Khalsa News homepage

 

 Share on Facebook

Main News Page

ਪੂਰਬਲੇ ਜਨਮ - ਕਰਮ
-: ਵੀਰ ਭੁਪਿੰਦਰ ਸਿੰਘ
2013

ਗੁਰਬਾਣੀ ਵਿੱਚ ਵਰਤੇ ਗਏ, ਧੁਰ ਕਰਮ, ਪੂਰਬਲੇ ਕਰਮ, ਮੱਥੇ ਲਿਖੇ ਭਾਗ, ਜਨਮ ਜਨਮ ਕੀ ਸੋਈ ਜਾਗੀ ਆਦਿ ਲਫ਼ਜ਼ਾਂ ਦਾ ਕੀ ਭਾਵ ਅਰਥ ਹੈ ?

ਸੋਇਆ (ਸੁੱਤਾ) ਮਨ ਜਾਂ ਹਨੇਰਾ ਇਕੋ ਗੱਲ ਦੇ ਪ੍ਰਤੀਕ ਹਨ। ਜਿਵੇਂ ਹਨੇਰੇ ਚ ਕੁਝ ਨਹੀਂ ਦਿਸਦਾ, ਉਵੇਂ ਸੁੱਤੇ ਮਨ ਨੂੰ ਆਪਣੇ ਖਿਆਲਾਂ ਅਤੇ ਕੀਤੇ ਕਰਮਾਂ ਦੇ ਨਤੀਜਿਆਂ ਬਾਰੇ ਕੁਝ ਨਹੀਂ ਦਿਸਦਾ। ਜਦੋਂ ਮਨੁੱਖ ਅਗਿਆਨਤਾ ਵਸ ਆਪਣੇ ਮਨ ਪਿਛੇ ਤੁਰਦਾ ਰਹਿੰਦਾ ਹੈ ਤਾਂ ਆਤਮਕ ਮੌਤ ਮਰਦਾ ਰਹਿੰਦਾ ਹੈ। ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ।। ਸਾਬਤੁ ਵਸਤੁ ਓਹੁ ਅਪਨੀ ਲਹੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 182) ਜੇਕਰ ਮਨ, ਸਤਿਗੁਰ (ਗਿਆਨ-ਗੁਰੂ) ਅਨੁਸਾਰ ਜਾਗ ਪਵੇ ਤਾਂ ਆਪਣੇ ਅੰਦਰੋਂ ਹੋਰਨਾਂ ਜੂਨੀਆਂ ਵਾਲੀ (ਸੋਚਣੀ, ਕਰਨੀਆਂ) ਬਿਰਤੀ ਤੋਂ ਜਾਗਰੁਕ ਹੋ ਜਾਂਦਾ ਹੈ, ਸਿੱਟੇ ਵਜੋਂ ਉਸਨੂੰ ਅਪਣਾ ਮੂਲ ਪਛਾਣ ਦੀ ਸੋਝੀ ਪੈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਚ ਇਸੇ ਅਵਸਥਾ ਨੂੰ ਜਨਮ ਜਨਮ ਕੀ ਸੋਈ ਜਾਗੀ ਕਿਹਾ ਗਿਆ ਹੈ। ਇਸੇ ਤਰ੍ਹਾਂ ਸਾਨੂੰ ਮੱਥੇ ਲਿਖੇ ਭਾਗ, ਪੂਰਬਲੇ ਕਰਮ, ਗਰਭ ਭ੍ਰਮਾਹਿ, ਤਕਦੀਰ, ਪਿਛਲੇ ਜਨਮ ਕਰਕੇ ਕਿਸਮਤ ਜੈਸੇ ਅਨੇਕਾਂ ਪਹਿਲੂਆਂ ਨੂੰ ਵਿਚਾਰਨਾ ਪਵੇਗਾ।

ਆਮ ਤੌਰ 'ਤੇ ਪੂਰਬਲੇ ਕਰਮ ਦੇ ਅਰਥ ਪਿਛਲੇ ਜਨਮ ਦੇ ਕਰਮ ਸਮਝੇ ਜਾਂਦੇ ਹਨ ਅਤੇ ਇਸੇ ਸੋਚ ਦਾ ਮੁਥਾਜ ਹੋ ਕੇ ਮਨੁੱਖ ਵਹਿਮਾਂ, ਭਰਮਾਂ, ਡਰ, ਚਿੰਤਾ, ਫਿਕਰ ਅਤੇ ਲਾਲਚ ਵਿੱਚ ਫਸ ਕੇ ਸਾਰੀ ਜ਼ਿੰਦਗੀ, ਅਸ਼ਾਂਤ ਅਤੇ ਬੇਚੈਨ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਉਸ ਵਿਚਾਰਧਾਰਾ ਨੂੰ ਰੱਦ ਕਰਦੀ ਹੈ ਅਤੇ ਮਨੁੱਖ ਨੂੰ ਸਮਝਾਉਂਦੀ ਹੈ :-

ਆਪੇ ਬੀਜਿ ਆਪੇ ਹੀ ਖਾਹੁ।। ਨਾਨਕੁ ਹੁਕਮੀ ਆਵਹੁ ਜਾਹੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 4)

ਅਤੇ

ਦਦੈ ਦੋਸੁ ਨਾ ਦੇਊ ਕਿਸੈ ਦੋਸੁ ਕਰੰਮਾ ਆਪਣਿਆ।। ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 433)

ਸਾਰੀ ਸ੍ਰਿਸ਼ਟੀ ਵਿੱਚ ਕੁਦਰਤ ਦਾ ਹੁਕਮ, ਨਿਯਮ ਸਭ ਲਈ, ਸਭ ਜਗ੍ਹਾ, ਇਕੋ ਜਿਹਾ ਲਾਗੂ ਹੁੰਦਾ ਹੈ ਕਿ ਮਨੁੱਖ ਜੈਸਾ ਬੀਜਦਾ ਹੈ ਵੈਸਾ ਹੀ ਵੱਢਦਾ ਹੈ ਭਾਵ ਜੈਸੇ ਕਰਮ ਕਰਦਾ ਹੈ ਵੈਸੇ ਹੀ ਨਤੀਜੇ ਆਉਂਦੇ ਹਨ। ਇਥੋਂ ਇਹ ਗੱਲ ਵੀ ਸਮਝ ਪੈਂਦੀ ਹੈ ਕਿ ਜੇ ਮਨੁੱਖ ਆਪ ਹੀ ਕਰਮਾਂ ਦਾ ਬੀਜ ਬੀਜਦਾ ਹੈ ਅਤੇ ਆਪ ਹੀ ਵੱਢਦਾ ਹੈ ਤਾਂ ਫਿਰ ਮਾਤਾ-ਪਿਤਾ, ਸੰਗੀ-ਸਾਥੀ, ਧੀ-ਪੁੱਤ, ਪਤੀ-ਪਤਨੀ ਜਾਂ ਕੋਈ ਸੰਤ ਸਾਧੂ ਕਿਸੇ ਦਾ ਬੀਜਿਆ, ਨਹੀਂ ਵੱਢ ਸਕਦਾ।

ਮਨੁੱਖ ਜੇਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤੁ (ਗੁਰੂ ਗ੍ਰੰਥ ਸਾਹਿਬ, ਪੰਨਾ : 134) ਅਨੁਸਾਰ ਜੈਸੇ-ਜੈਸੇ ਖਿਆਲ ਅਤੇ ਕਰਮਾਂ ਦਾ ਬੀਜ ਬੀਜਦਾ ਹੈ ਵੈਸਾ ਹੀ ਬਣਦਾ ਜਾਂਦਾ ਹੈ ਭਾਵ ਜੈਸੇ ਖਿਆਲਾਂ ਅਤੇ ਕਰਮਾਂ ਦਾ ਧਾਰਨੀ ਇਸੇ ਜੀਵਨ ਚ ਬਣਦਾ ਜਾਂਦਾ ਹੈ ਵੈਸਾ ਹੀ ਫ਼ਲ ਇਸੇ ਜੀਵਨ ਚ ਪ੍ਰਾਪਤ ਕਰਦਾ ਹੈ। ਆਪਣੇ ਖਿਆਲਾਂ ਅਤੇ ਇਥੇ ਕੀਤੇ ਕਰਮਾਂ ਅਨੁਸਾਰ ਮਨੁੱਖ ਆਪ ਹੀ ਚੰਗਾ ਜਾਂ ਮੰਦਾ ਫਲ ਪ੍ਰਾਪਤ ਕਰਦਾ ਹੈ।

ਪਿਤਾ ਡਾਕਟਰ ਹੋਵੇ, ਜ਼ਰੂਰੀ ਨਹੀਂ ਕਿ ਪੁਤਰ ਵੀ ਡਾਕਟਰ ਬਣੇਗਾ, ਪਿਤਾ ਕਾਰਨ ਮਾਹੌਲ ਦੇਣ ਨਾਲ ਪੁੱਤਰ ਡਾਕਟਰ ਬਣੇ, ਹੋਰ ਗੱਲ ਹੈ ਪਰ ਬਿਨਾ ਪੜਿਆ, ਪੁੱਤਰ ਡਾਕਟਰ ਨਹੀਂ ਹੋ ਸਕਦਾ। ਇੰਜੀਨੀਅਰ ਦਾ ਪੁੱਤਰ (ਬਿਨਾਂ ਪੜਿਆਂ) ਇੰਜੀਨੀਅਰ ਨਹੀਂ ਅਖਵਾ ਸਕਦਾ। ਉਸੀ ਤਰ੍ਹਾਂ ਇਥੇ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ (ਗੁਰੂ ਗ੍ਰੰਥ ਸਾਹਿਬ, ਪੰਨਾ : 406) - ਅਨੁਸਾਰ ਜੋ ਕਰਮ ਕੋਈ ਹੱਥ ਕਰਦਾ ਹੈ, ਉਸ ਦਾ ਫਲ ਉਸੇ ਹੱਥ ਨੂੰ ਪ੍ਰਾਪਤ ਹੁੰਦਾ ਹੈ। ਭਾਵ ਜੋ ਮਨੁੱਖ ਚੰਗਾ ਕਰਦਾ ਹੈ ਉਸ ਦਾ ਚੰਗਾ ਫਲ ਅਤੇ ਜੋ ਮਾੜਾ ਕਰਦਾ ਹੈ ਉਸਦਾ ਮਾੜਾ ਫਲ ਉਸ ਮਨੁੱਖ ਦੀ ਸੁਰਤ, ਬੁਧ ਅਤੇ ਮਨ ਨੂੰ ਪ੍ਰਾਪਤ ਹੁੰਦਾ ਹੈ। ਰੱਬੀ ਨਿਯਮ ਅਟਲ (Inevitable) ਹਨ। ਅਸੀਂ ਆਪਣੇ ਮਨ ਵਿੱਚ ਜੋ ਖਿਆਲ, ਫੁਰਨੇ (ਸੰਸਕਾਰ) ਬਣਾਉਂਦੇ ਹਾਂ, ਉਨ੍ਹਾਂ ਅਨੁਸਾਰ ਰੱਬ ਜੀ, ਮਨ ਵਿੱਚ ਨਿਆਂ ਦੀ ਤੱਕੜੀ ਰਾਹੀਂ, ਨਾਲੋ-ਨਾਲ ਨਿਰਣਾ ਕਰਦੇ ਜਾਂਦੇ ਹਨ। ਕਰਮਾਂ ਦਾ ਨਿਬੇੜਾ ਨਾਲੋ-ਨਾਲ ਹੋ ਜਾਂਦਾ ਹੈ ਉਸੇ ਅਨੁਸਾਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ਮਨੁੱਖ ਰੱਬ ਜੀ ਤੋਂ (ਆਤਮਕ) ਨੇੜੇ ਜਾਂ ਦੂਰ ਹੋ ਜਾਂਦਾ ਹੈ।

ਸਰੀਰਕ ਜੀਵਨ ਨੂੰ ਪ੍ਰਾਪਤ ਕਰਕੇ, ਹੁਣ ਤੱਕ (ਪਿਛਲੇ ਪਲ ਤੱਕ) ਮਨੁੱਖ ਰੱਬੀ ਗੁਣਾਂ ਨੂੰ ਜਿਊਣ ਲਈ ਜੋ ਵੀ ਉਦਮ (efforts) ਕਰਦਾ ਹੈ, ਉਨ੍ਹਾਂ ਨਾਲ ਜੋ ਚੰਗੀ ਸ਼ਖਸੀਅਤ ਪ੍ਰਾਪਤ ਹੁੰਦੀ ਹੈ, ਉਸ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਕਹਿੰਦੇ ਹਨ। ਜਿਸ ਪਲ ਤੋਂ ਮਨੁੱਖ ਸਤਿਗੁਰ (ਗਿਆਨ-ਗੁਰੂ) ਰਾਹੀਂ ਬਿਬੇਕ ਬੁੱਧੀ ਪ੍ਰਾਪਤ ਕਰ ਕੇ, ਆਪਣੇ ਜੀਵਨ ਦੀ ਉਸਾਰੀ ਸਹਿਜ, ਸਬਰ, ਸੰਤੋਖ, ਮਿੱਠਾ ਬੋਲ, ਥਿਰ ਮਤ ਅਤੇ ਬੇਅੰਤ ਰੱਬੀ ਗੁਣਾਂ ਰਾਹੀਂ ਕਰਦਾ ਹੈ, ਇਹੋ ਪੂਰਬਲੇ ਕਰਮਾਂ ਚੋਂ ਅੰਕੁਰ ਪ੍ਰਗਟ ਹੋਣ ਦਾ ਲਖਾਇਕ ਹੈ। ਗੁਰਬਾਣੀ ਵਿੱਚ ਇਸੇ ਨੂੰ ਪੂਰਬ-ਕਰਮ, ਪੂਰਬ-ਜਨਮ ਦੀ ਤਸ਼ਬੀਹ ਦਿੱਤੀ ਗਈ ਹੈ।

ਸਲੋਕ ਮ: ੩॥
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ॥ ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ॥ ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ॥੧॥
(ਗੁਰੂ ਗ੍ਰੰਥ ਸਾਹਿਬ, ਪੰਨਾ : 84)

ਪ੍ਰੋ. ਸਾਹਿਬ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਭਾਗ-1 ਵਿੱਚ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕਰਦੇ ਹਨ :-

ਪੂਰਬਿ ਲਿਖਿਆ - ਪਹਿਲਾਂ ਤੋਂ ਕਮਾਇਆ ਹੋਇਆ। ਮਨੁੱਖ ਜੋ ਜੋ ਕਰਮ ਕਰਦਾ ਹੈ ਉਸ ਕਰਮ ਦਾ ਅਸਰ ਮਨ ਤੇ ਪੈਂਦਾ ਹੈ, ਜਿਸ ਵਾਸਤੇ ਸੰਸਕਾਰ ਲਫ਼ਜ਼ ਵਰਤਿਆ ਜਾ ਸਕਦਾ ਹੈ। ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ। ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ। ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ। ਸੋ ਮਨੁੱਖ ਦਾ ਮਨ ਕੀ ਹੈ ? ਉਸ ਦੇ ਪਿਛਲੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ। ਇਸੇ ਨੂੰ ਹੀ ਪੂਰਬਿ ਲਿਖਿਆ ਆਖਿਆ ਗਿਆ ਹੈ। ਇਹ ਪੂਰਬਿ ਲਿਖੇ ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿਟ ਸਕਦੇ, ਕਿਉਂਕਿ ਆਪਣਾ ਜਤਨ ਮਨੁੱਖ ਸਦਾ ਆਪਣੇ ਮਨ ਰਾਹੀਂ ਕਰ ਸਕਦਾ ਹੈ ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ, ਇਸ ਵਿੱਚ ਸੰਸਕਾਰ ਹਨ। ਇਕੋ ਹੀ ਤਰੀਕਾ ਹੈ ਇਨ੍ਹਾਂ ਨੂੰ ਮੇਟਣ ਦਾ। ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰ ਦੀ ਰਜ਼ਾ ਵਿੱਚ ਲੀਨ ਕਰ ਦੇਣਾ।

ਸਲੋਕ ਦੇ ਅਰਥ:-

ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ:- ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਕਾਗਦ ਭੀ ਸੜ ਜਾਏ, ਲਿਖਣ ਵਾਲਾ ਭੀ ਸੜ ਮਰੇ, ਜਿਸਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ, (ਕਿਉਂਕਿ) ਹੇ ਨਾਨਕ ! (ਜੀਵ) ਉਹੀ ਕੁਝ ਕਮਾਂਦਾ ਹੈ ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸਦੇ ਉਲਟ ਕੁਝ ਨਹੀਂ ਕਰ ਸਕਦਾ।

ਸੋ ਪ੍ਰੋ. ਸਾਹਿਬ ਸਿੰਘ ਜੀ ਇਸ ਸਲੋਕ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਮਝਾ ਰਹੇ ਹਨ ਕਿ ਪੂਰਬਿ ਕਰਮ ਅਤੇ ਪੂਰਬਿ ਲਿਖਿਆ ਕੀ ਹੁੰਦਾ ਹੈ, ਕਿਵੇਂ ਮਨੁੱਖ ਆਪਣੇ ਲੇਖ ਆਪ ਲਿਖਦਾ ਹੈ ਤੇ ਕਿਵੇਂ, ਆਪਣੇ ਲਿਖੇ ਅਨੁਸਾਰ ਹੀ ਕਰਮ ਕਰਦਾ ਰਹਿੰਦਾ ਹੈ। ਇਸ ਸਾਰੀ ਖੇਡ ਤੋਂ ਬਾਹਰ ਨਿਕਲਣ ਲਈ ਮਨ ਦੇ ਸੰਸਕਾਰਾਂ ਨੂੰ ਸਤਿਗੁਰ ਦੀ ਰਜ਼ਾ ਵਿੱਚ ਲੀਨ ਕਰ ਦੇਣਾ ਭਾਵ ਮਨੁੱਖ ਆਪਣੀ ਮਤ, ਬੁਧੀ, ਸੁਰਤ, ਮਨ ਸਭ ਨੂੰ ਸਤਿਗੁਰ ਦੇ ਅਧੀਨ ਕਰਕੇ ਉਸ ਅਨੁਸਾਰ ਜੀਵਨ ਜੀਵੇ ਤਾਂ ਮਨੁੱਖ ਵਲੋਂ ਲਿਖੇ ਲੇਖ, ਪੂਰਬ ਲਿਖੇ ਕਰਮ ਮਿਟਾਏ ਵੀ ਜਾ ਸਕਦੇ ਹਨ ਅਤੇ ਚੰਗੇ ਲੇਖ, ਲਿਖੇ ਵੀ ਜਾ ਸਕਦੇ ਹਨ।

ਉੱਪਰ ਕੀਤੀ ਵਿਚਾਰ ਨਾਲ ਇਹ ਸਮਝ ਪੈਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਪੂਰਬਲੇ ਕਰਮ, ਮਥੇ ਲਿਖੇ ਭਾਗ, ਪੂਰਬਿ ਲਿਖਿਆ ਐਸੇ ਸਭ ਕਿਸਮਾਂ ਦੇ ਲਫ਼ਜ਼ ਇਸ ਸਰੀਰ ਦੇ ਜਨਮ ਤੋਂ ਪਹਿਲਾਂ (ਅਖੌਤੀ ਪਿਛਲੇ ਜਨਮਾਂ) ਬਾਰੇ ਨਹੀਂ, ਬਲਕਿ ਮਨੁੱਖ ਦੇ ਇਸੇ ਜਨਮ ਬਾਰੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰ ਦ੍ਰਿੜਾਉਣ ਦਾ ਇਹ ਤਰੀਕਾ ਹੈ। ਪ੍ਰੋਢਾਵਾਦੀ ਢੰਗ ਨਾਲ ਪ੍ਰਚਲਤ ਲਫ਼ਜ਼ਾਂ ਨੂੰ ਵਰਤ ਕੇ ਮਨੁੱਖ ਨੂੰ ਸਮਝਾਇਆ ਹੈ ਕਿ ਐ ਮਨੁੱਖ ! ਇਸੇ ਜਨਮ ਚ ਆਪਣੇ ਸੰਸਕਾਰ, (ਆਪਣੇ ਖ਼ਿਆਲ, ਕਰਮ ਅਤੇ ਸੁਭਾਅ) ਅਨੁਸਾਰ ਲੇਖ ਤੂੰ ਆਪ ਲਿਖਦਾ ਹੈਂ ਨਾ ਕਿ ਇਹ ਲੇਖ ਅਖੌਤੀ ਪਿਛਲੇ ਜਨਮਾਂ ਕਰਕੇ ਹਨ। ਇਹ ਵੀ ਹੱਲ ਸਮਝਾ ਦਿੱਤਾ ਹੈ ਕਿ ਕਿਵੇਂ ਤੂੰ ਸਤਿਗੁਰ (Universal Truth) ਅਨੁਸਾਰ, ਅਮਲੀ ਜੀਵਨੀ ਜਿਊ ਕੇ ਮਾੜੇ ਲੇਖ ਮੇਟ ਕੇ, ਨਵੇਂ ਲੇਖ (ਆਪਣੇ ਮੱਥੇ ਦੇ ਭਾਗ) ਆਪ ਲਿਖ ਸਕਦਾ ਹੈਂ।

Source: http://www.sikhmarg.com/2013/0331-purablay-karam.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top