Share on Facebook

Main News Page

ਪੰਜ ਪਿਆਰੇ "ਗੁਰੂ ਦਾ ਰੂਪ" ਕਿਸ ਤਰ੍ਹਾਂ ਹੋ ਸਕਦੇ ਹਨ ?
-: ਇੰਦਰਜੀਤ ਸਿੰਘ, ਕਾਨਪੁਰ
26 Jun 2018

ਨੋਟ: ਇਸ ਲੇਖ ਵਿਚ ਦਾਸ ਨੇ ਕਈਂ ਥਾਵਾਂ 'ਤੇ ਪਾਹੁਲ ਨੂੰ ਪ੍ਰਚਲਿਤ ਭਾਸ਼ਾ ਵਿਚ "ਅੰਮ੍ਰਿਤ" ਲਿਖਣ ਦੀ ਭੁੱਲ ਕੀਤੀ ਹੈ, ਜੋ ਸਿਧਾਂਤਕ ਨਾ ਹੋਣ ਦੇ ਬਾਵਜੂਦ ਵੀ ਪਾਠਕਾਂ ਤੱਕ ਗਲ ਪਹੁਚਾਉਣ ਲਈ ਇਕ ਜ਼ਰੂਰਤ ਹੈ। ਇਕ ਸਿੱਖ ਲਈ ਤਾਂ "ਅੰਮ੍ਰਿਤ" ਸਿਰਫ ਇੱਕ ਹੀ ਹੈ, ਉਹ ਹੈ ਸਾਡੇ ਸ਼ਬਦ ਗੁਰੂ ਦੀ ਬਾਣੀ।

ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ ਨਾਹਿ।।
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ ਸੇਵਿਐ ਰਿਦੈ ਸਮਾਣੀ

ਸੋ ਇਸ ਲਈ ਆਪਣੇ ਗੁਰੂ, ਪਰਮਾਤਮਾਂ ਅਤੇ ਸੁਹਿਰਦ ਸਿੱਖਾਂ ਕੋਲੋਂ ਦੁਬਾਰਾ ਖਿਮਾਂ ਲਈ ਬੇਨਤੀ ਕਰਦਾ ਹਾਂ ਜੀ ।


ਲਗਭਗ ਹਰ ਸ਼ਹਿਰ ਵਿੱਚ ਪੰਜ ਸਧਾਰਣ ਜਿਹੇ ਕਿਰਦਾਰ ਵਾਲੇ ਸਿੱਖ ਮਿਲ ਕੇ ਪੰਜ ਪਿਆਰੇ ਬਨ ਜਾਂਦੇ ਹਨ ਅਤੇ ਉਹ "ਗੁਰੂ ਦਾ ਰੂਪ" ਅਖਵਾਂਉਦੇ ਹਨ । ਇਨ੍ਹਾਂ ਦੇ ਕੀਤੇ ਫੈਸਲਿਆਂ ਨੂੰ "ਗੁਰੂ ਦਾ ਫੁਰਮਾਨ" ਕਹਿ ਕੇ ਸਿਰ ਨਿਵਾਇਆ ਜਾਂਦਾ ਹੈ । ਇਨ੍ਹਾਂ ਦੇ ਹੁਕਮ ਨੂੰ ਤਾਂ ਗੁਰੂ ਆਪ ਵੀ ਨਹੀਂ ਟਾਲ ਸਕਦਾ, ਇਕ ਸਧਾਰਣ ਸਿੱਖ ਦੀ ਕੀ ਬਿਸਾਤ ਹੈ ਕਿ ਇਨ੍ਹਾਂ ਦਾ ਕਹਿਆ ਨਾਂ ਮੰਨੇ । ਦੂਜੇ ਸ਼ਬਦਾਂ ਵਿੱਚ ਉਹ ਗੁਰੂ ਦਾ ਰੂਪ ਹੁੰਦੇ ਹਨ । ਇਹ ਗੁਰੂ ਦਾ ਰੂਪ ਧਾਰ ਕੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਵੀ ਬਖਸ਼ਦੇ ਹਨ । ਐਸੀਆਂ ਕਥਨੀਆਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਅਤੇ ਇਹ ਕਥਨੀਆਂ ਸਾਡੇ ਅੰਦਰ ਤਕ ਉਤਾਰ ਦਿੱਤੀਆਂ ਗਈਆਂ ਹਨ ।

ਹੁਣ ਕੌਣ ਕਹੇ, ਕਿ ਇਹ ਪੰਜ ਪਿਆਰੇ ਗੁਰੂ ਦਾ ਰੂਪ ਨਹੀਂ ਹੋ ਸਕਦੇ । ਜੇੜ੍ਹਾਂ ਕਹੇ ਉਹ ਗਾਲ੍ਹਾਂ ਖਾਏ । ਪਰ ਸੱਚ ਤਾਂ ਸੱਚ ਹੀ ਹੈ । ਕਹਿਣਾਂ ਤਾ ਪੈਣਾਂ ਹੀ ਹੈ, ਕਿ ਸਧਾਰਣ ਜਿਹੇ ਮਨੁੱਖ ਗੁਰ ਦੇ ਬਰਾਬਰ ਨਹੀਂ ਹੋ ਸਕਦੇ ! ਕੇੜ੍ਹੀਆਂ ਕੇੜ੍ਹੀਆਂ ਬਾਣੀਆਂ ਪੜ੍ਹਨੀਆਂ ਹਨ ? ਮਾਸ ਖਾਣਾਂ ਹੈ ਕਿ ਨਹੀਂ ? ਕਦੀ ਕਦੀ ਤਾਂ ਇਹ ਅੰਡਾ ਅਤੇ ਕੇਕ ਖਾਣਾ ਵੀ ਕੁਰਹਿਤ ਦਸਦੇ ਹਨ ! ਇਨ੍ਹਾਂ ਵਿੱਚ ਇਕ ਭਾਈ ਖੰਨੇ ਵਾਲੇ ਦਾ ਨਾਂ ਮੈਨੂੰ ਯਾਦ ਹੈ, ਜਿਸ ਨੂੰ ਲੋਕੀ ਦੁੱਲਾ ਭਾਈ ਕਰਕੇ ਵੀ ਜਾਣਦੇ ਸਨ। ਉਹ ਮਾਸ ਖਾਣਾਂ ਤਾਂ ਦੂਰ ਪਾਹੁਲ ਛੱਕਣ ਵਾਲਿਆਂ ਨੂੰ ਕੇਕ ਖਾਉਣ ਤੋਂ ਵੀ ਮਨਾ ਕਰ ਦਿੰਦਾ ਸੀ, ਕਿਉਂਕਿ ਉਸ ਵਿੱਚ ਅੰਡਾ ਪਿਆ ਹੁੰਦਾ ਹੈ। ਐਸੇ ਪਿਆਰਿਆਂ ਨੇ ਹੀ ਤਾਂ ਸਿੱਖਾ ਨੂੰ ਪੂਰਾ ਬ੍ਰਾਹਮਣ ਬਨਾਉਣ ਵਿਚ ਕੋਈ ਕੋਰ ਕਸਰ ਨਹੀਂ ਛੱਡੀ ।

ਹੁਣ ਉਹ ਅੰਮ੍ਰਿਤ ਛੱਕਣ ਵਾਲਾ ਪ੍ਰਾਣੀ ਵਿਚਾਰਾ ਕੀ ਕਰੇ ? ਸਾਰੀ ਉਮਰ ਉਹ ਹੀ ਪੜ੍ਹੀ ਜਾਂਦਾ ਹੈ, ਉਹ ਹੀ ਖਾਈ ਜਾਂਦਾ ਹੈ, ਜੋ ਉਨ੍ਹਾਂ ਦੇ "ਗੁਰੂ ਦਾ ਹੁਕਮ" ਹੁੰਦਾ ਹੈ । ਆਪਣਾ ਦਿਮਾਗ ਅਤੇ ਵਿਵੇਕ ਤਾਂ ਉਹ ਭੋਲਾ ਉਸ ਪੰਡਾਲ ਵਿੱਚ ਹੀ ਛੱਡ ਆਉਂਦਾ ਹੈ । ਗੁਰੂ ਪ੍ਰਤੀ ਉਸਦੀ ਅਪਾਰ ਸ਼ਰਧਾ ਜੂ ਹੋਈ ! ਕਦੀ ਕਦੀ ਤਾਂ ਗੁਰੂ ਦੇ ਇਹ ਰੂਪ ਸੜਕਾਂ 'ਤੇ ਜਲੂਸ ਦੀ ਸੋਭਾ ਵੀ ਬਣਾਏ ਜਾਂਦੇ ਹਨ । ਸਾਡੇ ਸ਼ਹਿਰ ਵਿੱਚ ਤਾਂ ਜੇ ਪੰਜ ਦਾ ਕੋਰਮ ਪੂਰਾ ਨਾਂ ਹੋਵੇ ਤਾਂ ਕਿਸੇ ਗੁਰਦੁਆਰੇ ਦੇ ਭਾਈ ਨੂੰ ਹੀ ਫੱੜ ਲਿਆਉਂਦੇ ਹਨ । ਕਦੀ ਕਦੀ ਸਿਆਸੀ ਲੋਕ ਵੀ ਇਨ੍ਹਾਂ ਨੂੰ ਆਪਣੇ ਸਵਾਰਥਾਂ ਲਈ ਵਰਤਦੇ ਹਨ ।

ਜੇ ਤੁਹਾਨੂੰ ਯਾਦ ਹੋਵੇ ਤਾਂ ਬਾਦਲਕਿਆਂ ਦੇ ਰਾਜ ਵਿਚ ਗੁਰੂ ਦੇ ਇਨ੍ਹਾਂ ਰੂਪਾਂ ਨੂੰ ਜੇਲ ਦੇ ਅੰਦਰ, ਇਕੱਲੇ ਬਲਵੰਤ ਸਿੰਘ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਲਈ ਭੇਜਿਆ ਗਿਆ ਸੀ। ਇਹ ਉਸਨੂੰ "ਜ਼ਿੰਦਾ ਸ਼ਹੀਦ" ਦੀ ਉਪਾਧੀ ਦੇ ਕੇ ਇਕ ਭਗਵੇ ਰੰਗ ਦਾ ਸ਼ਨੀਲ ਦਾ ਚੋਲਾ ਪਵਾ ਕੇ ਉਸਦਾ ਚੰਗਾ ਮਜ਼ਾਕ ਬਣਾ ਕੇ ਆਏ ਸਨ । ਨਾਲ ਲੱਗੀ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ "ਗੁਰੂ ਰੂਪ ਪੰਜ ਪਿਆਰੇ" ਕੌਣ ਕੌਣ ਹਨ ! ਸ਼ਬਦ ਨੂੰ ਗੁਰੂ ਮੰਨਣ ਦਾ ਸਿਧਾਂਤ ਹੀ ਸਿੱਖੀ ਦੀ ਵਿਲੱਖਣਤਾ ਹੈ, ਲੇਕਿਨ ਅਸਾਂ ਇਨ੍ਹਾਂ ਦੇਹਾਂ ਨੂੰ ਹੀ ਆਪਣਾ ਗੁਰੂ ਬਣਾ ਲਿਆ ਹੈ । ਇਨ੍ਹਾਂ ਦੇ ਆਪ ਹੁਦਰੇ ਫਤਵਿਆਂ ਨੂੰ ਹੀ ਗੁਰੂ ਦਾ ਹੁਕਮ ਮੰਨ ਲਿਆ ।

ਕਹਿਣ ਦਾ ਭਾਵ ਇਹ ਹੈ ਕਿ ਕਿਸੇ ਬਹੁਤ ਹੀ ਸਧਾਰਣ ਕਿਰਦਾਰ ਵਾਲੇ ਪੰਜ ਦੁਨੀਆਵੀ ਬੰਦਿਆਂ ਨੂੰ ਗੁਰੂ ਦੀ ਪਦਵੀ ਦੇ ਦੇਣਾ, ਕੀ ਸਿੱਖੀ ਸਿਧਾਂਤਾਂ ਦੇ ਅਨੁਰੂਪ ਹੈ ? ਪੰਜ ਹੀ ਕਿਉਂ ? ਸੌ, ਹਜਾਰ ਅਤੇ ਭਾਵੇ ਲੱਖ ਬੰਦਾ ਵੀ ਰਲ ਜਾਵੇ, ਉਸ ਸਰਬੰਸ ਦਾਨੀ ਦਸਮ ਪਿਤਾ ਦੀ ਬਰਾਬਰੀ ਨਹੀਂ ਕਰ ਸਕਦੇ। ਕੀ ਇਨ੍ਹਾਂ ਪੰਜਾਂ ਵਿੱਚ ਗੁਰੂ ਵਾਲੇ ਉਹ ਗੁਣ ਮੌਜੂਦ ਹੂੰਦੇ ਹਨ, ਜਿਨ੍ਹਾਂ ਕਰਕੇ ਗੁਰਬਾਣੀ ਵਿਚ ਗੁਰੂ ਨੂੰ ਪਰਮੇਸ਼ਵਰ ਦਾ ਹੀ ਰੂਪ ਮੰਨਿਆ ਗਿਆ ਹੈ ? ਜੇ ਇਹ ਪੰਜ ਸਧਾਰਣ ਬੰਦੇ ਗੁਰੂ ਦਾ ਰੂਪ ਹਨ, ਤਾਂ ਫਿਰ ਗੁਰਬਾਣੀ ਅਨੁਸਾਰ ਇਨ੍ਹਾਂ ਨੂੰ "ਪਰਮੇਸ਼ਵਰ" ਵੀ ਮਨਣਾ ਹੀ ਪਵੇਗਾ ! ਕੀ ਕੋਈ ਦੇਹਧਾਰੀ, ਗੁਰੂ ਜਾਂ ਪਰਮੇਸ਼ਵਰ ਹੋ ਸਕਦਾ ਹੈ ?

ਗੁਰੁ ਪਰਮੇਸਰ ਏਕੋ ਜਾਣ।। (ਪੰਨਾ ੮੬੪)
ਗੁਰ ਪਾਰਬ੍ਰਹਮ ਏਕੈ ਹੀ ਜਾਨੈ।। (ਪੰਨਾ ੮੮੭)
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।। (ਪੰਨਾ ੭੨੬)
ਗੁਰ ਪਾਰਬ੍ਰਹਮ ਪਰਮੇਸੁਰ ਸੋਇ।। (ਪੰਨਾ ੧੨੭੧)
ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ।। (ਪੰਨਾ ੫੨੨)
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ ੧ ॥ (ਪੰਨਾ ੮੬੪)
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥ (ਪੰਨਾ ੫੩)
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥ ੨ ॥
ਅਪਰੰਪਰ ਪਾਰਬ੍ਰਹਮ ਪਰਮੇਸਰ, ਨਾਨਕ ਗੁਰੁ ਮਿਲਿਆ ਸੋਈ ਜੀਉ। (ਪੰਨਾ ੫੯੯)

ਗੁਰੂ ਤਾਂ ਸਦਾ ਰਹਿਣ ਵਾਲਾ ਅਤੇ ਅਭਿਨਾਸ਼ੀ ਹੈ । ਇਹ ਪੰਜ ਪਿਆਰੇ ਤਾਂ ਕਾਲ ਭਾਵ ਮੌਤ ਦੇ ਅਧੀਨ ਹਨ । ਸ਼ਬਦ ਕਦੀ ਮਰਦਾ ਨਹੀਂ, ਦੇਹਾਂ ਮਰ ਜਾਂਦੀਆਂ ਹਨ। ਫਿਰ ਇਹ ਪੰਜ ਪਿਆਰੇ ਪਰਮੇਸ਼ਵਰ ਦਾ ਰੂਪ ਕਿਸ ਤਰ੍ਹਾਂ ਹੋ ਸਕਦੇ ਹਨ ? ਇਨ੍ਹਾਂ ਦਾ ਕੀਤਾ ਹੁਕਮ "ਗੁਰੂ ਦਾ ਫੁਰਮਾਨ" ਕਿਸ ਤਰ੍ਹਾਂ ਮੰਨਿਆ ਜਾ ਸਕਦਾ ਹੈ ? ਗੁਰੂ ਤਾਂ ਆਪ ਕਰਤਾ ਹੈ ਅਤੇ ਹਮੇਸ਼ਾਂ ਹੀ ਰਹੇਗਾ । ਸ਼ਬਦ ਗੁਰੂ ਫੁਰਮਾਉਂਦੇ ਹਨ ।

ਗੁਰੁ ਕਰਤਾ ਗੁਰੁ ਕਰਣੈ ਯੋਗ।।ਗੁਰੁ ਪਰਮੇਸਰੁ ਹੈ ਭੀ ਹੋਗੁ।। (ਪੰਨਾ ੮੬੪)
ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋਨੀਐ ॥
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥ ੪ ॥ ੬ ॥ ੯ ॥(ਪੰਨਾ ੭੮੩)
ਗੁਰੁ ਆਦਿ ਪੁਰਖੁ ਹਰਿ ਪਾਇਆ।। (ਗੁ. ਗ੍ਰੰ. ਪੰ. ੮੭੯)

ਚਲਦੇ ਚਲਦੇ ਇਕ ਸਵਾਲ ਮੈਂ ਪਾਠਕਾਂ ਤੋਂ ਹੋਰ ਪੁਛਦਾ ਜਾਵਾਂ ਕਿ, ਜੇ ਕਿਸੇ ਫਿਲਮ ਵਿਚ ਕੋਈ ਬੰਦਾ ਗੁਰੂ ਦਾ ਕਿਰਦਾਰ ਕਰਦਾ ਹੈ, ਤਾਂ ਅਸੀ ਅੱਗਾਂ ਲਾਉਣ 'ਤੇ ਉੱਤਰ ਆਉਦੇ ਹਾਂ। ਸੜਕਾਂ 'ਤੇ ਰੋਸ਼ ਵੱਜੋਂ ਉਤਰ ਆਉਦੇ ਹਾਂ। ਇਸੇ ਕਰਕੇ ਨਾਂ... ਕਿ ਕੋਈ ਸਧਾਰਣ ਕਿਰਦਾਰ ਵਾਲਾ ਬੰਦਾ ਸਾਡੇ ਗੁਰੂ ਦਾ ਰੂਪ ਨਹੀਂ ਧਾਰ ਸਕਦਾ ? ਫਿਰ ਇਹ ਪੰਜ ਬੰਦੇ ਜੋ ਆਪਣੇ ਨਿਜੀ ਜੀਵਨ ਵਿੱਚ ਰੋਜ਼ ਹੀ ਈਰਖਾ, ਦਵੈਸ਼, ਕ੍ਰੋਧ ਅਤੇ ਕਈ ਤਰੀਕੇ ਦੇ ਫਰੇਬ ਕਰਦੇ ਹਨ, ਅਸੀਂ ਇਨ੍ਹਾਂ ਨੂੰ "ਗੁਰੂ ਦਾ ਰੂਪ" ਕਿਸ ਤਰ੍ਹਾਂ ਸਵੀਕਾਰ ਕਰ ਸਕਦੇ ਹਾਂ ?

ਇਕ ਨੇ ਸਵਾਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਤਾਂ ਪੰਜ ਪਿਆਰੇ ਸਾਜੇ ਅਤੇ ਫਿਰ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਦੀ ਦਾਤ ਲੈਕੇ ਉਨ੍ਹਾਂ ਦੇ ਚੇਲੇ ਬਨੇ ? ਸਵਾਲ ਬਹੁਤ ਹੀ ਵਧੀਆ ਸੀ, ਜੋ ਇਹ ਲੇਖ ਪੜ੍ਹਨ ਤੋਂ ਬਾਦ ਹਜ਼ਾਰਾਂ ਪਾਠਕਾ ਦੇ ਮਨ ਵਿੱਚ ਉਠ ਸਕਦਾ ਹੈ।

ਦਾਸ ਨੇ ਉਸ ਵੀਰ ਨੂੰ ਕਹਿਆ, ਭੋਲਿਆ ! ਕਿਸੇ ਇਤਿਹਾਸ ਵਿੱਚ ਨਹੀਂ ! ਇਹ ਤਾਂ ਉਸ ਬਿਪਰ ਦੇ ਬਣਾਏ ਕਿਸੇ ਦੂਜੇ ਬਨਾਵਟੀ ਗੁਰਦਾਸ ਦੀ ਵਾਰ ਦੀਆਂ ਸਤਰਾਂ ਵਿੱਚ ਲਿਖਿਆ ਹੈ, ਜਿਸਨੂੰ ਸਤਿਕਾਰ ਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਖੀਰ ਵਿਚ ਜੋੜ ਦਿਤਾ ਗਿਆ ਹੈ । ਭਾਈ ਗੁਰਦਾਸ ਜੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਵਿੱਚ 15 ਅਗਸਤ ਸੱਨ ੧੬੩੬ ਨੂੰ ਅਕਾਲ ਚਲਾਣਾਂ ਕਰ ਗਏ ਸੀ, ਅਤੇ ਛੇਵੇਂ ਪਾਤਸ਼ਾਹ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਗੋਵਿੰਦਵਾਲ ਸਾਹਿਬ ਦੀ ਧਰਤੀ 'ਤੇ ਆਪਣੇ ਹੱਥੀਂ ਕੀਤਾ ਸੀ । ਦਸਵੇਂ ਪਾਤਸਾ਼ਹ ਵੇਲੇ ਇਹ ਵਾਰ ਲਿੱਖਣ ਲਈ ਕੀ ਉਨ੍ਹਾਂ ਨੇ ਦੋਬਾਰਾ ਜਨਮ ਲਿਆ ਸੀ ? ਵੀਰਾ, ਤੂੰ ਉਸ ਬਨਾਵਟੀ ਗੁਰਦਾਸ ਦੂਜੇ ਦੀ ਇਸ ਵਾਰ ਦੀ ਗਲ ਕਰ ਰਿਹਾ ਹੈ, ਜੋ ਕਹਿ ਰਿਹਾ ਹੈ

ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ

ਮੇਰੇ ਵੀਰਾ ਜੇ ਤੂੰ ਬਿਪਰ ਦੇ ਬਣਾਏ ਇਸ ਗੁਰਦਾਸ ਦੀ ਇਸ ਲਾਈਨ 'ਤੇ ਯਕੀਨ ਕਰਦਾ ਹੈਂ, ਤਾਂ ਇਸ ਦੀਆਂ ਅਗਲੀਆਂ ਪੰਗਤੀਆਂ ਅਨੁਸਾਰ ਤੈਨੂੰ ਇਹ ਵੀ ਮਨਣਾਂ ਪਵੇਗਾ ਕਿ ਸਰਬੰਸਦਾਨੀ ਗੁਰੂ ਸਾਹਿਬ, ਪਿਛਲੇ ਨੌ ਗੁਰੂ ਜਾਮਿਆਂ ਅਤੇ ਸਿੱਖੀ ਸਿਧਾਂਤ ਤੋਂ ਬਾਗੀ ਹੋ ਕੇ ਕਾਲਕਾ ਦੇਵੀ ਦੇ ਉਪਾਸਕ ਬਣ ਗਏ ਸਨ ਅਤੇ ਉਨ੍ਹਾਂ ਨੇ "ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ" ਇਹ ਵੀ ਤਾਂ ਉਸਦੀ ਅਗਲੀਆਂ ਪੰਗਤੀ ਵਿੱਚ ਹੀ ਲਿਖਿਆ ਹੋਇਆ ਹੈ ?

ਮੇਰੇ ਸੁਹਿਰਦ ਵਿਦਵਾਨ ਪਾਠਕ ਵੀਰੋ ! ਇਹ ਵਿਸ਼ਾ ਬਹੁਤ ਹੀ ਲੰਮਾਂ ਹੈ, ਲਿਖਦਾ ਰਿਹਾ ਤਾਂ ਲੇਖ ਬਹੁਤ ਵੱਡਾ ਹੋ ਜਾਵੇਗਾ । ਆਉ ਇਸ ਲੇਖ ਦਾ ਸਾਰ ਕੱਢ ਕੇ ਇਸਨੂੰ ਚਰਚਾ ਲਈ ਛੱਡ ਦਿੰਦੇ ਹਾਂ । ਗੁਰਮਤਿ ਅਸੁਸਾਰ ਇਹ ਗਲ ਤਾਂ ਪੱਕੀ ਹੈ ਕਿ "ਗੁਰੂ ਦਾ ਰੂਪ" ਕੋਈ ਦੇਹਧਾਰੀ ਨਹੀਂ ਹੋ ਸਕਦਾ। ਗੁਰੂ ਸ਼ਬਦ ਹੈ, ਦੇਹ ਨਹੀਂ।

ਕੁਝ ਪਰੰਮਪਰਾਵਾਂ ਅਤੇ ਰੂੜੀਆਂ ਜਦੋਂ ਬਹੁਤ ਪੁਰਾਣੀਆਂ ਹੋ ਜਾਂਦੀਆਂ ਹਨ, ਅਤੇ ਉਸਦੇ ਖਿਲਾਫ ਕੌਮ ਚੁੱਪ ਰਹਿੰਦੀ, ਹੈ ਤਾਂ ਇਹ ਪਰੰਮਪਰਾਵਾਂ ਹੀ ਕੁਰੀਤੀਆਂ ਬਣ ਜਾਂਦੀਆਂ ਹਨ । ਇਹ ਗਲਤ ਪਰੰਪਰਾਵਾਂ ਹੀ ਹੌਲੀ ਹੌਲੀ ਕਿਸੇ ਵੀ ਕੌਮ ਦੇ ਅੰਤ ਅਤੇ ਨਿਘਾਰ ਦਾ ਕਾਰਣ ਬਣ ਜਾਂਦੀਆ ਹਨ। ਪਰੰਮਪਰਾ ਪੁਰਾਣੀ ਹੋਵੇ ਭਾਵੇ ਨਵੀਂ, ਸਾਡਾ ਫਰਜ਼ ਹੈ ਕਿ ਅਸੀਂ ਹਰ ਉਸ ਮੁੱਦੇ ਨੂੰ ਪੰਥ ਦੀ ਕਚਹਿਰੀ ਵਿੱਚ ਲੈ ਜਾਈਏ, ਜੋ ਗੁਰਮਤਿ ਅਤੇ ਸ਼ਬਦ ਗੁਰੂ ਦੇ ਸਿਧਾਂਤਾਂ ਦੇ ਉਲਟ ਦਿਸਦੀਆਂ ਹਨ। ਇਸਦੀ ਕੀਮਤ ਜ਼ਰੂਰ ਚੁਕਾਉਣੀ ਪਵੇਗੀ। ਲੇਕਿਨ ਸੱਚ ਕਹਿਣੋ ਜੇ ਰੁਕ ਜਾਉਗੇ, ਤਾਂ ਵੈਸੇ ਹੀ ਮੁੱਕ ਜਾਉਗੇ । ਗੁਰੂ ਬਖਸ਼ਿਸ਼ ਕਰਣ । ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top