Khalsa News homepage

 

 Share on Facebook

Main News Page

ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ॥
-: ਪ੍ਰਿੰ. ਗੁਰਬਚਨ ਸਿੰਘ ਪੰਨਵਾਂ 2016

ਆਮ ਕਰਕੇ ਕਈ ਰਾਗੀ ਵੀਰ ਕੀਰਤਨ ਕਰਦਿਆਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਵਿਚੋਂ ਇੱਕ ਪਉੜੀ ਦੀ ਇੱਕ ਤੁਕ ਤੇ ਉਸ ਵਿਚੋਂ ਕੇਵਲ ਵਾਹਿਗੁਰੂ ਸ਼ਬਦ ਨੂੰ ਬਾਰ ਬਾਰ ਬੋਲਣਾ ਸ਼ੂਰੂ ਕਰ ਦੇਂਦੇ ਹਨ। ਬਾਹਰੀ ਤਲ਼ `ਤੇ ਭਾਂਵੇ ਚੰਗਾ ਲੱਗਦਾ ਹੋਵੇ ਪਰ ਗੁਰਬਾਣੀ ਸਿਧਾਂਤ ਦੀ ਇੱਕ ਅਵੱਗਿਆ ਹੈ, ਕਿਉਂਕਿ ਗੁਰਬਾਣੀ ਦੇ ਸ਼ਬਦ ਵਿੱਚ ਅਸੀਂ ਆਪਣੇ ਵਲੋਂ ਕੋਈ ਵੀ ਵਾਧਾ ਘਾਟਾ ਨਹੀਂ ਕਰ ਸਕਦੇ। ਅਜੇਹੀ ਥੋੜੀ ਜੇਹੀ ਖੁਲ਼੍ਹ ਲੈਣ ਨਾਲ ਗੁਰਬਾਣੀ ਬਣਤਰ ਦਾ ਬਹੁਤ ਵੱਡਾ ਸਿਧਾਂਤ ਟੁੱਟਦਾ ਹੈ।

ਏਸੇ ਖੁਲ੍ਹ ਨੂੰ ਵਰਤਦਿਆਂ ਹੋਇਆਂ ਸਿੱਖੀ ਭੇਸ ਵਿੱਚ ਸਾਧ-ਲਾਣੇ ਨੇ ਅਖੰਡ ਪਾਠ ਵਿੱਚ ਮਨ ਚਾਹੇ ਫਲ਼ਾਂ ਦੀ ਪ੍ਰਾਪਤੀ ਲਈ ਇੱਕ ਸ਼ਬਦ ਦਾ ਪਾਠ ਸ਼ੁਰੂ ਕਰ ਦਿੱਤਾ ਹੈ। ਅਜੇਹੀ ਪ੍ਰਕਿਰਿਆ ਨੂੰ ਉਹ ਸੰਪਟ ਪਾਠ ਆਖਦੇ ਹਨ। ਹੁਣ ਮਹਾਂ ਸੰਪਟ ਪਾਠਾਂ ਨੇ ਵੀ ਜਨਮ ਲੈ ਲਿਆ ਹੈ। ਦੁੱਖ ਇਸ ਗੱਲ ਦਾ ਹੈ ਕਿ ਇਸ ਮਾਰੂ ਸਿਧਾਂਤ ਨੂੰ ਕੋਈ ਵੀ ਸਿੱਖ ਜੱਥੇਬੰਦੀ ਰੋਕਣ ਲਈ ਤਿਆਰ ਨਹੀਂ ਹੈ ਤੇ ਅਜੇਹੀ ਪ੍ਰਕਿਰਿਆ ਨੂੰ ਕੋਈ ਗਲਤ ਕਹਿਣ ਲਈ ਵੀ ਤਿਆਰ ਨਹੀਂ ਹਨ। ਦੇਖਾ ਦੇਖੀ ਹੋਰ ਵੀ ਕਈ ਪ੍ਰਕਾਰ ਦੀਆਂ ਮਨਮਤਾਂ ਨੇ ਜਨਮ ਲੈ ਲਿਆ ਹੈ। ਵਾਹਿਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਦੀ ਕਰਨ ਦੀ ਥਾਂ `ਤੇ ਵਹਿਗੁਰੂ ਸ਼ਬਦ ਨੂੰ ਮੰਤਰਾਂ ਵਾਂਗ ਜੱਪਿਆ ਜਾ ਰਿਹਾ ਹੈ। ਹੁਣ ਕਈ ਥਾਂਈ ਗੁਰਬਾਣੀ ਕੀਰਤਨ ਛੱਡ ਕੇ ਕੇਵਲ ਵਾਹਿਗੁਰੂ ਸ਼ਬਦ ਦਾ ਹੀ ਕੀਰਤਨ ਹੋਣਾ ਸ਼ੁਰੂ ਹੋ ਗਿਆ ਹੈ। ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਨੂੰ ਸਮਝਣ ਦੀ ਥਾਂ `ਤੇ ਭਾਈ ਗੁਰਦਾਸ ਜੀ ਦੀ ਇਸ ਪਉੜੀ ਦੀ ਇੱਕ ਤੁਕ ਦਾ "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ"।। ਦਾ ਹਵਾਲਾ ਦੇ ਕੇ ਦੂਜੇ ਬੰਦੇ ਚੁੱਪ ਕਰਾ ਦਿੱਤਾ ਜਾਂਦਾ ਹੈ। ਇਸ ਵਿਚਾਰ ਨੂੰ ਸਮਝਣ ਲਈ ਭਾਈ ਗੁਰਦਾਸ ਜੀ ਦੀ ਇਸ ਪੂਰੀ ਪਉੜੀ ਦੀ ਵਿਚਾਰ ਚਰਚਾ ਕੀਤੀ ਜਾਏਗੀ

ਗੁਰ ਸਿਖਹੁ ਗੁਰ ਸਿਖ ਹੈ ਪੀਰ ਪੀਰਹੁ ਕੋਈ॥ ਸਬਦਿ ਸੁਰਤਿ ਚੇਲਾ ਗੁਰੂ ਪਰਮੇਸਰੁ ਸੋਈ॥
ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ॥ ਸਬਦ ਸੁਰਤਿ ਕਰ ਕੀਰਤਨੁ ਸਤਿਸੰਗਿ ਵਿਲੋਈ॥
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ॥ ਆਪ ਗਵਾਏ ਆਪਿ ਹੈ ਗੁਣ ਗੁਣੀ ਪਰੋਈ॥

ਵਾਰ ੧੩ ਪਉੜੀ ੨

ਇਸ ਪਉੜੀ ਦਾ ਸਿਰਲੇਖ ਹੈ ਪੀਰ ਤੋਂ ਪੀਰ ਹੋਣਾ

ਪਉੜੀ ਦੇ ਅੱਖਰੀਂ ਅਰਥ : ਗੁਰੂ ਦੇ ਸਿੱਖ ਤੋਂ ਅਨੇਕ ਗੁਰ ਸਿੱਖ ਹੁੰਦੇ ਹਨ, ਪਰ ਪੀਰਾਂ ਤੋਂ ਪੀਰ ਕੋਈ ਹੀ ਹੁੰਦਾ ਹੈ।

ਸ਼ਬਦ (ਦਾ ਰਸੀਆ ਹੈ, ਤੇ) ਗੁਰੂ ਪਰਮੇਸਰ (ਦਾ ਪ੍ਰੇਮੀ ਹੈ) ਸਬਦ ਗੁਰ ਸੁਰਤਿ ਚੇਲਾ ਹੈ, ਇਹਨਾਂ ਦੋਹਾਂ ਤੋਂ ਜੋ ਪ੍ਰਾਪਤ ਹੋਣਾ ਹੈ ਓਹ ਪਰਮੇਸ਼ੁਰ ਹੈ।

(ਪੁਨ) ਦ੍ਰਿਸ਼ਟੀ ਵਿਖੇ ਗੁਰੂ ਦਾ ਦਰਸ਼ਨ ਧਿਆਨ ਕਰਦਾ ਹੋਇਆ ਗੁਰੂ ਦੀ ਮੂਰਤ ਹੀ ਹੋ ਜਾਂਦਾ ਹੈ।

ਸ਼ਬਦ ਦਾ ਪ੍ਰੀਤ ਨਾਲ ਕੀਰਤਨ ਕਰੇ, ਅਤੇ ਸਾਧ ਸੰਗਤ ਵਿਖੇ ਗੁਰਬਾਣੀ ਨੂੰ ਰਿੜਕੇ।

ਹੇ ਪਿਆਰੇ ਵਾਹਿਗੁਰੂ ਦਾ ਸ਼ਬਦ ਗੁਰ ਮੰਤ੍ਰ ਹੈ, ਇਸ ਨੂੰ ਜਪ ਕੇ ਅੰਹਕਾਰ ਦਾ ਨਾਸ ਕਰੇ।

ਮਹਾਨ ਕੋਸ਼ ਵਿੱਚ ਮੰਤ੍ਰ ਦੇ ਅਰਥ ਇਸ ਤਰ੍ਹਾਂ ਆਏ ਹਨ:

੧. ਗੁਪਤ ਬਾਤ ਕਰਨਾ, ਆਦਰ ਕਰਨਾ, ਬਲਾਉਣਾ (ਸੱਦਣਾ), ਵਿਚਾਰ ਕਰਨਾ।
੨. ਸੰਗਯਾ ਸਲਾਹ ਮਸ਼ਵਰਾ,
੩. ਵੇਦ ਦਾ ਪਾਠ ਅਤੇ ਮੂਲ ਪਾਠ।
੪. ਗੁਰ ਉਪਦੇਸ਼, "ਜੋ ਇਹੁ ਮੰਤ ਕਮਾਵੈ ਨਾਨਕ" (ਆਸਾ ਮਹਲਾ ੫) "ਗੁਰਮੰਤ੍ਰੜਾ ਚਿਤਾਰਿ" (ਵਾਰ ਗੂਜਰੀ ਮ: ੫)
੫. ਨਿਰੁਕਤ ਨੇ ਅਰਥ ਕੀਤਾ ਹੈ ਕਿ ਜੋ ਮਨ ਕਰੀਏ ਉਹ ਮੰਤ੍ਰ ਹੈ।
੬. ਤੰਤ੍ਰਸ਼ਾਸਤਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣਾ ਅਥਵਾ ਕਾਰਯਸਿੱਧੀ ਲਈ ਜਪਣ ਯੋਗਯ ਸ਼ਬਦ ਏੱਥੇ ਗੁਰਬਾਣੀ ਵਾਕ ਹੈ:

ਅਉਖਧ ਮੰਤ੍ਰ ਤੰਤ ਸਭਿ ਛਾਰੁ।। ਕਰਣੈਹਾਰੁ ਰਿਦੇ ਮਹਿ ਧਾਰੁ।। ੩।।

ਅੱਖਰੀਂ ਅਰਥ (ਹੇ ਭਾਈ!) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖ, (ਇਸ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।

ਜਪ ਦੇ ਮਹਾਨ ਕੋਸ਼ ਅਨੁਸਾਰ ਅਰਥ ਕੀ ਹਨ-

ਮਹਾਨ ਕੋਸ ਵਿੱਚ ਜਪ ਦੇ ਅਰਥ ਹਨ ਜਪਨਾ, ਮਨ ਵਿੱਚ ਕਹਿਣਾ।

੨. ਸੰਗਯਾ- ਮੰਤਰਪਾਠ ਜਪਹੀਨ ਕੁਲਹੀਨ ਕਰਮਹੀਨ ਗਉੜੀ ਬਾਣੀ ਨਾਮਦੇਵ ਜੀ ਕੀ।

ਸੰਸਕ੍ਰਿਤ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਹੈ-

(ੳ) ਵਾਚਿਕ ਜੋ ਸਪੱਸ਼ਟ ਅੱਖਰਾਂ ਵਿੱਚ ਕੀਤਾ ਜਾਏ, ਜਿਸ ਨੂੰ ਸੁਣ ਕੇ ਸ਼੍ਰੋਤਾ ਅਰਥ ਸਮਝ ਸਕੇ।

(ਅ) ਉਪਾਂਸ਼, ਜੋ ਹੋਠਾਂ ਅੰਦਰ ਬਹੁਤ ਧੀਮੀ ਅਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਬਹੁਤ ਪਾਸ ਬੈਠਣ ਵਾਲਾ ਭੀ ਨਾ ਸਮਝ ਸਕੇ।

(ੲ) ਮਾਨਸ, ਜੋ ਮਨ ਚਿੰਤਨ ਤੋਂ ਕੀਤਾ ਜਾਵੇ। ਤੰਤ੍ਰ ਸ਼ਾਸਤ੍ਰ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ ਭਿੰਨ ਭਿੰਨ ਸਾਮਗਰੀ ਅਤੇ ਜੁਦੇ ਜੁਦੇ ਫਲ਼ ਅਨੇਕ ਜਾਪਕਾਂ ਨੇ ਲਿਖੇ ਹਨ, ਜਿਸ ਦੀ ਨਕਲ ਕਿਸੇ ਸਿੱਖ ਨੇ ਗੁਰੂ ਸਾਹਿਬ ਦਾ ਨਾਮ ਲੈ ਕੇ ਸਰਧਾਪੂਰਵਕ ਪੁਸਤਕ ਵਿੱਚ ਭੀ ਕੀਤੀ ਹੈ।

3- ਉਹ ਮੰਤ੍ਰ ਅਥਵਾ ਵਾਕ, ਜਿਸ ਦਾ ਜਪ ਕੀਤਾ ਜਾਵੇ।

ਜਾਪ, ਕਿਸੇ ਮੰਤ੍ਰ ਦਾ ਜਪਣਾ, ਮਹਾਨ ਕੋਸ਼ ਵਿੱਚ ਜਾਪ ਗਿਆਨ, ਜਾਨਕਾਰੀ, ਇਲਮ ਤੇ ਪ੍ਰਸੰਨਤਾ ਲਈ ਵੀ ਆਇਆ ਹੈ।

੧. ਵਾਹਿਗੁਰੂ ਸ਼ਬਦ ਦੀ ਵਿਚਾਰਮਹਾਨ ਕੋਸ਼ ਅਨੁਸਾਰ ਮਨ ਬੁਧਿ ਤੋਂ ਪਰੇ ਸਭ ਤੋਂ ਵੱਡਾ ਪਾਰਬ੍ਰਹਮ ਧਨਤਾ ਯੋਗਯ ਕਰਤਾਰ ਕੀਆ ਖੇਲੁ ਬਡ ਮੇਲੁ ਤਮਾਸ਼ਾ ਵਾਹਗੁਰੂ ਤੇਰੀ ਸਭ ਰਚਨਾ।

੨. ਸਿੱਖਾਂ ਦਾ ਮੂਲ ਮੰਤ੍ਰ "ਸਤਿਗੁਰੁ ਪੁਰਖ ਦਿਆਲ ਹੋਇ ਵਹਿਗੁਰੂ ਸਚ ਮੰਤ੍ਰ ਸੁਣਾਇਆ, ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਦੇ ਪਹਿਲੇ ਅਧਿਆਏ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ ਵਾਹ (ਆਸ਼ਚਰਯ ਰੂਪ) ਗੁ- (ਅੰਧਕਾਰ ਵਿਚ) ਰੁ (ਪ੍ਰਕਾਸ਼ ਕਰਨ ਵਾਲ) ਵਾਹ ਨਾਮ ਅਚਰਜ ਤੋਂ ਹੋਈ। ਅਚਰਜ ਤੇ ਪਰ ਉਕਤ ਨਾ ਕੋਈ। ਗੋ ਤਮ ਤਨ ਅਗਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ, ਇਸ ਸ਼ਬਦ ਦਾ ਉਚਾਰਣ ਵਾਹਿਗੁਰੂ ਭੀ ਸਹੀ ਹੈ।

ਪਉੜੀ ਦਾ ਸਿਰਲੇਖ ਹੈ ਪੀਰ ਥੋਂ ਪੀਰ ਹੋਣਾ

ਵਿਚਾਰ ਚਰਚਾਪਉੜੀ ਦੇ ਸਿਰਲੇਖ ਤੋਂ ਸਪੱਸ਼ਟ ਹੈ ਕਿ ਸਿੱਖ ਨੇ ਆਪਣੇ ਪੀਰ ਦੀ ਸਿੱਖਿਆ ਲੈ ਕੇ ਆਪਣੇ ਪੀਰ ਵਰਗਾ ਬਣਨਾ ਹੈ। ਪ੍ਰਚੱਲਤ ਮੁਹਵਰੇ ਵਾਲਾ ਉਹ ਪੀਰ ਨਹੀਂ ਹੈ ਜਿਸ ਦੀ ਕਬਰ `ਤੇ ਦੀਵਾ ਜਗਾ ਕੇ ਆਮ ਕਰਕੇ ਪੂਜਾ ਕੀਤੀ ਜਾਂਦੀ ਹੈ, ਏੱਥੇ ਪੀਰ ਤੋਂ ਭਾਵ--ਗੁਰੂ ਸਾਹਿਬ ਦੇ ਗਿਆਨ ਤੋਂ ਹੈ ਭਾਵ ਕਿ ਸਿੱਖ ਨੇ ਆਪਣੇ ਗੁਰੂ ਦਾ ਗਿਆਨ ਆਪਣੇ ਜੀਵਨ ਵਿੱਚ ਧਾਰ ਕੇ ਆਪਣੇ ਗੁਰੂ ਦੇ ਦੱਸੇ ਮਾਰਗ ਉੱਤੇ ਤੁਰਨਾ ਹੈ। ਇਸ ਦਾ ਅਰਥ ਹੈ ਆਪਣੇ ਪੀਰ ਵਰਗਾ ਬਣਨਾ।

ਦੂਜਾ ਕਿਸੇ ਵੀ ਪਉੜੀ ਨੂੰ ਵਿਚਾਰਨਾ ਹੈ ਤਾਂ ਪਉੜੀ ਦੀ ਅਖੀਰਲੀ ਤੁਕ ਨੂੰ ਅਧਾਰ ਬਣਾਇਆ ਜਾਂਦਾ ਹੈ। ਯਾਨਿ ਕਿ ਪਉੜੀ ਦੀ ਵਿਚਾਰ ਦਾ ਵਿਸ਼ਾ ਮਗਰਲੀ ਤੁਕ ਵਿੱਚ ਹੁੰਦਾ ਹੈ। ਇਸ ਤੁਕ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਰੱਬੀ ਗੁਣਾਂ ਨਾਲ ਸਾਂਝ ਪਉਣ ਲਈ ਆਪਣੇ ਮਨ ਵਿਚੋਂ ਆਪਾ ਭਾਵ ਗਵਾਉਣਾ ਪੈਣਾ ਹੈ। ਇਸ ਤੁਕ ਵਿੱਚ ਦੋ ਗੱਲਾਂ ਸਮਝ ਵਿੱਚ ਪੈਂਦੀਆਂ ਹਨ, ਇੱਕ ਤਾਂ ਰੱਬੀ ਗੁਣਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ ਦੂਜਾ ਆਪਣੇ ਮਨ ਵਿਚੋਂ ਹਉਮੇ ਭਾਵ ਧਰਮ ਦੇ ਨਾਂ `ਤੇ ਕੀਤੇ ਜਾਂਦੇ ਕਰਮ-ਕਾਂਡਾਂ ਨੂੰ ਮਕਾਉਣਾ ਹੈ।

ਪਹਿਲੀ ਤੁਕ ਵਿੱਚ ਸਪੱਸ਼ਟ ਕੀਤਾ ਹੈ ਕਿ ਰੱਬੀ ਗੁਣ ਗੁਰੂ ਜੀ ਪਾਸੋਂ ਵਿਚਾਰ ਨਾਲ ਸਮਝ ਵਿੱਚ ਆਉਂਦੇ ਹਨ। ਜਿਹੜਾ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ ਇੰਜ ਸਿੱਖ ਤਾਂ ਅਨੇਕ ਹਨ ਪਰ ਗੁਰੂ ਸਾਹਿਬ ਜੀ ਦੇ ਪੂਰੇ ਪੂਰਨਿਆਂ `ਤੇ ਤੁਰਨ ਵਾਲਾ ਪੁੱਗਿਆ ਹੋਇਆ ਸਿੱਖ ਕੋਈ ਕੋਈ ਹੀ ਹੁੰਦਾ ਹੈ।

ਦੂਸਰੀ ਤੁਕ ਵਿੱਚ ਹੋਰ ਸਪੱਸ਼ਟ ਕੀਤਾ ਹੈ ਕਿ ਜਿਹੜਾ ਸ਼ਬਦ ਵਿੱਚ ਆਪਣੀ ਸੁਰਤ ਜੋੜਦਾ ਹੈ, ਸੁਰਤ ਜੋੜਨ ਦਾ ਅਰਥ ਹੈ ਦੈਵੀ ਗੁਣਾਂ ਦੀ ਵਰਤੋਂ ਕਰਨੀ ਜਿਸ ਤਰ੍ਹਾਂ ਸੰਤੋਖ ਸ਼ਬਦ ਆਉਂਦਾ ਹੈ ਇਸ ਦਾ ਅਰਥ ਹੈ ਕਿ ਸੰਤੋਖ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਅਜੇਹਾ ਕਰਨ ਵਾਲਾ ਰੱਬੀ ਰੂਪ ਹੋ ਜਾਂਦਾ ਹੈ। ਇਸ ਤੁਕ ਵਿਚੋਂ ਤਾਂ ਸਾਫ਼ ਪਤਾ ਚਲਦਾ ਹੈ ਗੁਰੂ ਸਾਹਿਬ ਦੇ ਸ਼ਬਦ ਵਿੱਚ ਸੁਰਤ ਜੋੜਨੀ ਭਾਵ ਉਪਦੇਸ਼ `ਤੇ ਤੁਰਨਾ ਹੀ ਸੁਰਤ ਦਾ ਜੋੜਨਾ ਹੈ। ਸੁਰਤ ਜੋੜਨ ਦਾ ਅਰਥ ਇਹ ਨਹੀਂ ਹੈ ਕਿ ਕੇਵਲ ਗੁਰਬਾਣੀ ਵਲ ਲਗਾਤਾਰ ਦੇਖੀ ਜਾਣਾ ਹੈ। ਕਈ ਗੁਰੂਆਂ ਦੀ ਫੋਟੋਆਂ ਬਣਾ ਕੇ ਉਸ ਵਲ ਧਿਆਨ ਧਰਦੇ ਹਨ। ਕਈ ਮੱਥੇ ਦੇ ਵਿਚਕਾਰ ਨੱਕ ਦੇ ਊੱਪਰ ਧਿਆਨ ਧਰਦੇ ਹਨ। ਹਰ ਬੰਦੇ ਦੀ ਇਹ ਆਪਣੀ ਆਪਣੀ ਸ਼ੈਲੀ ਹੈ। ਸੁਰਤ ਦੀ ਬਰੀਕੀ ਨੂੰ ਸਮਝੀਏ ਤਾਂ ਸਾਨੂੰ ਇਸ ਦਾ ਭੇਦ ਸਮਝ ਆਉਂਦਾ ਹੈ ਕਿ ਇੱਕ ਵਿਦਿਆਰਥੀ ਅਧਿਆਪਕ ਦੀ ਗੱਲ ਨੂੰ ਧਿਆਨ ਪੂਰਵਕ ਹੋ ਕੇ ਸੁਣੇਗਾ ਤੇ ਘਰ ਆ ਕੇ ਪੂਰੇ ਧਿਆਨ ਨਾਲ ਆਪਣਾ ਸਕੂਲੀ ਕੰਮ ਕਰੇਗਾ ਤਾਂ ਉਹ ਹੀ ਇਮਤਿਹਾਨ ਵਿਚੋਂ ਚੰਗੇ ਨੰਬਰਾਂ ਦਾ ਹੱਕਦਾਰ ਹੋ ਸਕਦਾ ਹੈ।

ਤੀਜੀ ਤੁਕ ਵਿੱਚ ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਸ਼ਬਦ ਨੂੰ ਆਪਣੀ ਦ੍ਰਿਸ਼ਟੀ ਵਿੱਚ ਲਿਆਉਣਾ ਹੈ। ਇਸ ਦਾ ਭਾਵ ਅਰਥ ਹੈ ਜੋ ਗੁਰੂ ਜੀ ਉਪਦੇਸ਼ ਦੇਂਦੇ ਹਨ ਉਸ ਨੂੰ ਧਿਆਨ ਨਾਲ ਸੁਣ ਕੇ ਫਿਰ ਉਸ ਦੀ ਵਰਤੋਂ ਕਰਨੀ। ਅਸੀਂ ਗੁਰਦੁਆਰਿਆਂ ਵਿੱਚ ਖਾਨਾ ਪੂਰਤੀ ਲਈ ਹੀ ਜਾਂਦੇ ਹਾਂ ਕਦੇ ਵੀ ਧਿਆਨ ਪੂਰਵਕ ਹੋ ਕੇ ਗੁਰਦੁਆਰੇ ਵਿੱਚ ਅਸੀਂ ਗਏ ਨਹੀਂ ਹਾਂ ਤੇ ਨਾ ਹੀ ਧਿਆਨ ਨਾਲ ਗੁਰ-ਉਪਦੇਸ਼ਾਂ ਨੂੰ ਸੁਣਦੇ ਵਿਚਾਰਦੇ ਤੇ ਧਾਰਦੇ ਹਾਂ। ਏਸੇ ਲਈ ਸਾਡੇ ਜੀਵਨ ਵਿੱਚ ਤਲਖੀਆਂ ਹੀ ਤਲਖੀਆਂ ਹਨ। ਅਗਲੀ ਤੁਕ ਵਿੱਚ ਏਸੇ ਗੱਲ ਨੂੰ ਦੁਹਰਾਇਆ ਹੈ। ਦਰ ਅਸਲ ਸਿੱਖੀ ਦੀ ਸਮਝ ਸੰਗਤ ਵਿਚੋਂ ਜਲਦੀ ਆ ਜਾਂਦੀ ਹੈ। ਸਿੱਖ ਧਰਮ ਸੰਗਤੀ ਧਰਮ ਹੈ। ਸ਼ਰਤ ਇਹ ਹੈ ਕਿ ਵਿਚਾਰਵਾਨ ਗੁਰਬਾਣੀ ਦਾ ਗਿਆਤਾ ਹੋਵੇ। ਸੰਗਤ ਵਿੱਚ ਗੁਰੂ ਸਾਹਿਬ ਦੇ ਵਿਚਾਰ ਦਾ ਅਧਿਐਨ ਕਰਨ ਨਾਲ ਜਿੱਥੇ ਆਤਮਿਕ ਵਿਕਾਸ ਹੁੰਦਾ ਹੈ ਓੱਥੇ ਗੁਰ-ਸਿਧਾਂਤ ਦੀ ਸਮਝ ਵੀ ਸਹਿਜ ਨਾਲ ਆ ਜਾਂਦੀ ਹੈ।

ਇਸ ਤੁਕ ਵਿੱਚ ਵਿਲੋਈ` ਸ਼ਬਦ ਵਰਤਿਆ ਹੈ ਇਸ ਦਾ ਅਰਥ ਰਿੜਕਣਾ ਹੈ। ਜਿਸ ਤਰ੍ਹਾਂ ਜੰਮੇ ਹੋਏ ਦੁੱਧ ਨੂੰ ਰਿੜਕ ਕੇ ਮੱਖਣ ਪ੍ਰਾਪਤ ਕਰ ਲਈਦਾ ਹੈ ਏਸੇ ਤਰ੍ਹਾਂ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਦੇ ਸਿਧਾਂਤ ਦੀ ਵਿਚਾਰ ਆਉਂਦੀ ਹੈ। ਰਿੜਕਣ ਤੋਂ ਭਾਵ ਹੈ ਕਿ ਜੇ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਉਸ ਨੂੰ ਬਾਰ ਬਾਰ ਵਿਚਾਰ ਕੇ ਸ਼ਬਦ ਦੀ ਡੁੰਘਾਈ ਤੀਕ ਜਾਣਾ ਹੈ। ਗੁਰਬਾਣੀ ਅਨੁਸਾਰ ਸੰਗਤ ਉਸ ਨੂੰ ਕਿਹਾ ਗਿਆ ਹੈ ਜਿੱਥੇ ਸੱਚ ਦੀ ਵਿਚਾਰ ਹੋਵੇ। ਸੱਚ ਦੀ ਸਮਝ ਆਉਣ ਨਾਲ ਸਾਡੇ ਮਨ ਵਿਚੋਂ ਹਉਮੇ ਖਤਮ ਹੁੰਦੀ ਹੈ ਤੇ ਮਨ ਵਿੱਚ ਪਹਿਲੇ ਬਣੇ ਹੋਏ ਵਿਚਾਰ ਬਦਲ ਜਾਂਦੇ ਹਨ।

ਅਸੀਂ ਗੁਰਬਾਣੀ ਸ਼ਬਦ ਨੂੰ ਵਿਚਾਰ ਦੁਆਰਾ ਰਿੜਕਿਆ ਤਾਂ ਨਹੀਂ ਹੈ ਸਿਰਫ ਵਾਹਿਗੁਰੂ ਦੇ ਸ਼ਬਦ ਨੂੰ ਹੀ ਬਾਰ ਬਾਰ ਬੋਲੀ ਜਾਣ ਨੂੰ ਰਿੜਕਣਾ ਆਖਦੇ ਹਾਂ। "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ"।। ਅਸੀਂ ਸਾਰੀ ਪਉੜੀ ਦੇ ਭਾਵ ਅਰਥ ਨੂੰ ਸਮਝਿਆ ਨਹੀਂ ਹੈ ਸਿਰਫ ਵਾਹਿਗੁਰੂ ਨੂੰ ਜਪਣ ਲਈ ਹੀ ਸਮਝਿਆ ਹੈ। ਇਸ ਤੁਕ ਦਾ ਅਰਥ ਸਮਝ ਵਿੱਚ ਆਉਂਦਾ ਹੈ ਕਿ ਵਾਹ ਗੁਰੂ ਤੇਰੇ ਸ਼ਬਦ ਦੀ ਵਿਚਾਰ ਦੁਆਰਾ, ਤੇ ਇਸ ਗਿਆਨ ਦੇ ਨੁਕਤੇ ਨੂੰ ਸਮਝਣ ਦੁਆਰਾ ਮੇਰੇ ਮਨ ਵਿਚਲਾ ਹਨੇਰਾ ਖਤਮ ਹੋਇਆ ਹੈ। ਮੇਰੇ ਮਨ ਵਿਚੋਂ ਹਉਮੇ ਖਤਮ ਹੋ ਗਈ ਹੈ। ਗੁਰਬਾਣੀ ਸ਼ਬਦ ਵਿਚਾਰ ਨੂੰ ਰਿੜਕ ਕੇ, ਭਾਵ ਵਿਚਾਰ ਵਿਚਾਰ ਕੇ ਮੈਂ ਆਪਣੇ ਅੰਦਰੋਂ ਹਉਮੇ ਨੂੰ ਮੁਕਾ ਲਿਆ ਹੈ। ਹਉਮੇ ਵਰਗੀ ਭਿਆਨਕ ਬਿਮਾਰੀ ਦੀ ਮੈਨੂੰ ਜਾਣਕਾਰੀ ਹਾਸਲ ਹੋਈ ਹੈ।

ਇਸ ਪਉੜੀ ਵਿੱਚ ਰੱਬੀ ਗੁਣ, ਸ਼ਬਦ, ਸੁਰਤ ਤੇ ਰੱਬੀ ਗੁਣਾਂ ਨਾਲ ਇਕਮਿਕਤਾ ਦੀ ਗੱਲ ਕੀਤੀ ਹੈ। ਬਾਕੀ ਸਾਰੀ ਪਉੜੀ ਦੀ ਵਿਚਾਰ ਨੂੰ ਛੱਡ ਕੇ ਕੇਵਲ ਇੱਕ ਤੁਕ ਨਾਲ ਸਿਧਾਂਤ ਨਹੀਂ ਬਣਾਇਆ ਜਾ ਸਕਦਾ। ਕੀਰਤਨ ਵਿੱਚ ਇੱਕ ਸ਼ਬਦ ਨੂੰ ਵਾਰ ਵਾਰ ਬੋਲਣਾ ਕਿਸੇ ਦੀ ਸ਼ੈਲੀ ਹੋ ਸਕਦੀ ਹੈ ਪਰ ਇਹ ਸਮੁੱਚਾ ਸਿੱਖ ਸਿਧਾਂਤ ਨਹੀਂ ਹੋ ਸਕਦਾ।

ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕੇਵਲ ਵਾਹਿਗੁਰੂ` ਸ਼ਬਦ ਹੀ ਨਹੀਂ ਵਰਤਿਆ ਸਗੋਂ ਸਤਿਨਾਮ` ਸ਼ਬਦ ਵੀ ਵਰਤਿਆ ਹੈ-

ਪਹਿਲੀ ਵਾਰ ਦੀ ਪਹਿਲੀ ਪਉੜੀ ਵਿੱਚ ਹੀ ਭਾਈ ਸਾਹਿਬ ਜੀ ਫਰਮਾਉਂਦੇ ਹਨ:

ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ।। ਭਵਜਲ ਵਿਚੋਂ ਕਢਿ ਕੇ ਮੁਕਤਿ ਪਦਾਰਥ ਮਾਹਿ ਸਮਾਇਆ।।
ਵਾਰ ਨੰਬਰ ੧ ਪਉੜੀ ੧

ਅੱਖਰੀਂ ਅਰਥ--ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੋਵੇ ਸਤਿਨਾਮ ਦਾ ਜਿਸ ਨੇ ਮੰਤ੍ਰ ਸੁਣਾਇਆ ਹੈ। (ਇਸ ਦਾ ਫਲ ਇਹ ਕਿ ਮੰਨਣ ਹਾਰਿਆ ਨੂੰ) ਸੰਸਾਰ ਸਮੁੰਦਰ (ਵਿਖੇ ਰੁਤੇ ਜਾਣ) ਤੋਂ ਕੱਢ ਕੇ ਮੁਕਤ ਕੀਤਾ ਹੈ ਭਾਵ ਜੀਵਨ ਵਿਚੋਂ ਵਿਕਾਰਾਂ ਨੂੰ ਖਤਮ ਕੀਤਾ ਹੈ।

ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਇੱਕ ਹੋਰ ਪਉੜੀ ਅੰਦਰ ਫਰਮਾਉਂਦੇ:

ਉਲਟਾ ਖੇਲ਼ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।। ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹ ਮੰਤ੍ਰ ਸੁਣਾਇਆ। ਕਲਿ ਤਾਰਨ ਗੁਰੁ ਨਾਨਕ ਆਇਆ।।
ਵਾਰ ਨੰਬਰ ੧ ਪਉੜੀ ੨੩

ਅਖਰੀਂ ਅਰਥਪਰਮੇਸ਼ਰ ਦਾ ਉਲਟਾ ਕੌਤਕ ਦੇਖੋ ਪੈਰਾਂ ਉੱਤੇ ਸਿਰ ਨੂੰ ਝੁਕਾ ਦਿੱਤਾ। ਭਾਵ ਲੋਕਾਂ ਨੂੰ ਜਿਉਣ ਦੀ ਜਾਚ ਸਿਖਾਈ। ਜਿਕੁਰ ਉੱਚਾ ਸਿਰ ਹੈ ਪਰ ਉਸ ਨੂੰ ਪੈਰਾਂ ਤੇ ਨਿਵਾ ਦਿੱਤਾ। ਕਲਜੁਗ ਬਾਬੇ ਨੇ ਤਾਰ ਦਿੱਤਾ, ਸਤਿਨਾਮੁ ਦਾ ਮੰਤ੍ਰ ਪੜ੍ਹ ਕੇ ਸੁਣਾ ਦਿੱਤਾ। ਸੋ ਕਲਜੁਗ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਏ। ਅੱਖਰੀਂ ਅਰਥਾਂ ਦੇ ਨਾਲ ਅੱਗੇ ਹੋਰ ਵਿਸਥਾਰ ਨਾਲ ਲਿਖਿਆ ਹੋਇਆ ਹੈਭਾਵ ਗਿਲਾਨੀ ਦੇ ਸਭ ਸਮਾਨ ਉਡਾ ਕੇ ਪ੍ਰੇਮਾ ਭਗਤੀ, ਵਾਹਿਗੁਰੂ ਦੀ ਏਕਤਾ, ਮਨੁੱਖਾਂ ਦੀ ਸੁਹਿਰਦਤਾ, ਪਰਸਪਰ ਪਿਆਰ ਤੇ ਨਿਮ੍ਰਤਾ ਤੇ ਧਰਮ ਨੂੰ ਧਾਰਨਾ ਸਿਖਾ ਦਿੱਤਾ, ਇਉਂ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੁਖੀ ਦਾ ਦਾਰੂ ਕੀਤਾ।

ਇਕ ਹੋਰ ਪਉੜੀ ਵਿੱਚ ਵਿਚਾਰ ਗੁਰਦੇਵ ਪਿਤਾ ਜੀ ਦੇਂਦੇ ਹਨ:

ਧ੍ਰਿਗ ਜਿਹਬਾ ਗੁਰ ਸ਼ਬਦ ਵਿਣੁ ਹੋਰ ਮੰਤ੍ਰ ਸਿਮਰਣੀ।।

ਉਸ ਜੀਭ ਨੂੰ ਧ੍ਰਿਗ ਹੈ ਜੋ ਗੁਰੂ ਨਾਨਕ ਜੀ ਦੀ ਬਾਣੀ ਨੂੰ ਛੱਡ ਕੇ ਹੋਰ ਮੰਤ੍ਰਾਂ ਨੂੰ ਸਿਮਰਦੀ ਰਹਿੰਦੀ ਹੈ।

ਇਸ ਵਿਚਾਰ ਨੂੰ ਹੋਰ ਸਮਝਣ ਤੇ ਪੁਖਤਾ ਕਰਨ ਲਈ ਗੁਰਬਾਣੀ ਵਾਕ ਕੀ ਫਰਮਾਉਂਦੇ ਹਨ:

ਜਪਿ ਮਨ ਸਤਿਨਾਮੁ ਸਦਾ ਸਤਿਨਾਮੁ।। ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ।।
ਧਨਾਸਰੀ ਮਹਲਾ ੪ ਪੰਨਾ ੬੭੦

ਅਰਥ : ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ। ਰਹਾਉ।

ਕਿਰਤਮ ਨਾਮ ਕਥੇ ਤੇਰੇ ਜਿਹਬਾ।। ਸਤਿ ਨਾਮੁ ਤੇਰਾ ਪਰਾ ਪੂਰਬਲਾ।। ਪੰਨਾ ੧੦੮੩

ਰਾਗ ਗਉੜੀ ਦੀ ਬਾਣੀ ਸੁਖਮਨੀ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ

ਸਤਿਨਾਮੁ ਪ੍ਰਭ ਕਾ ਸੁਖਦਾਈ।। ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ।। ੩।। ਪੰਨਾ ੨੮੪

ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ। ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ।

ਇਸ ਵਿਚਾਰ ਤੋਂ ਸਮਝ ਆਉਂਦੀ ਹੈ ਕਿ ਸਤਿਨਾਮ ਜਾਂ ਵਾਹਿਗੁਰੂ ਸ਼ਬਦ ਦੀ ਭਾਵਨਾ ਰੱਬੀ ਗੁਣਾਂ ਤੋਂ ਹੈ ਤੇ ਇਸ ਦੀ ਸਮਝ ਗੁਰਬਾਣੀ ਗਿਆਨ ਵਿਚੋਂ ਮਿਲਦੀ ਹੈ। ਜਿਹੜਾ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਹੈ ਜੀਵਨ ਨੂੰ ਨਿਯਮਬੱਧ ਕਰਦਾ ਹੋਇਆ ਮਨੁੱਖੀ ਕਦਰਾਂ ਕੀਮਤਾਂ ਨੂੰ ਧਾਰਨ ਕਰਦਾ ਹੈ ਉਹ ਹੀ ਅਸਲ ਵਿੱਚ ਰੱਬ ਜੀ ਦਾ ਨਾਮ ਜਪਦਾ ਹੈ।

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ।। ੩।। ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ।। ੪।।
ਮਲਾਰ ਮਹਲਾ ੪ ਪੰਨਾ ੧੨੬੫

ਹੇ ਭਾਈ! (ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿੱਚ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ। ੩। ਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ)।

ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਲਈ ਸਮੁੱਚੇ ਅਦਰਸ਼ ਨੂੰ ਧਿਆਨ ਵਿੱਚ ਰੱਖਣਾ ਪਏਗਾ। ਗੁਰਬਾਣੀ ਸਾਰੀ ਮਨੁੱਖਤਾ ਲਈ ਉਹ ਸਿਧਾਂਤ ਹੈ ਜਿਹੜਾ ਸੁਹਿਦਰਤਾ, ਸਹਿਣ ਸ਼ੀਲਤਾ, ਮਿਲਵਰਤਣ ਨੂੰ ਜਨਮ ਦੇਂਦਾ ਹੈ। ਇਸ ਦੀ ਅਧਾਰ-ਸ਼ਿਲਾ ਸੱਚ `ਤੇ ਖੜੀ ਕੀਤੀ ਹੈ। ਅਸੀਂ ਰੀਤੀਆਂ ਨਿਬਾਹੁੰਣ ਨੂੰ ਤਰਜੀਹ ਤਾਂ ਜ਼ਰੂਰ ਦੇਂਦੇ ਹਾਂ ਪਰ ਅਸਲੀ ਜੀਵਨ ਤੋਂ ਬਹੁਤ ਦੂਰੀ ਬਣਾ ਕੇ ਚੱਲ ਰਹੇ ਹਾਂ। ਰੀਤੀਆਂ ਕਦੇ ਧਰਮ ਨਹੀਂ ਹੁੰਦਾ।

ਸਾਰੀ ਪਉੜੀ ਦੀ ਵਿਚਾਰ ਤੋਂ ਪਤਾ ਚਲਦਾ ਹੈ ਕਿ ਕੇਵਲ "ਵਾਹਿ ਗੁਰੂ" ਕਹਿਣ ਨਾਲ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ ਜਿੰਨਾ ਚਿਰ ਅਸੀਂ ਗੁਰੂ ਜੀ ਦੇ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਨਹੀਂ ਢਾਲਦੇ।

ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸੂਹੀ ਵਿੱਚ ਬੜਾ ਪਿਆਰਾ ਵਾਕ ਹੈ

ਅੰਤਰਿ ਵਸੈ, ਨ ਬਾਹਰਿ ਜਾਇ।। ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ।। ੧।। ਐਸਾ ਗਿਆਨੁ ਜਪਹੁ ਮਨ ਮੇਰੇ।। ਹੋਵਹੁ ਚਾਕਰ ਸਾਚੇ ਕੇਰੇ।। ੧।। ਰਹਾਉ ।।
ਰਾਗ ਸੂਹੀ ਮਹਲਾ ੧ ਪੰਨਾ ੭੨੮

ਤੱਤ ਸਾਰ ਹੈ ---

ਉਸਤਤਿ ਮਨ ਮਹਿ ਕਰਿ ਨਿਰੰਕਾਰ।। ਕਰਿ ਮਨ ਮੇਰੇ ਸਤਿ ਬਿਉਹਾਰ।। ਪੰਨਾ ੨੮੧


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top