ਅੱਜ
ਹਰ ਇੱਕ ਪੰਥ ਦਰਦੀ ਦੇ ਅੰਦਰੋਂ ਇੱਕ ਆਵਾਜ਼ ਨਿਕਲ ਰਹੀ ਹੈ ਕਿ ਅਕਾਲ-ਤਖ਼ਤ ਮਹਾਨ ਹੈ, ਜਾਂ
ਅਕਾਲ -ਤਖ਼ਤ ਸਰਬਉੱਚ ਹੈ। ਪਰ ਗੁਰਬਾਣੀ ਇਸ ਗਲ ਦੀ ਗਵਾਹੀ ਨਹੀਂ
ਭਰਦੀ ਕਿ ਕੋਈ ਅਸਥਾਨ ਜਾਂ ਇਮਾਰਤ ਸਰਬਉੱਚ ਹੋ ਸਕਦੀ ਹੈ। ਜੇਕਰ ਇਤਿਹਾਸ ਨੂੰ
ਸੰਜੀਦਗੀ ਨਾਲ ਵਿਚਾਰੀਏ ਤਾਂ ਵੀ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ, ਜੋ ਅਕਾਲ ਤਖਤ ਨੂੰ
ਮਹਾਨ ਜਾਂ ਸਰਬਉੱਚ ਦਰਸਾਉਂਦਾ ਹੋਵੇ। ਅਜੋਕੇ ਸਮੇਂ ਅੰਦਰ ਜੋ ਪ੍ਰਚਾਰ ਅਕਾਲ ਤਖਤ ਬਾਬਤ
ਹੋ ਰਿਹਾ ਹੈ, ਉਸ ਨੇ ਕੁੱਝ ਸਵਾਲ ਪੈਦਾ ਕਰ ਦਿਤੇ ਹਨ ਜਿਵੇਂ.........
ਜੇਕਰ ਅਕਾਲ ਤਖ਼ਤ ਸਰਬਉੱਚ ਹੈ ਜਾਂ ਸੀ, ਤਾਂ -
੧. ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ "ਖਾਲਸਾ ਪੰਥ ਦੀ ਸਿਰਜਣਾ"
ਅਕਾਲ -ਤਖ਼ਤ 'ਤੇ ਕਿਉਂ ਨਹੀਂ ਕੀਤੀ ?
੨. ਗੁਰੂ ਕਾਲ ਸਮੇਂ ਕਿਸੇ ਵੀ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਅਕਾਲ ਤਖਤ 'ਤੇ ਕਿਉਂ ਨਹੀਂ
ਦਿਤੀ ਗਈ ?
੩. ੧੬੩੫ ਈ. ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਚਲੇ ਜਾਂਦੇ ਹਨ ਅਤੇ ਉਸ ਤੋਂ
ਬਾਅਦ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਧਾਰਮਿਕ, ਸਮਾਜਿਕ, ਰਾਜਨਿਤਕ, ਆਰਥਿਕ ਗਤੀਵਿਧੀ
ਅਕਾਲ- ਤਖ਼ਤ ਤੋਂ ਕਿਉਂ ਨਹੀਂ ਚਲਾਈ ?
੪. ਬਾਬਾ ਬੰਦਾ ਸਿੰਘ ਬਹਾਦੁਰ ਨੇ ਅਕਾਲ -ਤਖਤ ਨੂੰ ਆਪਣਾ ਰਾਜਨੀਤਕ ਅਤੇ ਧਾਰਮਿਕ ਕੇਂਦਰ
ਬਿੰਦੂ ਕਿਉਂ ਨਹੀਂ ਬਣਾਇਆ ?
੫. ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਅਕਾਲ-ਤਖ਼ਤ ਉਤੇ ਦਿਤੀ ਗਈ ਸੀ ?
੬. ਕੀ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਦੇ ਜਥੇਦਾਰ ਬਣਾਇਆ ਗਿਆ
ਸੀ ਜਾਂ ਅਕਾਲ-ਤਖ਼ਤ ਦੇ ?
੭. ਕੀ ਔਰੰਗਜੇਬ ਨੂੰ ਜ਼ਫ਼ਰਨਾਮਾ ਅਕਾਲ - ਤਖ਼ਤ ਤੋਂ ਜਾਰੀ ਹੋਇਆ ਸੀ ?
ਹੁਣ ਅਕਾਲ ਤਖਤ ਨੂੰ ਜਿਸ ਰੂਪ ਵਿੱਚ
ਪਰਚਾਰਿਆ ਜਾ ਰਿਹਾ ਹੈ ਅਤੇ ਸਮੁੱਚੀ ਸਿੱਖ ਕੌਮ ਦੇ ਜਿਹਨ ਵਿੱਚ ਦਾਖਲ ਕਰ ਦਿਤਾ ਗਿਆ ਹੈ,
ਗੁਰਮਿਤ ਅਨੁਸਾਰ ਉਹ ਵੀ ਇਕ ਕਰਮਕਾਂਡ ਹੈ। ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ
ਹੀ ਸਰਬਉੱਚ ਸੀ / ਹਨ ਅਤੇ ਰਹਿਣਗੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸਿੱਖ ਹਰ ਪ੍ਰਕਾਰ
ਦੀ ਸੇਧ ਲੈਂਦੇ ਰਹੇ ਹਨ ਅਤੇ ਲੈਂਦੇ ਰਹਿਣਗੇ।