Share on Facebook

Main News Page

ਪੰਜਾਬ ਵਿਚ ਕਰਵਟ ਲੈਂਦੀ ਰਾਜਨੀਤੀ ਅਤੇ ਸਿੱਖੀ ਦੇ ਮੂਲ ਮਸਲੇ - ਭਾਗ ਪਹਿਲਾ
-: ਇੰਦਰਜੀਤ ਸਿੰਘ ਕਾਨਪੁਰ
03 Aug 2018

ਪੰਜਾਬ ਦੀ ਰਾਜਨੀਤੀ ਅਤੇ ਉਸਦੇ ਬਦਲਦੇ ਹਾਲਾਤਾਂ ਉਪਰ ਹਮੇਸ਼ਾਂ ਹੀ ਸਿੱਖ ਚਿੰਤਕਾਂ ਦੀ ਪੈਨੀ ਨਿਗਾਹ ਰਹੀ ਹੈ । ਕਿਉਂਕਿ ਪੰਜਾਬ ਦੀ ਰਾਜਨੀਤੀ ਦਾ ਅਸਰ ਪੰਜਾਬ ਦੇ ਸਿੱਖਾਂ ਤੇ ਪੈਂਦਾ ਹੈ, ਅਤੇ ਪੰਜਾਬ ਦੇ ਸਿੱਖਾਂ ਦੇ ਹਾਲਾਤ ਪੂਰੀ ਦੁਨੀਆਂ 'ਚ ਰਹਿ ਰਹੇ ਸਿੱਖਾਂ ਅਤੇ ਸਿੱਖੀ ਤੇ ਸਿੱਧੇ ਤੌਰ 'ਤੇ ਅਸਰ ਪਾਂਉਦੇ ਹਨ । ਇਸਦੇ ਕਈ ਕਾਰਣ ਹਨ, ਜਿਨ੍ਹਾਂ ਵਿਚੋ ਪਹਿਲਾ ਅਤੇ ਮੁਖ ਕਾਰਣ ਇਹ ਹੈ ਕਿ ਪੰਜਾਬ ਵਿੱਚ ਸੱਤਾਧਾਰੀ ਹਕੂਮਤਾਂ ਆਪਣੀ ਤਾਕਤ ਨੂੰ ਵਧਾਉਣ ਲਈ ਸਿੱਖੀ ਅਤੇ ਸਿੱਖ ਅਦਾਰਿਆਂ ਨੂੰ ਆਪਣੇ ਫਾਇਦੇ ਲਈ ਵਰਤਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਸਿੱਖੀ ਬਹੁਤ ਜਿਆਦਾ ਪ੍ਰਭਾਵਿਤ ਹੁੰਦੀ ਹੈ ।

ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਬਹੁਤ ਤੇਜੀ ਨਾਲ ਕਰਵਟ ਲੈ ਰਹੇ ਹਨ। ਪੰਥਿਕ ਚਿੰਤਕਾਂ ਦਾ ਧਿਆਨ ਇਸ ਵਲ ਜਾਣਾ ਸੁਭਾਵਿਕ ਹੈ । ਬਾਦਲ ਦਲ ਨੇ ਹਮੇਸ਼ਾਂ ਆਪਣੀਆਂ ਕੁਰਸੀਆਂ ਨੂੰ ਮਹਿਫੂਜ ਰਖਣ ਲਈ ਸਿੱਖ ਅਦਾਰਿਆਂ ਅਤੇ ਪੰਜਾਬ ਦੇ ਸਿੱਖਾਂ ਦਾ ਭਲਾ ਕਦੀ ਵੀ ਨਹੀਂ ਸੋਚਿਆ । ਸਗੋਂ ਪੰਜਾਬ ਦੇ ਸਿੱਖਾਂ ਅਤੇ ਸਿੱਖੀ ਨੂੰ ਨੇਸਤੇ ਨਾਬੂਦ ਕਰ ਦੇਣ ਦਾ ਅਜੈਂਡਾ ਲੈ ਕੇ ਚਲਣ ਵਾਲੀਆਂ ਤਾਕਤਾਂ ਨਾਲ ਗਠਜੋੜ ਕਰਕੇ ਅਪਣੀ ਸੱਤਾਂ ਨੂੰ ਕਾਇਮ ਰੱਖਣ ਦਾ ਨਾਜਾਇਜ ਕਮ ਕੀਤਾ । ਪੰਜਾਬ ਦੇ ਸਿੱਖਾਂ ਕੋਲ ਇਸ ਦਾ ਬਦਲ ਨਾਂ ਹੋਣ ਦੇ ਕਾਰਣ ਉਹ ਇਸ ਅਖੌਤੀ ਪੰਥਿਕ ਪਰਿਵਾਰ ਅਤੇ ਪਾਰਟੀ ਨੂੰ ਵੋਟ ਪਾਂਉਦੇ ਰਹੇ ਅਤੇ ਲਗਾਤਾਰ 20 ਵਰ੍ਹੈ ਪੰਜਾਬ ਵਿੱਚ ਸਿੱਖੀ ਅਤੇ ਸਿੱਖਾਂ ਦਾ ਸ਼ੋਸ਼ਣ ਹੁੰਦਾ ਰਿਹਾ । ਪੰਜਾਬ ਵਿਚ ਇਸ ਦਲ ਦਾ ਕੋਈ ਬਦਲ ਨਾ ਹੋਣ ਦੇ ਕਾਰਣ ਪੰਜਾਬ ਦਾ ਸਿੱਖ ਬਹੁਤ ਹੀ ਹੈਰਾਨ ਅਤੇ ਪਰੇਸ਼ਾਨ ਸੀ । ਇਕ ਪਾਸੇ ਪੰਜਾਬ ਦੀ ਸਿੱਖੀ ਪਾਣੀ ਅਤੇ ਜਮੀਨ ਵਿਚ ਮਿਲਾ ਦਿੱਤੇ ਗਏ ਜਹਿਰ ਨਾਲ ਕੈਂਸਰ ਅਤੇ ਕਾਲੇ ਪੀਲੀਏ ਦਾ ਸ਼ਿਕਾਰ ਹੋ ਰਿਹਾ ਸੀ ਦੂਜੇ ਪਾਸੇ ਪਤਿਤਪੁਣਾਂ, ਮਾਂ ਬੋਲੀ ਦਾ ਘਾਂਣ ਅਤੇ ਚਿੱਟੇ ਦਾ ਜਹਿਰ ਸਿੱਖ ਪਰਿਵਾਰਾਂ ਨੂੰ ਸਿੱਖੀ ਅਤੇ ਦਰਬਾਰ ਸਾਹਿਬ ਤੋਂ ਬਹੁਤ ਦੂਰ ਲੈ ਜਾ ਚੁਕਾ ਸੀ । ਸਿੱਖ ਕਿਸਾਨਾਂ ਦੇ ਆਪਣੇ ਇੱਨੇ ਵੱਡੇ ਮਸਲੇ ਸਨ ਕਿ ਉਸ ਦਾ ਧਿਆਨ ਅਧਿਆਤਮ ਵਲ ਜਾ ਹੀ ਨਹੀ ਸੀ ਰਿਹਾ । ਅਧਿਆਤਮ ਤੋਂ ਟੁਟਿਆ ਸਿੱਖ ਵੈਸੇ ਵੀ ਜਿੰਦਾ ਲਾਸ਼ ਦੇ ਸਮਾਨ ਹੁੰਦਾ ਹੈ । ਇਹ ਸਾਰੇ ਭਿਆਨਕ ਮਸਲੇ ਪੰਜਾਬ ਦੀ ਸਿੱਖੀ ਨੂੰ ਅਪਣੇ ਵੱਡੇ ਢਿੱਡ ਵਿਚ ਸਮੋ ਲੈਣ ਲਈ ਆਤੁਰ ਸਨ । ਪੰਜਾਬ ਦੇ ਸਿੱਖਾਂ ਦੇ ਹਾਲਾਤ ਦਿਨ ਬ ਦਿਨ ਬੱਦਤਰ ਹੁੰਦੇ ਜਾ ਰਹੇ ਸਨ ।

ਦੂਜੇ ਪਾਸੇ ਸਿੱਖਾਂ ਦੀ ਰੂਹ ਨੂੰ ਛਲਣੀ ਕਰ ਚੁਕੀ ਇਕੋ ਹੀ ਪਾਰਟੀ ਸੀ ਕਾਂਗ੍ਰੇਸ । ਸਿੱਖ ਇਨ੍ਹਾਂ ਤੋਂ ਬਹੁਤ ਹੀ ਦੂਰ ਹੋ ਚੁਕਾ ਸੀ ਕਿਉਂਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ 'ਤੇ ਹਮਲਾ ਅਤੇ ਪੂਰੇ ਭਾਰਤ ਵਿਚ ਸਿੱਖਾਂ ਦੀ ਨਸਲਕੁਸ਼ੀ ਨੂੰ ਸਿੱਖ ਕਦੀ ਵੀ ਭੁਲਾ ਨਹੀਂ ਸਕ ਰਿਹਾ ਸੀ । ਹੁਣ ਇਨ੍ਹਾਂ ਦੋ ਸੱਤਾਧਾਰੀਆਂ ਤੋਂ ਅਲਾਵਾ ਪੰਜਾਬ ਵਿੱਚ ਕੋਈ ਵੀ ਤੀਜੀ ਰਾਜਨੀਤਿਕ ਪਾਰਟੀ ਨਹੀਂ ਸੀ, ਜਿਸ 'ਤੇ ਪੰਜਾਬ ਦਾ ਸਿੱਖ ਪੂਰੀ ਤਰ੍ਹਾਂ ਭਰੋਸਾ ਕਰ ਸਕਦਾ । ਇਸ ਵਿਚਕਾਰ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਆਗਾਜ਼ ਹੋਇਆ । ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਹੀ ਮੁੱਦਿਆਂ ਨੂੰ ਪੰਜਾਬ ਵਿੱਚ ਚੁਕਿਆ ਜਿਨ੍ਹਾਂ ਤੋਂ ਪੰਜਾਬ ਦਾ ਸਿੱਖ ਬੁਰੀ ਤਰ੍ਹਾਂ ਪੀੜਿਤ ਸੀ ।

ਮਸਲਨ ਪੰਜਾਬ ਵਿਚ ਚਿੱਟੇ ਅਤੇ ਨਸ਼ਿਆਂ ਨਾਲ ਬਰਬਾਦ ਹੋਏ ਲੋਕਾਂ ਦੇ ਪਰਿਵਾਰਾਂ ਅਤੇ ਕਿਸਾਨਾਂ ਦੇ ਹਾਲਾਤ । ਉਸ ਦਾ ਇਕ "ਜੁਮਲਾ" ਪੰਜਾਬ ਦੇ ਭਾਵੁਕ ਅਤੇ ਭੋਲੇ ਸਿੱਖਾਂ ਦੇ ਮੰਨ ਨੂੰ ਜਿਤ ਕੇ ਲੈ ਗਿਆ ਕਿ, "ਪੰਜਾਬ ਮੇ ਮੇਰੀ ਸਰਕਾਰ ਕੇ ਸ਼ਪਥ ਲੇਤੇ ਹੀ ਚਿੱਟੇ ਕਾ ਸੌਦਾਗਰ ਔਰ ਡ੍ਰਗ ਮਾਫੀਆ ਮਜੀਠੀਆ ਜੇਲ ਕੀ ਸਲਾਖੋਂ ਕੇ ਪੀਛੇ ਹੋਗਾ।" ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਲਈ ਸਭਤੋਂ ਭਖਦਾ ਮੁੱਦਾ ਇਹ ਹੀ ਸੀ । (ਭਾਂਵੇ ਬਾਦ ਨੂੰ ਕੇਜਰੀਵਾਲ ਨੇ ਮਜੀਠੀਏ ਕੋਲੋਂ ਮੁਆਫੀ ਮੰਗ ਲਈ ਜੋ ਸਿੱਖਾਂ ਦੀ ਫਿਤਰਤ ਦੇ ਉਲਟ ਸੀ।) ਅੱਧਾ ਪੰਜਾਬ ਚਿੱਟੇ ਨਾਲ ਬਰਬਾਦ ਹੋ ਚੁਕਾ ਸੀ , ਖਾਸ ਕਰਕੇ ਪੰਜਾਬ ਦੇ ਸਿੱਖ ਬੱਚੇ । ਪੰਜਾਬ ਦੇ ਸਿੱਖਾਂ ਨੂੰ ਇਨ੍ਹਾਂ ਦੋ ਰਾਜਨੀਤਿਕ ਪਾਰਟੀਆਂ ਦਾ ਇਕ ਤੀਸਰਾ ਬਦਲ ਮਿਲ ਚੁਕਾ ਸੀ । ਪੰਜਾਬ ਦੇ ਲੋਕਾਂ ਨੇ ਅਪਣੀ ਆਦਤ ਅਨੁਸਾਰ ਭਾਵੇ ਉਹ ਪੰਜਾਬ ਵਿੱਚ ਵਸ ਰਿਹਾ ਸੀ ਜਾਂ ਪੰਜਾਬ ਤੋਂ ਬਾਹਰ ਅਪਣੇ ਘਰ ਛੱਡ ਕੇ ਕਿਰਤ ਕਰ ਰਿਹਾ ਸੀ ,ਇਸ ਆਮ ਆਦਮੀ ਪਾਰਟੀ ਦਾ ਮੁਰੀਦ ਹੋ ਚੁਕਾ ਸੀ । ਪੰਜਾਬ ਦਾ ਸਿੱਖ ਜਦੋਂ ਵੀ ਕਿਸੇ ਤੇ ਵਿਸ਼ਵਾਸ਼ ਕਰ ਲੈਂਦਾ ਹੈ, ਤਾਂ ਫਿਰ ਕਦੀ ਵੀ ਕੁਝ ਹੋਰ ਨਹੀਂ ਸੋਚਦਾ, ਉਸ ਦਾ ਹੀ ਹੋ ਜਾਂਦਾ ਹੈ । ਪੰਜਾਬ ਦੇ ਸਿੱਖਾਂ ਨੇ ਵੀ ਜਜ਼ਬਾਤਾਂ ਵਿਚ ਆ ਕੇ ਦੂਰ ਦੀ ਸੋਚਣੀ ਹੀ ਬੰਦ ਕਰ ਦਿੱਤੀ ਅਤੇ ਹਮੇਸ਼ਾਂ ਵਾਂਗ ਤਨ ਮਨ ਅਤੇ ਧਨ ਨਾਲ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਣ ਲੱਗ ਪਿਆ ।

ਲੇਕਿਨ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਜੋ ਨਤੀਜੇ ਆਏ ਉਹ ਪੂਰੀ ਦੁਨੀਆਂ ਨੂੰ ਹੈਰਾਨ ਕਰ ਦੇਣ ਵਾਲੇ ਸਨ । ਆਮ ਆਦਮੀ ਪਾਰਟੀ ਕੁਝ ਕੁ ਸੀਟਾਂ ਹੀ ਜਿਤ ਸਕੀ ਅਤੇ ਪੰਜਾਬ ਵਿੱਚ ਸਰਕਾਰ ਕਾਂਗ੍ਰੇਸ ਦੀ ਬਣ ਗਈ । ਬਾਦਲ ਦਲ ਨੂੰ ਪਤਾ ਸੀ ਕਿ ਇਸ ਵਾਰ ਉਸ ਦੀ ਹਾਰ ਨਿਸ਼ਚਿਤ ਹੈ ਇਸ ਕਰਕੇ ਅੰਦਰ ਖਾਤੇ ਕੈਪਟਨ ਅਤੇ ਬਾਦਲ ਦੀ ਗੰਡ ਤੁੱਪ ਹੋ ਗਈ ਦੱਸੀ ਜਾਂਦੀ ਹੈ , ਜਿਸ ਵਿਚ ਕਾਫੀ ਹਦ ਤਕ ਸੱਚਾਈ ਵੀ ਸੀ ਜੋ ਹੁਣ ਸਾਮ੍ਹਣੇ ਆ ਰਹੀ ਹੈ । ਕੈਾਪਟਨ ਵੀ ਬਾਦਲ ਦਾ ਹੀ ਦੂਜਾ ਰੂਪ ਬਣਕੇ ਹੀ ਸਾਮ੍ਹਣੇ ਆਇਆ । ਗੁਰਬਾਣੀ ਦੇ ਗੁਟਕੇ ਨੂੰ ਹੱਥ ਵਿਚ ਲੈ ਕੇ ਖਾਦੀਆਂ ਸੌਹਾਂ ਵੀ ਝੂਠੀਆਂ ਸਾਬਿਤ ਹੋ ਗਈਆਂ । ਕਾਂਗ੍ਰੇਸ ਸੱਤਾ ਉਤੇ ਤਾਂ ਕਾਬਿਜ ਹੋ ਗਈ, ਲੇਕਿਨ ਚਿੱਟੇ ਦਾ ਮਾਫੀਆ ਪੰਜਾਬ ਵਿੱਚ ਅੱਜ ਵੀ ਆਜ਼ਾਦ, ਮੁੱਛਾਂ ਮਰੋੜਦਾ ਵਿਚਰ ਰਿਹਾ ਸੀ । ਜੇੜ੍ਹੇ ਪੁਲਿਸ ਆਫੀਸਰ ਅਤੇ ਬਦਨਾਮ ਬਯੂਰੋਕ੍ਰੇਸੀ ਬਾਦਲ ਨੇ ਨਿਯੁਕਤ ਕੀਤੀ ਸੀ, ਕੈਪਟਨ ਨੇ ਉਸ ਬਿਉਰੋਕ੍ਰੇਸੀ ਨੂੰ ਹਟਾਉਣ ਦੀ ਥਾਂ 'ਤੇ ਉਸ ਨੂੰ ਬਹਾਲ ਹੀ ਨਹੀਂ ਰਖਿਆ, ਬਲਕਿ ਉਸਤੇ ਹੀ ਬਾਦਲ ਵਾਂਗ ਬਹੁਤਾ ਭਰੋਸਾ ਕੀਤਾ।

ਪੰਜਾਬ ਵਿਚ ਕਾਂਗ੍ਰੇਸ ਨੂੰ ਵੋਟਾਂ ਦੇ ਕੇ ਪੰਜਾਬ ਦੇ ਲੋਕਾਂ ਨੇ ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਦਾ ਦਿਲ ਜਰੂਰ ਤੋੜਿਆ ਅਤੇ ਭੇਡਾਂ ਅਤੇ ਇਕ ਇਕ ਬੋਤਲ ਲਈ ਵਿਕ ਜਾਂਣ ਵਾਲੇ ....ਵਰਗੀਆਂ ਤੋਹਮਤਾਂ ਵੀ ਲਵਾਈਆਂ । ਲੇਕਿਨ ਇਸਦੇ ਪਿਛੇ ਕੀ ਕਾਰਣ ਸਨ ਅਤੇ ਪੰਜਾਬ ਦੇ ਸਿੱਖ ਵੋਟਰਾਂ ਦੇ ਅੰਦਰ ਕੀ ਮਾਨਸਿਕਤਾ ਕੰਮ ਕਰ ਰਹੀ ਸੀ, ਜਿਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਅਪਣਾਂ ਆਧਾਰ ਨਹੀਂ ਬਣਾ ਸਕੀ, ਅਸੀ ਇਸ ਬਾਰੇ ਹੀ ਇਸ ਲੇਖ ਦੇ ਅਗਲੇ ਭਾਗ ਵਿਚ ਕਲ ਚਰਚਾ ਕਰਾਂਗੇ, ਜੋ ਇਸ ਲੇਖ ਦਾ ਮੂਲ ਵਿਸ਼ਾ ਹੈ। ਅਗਲੇ ਭਾਗ ਵਿਚ ਹੀ ਅਸੀਂ ਪੰਜਾਬ ਵਿਚ ਬਦਲ ਰਹੇ ਰਾਜਨੀਤਿਕ ਹਾਲਾਤਾਂ ਅਤੇ ਉਸਦੇ ਕਾਰਣਾਂ ਬਾਰੇ ਵੀ ਚਰਚਾ ਕਰਾਂਗੇ ।


ਨੋਟ : ਇਸ ਲੇਖ ਵਿਚ ਤੁਸੀਂ ਸ਼ਾਇਦ ਇਹ ਸੋਚ ਰਹੇ ਹੋਵੋਗੇ ਕਿ ਲਿਖਾਰੀ ਵਾਰ ਵਾਰ ਪੰਜਾਬ ਦੇ ਸਿੱਖਾਂ ਬਾਰੇ ਹੀ ਗਲ ਕਿਉਂ ਕਰ ਰਿਹਾ ਹੈ । ਪੰਜਾਬ ਵਿਚ ਰਹਿੰਦੇ ਹੋਰ ਲੋਕਾਂ ਦੀ ਜਾਂ ਪੂਰੀ ਪੰਜਾਬੀਅਤ ਦੀ ਗਲ ਕਿਉਂ ਨਹੀਂ ਕਰਦਾ । ਤੁਹਾਡਾ ਸੋਚਣਾ ਜਾਇਜ਼ ਹੈ । ਸਾਡੇ ਲਈ "ਪੰਜਾਬੀਅਤ" ਸ਼ਬਦ ਸਿਰਫ ਪੰਜਾਬ ਦੇ ਸਿੱਖਾਂ ਤਕ ਹੀ ਸੀਮਿਤ ਹੈ। ਦਾਸ ਕੋਈ ਰਾਜਨੀਤਿਕ ਬੰਦਾ ਨਹੀਂ, ਜਿਸਨੂੰ ਪੂਰੇ ਪੰਜਾਬ ਜਾਂ ਪੰਜਾਬੀਅਤ ਨੂੰ ਖੁਸ਼ ਕਰਕੇ ਵੋਟ ਲੈਣੇ ਹਨ । ਦੂਜਾ ਕਾਰਣ ਇਹ ਹੈ ਕਿ ਸਾਡਾ ਵਾਸਤਾ ਸਿਰਫ ਸਿੱਖਾਂ ਦੇ ਵਿਗੜਦੇ ਹਾਲਾਤਾਂ ਬਾਰੇ ਚਿੰਤਾ ਕਰਣਾ ਹੈ, ਜਿਸ 'ਤੇ ਪੰਜਾਬ ਦੀ ਰਾਜਨੀਤੀ ਦਾ ਸਿਧਾ ਅਸਰ ਪੈਂਦਾ ਹੈ । ਪੰਜਾਬ ਦੇ ਉਨ੍ਹਾਂ ਲੋਕਾਂ ਦੀ ਚਿੰਤਾ ਸਾਨੂੰ ਬਿਲਕੁਲ ਨਹੀਂ ਜਿਨ੍ਹਾਂ ਨੇ ਪੰਜਾਬ ਦਾ ਲੂਣ ਖਾ ਖਾ ਕੇ ਆਪਣੀ ਪੰਜਾਬੀ ਬੋਲੀ ਹਿੰਦੀ ਲਿਖਾਈ ਤੇ ਸੋਨੀਪਤ ਤੋਂ ਲੈ ਕੇ ਪਠਾਨਕੋਟ ਅਤੇ ਰਾਜਸਥਾਨ ਤੱਕ ਫੈਲੇ ਪੰਜਾਬ ਨੂੰ, ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ਵਿਚ ਤਬਦੀਲ ਕਰ ਦਿੱਤਾ ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top