Khalsa News homepage

 

 Share on Facebook

Main News Page

ਟਕਸਾਲੀ ਅਕਾਲੀ ਕੌਣ ?
-: ਜਗਤਾਰ ਸਿੰਘ ਜਾਚਕ, ਨਿਊਯਾਰਕ 
ਸਪੰਰਕ ਨੰ. 1-631-455-5164, ਵਟਸ-ਅੱਪ 98995 63906

‘ਗੁਰਸ਼ਬਦ ਰਤਨਾਕਰ’ ਮਹਾਨਕੋਸ਼ ਮੁਤਾਬਿਕ ‘ਟਕਸਾਲ’ ਲਫ਼ਜ਼ ਸੰਸਕ੍ਰਿਤ ਦੇ ‘ਟੰਕਕਸ਼ਾਲਾ’ ਦਾ ਪ੍ਰਾਕ੍ਰਿਤਕ ਪੰਜਾਬੀ ਰੂਪ ਹੈ । ਅਰਥ ਹੈ : ਟਕੇ ਬਨਉਣ ਦਾ ਉਹ ਘਰ (ਮਕਾਨ), ਜਿਥੇ ਰੁਪੈ ਆਦਿਕ ਸਿੱਕੇ ਘੜੇ ਜਾਣ । ਹੁਣ ਤਾਂ ਭਾਵੇਂ ਸਾਰੇ ਦੇਸ਼ਾਂ ਵਿੱਚ ਪੌਂਡ, ਡਾਲਰ, ਦਿਨਾਰ ਤੇ ਰੁਪੈ ਆਦਿਕ ਦੇ ਵਧੇਰੇ ਕਰੰਸੀ ਨੋਟ ਪ੍ਰਿਟਿੰਗ ਪ੍ਰੈਸ ਦੁਆਰਾ ਕਾਗਦ ਤੋਂ ਹੀ ਤਿਆਰ ਕਰ ਲਏ ਜਾਂਦੇ ਹਨ । ਪ੍ਰੰਤੂ ਅਠਾਰਵੀਂ ਸਦੀ ਤਕ ਤਾਂ ਵੱਖ ਵੱਖ ਧਾਤੂਆਂ ਦੇ ਸਿੱਕੇ ਢਾਲ ਕੇ ਉਨ੍ਹਾਂ ’ਤੇ ਹੀ ਸਰਕਾਰੀ ਮੋਹਰ ਲਗਾਈ ਜਾਂਦੀ ਸੀ । ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਵੇਲੇ ਲੋਹਗੜ ਦੇ ਕਿਲੇ ਵਿੱਚ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਸ੍ਰੀ ਅੰਮ੍ਰਿਤਸਰ ਵਿਖੇ ਐਸੀਆਂ ਟਕਸਾਲਾਂ ਸਨ, ਜਿਥੇ ‘ਦੇਗੋ ਤੇਗੋ ਫ਼ਤਹ ਵਾ ਨੁਸਰਤ ਬੇਦਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ।’ ਦੀ ਸਰਕਾਰੀ ਮੋਹਰ ਵਾਲੇ ‘ਨਾਨਕਸ਼ਾਹੀ’ ਸਿੱਕੇ ਘੜੇ ਜਾਂਦੇ ਸਨ । ਪ੍ਰੰਤੂ ਹੈਰਾਨੀ ਹੁੰਦੀ ਹੈ ਕਿ 20ਵੀਂ ਸਦੀ ਵਿੱਚ ਸਿੱਖ ਸਰਦਾਰ ਅਖਵਾਉਂਦਾ ਭਾਈਚਾਰਾ ਤੇ ਉਸ ਦੀ ਰਾਜਨੀਤਕ ਨੁਮਾਇੰਦਗੀ ਕਰਨ ਵਾਲਾ ਕਥਿਤ ਅਕਾਲੀ ਦਲ ਬਿਪਰਵਾਦੀ ਦਬਾਅ ਹੇਠ ਆਪਣੇ ਲਈ ‘ਨਾਨਕਸ਼ਾਹੀ ਕੈਲੰਡਰ’ ਵੀ ਲਾਗੂ ਕਰਨ ਦੀ ਸਮਰਥਾ ਨਹੀਂ ਰੱਖਦਾ ।

ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਸਭ ਤੋਂ ਮੁੱਖ ਟਕਸਾਲ ਹੈ ਕਰਤਾ ਪੁਰਖ ਦੀ ਵਿਸਮਾਦ-ਜਨਕ ਕੁਦਰਤ, ਜਿਥੇ ਦੋ ਪੁੜਾਂ ਦੇ ਰੂਪ ਵਿੱਚ ਧਰਤੀ ਦੇ ਫ਼ਰਸ਼, ਅਕਾਸ਼ ਦੀ ਛੱਤ ਅਤੇ ਚੌਂਹ ਦਿਸ਼ਾਵਾਂ ਦੀਆਂ ਕੰਧਾਂ ਵਾਲੇ ਟਕਸਾਲੀ ਚਉਬਾਰੇ ਵਿੱਚ ਅਨੇਕ ਪ੍ਰਕਾਰ ਦੇ ਜੀਵਾਂ ਦੀਆਂ ਸਰੀਰਕ ਮੂਰਤੀਆਂ ਘੜੀਆਂ ਜਾਂਦੀਆਂ ਹਨ । ਗੁਰਵਾਕ ਹੈ :

ਪੁੜੁ ਧਰਤੀ, ਪੁੜੁ ਪਾਣੀ ਆਸਣੁ, ਚਾਰਿ ਕੁੰਟ ਚਉਬਾਰਾ ॥
ਸਗਲ ਭਵਨ ਕੀ ਮੂਰਤਿ ਏਕਾ, ਮੁਖਿ ਤੇਰੈ ਟਕਸਾਲਾ ॥
{ਪੰ. 596}

ਦੂਜੀ ਟਕਸਾਲ ਹੈ ਗੁਰਦੁਆਰਾ, ਜਿਥੇ ਧਰਮਖੰਡ ਵਿੱਚ ਜੀਊਂਦਿਆਂ ਸੱਚਖੰਡ ਵਾਸੀ ਹੋ ਕੇ ਜੀਵਨ ਸਫਲਾਉਣ ਦੇ ਮਨੋਰਥ ਵਾਲੇ ਸ਼ਰਧਾਲੂ ਮਨੁੱਖ ਨੂੰ ਪਹਿਲਾਂ ਤਾਂ ਗੁਰਬਾਣੀ ਵੀਚਾਰ ਦੁਆਰਾ ਜਾਗਰੂਕ ਕਰਦਿਆਂ ਗਿਆਨਖੰਡ ਵਿੱਚ ਪਹੁੰਚਾ ਕੇ ਸ਼ਰੱਮਖੰਡੀ (ਉਦਮੀ) ਬਣਾਇਆ ਜਾਂਦਾ ਹੈ । ਫਿਰ ਉਹਦੀ ਸੁਰਤ, ਮਤ ਤੇ ਬੁੱਧੀ ਨੂੰ ਘੜਿਆ ਜਾਂਦਾ ਹੈ । ਭਾਵ, ਉਸ ਦੀ ਸੋਚ-ਵਿਚਾਰ ਤੇ ਅਚਾਰ-ਵਿਹਾਰ ਗੁਰਮਤ ਅਨੁਸਾਰੀ ਕਰ ਕੀਤੇ ਜਾਂਦੇ ਗਨ । ਜਪੁਜੀ ਸਾਹਿਬ ਅੰਦਰਲੇ ‘ਤਿਥੈ ‘ਘੜੀਐ ਸੁਰਤਿ, ਮਤਿ, ਮਨਿ, ਬੁਧਿ’ ਗੁਰਵਾਕ ਵਿੱਚੋਂ ਕੁਝ ਐਸੀ ਹੀ ਸੋਝੀ ਮਿਲਦੀ ਹੈ । ਉਸ ਨੂੰ ਸਮਝਾ ਦਿੱਤਾ ਜਾਂਦਾ ਹੈ ਕਿ ਹੇ ਭਾਈ ! ਕੁਦਰਤ ਨੇ ਤੇਰਾ ਪੰਜ-ਤੱਤੀ ਸਰੀਰ ਤਾਂ ਆਪਣੇ-ਆਪ ਘੜ ਦਿੱਤਾ ਹੈ । ਪਰ, ਹੁਣ ‘ਗੁਰਮੁਖਿ ਬਾਣੀ ਅਘੜੁ ਘੜਾਵੈ ॥’ ਗੁਰਵਾਕ ਦੇ ਚਾਨਣ ਵਿੱਚ ਸਚਿਆਰੇ ਮਨ ਦੀ ਘਾੜਤ ਤੂੰ ਆਪ ਘੜਣੀ ਹੈ । ਸਦਾ ਯਾਦ ਰੱਖ ਕਿ ਜੇ ਕੋਈ ਬੁੱਤਘਾੜਾ ਰਾਹ ਦੇ ਰੋੜੇ ਬਣੇ ਅਘੜ ਪੱਥਰ ਨੂੰ ਘੜੇ ਤਾਂ ਉਸ ਵਿੱਚੋਂ ਵਿਸਮਾਦ-ਜਨਕ ਮੂਰਤੀ ਪ੍ਰਗਟ ਹੋ ਜਾਂਦੀ ਹੈ । ਕੋਈ ਹੀਰਾ ਘੜਿਆ ਜਾਏ ਤਾਂ ਉਹ ਨਗੀਨੇ ਵਿੱਚ ਬਦਲ ਜਾਂਦਾ ਹੈ, ਜਿਸ ਦੀ ਕੀਮਤ ਹੀਰੇ ਨਾਲੋਂ ਕਈ ਗੁਣਾਂ ਵਧ ਜਾਂਦੀ ਹੈ ।

ਜਪੁ-ਜੀ ਸਾਹਿਬ ਮੁਤਾਬਿਕ ਉਹ ਸੱਚੀ ਟਕਸਾਲ ਹੈ, ਜਿਥੇ ਜਤ-ਰੂਪ ਭੱਠੀ ਵਾਲੀ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ, ਮਨੁੱਖੀ ਮੱਤ ਆਹਰਣ ਦੀ ਤਰ੍ਹਾਂ ਅਚੱਲ ਹੋਵੇ, ਗੁਰੂ ਗਿਆਨ ਦਾ ਹਥੌੜਾ ਵੱਜੇ । ਅਕਾਲ ਪੁਰਖ ਦਾ ਨਿਰਮਲ-ਭਉ ਧੌਂਕਣੀ ਬਣੇ ਅਤੇ ਘਾਲ-ਕਮਾਈ ਦੀ ਅੱਗ ਹੋਵੇ । ਪ੍ਰੇਮ ਕੁਠਾਲੀ ਹੋਵੇ, ਜਿਸ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਢਾਲਿਆ ਜਾਵੇ । ਭਾਵ, ਰੱਬੀ ਗੁਣ ਗ੍ਰਹਿਣ ਕਰਦਿਆਂ ਜੀਵਨ ਨੂੰ ਰੱਬੀ ਰਜ਼ਾ ਅਨੁਸਾਰ ਚਲਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਉਥੇ ਸੁਭਾਵਿਕ ਹੀ ਗੁਰਮਤ ਅਨੁਸਾਰੀ ਧਰਮੀ ਜੀਵਨ (ਸ਼ਬਦ) ਦੀ ਘਾੜਤ ਘੜੀ ਜਾਂਦੀ ਹੈ :

ਜਤੁ ਪਾਹਾਰਾ, ਧੀਰਜੁ ਸੁਨਿਆਰ ॥ ਅਹਰਣਿ ਮਤਿ, ਵੇਦੁ ਹਥੀਆਰੁ ॥ ਭਉ ਖਲਾ, ਅਗਨਿ ਤਪਤਾਉ ॥
ਭਾਡਾ ਭਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦ ਸਚੀ ਟਕਸਾਲਿ ॥
{ਪੰ. 8}

ਗੁਰਬਾਣੀ ਦੇ ਉਪਰੋਕਤ ਦ੍ਰਿਸ਼ਟੀਕੋਨ ਤੋਂ ਸਿੱਧ ਹੁੰਦਾ ਹੈ ਕਿ ਹਰੇਕ ਉਹ ਗੁਰਮੁਖ ਗੁਰਸਿੱਖ ਟਕਸਾਲੀ ਅਕਾਲੀ ਹੁੰਦਾ ਹੈ, ਜਿਹੜਾ ਗੁਰਮਤਿ ਅਨੁਸਾਰੀ ਜੀਵਨ ਜੀਊਂਦਾ ਹੋਇਆ ਅਕਾਲਪੁਰਖ ਦਾ ਉਪਾਸ਼ਕ ਹੋਣ ਨਾਤੇ ਕਿਸੇ ਦੇਵੀ ਦੇਵਤੇ ਨੂੰ ਨਤਮਸਤਕ ਨਹੀਂ ਹੁੰਦਾ । ਲਾਲ ਚੁੰਨੀ ਪਹਿਨ ਕੇ ਜਗਰਾਤਿਆਂ ਵਿੱਚ ਨਹੀਂ ਨੱਚਦਾ ਫਿਰਦਾ । ਗੁਰਦੁਆਰਿਆਂ ਦੀ ਸੇਵਾ-ਸੰਭਾਲ ਤੇ ਪਹਿਰੇਦਾਰੀ ਕਰਦਾ ਹੋਇਆ ਕੋਈ ਨਿੱਜੀ ਸੁਆਰਥ ਨਹੀਂ ਪਾਲ਼ਦਾ । ਭਾਵ, ਗੁਰੂ ਕੀ ਗੋਲਕ ਨੂੰ ਪੰਥ ਦੇ ਪ੍ਰਚਾਰ, ਪ੍ਰਸਾਰ ਤੇ ਲੋਕ ਭਲਾਈ ਲਈ ਖਰਚਣ ਦੀ ਥਾਂ ਤੇ ਆਪਣੇ ਐਸ਼ਵਰਜ ਜਾਂ ਧੜੇਬੰਦੀ ਦੀ ਮਜਬੂਤੀ ਲਈ ਨਹੀਂ ਵਰਤਦਾ । ਜਿਹੜਾ ਕਿਸੇ ਹੋਰ ’ਤੇ ਬੋਝ ਨਹੀਂ ਬਣਦਾ ਅਤੇ ਸਦਾ ਹੀ ਆਪਣੀ ਕਮਾਈ ਵਿਚੋਂ ਖਾਂਦਾ ਪਹਿਨਦਾ ਹੈ । ਮਾਇਆ ਜਲ ਵਿੱਚ ਰਹਿੰਦਾ ਹੋਇਆ ਕੰਵਲ ਫੁੱਲ ਦੀ ਤਰ੍ਹਾਂ ਨਿਰਲੇਪ ਰਹਿੰਦਾ ਹੈ । ਭਾਵ, ਮਾਇਆ ਕਾਰਨ ਵੱਢੀਖੋਰੀ, ਧੋਖਾਧੜੀ, ਦੀਨ-ਈਮਾਨ ਤੋਂ ਡੋਲਣ ਅਤੇ ਨਸ਼ਿਆਂ ਆਦਿਕ ਦੇ ਚਿੱਕੜ ਵਿੱਚ ਲਿਬੜਣ ਤੋਂ ਬਚਿਆ ਰਹਿੰਦਾ ਹੈ । ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿੱਚ ‘ਅਕਾਲੀ’ ਲਫ਼ਜ਼ ਦੇ ਇੰਦਰਾਜ਼ ਹੇਠ ਲਿਖਿਆ ਹੈ :

ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ, ਚਾਲ ਸਭ ਤੋਂ ਨਿਰਾਲੀ ਹੈ ।
ਕਰ ਕੇ ਕਮਾਈ ਖਾਵੈ, ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ।
ਸੁਆਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ ।
ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ, ਸਿੱਖ ਦਸਮੇਸ਼ ਦਾ ਕਹੀਐ ਸੋ ‘ਅਕਾਲੀ’ ਹੈ ।

ਗੂਗਲ ’ਤੇ ਸੰਨ 1850 ਦੀਆਂ ਉਹ ਕੈਮਰਾ ਫੋਟੋਆਂ ਉਪਲਭਦ ਹਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿੱਚ ਵੱਡੀਆਂ ਦਸਤਾਰਾਂ ਸਜਾਈ ਦੋ ਢਾਈ ਸੌ ਗੁਰਸਿੱਖ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ ਤੇ ਗੁਰਸਿੱਖੀ ਜੀਵਨ-ਜਾਚ ਪੜ੍ਹਾਈ ਜਾਂਦੀ ਸੀ । ਪਰ ਜਦੋਂ ਤੋਂ ਗੁਰਦੁਆਰਿਆਂ ਨੂੰ ਗੁਰਸਿੱਖੀ ਜੀਵਨ ਦੀ ਟਕਸਾਲ ਵਜੋਂ ਵਰਤਣ ਦੀ ਥਾਂ ਵਪਾਰਕ ਸੋਚ ਅਧੀਨ ਬਿਪਰੀ ਮੰਦਰਾਂ ਵਾਂਗ ਕੇਵਲ ਪੂਜਾ ਸਥੱਲ ਬਣਾ ਦਿੱਤਾ ਗਿਆ ਹੈ, ਉਦੋਂ ਤੋਂ ਹੀ ਵੱਖ ਵੱਖ ਡੇਰੇ ਆਪੋ ਆਪਣੀਆਂ ਟਕਸਾਲਾਂ ਬਣਾ ਕੇ ਬੈਠ ਗਏ ਹਨ । ਅਜਿਹੀਆਂ ਡੇਰੇਦਾਰੀ ਟਕਸਾਲਾਂ ਵਿੱਚ “ਪੰਡਿਤ ਮੁਲਾ ਛਾਡੇ ਦੋਊ ॥” ਦੀ ਵਿਚਾਰਧਾਰਾ ਵਾਲੇ ਗੁਰਮਤੀ ਗੁਰਸਿੱਖ ਪੈਦਾ ਕਰਨ ਦੀ ਥਾਂ, ਬਿਪਰਨ ਕੀ ਰੀਤ ਅਪਨਾਉਣ ਵਾਲੇ ਕੇਸਾਧਾਰੀ ਬ੍ਰਾਹਮਣ ਹੀ ਪੈਦਾ ਕੀਤੇ ਜਾ ਰਹੇ ਹਨ । ਉਹ ਵੇਖਣ ਤਾਂ ਭਾਵੇਂ ਸਿੱਖ ਜਾਪਦੇ ਹਨ, ਪ੍ਰੰਤੂ ਬ੍ਰਾਹਮਣਾਂ ਵਾਂਗ ਹੀ ਉਹ ਜਾਤ-ਪਾਤ, ਊਚ-ਨੀਚ ਤੇ ਸੁੱਚ-ਭਿੱਟ ਵਿੱਚ ਵਿਸ਼ਵਾਸ਼ ਰੱਖ ਰਹੇ ਹਨ । ਕਈ ਡੇਰੇ ਤਾਂ ਬ੍ਰਾਹਮਣੀ ਵਿਧਾਨ ਮੁਤਾਬਿਕ ਮੰਨੀਆਂ ਨੀਚ-ਜ਼ਾਤਾਂ ਨੂੰ ਪੰਗਤ ਵਿੱਚ ਰਲ-ਮਿਲ ਕੇ ਲੰਗਰ ਛਕਣ ਦਾ ਹੱਕ ਵੀ ਨਹੀਂ ਦੇ ਰਹੇ ।

ਜਿਵੇਂ ਬ੍ਰਾਹਮਣ ਇਸਤ੍ਰੀਆਂ ਤੇ ਸ਼ੂਦਰਾਂ ਨੂੰ ਵੇਦ-ਪਾਠ ਪੜ੍ਹਣ ਦੀ ਆਗਿਆ ਨਹੀ ਸਨ ਦਿੰਦੇ, ਤਿਵੇਂ ਹੀ ਉਹ ਡੇਰੇਦਾਰ ਗੁਰਸਿੱਖ- ਬੀਬੀਆਂ ਨੂੰ ਗੁਰਬਾਣੀ ਦੀ ਸੰਥਿਆ ਨਹੀਂ ਦਿੰਦੇ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੀਬੀਆਂ ਨੂੰ ਸ਼ੂਦਰਾਂ ਵਾਂਗ ਮਲੀਨ ਸਮਝ ਕੇ ਨਾ ਤਾਂ ਪਾਲਕੀ ਨੂੰ ਛੋਹਣ ਦਿੰਦੇ ਹਨ ਤੇ ਨਾ ਹੀ ਉਥੇ ਕੀਰਤਨ ਕਰਨ ਦੀ ਆਗਿਆ ਦਿੰਦੇ ਹਨ । ਅੰਮ੍ਰਿਤ ਛਕਾਉਣ ਵੇਲੇ ਬੀਬੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਤੋਂ ਵੀ ਰੋਕਿਆ ਜਾਂਦਾ ਹੈ । ਕਈ ਅਸਥਾਨਾਂ ’ਤੇ ਇਸਤ੍ਰੀਆਂ ਅਤੇ ਕਥਿਤ ਸ਼ੂਦਰ ਸ਼੍ਰੇਣੀਆਂ ਲਈ ਅੰਮ੍ਰਿਤ ਦਾ ਬਾਟਾ ਵੀ ਵੱਖਰਾ ਤਿਆਰ ਕੀਤਾ ਜਾਂਦਾ ਹੈ । ਆਰ.ਐਸ.ਐਸ ਨੇ ਜਿਸ ਕੰਮ ਲਈ ‘ਰਾਸ਼ਟਰੀ ਸਿੱਖ ਸੰਗਤ’ ਨਾਂ ਦੀ ਜਥੇਬੰਦੀ ਸਥਾਪਿਤ ਕੀਤੀ ਸੀ, ਕਥਿਤ ਸਿੱਖ ਡੇਰੇਦਾਰ ਉਹ ਕੰਮ ਸੁਭਾਵਿਕ ਹੀ ਕਰੀ ਜਾ ਰਹੇ ਹਨ । ਇਹੀ ਕਾਰਣ ਹੈ ਕਿ ਸਰਕਾਰੀ ਸਰਪ੍ਰਸਤੀ ਦੀ ਬਦੌਲਤ ਉਹ ਦਿਨ-ਬਦਿਨ ਪੰਥ ਦੀਆਂ ਸਿਰਮੌਰ ਸਿੱਖ ਸੰਸਥਾਵਾਂ ’ਤੇ ਕਾਬਜ ਹੋਈ ਰਹੇ ਹਨ, ਜੋ ਸਿੱਖ ਕੌਮ ਲਈ ਖ਼ਤਰੇ ਦੀ ਘੰਟੀ ਹੈ । ਇਹ ਵਿਚਾਰਧਾਰਾ ਵੀ ਕੌਮ ਲਈ ਹਾਨੀਕਾਰਕ ਹੈ, ਜਿਸ ਅਧੀਨ ਉਪਰੋਕਤ ਕਿਸਮ ਦੇ ਬ੍ਰਾਹਮਣੀ ਆਚਾਰ-ਵਿਹਾਰ ਵਾਲਿਆਂ ਨੂੰ ‘ਟਕਸਾਲੀ ਸਿੰਘ’ ਅਤੇ ਕੁਝ ਰਾਜਨੀਤਕ ਸਿੱਖ ਬੁੱਢਿਆਂ ਨੂੰ ‘ਟਕਸਾਲੀ ਅਕਾਲੀ’ ਪ੍ਰਚਾਰਿਆ ਜਾ ਰਿਹਾ ਹੈ । ਭਾਵੇਂ ਕਿ ਉਨ੍ਹਾਂ ਵਿੱਚੋਂ 1920 ਵਾਲੇ ਅਕਾਲੀ ਦਲ ਦੇ ਮਰਜੀਵੜਿਆਂ ਦੀ ‘ਮੈਂ ਮਰਾਂ, ਪੰਥ ਜੀਵੈ’ ਵਾਲੀ ਤਿਆਗ ਭਾਵਨਾ ਦਾ ਕਿਧਰੇ ਵੀ ਕੋਈ ਝਲਕਾਰਾ ਨਹੀਂ ਵੱਜਦਾ । ਸ਼ਾਇਦ ਇਸੇ ਲਈ ਇੱਕ ਪੰਥ-ਦਰਦੀ ਸ਼ਾਇਰ ਖ਼ਾਲਸਾ ਪੰਥ ਨੂੰ ਇਉਂ ਸੁਚੇਤ ਕਰਦਾ ਹੈ :

ਜਬ ਸ਼ੇਰ ਸੇ ਜੰਗਲ ਖਾਲੀ ਹੋ. ਯਾ ਸੋਇਆ ਸ਼ਾਹਿ ਜੰਗਲ ਹੋ, ਤੋ ਲੰਗੜੇ ਲੂਮੜ ਗੀਦੜ ਕੋ, ਸੂਝੈ ਹੈ ਐਂਠ ਜ਼ਮਾਨੇ ਕੀ ।
ਅਬ ਜੋਸ਼ਿ ਪੰਥ ਖ਼ਾਮੋਸ਼ ਨ ਰਹਿ, ਗੈਰੋਂ ਨੇ ਤੇਰਾ ਘਰ ਲੂਟ ਲੀਆ, ਇਨ ਲੰਪਟ, ਚੋਰ, ਲੁਟੇਰੋਂ ਕੋ, ਤੁਝੈ ਗਰਜ਼ ਹੈ ਸਬਕ ਸਿਖਾਨੇ ਕੀ ।

ਭੁੱਲ-ਚੁੱਕ ਮੁਆਫ਼ ।
ਗੁਰੂ ਤੇ ਪੰਥ ਦਾ ਇੱਕ ਅਧਨਾ ਸੇਵਾਦਾਰ : ਜਗਤਾਰ ਸਿੰਘ ਜਾਚਕ, ਨਿਊਯਾਰਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top