Share on Facebook

Main News Page

ਚੋਰ ਕੀ ਹਾਮਾ ਭਰੇ ਨ ਕੋਇ ਚੋਰੁ ਕੀਆ ਚੰਗਾ ਕਿਉ ਹੋਇ
-: ਇੰਦਰਜੀਤ ਸਿੰਘ, ਕਾਨਪੁਰ

ਬਹੁਤ ਦਿਨਾਂ ਤੋਂ ਆਪਣੇ ਹੀ ਵੀਰਾਂ ਨੂੰ ਦਾਸ ਇਹ ਕਹੀ ਜਾ ਰਿਹਾ ਸੀ ਕਿ ਨਿਉਜੀਲੈਂਡ ਰੇਡੀਉ ਵਾਲਾ ਪਾਗਲ ਹੈ, ਪਾਗਲ ਬੰਦੇ ਦਾ ਬੁਰਾ ਕੀ ਮੰਨਣਾ! ਉਸ ਦਾ ਕੰਮ ਹੀ ਹੈ ਹਰ ਬੰਦੇ ਦੀ ਬਦਖੋਹੀ ਕਰਣਾ, ਮੰਦਾ ਬੋਲਣਾਂ, ਤੁਸੀਂ ਤਾਂ ਸਿਆਣੇ ਹੋ ! ਇਸ ਨੂੰ ਇਗਨੋਰ ਕਰੋ । ਇਸਨੂੰ ਕੋਈ ਨਹੀਂ ਜਾਣਦਾ, ਬੋਲਦਾ ਹੈ ਤਾਂ ਬੋਲ ਲੈਣ ਦਿਉ, ਥੱਕ ਜਾਏਗਾ, ਚੁੱਪ ਕਰ ਜਾਏਗਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ ਨਸਾਂ ਵਿੱਚ ਡੇਰਾਵਾਦ ਅਤੇ ਡੇਰੇਦਾਰਾਂ ਵਾਲਾ ਖੂਨ ਹੈ। ਗੁਰਮਤਿ ਦੇ ਰਾਹ ਪਏ ਹਨ, ਉਨ੍ਹਾਂ ਨੂੰ ਤਾਂ ਘਟੋ ਘੱਟ ਇਸ ਚਿੱਕੜ ਵਿੱਚ ਨਾਂ ਘਸੀਟੋ ! ਉਨ੍ਹਾਂ ਨੇ ਹੁਣੇ ਹੁਣੇ ਗੁਰਮਤਿ ਦਾ ਰਾਹ ਅਖਤਿਆਰ ਕੀਤਾ ਹੈ ! ਕੁਝ ਸਮਾਂ ਅਤੇ ਤੁਹਾਡੇ ਸਾਥ ਦੀ ਉਨ੍ਹਾਂ ਨੂੰ ਲੋੜ ਹੈ। ਉਨ੍ਹਾਂ ਨੇ ਆਪਣੀ ਜਾਨ 'ਤੇ ਖੇਡ ਕੇ ਗੁਰਮਤਿ ਦਾ ਇਹ ਰਸਤਾ ਅਖਤਿਆਰ ਕੀਤਾ ਹੈ। ਟਕਸਾਲੀਏ ਵੀ ਉਨ੍ਹਾਂ ਦੀ ਜਾਣ ਦੇ ਦੁਸ਼ਮਨ ਬਣੇ ਹੋਏ ਹਨ। ਇੱਕ ਲੱਤ ਉਨ੍ਹਾਂ ਦੀ ਪੰਥ ਦੋਖੀ ਖਿੱਚ ਰਹੇ ਹਨ, ਤੇ ਦੂਜੀ ਲੱਤ ਤੁਸੀਂ ਖਿੱਚੋਗੇ ਤਾਂ ਉਹ ਗੁਰੂ ਦਾ ਸਿੱਖ, ਉਸ ਸੱਚ ਦੇ ਮਾਰਗ 'ਤੇ ਕਿਸ ਤਰ੍ਹਾਂ ਤੁਰ ਸਕੇਗਾ ? ਆਦਿਕ........।

ਲੇਕਿਨ ਅੱਜ ਸਿੰਘ ਨਾਦ ਰੇਡੀਉ ਰਾਹੀਂ ਹਰਨੇਕ ਸਿੰਘ ਦੇ ਰੇਡੀਉ 'ਤੇ ਹੋ ਰਹੀਆਂ ਪੰਥ ਵਿਰੋਧੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇਹ ਲੋਕ ਤਾਂ ਪਾਗਲ ਨਹੀਂ ਹੋ ਸਕਦੇ ! ਜਿਨ੍ਹਾਂ ਨੂੰ ਅਸੀਂ ਪਾਗਲ ਸਮਝੀ ਬੈਠੇ ਸੀ। ਜੇ ਖਾਲਸਾ ਨਿਊਜ਼ ਵਾਲੇ ਇਸਦੇ ਰੇਡੀਉ ਨੂੰ "ਵਿਸਟਾ ਰੇਡੀਉ" ਦਾ ਨਾਂ ਦਿੱਤਾ ਹੈ, ਤਾਂ ਉਹ ਬਿਲਕੁਲ ਹੀ ਗਲਤ ਨਹੀਂ। ਇਸ ਰੇਡੀਉ 'ਤੇ ਇੱਕ ਪੰਥ ਦੋਖੀ ਧੂਤੇ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ,

"ਹਾਲੇ ਤਾਂ ਇਹ ਲੱਭਣਾ ਔਖਾ ਪਿਆ ਸਾਨੂੰ ਕਿ ਵਾਕਿਆ ਹੀ ਸਾਡੇ ਗੁਰੂਆਂ ਦੇ ਨਾਮ ਆਹੀ ਸਿਗੇ ਕੀ ਕੁਸ ਹੋਰ ਸੀਗੇ, ਸਾਨੂੰ ਮੰਨਣੇ ਪੈ ਰਹੇ ਜੋ ਲਿਖਿਆ ਬਸ..."" ਆਦਿਕ..." ਇਹੋ ਜਹੀਆਂ ਪੰਥ ਵਿਰੋਧੀ ਗੱਲਾਂ ਕਰਣ ਵਾਲਾ ਪਾਗਲ ਨਹੀਂ, ਸਿੱਖੀ ਦਾ ਦੁਸ਼ਮਨ ਹੀ ਹੋ ਸਕਦਾ ਹੈ। ਇਸ ਨੇ ਗੁਰੂਆਂ ਨੂੰ ਭੁੱਲੜ ਕਹਿਆ, ਪੰਥ ਦਰਦੀਆਂ ਨੂੰ ਮੰਦੇ ਬੋਲ ਬੋਲੇ, ਤਾਂ ਅਸੀਂ ਦੋਹਾਂ ਧਿਰਾਂ ਨੂੰ ਇਹ ਹੀ ਸਲਾਹ ਦਿੱਤੀ ਕਿ "ਰਬ ਦਾ ਵਾਸਤਾ ਜੇ, ਕੌਮ ਤੇ ਬਿਪਰ ਵਲੋਂ ਕੀਤੇ ਜਾ ਰਹੇ ਹਮਲਿਆਂ ਵੱਲ ਧਿਆਨ ਦਿਉ ਅਤੇ ਕੌਮ ਨੂੰ ਸੁਚੇਤ ਕਰੋ ! .... ਆਪਸ ਵਿੱਚ ਉਲਝ ਕੇ ਮੁੱਖ ਮੁਦਿਆਂ ਤੋਂ ਨਾਂ ਭਟਕੋ !

ਲੇਕਿਨ ਗੁਰੂ ਨਿੰਦਾ ਅਤੇ ਪੰਥ ਵਿਰੋਧੀ ਬਿਆਨਾਂ ਨੂੰ ਸੁਣ ਕੇ ਤਾਂ ਇਹ ਲਗਦਾ ਹੈ ਕਿ ਅਸੀਂ ਬਾਹਰਲੇ ਹਮਲਿਆਂ ਤੋਂ ਕੀ ਬਚਣਾਂ ਹੈ ? ਸਾਡੇ ਤਾਂ ਘਰ ਵਿੱਚ ਹੀ ਇਹੋ ਜਹੇ ਜਹਰੀਲੇ ਸੱਪਾਂ ਦਾ ਵਾਸਾ ਹੈ, ਜੋ ਦਿਨ ਰਾਤ, ਸਿੱਖੀ ਨੂੰ ਡੱਸ ਰਹੇ ਹਨ। ਪਹਿਲਾਂ ਤਾਂ ਇਨ੍ਹਾਂ ਨੂੰ ਕੀਲ ਲਈਏ, ਫਿਰ ਬਾਹਰਲੇ ਹਮਲਿਆਂ ਤੋਂ ਬਚੀਏ ਭਾਵੇ ਨਾਂ ਬਚੀਏ। ਜੇੜ੍ਹੇ ਲੋਗ ਸਿੱਖੀ ਦੇ ਬੁਨਿਆਦੀ ਢਾਂਚੇ ਨੂੰ ਹੀ ਤੋੜਨ ਲਈ ਤੁਰੇ ਹੋਣ, ਉਹ ਸਿੱਖ ਕਿਵੇਂ ਹੋ ਸਕਦੇ ਹਨ ?

ਰੇਡੀਓ ਸਿੰਘਨਾਦ 'ਤੇ ਵੀਰ ਪ੍ਰਭਦੀਪ ਸਿੰਘ ਜੀ, ਟਾਈਗਰ ਜੱਥਾ ਅਤੇ ਡਾ. ਅਮਰਜੀਤ ਕੌਰ ਜੀ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲੋਂ ਬਹੁਤ ਹੀ ਸੰਵੇਦਨਸ਼ੀਲ ਸਪਸ਼ਟੀਕਰਣ ਮੰਗੇ ਹਨ। ਉਨ੍ਹਾਂ ਦੋਹਾਂ ਵਿਦਵਾਨਾਂ ਦੇ ਸਵਾਲਾਂ ਵਿੱਚ ਵੀ ਦਮ ਹੈ । ਭਾਈ ਰਣਜੀਤ ਸਿੰਘ ਜੀ ਨੂੰ ਮੇਰੇ ਵਰਗੇ ਲੱਖਾਂ ਸਿੱਖਾਂ ਦਾ 50 ਤੋਂ 70 ਫੀ ਸਦੀ ਦਾ ਸਮਰਥਨ ਇਸ ਲਈ ਪ੍ਰਾਪਤ ਹੈ, ਕਿਉਂਕਿ ਉਹ ਡੇਰਾ ਛੱਡ ਕੇ ਗੁਰੂ ਸਾਹਿਬ ਜੀ ਦੇ ਪੰਥ ਦੇ ਪਾਂਧੀ ਬਣੇ ਹਨ। ਇਸ ਪੰਥ 'ਤੇ ਚਲੱਣ ਲਈ ਉਨ੍ਹਾਂ ਨੇ ਆਪਣੇ ਜਿਗਰੀ ਦੋਸਤ ਭਾਈ ਭੁਪਿੰਦਰ ਸਿੰਘ ਜੀ ਦੀ ਮੌਤ ਦੀ ਕੀਮਤ ਚੁਕਾਈ ਹੈ। ਆਪਜੀ ਦੇ ਕੁਝ ਵਿਵਾਦਿਤ ਬਿਆਨ ਅਤੇ ਬਿਆਨ ਦੇਣ ਤੋਂ ਬਾਅਦ ਉਨ੍ਹਾਂ ਦਾ ਖੰਡਨ ਨਾ ਕਰਨਾ ਇਕ ਬਹੁਤ ਵੱਡੀ ਗਲਤੀ ਹੈ, ਜਿਸ ਕਰਕੇ ਸਾਡੇ ਵਰਗੇ ਸਮਰਥਕਾਂ ਦਾ ਸਾਥ ਉਨ੍ਹਾਂ ਤੋਂ ਹੌਲੀ ਹੌਲੀ ਖੁਸ ਸਕਦਾ ਹੈ। ਅਸਿਧੇ ਤੌਰ 'ਤੇ ਉਹ ਨਿਉਜੀਲੈਂਡ ਵਾਲੇ ਪੰਥ ਦੋਖੀ ਦੇ ਬਿਆਨਾਂ ਦਾ ਹਲੀ ਤਕ ਸਮਰਥਨ ਕਰਦੇ ਹੀ ਪ੍ਰਤੀਤ ਹੋ ਰਹੇ ਹਨ, ਜਦਕਿ ਭਾਈ ਪੰਥਪ੍ਰੀਤ ਸਿੰਘ ਵਰਗੇ ਪ੍ਰਚਾਰਕ ਉਸਨੂੰ "ਹਰਾਮਖੋਰ" ਦੀ ਸੰਗਿਆ ਦੇ ਚੁਕੇ ਹਨ।

ਭਾਈ ਸਾਹਿਬ ਜੀ! ਤੁਹਾਡਾ ਮੌਨ, ਉਸ "ਚੋਰ ਦੀ ਹਾਮਾਂ" ਭਰਦਾ ਪ੍ਰਤੀਤ ਹੋ ਰਿਹਾ ਹੈ। ਭਾਈ ਰਣਜੀਤ ਸਿੰਘ ਜੀ, ਹੱਲੀ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਜਿਨ੍ਹਾਂ ਨੂੰ ਤੁਸੀਂ ਇਕ ਦੂਜੇ 'ਤੇ ਲੱਡੂ ਸੁੱਟਣ ਵਾਲੇ ਵਿਦਵਾਨ ਸਮਝ ਰਹੇ ਹੋ, ਉਹ ਪੰਥ ਦਰਦੀ ਅਤੇ ਉੱਚ ਕੋਟੀ ਦੇ ਵਿਦਵਾਨ ਸਿੱਖ ਹਨ। ਹਾਂ ਜਿਸ ਨਿਉਜੀਲੈਂਡ ਵਾਲੇ ਕਮਲੇ ਨੂੰ ਤੁਸੀਂ ਆਪਣਾ ਹਿਤੂ ਅਤੇ ਸਮਰਥਕ ਸਮਝ ਰਹੇ ਹੋ, ਉਹ ਪੰਥ ਦੋਖੀ ਤਾਂ ਅੱਜ ਤੱਕ ਕਿਸੇ ਦਾ ਵੀ ਸਕਾ ਨਹੀਂ ਜੇ ਬਣਿਆ। ਨਿਉਜੀਲੈਂਡ ਵਾਲਾ ਗੁਰੂ ਨਿੰਦਕ, ਜਿਸ ਦਾ ਵੀ ਸਮਰਥਨ ਕਰਦਾ ਹੈ ਉਸ ਨੂੰ ਟੀਸੀ 'ਤੇ ਲੈ ਜਾਕੇ ਧੋਖੇ ਨਾਲ ਥਲੇ ਨੂੰ ਧੱਕਾ ਮਾਰਦਾ ਹੈ। ਜੇ ਮੇਰੀ ਇਸ ਗਲ 'ਤੇ ਤੁਹਾਨੂੰ ਵਿਸ਼ਵਾਸ਼ ਨਾ ਹੋਵੇ, ਤਾਂ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਗਿਆਨੀ ਰਣਜੋਧ ਸਿੰਘ ਤੋਂ ਉਨ੍ਹਾਂ ਦੀ ਹੱਡ ਬੀਤੀ ਸੁਨ ਲੈਣਾ। ਅਸਾਂ ਤੁਹਾਡੇ ਵਾਂਗ, ਉਨ੍ਹਾਂ ਨੂੰ ਵੀ ਬਹੁਤ ਸਮਝਾਇਆ ਸੀ, ਲੇਕਿਨ ਉਨ੍ਹਾਂ ਨੇ ਵੀ ਤੁਹਾਡੇ ਵਾਂਗ, ਸਾਡੀ ਇੱਕ ਨਹੀਂ ਸੀ ਮੰਨੀ !

ਭਾਈ ਸਾਹਿਬ ਜੀ ! ਆਪਣੇ ਹਿਤੂਆਂ ਅਤੇ ਦੁਸ਼ਮਣਾਂ ਦੀ ਪਛਾਣ ਕਰੋ ! ਤੁਸਾਂ ਗੁਰਮਤਿ ਦੇ ਰਾਹ 'ਤੇ ਚਲਕੇ ਪੰਜਾਬ ਤੋਂ ਬਾਹਰ ਜੋ ਆਪਣਾ ਇਕ ਫੈਨ ਵਰਗ ਖੜਾ ਕੀਤਾ ਹੈ, ਕਿਤੇ ਤੁਹਾਡੇ ਬਿਆਨ ਅਤੇ ਉਨ੍ਹਾਂ ਦਾ ਖੰਡਨ ਨਾ ਕਰਨਾ, ਉਨ੍ਹਾਂ ਸਿੱਖਾਂ ਦੀ ਆਸ 'ਤੇ ਕਹਿਰ ਬਣ ਕੇ ਨਾ ਜਾ ਡਿੱਗੇ ! ਕਿਤੇ ਗੁਰਬਾਣੀ ਦਾ ਇਹ ਸੰਦੇਸ਼ ਆਪਜੀ 'ਤੇ ਵੀ ਲਾਗੂ ਨਾ ਹੋ ਜਾਵੇ ਕਿ ਚੋਰ ਨੂੰ ਸਲਾਹੁਣ ਵਾਲਾ, ਜਾਂ ਉਸਦਾ ਸਾਥ ਦੇਣ ਵਾਲਾ ਮੰਨ ਨੂੰ ਚੰਗਾ ਨਹੀਂ ਲਗਦਾ । ਚੋਰ ਦੀ ਗਰੰਟੀ ਲੈਣ ਵਾਲਾ ਆਪ ਚੰਗਾ ਕਿਵੇਂ ਹੋ ਸਕਦਾ ਹੈ ?

ਧਨਾਸਰੀ ਮਹਲਾ ੧ ॥
ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥
ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥੨॥
ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥
ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੪॥
੪॥੬॥ ਅੰਕ 662

ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top