Khalsa News homepage

 

 Share on Facebook

Main News Page

ਮ੍ਰਿਗਛਾਲਾ ਪਰ ਬੈਠੇ ਕਬੀਰ...
-:
ਪ੍ਰਿੰ. ਗਿਆਨੀ ਸੁਰਜੀਤ ਸਿੰਘ
2015
ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

ਭੈਰਉ ਰਾਗ `ਚ ਪੰ: ੧੧੬੨ `ਤੇ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਜਿਸ ਬਾਰੇ ਇੱਕ ਕਹਾਣੀ ਵੀ ਪ੍ਰਚਲਤ ਹੈ। ਤਾਂ ਤੇ ਪਹਿਲਾਂ ਕਬੀਰ ਸਾਹਿਬ ਦਾ ਉਹ ਸ਼ਬਦ ਇਸ ਤਰ੍ਹਾਂ ਹੈ:-

ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ ੧ ॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥ ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ ੨ ॥ ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥ ੩ ॥ ੧੦ ॥ ੧੮ ॥ (ਪੰ: ੧੧੬੨)

ਉਪ੍ਰੰਤ ਸ਼ਬਦ ਬਾਰੇ ਪ੍ਰਚਲਤ ਕਹਾਣੀ ਇਸ ਤਰ੍ਹਾਂ ਹੈ- ਕਹਾਣੀ ਅਨੁਸਾਰ ਕਬੀਰ ਸਾਹਿਬ ਨੂੰ ਵੱਕਤ ਦੇ ਬਾਦਸ਼ਾਹ ਵੱਲੋ ਜ਼ਜੀਰਾਂ ਨਾਲ ਬਂਨ੍ਹ ਕੇ ਗੰਗਾ ਦਰਿਆ `ਚ ਸਿੱਟ ਦਿੱਤਾ ਗਿਆ। ਫ਼ਿਰ ਹੋਇਆ ਇਹ ਕਿ ਗੰਗਾ ਮਾਈ ਨੇ ਕਬੀਰ ਜੀ ਦੀਆਂ ਉਹ ਸਾਰੀਆਂ ਜ਼ਜੀਰਾਂ ਆਪ ਤੋੜ ਦਿੱਤੀਆਂ। ਇਸ ਤਰ੍ਹਾਂ ਦਰਿਆ `ਚ ਸੁੱਟਣ ਤੋਂ ਬਾਅਦ ਵੀ ਗੰਗਾ ਦੇ ਪਾਣੀ `ਤੇ ਕਬੀਰ ਜੀ ਇੰਝ ਬੈਠੇ ਹੋਏ ਸਨ ਜਿਵੇਂ ਕਿ ਉਹ ਕਿਸੇ ਮ੍ਰਿਗਛਾਲਾ `ਤੇ ਬੈਠੇ ਹੋਏ ਹੋਣ।

ਵਿਸ਼ੇਸ਼ ਨੋਟ:- ਇਹ ਵੀ ਕਿ ਗੰਗਾ ਨਦੀ ਜਦੋਂ ਬਨਾਰਸ ਤੋਂ ਨਿਕਲਦੀ ਹੈ ਤਾਂ ਸ਼ਾਇਦ ਜ਼ਮੀਨੀ ਫ਼ਰਕ ਕਾਰਣ, ਉਥੇ ਉਸਦਾ ਬਹਾਵ ਬਹੁਤ ਸ਼ਾਂਤ ਦੱਸਿਆ ਜਾਂਦਾ ਹੈ। ਉਂਝ ਇਹ ਨਦੀ ਜਦੋਂ ਉਪਰੋਂ ਪਹਾੜਾਂ `ਚੋਂ ਆਉਂਦੀ ਹੈ ਤਾਂ ਇਸਦਾ ਬਹਾਵ ਬਹੁਤ ਤੇਜ਼ ਹੁੰਦਾ ਹੈ ਪਰ ਉਥੇ ਪੁੱਜ ਕੇ ਇਸ ਦਾ ਬਹਾਵ ਤੇਜ਼ ਨਹੀਂ ਰਹਿੰਦਾ। ਸ਼ਾਇਦ ਇਸੇ ਲਈ, ਇਸ ਕਹਾਣੀ ਨੂੰ ਪ੍ਰਚਲਤ ਕਰਣ ਵਾਲਿਆਂ ਨੇ ਵੀ, ਸ਼ਬਦ ਵਿੱਚਲੀ ਪੰਕਤੀ ਗੰਗ ਗੁਸਾਇਨਿ ਗਹਿਰ ਗੰਭੀਰ `ਚੋਂ ਗੰਗਗੁਸਾਇਣ ਦੇ ਅਰਥ ਵੀ ਗਹਿਰ ਗੰਭੀਰ ਨਾਲ ਇਕੱਠੇ ਕਰਕੇ, ਅਜਿਹਾ ਧੋਖਾ ਖਾਧਾ ਹੈ। ਪਰ ਜਦੋਂ ਇਸ ਸ਼ਬਦ ਦੇ ਮੂਲ ਅਰਥਾਂ ਵੱਲ ਵਧਾਂਗੇ ਤਾਂ ਸਾਫ਼ ਹੋ ਜਾਵੇਗਾ ਕਿ ਸ਼ਬਦ `ਚ ਇਹ ਦੋਵੇਂ ਲਫ਼ਜ਼ ਗੰਗ ਗੁਸਾਇਨਿ ਤੇ ਗਹਿਰ ਗੰਭੀਰ ਭਿੰਨ ਭਿੰਨ ਹਨ ਤੇ ਦੋਵੇਂ ਅਕਾਲਪੁਰਖ ਲਈ ਹੀ ਆਏ ਹਨ। ਉਂਝ ਬਨਾਰਸ ਸਹਿਰ ਲਈ ਵਾਰਾਨਸੀ, ਕਾਂਸ਼ੀ ਤੇ ਸ਼ਿਵ ਪੁਰੀ, ਸ਼ਿੜ ਨਗਰੀ ਨਗਰੀ ਆਦਿ ਲਫ਼ਜ਼ ਵੀ ਵਰਤੇ ਜਾਂਦੇ ਹਨ।

ਖ਼ੂਬੀ ਇਹ ਕਿ ਸਾਡੇ ਕੁੱਝ ਵਿਦਵਾਨ ਵੀ ਬਿਨਾ ਵਿਸ਼ੇ ਵਸਤੂ ਤੇ ਸ਼ਬਦ ਦੀ ਗਹਿਰਾਈ `ਚ ਗਏ, ਬਲਕਿ ਗੁਰਮੱਤ ਦੀਆਂ ਸਟੇਜਾਂ ਤੋਂ ਵੀ ਹੂ-ਬ-ਹੂ ਇਸ ਕਹਾਣੀ ਨੂੰ ਇਸੇ ਤਰ੍ਹਾਂ ਸੁਨਾਉਂਦੇ ਹਨ।

ਫ਼ਿਰ ਸ਼ਬਦ ਦੇ ਪਦ-ਅਰਥਾਂ ਅਤੇ ਅਰਥਾਂ ਤੋ ਬਾਅਦ ਜਦੋਂ ਅਸੀਂ ਸ਼ਬਦ ਸੰਬੰਧੀ, ਗੁਰਬਾਣੀ ਆਧਾਰਤ ਵੇਰਵੇ ਤੇ ਗਹਿਰਾਈ `ਚ ਜਾਵਾਂਗੇ ਤਾਂ ਸ਼ਬਦ ਦੇ ਮੂਲ ਅਰਥਾਂ ਦੀ ਸਮਝ ਆਉਂਦੇ ਵੀ ਦੇਰ ਨਹੀਂ ਲਗੇਗੀ। ਸਮਝ ਆ ਜਾਵੇਗੀ ਕਿ ਸਬਦ ਵਿੱਚਲੇ ਜੰਜੀਰ, ਗੰਗਾ, ਗੰਗਗੁਸਾਇਣ, ਗਹਿਰ ਗੰਭੀਰ, ਮ੍ਰਿਗਛਾਲਾ ਤੇ ਗੰਗਾ ਕੀ ਲਹਰਿ ਆਦਿ ਕੁੱਝ ਅੱਖਰਾਂ ਦੇ ਮੂਲ ਅਰਥਾਂ ਨੂੰ ਉਨ੍ਹਾਂ ਦੇ ਪ੍ਰਤੀਕਾਂ ਤੇ ਪ੍ਰਕਰਣਾਂ: ਤੇ ਆਧਾਰਤ ਅਰਥਾਂ ਨੂੰ ਸਮਝੇ ਬਿਨਾ ਹੀ ਉਸ ਫ਼ਰਜ਼ੀ ਕਹਾਣੀ ਦਾ ਪ੍ਰਚਲਤ ਹੋ ਜਾਣਾ ਹੀ ਸਪਸ਼ਟ ਤੇ ਸਾਬਤ ਵੀ ਹੁੰਦਾ ਹੈ। ਤਾਂ ਤੇ ਪਹਿਲਾਂ ਲੈਂਦੇ ਹਾਂ ਸ਼ਬਦ ਦੇ ਮੂਲ ਪਦ-ਅਰਥ ਅਤੇ ਅਰਥ

ਪਦ ਅਰਥ : —ਗੁਸਾਇਨਿ—ਗੁਰਬਾਣੀ ਪਦ ਗੁਸਾਈਂ ਦਾ ਹੀ ਇਸਤ੍ਰੀਲਿੰਗ ਹੈ ਗੁਸਾਇਨਿ। ਗੰਗ ਗੁਸਾਇਨਿ—ਅਕਾਲਪੁਰਖ। ਗਹਿਰ—ਡੂੰਘਾ। ਗੰਭੀਰ—ਵੱਡੇ ਜਿੱਗਰੇ ਵਾਲਾ। ਗਹਿਰ ਗੰਭੀਰ—ਅਕਾਲਪੁਰਖ। ਜੰਜੀਰ— ਮਾਇਕ ਰਸਾਂ, ਤ੍ਰਿਸ਼ਨਾ ਤੇ ਵਿਕਾਰਾਂ ਦੀ ਜੰਜੀਰ। ਗੰਗਾ ਕੀ ਲਹਰਿ —ਜੀਵਨ `ਚ ਆ ਚੁੱਕਾ ਪ੍ਰਭੂ ਭਗਤੀ ਵਾਲਾ ਤੇਜ਼ ਬਹਾਵ, ਪ੍ਰਭੂ ਦੀ ਸਿਫ਼ਤ ਸਲਾਹ ਦੇ ਰੰਗ `ਚ ਰੰਗਿਆ ਜਾ ਚੁੱਕਾ ਮਨੁੱਖੀ ਮਨ, ਪ੍ਰਭੂ ਦੇ ਸਿਮਰਨ ਦੀ ਆਤਮਕ ਲਹਿਰ। ਮਨੁ ਨ ਡਿਗੈ—ਮਨ ਅਡੋਲ ਅਵਸਥਾ `ਚ ਆ ਚੁੱਕਾ ਹੈ। ਚਰਨ ਕਮਲ ਚਿਤੁ ਰਹਿਓ ਸਮਾਇ—ਮੇਰਾ ਚਿੱਤ ਹੁਣ ਪ੍ਰਭੂ ਨਾਲ ਇੱਕ ਮਿੱਕ ਹੋ ਚੁੱਕਾ ਤੇ ਜੀਵਨ ਅਕਾਲਪੁਰਖ ਦੇ ਰੰਗ `ਚ ਰੰਗਿਆ ਜਾ ਜਾ ਚੁੱਕਾ ਹੈ। ਜਲ ਥਲ —ਹਰੇਕ ਜਗ੍ਹਾ, ਹਰੇਕ ਓਕੜ ਤੇ ਦੁਖ-ਸੁਖ ਸਮੇਂ। ਮ੍ਰਿਗਛਾਲਾ—ਹਿਰਨ ਦੀ ਖੱਲ। ਰਘੁਨਾਥ—ਪ੍ਰਭੂ ਪ੍ਰਮਾਤਮਾ, ਅਕਾਲ ਪੁਰਖ।

ਵਿਸ਼ੇਸ਼ ਧਿਆਣ ਯੋਗ- ਗੰਗ ਗੁਸਾਇਨਿ—ਇਥੇ ਗੰਗ ਗੁਸਾਇਨਿ ਇਕੱਠਾ ਅਤੇ ਇਕੋ ਹੀ ਲਫ਼ਜ਼ ਹੈ। ਇਥੇ ਇਹ ਲਫ਼ਜ਼ ਇਕੋ ਇੱਕ ਅਕਾਲਪੁਰਖ ਲਈ ਆਇਆ ਹੈ। ਦਰਅਸਲ ਕਬੀਰ ਜੀ ਰਾਹੀਂ ਇਹ ਲਫ਼ਜ਼ ਸਾਹਿਤ ਨੂੰ ਬਿਲਕੁਲ ਨਵੀਂ ਦੇਣ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਗੁਰੂ ਸਾਹਿਬ ਰਾਹੀਂ ਵੀ ਲਫ਼ਜ਼ ਹਰਿਸਰ ਗੁਰਬਾਣੀ `ਚ ਬਿਲਕੁਲ਼ ਵੱਖਰੀ ਤੇ ਬਿਵੇਕਲੀ ਦੇਣ ਹੈ। ਜਿਵੇਂ ਗੁਰਬਾਣੀ ਵਿੱਚਲੇ ਇਸ ਨਵੇਂ ਤੇ ਨਿਵੇਕਲੇ ਲ਼ਫ਼ਜ਼ ਹਰਿਸਰ ਦੇ ਅਰਥ ਹਨ ਸਾਧ ਸੰਗਤ ਅਥਵਾ ਨਾਮ ਬਾਣੀ ਦਾ ਸਰੋਵਰ ਨਾ ਕਿ ਹਰਦੁਆਰ ਨਗਰੀ। ਇਸੇ ਤਰ੍ਹਾਂ ਪ੍ਰਕਰਣ ਅਨੁਸਾਰ ਕਬੀਰ ਸਾਹਿਬ ਦੇ ਇਸ ਨਵੇਂ ਤੇ ਨਿਵੇਕਲੇ ਲਫ਼ਜ਼ ਗੰਗ ਗੁਸਾਇਨਿ ਦੇ ਅਰਥ ਹਨ ਅਕਾਲਪੁਰਖ। ਤਾਂ ਵੀ (ਇਨ੍ਹਾਂ ਦੋਨਾਂ ਅੱਖਰਾਂ ਹਰਿਸਰ ਤੇ ਗੰਗ ਗੁਸਾਇਨਿ ਬਾਰੇ ਕੁੱਝ ਹੋਰ ਸੰਖੇਪ ਵੇਰਵਾ ਅੱਗੇ ਚੱਲ ਕੇ ਵੀ ਆਵੇਗਾ ਜੀ)

ਨੋਟ-ਮ੍ਰਿਗਛਾਲਾ—ਪਹਿਲੇ ਸਮੇਂ `ਚ ਬਹੁਤੇ ਧਰਮੀ ਲੋਕ ਹਿਰਨ ਦੀ ਖੱਲ ਨੂੰ ਹੀ ਆਸਣ ਬਣਾ ਕੇ ਉਸ `ਤੇ ਬੈਠਦੇ ਸਨ। ਦੱਸਿਆ ਜਾਂਦਾ ਹੈ ਕਿ ਉਹ ਇਸ ਲਈ, ਇੱਕ ਤਾਂ ਇਹ ਬੈਠਣ ਲਈ ਬਹੁਤ ਮੁਲਾਇਮ ਅਤੇ ਬੜੀ ਆਰਾਮਦੇਹ ਹੁੰਦੀ ਹੈ। ਦੂਜਾ, ਕੀੜੇ-ਮਕੌੜੇ ਆਦਿ ਇਸ ਦੇ ਨੇੜੇ ਨਹੀਂ ਆਉਂਦੇ ਜਿਸ ਤੋਂ ਉਨ੍ਹਾਂ ਧਰਮੀ ਪੁਰਖਾਂ ਦੀ ਸੁਰਤ `ਚ ਕਾਫ਼ੀ ਹੱਦ ਤੀਕ ਟਿਕਾਅ ਬਣਿਆ ਰਹਿੰਦਾ ਸੀ।

ਅਰਥ : — "ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥ ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥" -ਕਬੀਰ ਜੀ ਕਹਿੰਦੇ ਹਨ, ਜਿਸ ਮਨੁੱਖ ਦਾ ਮਨ ਪ੍ਰਭੂ ਅਕਾਲਪੁਰਖ ਨਾਲ ਇੱਕ ਮਿੱਕ ਹੋ ਜਾਂਦਾ ਹੈ, ਉਸ ਨੂੰ ਕੋਈ ਵੀ ਸੰਸਾਰਕ ਤਾਕਤ ਡੁਲਾਅ ਤੇ ਡਰਾ ਨਹੀਂ ਸਕਦੀ।

ਕਾਰਣ, ਅਜਿਹੇ ਮਨੁੱਖ ਦਾ ਚਿੱਤ ਅਥਵਾ ਆਤਮਕ ਅਵਸਥਾ ਸੰਸਾਰਕ ਉਤਾਰਾਂ-ਚੜ੍ਹਾਵਾਂ ਤੋਂ ਬਹੁਤ ਉੱਤੇ ਉਠ ਕੇ ਪ੍ਰਭੂ ਨਾਲ ਅਭੇਦ ਹੋ ਚੁੱਕੀ ਹੁੰਦੀ ਹੈ ਅਤੇ ਉਸੇ `ਚ ਸਮਾਅ ਚੁੱਕੀ ਹੁੰਦੀ ਹੈ। ਜਿਵੇਂ ਆਪਣੇ ਹੀ ਇੱਕ ਹੋਰ ਸ਼ਬਦ `ਚ ਕਬੀਰ ਜੀ ਫ਼ੁਰਮਾਉਂਦੇ ਹਨ "ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ" {ਪੰ: ੯੬੯}

"ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ ੧ ॥" - ਵਿਸ਼ੇ ਨੂੰ ਆਪਣੇ `ਤੇ ਘਟਾ ਕੇ ਕਬੀਰ ਜੀ ‘ਉੱਤਮ ਪੁਰਖ’ `ਚ ਕਹਿੰਦੇ ਹਨ, "ਹੇ ਪ੍ਰਭੂ! ਤੂੰ ਤਾਂ ਗੰਗ ਗੁਸਾਇਨਿ ਤੇ ਗਹਿਰ ਗੰਭੀਰ ਹੈਂ ਜਦਕਿ ਮੈਂ ਮਾਇਕ ਬੰਧਨਾ ਨਾਲ ਜੱਕੜਿਆ ਹੋਇਆ ਇੱਕ ਸਾਧਾਰਨ ਜਿਹਾ ਇਨਸਾਨ ਹਾਂ। ੧। (ਠੀਕ ਉਸੇ ਤਰ੍ਹਾਂ, ਜਿਵੇਂ ਗੁਰਬਾਣੀ `ਚ ਗੁਰੂ ਸਹਿਬਾਨ ਬਲਕਿ ਭਗਤਾਂ ਨੇ ਵੀ, ਵਿਸ਼ੇ ਨੂੰ ਸਪਸ਼ਟ ਕਰਣ ਲਈ ਹੋਰ ਵੀ ਕਈ ਥਾਵੇਂ ਬਿਲਕੁਲ ਉੱਤਮ ਪੁਰਖ ਵਾਲਾ ਇਹੀ ਢੰਗ ਵਰਤਿਆ ਹੈ)

"ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ ੨ ॥" -ਉਪ੍ਰੰਤ ਦੂਜੇ ਬੰਦ `ਚ ਕਬੀਰ ਜੀ ਕਹਿੰਦੇ ਹਨ, "ਪ੍ਰਭੂ ਭਗਤੀ ਰੂਪ ਗੰਗਾ ਦੀ ਲਹਿਰ ਅਤੇ ਮੇਰੇ ਜੀਵਨ `ਚ ਉਸਦੇ ਆ ਚੁੱਕੇ ਤੇਜ਼ ਬਹਾਵ ਨੇ, ਮੇਰੇ ਮਨ ਅੰਦਰ ਅਜਿਹਾ ਖੇੜਾ ਤੇ ਬਦਲਾਵ ਲੈ ਆਂਦਾ ਹੈ ਕਿ ਹੁਣ ਮੇਰੇ ਜੀਵਨ ਅੰਦਰੋਂ ਤ੍ਰਿਸ਼ਣਾ, ਮਾਇਕ ਰਸਾਂ, ਅਉਗੁਣਾਂ ਤੇ ਵਿਕਾਰਾਂ ਆਦਿ ਦੇ ਸਾਰੇ ਬੰਧਨ ਟੁੱਟ ਗਏ ਹਨ।

ਇਸ ਲਈ ਹੁਣ ਮੈਨੂੰ ਸੰਸਾਰਕ ਦੁਖ-ਸੁਖ ਇਉਂ ਮਹਿਸੂਸ ਹੁੰਦੇ ਹਨ ਜਿਵੇਂ ਕਬੀਰ ਬੜੇ ਅਨੰਦਤ ਮਨ ਨਾਲ, ਅਡੋਲ ਚਿੱਤ ਹੋ ਕੇ ਕਿਸੇ ਮ੍ਰਿਗ ਛਾਲਾ `ਤੇ ਆਸਨ ਲਗਾ ਕੇ ਬੈਠਾ ਹੋਵੇ। ੨।

"ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥ ੩ ॥ ੧੦॥ ੧੮॥" ਕਬੀਰ ਜੀ ਅੰਤਮ ਬੰਦ `ਚ ਕਹਿੰਦੇ ਹਨ, "ਇਸ ਸੰਸਾਰ `ਚ ਕਿਸੇ ਰਾਹੀਂ ਕੀਤੇ ਕਰਮਾਂ ਲਈ ਕੋਈ ਵੀ ਦੂਜਾ ਸੰਗੀ ਸਾਥੀ ਨਹੀਂ ਬਣ ਸਕਦਾ ਤੇ ਨਾਂ ਹੀ ਸੰਸਾਰਕ ਪ੍ਰਾਪਤੀਆਂ ਪ੍ਰਭੂ ਦੇ ਸੱਚ ਨਿਆਂ `ਚ ਕਿਸੇ ਦਾ ਸਾਥ ਦਿੰਦੀਆਂ ਹਨ ਜਿਵੇਂ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" (ਬਾਣੀ ਜਪੁ) ਆਦਿ

ਉਪ੍ਰੰਤ ਫ਼ੁਰਮਾਉਂਦੇ ਹਨ "ਧਰਤੀ ਤੇ ਪਾਣੀ ਭਾਵ ਹਰੇਕ ਓਕੜ ਤੇ ਦੁਖ-ਸੁਖ ਸਮੇਂ, ਫ਼ਿਰ ਕੇਵਲ ਇਸ ਲੋਕ ਹੀ ਨਹੀਂ ਬਲਕਿ ਪ੍ਰਲੋਕ `ਚ ਵੀ, ਸਭ ਥਾਂਵੇਂ ਜੀਵ ਦੀ ਜੇ ਕੋਈ ਬਹੁੜੀ ਕਰਣ ਵਾਲਾ ਹੈ ਤਾਂ ਉਹ ਕੇਵਲ ਤੇ ਕੇਵਲ ਇਕੋ ਇੱਕ ਪ੍ਰਭੂ ਅਕਾਲਪੁਰਖ ਹੀ ਹੈ। ੩ ॥ ੧੦॥ ੧੮॥"

ਉਪ੍ਰੰਤ ਸ਼ਬਦ ਵਿੱਚਲੇ ਪ੍ਰਕਰਣ ਤੇ ਪ੍ਰਤੀਕ:-

ਜੰਜੀਰ, ਗੰਗਾ, ਗੰਗਗੁਸਾਇਣ, ਗਹਿਰ ਗੰਭੀਰ, ਮ੍ਰਿਗਛਾਲਾ ਤੇ ਗੰਗਾ ਕੀ ਲਹਰਿ, ਇਨ੍ਹਾਂ ਕੁੱਝ ਅੱਖਰਾਂ ਦੇ ਮੂਲ ਅਰਥਾਂ ਨੂੰ ਉਨ੍ਹਾਂ ਦੇ ਪ੍ਰਕਰਣਾਂ ਤੇ ਪ੍ਰਤੀਕਾਂ ਨੂੰ ਸਮਝੇ ਬਿਨਾ ਹੀ ਉਸ ਫ਼ਰਜ਼ੀ ਕਹਾਣੀ ਦਾ ਪ੍ਰਚਲਤ ਹੋ ਜਾਣਾ ਆਪਣੇ ਆਪ ਸਪਸ਼ਟ ਹੈ ਅਤੇ ਸਾਬਤ ਵੀ ਇਹੀ ਹੁੰਦਾ ਹੈ।

ਜਦਕਿ ਇਨ੍ਹਾਂ ਲਫ਼ਜ਼ਾਂ ਦੇ ਅਰਥਾਂ ਨੂੰ ਇਨ੍ਹਾਂ ਦੇ ਪ੍ਰਕਰਣਾਂ ਅਨੁਸਾਰ ਸਮਝਣ ਦੀ ਲੋੜ ਹੈ; ਸ਼ਬਦ ਦਾ ਵਿਸ਼ਾ-ਵਸਤੂ ਅਤੇ ਸ਼ਬਦ ਦੇ ਮੂਲ ਅਰਥ ਉਪਰ ਦਿੱਤੇ ਜਾ ਚੁੱਕੇ ਅਰਥਾਂ ਅਨੁਸਾਰ ਆਪਣੇ ਆਪ ਸਪਸ਼ਟ ਹੋ ਜਾਣਗੇ।

ਦੇਖਣਾ ਹੈ ਕਿ ਸ਼ਬਦ `ਚ ਜੰਜੀਰ, ਗੰਗਾ, ਗੰਗਗੁਸਾਇਣ, ਗਹਿਰ ਗੰਭੀਰ, ਮ੍ਰਿਗਛਾਲਾ ਤੇ ਗੰਗਾ ਕੀ ਲਹਰਿ ਹੀ ਕੁੱਝ ਅਜਿਹੇ ਪ੍ਰਤੀਕ ਹਨ ਜਿਨ੍ਹਾਂ ਦੇ ਅਰਥਾਂ ਨੂੰ ਅਸਾਂ ਨਿਰੋਲ ਗੁਰਬਾਣੀ ਆਧਾਰ `ਤੇ ਅਤੇ ਪ੍ਰਕਰਣਾਂ ਅਨੁਸਾਰ ਸਮਝਣਾ ਹੈ, ਵਿਸ਼ਾ ਬਿਲਕੁਲ ਸਾਫ਼ ਹੋ ਜਾਵੇਗਾ।

ਅਸਲ `ਚ ਇਨ੍ਹਾਂ ਅੱਖਰਾਂ ਦੇ ਮੂਲ ਅਰਥਾਂ ਨੂੰ ਪ੍ਰਕਰਣਾਂ ਆਧਾਰਤ ਨਾ ਸਮਝਣ ਕਰਕੇ ਹੀ ਉਪ੍ਰੋਕਤ ਕਹਾਣੀ ਦਾ ਪ੍ਰਚਲਤ ਹੋਣਾ ਸਪਸ਼ਟ ਹੈ। ਜਦਕਿ ਅਕਾਲਪੁਰਖ ਦੇ ਨਿਰਮਲ ਭਉ ਤੇ ਗੁਰਬਾਣੀ ਵਿਚਾਰਧਾਰਾ ਦੀ ਸੀਮਾਂ `ਚ ਰਹਿੰਦੇ ਹੋਏ ਅਰਥਾਂ ਨੂੰ ਸਮਝਣ ਸਮੇਂ ਸਾਬਤ ਵੀ ਇਹੀ ਹੁੰਦਾ ਹੈ।

ਤਾਂ ਤੇ ਉਪ੍ਰੋਕਤ ਸ਼ਬਦਾਵਲੀ "ਜੰਜੀਰ, ਗੰਗਾ, ਗੰਗਗੁਸਾਇਣ, ਗਹਿਰ ਗੰਭੀਰ, ਮ੍ਰਿਗਛਾਲਾ ਤੇ ਗੰਗਾ ਕੀ ਲਹਰਿ" ਸੰਬੰਧੀ ਪਰ ਨਿਰੋਲ ਗੁਰਬਾਣੀ ਆਧਾਰਤ ਕੁੱਝ ਸੰਖੇਪ ਜਾਣਕਾਰੀਆਂ:-

ਪਹਿਲੀ ਪੰਕਤੀ ਵਿਚਲੇ ਗੰਗ ਗੁਸਾਇਨਿ ਉਪ੍ਰੰਤ ਦੂਜੇ ਬੰਦ `ਚ ਗੰਗਾ ਕੀ ਲਹਰਿ ਵਿਚਲੇ ਦੋ ਵਾਰੀ ਆਏ ਗੰਗ ਤੇ ਗੰਗਾ ਲਫ਼ਜ਼ਾਂ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਗੰਗਾ ਮੂਲ ਰੂਪ `ਚ ਇੱਕ ਨਦੀ ਦਾ ਨਾਮ ਵੀ ਹੈ; ਪਰ ਲਫ਼ਜ਼ ਗੰਗਾ ਦੇ ਕੁੱਝ ਹੋਰ ਪੱਖ ਵੀ ਹਨ ਜਿਵੇਂ:-

(ੳ) ਕਵੀ ਲੋਕ ਸਦਾ ਤੋਂ ਲਫ਼ਜ਼ ਗੰਗਾ ਤੇ ਗੰਗਾ ਨਦੀ ਨੂੰ ਬਹੁਤਾ ਕਰਕੇ ਪ੍ਰਤੀਕ ਵਜੋਂ ਵੀ ਵਰਤਦੇ ਆਏ ਹਨ। ਜਦਕਿ ਕੁੱਝ ਹੱਦ ਤੀਕ ਇੱਥੇ ਇਸ ਸ਼ਬਦ `ਚ ਕਬੀਰ ਜੀ ਨੇ ਅਤੇ ਅੱਗੇ ਚੱਲ ਕੇ ਦੇਖਾਂਗੇ ਕਿ ਬਾਕੀ ਗੁਰਬਾਣੀ `ਚ ਵੀ ਇਹ ਲਫ਼ਜ਼ ਬਹੁਤ ਵਾਰੀ ਪ੍ਰਤੀਕ ਵਜੋਂ ਵਰਤਿਆ ਹੋਇਆ ਹੈ।

(ਅ) ਸਾਧਾਰਣ ਬੋਲੀ `ਚ ਗੰਗਾ ਨਦੀ ਦੇ ਨਾਮ ਨੂੰ ਮੁਹਵਰਿਆਂ `ਚ ਵੀ ਵਰਤਿਆ ਜਾਂਦਾ ਹੈ ਜਿਵੇਂ "ਉਲਟੀ ਗੰਗਾ ਵਹਾਉਣੀ" ਜਾਂ "ਗੰਗਾ ਗਈਆਂ ਹੱਡੀਆਂ ਵਾਪਿਸ ਨਹੀਂ ਆਉਂਦੀਆਂ" ਤੇ "ਗੰਗਾ ਨਹਾਉਣਾ" ਆਦਿ।

(ਸ) ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਗੰਗਾ ਦਰਿਆ ਲਈ ਲਫ਼ਜ਼ ਗੰਗ ਗੁਸਾਇਨਿ ਗੰਗਾ ਦੇ ਪੁਜਾਰੀਆਂ ਅਤੇ ਸੰਪੂਰਣ ਅਨਮੱਤੀ ਰਚਨਾਵਾਂ `ਚ ਵੀ ਨਹੀਂ ਮਿਲਦਾ। ਇਸ ਲਈ ਵਿਚਾਰਅਧੀਨ ਸ਼ਬਦ `ਚੋਂ, ਲਫ਼ਜ਼ ਗੰਗ ਗੁਸਾਇਨਿ ਚੋਂ ਇਕੱਲੇ ਲਫ਼ਜ਼ ਗੰਗ ਨੂੰ ਪ੍ਰਕਰਣ ਅਨੁਸਾਰ ਗੰਗਾ ਨਦੀ ਦੇ ਅਰਥਾਂ `ਚ ਲੈ ਲੈਣਾ, ਕਿਸੇ ਤਰ੍ਹਾਂ ਵੀ ਯੋਗ ਨਹੀਂ। ਕਿਉਂਕਿ ਇਥੇ ਲਫ਼ਜ਼ ਗੰਗ ਗੁਸਾਇਨਿ ਜੁੜਵੇਂ ਅਰਥਾਂ `ਚ ਹੈ ਵੱਖ-ਵੱਖ ਅਰਥਾਂ `ਚ ਨਹੀਂ।

(ਹ) ਲਫ਼ਜ਼ ਗੰਗ ਗੁਸਾਇਨਿ ਆਪਣੇ ਆਪ `ਚ ਆਪਣੀ ਵਿਲਖਣਤਾ ਅਤੇ ਨਿਵੇਕਲੇ ਅਰਥਾਂ ਨੂੰ ਪ੍ਰਗਟ ਕਰ ਰਿਹਾ ਹੈ। ਇਸ ਲਈ ਇਹ ਵੀ ਦੇਖਾਂ ਗੇ ਕਿ ਇਹ ਪੂਰਾ ਲਫ਼ਜ਼ ਗੰਗਗੁਸਾਇਨਿ ਹੀ ਹੈ। ਇਸ ਲਈ ਗੰਗ ਤੇ ਗੁਸਾਇਨਿ ਇੱਥੇ ਦੋ ਵੱਖ ਵੱਖ ਲਫ਼ਜ਼ ਨਹੀਂ ਰਹਿ ਜਾਂਦੇ।

ਦਰਅਸਲ ਇੱਥੇ ਇਹ ਸਫ਼ਜ਼ ਰਚਨਾ ਦੇ ਇਕੋ ਇੱਕ ਮਾਲਿਕ, ਅਕਾਲਪੁਰਖ ਲਈ ਇਕੱਠਾ ਆਇਆ ਹੈ। ਨਾ ਕਿ ਗੰਗਾ ਨਦੀ ਲਈ ਗੰਗ ਵੱਖਰਾ ਤੇ ਗੁਸਾਇਨਿ ਵੱਖਰਾ। ਵਰਨਾ ਇਸ ਲਫ਼ਜ਼ ਦੇ ਅਸਲ ਅਰਥ, ਨਾ ਹੀ ਤਾਂ ਸਮਝ `ਚ ਆਉਣਗੇ ਤੇ ਨਾ ਉਘੜਣ ਗੇ ਹੀ। ਤਾਂ ਤੇ ਲਫ਼ਜ਼ ਗੰਗ ਗੁਸਾਇਨਿ ਸੰਬੰਧੀ ਵਿਸ਼ੇਸ਼ ਧਿਆਣ ਦੇਣ ਯੋਗ ਸ਼ੰਖੇਪ ਵੇਰਵਾ:-

ਇਥੇ ਕਬੀਰ ਸਾਹਿਬ ਦਾ ਇਹ ਲਫ਼ਜ਼ ਗੰਗ ਗੁਸਾਇਨਿ ਵੀ ਠੀਕ ਉਸੇਤਰ੍ਹਾਂ ਨਵਾਂ ਤੇ ਨਿਵੇਕਲਾ ਅਕਾਲਪੁਰਖ ਲਈ ਆਇਆ ਹੈ ਜਿਵੇਂ ਗੁਰਬਾਣੀ `ਚ ਗੁਰਦੇਵ ਵੱਲੋਂ ਲਫ਼ਜ਼ ਹਰਿਸਰ, ਬਿਲਕੁਲ ਨਵਾਂ ਤੇ ਨਿਵੇਕਲਾ "ਨਾਮ ਬਾਣੀ ਦੇ ਸਰੋਵਰ" ਅਤੇ "ਸਾਧ ਸੰਗਤ" ਲਈ ਆਇਆ ਹੈ। ਮਿਸਾਲ ਵਜੋਂ:-

"ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ" (ਪੰ: ੯੨੩) ਜਾਂ

"ਅਹਿਨਿਸਿ ਪ੍ਰੀਤਿ ਸਬਦਿ ਸਾਚੈ, ਹਰਿ ਸਰਿ ਵਾਸਾ ਪਾਵਣਿਆ" (ਪੰ: ੧੨੯) ਆਦਿ

ਹਾਲਾਂਕਿ ਉਥੇ ਵੀ ਸਾਡੇ ਕੁੱਝ ਲਿਖਾਰੀਆਂ ਨੇ ਗੁਰਬਾਣੀ ਵਿਚਲੇ ਉਸ ਨਰੋਏ ਲਫ਼ਜ਼ ਹਰਿਸਰ ਦੀ ਅਸਲੀਅਤ, ਉਸ ਦੇ ਨਿਵੇਕਲੇ ਤੇ ਮੂਲ ਗੁਰਬਾਣੀ ਅਰਥਾਂ ਨੂੰ ਸਮਝੇ ਬਿਨਾ ਬਦੋਬਦੀ ਹਰਦੁਆਰ ਕੀਤੇ ਹਨ। ਉਹ ਹਰਦੁਆਰ ਨਗਰ ਜਿਹੜਾ ਭਾਰਤ ਦੇ ਬ੍ਰਾਹਮਣੀ ਮਹੱਤਤਾ ਵਾਲਾ ਨਗਰ ਹੈ। ਜਦਕਿ ਦੂਜੇ ਪਾਸੇ ਗੰਗ ਗੁਸਾਇਨਿ ਦੀ ਤਰ੍ਹਾਂ ਬ੍ਰਾਹਮਣੀ ਮਹੱਤਤਾ ਵਾਲੇ ਹਰਦੁਆਰ ਨਗਰ ਲਈ ਸੰਪੂਰਣ ਬ੍ਰਾਹਮਣੀ ਰਚਨਾਵਾਂ `ਚ ਵੀ ਲਫ਼ਜ਼ ਹਰਿਸਰ ਕਿੱਧਰੇ ਨਹੀਂ ਆਇਆ।

ਦਰਅਸਲ ਇਹੀ ਵਿਸ਼ਾ ਇਥੇ ਕਬੀਰ ਜੀ ਦੇ ਆਪਣੇ ਵੱਲੋਂ ਘੜੇ ਤੇ ਵਰਤੇ ਹੋਏ ਲਫ਼ਜ਼ ਗੰਗਗੁਸਾਇਨਿ `ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ। ਉਂਝ ਪਹਿਲਾਂ ਵੀ ਸਪਸ਼ਟ ਕਰ ਆਏ ਹਾਂ ਤੇ ਇਥੇ ਦੌਰਾ ਰਹੇ ਹਾਂ, ਕਿ ਗੰਗਾ ਦਰਿਆ ਲਈ ਲਫ਼ਜ਼ ਗੰਗ ਗੁਸਾਇਨਿ ਗੰਗਾ ਦੇ ਪੁਜਾਰੀਆਂ ਅਤੇ ਅਨਮੱਤੀ ਰਚਨਾਵਾਂ `ਚ ਵੀ ਬਿਲਕੁਲ ਨਹੀਂ ਮਿਲਦਾ। ਠੀਕ ਉਸੇ ਤਰ੍ਹਾਂ ਜਿਵੇਂ ਹਰਦੁਆਰ ਨਗਰੀ ਲਈ ਬ੍ਰਾਹਮਣੀ ਰਚਨਾਵਾਂ `ਚ ਲਫ਼ਜ਼ ਹਰਿ ਸਰਿ ਕਿੱਧਰੇ ਨਹੀ ਆਇਆ। ਇਹ ਦੋਵੇਂ ਲਫ਼ਜ਼ ਗੁਰਬਾਣੀ ਦੇ ਆਪਣੇ ਤੇ ਨਿਵੇਕਲੇ ਅਰਥਾਂ `ਚ ਹਨ ਅਤੇ ਇਨ੍ਹਾਂ ਦੋਨਾਂ ਦੇ ਅਰਥ ਵੀ ਗੁਰਬਾਣੀ `ਚੋਂ ਹੀ ਮਿਲਣ ਗੇ।

ਇਸ ਤਰ੍ਹਾਂ ਪਹਿਲੀ ਪੰਕਤੀ `ਚ ਗੰਗ ਗੁਸਾਇਨਿ ਗਹਿਰ ਗੰਭੀਰ ਲਫ਼ਜ਼ ਵਰਤ ਕੇ ਕਬੀਰ ਸਾਹਿਬ ਕਹਿੰਦੇ ਹਨ "ਗੰਗ ਗੁਸਾਇਨਿ" ਭਾਵ ਰਚਨਾ ਦਾ ਮਾਲਿਕ, ਅਕਾਲਪੁਰਖ ਵੱਡਾ ਗਹਿਰ ਗੰਭੀਰ ਭਾਵ ਬੇਅੰਤ ਗੁਣਾ ਦਾ ਖਜ਼ਾਨਾ, ਸਰਬ ਸਮ੍ਰਥ ਅਤੇ ਅਨੰਤ ਹੈ। ਉਂਝ ਲਫ਼ਜ਼ "ਗੰਗ ਗੁਸਾਇਨਿ" ਦੇ ਅਰਥ ਵੀ ਅਕਾਲਪੁਰਖ ਹੀ ਹਨ ਇਸ ਬਾਰੇ ਵੀ ਅੱਗੇ ਚੱਲ ਕੇ ਘੋਖਾਂਗੇ।

ਇਸੇ ਤਰ੍ਹਾਂ "ਜੰਜੀਰ ਬਾਂਧਿ ਕਰਿ ਖਰੇ ਕਬੀਰ" `ਚ ਵੀ ਕਬੀਰ ਜੀ ਆਪਣੇ `ਤੇ ਘਟਾ ਕੇ ਕਹਿੰਦੇ ਹਨ, ਮਨੁੱਖ ਬਹੁਤਾ ਕਰਕੇ ਜੀਵਨ ਭਰ ਮਾਇਕ ਰਸਾਂ ਤੇ ਵਿਕਾਰਾਂ ਆਦਿ ਦੀਆਂ ਜ਼ਜੀਰਾਂ `ਚ ਜੱਕੜਿਆ ਰਹਿੰਦਾ ਹੈ। ਬੱਸ ਇਹੀ ਹੈ ਜੀਵ ਲਈ ਮਨੁੱਖਾ ਜਨਮ ਦੇ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ।

ਫ਼ਿਰ "ਗੰਗਾ ਕੀ ਲਹਰਿ, ਮੇਰੀ ਟੁਟੀ ਜੰਜੀਰ" ਦੂਜੇ ਬੰਦ `ਚ ਲਫ਼ਜ਼ ਗੰਗਾ, ਗੰਗਾ ਨਦੀ ਲਈ ਨਹੀਂ, ਕੇਵਲ ਪ੍ਰਤੀਕ ਹੈ। ਇਥੇ ਅਰਥ ਹਨ "ਮੇਰੇ ਜੀਵਨ ਅੰਦਰ ਅਚਾਣਕ ਆਏ ਨਾਮ ਬਾਣੀ ਦੇ ਤੇਜ਼ ਬਹਾਵ ਅਤੇ ਉਸਦੀ ਲਹਿਰ ਕਾਰਣ, ਮੇਰੀ ਮਾਇਕ ਬੰਧਨਾ ਦੀ ਉਹ ਜ਼ਜੀਰ ਟੁੱਟ ਗਈ, ਜਿਸ ਨੇ ਮੇਰੇ ਜੀਵਨ ਨੂੰ ਵਿਕਾਰਾਂ ਅਉਗੁਣਾਂ ਤੇ ਮਾਇਕ ਰਸਾਂ ਆਦਿ ਨਾਲ ਜੱਕੜਿਆ ਹੋਇਆ ਸੀ"।

ਉਂਝ ਗੁਰਬਾਣੀ `ਚ ਨਦੀ ਤੋਂ ਇਲਾਵਾ, ਲਫ਼ਜ਼ ਗੰਗਾ ਪ੍ਰਤੀਕਾਂ ਵਜੋਂ ਭਿੰਨ-ਭਿੰਨ ਅਰਥਾਂ `ਚ ਹੋਰ ਵੀ ਬਹੁਤ ਵਾਰ ਆਇਆ ਹੈ ਜਿਵੇਂ:-

ਜਨ ਕੇ ਚਰਨ ਤੀਰਥ ਕੋਟਿ ਗੰਗਾ (ਪੰ: ੮੨੮)

ਸੋ ਗਿਰਹੀ ਗੰਗਾ ਕਾ ਨੀਰੁ (ਪੰ: ੯੫੨)

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨ (ਪੰ: ੯੬੭)

ਗੰਗਾ ਕੈ ਸੰਗਿ ਸਲਿਤਾ ਬਿਗਰੀ॥ ਸੋ ਸਲਿਤਾ ਗੰਗਾ ਹੋਇ ਨਿਬਰੀ (ਪੰ: ੧੧੫੮)

ਗੰਗ ਜਮੁਨ ਜਉ ਉਲਟੀ ਬਹੈ (ਪੰ: ੧੧੬੬)

ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ॥

ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ॥ ੫੪ ॥ (ਪੰ: ਪੰ: ੧੩੬੭)

ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ॥

ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ॥ ੧੫੨ ॥ (ਪੰ: ੧੩੭੨)

ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸçਮਿ ਧਰੀਆ (ਪੰ: ੧੩੯੩)

ਸੰਸਾਰਿ ਸਫਲੁ ਗੰਗਾ ਗੁਰ ਦਰਸਨੁ, ਪਰਸਨ ਪਰਮ ਪਵਿਤ੍ਰ ਗਤੇ (ਪੰ: ੧੪੦੧)

ਇਸਤਰ੍ਹਾਂ ਜਦੋਂ ਸ਼ਬਦ ਦੇ ਅਰਥਾਂ ਦੀ ਗਹਿਰਾਈ `ਚ ਜਾਵੀਏ ਤਾਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਇਥੇ ਦੋਵੇਂ ਵਾਰੀ ਲਫ਼ਜ਼ ਗੰਗ ਤੇ ਗੰਗਾਗੰਗਾ ਨਦੀ ਲਈ ਨਹੀਂ ਹਨ। ਇਥੇ ਕਬੀਰ ਜੀ ਨੇ ਇਹ ਲਫ਼ਜ਼ ਕੇਵਲ ਪ੍ਰਤੀਕ ਵੱਜੋਂ ਨਿਵੇਕਲੇ ਤੇ ਦੋਨਾਂ ਵਾਰੀ ਭਿੰਨ ਭਿੰਨ ਅਰਥਾਂ `ਚ ਵਰਤੇ ਹਨ।

ਇਹ ਵੀ ਕਿ ਗੰਗਾ ਤੇ ਗੰਗਾ ਜਲ ਆਦਿ ਲਫ਼ਜ਼ ਗੁਰਬਾਣੀ `ਚ ਗੰਗਾ ਨਦੀ ਤੇ ਇਸਦੇ ਪ੍ਰਤੀਕਾਂ ਤੋਂ ਇਲਾਵਾ ‘ਅਕਾਲਪੁਰਖ’ ਤੇ "ਪ੍ਰਭੂ ਦੀ ਸਿਫ਼ਤ ਸਲਾਹ" ਲਈ ਵੀ ਕਈ ਵਾਰ ਆਏ ਹਨ ਜਿਵੇਂ:-

"ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ" (ਪੰ: ੧੪੦੯)

ਅਰਥ- (ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤਿ ਇਸ਼ਨਾਨ ਕਰਦੀ ਹੈ।

"ਗੰਗਾ ਜਲੁ ਗੁਰ ਗੋਬਿੰਦ ਨਾਮ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ" (ਪੰ: ੧੧੩੭) ਆਦਿ

ਤਾਂ ਤੇ ਗੰਗ ਗੁਸਾਇਨਿ ਅਤੇ ਗਹਿਰ ਗੰਭੀਰ ਸੰਬੰਧੀ ਕੁੱਝ ਹੋਰ ਵੇਰਵਾ:-

ਦੇਖਣਾ ਹੈ ਕਿ ਪਹਿਲੀ ਪੰਕਤੀ ਗੰਗ ਗੁਸਾਇਨਿ ਗਹਿਰ ਗੰਭੀਰ `ਚ ਕਬੀਰ ਜੀ ਨੇ ਵਿਸ਼ੇਸ਼ਣ, ਇੱਕ ਨਹੀਂ, ਦੋ ਵਰਤੇ ਹਨ। ਸ਼ਾਇਦ ਇਸ ਲਈ, ਤਾ ਕਿ ਅਰਥਾਂ ਸਮੇਂ ਜਗਿਆਸੂ ਟੱਪਲਾ ਨਾ ਖਾਣ। ਤਾਂ ਤੇ ਇੱਥੇ ਗੰਗ ਗੁਸਾਇਨਿ ਗਹਿਰ ਗੰਭੀਰ `ਚ ਉਹ ਦੋ ਵਿਸ਼ੇਸ਼ਣ ਹਨ ਗੁਸਾਇਨਿ ਅਤੇ ‘ਗਹਿਰ ਗੰਭੀਰ’ ਉਪ੍ਰੰਤ ਇਨ੍ਹਾਂ ਦੋਨਾਂ ਵਿਸ਼ੇਸ਼ਣਾ ਸੰਬੰਧੀ ਕੁੱਝ ਵੇਰਵਾ:-

ਪਹਿਲੀ ਪੰਕਤੀ `ਚ ਗੰਗਾ ਲਈ ਪਹਿਲਾ ਵਿਸ਼ੇਸ਼ਣ ਹੈ ‘ਗੁਸਾਇਨਿ’। ਇਹ ਲਫ਼ਜ਼ ਆਪਣੇ ਆਪ `ਚ ਲਫ਼ਜ਼ ‘ਗੁਸਾਈਂ’ ਦਾ ਇਸਤ੍ਰੀ ਲਿੰਗ ਹੈ। ਕਿਉਂਕਿ ਇਥੇ ਗੰਗਾ ਇਸਤ੍ਰੀ ਲਿੰਗ ਹੈ, ਇਸ ਲਈ ਕਬੀਰ ਜੀ ਨੇ ਇਸ ਦੇ ਨਾਲ ਵਿਸ਼ੇਸ਼ਣ ਵੀ ਇਸਤ੍ਰੀ ਲਿੰਗ ਹੀ ਵਰਤਿਆ ਹੈ।

ਉਪ੍ਰੰਤ ਗੁਰਬਾਣੀ ਅਨੁਸਾਰ ਲਫ਼ਜ਼ ਗੁਸਾਈਂ ਦਾ ਅਰਥ ਹੈ ਧਰਤੀ ਦਾ ਮਾਲਕ ‘ਅਕਾਲ ਪੁਰਖ’। ਸਪਸ਼ਟ ਹੈ ਇਸ ਤਰ੍ਹਾਂ ਲਫ਼ਜ਼ ‘ਗੁਸਾਇਨਿ’ ਦਾ ਅਰਥ ਵੀ ਧਰਤੀ ਦਾ ਮਾਲਕ ‘ਅਕਾਲ ਪੁਰਖ’ ਹੀ ਬਣੇਗਾ, ਰਵੇਗਾ ਅਤੇ ਇਹ ਹੈ ਵੀ। ਤਾਂ ਤੇ ਲਫ਼ਜ਼ ‘ਗੁਸਾਈਂ’ ਸੰਬੰਧੀ ਕੁੱਝ ਗੁਰਬਾਣੀ ਫ਼ੁਰਮਾਨ:-

"ਸੁਧ ਰਸ ਨਾਮੁ ਮਹਾ ਰਸੁ ਮੀਠਾ, ਨਿਜ ਘਰਿ ਤਤੁ ਗੁਸਾਂਈਂ" (ਪੰ: ੧੨੩੨)

"ਗੋਸਾਈ ਮਿਹੰਡਾ ਇਠੜਾ॥ ਅੰਮ ਅਬੇ ਥਾਵਹੁ ਮਿਠੜਾ" (ਪੰ: ੭੩)

"ਮੈ ਛਡਿਆ ਸਭੋ ਧੰਧੜਾ॥ ਗੋਸਾਈ ਸੇਵੀ ਸਚੜਾ" (ਪੰ: ੭੩) ਆਦਿ ਬੇਅੰਤ ਵਾਰ।

ਉਪ੍ਰੰਤ ਇਥੇ ਦੂਸਰਾ ਵਿਸ਼ੇਸ਼ਣ ਹੈ ‘ਗਹਿਰ ਗੰਭੀਰ’। ਜਦਕਿ ਗੁਰਬਾਣੀ ਅਨੁਸਾਰ ‘ਗਹਿਰ ਗੰਭੀਰ’ ਦਾ ਅਰਥ ਵੀ ‘ਅਕਾਲ ਪੁਰਖ’ ਹੀ ਹੈ ਕੋਈ ਵੀ ਹੋਰ ਦੂਜਾ ਅਰਥ ਨਹੀਂ ਜਿਵੇਂ:-

"ਵਡੇ ਮੇਰੇ ਸਾਹਿਬਾ ‘ਗਹਿਰ ਗੰਭੀਰਾ’ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ" (ਪੰ: ੯) ਜਾਂ

"ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ॥ ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ" (ਪੰ: ੨੨) ਹੋਰ

"ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ" (ਪੰ: ੩੮) ਇਸੇਤਰ੍ਹਾਂ ਇਹ ਵੀ ਬੇਅੰਤ ਵਾਰ।

ਸਪਸ਼ਟ ਹੋਇਆ ਕਿ ਵਿਚਾਰ ਅਧੀਨ ਸ਼ਬਦ `ਚ ਗੰਗ ਗੁਸਾਇਨਿ ਤੇ ਗਹਿਰ ਗੰਭੀਰ ਦੋਵੇਂ ਭਿੰਨ ਭਿੰਨ ਵਿਸ਼ੇਸ਼ਣ ਹਨ ਅਤੇ ਦੋਵੇਂ ਇਕੋ ਇੱਕ ‘ਅਕਾਲ ਪੁਰਖ’ ਲਈ ਆਏ ਹਨ।

ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਲਫ਼ਜ਼ ਗੰਗ ਗੁਸਾਇਣ ਦੋ ਗੰਗ+ਗੁਸਾਇਣ ਲਫ਼ਜ਼ਾਂ ਦੀ ਸੰਧੀ ਤੋਂ ਕਬੀਰ ਸਾਹਿਬ ਰਾਹੀਂ ਸਾਹਿਤ ਨੂੰ ਨਿਵੇਕਲੇ ਤੇ ਇੱਕ ਨਵੇਂ ਲਫ਼ਜ਼ ਦੀ ਦੇਣ ਹੈ। ਉਪ੍ਰੰਤ ਇਸ ਦੇ ਅਰਥ ਹਨ ਇਕੋ ਇੱਕ ਅਕਾਲਪੁਰਖ। ਜਿਵੇਂ ਦੇ ਹਰਿਸਰ ਦੇ ਅਰਥ ਹਨ ‘ਹਰੀ ਦੇ ਨਾਮ ਦਾ ਸਰੋਵਰ’ ਜਾਂ ਸਾਧਸਂਗਤ, ਨਾ ਕਿ ਬ੍ਰਾਹਮਣੀ ਨਗਰੀ ਹਰਿਦੁਆਰ।

ਸਪਸ਼ਟ ਹੈ ਕਿ ਲਿਖਾਰੀ (ਕਬੀਰ ਜੀ) ਦੀ ਵਿਚਾਰ ਦੇ ਉਲਟ, ਇਨ੍ਹਾਂ ਲਫ਼ਜ਼ਾਂ ਨੂੰ ਅੱਡ-ਅੱਡ ਅਰਥ ਕਰਣ ਦਾ ਵੀ ਕਿਸੇ ਨੂੰ ਹੱਕ ਨਹੀਂ ਰਹਿ ਜਾਂਦਾ। ਇਮਾਨਦਾਰੀ ਨਾਲ ਦੇਖੀਏ ਤਾਂ ਗੰਗ ਗੁਸਾਇਣ ਚੋਂ ਲਫ਼ਜ਼ ਗੰਗ ਨੂੰ ਅੱਡ ਕਰਕੇ ਪੰਕਤੀ ਦੇ ਢੁੱਕਵੇਂ ਤੇ ਯੋਗ ਅਰਥ ਕਿਸੇ ਤਰ੍ਹਾਂ ਬਣ ਵੀ ਨਹੀਂ ਸਕਦੇ; ਜਿਵੇ ਉਸ ਪ੍ਰਚਲਤ ਕਹਾਣੀ ਰਾਹੀਂ ਇਸਦੇ ਬਨਾਵਟੀ ਅਰਥ ਘੜ੍ਹ ਕੇ ਪ੍ਰਚਾਰੇ ਜਾ ਰਹੇ ਹਨ।

ਸ਼ਬਦ `ਚ ਆਏ ਪ੍ਰਤੀਕ ਜੰਜੀਰ ਬਾਰੇ:-

ਗੁਰਬਾਣੀ `ਚ ਮਨੁੱਖਾ ਜੀਵਨ ਅੰਦਰ ਮਾਇਕ ਬੰਧਨਾ, ਤ੍ਰਿਸ਼ਨਾ ਅਉਗੁਣਾਂ ਤੇ ਵਿਕਾਰਾਂ ਆਦਿ ਲਈ ਜੰਜੀਰ, ਜੇਵੜੀ, ਜੇਵੜੀਆ, ਜੇਵਰੀ, ਸਿਲਕ ਆਦਿ ਲਫ਼ਜ਼ ਵੀ ਬਹੁਤ ਵਾਰ ਆਏ ਹਨ, ਜਿਵੇਂ:-

"ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥ ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ" (ਪੰ: ੫੯੫)

"ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ॥ ਬਧੇ ਛੁਟਹਿ ਸਚਿ ਸਚੁ ਪਛਾਣੀਐ" (ਪੰ: ੧੨੮੭)

"ਇਕਨਾੑ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ" (ਪੰ: ੪੭੫)

"ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ॥ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ॥"

(ਪੰ: ੧੧੬੮).

ਮੈ ਜੁਗਿ ਜੁਗਿ ਦਯੈ ਸੇਵੜੀ॥ ਗੁਰਿ ਕਟੀ ਮਿਹਡੀ ਜੇਵੜੀ॥ ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ (ਪੰ: ੭੪)

"ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ॥ ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ" (ਪੰ: ੨੦੯).

ਪਰ ਘਰਿ ਚੀਤੁ ਮਨਮੁਖਿ ਡੋਲਾਇ॥ ਗਲਿ ਜੇਵਰੀ ਧੰਧੈ ਲਪਟਾਇ॥ ਗੁਰਮੁਖਿ ਛੂਟਸਿ ਹਰਿ ਗੁਣ ਗਾਇ (ਪੰ: ੨੨੬)

"ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ ੧ ॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ" (ਪੰ: ੩੨੯) ਆਦਿ।

ਮਾਇਆ ਸਿਲਕ ਕਾਟੀ ਗੋਪਾਲਿ॥ ਕਰਿ ਅਪੁਨਾ ਲੀਨੋ ਨਦਰਿ ਨਿਹਾਲਿ (੨੪੦)

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ॥ ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ (੨੪੩)

ਉਂਝ ਜੰਜੀਰ, ਜੇਵੜੀ, ਜੇਵੜੀਆ, ਜੇਵਰੀ, ਸਿਲਕ ਆਦਿ ਲਫ਼ਜ਼ਾਂ ਲਈ ਹੀ ਗੁਰਬਾਣੀ `ਚ ਮਨੁੱਖਾ ਜੀਵਨ ਨਾਲ ਸੰਬੰਧਤਤਲਫ਼ਜ਼ ਅਵਗੁਣ-ਅਉਗੁਣ, ਆਦਿ ਵੀ ਬੇਅੰਤ ਵਾਰ ਆਏ ਹਨ ਜਿਵੇਂ:-

"ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ॥ ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ" (ਪੰ: ੩੭)

"ਰਸਨਾ ਗੁਣ ਗਾਵੈ ਹਰਿ ਤੇਰੇ॥ ਮਿਟਹਿ ਕਮਾਤੇ ਅਵਗੁਣ ਮੇਰੇ॥ ਸਿਮਰਿ ਸਿਮਰਿ ਸੁਆਮੀ ਮਨੁ ਜੀਵੈ, ਪੰਚ ਦੂਤ ਤਜਿ ਤੰਗਨਾ" (ਪੰ: ੧੦੮੦)

"ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ॥ ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ" (ਪੰ: ੧੦੮੮)

ਉਪ੍ਰੰਤ ਸ਼ਬਦ ਵਿੱਚਲੀ ਪੰਕਤੀ "ਜੰਜੀਰ ਬਾਂਧਿ ਕਰਿ ਖਰੇ ਕਬੀਰ" ਬਾਰੇ:-

(ੳ) ਇਹ ਹੋਰ ਵਿਸ਼ੇਸ਼ ਵਿਸ਼ਾ, ਜੇਕਰ ਸ਼ਬਦ `ਚੋਂ ਕੇਵਲ ਇਸ ਇਕੱਲੀ ਪੰਕਤੀ "ਜੰਜੀਰ ਬਾਂਧਿ ਕਰਿ ਖਰੇ ਕਬੀਰ" ਨੂੰ ਹੀ ਗਹੁ ਨਾਲ ਪੜ੍ਹ ਤੇ ਵਿਚਾਰ ਲਿਆ ਜਾਵੇ ਤਾਂ ਸ਼ਬਦ ਵਿਚਲੀ ਇਹ ਇਕੱਲੀ ਪੰਕਤੀ ਹੀ ਉਸ ਪ੍ਰਚਲਤ ਕਹਾਣੀ ਨੂੰ ਮਨਘੜੰਤ ਤੇ ਖੋਖਲੀ ਸਾਬਤ ਕਰਣ ਲਈ ਕਾਫ਼ੀ ਹੈ।

(ਅ) ਇਹ ਇਕੱਲੀ ਪੰਕਤੀ ਆਪਣੇ ਆਪ `ਚ ਸਬੂਤ ਹੈ ਕਿ ਉਨ੍ਹਾਂ ਜੰਜੀਰਾਂ ਨਾਲ ਕਬੀਰ ਜੀ ਨੂੰ ਨਾ ਕਿਸੇ ਦੂਜੇ ਮਨੁੱਖ ਨੇ ਤੇ ਨਾ ਕਿਸੇ ਹੋਰ ਦੇ ਹੁਕਮ ਨਾਲ ਜੱਕੜਿਆ ਹੋਇਆ ਸੀ। ; ਇਸ ਤਰ੍ਹਾਂ ਨਾ ਕਬੀਰ ਜੀ ਲਈ, ਕਿਸੇ ਬਾਦਸ਼ਾਹ ਨੇ ਅਜਿਹਾ ਹੁਕਮ ਹੀ ਕੀਤਾ ਸੀ। ਬਲਕਿ ਉਹ ਜੰਜੀਰ ਤਾਂ "ਜੰਜੀਰ ਬਾਂਧਿ ਕਰਿ ਖਰੇ ਕਬੀਰ" ਕਬੀਰ ਜੀ ਆਪ ਹੀ ਆਪਣੇ ਲਈ ਬੰਨ੍ਹ ਕੇ ਖਲੋਤੇ ਹੋਏ ਸਨ।

(ੲ) ਕਿਉਂਕਿ ਇਥੇ ਸ਼ਬਦ `ਚ ਤਾਂ ਕਬੀਰ ਸਾਹਿਬ ਵਿਸ਼ੇ ਨੂੰ ਉੱਤਮ ਪੁਰਖ `ਚ ਆਪਣੇ `ਤੇ ਘਟਾ ਕੇ ਤੇ ਆਪ ਹੀ ਬਿਆਣ ਰਹੇ ਹਨ। ਕਹਿੰਦੇ ਹਨ ਪਹਿਲਾਂ ਤਾਂ ਮੈਂ ਮਾਇਕ ਰਸਾਂ, ਤ੍ਰਿਸ਼ਨਾ, ਵਿਕਾਰਾਂ ਤੇ ਅਉਗੁਣਾਂ ਆਦਿ ਦੀਆਂ ਜੰਜੀਰਾਂ ਨਾਲ ਜੱਕੜਿਆਂ ਪਿਆ ਸਾਂ। ਪਰ ਹੁਣ "ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ" ਮੇਰੇ ਜੀਵਨ ਅੰਦਰ ਪ੍ਰਭੂ ਭਗਤੀ ਦੇ ਆ ਚੁੱਕੇ ਤੇਜ਼ ਬਹਾਵ ਕਾਰਣ, ਉਹ ਅਉਗੁਣਾਂ, ਵਿਕਾਰਾਂ ਤੇ ਮਾਇਕ ਰਸਾਂ ਦੀ ਜੰਜੀਰ ਆਪਣੇ ਆਪ ਟੁੱਟ ਗਈ ਹੈ।

(ਸ) ਬਲਕਿ ਆਪਣੇ ਸਲੋਕ ਨੰ: ੧੧੭ `ਚ ਵੀ "ਕਬੀਰ ਜਗੁ ਬਾਧਿਓ ਜਿਹ ਜੇਵਰੀ, ਤਿਹ ਮਤ ਬੰਧਹੁ ਕਬੀਰ॥ ਜੈਹਹਿ ਆਟਾ ਲੋਨ ਜਿਉ, ਸੋਨ ਸਮਾਨਿ ਸਰੀਰੁ॥ (੧੩੭੦), ਇਥੇ ਪ੍ਰਕਰਣ ਦੀ ਸਾਂਝ ਵਿਸ਼ੇਸ਼ ਧਿਆਨ ਮੰਗਦੀ ਹੈ ਜਿਸ ਤੋਂ ਇਹ ਵਿਸ਼ਾ ਹੋਰ ਵੀ ਸਾਫ਼ ਹੋ ਜਾਣਾ ਚਾਹੀਦਾ ਹੈ।

ਤਾਂ ਤੇ ਸ਼ਬਦ ਵਿੱਚਲਾ ਪ੍ਰਤੀਕ ਮ੍ਰਿਗਛਾਲਾ:-

ਕਬੀਰ ਜੀ ਆਪਣੇ ਇੱਕ ਹੋਰ ਸ਼ਬਦ `ਚ "ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ" (ਪੰ: ੪੭੭)। ਸਮਝਣਾ ਹੈ ਕਿ ਲਫ਼ਜ਼ ਮਿਰਗਾਣੀ ਦੇ ਅਰਥ ਵੀ ਮ੍ਰਿਗਛਾਲਾ ਹੀ ਹਨ। ਇਸ ਤਰ੍ਹਾਂ ਇਥੇ ਕਬੀਰ ਜੀ ਕਹਿ ਰਹੇ ਹਨ "ਐ ਭਾਈ! ਤੂੰ ਪੰਜਾਂ ਵਿਕਾਰਾਂ ਨੂੰ ਆਪਣੇ ਬੈਠਣ ਲਈ ਮਿਰਗਾਣੀ ਬਣਾ ਲੈ ਭਾਵ ਤੂੰ ਇਨ੍ਹਾਂ ਦੇ ਦਬਾਅ `ਚੋਂ ਆਪਣੇ ਜੀਵਨ ਨੂੰ ਆਜ਼ਾਦ ਕਰ।

ਜਦਕਿ ਇਸ ਤੋਂ ਵੀ ਵੱਡੀ ਗੱਲ ਕਿ ਆਪਣੀਆਂ ਹੀ ਲਿਖ਼ਤਾਂ `ਚ ਮਿਰਗਾਣੀ ਤੇ ਮ੍ਰਿਗਛਾਲਾ ਦੋਨਾਂ ਪਰਿਯਾਵਾਚੀ ਲਫ਼ਜ਼ਾਂ ਨੂੰ ਵਰਤਣ ਵਾਲਾ ਲੇਖਕ ਇਕੋ ਹੀ ਹੈ, ਭਿੰਨ ਭਿੰਨ ਨਹੀਂ ਹਨ।

ਅੰਤ `ਚ ਇੱਕ ਵਾਰੀ ਫ਼ਿਰ ਪੂਰੇ ਸ਼ਬਦ ਦੇ ਕ੍ਰਮਵਾਰ ਅਰਥ:-

ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥ ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥

ਰਹਾਉ ਦੇ ਬੰਦ `ਚ ਕਬੀਰ ਜੀ, ਪ੍ਰਭੂ ਦੀ ਬਖ਼ਸ਼ਿਸ਼ ਨਾਲ ਉੱਤਮ ਤੇ ਮਜ਼ਬੂਤ ਹੋ ਚੁੱਕੀ ਆਪਣੀ ਆਤਮਕ ਅਵਸਥਾ ਨੂੰ ਉਤੱਮ ਪੁਰਖ `ਚ ਬਿਆਣ ਕਰ ਰਹੇ ਹਨ। ਫ਼ੁਰਮਾਅ ਰਹੇ ਹਨ:-

ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਜਦੋਂ ਮਨੁੱਖੀ ਮਨ ਇੱਕ ਵਾਰ ਆਤਮਕ ਤੌਰ `ਤੇ ਬਲਵਾਨ ਹੋ ਜਾਂਦਾ ਹੈ ਤਾਂ ਸੰਸਾਰਕ ਉਤਾਰ-ਚੜ੍ਹਾਵ ਮਨ ਦੀ ਉਸ ਆਤਮਕ ਅਵਸਥਾ ਨੂੰ ਨਹੀਂ ਡੁਲਾਅ ਸਕਦੇ (ਰਹਾਉ)

ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ ੧ 

ਕਬੀਰ ਜੀ ਸ਼ਬਦ ਦੇ ਪਹਿਲੇ ਬੰਦ `ਚ ਪ੍ਰਭੂ ਅਕਾਲਪੁਰਖ ਨੂੰ ਅਨੰਤ ਵਡਿਆਈਆਂ ਤੇ ਸਿਫ਼ਤਾਂ ਦਾ ਮਾਲਿਕ ਬਿਆਣਦੇ ਹੋਏ ਸੰਸਾਰਕ ਮੋਹ ਮਾਇਆ ਤੇ ਵਿਕਾਰਾਂ ਦੀਆਂ ਜ਼ਜੀਰਾਂ `ਚ ਬੱਝੇ ਹੋਏ ਮਨੁੱਖ ਦੇ ਮਨ ਦੀ ਹਾਲਤ ਨੂੰ ਆਪਣੇ `ਤੇ ਘਟਾ ਕੇ ਉੱਤਮ ਪੁਰਖ `ਚ ਬਿਆਣ ਕਰ ਰਹੇ ਹਨ।

ਗੰਗਾ ਕੀ ਲਹਰਿ, ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ ੨ 

ਦੂਜੇ ਬੰਦ `ਚ ਕਬੀਰ ਜੀ ਸਪਸ਼ਟ ਕਰਦੇ ਹਨ, ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਮੇਰੇ ਮਨ ਅੰਦਰ ਆ ਚੁੱਕੇ ਪ੍ਰਭੂ ਭਗਤੀ ਤੇ ਸ਼ਿਫ਼ਤ ਸਲਾਹ ਦਾ ਤੇਜ਼ ਬਹਾਵ ਅਥਵਾ ਲਹਿਰ ਕਾਰਣ ਮੇਰੇ ਜੀਵਨ `ਚੋਂ ਸੰਸਾਰਕ ਮੋਹ ਮਾਇਆ, ਅਉਗੁਣਾਂ ਤੇ ਵਿਕਾਰਾਂ ਆਦਿ ਦੀਆਂ ਜ਼ਜੀਰਾਂ ਟੁੱਟ ਗਈਂਆਂ ਹਨ।

ਇਸ ਤਰ੍ਹਾਂ ਕਬੀਰ ਜੀ ਮਨੁੱਖਾ ਮਨ ਦੀ ਉਸ ਬਦਲੀ ਹੋਈ ਟਿਕਾਅ ਤੇ ਸਹਿਜ ਅਵਸਥਾ ਨੂੰ ਮੇਰੀ ਟੁਟੀ ਜੰਜੀਰ ਵਾਲੀ ਸ਼ਬਦਾਵਲੀ ਨਾਲ ਬਿਆਣ ਕਰਦੇ ਹਨ ਹੋਏ ਫ਼ੁਰਮਾਉਂਦੇ ਹਨ:-

ਮੈਨੂੰ ਹੁਣ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਕਬੀਰ ਹੁਣ ਅਡੋਲ ਚਿੱਤ ਹੋ ਕੇ ਸਹਿਜ ਅਵਸਥਾ `ਚ, ਬੜੇ ਅਨੰਦ ਨਾਲ ਕਿਸੇ ਮ੍ਰਿਗਛਾਲਾ ਤੇ ਬੈਠਾ ਹੋਇਆ ਹੋਵੇ।

ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥ ੩ 

ਸ਼ਬਦ ਦੇ ਤੀਜੇ ਤੇ ਆਖ਼ਰੀ ਬੰਦ `ਚ ਕਬੀਰ ਜੀ ਆਪਣੇ ਮਨ ਅੰਦਰ ਪ੍ਰਭੂ ਬਾਰੇ ਬਣ ਚੁੱਕੇ ਅਕੱਟ ਤੇ ਅਟੁੱਟ ਵਿਸ਼ਵਾਸ ਨੂੰ ਬੜੀ ਦ੍ਰਿੜਤਾ ਨਾਲ ਬਿਆਣਦੇ ਤੇ ਕਹਿੰਦੇ ਹਨ:-

ਐ ਦੁਨਿਆਂ ਦੇ ਲੋਕੋ! ਜਦੋਂ ਸਾਰੇ ਸੰਸਾਰਕ ਰਿਸ਼ਤੇ ਤੇ ਦੁਨਿਆਵੀ ਪ੍ਰਾਪਤੀਆਂ ਮਨੁੱਖ ਦਾ ਸਾਥ ਛੱਡ ਜਾਣ ਤਾਂ ਅਜਿਹੇ ਔਖੇ ਸਮੇਂ ਵੀ ਪ੍ਰਭੂ ਆਪਣੇ ਪਿਆਰਿਆਂ ਦੀ ਆਪ ਰਖਿਆ ਕਰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top