Share on Facebook

Main News Page

ਕਿਸਦੀ ਮੰਨੀਏ ? ਗੁਰੂ ਗ੍ਰੰਥ ਸਾਹਿਬ ਦੀ "ਡਿਠੈ ਮੁਕਤਿ ਨ ਹੋਵਈ..." ਜਾਂ ਬਚਿੱਤਰ ਨਾਟਕ ਦੀ "ਜਿਸ ਢਿਠੈ ਸਭ ਦੁਖ ਜਾਇ" ਦੀ ?
-: ਇੰਦਰਜੀਤ ਸਿੰਘ, ਕਾਨਪੁਰ

ਵੋਟਾਂ ਦੇ ਲਾਲਚ ਵਿੱਚ ਸਾਡੇ ਅਖੌਤੀ ਆਗੂ ਆਪਣੇ ਇੱਕੋ ਇੱਕ ਸ਼ਬਦ ਗੁਰੂ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਭੁਲਾ ਕੇ ਨਾਂ ਕੇਵਲ ਅਪਣੇ ਆਪ ਨੂੰ ਧੋਖਾ ਦੇਈ ਜਾ ਰਹੇ ਹਨ , ਬਲਕਿ ਕੌਮ ਨੂੰ ਵੀ ਕੁਰਾਹੇ ਪਾ ਰਹੇ ਨੇ ।

ਪਿਛਲੇ ਦਿਨੀਂ, ਮੌਜੂਦਾ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਅਤੇ ਸਾਬਕਾ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵਲੋ ਕੁਝ ਇਹੋ ਜਹੇ ਦਾਵੇ ਕੀਤੇ ਗਏ, ਜੇੜ੍ਹੇ ਨਾਂ ਕੇਵਲ ਗੁਰਮਤਿ ਦੇ ਉਲਟ ਬਲਕਿ ਬਹੁਤ ਹੀ ਅਫਸੋਸ ਜਨਕ ਸਨ ।

ਮੌਜੂਦਾ ਦਿੱਲੀ ਕਮੇਟੀ ਦੇ ਆਗੂਆਂ ਉਤੇ ਤਾਂ ਗਿਲਾ ਕਰਣਾ ਹੁਣ ਸਿਰ ਖਪਾਈ ਲਗਦਾ ਹੈ, ਕਿਉਂਕਿ ਉਨ੍ਹਾਂ ਨੇ ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਿਰੇ ਤੋਂ ਨਕਾਰ ਕੇ १४२८ ਪੰਨਿਆਂ ਵਾਲੇ ਕਿਸੇ ਬਚਿੱਤਰੀ ਪੋਥੇ (ਅਖੌਤੀ ਦਸਮ ਗ੍ਰੰਥ ) ਨੂੰ ਸਿੱਖਾਂ ਦੇ ਦੂਜੇ ਗੁਰੂ ਦੇ ਰੂਪ ਵਿਚ ਸਰੇਆਮ ਮਾਨਤਾ ਦੇ ਦਿੱਤੀ ਹੈ ।

ਉਨ੍ਹਾਂ ਵਿਚਾਰਿਆਂ ਉਤੇ ਬਿਪਰ ਤਾਕਤਾਂ ਅਤੇ ਕੁਰਸੀ ਨਾਲ ਚਿਮੜੇ ਰਹਿਣ ਦਾ ਇੱਨਾਂ ਲਾਲਚ ਹੈ ਕਿ ਉਨ੍ਹਾਂ ਨੂੰ "ਆਸਾ ਕੀ ਵਾਰ" ਨਾਲੋ "ਚੰਡੀ ਕੀ ਵਾਰ" ਬਹੁਤੀ ਸਿਧਾਂਤਕ ਅਤੇ ਗੁਰਮਤਿ ਦੇਣ ਵਾਲੀ "ਗੁਰੂ ਦੀ ਬਾਣੀ" ਲਗਣ ਲਗ ਪਈ ਹੈ । ਇਹ ਨਹੀਂ ਕਿ ਉਨ੍ਹਾਂ ਨੂੰ ਇਸ ਬਚਿਤਰੀ ਪੋਥੇ ਦੀ ਅਸਲਿਅਤ ਦਾ ਪਤਾ ਨਹੀਂ ! ਲੇਕਿਨ ਜੇ ਉਹ ਬਿਪਰਵਾਦੀ ਤਾਕਤਾਂ ਦਾ ਅਜੈਂਡਾ ਨਾ ਪੂਰਣ, ਤਾਂ ਉਨ੍ਹਾਂ ਦੇ ਗਲੇ ਵਿਚ ਬਿਪਰ ਦਾ ਭਗਵਾ ਪੱਟਾ ਕੌਣ ਪਾਵੇਗਾ ? ਅਤੇ ਸਿੱਖਾਂ ਨੂੰ ਗੰਦ ਪਰੋਸੇ ਬਿਨਾਂ ਵੋਟ ਕਿਵੇਂ ਮਿਲਣਗੇ ?

ਬਹੁਤੇ ਵਿਸਤਾਰ ਵਿਚ ਨਾਂ ਜਾਂਦੇ ਹੋਏ ਦਾਸ ਮੂਲ ਵਿਸ਼ੈ ਵਲ ਵਾਪਸ ਆਂਉਦਾ ਹੈ !

ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਦੇ ਮੇਨ ਗੇਟ ਉਪਰ "ਦੁਰਗਾ ਪਾਠ" (ਦੁਰਗਾ ਪਾਠ ਬਣਾਇਆ ਸਭੈ ਪਉੜੀਆਂ ) ਦੀ ਪਹਿਲੀ ਪਉੜ੍ਹੀ ਜੋ ਸਾਡੀ ਅਰਦਾਸ ਵਿਚ ਜੋੜ ਕੇ ਸਿੱਖਾਂ ਨੂੰ ਹਮੇਸ਼ਾ ਲਈ ਦੁਰਗਾ ਦਾ ਉਪਾਸਕ ਬਣਾ ਦਿੱਤਾ ਗਿਆ ਹੈ, ਦੀ ਇੱਕ ਤੁੱਕ ਮੋਟੇ ਮੋਟੇ ਅੱਖਰਾਂ ਵਿੱਚ ਲਿੱਖੀ ਹੋਈ ਹੈ, "ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥"

ਬਚਿੱਤਰੀ ਪੋਥੇ ਦੀ ਇਹ ਗੈਰ ਸਿਧਾਂਤਕ ਤੁੱਕ ਹੀ ਹੁਣ ਇਨ੍ਹਾਂ ਅਖੌਤੀ ਆਗੂਆਂ ਵਿਚ ਵਿਵਾਦ ਦਾ ਕਾਰਣ ਬਣ ਗਈ ਹੈ। ਬੰਗਲਾ ਸਾਹਿਬ ਦੀ ਸਟੇਜ ਤੋਂ ਮਨਜੀਤ ਸਿੰਘ ਜੀ. ਕੇ. ਅਤੇ ਪਰਮਜੀਤ ਸਿੰਘ ਰਾਣਾ ਕਈ ਵਾਰ ਇਸ ਬਚਿੱਤਰੀ ਪੋਥੇ ਨੂੰ ਗੁਰੂ ਦੀ ਬਾਣੀ ਸਾਬਿਤ ਕਰਣ ਲਈ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ, .. "ਕੀ ਸਿੱਖਾਂ ਦੀ ਅਰਦਾਸ ਵਿਚੋਂ ਇਹ ਤੁੱਕਾਂ ਹਟਾ ਦੇਈਏ ਕਿ "ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥", ਜੋ ਹਰ ਸਿੱਖ ਰੋਜ ਅਪਣੀ ਅਰਦਾਸ ਵਿਚ ਪੜ੍ਹਦਾ ਹੈ ?

ਕੱਚੀ ਸੋਚ ਵਾਲੇ ਅਤੇ ਗੁਰਬਾਣੀ ਤੋਂ ਟੁੱਟੇ ਸਿੱਖ ਇਨ੍ਹਾਂ ਦੀ ਇਸ ਦਲੀਲ ਤੋਂ ਬਹੁਤ ਛੇਤੀ ਪ੍ਭਾਵਿਤ ਹੋ ਜਾੰਦੇ ਹਨ ਅਤੇ ਇਨ੍ਹਾਂ ਦੀ ਇਸ ਦਲੀਲ ਨੂੰ ਹੀ ਸਹੀ ਮੰਨ ਬਹਿੰਦੇ ਹਨ। ਜਦਕਿ ਬਚਿਤੱਰ ਅਤੇ ਅਸ਼ਲੀਲ ਪੋਥੇ ਦੇ "ਦੁਰਗਾ ਪਾਠ" ਦੀ ਇਹ ਤੁਕ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ।

ਮੌਜੂਦਾ ਕਮੇਟੀ 'ਤੇ ਗਿਲਾ ਕੀ ਕਰਣਾ ਜੋ ਇਹ ਦਲੀਲ ਦੇਂਦੀ ਹੈ। ਅਫਸੋਸ ਤਾਂ ਸਰਨਾਂ ਭਰਾਵਾਂ 'ਤੇ ਬਹੁਤਾ ਆਉਂਦਾ ਹੈ, ਜੋ ਵੋਟਾਂ ਲੈਣ ਲਈ ਇਹ ਦਾਅਵਾ ਕਰਦੇ ਨੇ ਕਿ ਇਹ ਤੁੱਕ ਤਾਂ ਅਸਾਂ ਲਿਖਾਈ ਸੀ। ਸਾਡੇ ਕਾਰਜ ਕਾਲ ਵਿਚ ਲਿੱਖੀ ਗਈ ਸੀ ! ਵਾਹ ! ਸਰਨਾ ਸਾਹਿਬ ਵਾਹ ! ਲਗਦਾ ਹੈ ਭਾਈ ਤਰਸੇਮ ਸਿੰਘ ਵਰਗਾ ਗੁਰਮਤ ਦਾ ਧਾਰਣੀ ਸਿੱਖ ਵੀ ਤੁਹਾਡੀ ਸਿਆਸੀ ਕਾਰ ਦਾ ਸਟਿਅਰਿੰਗ ਬਣ ਕੇ ਰਹਿ ਗਿਆ ਹੈ ! ਜਾਂ ਤਾਂ ਤੁਸੀਂ ਉਸ ਕੋਲੋਂ ਗੁਰਮਤਿ ਦੀ ਮਤਿ ਲੈਂਦੇ ਨਹੀਂ, ਜਾਂ ਉਹ ਵੀ ਸਿਆਸਤ ਦੀ ਲਾ ਇਲਾਜ ਬੀਮਾਰੀ ਦਾ ਸ਼ਿਕਾਰ ਹੋ ਚੁਕੇ ਹਨ ?

ਆਪਣੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੋਲੋ ਨਾ ਸਹੀ, ਗੁਰੂ ਗ੍ਰੰਥ ਸਾਹਿਬ ਵਰਗੇ ਸਮਰੱਥ ਗੁਰੂ ਕੋਲੋਂ ਹੀ ਸਲਾਹ ਲੈ ਲੈਣੀ ਸੀ, ਕਿ ਬਚਿੱਤਰੀ ਪੋਥੇ ਦੀ ਇਹ ਤੁੱਕ ਸਿਧਾਂਤਕ ਹੈ ਵੀ ਕਿ ਨਹੀਂ ? ਤੁਸੀਂ ਤਾਂ ਕਹਿੰਦੇ ਨਹੀਂ ਥਕਦੇ ਕਿ "...ਜਿਸ ਡਿਠੇ ਸਭਿ ਦੁਖਿ ਜਾਇ ॥" ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ "ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥" ਸਫਾ 594

ਹੁਣ ਤੁਹਾਡੀ ਅਤੇ ਤੁਹਾਡੇ ਉਸ "ਦੁਰਗਾ ਪਾਠ" ਦੀ ਇਸ ਤੁੱਕ ਦੀ ਗਲ ਮੰਨੀਏ ਕਿ ਅਪਣੇ ਇੱਕੋ ਇੱਕ ਸ਼ਬਦ ਗੁਰੂ ਦਾ ਹੁਕਮ ਮੰਨੀਏ ?

ਉਏ ਚੌਧਰ ਦੇ ਭੁੱਖੇ ਲੋਕੋ ! ਵੋਟਾਂ ਅਤੇ ਕੁਰਸੀ ਦੇ ਲਾਲਚ ਲਈ ਕੌਮ ਨੂੰ ਗੁਮਰਾਹ ਨਾ ਕਰੋ ! ਜਾਣ ਬੁਝ ਕੇ ਬਚਿਤੱਰ ਪੋਥੇ ਦੀ ਇਸ ਗੈਰ ਸਿਧਾਂਤਕ ਅਤੇ ਗੁਰਮਤਿ ਦੇ ਉਲਟ ਤੁੱਕ ਨਾਲ ਸਿੱਖਾਂ ਨੂੰ ਜੋੜਨ ਦੀ ਬਜਾਇ, ਆਪਣੇ ਗੁਰੂ ਦੇ ਇਸ ਹੁਕਮ ਨਾਲ ਜੇੜੋ !

ਸਲੋਕੁ ਮਃ ੩ ॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥ ਅੰਕ ५९४

ਅਗਲੇ ਹੀ ਸ਼ਬਦ ਵਿਚ ਗੁਰੂ ਸਾਹਿਬ ਬਹੁਤ ਕਰੜੇ ਸ਼ਬਦਾਂ ਵਿਚ ਇਹ ਹਲੂਣਾ ਵੀ ਦੇ ਦੇਂਦੇ ਹਨ ਕਿ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਨਾਲ ਹਿੱਤ ਲਾਉਣ ਵਾਲਾ ਸਿੱਖ ਅਨ੍ਹਾਂ ਅਤੇ ਗਵਾਰ ਹੈ। ਜੇਹਾ ਮਨੁਖ ਅਪਣੇ ਗੁਰੂ ਨੂੰ ਵਿਸਾਰ ਕੇ ਕੁਮਤਿ ਨਾਲ ਜੁੜ ਜਾੰਦਾ ਹੈ, ਉਹ ਸਦਾ ਹੀ ਦੁਖਾਂ ਦੀ ਅਗ ਵਿਚ ਸੜਦਾ ਵਰਲਾਪ ਕਰਦਾ ਹੈ । ਸੁੱਖਾਂ ਦੀ ਪ੍ਰਾਪਤੀ ਤਾਂ ,ਉਸੇ ਮਨੁਖ ਨੂੰ ਹੁੰਦੀ ਹੈ ਜੋ ਆਪਣੇ ਗੁਰੂ ਦੀ ਦਿੱਤੀ ਮਤਿ ਤੇ ਚਲਦਾ ਹੈ ।

ਮਃ ੩ ॥
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥ ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥ ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥ ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥ ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ ਅੰਕ ५९४

ਭੁੱਲਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top