Khalsa News homepage

 

 Share on Facebook

Main News Page

ਵੇਈਂ ਨਦੀ ਤੋਂ ਖ਼ਾਲਸੇ ਦੀ ਸਿਰਜਣਾ
-: ਪ੍ਰਿੰ. ਗੁਰਬਚਨ ਸਿੰਘ ਪੰਨਵਾਂ
2008

ਡਾਕਟਰ ਕ੍ਰਿਪਾਲ ਸਿੰਘ ਜੀ ਜਨਮ ਸਾਖੀ ਪਰੰਪਰਾ ਪੁਸਤਕ ਦੀ ਪ੍ਰਵੇਸ਼ਕਾ ਵਿੱਚ ਬਹੁਤ ਕੀਮਤੀ ਖ਼ਿਆਲ ਦੇਂਦੇ ਹਨ ਕਿ-

"ਜਿੱਥੇ ਮੁਸਲਮਾਨੀ ਸਭਿਅਤਾ ਨੇ ਗੁਰੂ ਨਾਨਕ ਸਾਹਿਬ ਦੀਆਂ ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਸੀ ਓੁੱਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ ਰਵਾਇਤਾਂ ਵਿੱਚ ਮਿਥਿਆਸਕ ਰੰਗ ਭਰਿਆ। ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਕਹਿਣਾ ਅਰੰਭ ਕੀਤਾ। ਇਸੇ ਕਰਕੇ ਦਾਬਿਸਤਾਨ, ਜੋ ਸਤਾਰਵੀਂ ਸਦੀ ਦੀ ਕਿਰਤ ਹੈ, ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਮੰਨਿਆਂ ਜਾਂਦਾ ਸੀ।"

ਸਾਰਾ ਸਾਰਾ ਸਾਲ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਅਕਸਰ ਚੱਲਦੇ ਰਹਿੰਦੇ ਹਨ ਤੇ ਇਹਨਾਂ ਵਿੱਚ ਕੇਵਲ ਕਰਾਮਾਤੀ ਸ਼ਕਤੀਆਂ ਜਾਂ ਹਿੰਦੂ-ਮਿਥਿਹਾਸ ਦੀਆਂ ਗੈਰ ਕੁਦਰਤੀ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਫਿਲਾਸਫ਼ੀ ਕੇਵਲ ਬੱਤੀਆਂ ਬੰਦ ਕਰਕੇ, ਸਰੀਰ ਹਿਲਾ ਹਿਲਾ ਕੇ ਸਿਰ ਫੇਰ ਫੇਰ ਕੇ ਨਾਮ ਜੱਪਣ, ਦੁਪਹਿਰੇ, ਚੁਪਹਿਰੇ ਜਾਪ ਤਾਪ, ਅਖੰਡ-ਪਾਠਾਂ ਦੀਆਂ ਲੜੀਆਂ, ਨਗਰ ਕੀਰਤਨਾਂ ਦੀ ਭਰਮਾਰ, ਕੀਰਤਨ ਦਰਬਾਰਾਂ ਤੇ ਬਿਨਾ ਲੋੜ ਤੋਂ ਸੜਕਾਂ 'ਤੇ ਲੰਗਰਾਂ ਵਰਤਾਉਣ ਵਿੱਚ ਸੁੰਘੜ ਕੇ ਰਹਿ ਗਈ ਹੈ।

ਸੁਲਤਾਨਪੁਰ ਰਹਿੰਦਿਆਂ ਗੁਰੂ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਪੜਚੋਲਿਆ ਤੇ ਕਿਹਾ ਰਾਜਨੀਤੀ ਵਿਚੋਂ ਇਨਸਾਨੀਅਤ ਦਾ ਤੱਤ ਖਤਮ ਹੋਣ ਕਰਕੇ ਇਹ ਜ਼ੁਲਮ ਦੀਆਂ ਹੱਦਾਂ ਬੰਨ੍ਹੇ ਟੱਪ ਗਈ ਹੈ ਜਿਸ ਕਰਕੇ ਧਰਮ ਵਰਗੀਆਂ ਸਚਾਈਆਂ ਪੰਛੀਆਂ ਦੇ ਖੰਭਾਂ ਵਾਂਗ ਉੱਡ ਗਈਆਂ ਹਨ--

ਸਲੋਕੁ ਮ: 1॥
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥1॥
{ਪੰਨਾ 145}

ਬੇ-ਇਨਸਾਫ਼ੀ ਦੀ ਖੁੰਢੀ ਛੁਰੀ ਨਾਲ ਰਾਜੇ ਪਰਜਾ ਨੂੰ ਛਿੱਲ ਰਹੇ ਸਨ ਤੇ ਕਿਉਂਕਿ ਧਰਮ ਉਹਨਾਂ ਵਿਚੋਂ ਉੱਡ ਗਿਆ ਸੀ। ਕੂੜ-ਕੁਫ਼ਰ ਦੀ ਹਨ੍ਹੇਰੀ ਰਾਤ ਵਿੱਚ ਸੱਚ ਦਾ ਚੰਦ੍ਰਮਾ ਭਾਲ਼ਿਆਂ ਵੀ ਨਹੀਂ ਲੱਭਦਾ ਸੀ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਸੱਚ ਦੇ ਚੰਦ੍ਰਮਾਂ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਿਆ ਹਾਂ, ਹਨ੍ਹੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। ਅਸਲ ਦੁਨੀਆਂ ਵਿੱਚ ਹਨ੍ਹੇਰੇ ਦਾ ਮੂਲ ਕਾਰਨ ਹਾਉਮੈ ਹੈ ਤੇ ਇਸ ਤੋਂ ਖਲਾਸੀ ਕਿਵੇਂ ਹੋਵੇ? ਇਨ੍ਹਾਂ ਡੂੰਘੀਆਂ ਵਿਚਾਰਾਂ ਨੂੰ ਲੈ ਕੇ ਹੀ ਗੁਰੂ ਨਾਨਕ ਸਾਹਿਬ ਜੀ ਹਿਰਦੇ ਵਿਚਲੇ ਰੱਬ ਜੀ ਪਾਸ ਗਏ ਭਾਵ ਆਪਣੇ ਹਿਰਦੇ ਦੀ ਵੇਈਂ ਨਦੀ ਵਿੱਚ ਉੱਤਰੇ। ਤੱਤ ਦੀ ਗੱਲ ਸਮਝਣ ਦੀ ਥਾਂ 'ਤੇ ਗੁਰੂ ਸਾਹਿਬ ਜੀ ਨੂੰ ਗੈਰ-ਕੁਦਰਤੀ ਢੰਗ ਨਾਲ ਤਿੰਨ ਦਿਨ ਪਾਣੀ ਵਿੱਚ ਬਿਠਾ ਕੇ ਸਾਨੂੰ ਖੁਸ਼ੀ ਪ੍ਰਤੀਤ ਹੁੰਦੀ ਹੈ।

ਸਾਰੀਆਂ ਜਨਮ ਸਾਖੀਆਂ ਵਿੱਚ ਜੋ ਵੇਈਂ ਨਦੀ ਦੀ ਘਟਨਾ ਆਈ ਹੈ ਉਸ ਨੂੰ ਸਰਦਾਰ ਕਿਰਪਾਲ ਸਿੰਘ ਜੀ ਨੇ ਇੱਕ ਥਾਂ 'ਤੇ ਹੀ ਫੁੱਟ-ਨੋਟ ਦੇ ਰੂਪ ਵਿੱਚ ਦੇ ਦਿੱਤਾ ਹੈ ਜੇਹਾ ਕਿ :

"ਸੁਲਤਾਨਪੁਰ ਰਹਿੰਦਿਆਂ ਨਾਨਕ ਜੀ ਹਰ ਰੋਜ਼ ਵੇਈਂ ਨਦੀਂ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਜਿਸ ਥਾਂ 'ਤੇ ਉਹ ਇਸ਼ਨਾਨ ਕਰਨ ਜਾਂਦੇ ਸਨ ਉਹ ਥਾਂ ਨਗਰ ਤੋਂ ਪੱਛਮ ਵੱਲ ਅੱਧ ਮੀਲ ਦੂਰ 'ਤੇ ਵੇਈਂ ਨਦੀ ਦੇ ਰਮਣੀਕ ਕਿਨਾਰੇ 'ਤੇ ਸੀ। ਸਥਾਨਕ ਰਵਾਇਤ ਅਨੁਸਾਰ ਇਸ ਥਾਂ ਦੇ ਨਾਲ ਹੀ ਇੱਕ ਮੁਸਲਮਾਨ ਫ਼ਕੀਰ ਅੱਲਾ ਦਿੱਤੇ (ਖ਼ਰਬੂਜੇ ਸ਼ਾਹ) ਦੀ ਕੁਟੀਆ ਸੀ ਜਿਸ ਨਾਲ ਨਾਨਕ ਜੀ ਕਦੀਂ ਕਦੀਂ ਬਚਨ ਬਿਲਾਸ ਕਰਿਆ ਕਰਦੇ ਸਨ।"

ਬਾਲੇ ਵਾਲ਼ੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਰੋਜ਼ ਵਾਂਗ ਨਾਨਕ ਜੀ ਇਸ਼ਨਾਨ ਕਰਨ ਗਏ ਪਰ ਕੁੱਝ ਸਮੇਂ ਤਾਈਂ ਨਾਨਕ ਜੀ ਬਾਹਰ ਨਾ ਆਏ ਤਾਂ ਟਹਿਲੀਏ ਨੇ ਘਰ ਜਾ ਕੇ ਦੱਸਿਆ ਕਿ ਅੱਜ ਨਾਨਕ ਜੀ ਵੇਈਂ ਨਦੀ ਵਿਚੋਂ ਬਾਹਰ ਨਹੀਂ ਆਏ। ਡਾਕਟਰ ਕਿਰਪਾਲ ਸਿੰਘ ਜੀ ਲ਼ਿਖਦੇ ਹਨ ਕਿ "ਇਉਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਵੇਈਂ ਨਦੀ ਦੇ ਦੂਸਰੇ ਕੰਢੇ 'ਤੇ ਜਾ ਕੇ ਕਿਸੇ ਇਕਾਂਤ ਥਾਂ 'ਤੇ ਪਰਮਾਤਮਾ ਨਾਲ ਜੁੜ ਗਏ।" ਅੱਗੇ ਲਿਖਦੇ ਹਨ ਕਿ "ਇਸ ਅਵਸਥਾ ਦਾ ਵੱਖ ਵੱਖ ਵਰਣਨ ਜਨਮ-ਸਾਖੀਆਂ ਵਿੱਚ ਦਿੱਤਾ ਹੈ।

ਵਲਾਇਤ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਆਗਿਆ ਪਰਮੇਸ਼ਰ ਕੀ ਨਾਲ ਸੇਵਕ ਲੈ ਗਏ ਦਰਗਾਹ ਪ੍ਰਮੇਸ਼ਰ ਕੀ, ਸੇਵਕਾਂ ਜਾਇ ਅਰਜ਼ ਕੀਤੀ ਕੇ ਨਾਨਕ ਹਾਜ਼ਰ ਹੈ। ਅੰਮ੍ਰਿਤ ਦਾ ਕਟੋਰਾ ਭਰ ਭਰ ਆਗਿਆ ਨਾਲ ਮਿਲਿਆ"। ਇਸ ਤਰ੍ਹਾਂ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਨਾਨਕ ਦਾ ਅਕਾਲ ਪੁਰਖ ਕੋਲ਼ ਜਾਣਾ ਤੇ ਦੁੱਧ ਦਾ ਕਟੋਰਾ ਪੀਣਾ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਸਬੰਧੀ ਜੋ ਵਿਚਾਰ ਦਿੱਤੇ ਹਨ ਕਿ ਉਹ ਪਰਮਾਤਮਾ ਸਾਰਿਆਂ ਥਾਂਵਾਂ 'ਤੇ ਮੌਜੂਦ ਹੈ ਸਾਰਿਆਂ ਹਿਰਦਿਆਂ ਵਿੱਚ ਪਰਮਾਤਮਾ ਦੀ ਜੋਤ ਇਕਸਾਰ ਚੱਲ ਰਹੀ ਹੈ---- "ਸਭ ਮਹਿ ਜੋਤਿ, ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ॥"

ਗੁਰੂ ਸਾਹਿਬ ਜੀ ਹਿਰਦੇ ਵਿਚਲੇ ਰੱਬ ਜੀ ਪਾਸ ਗਏ ਭਾਵ ਆਪਣੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰ ਕੇ ਮਨੁੱਖਤਾ ਦੇ ਭਲੇ ਲਈ ਇੱਕ ਪ੍ਰੋਗਰਾਮ ਉਲੀਕਿਆ ਜਿਸ ਨੂੰ ਦਸ ਹਿੱਸਿਆਂ ਵਿੱਚ ਵੰਡਿਆ ਤੇ ਅਦਰਸ਼ ਰੱਖਿਆ ‘ਸਚਿਆਰ ਮਨੁੱਖ’ ਬਣਨ ਦਾ।

ਹਿਰਦੇ ਦੀ ਵੇਈਂ ਨਦੀ ਵਿਚੋਂ ਬਾਹਰ ਆ ਕਿ ਨਾਨਕ ਜੀ ਨੇ ਜੋ ਪਹਿਲਾ ਉਪਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ, ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ ਅਸੀਂ ਸਾਰੇ ਇਨਸਾਨ ਹਾਂ। ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਧਰਮੀ ਪੁਜਾਰੀ, ਰਾਜਨੀਤਿਕ ਆਗੂਆਂ ਨਾਲ ਮਿਲ ਕੇ ਨਿਮਾਣੀ ਮਨੁੱਖਤਾ ਦਾ ਖੂਨ ਪੀ ਰਹੇ ਹਨ ਤੇ ਸਮੁੱਚੇ ਸਮਾਜ ਦੀ ਸਾਰੀ ਤਾਣੀ ਉਲ਼ਝੀ ਪਈ ਹੈ। ਜੋਗੀ, ਮੁੱਲਾਂ-ਕਾਜ਼ੀ ਤੇ ਬ੍ਰਹਾਮਣ ਨੇ ਧਰਮ ਦੇ ਨਾਂ 'ਤੇ ਆਪਣੇ ਮੱਕੜੀ ਜਾਲ ਵਿੱਚ ਫਸਾਇਆ ਹੋਇਆ ਸੀ ਇਹਨਾਂ ਬਾਰੇ ਜੋ ਨਜ਼ਰੀਆ ਗੁਰੂ ਸਾਹਿਬ ਦਾ ਹੈ ਉਹ ਉਹਨਾਂ ਦੀ ਬਾਣੀ ਵਿੱਚ ਅੰਕਤ ਹੈ :

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ 2॥

ਧਨਾਸਰੀ ਮਹਲਾ ੧ ਪੰਨਾ ੬੬੨
ਰਾਜੇ ਸ਼ੀਹਾਂ ਵਾਂਗ ਖੂੰਖਾਰ ਤੇ ਮਕੁੱਦਮ ਕੁੱਤਿਆਂ ਵਾਂਗ ਲੋਭੀ ਹੋ ਕੇ ਤਿੱਖੀਆਂ ਨਹੁੰਦਰਾਂ ਨਾਲ ਪਰਜਾ ਦਾ ਮਾਸ ਨੋਚ ਰਹੇ ਸਨ-
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥

ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ 2॥

ਸਲੋਕ ਮ: ੧ ਪੰਨਾ ੧੨੮੮
ਗੱਲ ਕੀ ਸਮਾਜ ਦੇ ਬਿੱਖਰ ਚੁੱਕੇ ਢਾਂਚੇ ਦੇ ਬਖੀਏ ਉਧੇੜਦਿਆਂ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਹਰ ਪੱਖ ਨੂੰ ਉਜਾਗਰ ਕੀਤਾ ਹੈ। ਇੱਕ ਨਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਜੀ ਇਸ ਕੂੜ-ਕੁਬਾੜ ਨੂੰ ਮਨੁੱਖੀ ਸੁਭਾਅ ਵਿਚੋਂ ਬਾਹਰ ਕੱਢਣਾ ਚਾਹੁੰਦੇ ਹਨ।

ਸਲੋਕ ਮ: ੧
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ॥ 2॥
{ਪੰਨਾ 469}

ਇਸ ਸਲੋਕ ਵਿੱਚ ਗਿਆਨ ਤੋਂ ਹੀਣੇ ਅਗਿਆਨੀ, ਮੂਰਖ ਪੰਡਿਤ, ਗ਼ਰਜ਼ਾਂ ਵਿੱਚ ਅੰਨ੍ਹੀ ਹੋਈ ਪਰਜਾ, ਜ਼ਿੰਦਗੀ ਦੀਆਂ ਹਕੀਕਤਾਂ ਤੋਂ ਭੱਜਣ ਵਾਲੇ ਜੋਗੀ-ਜਤੀਆਂ ਦੀ ਅਸਲੀਅਤ ਸੰਸਾਰ ਦੇ ਸਾਹਮਣੇ ਰੱਖ ਦਿੱਤੀ। ਗੁਰੂ ਨਾਨਕ ਜੀ ਦੇ ਸਾਹਮਣੇ ਇਹ ਸਾਰੀਆਂ ਸਮੱਸਿਆਵਾਂ ਮੂੰਹ ਚਿੜਾ ਰਹੀਆਂ ਸਨ, ਪਰ ਉਹ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਸਨ ਜਿਸ ਵਿੱਚ ਸੱਚਿਆਰ ਮਨੁੱਖ ਰਹਿੰਦਾ ਹੋਵੇ। ਹਲੀਮੀ ਰਾਜ ਦੀ ਸਥਾਪਨਾ ਕਰਦਿਆਂ ਉਹਨਾਂ ਨੇ ਬੇਗ਼ਮਪੁਰ ਤੇ ਕਰਤਾਪੁਰ ਦੇ ਵਾਸੀਆਂ ਦੀ ਨੀਂਹ ਕੁਦਰਤੀ ਹਕੀਕਤਾਂ 'ਤੇ ਰੱਖੀ ਜੋ ਦੋ ਦੂਣੀ ਚਾਰ ਵਾਂਗ ਸੱਚ ਹਨ-

1. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਲੋਕ ਮ: 1 ਪੰਨਾ 470
2. ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਸਲੋਕ ਮ: ੧
3. ਨਾਨਕ ਦੁਖੀਆ ਸਭੁ ਸੰਸਾਰੁ॥ ਸਲੋਕ ਮ: 1 954
4. ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ 2॥ ਸਲੋਕ ਮ: 1 {ਪੰਨਾ 953}
5. ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਸਲੋਕ ਮ: 1-473
6. ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਧਨਾਸਰੀ ਮਹਲਾ 1 ਪੰਨਾ 687
7. ਦੁਇ ਪੁੜ ਚਕੀ ਜੋੜਿ ਕੈ ਪੀਸਣ, ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ, ਨਾਨਕ ਅਜਬੁ ਡਿਠੁ॥ 1॥ ਸਲੋਕ ਮ: 1 {ਪੰਨਾ 142}
8. ਪਵਨ ਅਰੰਭੁ, ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ ਰਾਮਕਲੀ ਮਹਲਾ 1 ਪੰਨਾ 943

ਅੰਦਰਲੀ ਰੂਹਾਨੀਅਤ ਨੂੰ ਕਾਇਮ ਕਰਨ ਲਈ ਆਦਰਸ਼ਕ ਮਨੁੱਖ ਦਾ ਨਾਂ ਉਹਨਾਂ ਨੇ ‘ਸਚਿਆਰ’ ਰੱਖਿਆ। ਡਾਕਟਰ ਤਾਰਨ ਸਿੰਘ ਜੀ ਦੇ ਕਥਨ ਅਨੁਸਾਰ ਏਸੇ ‘ਸਚਿਆਰ’ ਨੂੰ ਗੁਰੂ ਅਗੰਦ ਪਾਤਸ਼ਾਹ ਜੀ ਨੇ ‘ਆਸ਼ਕ’ ਤੇ ਗੁਰੂ ਅਮਰਦਾਸ ਜੀ ਨੇ ‘ਭਗਤ’ ਕਿਹਾ ਹੈ ਤੇ ਗੁਰੂ ਰਾਮਦਾਸ ਜੀ ਨੇ ‘ਸੇਵਕ’ ਗੁਰੂ ਅਰਜਨ ਪਾਤਸ਼ਾਹ ਜੀ ਨੇ ‘ਸਿੱਖ’ ਕਹਿ ਕੇ ਵਡਿਆਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ‘ਨਰ’ ਸ਼ਬਦ ਨਾਲ ਸੰਬੋਧਨ ਕੀਤਾ ਹੈ ਜਦੋਂ ਕਿ ਏਸੇ ਕਿਰਦਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ’ ਆਖਿਆ ਹੈ।

ਵੇਈ ਨਦੀਂ ਦੇ ਕੰਢੇ 'ਤੇ ਬੈਠ ਕੇ ਤੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ‘ਖਾਲਸ’ ਮਨੁੱਖ ਦੀ ਸਿਰਜਣਾ ਕਰ ਦਿੱਤੀ ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਸਚਿਆਰ’ ਕਿਹਾ ਹੈ। ਇਹ ਅਜੇਹੀ ਸਿਰਜਣਾ ਸੀ ਜੋ ਹਰ ਪੱਖ ਤੋਂ ਮੁਕੰਮਲ ਸੀ ਪਰ ਜਦੋਂ ਅੱਜ ਦੇ ‘ਖਾਲਸਾ’ ਵਲ ਨਿਗਾਹ ਮਾਰਦੇ ਹਾਂ ਤਾਂ ਇਹ ਬਾਬਾ ਵਾਦ ਦੇ ਡੇਰਾਵਾਦ ਤੇ ਚੋਲ਼ਾ-ਵਾਦ ਦਾ ਸ਼ਿਕਾਰ ਹੋ ਕੇ ਵੱਖ ਵੱਖ ਕਰਮਕਾਂਡਾਂ ਵਿੱਚ ਫਸ ਕੇ ਰਹਿ ਗਿਆ ਹੈ। ਵੇਈਂ ਨਦੀ ਤੋਂ ਸ਼ੁਰੂ ਹੋ ਕੇ ‘ਸਚਿਆਰ’ ਨੇ ‘ਖਾਲਸੇ’ ਦੀ ਮੁਕੰਮਲਤਾ ਤੀਕ ਦਾ ਇੱਕ ਲੰਬਾ ਸਫ਼ਰ ਤਹਿ ਕੀਤਾ ਹੈ। ਮੱਝਾਂ ਚਾਰਨੀਆਂ ਸੱਚਾ ਸੌਦਾ ਕਰਨਾ ਮੋਦੀ ਦੀ ਕਾਰ ਕਰਨੀ ਇਤਿਆਦਿਕ ਖਾਲਸੇ ਦੀ ਸਿਰਜਣਾ ਵਿੱਚ ਮੋਤੀਆਂ ਵਾਂਗ ਜੜੇ ਹੋਏ ਦਿਸਦੇ ਹਨ ਪਰ ਸਹੀ ਅਰਥਾਂ ਵਿੱਚ ਖਾਲਸੇ ਦੀ ਨੀਂਹ ਵੇਈਂ ਨਦੀ ਤੋਂ ਅਰੰਭ ਕੀਤੀ।

- ਵੇਈ ਨਦੀ ਦਾ ਸਕੰਲਪ ਜਦੋਂ ਵੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਇਹ ਸਾਨੂੰ ਦ੍ਰਿੜ ਫੈਸਲੇ ਲੈਣ ਦੀ ਪ੍ਰੇਰਨਾ ਦੇਂਦੀ ਹੈ।
- ਵੇਈਂ ਨਦੀ ਪਰਵਾਰਕ ਮੋਹ ਤੋਂ ਉੱਪਰ ਉੱਠਣ ਦਾ ਸੁਨੇਹਾਂ ਦੇਂਦੀ ਹੈ।
- ਵੇਈਂ ਨਦੀ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਪਾਰ-ਦਸ਼ਤਾ ਦਾ ਸਬੂਤ ਦੇ ਰਹੀ ਹੈ।
- ਵੇਈਂ ਨਦੀ ਦੁਕਾਨ-ਦਾਰੀ ਲਈ ਇੱਕ ਪ੍ਰੇਰਨਾ ਸਰੋਤ ਹੈ।
- ਵੇਈਂ ਨਦੀ ਧਾਰਮਿਕ ਪੂਜਾਰੀ ਦੇ ਪਾਖੰਡਾਂ ਦਾ ਪਰਦਾ ਉਠਾਉਂਦੀ ਹੈ।
- ਵੇਈਂ ਨਦੀ ਹਾਕਮ ਨੂੰ ਆਪਣੇ ਅੰਦਰ ਝਾਕਣ ਦਾ ਪਤਾ ਦੱਸਦੀ ਹੈ।

ਵੇਈਂ ਨਦੀ ਦੇ ਕਿਨਾਰੇ 'ਤੇ ਬੈਠ ਕੇ ਹਿਰਦੇ ਰੂਪੀ ਵੇਈਂ ਨਦੀ ਵਿੱਚ ਉੱਤਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਨੂੰ ਤਿੰਨ ਸਿਧਾਂਤ ਦਿੱਤੇ।

- ਪਹਿਲਾ ਕ੍ਰਿਤ ਕਰਨੀ ਭਾਵ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ, ਵਿਹਲੜ ਸਾਧ ਲਾਣੇ ਤੋਂ ਕੌਮ ਨੂੰ ਮੁਕਤ ਕਰਾਇਆ।
- ਦੂਜਾ ਨਾਮ ਜੱਪਣਾ ਭਾਵ ਆਪਣੇ ਫ਼ਰਜ਼ਾਂ ਦੀ ਪਹਿਛਾਣ ਕਰਨੀ ਪਰ ਡੇਰਾ ਵਾਦੀ ਬਿਰਤੀ ਨੇ ਨਾਮ ਜੱਪਣ ਨੂੰ ਰਿੱਧੀਆਂ ਸਿੱਧੀਆਂ ਨਾਲ ਜੋੜ ਕੇ ਬੱਤੀਆਂ ਬੰਦ ਕਰਨ ਤੀਕ ਸੀਮਤ ਕਰ ਦਿੱਤਾ ਹੈ ਜੋ ਵੇਖਾ ਵੇਖੀ ਕਰਮ-ਕਾਂਡ ਦੀ ਭੇਟ ਚੜ੍ਹ ਗਿਆ ਹੈ।
- ਤੀਜਾ ਵੰਡ ਕੇ ਛੱਕਣਾ ਜੋ ਸਮਾਜਿਕ ਬਰਾਬਰੀ ਦਾ ਪਹਿਰੇਦਾਰ ਹੋ ਕੇ ਰੂਹਾਨੀਆਤ ਦਾ ਲਖਾਇਕ ਬਣਦਾ ਹੈ। ਭਾਈ ਗੁਰਦਾਸ ਜੀ ਨੇ ਇਹਨਾਂ ਤਿੰਨਾਂ ਸਿਧਾਂਤਾਂ ਦਾ ਨਾਂ ਨਿਰਮਲ ਪੰਥ ਰੱਖਿਆ ਹੈ।

"ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ"॥

👉 ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sikhmarg.com/2008/1109-vaen-nadi-ton.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top