Share on Facebook

Main News Page

ਸ਼੍ਰੋਮਣੀ ਕਮੇਟੀ ਨੇ ਵੀ ਚੌਪਈ ਦੇ ਅਰਥ ਕਰਣ ਤੋਂ ਮੰਨੀਂ ਹਾਰ
-: ਇੰਦਰਜੀਤ ਸਿੰਘ, ਕਾਨਪੁਰ

ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜੇੜ੍ਹੀ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਲਈ ਅਖੌਤੀ ਵਿਦਵਾਨਾਂ ਨੂੰ ਲੱਖਾਂ ਕਰੋੜਾਂ ਰੁਪਈਏ ਗੁਰੂ ਦੀ ਗੋਲਕ ਵਿੱਚੋਂ ਤਨਖਾਹ ਵੰਡ ਦਿੰਦੀ ਹੈ। ਉਸ ਕੋਲ ਇਕ ਵੀ ਐਸਾ ਵਿਦਵਾਨ ਨਹੀਂ ਹੈ, ਜੇੜ੍ਹਾ "ਸੋਦਰੁ " ਦੀ ਪਵਿੱਤਰ ਬਾਣੀ ਵਿੱਚ ਜਬਰਦਸਤੀ ਵਾੜੀ ਗਈ "ਕਬਿਉ ਬਾਚ ਬੇਨਤੀ ਚੌਪਈ" ਦੇ ਅਰਥ ਕਰ ਸਕੇ ?

ਅੱਜ ਮਿਤੀ 05 ਜੂਨ 2017 ਨੂੰ ਦਰਬਾਰ ਸਾਹਿਬ ਤੋਂ ਲਾਈਵ ਟੈਲੀਕਾਸਟ ਵੇਖਦਿਆਂ ਬੜੀ ਹੀ ਹੈਰਾਨਗੀ ਵਾਲੀ ਗੱਲ ਸਾਮ੍ਹਣੇ ਆਈ। ਸੋਦਰੁ ਦਾ ਪਾਠ ਹੋ ਰਿਹਾ ਸੀ ਅਤੇ ਹੇਠਾਂ ਸੋਦਰੁ ਦੀ ਬਾਣੀ ਦੇ ਅਰਥ ਲਿਖੇ ਹੋਏ ਆ ਰਹੇ ਸੀ । ਲੇਕਿਨ ਜਿਵੇਂ ਹੀ ਸੋਦਰੁ ਵਿੱਚ ਗੁਰਮਤਿ ਦੇ ਖਿਲਾਫ ਘੁਸੇੜੀ ਗਈ ਬਚਿੱਤਰ ਨਾਟਕ ਦੀ ਕੱਚੀ ਰਚਨਾਂ, ਚੌਪਈ ਦਾ ਪਾਠ ਸ਼ੁਰੂ ਹੋਇਆ, ਹੇਠਾਂ ਦਿੱਤੇ ਜਾ ਰਹੇ ਅਰਥ ਵੀ ਆਉਣੇ ਬੰਦ ਹੋ ਗਏ । (ਨਾਲ ਦਿੱਤੀ ਵੀਡੀਉ ਵਿੱਚ ਵੇਖੋ ਜੀ)

ਇਸ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਜਿਸ ਚੌਪਈ ਦੇ ਅਰਥ ਪ੍ਰੋਫੇਸਰ ਸਾਹਿਬ ਸਿੰਘ ਜੀ ਨੇ ਵੀ ਕਰਣ ਤੋਂ ਪਾਸਾ ਵਟਿਆ ਅਤੇ ਕਈ ਵੈਬਸਾਈਟਾਂ ਵੀ ਅੱਜ ਤਕ ਚੌਪਈ ਦਾ ਅਨੁਵਾਦ ਨਹੀਂ ਕਰ ਸਕੀਆਂ। ਉਸ ਦਾ ਅਨੁਵਾਦ ਸ਼੍ਰੋਮਣੀ ਕਮੇਟੀ ਨੇ ਕੀ ਕਰਣਾਂ ਸੀ ? ਸ਼੍ਰੋਮਣੀ ਕਮੇਟੀ ਕੋਲ ਵੀ ਇਹੋ ਜਹਿਆ ਕੋਈ ਵਿਦਵਾਨ ਮੌਜੂਦ ਨਹੀਂ ਜੋ "ਕਵੀਆਂ ਦੀ ਬਾਚੀ ਚੌਪਈ" ਦੇ ਸਹੀ ਅਰਥ ਕਰ ਸਕੇ।

ਸ਼੍ਰੋਮਣੀ ਕਮੇਟੀ ਨੇ ਲਾਈਵ ਟੈਲੀਕਾਸਟ ਵਿੱਚ ਗੁਰਬਾਣੀ ਦੇ ਅਰਥ ਲਿਖਣੇ ਸ਼ੁਰੂ ਕਰਕੇ ਅਪਣੀ ਹਾਲਤ "ਸੱਪ ਦੇ ਮੂੰਹ ਵਿੱਚ ਢੰਸੀ ਹੋਈ ਕੋੜ੍ਹ ਕਿਰਲੀ" ਵਾਲੀ ਕਰ ਲਈ ਹੈ। ਹੁਣ ਜੇ ਇਹ ਅਰਥ ਲਿਖਣੇ ਛੱਡ ਦੇਂਦੇ ਹਨ ਤਾਂ ਇਹ ਸਾਬਿਤ ਹੋ ਜਾਵੇਗਾ ਕਿ ਇਹ ਚੌਪਈ ਦੇ ਸਹੀ ਅਰਥ ਕਰਣ ਤੋਂ ਭੱਜ ਗਏ ਹਨ ਅਤੇ ਇਨ੍ਹਾਂ ਦੀ ਸਮਰੱਥਾ ਹੀ ਨਹੀਂ ਹੈ ਕਿ ਇਹ "ਕਵੀਆਂ ਦੀ ਬਾਚੀ ਚੌਪਈ" ਦੇ ਸਹੀ ਅਰਥ ਕਰ ਸਕਣ, ਅਤੇ ਜੇ ਇਹ ਚੌਪਈ ਦੇ ਸਹੀ ਅਰਥ ਕਰਕੇ ਲਿਖਦੇ ਹਨ ਤਾਂ, ਇਸ ਨਾਲ ਸ਼੍ਰੀ ਅਸਧੁਜ (ਸ਼੍ਰੀ ਅਸਿਧੁਜ ਜਬ ਭਏ ਦਯਾਲਾ), ਮਹਾਕਾਲ (ਮਹਾਕਾਲ ਰਖਵਾਲ ਹਮਾਰੋ॥) ਅਤੇ ਖੜਗਕੇਤੁ (ਖੜਗਕੇਤ ਮੈ ਸ਼ਰਨਿ ਤਿਹਾਰੀ ॥) ਵਰਗੇ ਅਨਮਤਿ ਦੇ ਦੇਵਤਿਆਂ ਦਾ ਸਾਰਾ ਪਾਜ ਖੁਲ ਜਾਣਾ ਹੈ, ਜੋ ਇਸੇ ਰਚਨਾ ਦੀਆਂ ਪਿਛਲੀਆਂ ਪੌੜ੍ਹੀਆਂ ਵਿੱਚ ਇਕ ਦੂਜੇ ਦੇ ਸਿਰ ਵਡ੍ਹ ਰਹੇ ਨੇ। ਜਿਨ੍ਹਾਂ ਕੋਲੋਂ ਸਿੱਖ ਆਪਣੇ ਨਿਤਨੇਮ ਵਿਚ ਲਿਲਕੜੀਆਂ ਲੈ ਲੈ ਕੇ ਅਪਣੀ ਰਖਿਆ ਕਰਣ ਦੀਆਂ ਜੋਦੜੀਆਂ ਕਰੀ ਜਾ ਰਹੇ ਨੇ। ਯੁੱਧ ਲੜਨ ਵਾਲਿਆਂ ਇਨ੍ਹਾਂ ਦੇਹਧਾਰੀ ਦੇਵਤਿਆਂ ਦਾ ਜੇ ਪਾਜ ਖੁਲਣ ਗਿਆ ਤਾਂ ਇਹ ਵਿਚਾਰੇ ਬਚਿੱਤਰੀਏ ਫਿਰ ਇਨ੍ਹਾਂ ਨੂੰ ਅਕਾਲਪੁਰਖ ਲਈ ਵਰਤਿਆਂ ਸ਼ਬਦ ਕਿਸ ਤਰ੍ਹਾਂ ਕਹਿਣਗੇ ?

ਸਾਡੇ ਵਰਗੇ ਸਿੱਖ ਇਨ੍ਹਾਂ ਕੋਲੋਂ ਫਿਰ ਇਹ ਵੀ ਪੁਛਣਗੇ ਕਿ ਉਸ "ਜਗਮਾਤਾ" ਨਾਲ ਸਿੱਖਾਂ ਦਾ ਕੀ ਵਾਸਤਾ ਹੈ, ਜਿਸ ਦੀ ਸਿੱਖਾਂ 'ਤੇ ਕਿਰਪਾ ਹੋ ਰਹੀ ਹੈ ? (ਕ੍ਰਿਪਾ ਕਰੀ ਹਮ ਪਰ ਜਗਮਾਤਾ॥ ) ਤੇ ਜੇ ਇਸ ਜਗਮਾਤਾ ਦਾ ਕੋਈ ਰਿਸ਼ਤਾ ਸਿੱਖਾਂ ਨਾਲ ਹੈ, ਤਾਂ ਫਿਰ ਇਸ ਚੌਪਈ ਵਿਚੋ ਇਸ ਜਗਮਾਤਾ ਵਾਲੀਆਂ ਪਿਛਲੀਆਂ ਚਾਰ ਪੌੜ੍ਹੀਆਂ ਹਟਾ ਕਿਉਂ ਦਿੱਤੀ ਗਈਆਂ ਹਨ ?

ਅਰਥ ਲਿਖਣਾ ਸ਼ੁਰੂ ਕਰਕੇ, ਸ਼੍ਰੋਮਣੀ ਕਮੇਟੀ ਇਕ ਥਾਂ 'ਤੇ ਹੋਰ ਬਹੁਤ ਬੁਰੀ ਤਰ੍ਹਾ ਫਸ ਗਈ ਹੈ। ਲਾਈਵ ਟੈਲੀਕਾਸਟ ਵਿੱਚ "ਕਬਿਉ ਬਾਚ ਬੇਨਤੀ ਚੌਪਈ" ਦੀ ਸ਼ੁਰੂਆਤ 377 ਵੀਂ ਪੌੜ੍ਹੀ ਤੋਂ ਕੀਤੀ ਜਾ ਰਹੀ ਹੈ। ਲੇਕਿਨ ਇਨ੍ਹਾਂ ਦੇ ਛਾਪੇ ਹੋਏ ਨਿਤਨੇਮ ਦੇ ਗੁਟਕਿਆਂ ਵਿੱਚ ਇਸ ਦੀ ਸ਼ੁਰੂਆਤ ਪੌੜ੍ਹੀ ਨੰਬਰ 1 (ਇੱਕ) ਤੋਂ ਹੁੰਦੀ ਹੈ। ਕੌਮ ਨੂੰ ਹੁਣ ਇਹ ਕੀ ਜਵਾਬ ਦੇਣਗੇ ? ਕਿ ਅਸੀਂ ਗੁਟਕੇ ਗਲਤ ਛਾਪਦੇ ਰਹੇ ਹਾਂ ਅਤੇ ਲੋਕਾਂ ਨੂੰ ਕਈ ਦਹਾਕਿਆਂ ਤੋਂ ਗੁੰਮਰਾਹ ਕਰਦੇ ਰਹੇ ਹਾਂ ! ਜਾਂ ਲਾਈਵ ਟੈਲੀਕਾਸਟ ਵਿੱਚ ਚੌਪਈ ਦੇ ਨੰਬਰ ਗਲਤ ਲਿਖ ਰਹੇ ਹਾਂ ! ਮਾਮਲਾ ਬਹੁਤ ਸੰਗੀਨ ਹੈ। ਵੇਖੋ ! ਇਹ ਹੁਣ ਕੀ ਫੈਸਲਾ ਕਰਦੇ ਹਨ ! ਇੰਤਜ਼ਾਰ ਕਰੋ ! ਦੋਹਾਂ ਫੈਸਲਿਆਂ ਵਿੱਚ ਹੁਣ ਇਹ ਇਸ ਗੱਲ ਨੂੰ ਸਾਬਿਤ ਕਰ ਦੇਣਗੇ ਕਿ, ਸੋਦਰੁ  ਦੀ ਨਿਰੋਲ ਬਾਣੀ ਵਿੱਚ ਇਸ ਕੱਚੀ ਬਾਣੀ ਦੀ ਘੁਸਪੈਠ, ਸਿੱਖ ਸਿਧਾਂਤਾਂ ਦਾ ਖੁੱਲਾ ਉਲੰਘਣ ਹੈ, ਜੋ ਸ਼੍ਰੋਮਣੀ ਕਮੇਟੀ ਅਤੇ ਸਕੱਤਰੇਤ ਜੁੰਡਲੀ ਦੀ ਨੱਕ ਹੇਠ ਕਈ ਦਹਾਕਿਆਂ ਤੋਂ ਕੀਤਾ ਜਾ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top