Share on Facebook

Main News Page

💥 ਜਦੋਂ ਤਕ ਬਚਿਤ੍ਰ-ਨਾਟਕ ਨੂੰ ਗੁਰੂ-ਕ੍ਰਿਤ ਵਜੋਂ ਮਾਨਤਾ ਮਿਲਦੀ ਰਹੇਗੀ, ਤਦੋਂ ਤਕ ਆਰ.ਪੀ. ਸਿੰਘ ਵਰਗੇ ਹਿੰਦੂਤਵੀ ਤੋਤੇ ਤੇ ਪਾਲਤੂ ਚਉਧਰੀ ਊਲ-ਜਲੂਲ ਬੋਲਦੇ ਹੀ ਰਹਿਣਗੇ 📛
-: ਗਿਆਨੀ ਜਗਤਾਰ ਸਿੰਘ ਜਾਚਕ
18.10.2024
#KhalsaNews #JagtarSingh #Jachak #RPSingh #BJP #RSS #DG #dasamgranth

♦️ ਪਿਛਲੇ ਦਿਨੀਂ ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਦਾ ਨੇ ਇਕ ਸਮਾਗਮ ਵਿੱਚ ਇਹ ਬਿਆਨ ਦਿੱਤਾ ਕਿ ▪️"ਜੇ ਭਗਵਾਨ ਬਾਲਮੀਕ ਨਾ ਹੁੰਦੇ ਤਾਂ ਲਵ-ਕੁਸ਼ ਨਾ ਹੁੰਦੇ " ਅਤੇ ਸਿੱਖੀ ਦੀ ਬਾਹਰੀ ਪਛਾਣ ਬਣ ਚੁੱਕੀ ਆਪਣੀ ਪੱਗ ਨੂੰ ਹੱਥ ਲਾ ਕੇ ਆਖਦਾ ਹੈ- ਜੇ ਭਗਵਾਨ ਲਵ-ਕੁਸ਼ ਨਾ ਹੁੰਦੇ ਤਾਂ ਅਸੀਂ ਕਿਥੋਂ ਹੁੰਦੇ ।" ਭਾਵ, ਸਿੱਖ ਕਿਥੋਂ ਹੁੰਦੇ ?"▪️ ਜਿਸਦੀ ਵੀਡੀਓ ਕਾਫੀ ਵਾਇਰਲ ਹੋਈ। ਤੁਸੀਂ ਧਿਆਨ ਪੂਰਵਕ ਵੇਖੋ ! ਆਰ.ਪੀ. ਸਿੰਘ ਆਪਣੀ ਜ਼ਮੀਰ ਦੇ ਖ਼ਿਲਾਫ਼ ਬੋਲਣ ਕਾਰਨ ਘਬਰਾਹਟ ਵਿੱਚ ਹੈ।

✴️ ਉਹ ਭਾਈ ਗੁਰਦਾਸ ਜੀ ਦੁਆਰਾ ਇਤਿਹਾਸਕ ਸੰਧਰਬ ਵਿੱਚ ਕਹੀ ਪਹਿਲੀ ਵਾਰ ਦੀ 48ਵੀਂ ਪਉੜੀ ਦੀ ਤੀਜੀ ਤੁਕ 'ਚਲੀ ਪੀਢੀ ਸੋਢੀਆ, ਰੂਪੁ ਦਿਖਾਵਣਿ ਵਾਰੋ ਵਾਰੀ ॥" ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੱਸ ਕੇ ਬਚਿਤ੍ਰ-ਨਾਟਕ (ਦਸਮ ਗ੍ਰੰਥ) ਦੇ ਚੌਥੇ ਅਧਿਆਇ ਅੰਦਰਲੀ ਬੇਦੀਆਂ ਤੇ ਸੋਢੀਆਂ ਦੀ ਮਿਥਿਹਾਸਕ ਤੇ ਮਨੋਕਲਪਤ ਬੰਸਾਵਲੀ ਨਾਲ ਮਿਲਾ ਰਿਹਾ ਹੈ। ਇਸ ਘਬਰਾਹਟ ਵਿੱਚ ਊਲ-ਜਲੂਲ ਬੋਲੀ ਜਾ ਰਿਹਾ ਹੈ ।

⚠️ ਆਰ.ਪੀ. ਸਿੰਘ ਦਾ ਇਹ ਕਹਿਣਾ ਕਿ "ਜੇ ਭਗਵਾਨ ਬਾਲਮੀਕ ਨਾ ਹੁੰਦੇ ਤਾਂ ਲਵ-ਕੁਸ਼ ਨਾ ਹੁੰਦੇ " ਅਤੇ ਸਿੱਖੀ ਦੀ ਬਾਹਰੀ ਪਛਾਣ ਬਣ ਚੁੱਕੀ ਆਪਣੀ ਪੱਗ ਨੂੰ ਹੱਥ ਲਾ ਕੇ ਆਖਦਾ ਹੈ- ਜੇ ਭਗਵਾਨ ਲਵ-ਕੁਸ਼ ਨਾ ਹੁੰਦੇ ਤਾਂ ਅਸੀਂ ਕਿਥੋਂ ਹੁੰਦੇ ।" ਭਾਵ, ਸਿੱਖ ਕਿਥੋਂ ਹੁੰਦੇ ? "ਜੇ ਭਗਵਾਨ ਬਾਲਮੀਕ ਨਾ ਹੁੰਦੇ ਤਾਂ ਲਵ-ਕੁਸ਼ ਵੀ ਨਾ ਹੁੰਦੇ " ਵਾਕ ਤੋਂ ਸਪਸ਼ਟ ਹੈ ਕਿ ਉਹ ਲਵ-ਕੁਸ਼ ਨੂੰ ਸ੍ਰੀ ਰਾਮ ਜੀ ਦੀ ਸੰਤਾਨ ਨਹੀਂ ਮੰਨ ਰਿਹਾ । ਬਾਲਮੀਕੀ ਰਾਮਾਇਣ ਵੀ ਇਸ ਤੱਥ ਦੀ ਪੁਸਟੀ ਕਰਦੀ ਹੈ ।

✅ ਸਿਧਾਂਤਕ ਨੁਕਤਾ ਇਹ ਹੈ ਕਿ ਗੁਰਬਾਣੀ ਮੁਤਾਬਿਕ ਗੁਰੂ ਤੇ ਗੁਰਸਿੱਖਾਂ ਦਾ ਰਿਸ਼ਤਾ ਨਾਦੀ ਹੈ, ਬਿੰਦੀ ਨਹੀਂ।...... ਸੁਰਤ ਸ਼ਬਦ ਦੇ ਆਤਮਕ ਸੰਜੋਗ ਤੋਂ ਨਾਦੀ ਸੰਤਾਨ ਪੈਦਾ ਹੁੰਦੀ ਮੰਨੀ ਜਾਂਦੀ ਹੈ ਅਤੇ ਪਤੀ ਪਤਨੀ ਦੇ ਸਰੀਰਕ ਸੰਜੋਗ ਤੋਂ ਬਿੰਦੀ ਸੰਤਾਨ ਦੀ ਪੈਦਾਇਸ਼ ਹੋਣ ਦਾ ਕੁਦਰਤੀ ਨੀਯਮ ਸਾਰੇ ਸੰਸਾਰ ਦਾ ਇੱਕ ਪ੍ਰਤੱਖ ਸੱਚ ਹੈ ।

🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਸ ਕੁਦਰਤੀ ਸੱਚ ਨੂੰ ਇੱਕ ਉਦਾਹਰਣ ਵਜੋਂ ਇਉਂ ਪ੍ਰਗਟਾਇਆ ਹੈ : ਜੈਸੇ ਮਾਤ ਪਿਤਾ ਬਿਨੁ ਬਾਲ ਨ ਹੋਈ ॥ {ਪੰਨਾ 872} ਗੁਰੂ ਨਾਨਕ ਸਾਹਿਬ ਜੀ ਬੇਦੀ ਕੁੱਲ ਵਿੱਚ ਜਨਮੇ । ਬਚਿੱਤ੍ਰ ਨਾਟਕ ਦਸਦਾ ਹੈ ਕਿ "ਜਿਨ ਬੇਦ ਪਠਿਯੋ, ਸੁ ਬੇਦੀ ਕਹਾਏ ॥ ਅਤੇ ਇਹ ਵੀ ਕਹਿੰਦਾ ਹੈ ਕਿ "ਤਿਨ ਬੇਦੀਯਨਿ ਕੀ ਕੁਲ ਬਿਖੇ, ਪ੍ਰਗਟੇ ਨਾਨਕ ਰਾਇ ॥" ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਗੁਰੳਪਦੇਸ਼ ਤੇ ਗੁਰੂ ਨਾਨਕ ਦਰਬਾਰ ਦਾ ਵਰਤਾਰਾ ਸਾਂਝੀ ਸੰਗਤ, ਸਾਂਝੀ ਪੰਗਤ, ਸਾਂਝਾ ਇਸ਼ਨਾਨ ਵੈਦਿਕ-ਵਿਚਾਰਧਾਰਾ ਦੇ ਊਚ ਨੀਚ ਤੇ ਜਨੇਊ ਵਰਗੇ ਵਿਤਕਰਿਆਂ ਦੇ ਵਿਪਰੀਤ ਹੈ ।

👉 ਇਸ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਬੇਦੀ ਕੁਲ ਨਾਲ ਜੋੜ ਕੇ ਵਿਚਾਰਨਾ ਮੁੱਢੋਂ ਹੀ ਗਲਿਤ ਹੈ । ਜਦੋਂ ਦੁੱਧ ਤੋਂ ਦਹੀਂ, ਪਨੀਰ ਤੇ ਮੱਖਣ ਬਣ ਜਾਏ, ਮੁੜ ਕੇ ਉਹ ਦੁੱਧ ਨਹੀਂ ਬਣਦਾ ਅਤੇ ਉਸ ਨੂੰ ਦੁੱਧ ਕਹਿਣਾ ਵੀ ਮੂਰਖਤਾ ਦਾ ਪ੍ਰਗਟਾਵਾ ਮੰਨਿਆ ਜਾਂਦਾ ਹੈ ।

🙏 ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਿੰਦੀ ਸੰਤਾਨ ਸ੍ਰੀ ਚੰਦ ਤੇ ਲਖਮੀ ਚੰਦ ਨੂੰ ਛੱਡ ਕੇ ਆਪਣੀ ਨਾਦੀ ਸੰਤਾਨ ਭਾਈ ਲਹਿਣਾ ਜੀ ਨੂੰ ਆਪਣਾ ਅੰਗੇ-ਖ਼ੁਦ ਦੱਸਦਿਆਂ ਗੁਰਿਆਈ ਬਖ਼ਸ਼ੀ । ਭਾਈ ਗੁਰਦਾਸ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਪੁਤਰ ਐਲਾਨਿਆ । ਉਨ੍ਹਾਂ ਦਾ ਕਥਨ ਹੈ :
🔹 ਪੁਤੁ ਸਪੁਤੁ ਬਬਾਣੇ ਲਹਣਾ ॥ {ਵਾਰ 24 ਪਉੜੀ 7}
ਪੁਤ ਤਾਂ ਉਹ ਸਾਰੇ ਵਿਅਕਤੀ ਹੁੰਦੇ ਹਨ, ਜੋ ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਤੋਂ ਪੈਦਾ ਹੁੰਦੇ ਹਨ। ਪਰ ਸੰਸਾਰ ਭਰ ਵਿੱਚ ਸਪੁਤ੍ਰ ਓਹੀ ਮੰਨੇ ਜਾਂਦੇ ਹਨ, ਜਿਹੜੇ ਆਪਣੇ ਮਾਪਿਆਂ ਦੇ ਆਗਿਆਕਾਰੀ ਤੇ ਸੇਵਾਦਾਰ ਬਣ ਕੇ ਜੀਊਂਦੇ ਹਨ ।

✅ ਭਾਈ ਲਹਿਣਾ ਜੀ ਨੇ ਗੁਰਦੇਵ ਪਿਤਾ ਦਾ ਉਪਦੇਸ਼ ਰੂਪ ਹਰ ਹੁਕਮ ਮੰਨਿਆ । ਪਰ ਸ੍ਰੀ ਚੰਦ ਤੇ ਲਖਮੀ ਚੰਦ ਦੋਵੇ ਪੁਤ੍ਰ ਇਸ ਪੱਖੋਂ ਫੇਲ ਹੋਏ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਗੁਰੂ ਦਰਬਾਰ ਦੇ ਗੁਰੂ-ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ ਕੀਰਤਨੀਏ ਭਾਈ ਬਲਵੰਡ ਰਾਇ ਨੇ ਕਿਹਾ ਕਿ ਦੋਵੇਂ ਪੁਤਰ ਗੁਰੂ-ਪਿਤਾ ਦੇ ਹੁਕਮਾਂ ਵੱਲ ਪਿੱਠ ਕਰ ਲੈਂਦੇ ਰਹੇ । ਭਾਵ, ਉਨ੍ਹਾਂ ਨੇ ਗੁਰੂ-ਪਿਤਾ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ । ਭਾਈ ਬਲਵੰਡ ਜੀ ਦੇ ਗਵਾਹੀ ਰੂਪ ਬੋਲ ਹਨ : ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ ਮੁਰਟੀਐ ॥ {ਪੰ. 967}

⛔ ਬਚਿਤ੍ਰ ਨਾਟਕ ਮੁਤਾਬਿਕ ਜੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਸੋਢੀਆਂ ਦੀ ਕੁਲ ਵਿੱਚ ਜਨਮੇ ਮੰਨੇ ਜਾਣ ਤਾਂ ਉਨ੍ਹਾਂ ਦੀ ਬਿੰਦੀ-ਸੰਤਾਨ ਚਾਰ ਸਾਹਿਬਜ਼ਾਦੇ ਤਾਂ ਉਨ੍ਹਾਂ ਦੇ ਜੀਊਂਦਿਆਂ ਹੀ ਸ਼ਹੀਦ ਹੋ ਗਏ । ਇਸ ਦਾ ਅਰਥ ਹੈ ਕਿ ਅੱਗੋਂ ਲਈ ਉਨ੍ਹਾਂ ਦੀ ਬਿੰਦੀ ਰੂਪ ਵਿੱਚ ਸੋਢੀ ਪੀੜ੍ਹੀ ਚੱਲੀ ਹੀ ਨਹੀਂ । 🔹ਸਰਬੱਤ ਖ਼ਾਲਸਾ ਉਨ੍ਹਾਂ ਦੀ ਨਾਦੀ ਸੰਤਾਨ ਹੈ।🔹 ਇਸੇ ਲਈ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਸਥਾਨ 'ਤੇ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਸੁੰਦਰੀ ਜੀ ਨੂੰ ਕਿਹਾ ਸੀ ਕੀ ਹੋ ਗਿਆ ਜੇ ਚਾਰ ਪੁਤ੍ਰ ਤੇਰੇ ਸ਼ਹੀਦ ਹੋ ਗਏ ? ਜ਼ਰਾ ਗਹੁ ਨਾਲ ਵੇਖ ਤੇਰਾ ਨਾਦੀ-ਪੁਤ ਖ਼ਾਲਸਾ ਲੱਖਾਂ ਦੀ ਗਿਣਤੀ ਵਿੱਚ ਜੀਊਂਦਾ ਹੈ, ਜੋ ਸਦਾ ਹੀ ਜੀਵਤ ਰਹੇਗਾ । ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਗੁਰਸਿੱਖਾਂ ਨੂੰ ਪੁੱਤਰਾਂ ਦਾ ਦਰਜਾ ਦਿੰਦੇ ਹਨ ।

🙏 ਗੁਰਵਾਕ ਹੈ-
ਜਨ ਨਾਨਕ ਕੇ ਗੁਰਸਿਖ ਪੁਤ ਹਹੁ (ਪੁਤਰ ਹੌ) ਹਰਿ ਜਪਿਅਹੁ ਹਰਿ ਨਿਸਤਾਰਿਆ ॥
{ਪੰਨਾ 312}

👳 ਇਸ ਲਈ ਸਾਰੇ ਗੁਰਸਿੱਖਾਂ ਨੂੰ ਬੇਦੀਆਂ ਤੇ ਸੋਢੀਆਂ ਦੀ ਕੁਲ ਨਾਲ ਜੋੜ ਕੇ ਵਿਚਾਰਨਾ ਜਾਂ ਮੰਨਣਾ ਮੁੱਢੋਂ ਹੀ ਰੱਦ ਹੁੰਦਾ ਹੈ । ਅਸਲ ਵਿੱਚ ਆਰ.ਪੀ ਸਿੰਘ ਵਰਗੇ ਗੁਰਮਤਿ ਸਿਧਾਂਤਾਂ ਤੋਂ ਕੋਰੇ ਤੇ ਬੇ-ਸਮਝ ਲੋਕ ਹੀ ਐਸੀਆਂ ਬੇਥਵੀਆਂ ਤੇ ਸਿਧਾਂਤਹੀਣ ਗੱਲਾਂ ਕਰਦੇ ਹਨ । ਪਰ, ਇਹ ਵੀ ਇੱਕ ਸੱਚ ਹੈ ਕਿ ਜਦੋਂ ਤਕ ਖ਼ਾਲਸਈ ਤਖ਼ਤ ਬਚਿਤ੍ਰ-ਨਾਟਕ ਨੂੰ ਗੁਰੂ-ਕ੍ਰਿਤ ਵਜੋਂ ਮਾਨਤਾ ਦਿੰਦੇ ਰਹਿਣਗੇ, ਤਦੋਂ ਤਕ ਮਰਹੂਮ ਜਥੇਦਾਰ ਪੂਰਨ ਸਿੰਘ ਤੇ ਆਰ.ਪੀ. ਸਿੰਘ ਵਰਗੇ ਹਿੰਦੂਤਵੀ ਤੋਤੇ ਤੇ ਪਾਲਤੂ ਚਉਧਰੀ ਉਪਰੋਕਤ ਵੀਡੀਓ ਵਰਗਾ ਊਲ-ਜਲੂਲ ਬੋਲਦੇ ਹੀ ਰਹਿਣਗੇ ।

👉 ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਐਸੇ ਰਾਜਨੀਤਕ ਅਹਲਕਾਰਾਂ ਦੀ ਸ਼ਿਕਾਰੀਆਂ ਦੇ ਪੜ੍ਹਾਏ ਤੇ ਸਿਖਾਏ ਹਰਨਾਂ, ਬਾਜ਼ਾਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਨੂੰ ਆਪਣੇ ਹਮ-ਜਿਨਸ ਭਰਾਵਾਂ ਲਈ ਅਜਿਹੀ ਫਾਹੀ ਦੱਸਿਆ ਹੈ, ਜਿਹੜੀ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਸ ਦੇ ਮਾਲਕ ਸ਼ਿਕਾਰੀ ਦੇ ਮੱਕੜ ਜਾਲ਼ ਵਿੱਚ ਫਸਾਉਣ ਦਾ ਕਾਰਣ ਬਣਦੀ ਹੈ । ਗੁਰਦੇਵ ਜੀ ਦਾ ਨਿਰਣਾ ਹੈ ਕਿ ਐਸੇ ਲੋਕਾਂ ਨੂੰ ਰੱਬੀ ਹਜ਼ੂਰੀ ਵਿੱਚ ਕੋਈ ਆਦਰ-ਮਾਣ ਨਹੀਂ ਮਿਲਦਾ । ਇਹੀ ਕਾਰਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਖ਼ਾਲਸਾ-ਪੰਥ ਵੀ ਅਜਿਹੇ ਟੁੱਕੜਬੋਚਾਂ ਨੂੰ ਪ੍ਰਵਾਨ ਨਹੀਂ ਕਰਦਾ ।

🙏 ਹਜ਼ੂਰ ਦਾ ਕਥਨ ਹੈ :
ਹਰਣਾਂ ਬਾਜਾਂ ਤੈ ਸਿਕਦਾਰਾਂ, ਏਨ੍ਹਾ ਪੜ੍ਹਿਆ ਨਾਉ ॥
ਫਾਂਧੀ ਲਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ ॥ {ਗੁਰੂ ਗ੍ਰੰਥ ਸਾਹਿਬ-ਪੰਨਾ 1288}

️🎯 ਭੁਲਣਾ ਨਹੀਂ ਚਾਹੀਦਾ ਕਿ ਗੁਰਸਿੱਖੀ ਲਈ ਸੁਰਤ ਰੂਪੀ ਸੋਚ ਵਿੱਚ ਗੁਰ ਉਪਦੇਸ਼ ਦਾ ਹੋਣਾ ਲਾਜ਼ਮੀ ਹੈ, ਸਰੂਪ ਅਥਵਾ ਪੰਜ ਕਕਾਰੀ ਬਾਣਾ ਤਾਂ ਉਸ ਦਾ ਸਿੱਟਾ ਹੈ । ਜੇ ਸੁਰਤ ਵਿੱਚ ਗੁਰ-ੳਪਦੇਸ਼ ਨਹੀਂ ਤਾਂ ਅਜਿਹਾ ਸਰੂਪ ਇੱਕ ਭੇਖ ਹੈ । ਰਾਜਨੀਤਕ ਪਾਰਟੀਆਂ ਵੋਟਾਂ ਲਈ ਅਜਿਹੇ ਭੇਖੀ, ਚਉਧਰਤਾ ਦੇ ਭੁੱਖੇ ਤੇ ਚਲਾਕ ਚਿਹਰਿਆਂ ਨੂੰ ਚੁਣਦੀਆਂ ਤੇ ਪਾਲ਼ਦੀਆਂ ਹਨ, ਜਿਹੜੇ ਆਪਣੇ ਹਮ-ਜਿਨਸ ਭੈਣ-ਭਰਾਵਾਂ ਨੂੰ ਰਾਜਨੀਤਕ ਪਾਰਟੀਆਂ ਦੇ ਮੱਕੜ ਜਾਲ਼ ਵਿੱਚ ਫਸਾਉਣ ਲਈ ਲਾਭਦਾਇਕ ਹੋਣ ।

🙏 ਗੁਰਬਾਣੀ ਦਾ ਨਿਰਣਾ ਹੈ -
ਸਤਿਗੁਰਿ ਮਿਲਿਐ ਭੁਖ ਗਈ, ਭੇਖੀ ਭੁਖ ਨ ਜਾਇ ॥ {ਗੁਰੂ ਗ੍ਰੰਥ ਸਾਹਿਬ-ਪੰ. 586}

🚩 ਰਾਜਨੀਤਕ ਪਾਰਟੀਆਂ ਦੇ ਮੁਖੀ ਵਿਅਕਤੀ ਉਪਰੋਕਤ ਕਿਸਮ ਦੇ ਭੇਖੀ ਅਤੇ ਚਉਧਰਤਾ ਦੇ ਭੁੱਖੇ ਲੋਕਾਂ ਨੂੰ ਆਪਣੇ ਵਫ਼ਾਦਾਰ ਕੁੱਤੇ ਮੰਨ ਕੇ ਰੋਟੀ-ਬੋਟੀ ਦੀ ਕੋਈ ਬੁਰਕੀ ਪਾ ਛੱਡਦੇ ਹਨ ਤੇ ਉਹ ਇਸੇ ਝਾਕ ਵਿੱਚ ਆਪਣੇ ਮਾਲਕ ਦੇ ਮੂੰਹ ਵੱਲ ਵੇਖਦੇ ਰਹਿੰਦੇ ਹਨ ।

💥 ਗੁਰਬਾਣੀ ਵਿੱਚ ਐਸੇ ਲੋਕਾਂ ਦੀ ਕਰਣੀ ਦੀ ਤੁੱਲਨਾ ਭੁੱਖੇ ਕੁੱਤੇ ਨਾਲ ਦਿੱਤੀ ਹੈ।
ਗੁਰਵਾਕ ਹੈ : ਕਰਣੀ ਕੁਤਾ, ਦਰਿ ਫੁਰਮਾਨੁ ॥ {ਗੁਰੂ ਗ੍ਰੰਥ ਸਾਹਿਬ-ਪੰ. 350}

ਭੁੱਲ-ਚੁੱਕ ਮੁਆਫ਼ ਕਰਨੀ ਜੀ ।

ਗੁਰੂ ਗ੍ਰੰਥ ਤੇ ਗੁਰੂ ਦੇ ਪੰਥ ਦਾ ਇੱਕ ਅਧਨਾ ਪ੍ਰਚਾਰਕ ਸੇਵਾਦਾਰ
-: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ 18-10-2024


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top