Khalsa News homepage

 

 Share on Facebook

Main News Page

ਨਵਾਬ ਮਲੇਰਕੋਟਲਾ, ਮੋਤੀ ਰਾਮ ਮਹਿਰਾ, ਟੋਡਰ ਮੱਲ, ਚਮਕੌਰ 'ਚ ਦਸ ਲੱਖ ਫ਼ੌਜ, ਗੁਰਦੁਆਰਾ ਤਾੜੀ ਸਾਹਿਬ,
ਚਮਕੌਰ ਦੀ ਹਰਸ਼ਰਨ ਕੌਰ, ਗੰਗੂ ਬ੍ਰਾਹਮਣ

HARJINDER SINGH DILGEER· MONDAY, DECEMBER 24, 2018

ਅਜ-ਕਲ੍ਹ ਸੋਸ਼ਲ ਮੀਡੀਆ 'ਤੇ ਕਾਲਪਨਿਕ ਕਹਾਣੀਆਂ ਅਤੇ ਗੱਪਾਂ ਦਾ ਹੜ੍ਹ ਆਇਆ ਹੋਇਆ ਹੈ। ਪੰਜਾਬ ਸਪੈਕਟਰਮ ਹਰ ਰੋਜ਼ ਕੋਈ ਨਾ ਕਈ ਨਵੀਂ ਕਹਾਣੀ ਦੇਈ ਜਾ ਰਿਹਾ ਹੈ। ਰੋਜ਼ਾਨਾ ਸਪੋਕਸਮੈਨ 'ਤੇ ਵੀ ਹਰ ਦੂਜੇ ਦਿਨ ਕੋਈ ਨਾ ਕੋਈ ਗੱਪ ਜ਼ਰੂਰ ਆ ਜਾਂਦੀ ਹੈ।

ਇਹ ਇਤਿਹਾਸ ਦਾ 'ਰੇਪ' ਹੈ। (ਰੇਪ ਲਫ਼ਜ਼ ਦੀ ਵਰਤੋਂ 'ਤੇ ਦੁਖੀ ਹੋਣ ਵਾਲੇ ਰੇਪ ਦਾ ਡਿਕਸ਼ਨਰੀ ਵਿਚ ਅਰਥ ਵੇਖਣ ਤੋਂ ਬਿਨਾ ਟਿੱਪਣੀ ਨਾ ਦੇਣ)

1. ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਤੇ ਹਾਅ ਦਾ ਨਾਅਰਾ
ਜਦ ਵਜ਼ੀਰ ਖ਼ਾਨ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ ਕਿ ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ। ਪਰ, ਜਦ ਸਰਹੰਦ ਦੇ ਨਵਾਬ ਨੇ ਬੱਚਿਆਂ ਨੂੰ ਦੀਵਾਰ ਵਿਚ ਚਿਣਨ ਦਾ ਹੁਕਮ ਦਿੱਤਾ ਅਤੇ ਦੀਵਾਰ ਡਿੱਗਣ ਮਗਰੋਂ ਜੱਲਾਦ ਹੱਥੋਂ ਕਤਲ ਕਰਵਾਇਆ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਕੋਈ ਵਿਰੋਧ ਨਹੀਂ ਕੀਤਾ ਸੀ। ਦਰਅਸਲ, ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ’ਤੇ ਹਮਲੇ ਕੀਤੇ ਸਨ। 12 ਅਕੂਤਬਰ 1700 ਨੂੰ ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਉਸ ਨੇ ਜ਼ਬਰਦਸਤ ਟੱਕਰ ਲਈ ਸੀ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮ ’ਤੇ ਫੁਲ ਚੜ੍ਹਾਉਂਦਿਆਂ ਸਿੱਖਾਂ ’ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ। ਇਸ ਕਰ ਕੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ। ਸਰਹੰਦ ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ)।

2. ਮੋਤੀ ਰਾਮ ਮਹਿਰਾ ਦੀ ਕਹਾਣੀ
ਕੁਝ ਕਵੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿਚ ਇਕ ਮੋਤੀ ਰਾਮ ਮਹਿਰਾ ਦਾ ਜ਼ਿਕਰ ਵੀ ਕੀਤਾ ਹੈ। ਇਸ ਪ੍ਰਸੰਗ ਮੁਤਾਬਿਕ ਮੋਤੀ ਰਾਮ ਚੋਰੀ-ਚੋਰੀ ਬੁਰਜ ‘ਤੇ ਚੜ੍ਹ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਆਇਆ ਕਰਦਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਐਨੇ ਸਖ਼ਤ ਪਹਿਰੇ ਵਿਚ ਕਿਸੇ ਦਾ ਦੁਧ ਦੀ ਬਾਲਟੀ ਜਾਂ ਲੋਟਾ ਲੈ ਕੇ ਚੋਰੀ ਕਿਲ੍ਹੇ ਦੀ ਛੱਤ ‘ਤੇ ਚੜ੍ਹ ਜਾਣਾ ਨਾਮੁਮਕਿਨ ਹੈ; ਖ਼ਾਸ ਕਰ ਕੇ ਸਾਹਿਬਜ਼ਾਦਿਆਂ ਤਕ ਪਹੁੰਚ ਸਕਣਾ, ਜਿਨ੍ਹਾਂ ਵਾਸਤੇ ਯਕੀਨਨ ਖ਼ਾਸ ਪਹਿਰਾ ਹੋਵੇਗਾ। ਕਿਲ੍ਹੇ ਦੇ ਤਿੰਨ ਪਾਸੇ ਖਾਈ ਸੀ ਤੇ ਸਿਰਫ਼ਇਕ ਰਸਤੇ, ਮੁਖ ਗੇਟ, ਵੱਲੋਂ ਹੀ ਅੰਦਰ ਜਾਇਆ ਜਾ ਸਕਦਾ ਸੀ। ਕਿਸੇ ਚੌਕੀਦਾਰ ਦੇ ਰਹਿਮ ਸਦਕਾ ਇਹ ਗੱਲ ਮੁਮਕਿਨ ਤਾਂ ਹੋ ਸਕਦੀ ਹੈ। ਜੇ ਅਜਿਹਾ ਹੋਇਆ ਹੁੰਦਾ ਤਾਂ ਚੌਕੀਦਾਰ ਦਾ ਜ਼ਿਕਰ ਵੀ ਹੋਣਾ ਸੀ। ਦਰਅਸਲ ਇਹ ਕਿਸੇ ਕਵੀ ਦੀ ਕਲਪਨਾ ਸੀ ਜਿਸ ਨੂੰ ਤਵਾਰੀਖ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਵੀ ਪੁਰਾਣੇ ਤਵਾਰੀਖ਼ੀ ਸੋਮੇ (ਸਣੇ ਸੰਤੋਖ ਸਿੰਘ, ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਕੋਇਰ ਸਿੰਘ, ਸੁੱਖਾ ਸਿੰਘ, ਸਵਰੂਪ ਸਿੰਘ ਕੌਸ਼ਿਸ਼) ਵਿਚ ਇਸ ਸ਼ਖ਼ਸ ਜਾਂ ਦੁੱਧ ਪਿਆਉਣ ਦੀ ਗੱਲ ਦਾ ਜ਼ਰਾ-ਮਾਸਾ ਵੀ ਜ਼ਿਕਰ ਨਹੀਂ ਹੈ।

3. ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਸਸਕਾਰ ਤੇ ਟੋਡਰ ਮੱਲ
13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਦਾ ਸਸਕਾਰ ਸਰਹੰਦ ਕਿਲ੍ਹੇ ਦੇ ਪਿਛਲੇ ਪਾਸੇ ਅਤੇ ਆਮ-ਖ਼ਾਸ ਬਾਗ਼ ਤੋਂ ਪਹਿਲਾਂ (ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਹੈ) ਕੀਤਾ ਗਿਆ ਸੀ। ਇਹ ਸਸਕਾਰ ਸਰਹੰਦ ਵਿਚ ਰਹਿ ਰਹੇ ਸਾਬਕਾ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਕੀਤਾ ਸੀ। ਇਹ ਆਮ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਸਕਾਰ ਦੀਵਾਨ ਟੋਡਰ ਮੱਲ ਨੇ ਕੀਤਾ ਸੀ ਤੇ ਸਸਕਾਰ ਕਰਨ ਵਾਸਤੇ ਉਸ ਨੇ ਸੋਨੇ ਦੀਆਂ ਮੁਹਰਾਂ ਖੜ੍ਹੀਆਂ ਕਰ ਕੇ ਜਗਹ ਲਈ ਸੀ। ਇਹ ਕਹਾਣੀ ਟੋਡਰ ਮੱਲ ਪਰਵਾਰ ਗੁਰੂ ਜੀ ਦਾ ਸ਼ਰਧਾਲੂ ਜਾਂ ਸਿੱਖਾਂ ਦਾ ਹਮਦਰਦ ਸਾਬਿਤ ਕਰਨ ਵਾਸਤੇ ਜਾਂ ਦੀਵਾਨ ਟੋਡਰ ਮੱਲ ਦੀ ਸ਼ਾਨ ਬਣਾਉਣ ਵਾਸਤੇ ਬਣਾਈ ਗਈ ਜਾਪੀ ਹੈ। ਦੀਵਾਨ ਟੋਡਰ ਮੱਲ 1665-66 ਵਿਚ, ਇਸ ਘਟਨਾ ਤੋਂ 40 ਸਾਲ ਪਹਿਲਾਂ, ਮਰ ਚੁਕਾ ਸੀ। ਸੋ ਇਹ ਸਸਕਾਰ ਉਸ ਦੇ ਪੁੱਤਰ ਜਾਂ ਪੋਤੇ ਨੇ ਕੀਤਾ ਹੋਵੇਗਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਸਸਕਾਰ ਕਰਨ ਵਾਸਤੇ ਟੋਡਰ ਮੱਲ ਪਰਵਾਰ ਤੋਂ ਸਿਵਾ ਕੋਈ ਹੋਰ ਜਣਾ ਅੱਗੇ ਨਹੀਂ ਆਇਆ ਹੋਵੇਗਾ, ਹਾਲਾਂ ਕਿ ਸਰਹੰਦ ਵਿਚ ਸੂਦ ਬਿਰਾਦਰੀ ਦੇ ਹਜ਼ਾਰਾਂ ਹਿੰਦੂ ਰਹਿੰਦੇ ਸਨ। ਸੋਨੇ ਦੀਆਂ ਮੁਹਰਾਂ ਵਾਲੀ ਗੱਲ ਵੀ ਸਹੀ ਨਹੀਂ ਹੋ ਸਕਦੀ ਕਿਉਂਕਿ ਟੋਡਰ ਮੱਲ ਪਰਵਾਰ ਬਹੁਤ ਅਮੀਰ ਸੀ ਤੇ ਉਨ੍ਹਾਂ ਕੋਲ ਬੇਹਿਸਾਬ ਦੌਲਤ ਅਤੇ ਸੈਂਕੜੇ ਏਕੜ ਜ਼ਮੀਨ ਸੀ, ਜਿੱਥੇ ਉਹ ਸਸਕਾਰ ਕਰ ਸਕਦੇ ਸਨ।

ਕਿਸੇ ਵੀ ਲਿਖਤ ਵਿਚ (ਸਣੇ ਭਾਈ ਸੰਤੋਖ ਸਿੰਘ, ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਕੋਇਰ ਸਿੰਘ, ਸੁੱਖਾ ਸਿੰਘ, ਸਵਰੂਪ ਸਿੰਘ ਕੌਸ਼ਿਸ਼) ਇਸ ਗੱਲ ਦਾ ਜ਼ਿਕਰ ਨਹੀਂ ਕਿ ਇਹ ਸਸਕਾਰ ਟੋਡਰ ਮੱਲ ਨੇ ਕੀਤਾ ਸੀ। ਪਰ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਸਕਾਰ ਕਰਨ ਦੀ ਸੇਵਾ ਅਕਾਲ ਪੁਰਖ ਨੇ ਟੋਡਰ ਮੱਲ ਦੇ ਪਰਵਾਰ ਦੇ ਹੱਥੋਂ ਲਈ ਸੀ।

ਟੋਡਰ ਮੱਲ ਕੌਣ ਸੀ?: ਮੁਗ਼ਲੀਆ ਤਵਾਰੀਖ਼ ਵਿਚ ਦੋ ਟੋਡਰ ਮੱਲ ਹੋਏ ਹਨ।ਇਕ ਟੋਡਰ ਮੱਲ ਬਾਦਸ਼ਾਹ ਅਕਬਰ ਦਾ ਕਾਬਲ ਵਜ਼ੀਰ ਸੀ; ਜਿਸ ਦੀ ਮੌਤ 8 ਨਵੰਬਰ 1589 ਦੇ ਦਿਨ ਹੋਈ ਸੀ। ਦੂਜਾ ਇਹ ਸਰਹੰਦ ਵਾਲਾ ਟੋਡਰ ਮੱਲ ਸੀ, ਜੋ ਬਾਦਸ਼ਾਹ ਸ਼ਾਹਜਹਾਨ ਦੇ ਜ਼ਮਾਨੇ ਵਿਚ ਹੋਇਆ ਸੀ; ਇਸ ਨੂੰ ‘ਟੋਡਰ ਮੱਲ ਸ਼ਾਹਜਹਾਨੀ’ ਵੀ ਕਿਹਾ ਜਾਂਦਾ ਹੈ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। ਇਸੇ ਸਾਲ ਉਸ ਨੂੰ ‘ਰਾਜਾ’ ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿਚ ਸਿਰਫ਼ ਕੁਝ ਹੀ ਗ਼ੈਰ-ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। 1650 ਵਿਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਇਸ ਦੀ ਮੌਤ 1665-66 ਵਿਚ ਹੋਈ ਸੀ। (ਮਆਸਰ-ਉਲ-ਉਮਰਾ, ਜਿਲਦ ਦੂਜੀ, ਸਫ਼ੇ 286-87)

Ma'asir al-Umara of Shahnavaz Khan Aurangabadi, Vol. 2, English
(RÂJA) TÖDAR MAL SHÂH JAHÂNÎ
(Vol. II, pp. 286, 287).
Todar Mal at first he was an associate of Afdal Khân. After his death, he in the I3th year, received the title of Râl, and was appointed Divân, Amin and Faajdâr of the Sarkar of Sirhind. in the 14th year the charge of the Faujdât of Lakhî Jangal was added to it. As the Emperor was pleased with his development of the territory, in the 15th year he was awarded a robe of honour, a horse and an elephant (see Badshahnama), and in the 16th year, as a reward for his valuable services his rank was increased to 1,000 foot with 1,000 horse, two-horse three-horse troopers.

In the18th year his rank was further increased by 500 foot with 200 horse, two-horse three-horse troopers, and he was posted to Sirhind. in the 20th year he again received an increase of 300 horse, two-horse three-horse troopers. Gradually the charge for the management of the Sarkar Dîpâlpür, and Parganas Jalândhar and Sultân pür was added to it; the annual revenue of these areas amounted to fİfty lacs of rupees. He took proper measures for the collection of this amount. As a result in the 21st year he was exalted by promotion to the rank of 2,000 with 2,000 horse, and the grant of the title of Râja.

In the 23rd year he was awarded a Standard. After the battle of Sâmügarh when Dârâ Shiköh during his flight reached Sirhind, Râja Tödar Mal as a precautionary measure had retired to the Lakhî Jangal. Dârâ Shiköh took 20 lacs of rupees of the Râja's property which were buried in various places . During the reign of Emperor Aurangzîb he was for a time in charge of the Faujdari of Itâwah (Etâwah- His removal from Sirhind is mentioned in 'Âlamgirnâma, p. 220, his appointment as Faujdâr of Etâwah in the 3rd year is recorded on p. 604. ) . in the 9th year, corresponding to 1076 A.H. (1665-66 A.D.) he died.

ਜਿਸ ਜਹਾਜ਼ੀ ਹਵੇਲੀ ਨੂੰ ਟੋਡਰ ਮੱਲ ਦੀ ਦੱਸਿਆ ਜਾ ਰਿਹਾ ਹੈ, ਉਸ ਦਾ ਟੋਡਰ ਮੱਲ ਨਾਲ ਕੋਈ ਸਬੰਧ ਨਹੀਂ ਹੈ। ਇਹ ਇਮਾਰਤ ਸ਼ਾਹਜਹਾਨ ਦੇ ਸਮੇਂ ਬਣੀ ਸੀ। ਇਸ ਇਮਾਰਤ ਵਿਚ ਮੁਗ਼ਲ ਹਕੂਮਤ ਦੇ ਸੀਨੀਅਰ ਅਫ਼ਸਰ ਆਪਣੇ ਦੌਰੇ ਦੌਰਾਨ ਸਰਹੰਦ ਰੁਕਣ ਸਮੇਂ ਰਿਹਾ ਕਰਦੇ ਸਨ।

4. ਚਮਕੌਰ ਵਿਚ ਦਸ ਲੱਖ ਫ਼ੌਜ ਦੀ ਅਸਲੀਅਤ
ਜ਼ਫ਼ਰਨਾਮਾ ਨਾਂ ਦੀ ਫ਼ਾਰਸੀ ਕਵਿਤਾ ਖ਼ੂਬਸੂਰਤ ਹੈ; ਯਕੀਨਨ ਇਹ ਕਿਸੇ ਫ਼ਾਰਸੀ ਮਾਹਿਰ ਦੀ ਲਿਖੀ ਹੋਈ ਹੋਵੇਗੀ (ਪਰ ਇਹ ਗੁਰੂ ਲਿਖਤ ਨਹੀਂ ਹੈ)। ਪਰ ਉਸ ਵਿਚਾਰੇ ਨੂੰ ਵੀ ਉਸ ਵੇਲੇ ਦੀ ਤਵਾਰੀਖ਼ ਦਾ ਵੀ ਪਤਾ ਨਹੀਂ ਹੈ। ਇਸ ਵਿਚ ਚਮਕੌਰ ਵਿਚ ਮੁਗ਼ਲ ਫ਼ੌਜਾਂ ਦੀ ਗਿਣਤੀ 10 ਲਖ ਦੱਸੀ ਹੋਈ ਹੈ:

ਉਸ ਵੇਲੇ ਮੁਗ਼ਲ ਬਾਦਸ਼ਾਹਾਂ ਦੀ ਆਪਣੀ ਕੁਲ ਫ਼ੌਜ ਕੁਝ ਹਜ਼ਾਰਾਂ ਵਿਚ ਹੁੰਦੀ ਸੀ। ਬਾਦਸ਼ਾਹ ਨੂੰ ਜਦ ਜ਼ਰੂਰਤ ਹੁੰਦੀ ਸੀ ਤਾਂ ਉਸ ਦੇ ਮਨਸਬਦਾਰ ਆਪਣੀ ਫ਼ੌਜ ਲੈ ਕੇ ਹਾਜ਼ਰ ਹੋ ਜਾਇਆ ਕਰਦੇ ਸਨ। ਔਰੰਗਜ਼ੇਬ ਵੇਲੇ ਸਭ ਤੋਂ ਵੱਡਾ ਮਨਸਬ 7 ਹਜ਼ਾਰ ਦਾ ਸੀ ਤੇ ਇਹ ਮਨਸਬ 3-4 ਜਣਿਆਂ ਕੋਲ ਹੀ ਸਨ (ਸ਼ਹਿਜ਼ਾਦਿਆਂ ਕੋਲ ਵਧ ਦੇ ਮਨਸਬ ਵੀ ਹੁੰਦੇ ਸਨ)। ਜਦ ਜਹਾਂਗੀਰ ਵੇਲੇ ਮਹਾਬਤ ਖ਼ਾਨ ਨੇ ਬਗ਼ਾਵਤ ਕੀਤੀ ਤਾਂ ਉਸ ਕੋਲ 4 ਹਜ਼ਾਰ ਫ਼ੌਜ ਸੀ। ਅਪ੍ਰੈਲ 1654 ਵਿਚ ਦਾਰਾ ਸ਼ਕੋਹ ਨੇ ਔਰੰਗਜ਼ੇਬ ਦੀ ਫ਼ੌਜ ਨਾਲ ਜੰਗ ਕੀਤੀ, ਉਸ ਕੋਲ ਸ਼ਾਹਜਹਾਨ ਬਾਦਸ਼ਾਹੀ ਦੀ ਸਾਰੀ ਫ਼ੌਜ ਸੀ ਜਿਸ ਦੀ ਗਿਣਤੀ 50 ਹਜ਼ਾਰ ਸੀ। ਔਰੰਗਜ਼ੇਬ ਕੋਲ 1684 ਵਿਚ 80 ਹਜ਼ਾਰ ਦੇ ਕਰੀਬ ਫ਼ੌਜ ਸੀ। ਇਸੇ ਫ਼ੌਜ ਨੇ ਸ਼ਿਵਾਜੀ ਮਰਹੱਟਾ ਨੂੰ ਹਰਾਇਆ ਸੀ। ਇਸ ਮਗਰੋਂ ਹੋਰ ਵੀ ਭਰਤੀ ਕੀਤੀ ਗਈ ਤੇ ਮੁਗ਼ਲ ਤਵਾਰੀਖ਼ ਵਿਚ ਫ਼ੌਜ ਦੀ ਵਧ ਤੋਂ ਵਧ ਗਿਣਤੀ 1 ਲੱਖ 70 ਹਜ਼ਾਰ ਸੀ। ਔਰੰਗਜ਼ੇਬ ਵੇਲੇ ਮੁਗ਼ਲਾਂ ਦੀ ਆਪਣੀ, ਤੇ ਮਨਸਬਦਾਰਾਂ ਦੀ ਫ਼ੌਜ ਮਿਲਾ ਕੇ, ਦੀ ਕੁਲ ਗਿਣਤੀ 2 ਲੱਖ 40 ਹਜ਼ਾਰ ਘੌੜਸਵਾਰ ਤੇ 15000 ਬੰਦੂਕਚੀ ਸਨ। (ਪੂਰੀ ਤਫ਼ਸੀਲ ਵਾਸਤੇ ਦੇਖੋ: ਜਾਦੂ ਨਾਥ ਸਰਕਾਰ, ਹਿਸਟਰੀ ਆਫ਼ ਔਰੰਗਜ਼ੇਬ, ਜਿਲਦ ਤੀਜੀ ਅਤੇ ਉਸੇ ਦੀ ਹੀ ਕਿਤਾਬ ਮੁਗ਼ਲ ਐਂਪਾਇਅਰ)। ਪਰ ਜ਼ਫ਼ਰਨਾਮਾ ਦਾ ਲੇਖਕ 6-7 ਦਸੰਬਰ 1705 ਦੇ ਦਿਨ ਇਕੱਲੇ ਚਮਕੌਰ ਵਿਚ 10 ਲੱਖ ਫ਼ੌਜ ਦਾ ਘੇਰਾ ਪੁਆ ਦੇਂਦਾ ਹੈ। ਇਸ ਫ਼ੌਜ ਬਾਰੇ ਦੋ ਹੋਰ ਨੁਕਤੇ ਵੀ ਅਹਿਮ ਹਨ: ਪਹਿਲੀ ਗੱਲ ਤਾਂ ਇਹ ਹੈ ਕਿ ਚਮਕੌਰ ‘ਤੇ ਹਮਲਾ ਕਰਨ ਵਾਲੀ ਫ਼ੌਜ ਰੋਪੜ ਤੋਂ ਭੇਜੀ ਗਈ ਸੀ; ਅਤੇ ਇਹ ਘੇਰਾ ਔਰੰਗਜ਼ੇਬ ਦੇ ਕਹਿਣ ‘ਤੇ ਨਹੀਂ ਪਿਆ ਸੀ; ਦੂਜਾ, ਜੇ ਗਿਣਤੀ ਦਸ ਲੱਖ ਦੀ ਇਹ ਗੱਪ ਮੰਨਣੀ ਵੀ ਹੋਵੇ ਤਾਂ ਏਨੀ ਫ਼ੌਜ ਨੇ ਚਮਕੌਰ ਤੋਂ ਦਿੱਲੀ ਤਕ ਜਗਹ ਘੇਰੀ ਹੋਵੇਗੀ ਤੇ ਏਨੇ ਮੀਲਾਂ ਵਿਚ ਫ਼ੌਜ ਹੀ ਫ਼ੌਜ ਹੋਵੇਗੀ। ਉਂਞ ਹਕੀਕਤ ਇਹ ਹੈ ਕਿ ਇਹ ਫ਼ੌਜ 700 ਦੀ ਗਿਣਤੀ ਵਿਚ ਸੀ ਜਿਸ ਦਾ ਜ਼ਿਕਰ ਇਨਾਇਤੁੱਲਾ ਖ਼ਾਨ (ਮੌਤ 1725) ਦੀ ‘ਅਹਿਕਾਮ-ਇ-ਆਲਮਗੀਰੀ’ ਵਿਚ ਸਾਫ਼ ਮਿਲਦਾ ਹੈ। ਇਸੇ ਕਿਤਾਬ ਮੁਤਾਬਿਕ ਔਰੰਗਜ਼ੇਬ ਨੇ ਦੋ ਅਹਿਦੀਏ (ਸ਼ੇਖ਼ ਯਾਰ ਮੁਹੰਮਦ ਮਨਸਬਦਾਰ ਤੇ ਮੁਹੰਮਦ ਬੇਗ਼ ਗੁਰੂਜ-ਬਰਦਾਰ) ਗੁਰੂ ਸਾਹਿਬ ਨੂੰ ਉਸ ਨਾਲ ਮੁਲਾਕਾਤ ਕਰਵਾਉਣ ਲਈ ਲਿਆਉਣ ਵਾਸਤੇ ਭੇਜੇ ਸਨ ਅਤੇ ਲਾਹੌਰ ਤੇ ਸਰਹੰਦ ਦੇ ਸੂਬੇਦਾਰ ਨੂੰ ਖ਼ਤ ਵੀ ਲਿਖੇ ਸਨ।

5. ਗੁਰੂ ਗੋਬਿੰਦ ਸਿੰਘ ਜੀ ਦਾ ਚਮਕੌਰ ਵਿਚੋਂ ਤਾੜੀ ਮਾਰ ਕੇ ਨਿਕਲਣ ਦੀ ਕਹਾਣੀ ਅਤੇ 'ਗੁਰਦੁਆਰਾ ਤਾੜੀ ਸਾਹਿਬ'
ਇਕ ਕਾਲਪਨਿਕ ਕਹਾਣੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਤੋਂ ਪਹਿਲਾਂ ਤਿੰਨ ਵਾਰ ਤਾੜੀ ਮਾਰ ਕੇ ਆਖਿਆ ਗਿਆ ਸੀ “ਸਿੱਖਾਂ ਦਾ ਪੀਰ ਚਲਿਆ ਜੇ।” ਪਰ ਇਹ ਕਹਾਣੀ ਮਗਰੋਂ ਘੜੀ ਗਈ ਸੀ, ਤਾਂ ਜੋ ਇਹ ਸਾਬਿਤ ਕੀਤਾ ਜਾ ਸਕੇ ਕਿ ਗੁਰੂ ਸਾਹਿਬ ਚੁੱਪ ਕਰ ਕੇ ਨਹੀਂ ਨਿਕਲੇ ਸਨ। ਜਦ ਕਿ ਕੀਕਤ ਇਹ ਹੈ ਕਿ ਨਬੀ ਖ਼ਾਨ ਅਤੇ ਗ਼ਨੀ ਖ਼ਾਨ ਜਿਹੜੇ ਮਲੇਰਕੋਟਲਾ ਨਵਾਬ ਦੀ ਫ਼ੌਜ ਵਿਚ ਸਨ, ਗੁਰੂ ਜੀ ਨੂੰ ਮੁਸਲਮਾਨ ਸਿਪਾਹੀ ਦੇ ਲਿਬਾਸ ਵਿਚ ਗੜ੍ਹੀ ਵਿਚੋਂ ਕੱਢ ਕੇ ਲੈ ਗਏ ਸਨ (ਨਬੀ ਖ਼ਾਨ ਤੇ ਗ਼ਨੀ ਖ਼ਾਨ ਕੋਟਲਾ ਨਿਹੰਗ ਖ਼ਾਨ ਦੇ ਭਾਈ ਨਿਹੰਗ ਖ਼ਾਨ ਦੀ ਭੂਆ ਉਮਰੀ ਦੇ ਪੁੱਤਰ ਸਨ)। ਉਸ ਵੇਲੇ ਸਵਾਲ ਗੁਰੂ ਜੀ ਦੀ ਜਾਨ ਬਚਾਉਣ ਦਾ ਸੀ ਤੇ ਗੁਰੂ ਜੀ ਚੁਪਚਾਪ ਉਥੋਂ ਨਿਕਲ ਗਏ ਸਨ। ਇਹ ਕਹਾਣੀ ਇਕ ਫੜ੍ਹ ਤੋਂ ਸਿਵਾ ਕੁਝ ਵੀ ਨਹੀਂ ਹੈ।
ਇੰਞ ਹੀ 'ਗੁਰਦੁਆਰਾ ਤਾੜੀ ਸਾਹਿਬ' ਵੀ ਕਵੀ ਸੰਤੋਖ ਸਿੰਘ ਵੱਲੋਂ ਇਤਿਹਾਸ ਵਿਚ ਇਹ ਗੱਪ ਲਿਖਣ ਮਗਰੋਂ ਬਣਾਇਆ ਗਿਆ ਸੀ। ਕਈ ਗੁਰਦੁਆਰਿਆਂ ਵਾਂਙ ਇਹ ਵੀ ਇਕ ਨਕਲੀ ਗੁਰਦੁਆਰਾ ਹੈ।

6.ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕਿਸ ਨੇ ਕੀਤਾ?
ਪਿਛਲੇ ਇਕ ਦਹਾਕੇ ਤੋਂ ਇਕ ਨਵੀਂ ਗੱਪ ਪਰਚਾਰੀ ਜਾ ਰਹੀ ਹੈ ਕਿ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕਿਸੇ ਬੀਬੀ ਹਰਸ਼ਰਨ ਕੌਰ ਨੇ ਕੀਤਾ ਸੀ ਅਤੇ ਜਦ ਮੁਗ਼ਲਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ੳਸ ਨੂੰ ਵੀ ਚੁਕ ਕੇ ਚਿਤਾ ਵਿਚ ਸੁਟ ਦਿੱਤਾ ਸੀ। ਇਹ ਕਾਲਪਨਿਕ ਕਹਾਣੀ ਹੈ। ਚਮਕੌਰ ਵਿਚ ਸਾਰੇ ਸਿੱਖਾਂ ਦੇ ਮਾਰੇ ਜਾਣ ਮਗਰੋਂ ਮਲੇਰੀਆ ਫ਼ੌਜ ਵਾਪਿਸ ਸੀਹਰੰਦ (ਹੁਣ ਸਰਹੰਦ) ਹੁੰਦੀ ਹੋਈ ਵਾਪਿਸ ਮਲੇਰਕੋਟਲਾ ਚਲੀ ਗਈ ਸੀ। ਚਲੀ ਗਈ ਸੀ। ਜਦ ਇਹ ਖ਼ਬਰ ਵਜ਼ੀਰ ਖ਼ਾਨ ਨੂੰ ਦਿੱਤੀ ਗਈ ਤਾਂ (ਪਟਿਆਲਾ ਦੇ ਚੌਧਰੀ) ਰਾਮ ਸਿੰਘ ਤੇ ਤਿਲੋਕ ਸਿੰਘ ਉਥੇ ਹਾਜ਼ਰ ਸਨ। ਉਹ ਸਰਹੰਦ ਦੇ ਫ਼ੌਜਦਾਰ (ਉਹ ਸੂਬੇਦਾਰ ਨਹੀਂ ਸੀ) ਨੂੰ ਮਾਲੀਆ ਦੇਣ ਆਏ ਹੋਏ ਸਨ (ਪਟਿਆਲਾ ਦਾ ਇਲਾਕਾ ਦਿਲੀ ਸੂਬੇ ਦੀ ‘ਸਰਕਾਰ’ ਸਰਹੰਦ ਦੇ ਹੇਠਾਂ ਸੀ (ਕਈ ਪਰਗਣਿਆਂ ਦੇ ਸਮੂਹ ਨੂੰ ‘ਸਰਕਾਰ’ ਕਿਹਾ ਜਾਂਦਾ ਸੀ; ਇਹ ਸੂਬੇ ਤੋਂ ਘਟ ਦਰਜੇ ਦਾ ਹੁੰਦਾ ਸੀ, ਸਰਹੰਦ ਸੂਬਾ ਨਹੀਂ ‘ਸਰਕਾਰ’ ਸੀ)। ਸਿੱਖਾਂ ਦੀਆਂ ਸ਼ਹੀਦੀਆਂ ਦੀ ਖ਼ਬਰ ਸੁਣ ਕੇ ਰਾਮ ਸਿੰਘ ਤੇ ਤਿਲੋਕ ਸਿੰਘ ਚਮਕੌਰ ਗਏ ਤੇ ਉਨਹਾਂ ਨੇ ਉਥੇ ਜਾ ਕੇ ਦੋ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ 40 ਮੁਕਤਿਆਂ ਦਾ ਸਸਕਾਰ ਕੀਤਾ ਸੀ। ਉਨ੍ਹਾਂ ਦੀ ਇਸ ਸਸਕਾਰ ਵਾਲੀ ਸੇਵਾ ’ਤੇ ਗੁਰੁ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ (ਗੁਰੁ ਕੀਆਂ ਸਾਖੀਆਂ, ਸਾਖੀ 101)। ਬੀਬੀ ਹਰਸ਼ਰਨ ਕੌਰ ਵਾਲੀ ਕਹਾਣੀ ਸਿਰਫ਼ ਕਲਪਨਾ ਹੈ।.

7. ਗੰਗੂ ਬ੍ਰਾਹਮਣ
6 ਦਸੰਬਰ 1705 ਦੀ ਸਵੇਰ ਵੇਲੇ ਮਾਤਾ ਗੁਜਰੀ ਤੇ ਦੋ ਨਿੱਕੇ ਸਾਹਿਬਜ਼ਾਦੇ, ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਸਰਸਾ ਨਦੀ ਤੋਂ ਚਲ ਕੇ ਸਿੱਧੇ ਚਮਕੌਰ ਪਹੁੰਚ ਗਏ। ਗੁਰੁ ਜੀ ਦੀ ਹਦਾਇਤ ਮੁਤਾਬਿਕ ਸਾਰਿਆਂ ਨੇ ਚਮਕੌਰ ਵਿਚ ਇਕੱਠੇ ਹੋਣ ਦਾ ਫ਼ੈਸਲਾ ਕੀਤਾ ਹੋਣਾ ਹੈ। ਚਮਕੌਰ ਵਿਚ ਮਾਤਾ ਜੀ ਤੇ ਦੋ ਸਾਹਿਬਜ਼ਾਦਿਆਂ ਨੂੰ ਸਹੇੜੀ ਪਿੰਡ ਦੇ ਧੁੰਮਾ* ਤੇ ਦਰਬਾਰੀ, ਜੋ ਕਦੇ ਇਸ ਇਲਾਕੇ ਦੇ ਮਸੰਦ ਹੁੰਦੇ ਹਨ, ਆਪਣੇ ਨਾਲ ਆਪਣੇ ਪਿੰਡ ਲੈ ਗਏ ਤੇ ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਆਪਣੇ ਘਰੀਂ ਚਲੇ ਗਏ (ਚਮਕੌਰ ਤੋਂ ਸਹੇੜੀ ਤਕਰੀਬਨ 15-16 ਕਿਲੋਮੀਟਰ ਹੈ)। {*ਕਿਹਾ ਜਾ ਰਿਹਾ ਹੈ ਕਿ ਚੌਕ ਮਹਿਤਾ ਡੇਰੇ ਦਾ ਹਰਨਾਮ ਸਿੰਘ ਧੁੰਮਾ ਇਸੇ ਮਸੰਦ ਦੀ ਕੁਲ ਵਿਚੋਂ ਹੈ}

ਰਾਤ ਵੇਲੇ ਮਸੰਦਾਂ ਨੇ ਮਾਤਾ ਜੀ ਦੀ ਸੋਨੇ ਦੀਆਂ ਮੁਹਰਾਂ ਵਾਲੀ ਥੈਲੀ ਚੋਰੀ ਕਰ ਲਈ। ਅਗਲੀ ਸਵੇਰ 7 ਦਸੰਬਰ ਦੇ ਦਿਨ ਜਦ ਮਾਤਾ ਜੀ ਨੇ ਸਵੇਰੇ ਉਠ ਕੇ ਥੈਲੀ ਚੋਰੀ ਹੋਣ ਦੀ ਗੱਲ ਕੀਤੀ ਤਾਂ ਮਸੰਦ ਉਲਟਾ ਔਖੇ ਹੋ ਪਏ ਤੇ ਉਨ੍ਹਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਉਥੇ ਹੋਣ ਬਾਰੇ ਇਤਲਾਹ ਮੋਰਿੰਡਾ ਥਾਣੇ (ਜੋ ਉਥੋਂ ਸਾਢੇ ਤਿੰਨ ਕਿਲੋਮੀਟਰ ਹੈ) ਭੇਜ ਦਿੱਤੀ। ਅਜ ਕਲ੍ਹ ਕਿਹਾ ਜਾਣ ਲਗ ਪਿਆ ਹੈ ਕਿ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਫੜਵਾਇਆ ਸੀ। ਪਰ ਕਿਸੇ ਵੀ ਲਿਖਤ ਵਿਚ (ਸਣੇ ਭਾਈ ਸੰਤੋਖ ਸਿੰਘ, ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਕੋਇਰ ਸਿੰਘ, ਸੁੱਖਾ ਸਿੰਘ, ਸਵਰੂਪ ਸਿੰਘ ਕੌਸ਼ਿਸ਼) ਕਿਸੇ ਗੰਗੂ ਦਾ ਕੋਈ ਜ਼ਿਕਰ ਨਹੀਂ ਹੈ।

ਮਗਰੋਂ ਇਕ ਹੋਰ ਗੱਪ ਚਲ ਪਈ ਕਿ ਕਾਲਪਨਿਕ ਪਾਤਰ ਗੰਗੂ ਦਾ ਅਸਲ ਨਾਂ ਗੰਗਾ ਧਰ ਕੌਲ ਸੀ ਅਤੇ ਪੰਡਤ ਨਹਿਰੂ ਉਸ ਦੇ ਖ਼ਾਨਦਾਨ ਵਿਚੋਂ ਸੀ।

ਇਸ ਨੂੰ ਕਹਿੰਦੇ ਹਨ ‘ਤਵਾਰੀਖ਼ ਦਾ ਰੇਪ ਕਰਨਾ’।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top