹਾਸਕਾਰਾਂ ਮੁਤਾਬਕ ਅਖੀਰ ੩੦ ਮਈ, ੧੬੦੬ ਨੂੰ ਰਾਵੀ ਦਰਿਆ ਵਿਚ ਸਤਿਗੁਰੂ ਜੀ ਦੇ ਸਰੀਰ ਨੂੰ ਰੋੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ।

(ਬੇਨਤੀ: ਆਪ ਜੀ ਇਸ ਨੂੰ ਬਿਨਾਂ ਕਿਸੇ ਕੱਟ-ਵੱਢ ਤੋਂ ਛਪਵਾ ਕੇ ਵੀ ਵੰਡ ਸਕਦੇ ਹੋ ਜੀ।)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top