ਇਹ
ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜ ਸੌ ਪੰਜਾਹ ਸਾਲਾਂ ਵਿੱਚ ਅਸੀਂ ਗੁਰੂ ਤੋਂ
ਪੂਰੀ ਤਰ੍ਹਾਂ ਬੇਮੁਖ ਹੋ ਚੁਕੇ ਹਾਂ। ਸਬੂਤ ਸਾਡੇ ਸਾਮ੍ਹਣੇ ਹਨ, ਬਿਪਰ ਤਾਕਤਾਂ ਨੇ ਅਪਣਾਂ
ਸਾਰਾ ਅਤੇ ਅਖੀਰਲਾ ਜ਼ੋਰ ਸਿੱਖੀ ਨੂੰ ਤਬਾਹ ਕਰ ਦੇਣ ਵਿੱਚ ਲਾਇਆ ਹੋਇਆ ਹੈ। ਚਾਲਾਕ ਬਿਪਰ
ਦੇ ਸੁੱਟੇ ਜਾਲ ਵਿੱਚ ਅਸੀਂ ਆਪ ਜਾ ਜਾ ਕੇ ਫੱਸ ਰਹੇ ਹਾਂ । ਇਸ ਕੰਮ ਲਈ, ਹੁਣ ਤਾਂ ਉਨ੍ਹਾਂ
ਨੂੰ ਬਹੁਤੀ ਤਾਕਤ ਵੀ ਲਾਉਣੀ ਨਹੀਂ ਪੈ ਰਹੀ । ਹੁਣ ਤਾਂ ਅਸੀਂ ਕੱਖ ਨਾਲੋਂ ਵੀ ਹੌਲੇ ਹੋ
ਚੁਕੇ ਹਾਂ ਕਿਉਂਕਿ ਗੁਰੂ ਨਾਨਕ ਦੇ ਦਿੱਤੇ ਇਸ ਹਲੂਣੇ ਨੂੰ ਅਸੀਂ ਪੂਰੀ ਤਰ੍ਹਾਂ ਭੁਲਾ
ਦਿਤਾ ਹੈ ।
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ
ਸੋਹਣੀ ਕਿਉ ਕੀਤੋ ਵੇਸਾਹੁ ॥ ਅੰਕ 55
ਗੁਰੂ ਨਾਨਕ ਸਾਹਿਬ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜਾ ਇੱਕ ਮਜਾਕ ਅਤੇ ਮਖੌਲ ਬਣ ਕੇ
ਰਹਿ ਗਿਆ ਹੈ । ਇਸ ਪੰਜ ਸੌ ਸਾਲਾ ਪ੍ਕਾਸ਼ ਦਿਹਾੜੇ 'ਤੇ ਸਿਆਸਤ ਹੋ ਰਹੀ ਹੈ । ਸਾਡੀ ਕੌਮ
ਦਾ ਹਰ ਚੌਧਰੀ, ਬਿਪਰਵਾਦੀ ਤਾਕਤਾਂ ਨੂੰ ਖੁਸ਼ ਕਰਣ ਲਈ ਪੱਬਾਂ ਭਾਰ ਖੜਾ ਨਜਰ ਆਉਂਦਾ ਹੈ ।
ਸਾਡੇ ਅਪਣੇ ਸ਼ਹਿਰ ਵਿੱਚ, ਦੌਲਤ ਅਤੇ ਸ਼ੌਹਰਤ ਦੇ ਭੁੱਖੇ ਪ੍ਰਧਾਨਾਂ ਨੇ ਇਕ ਅਖੌਤੀ ਜਾਗ੍ਰਤੀ
ਯਾਤਰਾ ਕਡ੍ਹ ਕੇ ਉਸਨੂੰ ਅਯੋਧਿਆ ਤਕ ਲੈ ਗਏ । ਉਏ ਭਲਿਉ !
ਅਯੋਧਿਆ ਵਿੱਚ ਤੁਹਾਡਾ ਕਿਹੜਾ ਰੱਬ ਰਹਿੰਦਾ ਹੈ ? ਇੰਜ ਲਗਦਾ ਹੈ ਕੇ ਕਿਸੇ ਨੂੰ
ਇਹ ਹੋਸ਼ ਹੀ ਨਹੀਂ ਕਿ ਉਹ ਕਰ ਕੀ ਰਿਹਾ ਹੈ । ਇਨ੍ਹਾਂ ਯਾਤਰਾਵਾਂ ਨਾਲ ਤੁਸੀਂ ਬਿਪਰ ਨੂੰ
ਤਾਂ ਖੁਸ਼ ਕਰ ਲਵੋਗੇ, ਸਿੱਖੀ ਦਾ ਫਿਰ ਵੀ ਕੋਈ ਭਲਾ ਨਹੀਂ ਜੇ ਹੋਣ ਵਾਲਾ । ਜੇ ਕੋਈ ਯਾਤਰਾ
ਲੈ ਹੀ ਜਾਣੀ ਸੀ ਤਾਂ ਗਿਆਨ ਗੋਦੜੀ ਗੁਰਦੁਆਰੇ ਹੀ ਲੈ ਜਾਂਦੇ ਜਿਸ ਅਸਥਾਨ ਨੂੰ ਬਿਪਰ ਨੇ
ਆਪਣੇ ਕਬਜ਼ੇ ਵਿੱਚ ਕਰ ਲਿਆ ਹੈ । ਇਨ੍ਹਾਂ ਪ੍ਰਧਾਨਾਂ ਨੂੰ ਤਾਂ ਸ਼ਾਇਦ ਇਸ ਗੁਰਦੁਆਰੇ ਨਾਲ
ਘਟੀ ਘਟਨਾਂ ਦਾ ਵੀ ਪਤਾ ਨਹੀਂ ਹੋਣਾ । ਗੁਰੂ ਨਾਨਕ ਸਾਹਿਬ ਜੀ ਦੀ ਚਰਣ ਛੋਹ ਵਾਲਾ ਇਹ
ਅਸਥਾਨ ਅੱਜ ਵੀ ਕੌਮ ਨੂੰ ਵਾਜਾਂ ਮਾਰ ਮਾਰ ਕੇ ਇਹ ਕਹਿ ਰਿਹਾ ਹੈ ਕਿ ਸਿੱਖ ਪੂਰੀ ਤਰ੍ਹਾਂ
ਆਪਣੇ ਗੁਰੂ ਤੋਂ ਬੇਮੁਖ ਹੋ ਚੁੱਕਾ ਹੈ ।
ਅਖੌਤੀ ਟਕਸਾਲੀ ਧੁੰਮਾਂ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ
ਲੋਂਗੋਵਾਲ ਹਰਿਆਣਾ ਦੇ ਮੁੱਖ ਮੰਤ੍ਰੀ ਦੇ ਗਲ ਵਿੱਚ ਪਟਕਾ ਪਾ ਕੇ ਹੀ ਇਹ ਸਮਝ ਬੈਠੇ ਕਿ
ਉਨ੍ਹਾਂ ਨੇ ਆਪਣਾ ਫਰਜ ਪੂਰਾ ਕਰ ਲਿਆ । ਕਾਨਪੁਰ ਦੇ ਮੂਰਖ ਪ੍ਰਧਾਨ ਤੇ ਇਨ੍ਹਾਂ
ਨਾਲੋ ਵੀ ਦੋ ਕੁ ਕਦਮ ਅੱਗੇ ਜਾ ਨਿਕਲੇ । ਲਖਨਊ ਇਕ ਮਨਿਸਟਰ ਦੇ ਘਰ ਜਾਕੇ ਗੁਰਬਾਣੀ
ਕੀਰਤਨ ਕਰ ਆਏ । ਉਏ ਮੂਰਖੋ ! ਕੀ ਇਨ੍ਹਾਂ ਮਨਿਸਟਰਾਂ ਦੀ ਖੁਸ਼ਾਮਦ ਕਰਕੇ, ਤੁਸੀਂ ਗੁਰੂ
ਨਾਨਕ ਦਾ ਸੰਦੇਸ਼ ਕੌਮ ਅਤੇ ਦੁਨੀਆਂ ਤਕ ਪਹੁੰਚਾ ਸਕੋਗੇ ?
ਕਾਸ਼ ਸ਼ੋਹਰਤ ਦੇ ਭੁੱਖੇ ਇਨ੍ਹਾਂ ਚੌਧਰੀਆਂ ਨੇ ਕਦੀ ਗੁਰਦੁਆਰਿਆਂ ਵਿੱਚ ਗੂੰਜ ਰਹੀ "ਆਸਾ
ਕੀ ਵਾਰ" ਦੇ ਅਰਥ ਇਕ ਵਾਰ ਹੀ ਪੜ੍ਹ ਲਏ ਹੁੰਦੇ ਤਾਂ ਸਿੱਖੀ ਦਾ ਕੋਈ ਭਲਾ ਹੋ ਜਾਂਦਾ,
ਫਿਰ ਸ਼ਾਇਦ ਇਹ ਅਹਿਮਕ ਚੌਧਰੀ ਆਸਾ ਕੀ ਵਾਰ ਦੇ "ਜਗਤ ਕਸਾਈਆਂ
"ਅਤੇ "ਮਾਣਸ ਖਾਣਿਆਂ" ਦੇ ਮਗਰ ਮਗਰ ਕੁੱਤੇ ਵਾਂਗ ਅਪਣੀ ਪੂਛਲ ਨਾਂ ਮਾਰਦੇ ਫਿਰਦੇ।
ਕੌਮ ਦਾ ਰੱਬ ਹੀ ਰਾਖਾ ਹੈ, ਇਨ੍ਹਾਂ ਪ੍ਰਧਾਨਾਂ ਨੇ ਤਾਂ ਕੋਈ ਕਸਰ ਛੱਡੀ ਨਹੀਂ ਜੇ । ਇਹ
ਤਾਂ ਆਪ ਬਿਪਰ ਬਣ ਬੈਠੇ ਹਨ।
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ
ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ
ਕੂੜੁ ਰਹਿਆ ਭਰਪੂਰਿ॥