Share on Facebook

Main News Page

ਅਸੀਂ "ਜਾਪੁ" ਨਹੀਂ ਪੜ੍ਹਦੇ, ਕਿਉਂਕਿ ਇਹ "ਗੁਰਬਾਣੀ "ਨਹੀਂ !
-: ਇੰਦਰਜੀਤ ਸਿੰਘ, ਕਾਨਪੁਰ

ਕੁਝ ਸਜੱਣ ਇਹ ਪੁੱਛ ਰਹੇ ਹਨ ਕਿ "ਜਾਪੁ" ਦਾ ਵਿਰੋਧ ਕਰਨ ਵਾਲਿਆਂ ਵਿੱਚ ਐਨਾ ਹੌਸਲਾ ਕਿੱਥੋਂ ਆਇਆ ? ਪਹਿਲੀ ਗਲ ਤਾਂ ਇਹ ਹੈ ਕਿ ਪਤਾ ਨਹੀਂ ਇਸ ਰਚਨਾਂ ਦਾ ਵਿਰੋਧ ਕੌਣ ਕਰਦਾ ਹੈ ? ਅਸੀਂ ਤਾਂ ਕਦੀ ਕੀਤਾ ਨਹੀਂ ! ਹਾਂ ਅਸੀਂ "ਜਾਪੁ" ਨੂੰ ਨਾਂ ਤਾਂ "ਗੁਰਬਾਣੀ" ਮੰਨਦੇ ਹਾਂ ਅਤੇ ਨਾਂ ਹੀ ਇਸਨੂੰ ਪੜ੍ਹਦੇ ਹਾਂ। ਜਿਹੜਾ ਇਸਨੂੰ ਪੜ੍ਹਦਾ ਹੈ, ਉਸ ਨਾਲ ਨਾ ਕਦੀ ਲੜਨ ਜਾਂਦੇ ਹਾਂ, ਅਤੇ ਨਾ ਹੀ ਉਸਨੂੰ ਮੰਦਾ ਬੋਲ ਬੋਲਦੇ ਹਾਂ।

ਗੁਰਬਾਣੀ ਦਾ ਦਰਜਾ ਤਾਂ ਸਿਰਫ ਗੁਰੂ ਗ੍ੰਥ ਸਾਹਿਬ ਜੀ ਅੰਦਰ ਦਰਜ ਬਾਣੀ ਨੂੰ ਹੀ ਪ੍ਰਾਪਤ ਹੈ, ਜਿਸਨੂੰ ਦਸਮ ਪਿਤਾ ਜੀ ਨੇ ਆਪਣੇ ਹੱਥੀਂ ਦਰਜ ਕਰਕੇ ਗੁਰੂ ਨਾਨਕ ਸਾਹਿਬ ਦਾ ਹੁਕਮ ਦੁਹਰਾਇਆ। ਜਾਪੁ ਨੂੰ ਗੁਰਬਾਣੀ ਨਾ ਮੰਨਣ, ਇਸਨੂੰ ਨਾ ਪੜ੍ਹਨ ਅਤੇ ਇਸਨੂੰ ਅਪਣੇ ਨਿਤਨੇਮ ਦਾ ਹਿੱਸਾ ਨਾ ਬਨਾਉਣ ਦਾ ਹੌਸਲਾ ਅਤੇ ਸਮਝ ਸਾਨੂੰ ਕਰਤਾਰ ਨੇ ਹੀ ਬਖਸ਼ੀ ਹੈ, ਅਤੇ ਇਸਦੇ ਹੇਠ ਲਿਖੇ ਕਈ ਕਾਰਣ ਹਨ।

- ਇਸ ਰਚਨਾਂ 'ਤੇ ਕਿਤੇ ਵੀ "ਮਹਲਾ 10" ਨਹੀਂ ਲਿਖਿਆ ਹੋਇਆ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਅਪਣੇ ਆਪ ਨੂੰ "ਕਿਰਮ ਜੰਤੁ" ਅਤੇ "ਕੂਕਰ " ਸ਼ਬਦਾਂ ਨਾਲ ਸੰਬੋਧਿਤ ਕਰਕੇ "ਮਨ ਨੀਵਾਂ ਮਤਿ ਉੱਚੀ" ਦਾ ਸੰਦੇਸ਼ ਦਿੱਤਾ, ਉਹ ਅਪਣੇ ਆਪ ਨੂੰ "ਪਾਤਸ਼ਾਹ" ਜਾਂ "ਪਾਤਸ਼ਾਹੀ" ਕਹਿ ਕੇ ਆਪਣੇ ਅਹੰਕਾਰੀ ਹੋਂਣ ਦਾ ਪ੍ਰਗਟਾਵਾ ਕਿਸ ਤਰ੍ਹਾਂ ਕਰ ਸਕਦੇ ਸਨ ?

- "ਜਾਪੁ" ਰਚਨਾਂ ਦੇ ਇਕ ਵੀ ਸ਼ਲੋਕ ਦੀ ਸਮਾਪਤੀ ਤੇ "ਨਾਨਕ" ਸ਼ਬਦ ਦੀ ਮੁਹਰ ਨਹੀਂ ਹੈ। ਜਾਪੁ ਦੇ ਇੱਕ ਹੀ ਸ਼ਲੋਕ ਕਿਉਂ, ਪੂਰੇ ਬਚਿੱਤਰ ਨਾਟਕ ਵਿੱਚ ਕਿਤੇ ਵੀ "ਨਾਨਕ" ਸ਼ਬਦ ਦੀ ਮੁਹਰ ਨਹੀਂ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਲਿਕਤਾ ਅਤੇ ਵਿਲੱਖਣਤਾ ਦੀ ਪਛਾਣ ਹੈ। ਇੱਕ ਪਾਸੇ ਤਾਂ ਅਸੀਂ ਸਿੱਖਾਂ ਨੂੰ "ਨਾਨਕ ਨਾਮ ਲੇਵਾ" ਕਹਿ ਕੇ ਸੰਬੋਧਿਤ ਕਰਦੇ ਹਾਂ, ਦੂਜੇ ਪਾਸੇ ਇਸ ਬਚਿੱਤਰੀ ਪੋਥੇ ਵਿੱਚ ਨਾਨਕ ਦਾ ਨਾਮ ਹੀ ਮਿਟਾ ਦਿੱਤਾ ਗਿਆ ਹੈ।

- ਸਾਡਾ ਕਰਤਾਰ ਤਾ ਮਿੱਠ ਬੋਲੜਾ ਹੈ, ਲੇਕਿਨ ਜਾਪੁ ਦਾ ਰਬ ਕਰੂਰ ਕਰਮਾ ਵਾਲਾ ਹੈ ; ਨਮੋ ਕਰੂਰ ਕਰਮੇ ....।

- ਸਾਡਾ ਕਰਤਾਰ ਤਾਂ ਅਗਿਆਨ ਦੇ ਹਨੇਰੇ ਨੂੰ ਕੱਟਣ ਵਾਲਾ ਹੈ, ਜਾਪੁ ਦਾ ਰੱਬ ਤਾਂ ਆਪ ਅੰਧਕਾਰਮਈ ਹੈ । ਨਮੋਂ ਅੰਧਕਾਰੇ......!

- ਜੇ ਇਹ ਰਚਨਾ, ਸਿੱਖਾਂ ਲਈ ਜ਼ਰੂਰੀ ਹੁੰਦੀ ਤਾਂ ਦਸਮ ਪਿਤਾ ਆਪ ਆਪਣੇ ਹਥੀਂ ਇਸਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਪਾ ਦੇਂਦੇ !!! ਕਿਉਂ ਨਹੀਂ ਪਾਈ ?

- ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਹਰ ਬਾਣੀ ਕੱਚੀ ਹੈ। ਇਸਨੂੰ ਕਹਿਣ ਵਾਲਾ ਅਤੇ ਸੁਨਣ ਵਾਲਾ ਆਪ ਵੀ ਕੱਚਾ ਹੈ ।

- ਜਾਪੁ ਰਚਨਾ ਉਸ ਅਸ਼ਲੀਲ ਅਤੇ ਹਿੰਦੂ ਮਿਥਿਹਾਸਕ ਕਹਾਣੀਆਂ ਨਾਲ ਲਿੱਖੇ ਬਚਿਤੱਰ ਨਾਟਕ ਪੋਥੇ ਵਿੱਚ ਦਰਜ ਹੈ, ਜਿਸਦੀ ਕੋਈ ਪ੍ਮਾਣਿਕਤਾ ਹੀ ਨਹੀਂ।

- ਜਾਪੁ ਰਚਨਾ ਉਸ ਪ੍ਰਮਾਣਹੀਨ ਪੋਥੇ ਦਾ ਇਕ ਹਿੱਸਾ ਹੈ, ਜਿਸਨੂੰ ਬਚਿਤੱਰੀਏ "ਦਸਮ ਗ੍ਰੰਥ" ਕਹਿ ਕੇ ਪ੍ਰਚਾਰਦੇ ਹਨ। ਜਦ ਕਿ ਸੱਚਾਈ ਇਹ ਹੈ ਕਿ "ਦਸਮ ਗ੍ਰੰਥ" ਨਾਮ ਦਾ ਕੋਈ ਗ੍ਰੰਥ ਨਾ ਕਦੀ ਲਿਖਿਆ ਗਿਆ ਅਤੇ ਨਾ ਹੀ ਅਜੋਕੇ ਸਮੇਂ ਵਿਚ ਮੌਜੂਦ ਹੈ। ਇਥੋਂ ਤਕ ਕੇ ਜਿਨ੍ਹਾਂ ਦੋ ਤਖਤਾ 'ਤੇ ਜਿੱਥੇ ਗੈਰਸਿਧਾਂਨਤਕ ਤੌਰ 'ਤੇ ਇਸ ਦੀ ਮੰਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਾਈ ਗਈ ਹੈ, ਉਸ ਉਪਰ ਵੀ "ਦਸਮ ਗ੍ਰੰਥ" ਨਾਂ ਦਾ ਕੋਈ ਸਿਰਲੇਖ ਮੌਜੂਦ ਨਹੀਂ ਹੈ।

- ਦਸਮ ਗ੍ਰੰਥ ਅਤੇ ਸ਼੍ਰੀ ਦਸਮ ਗੁਰੂ ਗ੍ਰੰਥ ਨਾਮ ਦਾ ਗ੍ਰੰਥ ਤਾਂ ਅੰਮ੍ਰਿਤਸਰ ਦੇ ਜੀਵਨ ਸਿੰਘ, ਚਤਰ ਸਿੰਘ ਦੇ ਛਾਪੇਖਾਨੇ ਦੀ ਪੈਦਾਇਸ਼ ਹੈ।

ਇਹ ਹੀ ਨਹੀਂ, ਬਹੁਤ ਸਾਰੇ ਹੋਰ ਵੀ ਕਾਰਣ ਹਨ, ਜਿਸਤੋਂ ਇਹ ਸਾਬਿਤ ਹੁੰਦਾ ਹੈ ਕਿ ਜਾਪੁ ਇੱਕ ਰਚਨਾਂ ਹੈ, ਗੁਰਬਾਣੀ ਤਾਂ ਉੱਕਾ ਹੀ ਨਹੀਂ। ਸਾਡਾ ਨਿਤਨੇਮ ਅਤੇ ਸਾਡਾ ਅੰਮ੍ਰਿਤ ਗੁਰਬਾਣੀ ਹੀ ਹੋ ਸਕਦੀ ਹੈ, ਕਿਸੇ ਅਸ਼ਲੀਲ ਅਤੇ ਅਪ੍ਰਮਾਣਿਕ ਪੋਥੇ ਦੀ ਕੋਈ ਰਚਨਾ ਸਾਡਾ ਨਿਤਨੇਮ ਨਹੀਂ ਬਣ ਸਕਦੀ !

ਤੁਸੀਂ ਇਸਨੂੰ ਪੜ੍ਹਦੇ ਰਹੋ, ਸਾਨੂੰ ਕੋਈ ਇਤਰਾਜ ਨਹੀਂ, ਲੇਕਿਨ ਅਸੀਂ ਇਸਨੂੰ ਪੜ੍ਹਿਏ ! ਇਹ ਦਬਾਅ ਪਾਉਣ ਵਾਲੇ ਦੀ ਸਾਨੂੰ ਕੋਈ ਪਰਵਾਹ ਵੀ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top