ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਸਿਰੀ ਰਾਗੁ ਮਹਲਾ 3 ਦੇ ਸਿਰਲੇਖ ਗੁਰਵਾਕ ਹੈ “ਗੁਰਬਾਣੀ
ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥” {ਪੰਨਾ. 67} ਇਸ ਤੋਂ ਸਪਸ਼ਟ ਹੈ ਕਿ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਗੁਰਸਿੱਖਾਂ ਦੇ ਜੀਵਨ ਦਾ ਇੱਕ ਅਜਿਹਾ
ਚਾਨਣ-ਮੁਨਾਰਾ ਹੈ, ਜਿਹੜਾ ਉਨ੍ਹਾਂ ਦੀ ਜ਼ਿੰਦਗੀ ਦੇ ਧਾਰਮਕ, ਸਮਾਜਕ, ਰਾਜਨੀਤਕ, ਆਰਥਕ ਤੇ
ਸ਼ਰੀਰਕ ਸੰਭਾਲ ਆਦਿਕ ਰਾਹਾਂ ਨੂੰ ਰੁਸ਼ਨਾਉਣ ਦਾ ਪ੍ਰਮੁੱਖ ਸਾਧਨ ਹੈ । ਖਗੋਲ ਵਿਗਿਆਨੀਆਂ
ਦਾ ਕਥਨ ਹੈ ਕਿ ਕਿਸੇ ਕੁਦਰਤੀ ਨਿਯਮ ਅਧੀਨ ਸੂਰਜ ਗ੍ਰਹਿ ਆਪਣੇ ਕੇਂਦਰ ਦੁਆਲੇ ਨਿਰੰਤਰ
ਘੁੰਮਦਾ ਹੈ ਅਤੇ ਧਰਤੀ ਸੂਰਜ ਦੁਆਲੇ ਅਤੇ ਚੰਦ੍ਰਮਾ ਧਰਤੀ ਦੁਆਲੇ ਨਿਰੰਤਰ ਚੱਕ੍ਰ ਲਗਾਉਂਦਾ
ਹੈ ।
ਗੁਰੂ ਨਾਨਕ ਸਾਹਿਬ ਜੀ ਉਸ ਕੁਦਰਤੀ ਨਿਯਮ ਨੂੰ ਰੱਬੀ ਭਉ (ਹੁਕਮ)
ਦਾ ਨਾਂ ਦੇ ਕੇ ਫ਼ਰਮਾਂਦੇ ਹਨ ਕਿ ਸੂਰਜ ਤੇ ਚੰਦ੍ਰਮਾ ਦੇ ਰੱਬੀ ਭਉ ਵਿੱਚ ਕ੍ਰੋੜਾਂ ਕੋਹ
ਚੱਲਦਿਆਂ ਉਨ੍ਹਾਂ ਦੇ ਪੈਂਡੇ ਦਾ ਅੰਤ ਨਹੀਂ ਪੈਂਦਾ “ਭੈ ਵਿਚਿ
ਸੂਰਜੁ, ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥” {ਗੁਰੂ ਗ੍ਰੰਥ ਸਾਹਿਬ-ਪੰ.
464} ਇਸ ਪ੍ਰਕਾਰ ਦੀ ਚਾਲ ਚਲਦਿਆਂ ਜਦੋਂ ਸੂਰਜ ਤੇ ਧਰਤੀ ਦੇ ਵਿਚਕਾਰੋਂ ਚੰਦ੍ਰਮਾ ਲੰਘਦਾ
ਹੈ ਤਾਂ ਸੂਰਜ ਗ੍ਰਹਣ ਦਾ ਮੌਕਾ ਬਣਦਾ ਹੈ ਅਤੇ ਇਹ ਦਿਨ ਸਦਾ ਮੱਸਿਆ ਦਾ ਦਿਹਾੜਾ ਹੁੰਦਾ
ਹੈ । ਇਸੇ ਤਰ੍ਹਾਂ ਜਦੋਂ ਸੂਰਜ ਤੇ ਚੰਦ੍ਰਮਾ ਦੇ ਮੱਧ ਚੋਂ ਧਰਤੀ ਲੰਘਦੀ ਹੈ ਤਾਂ ਚੰਦ੍ਰਮਾ
ਨੂੰ ਗ੍ਰਹਿਣ ਦਿਸਦਾ ਹੈ, ਕਿਉਂਕਿ ਸੂਰਜ ਦਾ ਚਾਨਣ ਚੰਦ੍ਰਮਾ ਤਕ ਨਹੀਂ ਪਹੁੰਚਦਾ । ਕੁਦਰਤ
ਦਾ ਇਹ ਦ੍ਰਿਸ਼ ਸਦਾ ਪੂਰਨਮਾਸ਼ੀ ਦੇ ਦਿਹਾੜੇ ਦਿਸਦਾ ਹੈ ।
ਸਿੱਧ ਜੋਗੀਆਂ ਨੇ ਮਾਨਸਿਕ ਸ਼ਾਂਤੀ ਤੇ ਆਤਮਕ ਗਿਆਨ ਦੀ ਪ੍ਰਾਪਤੀ ਪੱਖੋਂ ਜਦੋਂ ਗੁਰੂ ਨਾਨਕ
ਸਾਹਿਬ ਨੂੰ ਚੰਦ੍ਰਮਾ ਦੀ ਸੀਤਲਤਾ ਤੇ ਸੂਰਜ ਦੀ ਤਪਸ਼ ਤੇ ਚਾਨਣ ਨੂੰ ਗਿਆਨ ਦਾ ਪ੍ਰਤੀਕ ਬਣਾ
ਕੇ ਪੁੱਛਿਆ : ਕਵਨ ਮੁਖਿ, ਚੰਦੁ ਹਿਵੈ ਘਰਿ ਛਾਇਆ ? ॥ ਕਵਨ ਮੁਖਿ, ਸੂਰਜੁ ਤਪੈ ਤਪਾਇਆ ?
॥ ਤਾਂ ਹਜ਼ੂਰ ਨੇ ਜੋ ਉੱਤਰ ਦਿੱਤਾ, ਚੰਦ੍ਰਮਾ ਗ੍ਰਹਣ ਦੇ ਪਿਛੋਕੜ ਵਿੱਚ ਅਸਲ ਕਾਰਣ ਓਹੀ
ਕੰਮ ਕਰਦਾ ਜਾਪਦਾ ਹੈ । ਸਾਇੰਸਦਾਨ ਵੀ ਇਸ ਹਕੀਕਤ ਦੀ ਪੁਸ਼ਟੀ ਕਰਦੇ ਹਨ ਕਿ ਚੰਦ੍ਰਮਾ ਦਾ
ਆਪਣਾ ਚਾਨਣ ਨਹੀਂ, ਉਹ ਸੂਰਜ ਦੇ ਚਾਨਣ ਦੀ ਬਦੌਲਤ ਹੀ ਚਮਕਦਾ ਹੈ । ਰਾਮਕਲੀ ਸਿੱਧ ਗੋਸ਼ਿਟ
ਵਿੱਚ ਹਜ਼ੂਰ ਦਾ ਉੱਤਰ ਹੈ ਕਿ ਜਦੋਂ ਚੰਦ੍ਰਮਾ ਦੇ ਘਰ ਵਿਚ ਸੂਰਜ ਵੱਸਦਾ ਹੈ, ਤਾਂ ਉਸ ਦਾ
ਅੰਧੇਰਾ ਮਿਟਦਾ ਹੈ । ਰਹਸਮਈ ਗੁਰਵਾਕ ਹੈ :
ਸਬਦੁ ਭਾਖਤ, ਸਸਿ ਜੋਤਿ ਅਪਾਰਾ ॥
ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ ॥ {ਗੁਰੂ ਗ੍ਰੰਥ ਸਾਹਿਬ-ਪੰ. 943}
ਖਗੋਲ ਵਿਗਿਆਨੀਆਂ ਤੇ ਭਾਰਤੀ ਜੋਤਸ਼ੀਆਂ
ਮੁਤਾਬਿਕ 25 ਮਾਰਚ 2025 ਨੂੰ ਚੰਦ੍ਰਮਾ ਗ੍ਰਹਣ ਤੇ 8 ਅਪ੍ਰੈਲ 2024 ਨੂੰ ਪੂਰਨ
ਸੂਰਜ ਗ੍ਰਹਣ ਹੋਏਗਾ ਅਤੇ ਕੁਝ ਮਿੰਟਾਂ ਲਈ ਧਰਤੀ ਦੇ ਗ੍ਰਹਣ ਵਾਲੇ ਹਿੱਸੇ ਉੱਤੇ
ਘੋਰ-ਅੰਧੇਰਾ ਛਾ ਜਾਏਗਾ, ਕਿਉਂਕਿ ਉਥੇ ਸੂਰਜ (ਰਵਿ) ਤੇ ਚੰਦ੍ਰਮਾ (ਸਸਿ) ਦੀ ਕੋਈ ਕਿਰਣ
ਵੀ ਨਹੀਂ ਪਹੁੰਚ ਸਕੇਗੀ । ਗੁਰਬਾਣੀ ਵਿੱਚ ਐਸੀ ਸਥਿਤੀ ਨੂੰ ‘ਬਿਖਮ ਘੋਰ’ ਨਾਂ ਦਿੱਤਾ
ਗਿਆ ਹੈ । ਜਿਵੇਂ “ਬਿਖਮ ਘੋਰ ਪੰਥਿ ਚਾਲਣਾ, ਪ੍ਰਾਣੀ ! ਰਵਿ ਸਸਿ ਤਹ ਨ ਪ੍ਰਵੇਸੰ ॥” {ਗੁਰੂ
ਗ੍ਰੰਥ ਸਾਹਿਬ-ਪੰ. 943} ਵੈਦਿਕ ਦਰਸ਼ਨ ਨੂੰ ਇਹ ਮਾਣ ਤਾਂ ਹਾਸਲ ਹੈ ਕਿ ਸੂਰਜ ਤੇ ਚੰਦ੍ਰਮਾ
ਗ੍ਰਹਿਣ ਦੀ ਸੰਸਾਰ ਵਿੱਚੋਂ ਸਭ ਤੋਂ ਪਹਿਲਾਂ ਤੇ ਸਭ ਤੋਂ ਵਧੇਰੇ ਚਰਚਾ ਉਸ ਨੇ ਕੀਤੀ ਹੈ
। ਰਿਗ ਵੇਦ ਦੇ ਰਿਸ਼ੀ ਅਤ੍ਰੀ ਨੇ ਸਭ ਤੋਂ ਪਹਿਲਾਂ ਸੂਰਜ ਨੂੰ ਦੇਵਤੇ ਦੇ ਰੂਪ ਵਿੱਚ
ਸੰਬੋਧਤ ਹੁੰਦਿਆਂ ਉਸ ਦੇ ਗ੍ਰਹਣ ਦੀ ਚਰਚਾ ਛੇੜੀ । ਅਥਰਵ-ਵੇਦ ਨੇ ਵੀ ਚੰਦ੍ਰਮਾ ਗ੍ਰਹਣ
ਦੀ ਗੱਲ ਕਰਦਿਆਂ ਰਿਗ ਵੇਦ ਦੀ ਪ੍ਰੋੜਤਾ ਕੀਤੀ । ਪਰ ਪੌਰਾਣਿਕ-ਮਤੀ ਪੁਜਾਰੀ ਪ੍ਰਚਾਰਕਾਂ
ਨੇ ਆਪਣੇ ਮਾਇਕ ਸੁਆਰਥਾਂ ਕਾਰਣ ਮਹਾਂਭਾਰਤ ਤੇ ਰਮਾਇਣ ਆਦਿਕ ਗ੍ਰੰਥਾਂ ’ਤੇ ਅਧਾਰਿਤ ਇਨ੍ਹਾਂ
ਘਟਨਾਵਾਂ ਦਾ ਮੂਰਤੀਕਰਨ ਕਰ ਦਿੱਤਾ । ਉਨ੍ਹਾਂ ਨੇ ਰਾਹੂ ਕੇਤੂ ਵਰਗੇ ਦੈਂਤਾਂ ਦੁਆਰਾ
ਸੂਰਜ ਤੇ ਚੰਦ੍ਰਮਾਂ ਨੂੰ ਗ੍ਰਸਣ ਦੀ ਵਿਸ਼ੇਸ਼ ਚਰਚਾ ਕਰਕੇ ਕਈ ਕਿਸਮ ਦੇ ਵਹਿਮਾਂ ਭਰਮਾਂ
ਨੂੰ ਜਨਮ ਦਿੱਤਾ, ਤਾਂ ਕਿ ਲੋਕ ਭੈ-ਭੀਤ ਹੋ ਕੇ ਪੁੰਨ-ਦਾਨ ਵਾਲੇ ਪਾਸੇ ਲੱਗਣ । ਬਚਿਤ੍ਰ
ਨਾਟਕੀ (ਕਥਿਤ-ਦਸਮ ਗ੍ਰੰਥ) ‘ਕ੍ਰਿਸ਼ਨਾ ਅਵਤਾਰ’ ਵਿੱਚ ਮਹਾਂਭਾਰਤ ’ਤੇ ਅਧਾਰਿਤ ਐਸਾ
ਪ੍ਰਸੰਗ ਹੈ ਕਿ ਜਦੋਂ ਜੋਤਸ਼ੀਆਂ ਨੇ ਸੂਰਜ ਗ੍ਰਹਿਣ ਬਾਰੇ ਦੱਸਿਆ ਤਾਂ ਸ੍ਰੀ ਕ੍ਰਿਸ਼ਨ ਜੀ
ਦੇ ਮਾਤਾ, ਸਤੌਲੀ ਮਾਂ ਅਤੇ ਭਰਾ ਨੇ ਇਸ ਮੌਕੇ ਕੁਰਸ਼ੇਤਰ ਜਾਣ ਦਾ ਵਿਚਾਰ ਕੀਤਾ । ਲਿਖਤ
ਹੈ :
ਜਉ ਰਵਿ ਕੇ ਰਵਿ ਕੇ ਗ੍ਰਸਬੇ ਹੂ ਕੋ ਦਿਵਸ ਲਗਯੋ, ਕਹਿ ਜੋਤਕੀ
ਯੌ ਤੁ ਸੁਨਾਯੋ ॥
ਕਾਨ੍ਹ ਕੀ ਮਾਤ ਬਿਮਾਤ ਅਰੁ ਭ੍ਰਾਤ, ਚਲੈ ਕੁਰੁਖੇਤ੍ਰਿ ਇਹ ਠਹਰਾਯੋ ॥2415/2॥
ਇਹੀ ਕਾਰਣ ਹੈ ਕਿ ਹੁਣ ਵੀ ਭਾਰਤੀ ਜੋਤਸ਼ੀ ਇਨ੍ਹਾਂ ਗ੍ਰਹਣਾਂ ਦੇ
ਚੰਗੇ ਮੰਦੇ ਪ੍ਰਭਾਵਾਂ ਤੋਂ ਬਚਣ ਬਚਾਉਣ ਲਈ, ਜਿਥੇ ਪੌਰਾਣਿਕ ਵੀਚਾਰਧਾਰਾ ’ਤੇ ਅਧਾਰਿਤ
ਤੀਰਥ ਇਸ਼ਨਾਨ ਤੇ ਪੁੰਨ-ਦਾਨ ਦੇ ਰੂਪ ਵਿੱਚ ਕਈ ਕਿਸਮ ਦਾ ਵਹਿਮਾਂ ਭਰਿਆ ਕਰਮਕਾਂਡੀ
ਪ੍ਰਚਾਰ ਕਰ ਰਹੇ ਹਨ । ਉਥੇ, ਸੰਸਾਰ ਦੇ ਉੱਘੇ ਖਗੋਲ ਵਿਗਿਆਨੀ ਉਪਰੋਕਤ ਘਟਨਾਵਾਂ ਨੂੰ
ਕੁਦਰਤੀ ਪ੍ਰਕਿਰਿਆ ਦੱਸ ਕੇ, ਉਨ੍ਹਾਂ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਸੁਚੇਤ ਕਰਦੇ
ਹੋਏ ਉਸ ਕੁਦਰਤੀ ਨਜ਼ਾਰੇ ਨੂੰ ਵੇਖਣ ਲਈ ਉਤਸ਼ਾਹਤ ਵੀ ਕਰ ਰਹੇ ਹਨ । ਜਿਵੇਂ ਉਨ੍ਹਾਂ ਆਖਿਆ
ਹੈ ਕਿ ਇਸ ਮੌਕੇ ਸੂਰਜ ਤੇ ਹੋਰਨਾਂ ਗ੍ਰਹਿਆਂ ਦੀਆਂ ਤੇਜ਼ ਕਿਰਨਾਂ ਤੋਂ ਬਚਣ ਲਈ ਅਕਾਸ਼ ਨੂੰ
ਨੰਗੀਆਂ ਅੱਖਾਂ ਨਾਲ ਨਾ ਵੇਖੋ, ਦੂਰਬੀਨ ਦੀ ਵਰਤੋਂ ਕਰੋ; ਕਿਉਂਕਿ ਇਹ ਅੱਖਾਂ ਲਈ
ਹਾਨੀਕਾਰਕ ਹਨ । ਅੰਧਾਪਨ ਵੀ ਛਾ ਸਕਦਾ ਹੈ । ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਕੁਦਰਤੀ
ਘਟਨਾਵਾਂ ਨੂੰ ਗੁਰਬਾਣੀ ਦੇ ਚਾਨਣ ਵਿੱਚ ਵੀ ਵਿਚਾਰਿਆ ਜਾਵੇ।
ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰਸ਼ਬਦ
ਰਤਨਾਕਰ’ ਮੁਤਾਬਿਕ ‘ਗ੍ਰਹਣ’ ਸੰਸਕ੍ਰਿਤ ਦੀ ਇੱਕ ਸੰਗਿਆ ਹੈ, ਜਿਸ ਦੇ ਅਰਥ ਹਨ :
1. ਅੰਗੀਕਾਰ ਕਰਨਾ, 2. ਪਕੜਨਾ, 3. ਅਰਥ ਦਾ ਸਮਝਣਾ, 4. ਸੂਰਜ, ਚੰਦ੍ਰਰਮਾ ਦਾ ਆਵਰਣ (ਪੜਦੇ)
ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਵੇਖ ਸਕੀਏ। (ਇਸ
ਕਰਕੇ ਹੀ ਅੰਗਰੇਜ਼ੀ ਵਿੱਚ ‘ਗ੍ਰਹਣ’ ਨੂੰ ‘ਐੈਕਲਿਪਸ’ ਤੋਂ ਇਲਾਵਾ ‘ਸ਼ੈਡੋਇੰਗ’ ਵੀ ਆਖਿਆ
ਜਾਂਦਾ ਹੈ ।) ਭਾਈ ਸਾਹਿਬ ਲਿਖਦੇ ਹਨ ਕਿ “ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ‘ਰਾਹੂ’ ਅਤੇ
‘ਕੇਤੂ’ ਕਰਕੇ ਸੂਰਜ ਤੇ ਚੰਦ੍ਰਮਾ ਦਾ ਗ੍ਰਸੇ (ਪਕੜਨਾ) ਜਾਣਾ ਮੰਨਿਆ ਹੈ । ਗ੍ਰਹਣ ਸਮੇਂ
ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛਡਾਉਣ ਲਈ ਹਿੰਦੂ ਦਾਨ (-ਪੁੰਨ ਤੇ ਮੰਤ੍ਰ) ਜਪ ਵੀ
ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ (ਸੂਤਕ) ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰਮਤ
ਵਿੱਚ ਇਨ੍ਹਾਂ ਭਰਮਾ ਦਾ ਨਿਸ਼ੇਧ ਹੈ । ਪ੍ਰਮਾਣ ਰੂਪ ਗੁਰਵਾਕ ਹੈ : ਹਰਿ ਹਰਿ ਨਾਮਿ, ਮਜਨੁ
ਕਰਿ ਸੂਚੇ ॥ ਕੋਟਿ ਗ੍ਰਹਣ ਪੁੰਨ ਫਲ ਮੂਚੇ ॥ {ਗੁਰੂ ਗ੍ਰੰਥ ਸਾਹਿਬ-ਪੰ. 197} ਅਰਥ :-
ਪਰਮਾਤਮਾ ਦੇ ਨਾਮ-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ ਜੀਵਨ ਵਾਲਾ ਬਣ ਜਾਈਦਾ ਹੈ । ਗੁਰਬਾਣੀ
ਰੂਪ ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ
ਨਾਲੋਂ ਵੀ ਵਧੀਕ ਫਲ ਮਿਲਦੇ ਹਨ । ਸਦਾ ਯਾਦ ਰੱਖੋ ! ਗੁਰਬਾਣੀ ਨੂੰ ਗੁਰਉਪਦੇਸ਼ ਗ੍ਰਹਣ
ਕਰਨ ਦੇ ਸੰਕਲਪ ਨਾਲ ਪੜ੍ਹਣਾ, ਸੁਣਨਾ ਤੇ ਵੀਚਾਰਨਾ ਹੀ ਨਾਮ-ਤੀਰਥ ਦਾ ਆਤਮਕ ਇਸ਼ਨਾਨ ਹੈ ।
ਗੁਰਵਾਕ ਹੈ :
ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ, ਅੰਤਰਿ ਗਿਆਨੁ ਹੈ ॥ {ਗੁਰੂ ਗ੍ਰੰਥ ਸਾਹਿਬ-ਪੰ. 687}
ਸਤਿਗੁਰੂ ਜੀ ਨੇ ਤਾਂ ਧਰਨੀਧਰ ਪ੍ਰਭੂ ਅੱਗੇ ਅਰਦਾਸ ਕਰਦਿਆਂ ਇਸ ਤੱਥ ਨੂੰ ਦੁਹਰਾਅ ਕੇ ਇਥੋਂ
ਤਕ ਆਖ ਦਿੱਤਾ ਹੈ ਕਿ ਹੇ ਧਰਤੀ ਦੇ ਆਸਰੇ ਪ੍ਰਭੂ ! ਸਤਿਗੁਰੂ ਦਾ ਬਖ਼ਸ਼ਿਆ ਉਪਰੋਕਤ ਗਿਆਨ
ਹੀ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਇਹੀ ਮੇਰੇ ਵਾਸਤੇ ਸੂਰਜ ਤੇ
ਚੰਦ੍ਰਮਾ ਨਾਲ ਸਬੰਧਤ ਦਸ ਪਰਵ (ਮਸਿਆ, ਸੰਗਰਾਂਦ, ਪੂਰਨਮਾਸ਼ੀ, ਚਾਨਣਾ ਐਤਵਾਰ, ਦੋ
ਅਸ਼ਟਮੀਆਂ, ਦੋ ਚੌਦੇਂ ਅਤੇ ਸੂਰਜ ਤੇ ਚੰਦ੍ਰਮਾ ਗ੍ਰਹਣ) ਆਦਿਕ ਪਵਿਤ੍ਰ ਦਿਹਾੜੇ ਹੈ ਅਤੇ
ਇਹੀ ਮੇਰੇ ਵਾਸਤੇ ਦਸ ਪਾਪ ਹਰਨ ਵਾਲਾ ਜੇਠ ਸੁਦੀ ਦਸਮੀ (ਦਸਾਹਰਾ) ਗੰਗਾ ਦਾ ਜਨਮ-ਦਿਨ ਹੈ
। ਇਸ ਲਈ ਮੈਂ ਤਾਂ ਤੇਰੇ ਪਾਸੋਂ ਦਾਨਾਂ ਸਿਰ ਦਾਨ ਨਾਮ-ਦਾਨ ਹੀ ਮੰਗਦਾ ਹਾਂ । ਪ੍ਰੰਤੂ
ਸਿੱਖੀ ਦਾ ਦੁਖਦਾਈ ਪੱਖ ਇਹ ਹੈ ਕਿ ਸਾਰੇ ਡੇਰੇਦਾਰ ਤੇ ਵਾਪਾਰੀ ਬਿਰਤੀ ਵਾਲੇ ਗੁਰਦੁਆਰਾ
ਪ੍ਰਬੰਧਕ ਤੇ ਪ੍ਰਚਾਰਕ ਇਨ੍ਹਾਂ ਦਿਹਾੜਿਆਂ ਨੂੰ ਪਵਿਤ੍ਰ ਤੇ ਮਹੱਤਵ ਪੂਰਨ ਦੱਸ ਕੇ ਵਿਸ਼ੇਸ਼
ਸਮਾਗਮ ਕਰਦੇ ਹਨ, ਕਿਉਂਕਿ ਇਹ ਦਿਨ ਪੁਜਾਰੀ ਵਰਗ ਦੀ ਆਮਦਨ ਦਾ ਵਿਸ਼ੇਸ਼ ਸਾਧਨ ਬਣ ਰਹੇ ਹਨ
। ਗੁਰਵਾਕ ਹੈ :
ਗੁਰ ਗਿਆਨੁ, ਸਾਚਾ ਥਾਨੁ ਤੀਰਥੁ; ਦਸ ਪੁਰਬ ਸਦਾ ਦਸਾਹਰਾ ॥
ਹਉ ਨਾਮੁ ਹਰਿ ਕਾ ਸਦਾ ਜਾਚਉ; ਦੇਹੁ ਪ੍ਰਭ ਧਰਣੀਧਰਾ ! ॥ {ਗੁਰੂ ਗ੍ਰੰਥ ਸਾਹਿਬ-ਪੰ.
687}
ਸ੍ਰੀ ਕ੍ਰਿਸ਼ਨ ਜੀ ਦੇ ਪਰਿਵਾਰ ਵੱਲੋਂ ਸੂਰਜ ਗ੍ਰਹਣ ਮੌਕੇ ਕੁਰਸ਼ੇਤਰ ਤੀਰਥ ’ਤੇ ਜਾਣ ਵਾਲੇ
ਬਚਿਤ੍ਰ-ਨਾਟਕੀ ਪ੍ਰਸੰਗ ਵਾਂਗ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਵਿੱਚ ਵੀ ਹਜ਼ੂਰ
ਦੇ ਕੁਰਸ਼ੇਤਰ ਜਾਣ ਦਾ ਜ਼ਿਕਰ ਹੈ । ਪ੍ਰੰਤੂ ਫ਼ਰਕ ਇਤਨਾ ਹੈ ਕਿ ਸ੍ਰੀ ਕ੍ਰਿਸ਼ਨ ਜੀ ਦਾ
ਪਰਿਵਾਰ ਲੋਕ-ਚਾਲ ਮੁਤਾਬਿਕ ਜੋਤਸ਼ੀਆਂ ਦੇ ਕਹਿਣ ਅਨੁਸਾਰ ਉਥੇ ਜਾਂਦਾ ਹੈ, ਜਦ ਕਿ ਗੁਰੂ
ਨਾਨਕ ਸਾਹਿਬ ਲੋਕਾਂ ਨੂੰ ਫਜ਼ੂਲ ਦੇ ਕਰਮਕਾਂਡੀ ਵਹਿਮਾ ਭਰਮਾਂ ਤੋਂ ਮੁਕਤ ਕਰਕੇ ਉਨ੍ਹਾਂ
ਦੇ ਸੁਧਾਰ ਹਿਤ ਗਏ ਹਨ । ਗੁਰੂ ਰਾਮਦਾਸ ਜੀ ਦੀ ਗਵਾਹੀ ਹੈ :
ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ (ਉ+ਧੱਰਣ) ਅਰਥਾ ॥ {ਗੁਰੂ ਗ੍ਰੰਥ
ਸਾਹਿਬ-ਪੰ. 1116} ਇਤਿਹਾਸ ਵਿੱਚ ਵਰਨਣ ਹੈ ਕਿ ਸਤਿਗੁਰੂ ਜੀ ਨੇ ਆਪਣੀ ਪ੍ਰਚਾਰ-ਜੁਗਤਿ
ਅਧੀਨ ਭਾਈ ਮਰਦਾਨਾ ਜੀ ਦੁਆਰਾ ਚੁੱਲੇ ਵਿੱਚ ਅੱਗ ਬਾਲ ਕੇ ਹਿਰਨ ਦਾ ਮਾਸ ਰਿੰਨਣ ਦਾ ਨਾਟਕੀ
ਢੰਗ ਅਪਨਾਇਆ; ਤਾਂ ਕਿ ਉਥੋਂ ਦੇ ਬ੍ਰਾਹਮਣ ਪਾਂਡੇ ਗ੍ਰਹਣ ਮੌਕੇ ਅੱਗ ਬਾਲਣ ਤੇ ਮਾਸ ਆਦਿਕ
ਭੋਜਨ ਨਾ ਪਕਾਉਣ ਦੇ ਭਰਮ ਅਧੀਨ ਹਜ਼ੂਰ ਨਾਲ ਸੁਆਲ-ਜੁਆਬ ਕਰਨ ।
ਐਸਾ ਹੀ ਹੋਇਆ, ਜਿਸ ਦਾ ਪ੍ਰਮਾਣ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸ੍ਰੀ ਰਾਗੁ ਦੀ
ਵਾਰ ਵਿੱਚਲੇ “ਕੁਬੁਧਿ ਡੂਮਣੀ, ਕੁਦਇਆ ਕਸਾਇਣ…॥ {ਪੰਨਾ. 91) ਅਤੇ ਮਲਾਰੁ ਰਾਗ ਦੀ ਵਾਰ
ਵਿੱਚਲੇ “ਪਾਂਡੇ ! ਤੂ ਜਾਣੇ ਹੀ ਨਾਹੀ, ਕਿਥਹੁ ਮਾਸ ਉਪੰਨਾ ॥
{ਪੰਨਾ. 1290} ਪਾਵਨ ਤੁਕਾਂ ਵਾਲੇ ਦੋ ਸਲੋਕ, ਜਿਹੜੇ ਸਤਿਗੁਰੂ ਜੀ ਨੇ ਕੁਰਸ਼ੇਤਰੀ ਪੰਡਤਾਂ
ਤੇ ਉਥੇ ਪਹੁੰਚੇ ਲੋਕਾਂ ਨੂੰ ਅਸਲੀਅਤ ਸਮਝਾਉਣ ਲਈ ਉਚਾਰਣ ਕੀਤੇ । ਕੁਰਸ਼ੇਤਰ ਸਰੋਵਰ ਦੇ
ਨੇੜੇ ‘ਗੁਰਦੁਆਰਾ ਸਿੱਧ-ਬਟੀ’ ਪਾਂਡਿਆਂ ਨਾਲ ਹੋਈ ਗੋਸ਼ਟੀ ਦੀ ਹੀ ਯਾਦਗਰ ਹੈ । ਸਾਨੂੰ
ਖ਼ਿਆਲ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ-ਮੰਗਲ (ਮੂਲ-ਮੰਤ੍ਰ)
ਦੇ ਪਦ ‘ਸੈਭੰ’ ਦੇ ਚਾਨਣ ਵਿੱਚ ਇੱਕ-ਓਅੰਕਾਰੀ ਕਰਤਾ-ਪੁਰਖ ਤੋਂ ਇਲਾਵਾ ਸਾਡੇ ਸਮੇਤ
ਕੁਦਰਤ ਦਾ ਹਰੇਕ ਅੰਗ ਇੱਕ-ਦੂਜੇ ਦੇ ਸਹਾਰੇ ਤੇ ਸੰਬਧਤ ਹੋਣ ਕਾਰਨ, ਕੁਦਰਤ ਦੀ ਹਰੇਕ
ਹਲ-ਚਲ ਤੋਂ ਪ੍ਰਭਾਵਤ ਹੁੰਦਾ ਹੈ । ਸਾਇੰਸਦਾਨ ਵੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ । ਇਸ ਲਈ
ਬ੍ਰਹਮੰਡੀ ਗ੍ਰਹਿ-ਚਾਲ ਅਧੀਨ ਗ੍ਰਹਣ ਵਰਗੀਆਂ ਕੁਦਰਤੀ ਘਟਨਾਵਾਂ ਦੇ ਪ੍ਰਭਾਵਾਂ ਤੋਂ ਬਚਣ
ਲਈ ਗੁਰਸਿੱਖਾਂ ਨੂੰ ਕਿਸੇ ਕਰਮਕਾਂਡ ਦੀ ਥਾਂ ਗੁਰਬਾਣੀ ਤੇ ਵਿਗਿਆਨਕ ਪਹੁੰਚ ਨੂੰ ਗ੍ਰਹਿਣ
ਕਰਨ ਤੇ ਸਰਬੱਤ ਦੇ ਭਲੇ ਲਈ ਵਧ ਤੋਂ ਵਧ ਪ੍ਰਚਾਰਨ ਦੀ ਲੋੜ ਹੈ । “ਕਲਿ
ਮਹਿ ਏਹੋ ਪੁੰਨੁ, ਗੁਣ ਗੋਵਿੰਦ ਗਾਹਿ ॥” {ਗੁਰੂ ਗ੍ਰੰਥ ਸਾਹਿਬ-ਪੰ. 687}
ਗੁਰਵਾਕ ਅਨੁਸਾਰ ਅਜਿਹਾ ਪ੍ਰਚਾਰ ਹੀ ਸਭ ਤੋਂ ਵੱਡਾ ਪੁੰਨ-ਕਰਮ ਹੈ ।
ਬੇਨਤੀ ਕਰਤਾ : ਜਗਤਾਰ ਸਿੰਘ ਜਾਚਕ, ਨਿਊਯਾਰਕ । ਮਿਤੀ 20 ਮਾਰਚ 2024