Share on Facebook

Main News Page

"ਸਰਬਲੋਹ" ਕਿਸ ਲੋਹੇ ਨੂੰ ਕਹਿੰਦੇ ਹਨ ?
-: ਇੰਦਰ ਜੀਤ ਸਿੰਘ ਕਾਨਪੁਰ

ਕੁਝ ‘ਸਰਬਲੋਹ’ ਦੇ ‘ਪੁਜਾਰੀ’ ਜਥੇ, ਸਿੱਖਾਂ ਦੀ ‘ਵਿਲਖਣ ਪਹਿਚਾਨ’ ਤੇ ਗੁਰੂ ਗ੍ਰੰਥ ਸਾਹਿਬ ਦੇ ਸਰਵ ਵਿਆਪਕ ਸੱਚੇ ਸਿਧਾਂਤਾਂ ਨੂੰ ਛੁਆ ਛੂਤ ਅਤੇ ਮਨ ਘੜੰਤ ‘ਬ੍ਰਾਹਮਣੀ’ ਕਰਮਕਾੰਡਾ ਦੇ ਨਾਲ ਰਲਗੱਡ ਕਰਕੇ ਸਿੱਖਾਂ ਨੂੰ ਬ੍ਰਾਹਮਣਵਾਦੀ ਸੋਚ ਨਾਲ ਜੋੜ ਰਹੇ ਹਨ। ਉਹ ‘ਸਰਬਲੋਹ’ ਦੇ ਬਾਟੇ, ਬਾਲਟੀਆਂ ਅਤੇ ਕੜੇ ਪਾਉਣ ਲਈ ਸਿੱਖਾਂ ਨੂੰ ਕਹਿੰਦੇ ਤੇ ਉਸ ਨੂੰ ਹੀ ਸੁੱਚਾ ਸਮਝਦੇ ਹਨ। ‘ਸਟੇਨਲੈਸ ਸਟੀਲ’ ਦੇ ਭਾੰਡੇ ਤੇ ਕੜੇ ਪਾਉਣ ਤੋਂ ਪ੍ਰਾਣੀਆਂ ਨੂੰ ਮਨਾ ਕਰਦੇ ਹਨ। ਇਹ ਕਿਹੜੀ ਆਪਹੁਦਰੀ ਮਰਿਆਦਾ ਬਣਾ ਲਈ ਹੈ ਇਨਾਂ ਨੇ। ਬਹੁਤ ਸਾਰੇ ਵੀਰਾਂ ਨੂੰ ਇਸ ‘ਭੇਡ ਚਾਲ’ ਵਿਚ ਚਲਦਿਆਂ ‘ਕੱਚੇ ਲੋਹੇ’ ਦੇ ਕੜੇ ਪਾਏ ਹੋਏ ਵੇਖਦਾ ਹਾਂ, ਜੋ ਉਨਾਂ ਦੇ ਸ਼ਰੀਰ ਅਤੇ ਕਪੜਿਆਂ ਤੇ ਜੰਗ ਦਾ ਨਿਸ਼ਾਨ ਵੀ ਛੱਡ ਰਹੇ ਹੁੰਦੇ ਹਨ ਤੇ ਕੌਮ ਦੀ ‘ਅੰਨ੍ਹੀ ਸ਼ਰਧਾ’ ਤੇ ਤਰਸ ਵੀ ਆਂਉਦਾ ਹੈ।

ਦਾਸ ਨੂੰ ਇੰਟਰ ਮੀਡਿਐਟ ਵਿੱਚ ‘Chemistry’ ਸਬਜੈਕਟ ਵਿਚ ਪੜ੍ਹਿਆ, ‘ਮੈਟਲੇਰਜੀ’ ਦਾ ‘Chapter’ ਯਾਦ ਆਂਉਦਾ ਹੈ ਜਿਸ ਵਿਚ ‘ਆਇਰਨ ਔਰ’ ਤੇ ਲੋਹੇ ਦੀਆਂ ਕਿਸਮਾਂ ਬਾਰੇ ਪੜ੍ਹਾਇਆ ਜਾਂਦਾ ਸੀ। ਦਾਸ ਦੀ ਇਸ ‘ਸਬਜੇਕਟ’ ਵਿਚ ਖਾਸ ਰੁਚੀ ਸੀ। ਬਹੁਤੇ ਵਿਸਤਾਰ ਵਿਚ ਨਾਂ ਜਾਂਦੇ ਹੋਏ ਇਹ ਦਸਣਾ ਚਾਹੁੰਦਾ ਹਾਂ ਕਿ ‘Iron Ore’ ਜੋ ਖਾਂਨਾਂ ਵਿਚੋਂ ਕੱਢਿਆ ਜਾਂਦਾ ਹੈ ਤੇ ਉਹ ਮਿੱਟੀ ਵਰਗਾ ਦਿਸਦਾ ਹੈ। ਉਸ ਨੂੰ ਸ਼ੁਧ ਕਰਕੇ ‘ਕੱਚਾ ਲੋਹਾ’ ਬਣਾਇਆ ਜਾਂਦਾ ਹੈ। ਇਸ ਕੱਚੇ ਲੋਹੇ ਤੋ ਅਗੇ ਕਈ ਪ੍ਰਕਾਰ ਦੇ ਲੋਹੇ ਬਣਾਏ ਜਾਂਦੇ ਹਨ। ਪਾਠਕਾਂ ਨੂੰ ਸੌਖੀ ਭਾਸ਼ਾ ਵਿਚ ਦਸਾਂ ਤੇ ਲੋਹੇ ਦੇ ਕਈ ਪ੍ਰਕਾਰ ਹੂੰਦੇ ਹਨ ਜਿਵੇ- ਕੱਚਾ ਲੋਹਾ, ਪਿਟਵਾਂ ਲੋਹਾ (ਫੋਰਜਡ ਆਇਰਨ), ਇਸਪਾਤ, ਫੌਲਾਦ, ਸਟੇਨ ਲੈਸ ਸਟੀਲ, ਅਲਾਇਜ ਆਦਿਕ ਅਨਗਿਣਤ ਰੂਪ ਵਿਚ ਲੋਹੇ ਦੀਆਂ ਕਿਸਮਾਂ ਹਨ ਜਿਸਨੂੰ ਜਰੂਰਤ ਅਨੁਸਾਰ ਇਸਤੇਮਾਲ ਕੀਤਾ ਜਾਂਦਾ ਹੈ।

‘ਕੱਚਾ ਲੋਹਾ’, ਜਿਸ ਦਾ ਇਸਤੇਮਾਲ ਇਹ ਜਥੇ ਕਰਦੇ ਹਨ ਅਤੇ ਬਹੁਤੇ ਵੀਰ ਇਸ ਕੱਚੇ ਲੋਹੇ ਦੇ ਕੜੇ ਵੀ ਪਾਈ ਫਿਰਦੇ ਹਨ, ਅਗਿਆਨਤਾ ਵਸ ਇਸਨੂੰ ‘ਸਰਬਲੋਹ’ ਕਹਿੰਦੇ ਹਨ, ਉਹ ‘ਸਰਬਲੋਹ’ ਨਹੀਂ ਹੈ। ਵਾਤਾਵਰਣ ਵਿਚ ਮੌਜੂਦ ਆਕਸੀਜਨ ਨਾਲ, ਨਮੀਂ (Moisture) ਦੀ ਮੌਜੂਦਗੀ ਵਿਚ ਕੇਮਿਕਲ ਰਿਐਕਸ਼ਨ ਕਰਕੇ ਇਹ ਅਸਾਨੀ ਨਾਲ ‘ਆਕਸੀ ਡਾਈਜ’ ਹੋ ਜਾਂਦਾ ਹੈ ਤੇ ਪ੍ਰਤੀਕਰਮ ਸਰੂਪ ਉਹ ਜੰਗ ਪਕੜ ਲੈਂਦਾ ਹੈ। ਇਹ ਜੰਗ ਇਕ ਕੈਮੀਕਲ ਹੈ, ਜਿਸਦਾ ਵੈਗਿਆਨਕ ਨਾਮ ‘Red Oxide’ ਹੈ। ਇਹ ਲੋਹਾ ‘ਕੱਚਾ ਲੋਹਾ’ ਵੀ ਕਹਿਲਾਉਂਦਾ ਹੈ ਕਿਉਕੇ ਇਸ ਦੇ ਬਣੇ ਹਥਿਆਰ ਜਾ ਹੋਰ ਔਜਾਰ ਵਿਚ ਕੋਈ ਮਜਬੂਤੀ ਨਹੀਂ ਹੂੰਦੀ ਤੇ ਇਸ ਦੀ ਧਾਰ ਵੀ ਟਿਕਾਊ ਨਹੀਂ ਹੁੰਦੀ। ਘਰਾਂ ਦੇ ਲੈਂਟਰ ਵਿਚ ਪੈਣ ਵਾਲਾ ਸਰੀਆ ਇਸ ਦਾ ਇਕ ਉਦਾਰ੍ਹਣ ਹੈ। ਪਤਾ ਨਹੀਂ ਅਖੰਡ ਜਥੇ ਵਾਲਿਆਂ ਨੂੰ ਇਹ ਸਭ ਕੁੱਝ ਸਮਝ ਆ ਰਿਹਾ ਹੈ ਕਿ ਨਹੀਂ, ਪਰ ਪੜ੍ਹੇ ਲਿਖੇ ਵੀਰ ਇਸ ਵਿਗਯਾਨ ਦੀ ਗਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੋਣਗੇ।

ਇਸ ਕੱਚੇ ਲੋਹੇ ਨੂੰ ਮਸ਼ੀਨਾਂ ਨਾਲ ‘ਹੈਮਰ’ ਕਰਕੇ ‘ਪਿਟਵਾਂ ਲੋਹਾ’ ਜਿਨੂੰ ‘Forged Iron’ ਵੀ ਕਹਿੰਦੇ ਹਨ ਬਣਾਇਆ ਜਾਂਦਾ ਹੈ। ਇਹ ਲੋਹਾ ਮਜਬੂਤ ਤੇ ‘Tempered’ ਹੁੰਦਾ ਹੈ, ਜਿਸ ਨਾਲ ਮਸ਼ੀਨਾਂ ਦੇ ਪੁਰਜੇ ਤੇ ਹਥਿਆਰ ਬਣਾਏ ਜਾਂਦੇ ਹਨ। ਇਹ ਜੰਗ ਤਾਂ ਪਕੜ ਲੈਦਾ ਹੈ ਲੇਕਿਨ ਮਜਬੂਤ ਹੋਣ ਕਰਕੇ ਨਾਂ ਤੇ ਜਲਦੀ ਘਿਸਦਾ ਹੈ ਅਤੇ ਨਾਂ ਹੀ ਇਸ ਦੀ ਧਾਰ ਮਰਦੀ ਹੈ। ਇਸ ਲੋਹੇ ਨਾਲ ਹੀ ਕਿਰਪਾਨਾਂ ਤੇ ਹੋਰ ਸ਼ਸ਼ਤਰ ਵੀ ਬਣਾਏ ਜਾਂਦੇ ਸੀ।

ਬਹੁਤੀ ਕਿਸਮ ਦੇ ਲੋਹੇ ਦੀ ਜਾਨਕਾਰੀ ਦੇਣ ਨਾਲੋ ਮੁੜ ‘ਸਰਬਲੋਹ’ ਦੇ ਮੁਖ ਵਿਸ਼ੇ ਵਲ ਰੁਖ ਕਰਦੇ ਹਾਂ।

ਜੈਸਾ ਕੇ ‘ਸਰਬਲੋਹ’ ਦੇ ਨਾਮ ਤੋਂ ਹੀ ਸਪਸ਼ਟ ਹੈ ਸਰਬ+ਲੋਹ। ਸਰਬ ਮਾਨੇ ਸਾਰੇ (ਸਮੂਹ), ਤੇ ਲੋਹ ਮਾਨੇ ਲੋਹਾ। ਯਾਨੀ ਸਮੂਹ ਲੋਹਿਆਂ ਦਾ ਮਿਸ਼ਰਣ। ਜੋ ਲੋਹਾ ਕਈ ਪ੍ਰਕਾਰ ਦੇ ਲੋਹਿਆਂ ਦਾ ਮਿਸ਼ਰਣ ਹੋਵੇ। ਉਹ ਲੋਹਾ ਹੈ ‘ਸਟੇਨ ਲੈਸ ਸਟੀਲ’। ਇਸ ਵਿਚ ‘ਸਟੇਨ ਲੈਸ ਸਟੀਲ’ ਕਈ ਪ੍ਰਕਾਰ ਦੇ ਲੋਹਿਆਂ ਨੂੰ ਮਿਲਾ ਕੇ ਕੁਝ ਹੋਰ ਧਾਤੂਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਟਿਨ, ਟੰਗਸਟਨ, ਅਲਾਏ ਆਦਿਕ ਦਾ ਇਹ ਮਿਸ਼ਰਣ ਹੁੰਦਾ ਹੈ। ਇਸ ਲੋਹੇ ਦੀ ਖਾਸੀਅਤ ਇਹ ਹੈ ਕੇ ਇਹ ਜੰਗ ਨਹੀਂ ਪਕੜਦਾ ਤੇ ਸਾਫ ਸਫਾਈ (ਹਾਈਜੀਨ) ਵਿਚ ਵੀ ਸੌਖਾ ਹੁੰਦਾ ਹੈ। ਇਸ ਲਈ ਜੇ ਤੁਸੀ ‘ਸਟੈਨਲੈਸ ਸਟੀਲ’ ਦਾ ਕੜਾ ਪਾਇਆ ਹੈ, ਜਾਂ ਭਾਂਡੇ ਇਸਤੇਮਾਲ ਕਰਦੇ ਹੋ ਤੇ ਕੋਈ ਗਲਤ ਨਹੀਂ ਸਗੋਂ ਚੰਗਾ ਹੀ ਕਰ ਰਹੇ ਹੋ। ਕਿਉਂਕਿ ਤੁਸੀਂ ਅਸਲ ‘ਸਰਬਲੋਹ’ ਦਾ ਇਸਤੇਮਾਲ ਕਰ ਰਹੇ ਹੋ ਕੱਚੇ ਲੋਹੇ ਦਾ ਨਹੀਂ।

ਗਲ ਤਾਂ ਕੁਝ ਹੋਰ ਹੀ ਹੈ।

ਕਹਿੰਦੇ ਨੇ ਕੇ ਪੜ੍ਹੇ ਲਿਖੇ ਲੋਕਾਂ ਨੂੰ ਬੇਵਕੂਫ ਬਨਾਉਣਾ ਇਨਾਂ ਸੌਖਾ ਨਹੀਂ ਹੁੰਦਾ, ਜਿਨਾਂ ਸੌਖਾ ਅਨਪੱੜ ਲੋਕਾਂ ਨੂੰ। ਇਸੇ ਕਰਕੇ ਝੁਠੇ ਬਾਬਿਆਂ, ਡੇਰਿਆਂ ਅਤੇ ਹਿੰਦੂ ਵਾਦੀ ਸਿੱਖ ਵਿਰੋਧੀ ਸੰਗਠਨਾਂ ਦਾ ਨਿਸ਼ਾਨਾਂ ਵੀ ਭੋਲੇ ਭਾਲੇ ਸਿੱਖਾਂ ਦਾ ਇਹ ਵਰਗ ਹੀ ਹਮੇਸ਼ਾਂ ਤੋ ਰਿਹਾ ਹੈ। ਅਖੌਤੀ ਦਸਮ ਗ੍ਰੰਥ ਨਾਮ ਦੀ ‘ਕੂੜ ਕਿਤਾਬ’ ਵੀ ਇਸ ਵਰਗ ਲਈ ਹੀ ਤਿਆਰ ਕੀਤੀ ਗਈ ਸੀ। ਇਸ ਗਲ ਦਾ ਇਹ ਪ੍ਰਤੱਖ ਪ੍ਰਮਾਣ ਇਹ ਹੈ ਕੇ ਜਿੰਨੇ ਪੜ੍ਹੇ ਲਿਖੇ ਅਤੇ ਅਧਿਐਨ ਕਰਨ ਵਾਲੇ ਸਿੱਖ ਹਨ ਉਹ ਇਸ ‘ਕੂੜ ਕਿਤਾਬ” ਦੀ ਸੱਚਾਈ ਨੂੰ ਸਮਝਦੇ ਤੇ ਪਹਿਚਾਣਦੇ ਹਨ।

ਦੂਜੇ ਪਾਸੇ ਅਨਪੜ ਅਤੇ ਡਾਂਗਾਂ ਅਤੇ ਗੰਡਾਸੇ ਨਾਲ ਗੱਲ ਕਰਣ ਵਾਲਾ ‘ਸਿੱਖ ਵਰਗ” ਜਿਸਨੇ ਕਦੀ ਦਸਮ ਗ੍ਰੰਥ ਨੂੰ ਪੜ੍ਹਿਆ ਤੱਕ ਨਹੀਂ ਇਸ ਨੂੰ ‘ਗੁਰੂ ਕ੍ਰਿਤ’ ਕਹਿੰਦਾ ਨਹੀਂ ਥੱਕਦਾ। ਇਹ ਹੀ ਕਾਰਣ ਸੀ ਕਿ ਇਨਾਂ ਨੂੰ ਬ੍ਰਾਹਮਣ ਵਾਦੀਆਂ ਨੇ ‘ਸਿੱਖ ਸਿੱਧਾਂਤਾਂ’ ਤੋਂ ਦੂਰ ਕਰਕੇ ਹਮੇਸ਼ਾਂ ਲਈ ਪੱਕਾ ‘ਬ੍ਰਾਹਮਣ’ ਬਣਾ ਦਿੱਤਾ। ਪੰਜਾਬ ਦਾ ਪੇਂਡੂ ਤਬਕਾ, ਸੰਤ ਸਮਾਜੀ, ਟਕਸਾਲੀ ਅਤੇ ਅਖੰਡ ਕੀਰਤਨੀ ਜੱਥੇ, ਬੁੱਢਾ ਦਲ, ਆਦਿਕ ਹੋਰ ਅਨੇਕਾਂ ਦਲ, ਇਸ ਦੇ ਜਿੳਂੁਦੇ ਜਾਗਦੇ ਉਦਾਹਰਣ ਹਨ। ਇਹ ਰੂੜੀ ਵਾਦੀ ਤਬਕਾ ਅੱਖਾਂ ਬੰਦ ਕਰਕੇ ਉਸੇ ਮਾਨਿੰਦ ਤੁਰਦਾ ਰਹਿੰਦਾ ਹੈ ਜਿਵੇਂ ‘ਭੇਡਾਂ ਦੀ ਕਤਾਰ’।

ਦਾਸ ਨੇ ਉਪਰ ‘ਸਰਬਲੋਹ’ ਦੀ ਜੋ ਜਾਨਕਾਰੀ ਪਾਠਕਾਂ ਨੂੰ ਦਿੱਤੀ ਉਹ ਤੇ ਲੋਹੇ ਦੀਆਂ ਕਿਸਮਾਂ ਨਾਲ ਸੰਬੰਧਿਤ ਸੀ ਕੇ ‘ਸਰਬਲੋਹ’ ਕਿਸ ਪ੍ਰਕਾਰ ਦੇ ਲੋਹੇ ਨੂੰ ਵਿਗਿਆਨ ਅਨੁਸਾਰ ਕਹਿਆ ਜਾਂਦਾ ਹੈ।
ਲੇਕਿਨ ਗੱਲ ਤਾਂ ਕੁਝ ਹੋਰ ਹੀ ਹੈ।

‘ਸਰਬਲੋਹ’ ਹਿੰਦੂਆਂ ਦਾ ਇਕ ਦੇਵਤਾ ਹੈ ਇਸ ਨੂੰ ਸਰਬਕਾਲ, ਕਾਲ, ਖੜਗਕੇਤ, ਅਸਿਧੁਜ, ਮਹਾਕਾਲ ੳਤੇ ਮਹਾਲੋਹ ਨਾਮਾਂ ਤੋਂ ਵੀ ਜਾਣਿਆ ਜਾਂਦਾ ਹੈ। ਦਸਮ ਗ੍ਰੰਥ ਦੇ ਕਵੀ ਰਾਮ ਅਤੇ ਸਿਯਾਮ ਦਾ ਈਸ਼ਟ ਵੀ ਇਹ ਦੇਵਤਾ ਹੀ ਹੈ।

ਮਹਾਕਾਲ ਰਖਵਾਰ ਹਮਾਰੋ॥ ਮਹਾਲੋਹ ਹਮ ਕਿੰਕਰ ਥਾਰੋ ॥ (ਅਖੌਤੀ ਦਸਮ ਗ੍ਰੰਥ-ਛੰਦ 435) ਪੰਨਾ ਨੰ. 309

ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ (ਅਖੌਤੀ ਦਸਮ ਗ੍ਰੰਥ-ਪੰਨਾ ਨੰ. 73)

ਖੜਗਕੇਤ ਮੈਂ ਸਰਨਿ ਤਿਹਾਰੀ॥ ਆਪ ਹਾਥ ਦੈ ਲੇਹੁ ਉਬਾਰੀ॥ 401

ਸਰਬਕਾਲ ਜੀ ਦੀ ਰਛਿਆ ਹਮਨੈ॥ ਸਰਬਲੋਹ ਜੀ ਦੀ ਸਦਾ ਰਛਿਆ ਹਮਨੈ॥ (ਪੰਨਾ 11 ਅਖੌਤੀ ਦਸਮ ਗ੍ਰੰਥ)

ਅਖੌਤੀ ਦਸਮ ਗ੍ਰੰਥ ਜਿਸ ਨੂੰ ਪੰਥ ਦੇ ਮਗਰੋਂ ਲਾਹੁਣਾ ਹੀ ਔਖਾ ਹੋਇਆ ਹੈ, ਉਸ ਦਾ ਇਕ ਹੋਰ ‘ਜੋੜੀ ਦਾਰ ਗ੍ਰੰਥ’ ਵੀ ਕੌਮ ਦੇ ਮੱਥੇ ਤੇ ਲੰਮਿਆਂ ਕਿੱਲਾਂ ਨਾਲ ਠੋਕ ਦਿਤਾ ਗਇਆ ਹੈ। ਉਸ ਦਾ ਨਾਮ ਹੈ, ਸ੍ਰੀ ‘ਸਰਬਲੋਹ’ ਗ੍ਰੰਥ ਸਾਹਿਬ ਜੀ। ਪਹਿਲਾਂ ਇਸ ਦਸਮ ਗ੍ਰੰਥ ਨੂੰ ਮਗਰੋਂ ਲਾਹ ਲਵੋ, ਫੇਰ ਇਸ ਗ੍ਰੰਥ ਨਾਲ ਨਿਪਟਿਆ ਜੇ। ਤੁਹਾਡੀਆਂ ਕਈ ਪੁਸ਼ਤਾਂ ਨਿਕਲ ਜਾਣੀਆਂ ਨੇ ਇਸ ਕੰਮ ਵਿੱਚ। ਜੇ ‘ਬ੍ਰਾਹਮਣਵਾਦ’ ਨਾਮ ਦੇ ਖਤਰਨਾਕ ‘ਅਜਗਰ’ ਨੇ ਤੁਹਾਨੂੰ ਜਿਉਂਦਾ ਛੱਡਿਆ ਤਾਂ।

ਇਹ ‘ਸਰਬਲੋਹ’ ਇਨਾਂ ਦੋ ‘ਕੂੜ ਕਿਤਾਬਾਂ’ ਦੀ ਉਪਜ ਹੈ ਨਾਂ ਕੇ ਕਿਸੇ ਲੋਹੇ ਦੀ ਕਿਸਮ। ਇਹ ‘ਦਸਮ ਗ੍ਰੰਥੀਏ’ ਇਸ ‘ਸਰਬਲੋਹ’ ਦੇਵਤੇ ਦੇ ‘ਪੁਜਾਰੀ’ ਹਨ, ਇਨਾਂ ਦਾ ਕੋਈ ਸਰੋਕਾਰ ‘ਸ਼ਬਦ ਗੁਰੂ’ ਦੀ ਸਿੱਖਿਆ ਨਾਲ ਨਹੀਂ। ਇਹ ਤਾਂ ਉਹ ਕਹਿੰਦੇ ਤੇ ਕਰਦੇ ਹਨ ਜੋ ਇਨਾਂ ਦਾ ‘ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ’ ਅਤੇ ‘ਸਰਬਲੋਹ’ ਗ੍ਰੰਥ ਸਾਹਿਬ ਕਹਿੰਦਾ ਹੈ। ਇਸੇ ਕਰਕੇ ‘ਸਰਬਲੋਹ’ ਦੇਵਤੇ ਦੇ ਇਹ ‘ਪੁਜਾਰੀ’ ਜੱਥੇ ‘ਸਰਬਲੋਹ’ ਦੇ ਭਾੰਡੇ ਅਤੇ ਕੜੇ ਵਰਤਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top