Share on Facebook

Main News Page

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ
-: ਇੰਦਰਜੀਤ ਸਿੰਘ, ਕਾਨਪੁਰ
03 Jul 2018

ਪੰਜਾਬ ਦੀ ਜਵਾਨੀ ਇਕ ਵੱਡਾ ਹਿੱਸਾ ਨਸ਼ਿਆਂ ਵਿਚ ਗਰਕ ਹੋ ਚੁਕਿਆ ਹੈ । ਪਤਿਤਪੁਣਾ ਸਿੱਖੀ ਦੀਆਂ ਜੜਾਂ ਵਿਚ ਤੇਜਾਬ ਬਣ ਕੇ ਸਿੱਖੀ ਨੂੰ ਤਬਾਹ ਕਰ ਚੁਕਾ ਹੈ । ਜਦੋਂ ਘਰ ਲੁਟਿਆ ਜਾ ਚੁਕਾ ਹੈ, ਹੁਣ ਅਸੀਂ ਰੋ ਰਹੇ ਹਾਂ । ਜਦੋਂ ਇਹ ਰੋਗ ਫੈਲਿਆ ਸੀ ਤਾਂ ਅਸੀ ਇਸ ਬਾਰੇ ਕੀ ਕਰ ਰਹੇ ਸਾਂ ?

ਕਈ ਵਰ੍ਹਿਆਂ ਤੋਂ ਲਿੱਖਣ ਵਾਲੇ ਇਸ ਬਾਰੇ ਸੁਚੇਤ ਕਰਦੇ ਆ ਰਹੇ ਹਨ ਕਿ, ਇਹ ਨਸ਼ਿਆਂ ਦਾ ਰੋਗ ਪੰਜਾਬ ਅਤੇ ਸਿੱਖੀ ਲਈ ਇਕ ਸਾਜਿਸ਼ ਦੇ ਅਧੀਨ ਫੈਲਾਇਆ ਜਾ ਰਿਹਾ ਹੈ । ਲੇਕਿਨ ਅਸੀਂ ਨਹੀਂ ਜਾਗੇ ! ਤੀਹ ਵਰ੍ਹੀਆਂ ਤੋਂ ਵੱਧ ਦਾ ਸਮਾਂ ਹੋ ਗਿਆ ਪੰਜਾਬ ਦੀਆਂ ਹਕੂਮਤਾਂ ਉਸ ਕੁੱਤੀ ਦਾ ਰੋਲ ਨਿਭਾਉਦੀਆਂ ਰਹੀਆਂ ਜੋ ਬਿਪਰਵਾਦੀ ਤਾਕਤਾਂ ਵਾਲੇ ਚੋਰਾਂ ਨਾਲ ਰਲ ਕੇ ਆਪਣੇ ਮਾਲਿਕ ਦਾ ਘਰ ਲੁਟਵਾ ਰਹੀਆਂ ਸਨ। ਉਨ੍ਹਾਂ ਪੰਥਿਕ ਅਖਵਾਉਣ ਵਾਲੀਆਂ ਹਕੂਮਤਾਂ ਨੇ, ਨਾਂ ਤਾਂ ਸਿੱਖੀ ਦੀ ਪਰਵਾਹ ਕੀਤੀ ਅਤੇ ਨਾਂ ਹੀ ਪੰਜਾਬ ਦੀ ।

ਤੀਹ ਵਰ੍ਹੇ ਪਹਿਲਾਂ ਵੀ ਪੰਜਾਬ ਵਿਚ ਚਾਹ ਦੇ ਢਾਬਿਆਂ 'ਚ ਅਫੀਮ ਖੁੱਲੇ ਆਮ ਵਿਕਦੀ ਸੀ ਅਤੇ ਸੜਕ 'ਤੇ ਬੈਠੇ ਪਾਪੜ ਤੇ ਛੱਲੀਆਂ ਭੁੰਨਣ ਵਾਲਿਆਂ ਨੇ ਵੀ ਅਫੀਮ ਦੀ ਗੁੱਥੀ ਆਪਣੇ ਪਜਾਮੇ ਵਿੱਚ ਤੁੰਨੀ ਹੁੰਦੀ ਸੀ । ਇਹ ਨਜ਼ਾਰਾ ਸਰੇਬਜਾਰ ਮੇਰੇ ਵਰਗਾ ਯਾਤਰੂ ਜੇ, ਅੰਮ੍ਰਿਤਸਰ ਵਿਚ ਵੇਖ ਕੇ ਆਇਆ ਸੀ। ਕੀ ਸਰਕਾਰਾਂ ਨੂੰ ਇਸਦੀ ਜਾਣਕਾਰੀ ਨਹੀਂ ਸੀ ? ਹਰ ਥਾਂ 'ਤੇ ਅਫੀਮ ਖੁਲੇ ਆਮ ਵਿਕ ਰਹੀ ਸੀ । ਜਦੋਂ ਸਿੱਖ ਅਫੀਮ ਅਤੇ ਭੰਗ ਨਾਲ ਨਹੀਂ ਮਰੇ, ਤਾਂ ਸਿੱਖ ਕੌਮ ਨੂੰ ਤਬਾਹ ਕਰਨ ਦੀ ਸਾਜਿਸ਼ ਮਿੱਥੀ ਬੈਠੀਆਂ ਤਾਕਤਾਂ ਨੇ ਅਪਣੇ ਜੁੱਤੀ ਚੱਟ ਸਿਆਸਤਦਾਨਾਂ ਨਾਲ ਮਿਲ ਕੇ ਪੰਜਾਬ ਵਿਚ "ਚਿੱਟੇ" ਦੀ ਸਪਲਾਈ ਵਧਾ ਦਿਤੀ। ਪੰਜਾਬ ਵਿਚ ਇੰਨਾਂ ਚਿੱਟਾ ਸੁਟ ਦਿੱਤਾ ਗਿਆ ਕਿ ਜਿੱਨਾਂ ਇਕ ਚੌਥਾਈ ਦੁਨੀਆਂ ਵਿਚ ਵੀ ਵਰਤਿਆ ਨਹੀਂ ਜਾਂਦਾ । ਹਕੂਮਤਾਂ ਅਤੇ ਸਿਆਸਤਦਾਨ ਇਸ ਦੀ ਅਨ੍ਹੀਂ ਕਮਾਈ ਵੇਖ ਕੇ ਅੰਨ੍ਹੇ ਹੋ ਗਏ ਅਤੇ ਇਹ ਵੀ ਭੁਲ ਗਏ ਕਿ ਉਹ ਇਸ ਚਿੱਟੇ ਦੀ ਕਾਲੀ ਕਮਾਈ ਲਈ ਕਿੰਨੇ ਘਰ ਤਬਾਹ ਕਰ ਚੁਕੇ ਹਨ । ਪੰਜਾਬ ਵਿੱਚ ਸਰੇਬਜਾਰ ਵਿਕ ਰਹੇ ਅਤੇ ਸਪਲਾਈ ਕੀਤੇ ਜਾ ਰਹੇ ਚਿੱਟੇ ਦੀ ਖਬਰ , ਕੀ ਕੇੰਦਰ ਵਿਚ ਬੈਠੀਆਂ ਸਰਕਾਰਾਂ ਨੂੰ ਨਹੀਂ ਸੀ ? ਉਹ ਵੀ ਮੌਨ ਰਹੀਆਂ । ਕਿਸੇ ਨੇ ਅੱਜ ਤਕ ਇਸ ਬਾਰੇ ਜਾਨਬੂਝ ਕੇ ਕੁਝ ਨਹੀਂ ਕੀਤਾ । ਕੀ ਇਸ ਤੋਂ ਬਾਦ ਵੀ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਨਾਂ ਲੱਗਾ ਕਿ ਪੰਜਾਬ ਅਤੇ ਸਿੱਖੀ ਨੂੰ ਮਾਰ ਮੁਕਾਉਣ ਦੀ ਇਹ ਸਾਜਿਸ਼, ਇਨ੍ਹਾਂ ਸਿੱਖ ਵਿਰੋਧੀ ਹਕੂਮਤਾਂ ਦੀ ਹੀ ਰਚੀ ਹੋਈ ਹੈ ।

ਤੁਸੀਂ ਕੀ ਸਮਝਦੇ ਹੋ ਕਿ ਇਹ ਸਭ ਕਿਸੇ ਸਮਾਜਿਕ ਕੁਰੀਤੀ ਦੇ ਤਹਿਤ ਹੋਇਆ ? ਜਵਾਬ ਹੈ, "ਬਿਲਕੁਲ ਨਹੀਂ" ਇਹ ਸਭ ਕੁਝ ਸਿੱਖੀ ਦੇ ਸੋਮੇ, ਸਿੱਖਾਂ ਦੇ ਘਰ, ਪੰਜਾਬ ਨੂੰ ਜੜੋਂ ਸੁਕਾ ਦੇਣ ਦੀ, ਬਿਪਰਵਾਦੀ ਤਾਕਤਾਂ ਵਲੋਂ, ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋਇਆ । ਸਿਰਫ ਨਸ਼ਾ ਹੀ ਨਹੀਂ, ਸਿੱਖ ਅਤੇ ਸਿੱਖੀ ਨੂੰ ਚੌਹਾਂ ਪਾਸਿਉ ਘੇਰਾ ਪਾਇਆ ਗਿਆ ਕਿ ਜੇ ਸਿੱਖ ਇਕ ਪਾਸਿਉ ਬਚ ਜਾਏ ਤਾਂ ਦੂਜੇ ਪਾਸਿਉ ਮਾਰਿਆ ਜਾਏ ।

ਇਕ ਪਾਸੇ ਪੰਜਾਬ ਦੇ ਬਚਿਆਂ ਨੂੰ ਪਤਿਤ ਪੁਣੇ ਵਿੱਚ ਧਕੇਲਿਆ ਜਾ ਰਿਹਾ ਸੀ । ਉਹ ਕੇਸ਼ ਕਤਲ ਕਰਾ ਕੇ ਆਪਣੀ ਨਿਆਰੀ ਪਹਿਚਾਨ ਗੁਵਾ ਚੁਕੇ ਸਨ । ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਇਹੋ ਜਹੇ ਟੀਚਰ ਅਤੇ ਨੌਜੁਆਨ ਤਿਆਰ ਕਰ ਦਿੱਤੇ ਗਏ ਜੋ ਕੇਸਾਂ ਨੂੰ ਫਾਲਤੂ ਚੀਜ ਦਸਦੇ ਅਤੇ ਸਿੱਖ ਬਚਿਆਂ ਦਾ ਐਸਾ ਬ੍ਰੇਨ ਵਾਸ਼ ਕਰਦੇ ਕਿ ਇਕ ਨਾਂ ਇਕ ਦਿਨ ਉਹ ਨਾਈ ਦੀ ਦੁਕਾਨ ਤੇ ਜਾ ਕੇ , ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ , ਮਿੱਟੀ ਵਿਚ ਰੋਲ ਆਂਉਦਾ ! ਨੌਜੁਆਨਾਂ ਦੀ ਇਕ ਐਸੀ ਫਸਲ ਤਿਆਰ ਕਰ ਦਿੱਤੀ ਗਈ ਜੋ ਸਿੱਖੀ ਸਰੂਪ ਵਾਲੇ ਬੱਚਿਆਂ ਨੂੰ ਕੇਸ਼ਾਂ ਬਾਰੇ ਨਫਰਤ ਅਤੇ ਨਾਂ ਪੱਖੀ ਸੋਚ ਦਾ ਧਾਰਣੀ ਬਣਾਂ ਦਿੰਦੀ ਸੀ।

ਦੂਜੇ ਪਾਸੇ ਪੰਜਾਬ ਵਿਚ ਸਾਡੀ ਮਾਂ ਬੋਲੀ ਤੇ ਐਸੇ ਮਾਰੂ ਹਮਲੇ ਕੀਤੇ ਗਏ ਕਿ ਅਸੀ ਉਸਨੂੰ ਪਛਾਨ ਹੀ ਨਹੀਂ ਸਕੇ । ਤੀਹ ਵਰ੍ਹੇ ਪਹਿਲਾਂ ਪੰਜਾਬ ਵਿਚ ਬਹੁਤਿਆਂ ਨੂੰ ਹਿੰਦੀ ਦਾ ਪੋਸਟਰ ਵੀ ਪੜ੍ਹਨਾਂ ਨਹੀਂ ਸੀ ਆਉਂਦਾ । ਮੈਂ ਆਪ ਇਸ ਗਲ ਦਾ ਗਵਾਹ ਹਾਂ ਕਿ ਘਰਾਂ ਵਿੱਚ ਹਿੰਦੀ ਦੀਆਂ ਅਖਬਾਰਾਂ ਮੁਫਤ ਵਿੱਚ ਸੁੱਟ ਸੁੱਟ ਕੇ ਜਾਂਦੇ ਸਨ । ਪੰਜਾਬੀ ਦੀਆਂ ਦੋ ਮੁੱਖ ਅਖਬਾਰਾਂ ਇਕ ਅਜੀਤ ਅਤੇ ਦੂਜੀ ਜਥੇਦਾਰ ਚਲਦੀ ਸੀ । ਹਿੰਦੀ ਦੀ ਸਿਰਫ ਇਕ ਅਖਬਾਰ, ਲਾਲਾ ਜਗਤ ਨਰਾਇਣ ਵਾਲੀ ਪੰਜਾਬ ਕੇਸਰੀ ਚਲਦੀ ਸੀ, ਜੋ ਬਹੁਤੇ ਲਾਲਿਆਂ ਦੇ ਘਰਾਂ ਵਿਚ ਹੀ ਪੜ੍ਹੀ ਜਾਂਦੀ ਸੀ। ਅੰਗ੍ਰੇਜੀ ਦੀ ਅਖਬਾਰ, ਦੀ ਟ੍ਰਿਬਯੂਨ ਮੁੱਖ ਸੀ । ਅਜ ਹਾਲਾਤ ਐਸੇ ਹਨ ਕਿ ਪੰਜਾਬੀ ਦੀ ਅਖਬਾਰ ਦੀ ਥਾਂਵੇ ਪੰਜਾਬ ਵਿਚ ਸਿੱਖ ਘਰਾਂ ਵਿਚ ਹਿੰਦੀ ਦੀ ਅਖਬਾਰ ਪੜ੍ਵੀ ਜਾਂਦੀ ਹੈ । ਪੰਜਾਬ ਵਿਚ ਲਗਭਗ 16 ਅਖਬਾਰਾ ਹਿੰਦੀ ਦੀਆਂ ਧੜੱਲੇ ਨਾਲ ਵਿਕ ਰਹੀਆਂ ਹਨ , ਜਿਨ੍ਹਾਂ ਨੂੰ ਪੜ੍ਹਨ ਵਾਲੇ ਬਹੁਤੇ ਸਿੱਖ ਪਰਿਵਾਰ ਹਨ । ਪੰਜਾਬ ਦੇ ਟੀ. ਵੀ. ਚੈਨਲਾਂ ਤੋਂ ਰਾਸ਼ੀਫਲ, ਜੋਤਿਸ਼ ਅਤੇ ਹੋਰ ਬ੍ਰਾਹਮਣੀ ਕਰਮਕਾੰਡਾਂ ਵਾਲੇ ਪ੍ਰੋਗ੍ਰਾਮਾਂ ਦਾ ਜਿਵੇਂ ਹੱੜ੍ਹ ਹੀ ਆ ਗਿਆ ਸੀ । ਸਭਿਆਚਾਰ ਦੇ ਨਾਂ 'ਤੇ ਪਤਿਤ ਗਾਇਕਾਂ ਦੀ ਲਚਰ ਗਾਈਕੀ ਨੇ ਥਾਂ ਲੈ ਲਈ ਸੀ । ਸਾਂਝੀ ਵਾਲਤਾ ਦੇ ਨਾਂ ਤੇ ਹਿੰਦੂ ਸਿੱਖ ਭਾਈਚਾਰੇ ਦੀ ਦੂਰੀ ਨੂੰ ਦੂਰ ਕਰਣ ਦੇ ਬਹਾਨੇ, ਸਿੱਖਾਂ ਨੂੰ ਉਨ੍ਹਾਂ ਵਿਚ ਰਲ ਗਡ ਕਰ ਦਿੱਤਾ ਗਿਆ । ਬਿਹਾਰ ਅਤੇ ਯੂ. ਪੀ ਦੇ ਭਈਆਂ ਨੂੰ ਘਰ ਘਰ ਜਾ ਕੇ ਵੋਟਰ ਬਣਾਇਆ ਗਿਆ । ਇਨ੍ਹਾਂ ਨੂੰ ਜਮੀਨਾਂ , ਪਲਾਟ ਅਤੇ ਫਲੈਟ ਦੇ ਦੇ ਕੇ ਵਸਾਇਆ ਗਿਆ ਅਤੇ " ਪ੍ਰਵਾਸੀ ਪੰਜਾਬੀ ਪਰਿਵਾਰ " ਕਹਿ ਕੇ ਪੰਜਾਬ ਦਾ ਇਕ ਸਤਕਾਰਤ ਹਿੱਸਾ ਬਣਾਂ ਦਿਤਾ ਗਿਆ । ਅਜ ਇਹ ਪੰਜਾਬ ਦੀ ਸੱਤਾ ਵਿਚ ਵੀ ਭਾਗੀਦਾਰ ਹਨ । ਇਕ ਪਾਸੇ ਮਹਾਰਾਸ਼ਟਰ ਵਿੱਚ , ਰਾਜ ਠਾਕਰੇ ਅਤੇ ਉੱਧਵ ਠਾਕਰੇ ਦੀ ਸ਼ਿਵ ਸੇਨਾਂ ਬਿਹਾਰੀ ਅਤੇ ਯੂ. ਪੀ. ਦੇ ਭਈਆਂ ਨੂੰ ਖਦੇੜ ਖਦੇੜ ਕੇ ਭਜਾ ਰਹੀ ਸੀ ਦੂਜੇ ਪਾਸੇ ਪੰਜਾਬ ਦਾ ਕੇਸਾਧਾਰੀ ਬਿਪਰ ਸੱਤਾ ਨੂੰ ਕਾਇਮ ਰੱਖਣ ਲਈ, ਇਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਅਪਣੀ ਕੁੱਛੜ ਵਿਚ ਬਿਠਾ ਕੇ ਪੁਚਕਾਰ ਰਿਹਾ ਸੀ । ਇਕ ਪਾਸੇ ਮਹਾਰਾਸ਼ਟਰ ਦੀ ਸ਼ਿਵ ਸੇਨਾਂ ਨੇ ਮੇਕਡਾਨਲਡ ਅਤੇ ਕੇ .ਐਫ .ਸੀ . ਰੇਸਟੋਰੇੰਟਾਂ ਦੇ ਬੋਰਡ ਵੀ ਮਰਾਠੀ ਭਾਸ਼ਾ ਵਿਚ ਲਵਾ ਦਿੱਤੇ ਸਨ । ਦੂਜੇ ਪਾਸੇ ਅੰਮ੍ਰਿਤਸਰ ਦੇ ਮਸ਼ਹੂਰ ਪੰਜਾਬੀ ਢਾਬੇ ਤੇ ਗੁਰਮੁਖੀ ਦਾ ਇਕ ਵੀ ਅੱਖਰ ਨਹੀਂ ਸੀ ਲਿਖਿਆ ਹੋਇਆ । ਇਸ ਬਾਰੇ ਦਸ ਵਰ੍ਹੈ ਪਹਿਲਾਂ ਦਾਸ ਨੇ ਇਕ ਲੇਖ ਲਿਖਿਆ ਸੀ ਕਿ ਜੇੜ੍ਹਾ ਢਾਬਾ ਸਿੱਖਾਂ ਦੇ ਬਲ ਤੇ ਚਲਦਾ ਹੈ ਅਤੇ ਬਹੁਤੇ ਗ੍ਰਾਹਕ ਸਿੱਖ ਹਨ , ਉਨ੍ਹਾਂ ਵਿਚੋ ਇਕ ਵੀ ਇਸਨੂੰ ਇਹ ਨਹੀਂ ਕਹਿੰਦਾ ਕਿ ਜਿਸ ਸੂਬੇ ਦਾ ਤੂੰ ਖਾ ਰਿਹਾ ਹੈ , ਘਟੋ ਘੱਟ ਅਪਣੇ ਹੋਟਲ ਤੇ ਇਕ ਪਾਸੇ ਛੋਟਾ ਜਿਹਾ ਬੋਰਡ ਹੀ ਪੰਜਾਬੀ ਵਿਚ ਲਾਅ ਦੇ । ਉਸ ਦੇ ਢਾਬੇ ਤੇ ਸਾਰੇ ਬੋਰਡ ਹਿੰਦੀ ਵਿੱਚ ਦਾਸ ਨੇ ਵੇਖੇ, ਅਜ ਦੀ ਕੀ ਹਾਲਤ ਹੈ, ਮੈਨੂੰ ਪਤਾ ਨਹੀਂ ।

ਅੱਜ ਅਸੀ ਸਰਕਾਰਾਂ ਨੂੰ ਲਾਨਹਤਾਂ ਪਾਉਦੇ ਹਾਂ ਕਿ ਇਨ੍ਹਾਂ ਨੇ ਪੰਜਾਬ ਵਿਚ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ । ਇਹ ਸਹੀ ਹੈ, ਲੇਕਿਨ ਨਾਲ ਹੀ ਪੰਜਾਬ ਦੇ ਸਿੱਖ ਵੀ ਬਰਾਬਰ ਦੇ ਜਿੰਮੇਦਾਰ ਅਤੇ ਦੋਸ਼ੀ ਹਨ । ਸਾਰੀਆਂ ਕੂਰੀਤੀਆਂ ਸਿੱਖਾਂ ਦੇ ਬੱਚਿਆਂ ਅਤੇ ਪਰਿਵਾਰਾਂ ਵਿਚ ਹੀ ਕਿਉ ਵੱੜ ਗਈਆਂ । ਜਿੱਨਾਂ ਸਿੱਖ ਨੌਜੁਆਨ ਨਸ਼ੇ ਨਾਲ ਮਰ ਰਿਹਾ ਹੈ, ਕੀ ਕਿਸੇ ਮਹਾਸ਼ੀਏ ਦਾ ਪੁੱਤਰ ਵੀ ਨਸ਼ੇ ਨਾਲ ਕਦੀ ਮਰਦਾ ਸੁਣਿਆਂ ਹੈ ਤੁਸੀਂ ?

ਇਸ ਵਿਚ ਕਸੂਰ ਕਿਸ ਦਾ ਹੈ ? ਸਾਡੇ ਕੋਲੋਂ ਆਪਣਾਂ ਘਰ ਹੀ ਸਾੰਭਿਆ ਨਹੀਂ ਗਿਆ । ਸਿੱਖ ਨੌਜੁਆਨਾਂ ਨੇ ਆਪਣਾਂ ਧਰਮ ਤਿਆਗ ਦਿਤਾ, ਪਤਿਤ ਹੋ ਗਏ। ਕਿਸੇ ਲਾਲੇ ਨੇ ਵੀ ਅਪਣਾਂ ਧਰਮ ਛੱਡ ਕੇ ਕੋਈ ਦੂਜਾ ਧਰਮ ਅਪਣਾਇਆ ? ਕਿੰਨੇ ਲਾਲਿਆਂ ਦੇ ਪੁੱਤਰ ਆਪਣਾਂ ਆਰਿਆ ਸਮਾਜ ਧਰਮ ਛਡ ਕੇ ਕਾਮਰੇਡ ਅਤੇ ਈਸਾਈ ਬਣੇ ? ਇਸ ਇੱਕ ਇੱਕ ਸਵਾਲ ਤੇ ਇੱਕ ਇੱਕ ਕਿਤਾਬ ਲਿੱਖੀ ਜਾ ਸਕਦੀ ਹੈ, ਲੇਕਿਨ ਪੰਜਾਬ ਦੇ ਸਿੱਖਾਂ ਨੇ ਇਸ ਬਾਰੇ ਕਦੀ ਸੋਚਿਆ ਤਕ ਨਹੀਂ !

ਪੰਜਾਬ ਦਾ ਕਿਸਾਨ ਜੋ ਪੂਰੇ ਹਿੰਦੁਸਤਾਨ ਦਾ ਅੰਨਦਾਤਾ ਅਖਵਾਉਂਦਾ ਸੀ, ਅਜ ਗੁਰਬਤ ਅਤੇ ਕੈੰਸਰ ਦੀ ਨਾਮੁਰਾਦ ਬਿਮਾਰੀਆਂ ਨਾਲ ਫਨਾਂ ਹੋ ਕੇ ਰਹਿ ਗਿਆ ਹੈ । ਕੀ ਇਹ ਸਭ ਕੁਝ ਆਪਣੇ ਆਪ ਹੋ ਗਿਆ ? ਨਹੀਂ ਭਲਿਉ ! ਤੁਹਾਡੀ ਜਵਾਨੀ, ਤੁਹਾਡਾ ਬਚਪਨ ਅਤੇ ਤੁਹਾਡਾ ਬੁਢੇਪਾ, ਤੁਹਾਡੀ ਜ਼ਮੀਨ, ਤੁਹਾਡਾ ਪਾਣੀ, ਤੁਹਾਡਾ ਖਾਣਾ, ਤੁਹਾਡਾ ਧਰਮ, ਸਭ ਕੁਝ ਵਿਸ਼ੈਲਾ ਕਰ ਦਿੱਤਾ ਗਿਆ। ਹੁਣ ਤੁਸੀਂ ਰਹਿ ਕਿੱਥੇ ਗਏ ਹੋ ? ਤੁਸੀ ਤਾਂ ਮਰ ਮੁੱਕ ਚੁਕੇ ਹੋ । ਤੁਸਾਂ ਮਹਾਰਾਜੇ ਨੂੰ ਕਿਸ ਲਈ ਵੋਟਾਂ ਦਿੱਤੀਆਂ ਸਨ ਕਿ ਇਹ ਨਸ਼ੇ ਦੇ ਸੌਦਾਗਰਾਂ ਨੂੰ ਜੇਲ ਵਿੱਚ ਡੱਕ ਕੇ ਬਚੇ ਖੁਚੇ ਸਿੱਖ ਨੌਜੁਆਨਾਂ ਨੂੰ ਬਚਾ ਲਵੇਗਾ। ਲੇਕਿਨ ਜਿਸਨੇ ਛਾਤੀ ਠੋਕ ਕੇ ਪੰਜਾਬ ਦੀਆਂ ਰੈਲੀਆਂ ਵਿਚ ਇਹ ਐਲਾਨ ਕੀਤਾ ਸੀ ਕਿ ਮੇਰੀ ਸਰਕਾਰ ਬਨਣ ਦੇ ਚੌਵੀ ਘੰਟੇ ਬਾਦ ਮਜੀਠੀਆਂ ਸਲਾਖਾਂ ਦੇ ਅੰਦਰ ਹੋਵੇਗਾ। ਤੁਹਾਨੂੰ ਉਹ ਬੰਦਾ "ਟੋਪੀਆਂ ਵਾਲਾ" ਲਗਿਆ ਤੇ ਮਹਾਰਾਜਾ ਪੱਕਾ ਪੰਥ ਦਰਦੀ ਅਤੇ ਸਿੱਖਾਂ ਦਾ ਹਿਮਾਇਤੀ ? ਵਿਦਵਾਨਾਂ ਬੁੱਧਿਜੀਵੀਆਂ ਦੀ ਆਵਾਜ਼ ਵੀ ਤੁਹਾਨੂੰ ਰੌਲਾ ਲਗੀ ! ਹੁਣ ਆਪਣੀ ਕੀਤੀ ਦਾ ਅੰਜਾਮ ਭੁਗਤ ਰਹੇ ਹੋ, ਤੇ ਤੁਹਾਨੂੰ ਵੇਖ ਕੇ ਬਾਹਰ ਬੈਠਾ ਸਿੱਖ ਵੀ ਅਪਣੀ ਅੰਜਾਮ ਨੂੰ ਕੋਸ ਰਿਹਾ ਹੈ । ਜੇ ਪੰਜਾਬ ਦਾ ਸਿੱਖ ਹੀ ਮੁਕ ਗਿਆ, ਬਾਹਰਲਿਆਂ ਦਾ ਘਰ ਪਰਿਵਾਰ ਤਾਂ ਖਤਮ ਹੋ ਹੀ ਗਿਆ। ਪੰਜਾਬ ਦੇ ਬਹੁਤੇ ਸਿੱਖਾਂ ਵੋਟਰਾਂ ਨੂੰ ਇਕ ਇਕ ਸ਼ਰਾਬ ਦੀ ਬੋਤਲ ਲਈ ਸਾਰੀ ਦੁਨੀਆਂ ਨੇ ਵਿਕਦਿਆਂ ਵੇਖਿਆ ਹੈ। ਜਿਹੜਾ ਸਿੱਖ ਕਦੀ ਅਪਣੀ ਅਣਖ ਲਈ ਪਾਤਸ਼ਾਹੀਆਂ ਨੂੰ ਠੋਕਰ ਮਾਰ ਦਿੰਦਾ ਸੀ, ਉਹ ਇਕ ਇਕ ਪੁੜੀ ਚਿੱਟੇ ਪਿਛੇ ਅਪਣੇ ਹੱਕ ਵੇਚਦਾ ਨਜ਼ਰ ਆਇਆ ।

ਪੰਜਾਬ ਦੇ ਵਾਰਿਸੋ ! ਅੰਜਾਮ ਤਾਂ ਤੁਹਾਨੂੰ ਅਪਣੀ ਕਰਣੀ ਦਾ ਭੁਗਤਨਾ ਪੈ ਰਿਹਾ ਹੈ, ਲੇਕਿਨ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਨੂੰ, ਜੋ ਪੰਜਾਬ ਨੂੰ ਆਪਣਾ ਘਰ ਸਮਝਦੇ ਹਨ, ਉਹ ਵੀ ਹੱਦ ਤੋਂ ਵੱਧ ਦੁਖੀ ਹੋ ਰਹੇ ਹਨ, ਅਪਣੇ ਬਰਬਾਦ ਘਰ ਨੂੰ ਵੇਖ ਕੇ । ਇਤਿਹਾਸ ਗਵਾਹ ਕੈ ਕਿ ਹਮੇਸ਼ਾਂ ਹੀ ਤੁਹਾਡਾ ਹਰ ਅਹਿਮ ਫੈਸਲਾ, ਕੁਹਾੜਾ ਬਣ ਕੇ ਤੁਹਾਡੇ ਹੀ ਪੈਰਾਂ 'ਤੇ ਜਾ ਡਿੱਗਾ ਹੈ । ਘਰ ਦੀ ਬਰਬਾਦੀ, ਘਰ ਵਾਲਿਆਂ ਦੇ ਕਾਰਣ ਹੋਈ । ਇਨ੍ਹਾਂ ਗੁਰੂ ਦੀ ਨਗਰੀ ਵਿਚ ਰਹਿ ਕੇ ਵੀ, ਗੁਰੂ ਦੇ ਇਸ ਹਲੂਣੇ ਨੂੰ ਨਹੀਂ ਮੰਨਿਆ ।

ਅਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ ॥

ਜੇ ਵੇਲਾ ਰਹਿੰਦਿਆਂ ਚੇਤ ਜਾਂਦੇ ਤਾਂ ਅੱਜ ਤੁਹਾਡਾ ਇਹ ਹਸ਼ਰ ਨਾ ਹੁੰਦਾ । ਅਫੀਮ ਤੋਂ ਸਮੈਕ ਦਾ ਇਹ ਸਫਰ । ਕਾਲੇ ਤੋਂ ਚਿੱਟੇ ਦਾ ਇਹ ਨਸ਼ਾ ਵਿੱਚ ਹੀ ਰੁਕ ਜਾਂਣਾ ਸੀ । ਤੁਹਾਡੇ ਬੱਚਿਆਂ ਦੀਆਂ ਲਾਸ਼ਾਂ 'ਤੇ ਰੋਂਦੀਆਂ ਵਿਲਕਦੀਆਂ ਮਾਵਾਂ ਨੂੰ ਵੇਖ ਕੇ ਪੂਰੇ ਜਗਤ ਵਿੱਚ ਵਸਦਾ ਸਿੱਖ ਲਹੂ ਦੇ ਹੰਝੂ ਨਾਂ ਰੋਂਦਾ । ਗੁਰੂ ਬਖਸ਼ਿਸ਼ ਕਰੇ, ਜੋ ਕੋਈ ਜੁਗਤ ਬਣ ਜਾਏ ! ਲੇਕਿਨ ਹੁਣ ਕੁਝ ਬਚਿਆ ਦਿਸਦਾ ਨਹੀਂ । ਇਸ ਦਾ ਕਾਰਣ ਹੈ ਕਿ ਨਾਂ ਤੁਹਾਡੀ ਵਖਰੀ ਹੋਂਦ ਰਹੀ ! ਨਾ ਤੁਹਾਡੀ ਪਛਾਣ ਰਹੀ । ਨਾ ਤੁਹਾਡਾ ਉਹ ਨਿਆਰਾ ਰੂਪ ਰਿਹਾ । ਅਤੇ ਨਾਂ ਹੀ ਤੁਹਾਨੂੰ ਗੁਰੂ ਦੀ ਦਿੱਤੀ ਮਤਿ ਦੀ ਸੋਝੀ ਹੀ ਰਹੀ । ਸਭ ਕੁਝ ਤੇ ਮਰ ਚੁਕਾ ਹੈ ਵਿਚੋਂ । ਸਭ ਕੁਝ ਤਾਂ ਲੁਟਾ ਚੁਕੇ ਹੋ ਤੁਸੀਂ ! ਕਿਸ ਕਿਸ ਵਿਰਾਸਤ ਨੂੰ ਤੁਸੀਂ ਵਾਪਸ ਲੈ ਕੇ ਆਵੋਗੇ ? ਇਹ ਕਰਤਾਰ ਹੀ ਜਾਣੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top