Share on Facebook

Main News Page

ਇੰਨਾ ਕਸੂਰ ਇਨ੍ਹਾਂ ਪੰਥ ਦੋਖੀ ਅਨਸਰਾਂ ਦਾ ਨਹੀਂ, ਜਿੰਨ੍ਹਾਂ ਕਸੂਰ ਸਾਡਾ ਆਪਣਾ ਹੈ
-: ਇੰਦਰਜੀਤ ਸਿੰਘ, ਕਾਨਪੁਰ

ਜਦੋਂ ਵੀ ਕੋਈ ਪੰਥ ਦੋਖੀ ਅਨਸਰ ਸਾਡੇ ਗੁਰੂਆਂ ਬਾਰੇ ਜਾਂ ਸਾਡੇ ਪੁਰਖਿਆਂ ਬਾਰੇ ਕੋਈ ਗਲਤ ਬਿਆਨ ਦਿੰਦਾ ਹੈ, ਤਾਂ ਅਸੀਂ ਭੁੜਕ ਡੰਡਿਉ ਪਾਰ ਹੋ ਜਾਂਦੇ ਹਾਂ। ਇੰਝ ਲਗਦਾ ਹੈ ਕਿ ਸਾਡੇ ਤੋਂ ਵੱਡਾ ਪੰਥ ਦਰਦੀ ਸ਼ਾਇਦ ਇਸ ਦੁਨੀਆਂ ਵਿਚ ਕੋਈ ਦੂਜਾ ਨਹੀਂ। ਗਰੀਬ ਗ੍ਰੰਥੀਆਂ ਅਤੇ ਪਾਠੀਆਂ ਉੱਤੇ ਤਸ਼ਦਦ ਕਰਣ ਅਤੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਤੋੜ ਦੇਣ ਵਾਲੀਆਂ ਅਖੌਤੀ ਸਤਕਾਰ ਕਮੇਟੀਆਂ ਉਸ ਵੇਲੇ ਅੰਦਰਲੇ ਖੁੱਡੇ ਜਾ ਵੜਦੀਆ ਨੇ। ਇਕ ਬੋਲ ਵੀ ਇਨ੍ਹਾਂ ਲੋਕਾਂ ਦੇ ਖਿਲਾਫ ਉਨ੍ਹਾਂ ਦੇ ਮੂੰਹੋਂ ਨਹੀਂ ਨਿਕਲਦਾ। ਅਖੌਤੀ ਫੇਡਰੇਸ਼ਨਾਂ ਅਤੇ ਟਕਸਾਲੀਆਂ ਨੂੰ ਜਿਵੇਂ ਸੱਪ ਸੁੰਘ ਜਾਂਦਾ ਹੈ। ਭੰਗ ਖਾਣੇ ਅਤੇ ਨੰਗੀਆਂ ਟੰਗਾਂ ਵਾਲਿਆਂ ਦੇ ਝੁੰਡ, ਪਤਾ ਨਹੀਂ ਕਿੱਥੇ ਅਾਪਣੇ ਦੌਰੀ ਡੰਡੇ ਅਤੇ ਬਰਛੇ ਲੈ ਕੇ ਅਲੋਪ ਹੋ ਜਾਂਦੇ ਹਨ ? ਇਨ੍ਹਾਂ ਵਿਚੋਂ ਨਾਂ ਕੋਈ "ਸਕੱਤਰੇਤ" ਵਿੱਚ ਸ਼ਿਕਾਇਤੀ ਚਿੱਠੀ ਦੇਣ ਜਾਂਦਾ ਹੈ, ਅਤੇ ਨਾਂ ਹੀ ਇਨ੍ਹਾਂ ਲਈ ਕੋਈ ਛਬੀਲਾਂ ਲਾਉਣ ਦੀ ਗਲ ਹੀ ਕਰਦਾ ਹੈ। ਸਾਰੀ ਕੌਮ ਇਕ ਮਜ਼ਾਕ ਬਣ ਕੇ ਰਹਿ ਗਈ ਹੈ । ਸੁੱਤੀ ਅਤੇ ਬੇਹੋਸ਼ ਕੌਮ !

ਧਰਮ ਮਾਫੀਆ ਸਿਆਸਤ ਅਤੇ ਧੰਨ ਦੌਲਤ ਦੀ ਪਾਵਰ ਨੂੰ ਵਰਤ ਕੇ ਸਿੱਖ ਵਿਰੋਧੀ ਤਾਕਤਾਂ ਦਾ ਪੱਖ ਪੂਰ ਰਿਹਾ ਹੈ। ਇਕ ਸਿੱਖ ਥੋੜੇ ਦਿਨ ਇਸ ਬੇਅਦਬੀ ਬਾਰੇ ਰੋਸ਼ ਜਤਾਉਂਦਾ ਹੈ ਫਿਰ ਭੁਲ ਜਾਂਦਾ ਹੈ। ਕੀ ਗੁਰੂਆਂ ਅਤੇ ਪੰਥ ਦੀਆਂ ਸ਼ਖਸ਼ੀਅਤਾਂ ਦੀ ਆਏ ਦਿਨ ਹੋ ਰਹੀ ਬੇਅਦਬੀ ਦਾ ਸਾਡੇ ਕੋਲ ਕੋਈ ਇਲਾਜ ਨਹੀਂ ਹੈ ? ਪੈਸੇ ਦੇ ਬਲ ਤੇ ਉਹ ਧਰਮ ਮਾਫੀਏ ਨੂੰ ਖਰੀਦ ਕੇ ਜੋ ਮਰਜੀ ਕਰੀ ਜਾਣ ? ਜਦੋਂ ਕੁੱਤੀ ਹੀ ਚੋਰ ਨਾਲ ਰਲੀ ਹੋਵੇ ਤਾਂ ਇਨ੍ਹਾਂ ਦੇ ਖਿਲਾਫ ਕਿਸ ਨੇ ਬੋਲਣਾ ਹੈ ? ਗੁਰਬਚਨ ਸਿੰਘ ਤਾਂ ਆਪ ਇਸ ਪੀਪਨੀ ਵਾਲੇ ਦਾ ਪਿੱਠੂ ਹੈ ਅਤੇ ਦੌਲਤ ਦੇ ਲਾਲਚ ਵਿੱਚ ਹਵਾਈ ਜਹਾਜ਼ਾਂ ਦੇ ਸਫਰ ਕਰਕੇ ਥਾਈਲੈਂਡ ਅਪੱੜ ਜਾਂਦਾ ਹੈ ਅਤੇ ਇਸ ਪੀਪਨੀ ਵਾਲੇ ਨੂੰ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬ੍ਰਹਮਗਿਆਨੀ ਸਾਬਿਤ ਕਰਣ ਵਾਲੇ ਬਿਆਨ ਦੇ ਆਂਉਦਾ ਹੈ। ਕੀ ਇਹੋ ਜਹੇ ਹੁੰਦੇ ਨੇ ਬ੍ਰਹਮ ਗਿਆਨੀ ? ਪਟਨੇ ਵਾਲਾ ਇਕਬਾਲ ਚੰਦ ਆਪ ਕਬੂਲਦਾ ਹੈ ਕਿ, "ਪੈਸੇ ਦੀ ਕਿੱਲਤ ਦੀ ਗਲ ਕੀਤੀ ਤਾਂ ਸੰਤ ਬਾਬਾ ਸਤਨਾਮ ਸਿੰਘ, ਰਾਜਾ ਜੋਗੀ ਪੀਪਲੀ ਵਾਲੇ 51 ਲੱਖ ਦਾ ਚੈਕ ਲੈ ਕੇ ਪਰਿਵਾਰ ਸਹਿਤ ਪਟਨੇ ਆ ਗਏ।" ਜਿਨ੍ਹਾਂ ਜੱਫੇਮਾਰਾਂ ਨੂੰ 51 ਲੱਖ ਅਤੇ ਇਕ ਇਕ ਕਰੋੜ ਰੁਪਿਏ ਦੀਆਂ ਭੇਟਾ ਇਨ੍ਹਾਂ ਪੰਥ ਦੋਖੀ ਅਨਸਰਾਂ ਕੋਲੋਂ ਮਿਲਦੀਆਂ ਹੋਣ, ਉਨ੍ਹਾਂ ਦੀ ਜਾਂਚੇ ਤਾਂ ਪੰਥ ਜਾਏ ਢੱਠੇ ਖੂਹ ਵਿੱਚ!

ਹੁਣ ਇਸ ਦਾ ਇਲਾਜ ਕੀ ਹੈ ? ਵੇਲਾ ਹੈ ਇਹ ਸੋਚਣ ਦਾ ! ਲੇਕਿਨ ਸੋਚ ਕੇ ਹੋਵੇਗਾ ਵੀ ਕੀ ? ਸਾਡੀ ਗੱਲ ਅਗੇ ਕਿਸੇ ਨੇ ਮੰਨੀ ਹੈ ? ਜੇੜ੍ਹੀ ਹੁਣ ਮਨ ਲੈਣੀ ਹੈ ! ਆਦਤ ਹੈ ਚੋਰ ਵੇਖ ਕੇ ਭੌਂਕਣ ਦੀ, ਇਸ ਲਈ ਇਸ ਵਿਸ਼ੇ 'ਤੇ ਵੀ ਭੌਕ ਹੀ ਲੈਂਦੇ ਹਾਂ । ਅਸਰ ਹੋਵੇ ਭਾਂਵੇਂ ਨਾਂ ਹੋਵੇ ! ਇਕ ਕਹਾਵਤ ਹੈ ਕਿ ਪਾਪੀ ਨੂੰ ਖਤਮ ਕਰਣ ਨਾਲ ਕਦੀ ਵੀ ਪਾਪ ਖਤਮ ਨਹੀਂ ਹੁੰਦਾ । ਉਸ ਬੁਰਾਈ ਦੀ ਜੱੜ ਨੂੰ ਖਤਮ ਕਰਣਾ ਪਵੇਗਾ । ਲੇਕਿਨ ਬੁਰਾਈ ਦੀ ਉਸ ਜੱੜ ਨੂੰ ਤਾਂ ਸਾਰੀ ਕੌਮ, ਰੋਜ਼ ਖਾਦ ਪਾਣੀ ਦੇ ਦੇ ਕੇ ਸਿੰਝ ਰਹੀ ਹੈ । ਬੁਰਾਈ ਤਾਂ ਦਿਨ ਬ ਦਿਨ ਪੱਲ੍ਹਰ ਰਹੀ ਹੈ । ਆਉ ਗੱਲ ਖੁਲ ਕੇ ਕਰ ਲੈਂਦੇ ਹਾਂ:

ਜੇ ਪੂਰਨ ਸਿੰਘ ਵਰਗਾ ਜਫੇਮਾਰ ਪੰਥ ਦੋਖੀਆਂ ਦਾ ਅਜੈਂਡਾ ਪੂਰਾ ਕਰਣ ਲਈ ਸਤਕਾਰਤ ਗੁਰੂਆਂ ਨੂੰ ਲਵ ਅਤੇ ਕੁਸ਼ ਦੀ ਅੰਸ਼ ਵਿਚੋਂ ਦਸਦਾ ਹੈ। ਭਾਵ ਗੁਰੂ ਸਾਹਿਬਾਨ ਨੂੰ ਸੂਰਜਵੰਸ਼ੀ ਬ੍ਰਾਹਮਣਾਂ ਦੀ ਅੰਸ਼ ਕਹਿੰਦਾ ਹੈ, ਤਾਂ ਅਸੀਂ ਸਾਰੇ ਉਸ ਦੇ ਦੁਆਲੇ ਹੋ ਜਾਂਦੇ ਹਾਂ । ਇਕ ਗਲ ਯਾਦ ਰਖਿਉ ! ਕਿ ਤੁਸੀਂ ਨਾਂ ਤਾਂ ਉਸਨੂੰ ਚੈਲੈਂਜ ਕਰ ਸਕਦੇ ਹੋ, ਅਤੇ ਨਾਂ ਹੀ ਕਿਸੇ ਅਦਾਲਤ ਵਿੱਚ ਹੀ ਘਸੀਟ ਸਕਦੇ ਹੋ ! ਕਿਉਂਕਿ ਉਹ ਤਾਂ ਉਹੀ ਕਹਿੰਦਾ ਹੈ ਜੋ ਤੁਹਾਡੇ ਬਚਿੱਤਰ ਨਾਟਕ (ਅਖੋਤੀ ਦਸਮ ਗ੍ਰੰਥ ) ਵਿਚ ਲਿਖਿਆ ਹੋਇਆ ਹੈ ।

ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥ ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ॥
ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ ॥ ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ॥੫੨॥

ਭੂਜੰਗ ਪ੍ਰਯਾਤ ਛੰਦ ॥
ਅੜਿਲ ॥ ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥ ਤਿਨੈ ਧਰਮ ਕੇ ਕਰਮ ਨੀਕੇ ਚਲਾਏ ॥
ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ ॥ ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥
ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ ॥ ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ ॥
੭॥ ਬਚਿੱਤਰ ਨਾਟਕ ( ਅਖੌਤੀ ਦਸਮ ਗ੍ਰੰਥ ) ਪੰਨਾਂ 52, 53

ਤੁਸੀਂ ਤਾਂ ਆਪ ਇਸ ਨੂੰ "ਦਸਮ ਦੀ ਬਾਣੀ" ਕਹਿੰਦੇ ਹੋ ਅਤੇ ਇਸ ਵਿੱਚ ਲਿਖੀਆਂ ਕੱਚੀਆਂ ਬਾਣੀਆਂ ਨੂੰ ਆਪਣੀ ਅਰਦਾਸ, ਅੰਮ੍ਰਿਤ ਅਤੇ ਨਿਤਨੇਮ ਵਿੱਚ ਪੜ੍ਹਦੇ ਹੋ। ਫਿਰ ਉਸ ਪੂਰਨ ਸਿੰਘ ਦੇ ਮਗਰ ਕਿਉ ਪੈਂਦੇ ਹੋ ? ਪੂਰਨ ਸਿੰਘ ਤਾਂ ਸ਼ਾਇਦ ਅਪਣੇ ਸਵਾਰਥ ਪਿੱਛੇ ਇਸ ਗਲ ਨੂੰ ਕਹਿੰਦਾ ਹੋਣਾ ਹੈ। ਤੁਹਾਨੂੰ ਕਿਸ ਗਲ ਦਾ ਲਾਲਚ ਹੈ ? ਉਸਨੂੰ ਤਾਂ ਸ਼ਾਇਦ ਇਕਬਾਲੇ ਵਾਂਗ ਪੰਜਾਹ ਪੰਜਾਹ ਲੱਖ ਦੇ ਚੈਕ ਮਿਲਦੇ ਹੋਣੇ ਆ, ਤੁਹਾਨੂੰ ਕੀ ਮਿਲਦਾ ਹੈ ?

ਜੇ ਆਸੂਤੋਸ਼ (ਨੂਰ ਮਹਲੀਆਂ) ਇਹ ਕਹਿੰਦਾ ਸੀ ਕਿ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਦੁਰਗਾ ਦੇਵੀ ਨੂੰ ਤਪਸਿਆ ਕਰਕੇ ਉਸਦੀ ਅਰਾਧਨਾਂ ਕੀਤੀ ਅਤੇ ਸ਼ਿਵਾ (ਦੁਰਗਾ ਦੇਵੀ) ਕੋਲੋਂ ਵਰ ਮੰਗਿਆ । ਇਹ ਸੁਣ ਕੇ ਸਿੱਖ ਆਪਣੀ ਜਾਨ ਦੇ ਦੇਣ ਲਈ ਤਿਆਰ ਹੋ ਜਾਂਦੇ ਸਨ। ਉਸਦੇ ਪ੍ਰੋਗ੍ਰਾਮ ਨੂੰ ਰੁਕਵਾਉਣ ਲਈ ਸ਼ਹਾਦਤ ਦਾ ਜਾਮ ਵੀ ਪੀ ਜਾਂਦੇ ਸਨ। ਲੇਕਿਨ ਅਸਲ ਜੜ ਨੂਰ ਮਹਲੀਆਂ ਨਹੀਂ, ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਨਾਮ ਦੀ ਉਹ ਕੂੜ ਕਿਤਾਬ ਹੈ, ਜਿਸਦੇ ਪੰਨਾਂ ਨੰਬਰ 81 ਤੇ ਸਾਫ ਸਾਫ "ਸ਼ਿਵਾ" ਦਾ ਅਰਥ "ਦੁਰਗਾ" ਲਿਖਿਆ ਹੋਇਆ ਹੈ, ਅਤੇ ਤੁਹਾਡਾ ਗੁਰੂ ਤਾਂ ਇਸ ਕੂੜ ਕਿਤਾਬ ਵਿੱਚ ਆਪ ਕਹਿ ਰਿਹਾ ਹੈ ਕਿ:

ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥

ਫਿਰ ਕਿਉਂ ਹੁਣ ਕਲਪਦੇ ਹੋ ?

ਆਖੀ ਜਾਉ ਕਿ ਇਹ ਗ੍ਰੰਥ ਸਾਡੇ ਗੁਰੂ ਦਾ ਲਿਖਿਆ ਹੋਇਆ ਹੈ। ਜਾਉ ਹੁਣ ਉਸਨੂੰ ਫਰਿਜ ਵਿਚੋਂ ਕਡ੍ਹ ਕੇ ਪੁੱਛੋ ਕਿ ਉਹ ਸਹੀ ਕਹਿੰਦਾ ਸੀ ਕਿ ਗਲਤ ? ਬਹੁਤਾ ਕਸੂਰ ਉਸਦਾ ਸੀ, ਕਿ ਇਸ ਕੂੜ ਪੋਥੇ ਨੂੰ "ਦਸਮ ਬਾਣੀ" ਕਹਿੰਣ ਵਾਲਿਆਂ ਦਾ ? ਤੁਸੀਂ ਤਾਂ ਆਪ ਕਹਿੰਦੇ ਹੋ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਹੋਇਆ ਹੈ । ਫਿਰ ਗਲੇ ਗਲੇ ਰੋਂਦੇ ਕਿਉਂ ਹੋ ?

ਇਨ੍ਹਾਂ ਹੀ ਨਹੀਂ ਜਿਸ ਬਚਿੱਤਰ ਨਾਟਕ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਹੋਈ ਉਨ੍ਹਾਂ ਦੀ ਆਤਮ ਕਥਾ ਕਹਿੰਦੇ ਹੋ, ਉਸ ਵਿੱਚ ਤਾਂ ਸਾਫ ਸਾਫ ਲਿਖਿਆ ਹੋਇਆ ਹੈ ਕਿ, ਮੇਰਾ ਪਿਤਾ ਸਰਬ ਕਾਲ ਹੈ ਅਤੇ ਮੇਰੀ ਮਾਤਾ ਕਾਲਕਾ ਦੇਵੀ ਹੈ ॥ ਮੇਰਾ ਗੁਰੂ ਮਨਸਾ ਦੇਵੀ (ਸਰਸਵਤੀ ਦੇਵੀ) ਹੈ, ਜਿਸਨੇ ਮੈਨੂੰ ਸਾਰੀ ਵਿਦਿਆ ਦਿੱਤੀ ਹੈ ॥ ਵਾਹ ਉਏ ਸਿੱਖੋ ! ਵਾਹ ! ਜਿਸ ਸਰਬੰਸਦਾਨੀ ਗੁਰੂ ਦਾ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਵਰਗਾ ਸਿਦਕੀ ਹੋਵੇ, ਉਸ ਕੋਲੋਂ ਅਖਵਾ ਰਹੇ ਹੋ ਕਿ ਉਸਦਾ ਪਿਤਾ ਸਰਬਕਾਲ ਹੈ ? ਜਿਸ ਮਹਾਨ ਗੁਰੂ ਦੀ ਮਾਤਾ ਗੁੱਜਰ ਕੌਰ ਵਰਗੀ ਮਹਾਨ ਹੋਵੇ ਉਸ ਕੋਲੋਂ ਕਾਲਕਾ ਦੇਵੀ ਨੂੰ ਅਪਣੀ ਮਾਂ ਅਖਵਾ ਰਹੇ ਹੋ ? ਜਿਸ ਗੁਰੂ ਦਾ ਸ਼ਬਦ ਗੁਰੂ ਵਰਗਾ ਸਮਰੱਥ ਗੁਰੂ ਹੋਵੇ ਅਤੇ ਉਹ ਆਪਣੇ ਸਿੱਖਾਂ ਨੂੰ ਇਹ ਹੁਕਮ ਕਰਦਾ ਹੋਵੇ ਕਿ "ਗੁਰੂ ਗ੍ਰੰਥ ਜੀ ਮਾਨਉ, ਪ੍ਰਗਟ ਗੁਰਾਂ ਕੀ ਦੇਹ...........। ਉਹ ਮਨਸਾ ਮਾਈ (ਸਰਸਵਤੀ ਦੇਵੀ) ਨੂੰ ਆਪਣਾ ਗੁਰੂ ਕਿਸ ਤਰ੍ਹਾਂ ਕਹਿ ਸਕਦਾ ਹੈ ? ਵਿਸ਼ਵਾਸ਼ ਨਹੀਂ ਹੁੰਦਾ ਨਾਂ ! ਤਾਂ ਆਪ ਪੜ੍ਹ ਕੇ ਵੇਖ ਲਵੋ ।

ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਿਕਾ ਮਾਤ ਹਮਾਰਾ ॥
ਮਨੂਆ ਗੁਰ ਮੁਰਿ ਮਨਸਾ ਮਾਈ ॥ ਜਿਨ ਮੋ ਕੋ ਸੁਭ ਕ੍ਰਿਆ ਪੜ੍ਹਾਈ ॥
੫॥ ਬਚਿੱਤਰ ਨਾਟਕ ਪੰਨਾਂ 73

ਮੇਰੇ ਵੀਰੋ ! ਤੁਹਾਡੇ ਕਲਪਣ, ਕਿੱਲ੍ਹਣ ਨਾਲ ਕੁਝ ਨਹੀਂ ਜੇ ਹੋਣਾਂ ! ਇਨ੍ਹਾਂ ਪੰਥ ਦੋਖੀ ਤਾਕਤਾਂ ਦੇ ਹੱਥ ਵਿਕ ਚੁਕੇ ਅਨਸਰਾਂ ਨੇ ਤਾਂ ਹੱਲੀ ਸ਼ੁਰੂਆਤ ਕੀਤੀ ਹੈ, ਇਨ੍ਹਾਂ ਕੂੜ ਕਿਤਾਬਾਂ ਨੂੰ ਕੋਟ ਕਰਣ ਦੀ... ਹੱਲੀ ਤਾਂ ਇਨ੍ਹਾਂ ਨੇ 404 ਚਰਿਤੱਰਾਂ ਦਾ ਹਵਾਲਾ ਦੇਣਾਂ ਹੈ ਅਤੇ ਤੁਹਾਡੇ ਮਹਾਨ ਗੁਰੂ ਨੂੰ ਵੇਸ਼ਵਾ ਦੇ ਕੋਠੇ ਤੇ ਜਾਣ ਵਾਲਾ ਸਾਬਿਤ ਕਰਣਾ ਹੈ । ਜਿੱਥੇ ਉਹ ਵੇਸ਼ਵਾ ਤੁਹਾਡੇ ਗੁਰੂ ਨੂੰ ਉਸ ਨਾਲ ਸੰਭੋਗ ਕਰਣ ਲਈ ਕਹਿੰਦੀ ਹੈ ਤੇ ਤੁਹਾਡਾ ਗੁਰੂ ਆਪਣਾ ਚੋਲਾ ਅਤੇ ਜੁੱਤੀ ਉਥੇ ਹੀ ਛੱਡ ਕੇ ਭੱਜ ਜਾਂਦਾ ਹੈ (ਪੜ੍ਹੋ ਚਰਿਤ੍ਰ ਨੰਬਰ 21) ਪੰਨਾਂ ਨੰਬਰ 838 ਆਨੰਦਪੁਰ ਜੇੜ੍ਹਾਂ ਜਮਨਾਂ ਨਦੀ ਦੇ ਕੰਡੇ 'ਤੇ ਵਸਿਆ ਹੈ ਉਸਦਾ ਰਾਜਾ ਕੌਣ ਹੈ ? ਸਿੱਖ ਕਿਸਦੇ ਦਰਸ਼ਨਾਂ ਨੂੰ ਉੱਥੇ ਆਉਂਦੇ ਸਨ ? ਇਸਨੂੰ ਦਸਮ ਬਾਣੀ ਕਹਿਣ ਵਾਲੇ ਮੂਰਖੋ ! ਕਿਸ ਤਰ੍ਹਾਂ ਇਸ ਦਾ ਵਿਰੋਧ ਕਰੋਗੇ ਤੁਸੀਂ ? ਇਹ ਤਾਂ ਦਸ ਦਿਉ ?

ਤੀਰ ਸਤੁੱਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਂਉ ॥ ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ ॥3॥
ਤਹਾਂ ਸਿੱਖ ਸਾਖਾ ਬਹੁਤ ਆਵਤ ਮੋਦ ਬਢਾਇ ॥ ਮਨ ਬਾਂਛਤ ਮੁਖਿ ਮਾਂਗ ਬਰ ਜਾਤ ਗ੍ਰਹਿਨ ਸੁਖ ਪਾਇ ॥4॥

ਚਰਿਤ੍ਰ 21 ਪੰਨਾਂ ਨੰਬਰ 838-839-840

ਹਲੀ ਤਾਂ ਇਨ੍ਹਾਂ ਨੇ ਤੁਹਾਡੇ ਮਹਾਨ ਗੁਰੂ ਨੂੰ ਸੂਰਾਂ ਤੇ ਹਿਰਣਾਂ ਦਾ ਸ਼ਿਕਾਰ ਕਰਣ ਵਾਲਾ ਸ਼ਿਕਾਰੀ ਦਸਣਾ ਹੈ । ਹਲੀ ਤਾਂ ਇਨ੍ਹਾਂ ਨੇ ਤੁਹਾਡੇ ਗੁਰੂ ਨੂੰ ਅਪਣੇ ਸਿੱਖਾਂ ਨਾਲ ਧੋਖਾ ਕਰਣ ਵਾਲਾ ਧੋਖੇਬਾਜ ਸਾਬਿਤ ਕਰਨਾ ਹੈ। ਜੋ ਆਪਣੇ ਹੀ ਸਿੱਖਾਂ ਦੀਆਂ ਪੱਗਾਂ ਉਤਾਰ ਕੇ ਵੇਚ ਦਿੰਦਾ ਹੈ ਅਤੇ ਉਨ੍ਹਾਂ ਨੂੰ ਮੂਰਖ ਕਹਿੰਦਾ ਹੈ। ਪੜ੍ਹੋ ਚਰਿਤ੍ਰ ਨੰਬਰ 71 ਪੰਨਾਂ ਨੰਬਰ 901

ਦੋਹਰਾ॥ ਨਗਰ ਪਾਂਵਟਾ ਬਹੁ ਬਸੈ ਸਾਰਮੌਰ ਕੇ ਦੇਸ ॥ ਜਮੁਨਾਂ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ॥1॥
ਤਹਾ ਹਮਾਰੇ ਸਿਖਯ ਸਭ ਅਮਿਤ ਪਹੂੰਚੇ ਆਇ ॥ ਤਿਨੈ ਦੈਨ ਕੋ ਚਾਹਿਯੈ ਜੋਰ ਭਲੋ ਸਿਰਪਾਇ ॥4॥

...............ਦੋਹਰਾ ॥ ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ ॥ ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ ॥8॥

ਚੌਪਈ॥ ਪ੍ਰਾਤ ਲੇਤ ਸਭ ਧੋਇ ਮੰਗਾਈ ॥ ਸਭ ਹੀ ਸਿਖਯਨ ਕੋ ਬੰਧਵਾਈ ॥ ਬਚੀ ਸੁ ਬੇਚਿ ਤੁਰਤੁ ਤਹ ਲਈ ॥ ਬਾਕੀ ਬਚੀ ਸਿਪਾਹਿਨ ਦਈ ॥9॥ ਬਚਿੱਤਰ ਨਾਟਕ ਪੰਨਾ ਨੰਬਰ 901-902

ਸੁੱਤੇ ਹੋਏ ਮੇਰੇ ਬੇਹੋਸ਼ ਵੀਰੋ ! ਹੱਲੀ ਵੀ ਜਾਗ ਜਾਉ ! ਇਹ ਪੰਥ ਦੋਖੀ ਦੇ ਛੱਡੇ ਜਹਿਰੀਲੇ ਸੱਪ ਅਪਣੇ ਫੱਨ ਚੁਕ ਕੇ ਤੁਹਾਨੂੰ ਡੱਸਣ ਲਈ ਸਿੱਖੀ ਦੇ ਵੇੜ੍ਹੇ ਵਿੱਚ ਵੜ ਕੇ ਆਪਣੀਆਂ ਖੁੱਡਾਂ ਬਣਾ ਚੁਕੇ ਹਨ। ਇੰਨਾ ਕਸੂਰ ਇਨ੍ਹਾਂ ਪੰਥ ਦੋਖੀ ਅਨਸਰਾਂ ਦਾ ਨਹੀਂ, ਜਿੰਨ੍ਹਾਂ ਕਸੂਰ ਸਾਡਾ ਆਪਣਾਂ ਹੈ। ਜਿਨ੍ਹਾਂ ਗ੍ਰੰਥਾਂ ਨੂੰ ਤੁਸੀਂ ਗੁਰੂ ਦੀ ਬਾਣੀ, ਗੁਰੂ ਦੀਆਂ ਸਾਖੀਆਂ, ਗੁਰੂ ਦਾ ਲਿਖਿਆ ਇਤਿਹਾਸ ਕਹਿੰਦੇ ਨਹੀਂ ਥਕਦੇ, ਅਸਲ ਵਿੱਚ ਇਹ ਕੂੜ ਕਿਤਾਬਾਂ ਹੀ ਸਿੱਖੀ ਦੇ ਤਾਬੂਤ ਦੀਆਂ ਅਖੀਰਲੀਆਂ ਕਿੱਲਾਂ ਬਣ ਚੁੱਕੀਆਂ ਹਨ। ਇਨ੍ਹਾਂ ਕੂੜ ਕਿਤਾਬਾਂ ਨੂੰ ਪੜ੍ਹੋ ਤੇ ਇਨ੍ਹਾਂ ਨੂੰ ਮੁੰਡ੍ਹੋ ਹੀ ਰੱਦ ਕਰ ਦਿਉ, ਨਹੀਂ ਤਾਂ ਤੁਹਾਨੂੰ ਕੋਈ ਬਚਾ ਨਹੀਂ ਜੇ ਸਕਦਾ। ਸਾਡੀ ਨਾਂ ਮਨੋਂ, ਘੱਟੋ ਘੱਟ ਇਕ ਵਾਰ ਇਨ੍ਹਾਂ ਨੂੰ ਪੜ੍ਹ ਕੇ ਤਾਂ ਵੇਖੋ ਕਿ ਇਨ੍ਹਾਂ ਵਿੱਚ ਲਿਖਿਆ ਕੀ ਹੋਇਆ ਹੈ ? ਇਹ ਗੁਰਬਾਣੀ ਹੈ ਕਿ ਉਹ ਜ਼ਹਿਰ, ਜੋ ਸਿੱਖੀ ਨੂੰ ਮਾਰ ਮੁਕਾਉਣ ਲਈ ਸਾਡੇ ਵੇੜ੍ਹੇ ਵਿੱਚ ਸੁਟਿਆ ਗਿਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top