Share on Facebook

Main News Page

ਮਹਾਰਾਜਾ ਆਲਾ ਸਿੰਘ ਬਨਾਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ
-: ਇੰਦਰਜੀਤ ਸਿੰਘ ਕਾਨਪੁਰ
12 Aug 2018

ਸਿੱਖ ਪੰਥ ਵਿੱਚ ਗੁਰੂ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਇੱਕ ਵਿਲੱਖਣ ਖਾਸੀਅਤ ਰਹੀ ਹੈ ਕਿ ਇਥੇ ਛੋਟੀ ਜਹੀ ਗਲਤੀ ਦੀ ਵੀ ਕੋਈ ਗੁੰਜਾਈਸ਼ ਨਹੀਂ ਹੈ । ਦੂਜੇ ਸ਼ਬਦਾਂ ਵਿਚ ਤੁਸੀ ਕਹਿ ਸਕਦੇ ਹੋ ਕਿ ਖਾਲਸਾ ਪੰਥ ਬਹੁਤ ਹੀ ਅਣਖ ਅਤੇ ਸਵੈਮਾਨ ਦਾ ਧਾਰਣੀ ਰਿਹਾ ਹੈ । ਇਕ ਛੋਟੀ ਜਹੀ ਗਲਤੀ, ਕਿਸੇ ਵੀ ਸਿੱਖ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਉਂਦੀ ਰਹੀ ਹੈ । ਕਾਰਣ ਇਹ ਹੈ ਕਿ ਸਿੱਖੀ ਦੀ ਇਮਾਰਤ ਕਿਸੇ ਮਿਲਾਵਟ, ਦਿਖਾਵੇ ਅਤੇ ਸਮਝੌਤੇ ਤੋਂ ਰਹਿਤ, ਸਿੱਖੀ ਸਿਧਾਂਤਾਂ ਦੀ ਮਜਬੂਤ ਨੀਂਹ ਉਪਰ ਖੜੀ ਹੈ ।

ਗੁਰੂ ਕਾਲ ਵੇਲੇ ਤੋਂ ਹੀ ਵੇਖ ਲਵੋ ਕਿ, ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬਿਨਾਂ ਕਿਸੇ ਸੰਕੋਚ ਦੇ, ਗੁਰੂ ਘਰ ਵਿਚ ਜਨਮੇ ਰਾਮਰਾਇ ਨੂੰ ਪੰਥ ਤੋਂ ਮਹਿਰੂਮ ਕਰ ਦਿੱਤਾ ਸੀ । ਵਜਹਿ ਉਹੀ ਸੀ ਕਿ, ਸਿੱਖ ਸਿਧਾਂਤ ਬਿਨਾਂ ਕਿਸੇ ਮਿਲਾਵਟ, ਦਿਖਾਵੇ ਅਤੇ ਸਮਝੌਤੇ ਦੇ ਨਿਰੰਤਰ ਚਲਦਾ ਰਹੇ । ਗੁਰੂ ਸਿਧਾਂਤਾਂ ਉੱਤੇ ਚਲਣ ਵਾਲੇ ਸਿੱਖ ਨੂੰ ਗੁਰੂ ਅਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ (ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਡ੍ਹਾ ਜੀ ਇਸ ਦੇ ਉਦਾਹਰਣ ਹਨ ) ਗੁਰੂ ਸਿਧਾਤਾਂ ਨਾਲ ਮਿਲਾਵਟ ਅਤੇ ਸਮਝੌਤਾ ਕਰਣ ਵਾਲੇ ਨੂੰ ਹਮੇਸ਼ਾਂ ਬਾਹਰ ਦਾ ਰਸਤਾ ਫੜਨਾਂ ਪਿਆ ਹੈ ( ਪ੍ਰਿਥੀ ਚੰਦ, ਸ਼੍ਰੀਚੰਦ, ਰਾਮ ਰਾਇ ਆਦਿਕ ਪ੍ਰਤੱਖ ਉਦਾਹਰਣ ਹਨ )। ਗਲ ਅਸੀਂ ਗੁਰੂਕਾਲ ਤੋਂ ਲੈ ਕੇ ਮੱਧਕਾਲ ਤੋਂ ਹੁੰਦਿਆਂ ਅਜੋਕੇ ਹਾਲਾਤਾਂ ਤੱਕ ਲੈਕੇ ਆਉਣੀ ਹੈ । ਇਹ ਵਿਸ਼ਾ ਸਿਰਫ ਇਸ ਲਈ ਹੀ ਚੁਣਿਆ ਹੈ ਕਿ ਸਿੱਖੀ ਖਾਲਸ ਹੈ ਅਤੇ ਇਸ ਵਿਚ ਸਮਝੌਤਾ ਵਾਦੀਆਂ ਲਈ ਕੇਈ ਥਾਂ ਨਹੀਂ ।

ਅਸੀਂ ਇਸ ਲੇਖ ਦੇ ਮੁਖ ਵਿਸ਼ੈ ਨੂੰ ਅਗੇ ਵਧਾਉਣ ਲਈ, ਸਿੱਖ ਕੌਮ ਦੇ ਦੋ ਸ਼ਕਤੀਸ਼ਾਲੀ ਜਰਨੈਲ ਅਤੇ ਯੋਧੇ ਬਾਬਾ ਆਲਾ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਾਲਹੂਵਾਲੀਆ ਦਾ ਜ਼ਿਕਰ ਕਰਾਂਗੇ । ਜਿਨ੍ਹਾਂ ਦੋਹਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਸਥਾਪਿਤ ਖਾਲਸਾ ਰਾਜ ਦੀਆਂ ਹੱਦਾਂ ਨੂੰ ਦਿੱਲੀ ਤੋਂ ਲਾਹੌਰ ਤਕ ਵਧਾਇਆ ਅਤੇ ਇਕੋ ਸਮੈਂ ਰਾਜ ਕੀਤਾ । ਦੋਵੇਂ ਹੀ ਸ਼ਾਸ਼ਕ ਆਪਣੇ ਅਪਣੇ ਖਿੱਤੇ ਵਿਚ ਬਹੁਤ ਵੱਡੇ ਜਰਨੈਲ ਅਤੇ ਯੋਧਾ ਹੋਏ। ਦੋਵੇਂ ਹੀ ਪਾਹੁਲ ਧਾਰੀ ਅਤੇ ਗੁਰੂ ਘਰ ਨੂੰ ਸਮਰਪਿਤ ਸਨ ।

ਬਾਬਾ ਆਲਾ ਸਿੰਘ ਦਾ ਜਨਮ ਸਨ 1691 ਵਿਚ ਬਠਿੰਡਾ ਜਿਲੇ ਦੀ ਫੂਲ ਰਿਆਸਤ ਵਿਚ ਮਾਤਾ ਫਤਿਹ ਕੌਰ ਅਤੇ ਪਿਤਾ ਰਾਮ ਸਿੰਘ ਦੇ ਘਰ ਵਿਚ ਹੋਇਆ । ਅੱਗੇ ਚਲ ਕੇ ਪਟਿਆਲਾ ਰਿਆਸਤ ਦੀ ਆਪ ਜੀ ਨੇ ਸਥਾਪਨਾਂ ਕੀਤੀ । ਮਾਤਾ ਪਿਤਾ ਨੇ ਵੀ ਪਾਹੁਲ ਛੱਕ ਕੇ ਸਿੱਖੀ ਧਾਰਣ ਕੀਤੀ ਸੀ । ਆਲਾ ਸਿੰਘ ਨੇ ੨੩ ਸਾਲ ਦੀ ਉਮਰ ਵਿਚ ਪਹਿਲਾ ਯੁਧ ਜਿਤਿਆ ਅਤੇ ਹੌਲੀ ਹੌਲੀ ਅਪਣੇ ਰਾਜ ਦੀਆਂ ਹੱਦਾਂ ਨੂੰ ਵਧਾਉਦਾ ਰਿਹਾ ਅਤੇ ਪਟਿਆਲਾ ਰਿਆਸਤ ਦਾ ਸੰਸਥਾਪਕ ਬਣ ਗਿਆ । ਇਹ ਫੁਲਕੀਆਂ ਮਿਸਲ ਚੋਂ ਸਨ । ਇਨ੍ਹਾਂ ਨੇ ਹੌਲੀ ਹੌਲੀ ਜੰਗਾਂ ਜਿਤ ਜਿਤ ਕੇ ਅਪਣੀ ਰਿਆਸਤ ਦੇ 84 ਪਿੰਡਾਂ ਨੂੰ 726 ਪਿੰਡਾ ਵਾਲੀ ਇਕ ਵੱਡੀ ਰਿਆਸਤ ਦੇ ਰੂਪ ਵਿਚ ਕਾਇਮ ਕਰ ਲਿਆ । ਅਹਿਮਦ ਸ਼ਾਹ ਦੁੱਰਾਨੀ ਦੇ ਨਾਲ ਵੀ ਕਈ ਜੰਗਾ ਲੜੀਆਂ । ਛੋਟੀਆਂ ਜੰਗਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ । ਲੇਕਿਨ ਅਹਮਦਸ਼ਾਹ ਦੁੱਰਾਨੀ ਕੋਲੋਂ ਮਹਾਰਾਜਾ ਆਲਾ ਸਿੰਘ ਮਾਤ ਖਾ ਗਿਆ । ਅਹਮਦਸ਼ਾਹ ਦੁੱਰਾਨੀ ਨੇ ਇਹ ਫਤਵਾ ਜਾਰੀ ਕੀਤਾ ਹੋਇਆ ਸੀ ਕਿ ਆਲਾ ਸਿੰਘ ਦੀ ਦਾਹੜੀ ਅਤੇ ਸਿਰ ਮੁੱਣ ਕੇ ਇਸਨੂੰ ਪੇਸ਼ ਕੀਤਾ ਜਾਏ । ਆਲਾ ਸਿੰਘ ਸਵਾ ਲੱਖ ਰੁਪਿਆ ਅਤੇ ਹੋਰ ਬਹੁਤ ਸਾਰੇ ਨਜ਼ਰਾਨੇ ਲੈ ਕੇ, ਇਸ ਫਤਵੇ ਨੂੰ ਵਾਪਿਸ ਲੈਣ ਅਤੇ ਦੋਸਤੀ ਕਰਣ ਲਈ ਅਹਿਮਦ ਸ਼ਾਹ ਦੇ ਦਰਬਾਰ ਵਿਚ ਪੇਸ਼ ਹੋ ਗਿਆ । ਲੇਕਿਨ ਅਹਮਦ ਸ਼ਾਹ ਇਸਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਿਆ । ਜਿਥੇ ਇਸਨੂੰ ਬੰਦੀ ਬਣਾ ਦਿੱਤਾ । ਪੰਜ ਲੱਖ ਰੁਪਿਆ ਹੋਰ ਦੇਕੇ ਇਸਨੇ ਦੁੱਰਾਨੀ ਦੀ ਈਨ ਮੰਨ ਲਈ ਅਤੇ ਉਸ ਨਾਲ ਦੋਸਤੀ ਕਬੂਲ ਕਰ ਲਈ ।

ਦੂਜੇ ਪਾਸੇ ਜੱਸਾ ਸਿੰਘ ਆਹਲੂਵਾਲੀਆ ਵੀ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਬਾਦ ਖਾਲਸਾ ਰਾਜ ਦੀ ਰਿਆਸਤ ਨੂੰ ਹੋਰ ਮਜਬੂਤ ਕਰਣ ਅਤੇ ਹੱਦਾਂ ਨੂੰ ਪਧਰਾ ਕਰਣ ਵਿਚ ਲਗ ਗਏ । ਆਪ ਜੀ ਦਾ ਜਨਮ ਲਾਹੌਰ ਦੀ ਆਹਲੂਵਾਲ ਰਿਆਸਤ ਵਿਚ ਪਿਤਾ ਸਰਦਾਰ ਬਦਰ ਸਿੰਘ ਜੀ ਦੇ ਘਰ ਸਨ 1718 ਵਿਚ ਹੋਇਆ ਸੀ । ਇਹ ਆਹਲੂਵਾਲੀਆ ਮਿਸਲ ਦੇ ਸਰਦਾਰ ਸਨ । ਅਹਿਮਦਸ਼ਾਹ ਦੁੱਰਾਨੀ ਦੀ ਅੱਖ ਵਿਚ ਸਿੰਘ ਸਾਹਿਬ ਇਕ ਕਿਰਕਿਰੀ ਵਾੰਗ ਖਟਕ ਰਹੇ ਸਨ ਕਿਉ ਕਿ ਇਕ ਪਾਸੇ ਆਲਾ ਸਿੰਘ ਦੀ ਵਧਦੀ ਤਾਕਤ ਉਸ ਦੀ ਰਾਹ ਦਾ ਰੋੜਾ ਬਣੀ ਹੋਈ ਸੀ । ਦੂਜੇ ਪਾਸੇ ਆਹਲੂਵਾਲੀਆ ਮਿਸਲ ਦੇ ਬਹੁਤ ਭਾਰੀ ਹਮਲੇ ਖਾਲਸਾ ਰਾਜ ਦੀਆਂ ਨੀਹਾਂ ਨੂੰ ਦਿਨ ਬ ਦਿਨ ਮਜਬੂਤ ਕਰਦੇ ਜਾ ਰਹੇ ਸਨ । ਸਰਦਾਰ ਸਾਹਿਬ ਜਿੱਨੇ ਪਿੰਡ ਜਿਤਦੇ ਸਨ, ਸੌ ਵਿਚੋਂ ਦਸ ਪਿੰਡ ਦਸਵੰਦ ਦੇ ਰੂਪ ਵਿਚ ਗੁਰੂ ਘਰ ਨੂੰ ਸਮਰਪਿਤ ਕਰ ਦੇੰਦੇ ਸਨ। ਪੰਥਿਕ ਦਰਦ ਦੇ ਨਾਲ ਨਾਲ ਗੁਰੂ ਘਰ ਅਤੇ ਕੌਮ ਪ੍ਰਤੀ ਆਪ ਜੀ ਦਾ ਪਿਆਰ ਇਸ ਗਲ ਦਾ ਪਰਿਚਾਇਕ ਸੀ । ਖਾਲਸਾ ਰਾਜ ਦੀਆਂ ਹੱਦਾਂ ਨੂੰ ਵੱਡਾ ਕਰਣ ਦੇ ਨਾਲ ਨਾਲ ਪੰਥ ਨੂੰ ਵੀ ਸਿੱਖ ਸਿਧਾਂਤਾਂ ਨਾਲ ਜੋੜਨ ਲਈ ਆਪ ਜੀ ਨੇ ਹਮੇਸ਼ਾਂ ਹੀ ਖਾਲਸੇ ਦੇ ਇਕੱਠ ਕਰਣੇ ਅਤੇ ਸਰਬੱਤ ਖਾਲਸੇ ਦੇ ਹੁਕਮਾਂ ਦੀ ਪਾਲਨਾਂ ਕਰਣੀ ।

ਸਨ 1753 ਨੂੰ ਸਰਬੱਤ ਖਾਲਸਾ ਦੇ ਇਕੱਠ ਵਿਚ ਆਪ ਜੀ ਨੂੰ ਦਲ ਖਾਲਸਾ ਦਾ ਮੁੱਖੀ ਥਾਪਿਆ ਗਿਆ। ਬੇਹਿਸਾਬ ਜੰਗਾਂ ਦੇ ਨਾਲ ਨਾਲ ਜੱਸਾ ਸਿੰਘ ਉੱਤੇ ਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਹ ਰਿਹਾ ਕਿ 11ਮਾਰਚ, ਸਨ 1785 ਨੂੰ ਆਪਜੀ ਨੇ ਬਾਬਾ ਬਘੇਲ ਸਿੰਘ ਆਦਿਕ ਯੋਧਿਆਂ ਦੇ ਨਾਲ ਤੀਹ ਹਜਾਰ ਫੌਜ ਲੈ ਕੇ ਦਿੱਲੀ ਉੱਤੇ ਕਬਜਾ ਕਰ ਲਿਆ ਅਤੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਲਹਿਰਾ ਦਿੱਤਾ । ਜਿਸ ਥਾਂ ਤੇ ਆਪ ਜੀ ਦੀ ਤੀਹ ਹਜਾਰ ਫੌਜ ਨੇ ਪੜਾਂਅ ਪਾਇਆ ਉਸ ਥਾਂ ਤੇ ਦਿੱਲੀ ਵਿਚ ਅੱਜ ਤੀਹ ਹਜਾਰੀ ਕੋਰਟ ਹੈ । ਇਹ ਅਸਥਾਨ ਆਹਲੂਵਾਲੀਆ ਦੀ ਤੀਹ ਹਜਾਰੀ ਫੌਜ ਕਰਕੇ ਪ੍ਰਸਿੱਧ ਹੋਇਆ । ਇਨ੍ਹਾਂ ਦੇ ਕੌਮ ਪ੍ਰਤੀ ਯੋਗਦਾਨ ਦਾ ਬਹੁਤ ਵੱਡਾ ਇਤਿਹਾਸ ਹੈ। ਮਹਾਰਾਜਾ ਆਲਾ ਸਿੰਘ ਵੀ ਇਕ ਪਾਹੁਲ ਧਾਰੀ ਸਿੱਖ ਸੀ, ਲੇਕਿਨ ਉਸਨੇ ਖਾਲਸਾ ਕੌਮ ਦੀ ਚੜ੍ਹਦੀਕਲਾ ਵਲ ਇੰਨਾਂ ਧਿਆਨ ਕਦੀ ਵੀ ਨਹੀਂ ਦਿੱਤਾ, ਜਿੰਨਾ ਸਰਦਾਰ ਜੱਸਾ ਸਿੰਘ ਆਲਹੂਵਾਲੀਆ ਜੀ ਨੇ ਦਿੱਤਾ । ਇਨ੍ਹਾਂ ਦਾ ਹਰ ਫੈਸਲਾ ਸਰਬੱਤ ਖਾਲਸਾ ਦੀ ਇਜਾਜਤ ਅਤੇ ਸਹਿਮਤੀ ਨਾਲ ਹੋਇਆ ਕਰਦਾ ਸੀ । ਸਰਬੱਤ ਖਾਲਸਾ ਅਤੇ ਦਲ ਖਾਲਸਾ ਦੇ ਮੁੱਖੀ ਦਾ ਗੁੱਸਾ ਵੀ ਆਲ੍ਹਾ ਸਿੰਘ ਤੇ ਇੱਸੇ ਕਰਕੇ ਟੁਟਿਆ ਕਿ ਉਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜ ਲੱਖ ਰੁਪਈਆ ਦੇ ਕੇ ਉਸ ਦੀ ਈਨ ਮੰਨ ਲਈ , ਜਦ ਕਿ ਅਹਿਮਦ ਸ਼ਾਹ ਸਿੱਖ ਕੌਮ ਦਾ ਬਹੁਤ ਵੱਡਾ ਦੋਖੀ ਅਤੇ ਕਾਤਿਲ ਸੀ। ਸਰਬੱਤ ਖਾਲਸਾ ਇਕੱਠਾ ਹੋਇਆ ਅਤੇ ਮਹਾਰਾਜਾ ਆਲਾ ਸਿੰਘ ਨੇ ਮੁਆਫੀ ਮੰਗ ਕੇ ਅਪਣੀ ਗਲਤੀ ਦੀ ਸਜਾ ਭੁਗਤੀ । ਲੇਕਿਨ ਸ਼ਾਇਦ ਉਹ ਗਲਤੀ ਅਤੇ ਸਮਝੌਤੇ ਦੀ ਗੁੰਜਾਇਸ਼ ਨਾਂ ਹੋਣ ਕਰਕੇ ਇਤਿਹਾਸ ਵਿਚ ਸਰਦਾਰ ਜੱਸਾ ਸਿੰਘ ਦੇ ਬਰਾਬਰ ਜਗ੍ਹਾ ਨਹੀਂ ਬਣਾਂ ਸਕਿਆ !

ਹੁਣ ਇਨ੍ਹਾਂ ਦੋਹਾ ਰਾਜਿਆ ਵਿਚ ਪਾਹੁਲ ਧਾਰੀ ਹੋਣ ਦੇ ਬਾਵਜੂਦ ਕੀ ਫਰਕ ਸੀ ਕਿ ਇਕ ਦਾ ਨਾਂ ਅਜ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿਚ ਮਿਲਦਾ ਹੈ ਜਦ ਕਿ ਦੂਜੇ ( ਜੱਸਾ ਸਿੰਘ ਆਲਹੂਵਾਲੀਆ )ਦਾ ਨਾਂ ਕੌਮ ਦੇ ਜਰਨੈਲਾਂ ਦੇ ਰੂਪ ਵਿਚ ਲਿਆ ਜਾਂਦਾ ਹੈ । ਮਹਾਰਾਜਾ ਆਲਾ ਸਿੰਘ ਵੀ ਪਾਹੁਲ ਧਾਰੀ ਸੀ, ਅਤੇ ਬਹੁਤ ਵੱਡਾ ਯੋਧਾ ਸੀ । ਉਸਨੇ ਕੌਮ ਦੇ ਕਾਤਿਲ ਅਤੇ ਦੁਸ਼ਮਨ ਦੁੱਰਾਨੀ ਨਾਲ ਸਮਝੌਤਾ ਕੀਤਾ ਜਦਕਿ ਜੱਸਾ ਸਿੰਘ ਆਹਲੂਵਾਲੀਆਂ ਇਕ ਬਹੁਤ ਵੱਡੇ ਯੋਧਾ ਹੋਣ ਦੇ ਨਾਲ ਨਾਲ ਸਮਝੌਤਾਵਾਦੀ ਨਹੀਂ ਸਨ । ਇਥੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਸਿੱਖ ਕੌਮ ਦਾ ਮੂਲ ਹੀ ਸਮਝੌਤਾਵਾਦ ਨੂੰ ਸਿਰੇ ਤੋਂ ਖਾਰਿਜ ਕਰਦਾ ਹੈ ।

ਹੁਣ ਆ ਜਾਉ ਅਜੋਕੇ ਸਮੇਂ ਦੀ ਪੰਜਾਬ ਦੀ ਸਿਆਸਤ ਬਾਰੇ ਥੋੜੀ ਜਹੀ ਗਲ ਕਰ ਲੈਂਦੇ ਹਨ । ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਲਹੂਵਾਲੀਆ ਤੋਂ ਬਾਦ ਪੰਜਾਬ ਵਿਚ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਦੀ ਪਿਰਤ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਮਹਾਰਾਜਾ ਰਿਪੂਦਮਨ ਸਿੰਘ ਨੇ ਅਪਣਾਂ ਸਾਰਾ ਰਾਜ ਪਾਟ ਬਲਿਦਾਨ ਕਰਕੇ ਨਿਭਾਈ । ਸਿੱਖੀ ਸਿਧਾਂਤਾਂ ਤੋਂ ਅਪਣਾਂ ਸਾਰਾ ਰਾਜ ਪਾਟ ਅੰਗ੍ਰੇਜਾਂ ਦੇ ਅਧੀਨ ਕਰ ਦਿੱਤਾ ਲੇਕਿਨ ਸਿੱਖੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ । ਨਾਭੇ ਦੇ ਮਹਾਰਾਜਾ ਹੋਕੇ ਉਹ ਦਰ ਦਰ ਭਟਕੇ ਲੇਕਿਨ ਸਿੱਖ ਇਤਿਹਾਸ ਵਿਚ ਅਪਣਾਂ ਨਾਮ ਸੁਨਹਿਰੀ ਅਖਰਾਂ ਵਿਚ ਲਿਖਵਾ ਗਏ ।

ਇਸਤੋਂ ਬਾਦ ਤਾਂ ਲਗਦਾ ਹੈ ਕਿ ਪੰਜਾਬ ਵਿਚ ਰਾਜ ਕਰਣ ਵਾਲੇ ਸਿੱਖ ਸਾਸ਼ਕ, ਸਿਧਾਂਤ ਤਾਂ ਦੂਰ, ਅਪਣੀ ਕੁਰਸੀ ਲਈ ਸਿੱਖੀ ਨੂੰ ਹੀ ਨੀਲਾਮ ਕਰ ਰਹੇ ਨੇ । ਲੇਕਿਨ ਸਿੱਖ ਸਿਧਾਂਤ ਅੱਜ ਵੀ ਸਮਝੌਤੇ ਅਤੇ ਮਿਲਾਵਟ ਨੂੰ ਬਰਦਾਸ਼ਤ ਨਹੀਂ ਕਰਦਾ । ਇਸੇ ਕਰਕੇ ਵੇਖ ਲਵੋ ਕਿ ਭਾਈ ਬਿਅੰਤ ਸਿੰਘ, ਕੇਹਰ ਸਿੰਘ ਅਤੇ ਸਤਵੰਤ ਸਿੰਘ ਦੇ ਨਾਲ ਭਾਈ ਬਲਬੀਰ ਸਿੰਘ ਵੀ ਇੰਦਰਾ ਨੂੰ ਸਜਾ ਦੇਣ ਵਿਚ ਸ਼ਾਮਿਲ ਸੀ । ਲੇਕਿਨ ਬਲਬੀਰ ਸਿੰਘ ਦਾ ਇਕ ਬਿਆਨ ਕਿ, "ਸਾਨੂੰ ਭਾਰਤੀ ਕਾਨੂੰਨ ਤੇ ਭਰੋਸਾ ਹੈ।" ਉਸ ਨੂੰ ਮਰਜੀਵੜਿਆਂ ਦੀ ਲਿਸਟ ਵਿਚੋਂ ਬਹੁਤ ਦੂਰ ਲੈ ਗਿਆ। ਉਸ ਨੂੰ ਕੋਈ ਯਾਦ ਵੀ ਨਹੀਂ ਕਰਦਾ । ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਪੰਜ ਪਿਆਦਿਆਂ ਦੀ ਹਾਲਤ ਵੀ ਤੁਸੀਂ ਵੇਖ ਲਵੋ ਕਿ ਕੌਮ ਇਨ੍ਹਾਂ ਨੂੰ ਹਜ਼ਾਰ ਹਜਾਰ ਲਾਹਨਤਾਂ ਪਾ ਪਾ ਕੇ ਕੋਸ ਰਹੀ ਹੈ । ਭਾਵੇ ਇਨ੍ਹਾਂ ਨਿਰਲੱਜਾਂ ਨੂੰ ਸ਼ਰਮ ਨਾਂ ਆਵੇ, ਪਰ ਇਤਿਹਾਸ ਵਿਚ ਇਨ੍ਹਾਂ ਦੀਆਂ ਗੱਦਾਰੀਆਂ ਹਮੇਸ਼ਾਂ ਕਾਲੇ ਅੱਖਰਾਂ ਨਾਲ ਉਲੀਕੀਆਂ ਜਾਂਦੀਆਂ ਰਹਿਣਗੀਆਂ । ਇਸ ਅਣਖ ਅਤੇ ਸਵੈਮਾਨ ਦੀ ਬਹਾਲੀ ਲਈ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਕੀਮਤ ਵੀ ਚੁਕਾਣੀ ਪੈੰਦੀ ਰਹੀ ਹੈ, ਅਤੇ ਪੈ ਰਹੀ ਹੈ । ਕੀ ਕਰੀਏ ਗੁਰਾਂ ਨੇ ਸਾਨੂੰ ਬਣਾਇਆ ਹੀ ਕੁਝ ਇਸ ਤਰ੍ਹਾਂ ਦਾ ਹੈ ਕਿ ਜਾਨ ਭਾਵੇ ਚਲੀ ਜਾਏ ਲੇਕਿਨ ਸਵੈਮਾਨ ਨਾਂ ਜਾਏ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top