Share on Facebook

Main News Page

ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਨਾਂ ਕਦੀ ਹੋਇਆ ਹੈ, ਅਤੇ ਨਾਂ ਹੀ ਕਦੀ ਲਿਖਿਆ ਗਿਆ ਹੈ : ਅਤਿੰਦਰਪਾਲ ਸਿੰਘ ਖ਼ਾਲਿਸਤਾਨੀ
-:  ਇੰਦਰਜੀਤ ਸਿੰਘ, ਕਾਨਪੁਰ

ਅੱਜ ਇੰਟਰਨੇਟ ਤੇ ਕੁਝ ਸਰਚ ਕਰਦੇ ਕਰਦੇ ਸਰਦਾਰ ਅਤਿੰਦਰਪਾਲ ਸਿੰਘ  ਜੀ, ਸਾਬਕਾ MP,  ਦਾ ਇਕ ਲੇਖ "ਦਸਮ ਗ੍ਰੰਥ  ਦੀ ਸੱਚਾਈ ਕੀ ਹੈ" ਉਨ੍ਹਾਂ ਦੇ  ਬਲਾਗ 'ਤੇ ਪੜ੍ਹਨ ਨੂੰ ਮਿਲਿਆ ।   ਇਸ ਲੇਖ ਵਿੱਚ ਬਹੁਤ ਕੁਝ ਐਸੇ ਤੱਥ ਅਤੇ ਕੁਝ ਉਨ੍ਹਾਂ ਦੇ ਵਿਚਾਰ  ਹਨ ਜਿਨ੍ਹਾਂ ਨਾਲ ਦਾਸ  ਸਹਿਮਤਿ ਨਹੀਂ ਹੈ ਕਿਉਂਕਿ ਉਹ ਤੱਥ  ਪ੍ਰਮਾਣਿਕ  ਅਤੇ  ਸਿਧਾਂਤਕ ਨਹੀਂ  ਹਨ । ਲੇਕਿਨ  ਅਤਿੰਦਰਪਾਲ ਸਿੰਘ ਜੀ ਨੇ ਇਸ ਲੇਖ  ਲਈ ਬਹੁਤ ਹੀ ਮਹਿਨਤ ਅਤੇ ਅਪਣਾਂ ਕੀਮਤੀ ਸਮਾਂ  ਲਾਅ ਕੇ  ਇਸਨੂੰ  ਤਿਆਰ ਕੀਤਾ ਹੈ । ਕਥਿਤ ਦਸਮ ਗ੍ਰੰਥ (ਬਚਿੱਤਰ ਨਾਟਕ) ਦੀਆਂ ਪੁਰਾਤਨ ਬੀੜਾਂ ਬਾਰੇ ਜਾਨਕਾਰੀ ਹਾਸਿਲ ਕਰਨਾਂ ਅਤੇ  ਉਨ੍ਹਾਂ ਦੀ ਸੰਭਾਲ  ਡਿਜਿਟਲ ਡਾਇਰੀ ਦੇ ਰੂਪ ਵਿੱਚ ਕਰਣਾਂ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ । ਅਖੌਤੀ ਦਸਮ ਗ੍ਰੰਥ ਬਾਰੇ ਖੋਜ ਕਰਦਿਆਂ ਜੋ ਗੱਲਾਂ ਉਨ੍ਹਾਂ ਨੇ ਇਸ ਲੇਖ ਵਿੱਚ ਉਜਾਗਰ ਕੀਤੀਆਂ ਹਨ,  ਉਹ ਪਾਠਕਾਂ ਦੀ ਜਾਨਕਾਰੀ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੀਆਂ  ਹਨ । ਖਾਸ ਕਰਕੇ ਉੱਸ ਸਮੈਂ ਜਦੋਂ ਕਿ ਅਖੌਤੀ ਦਸਮ ਗ੍ਰੰਥ ਦਾ ਮੁੱਦਾ ਕੌਮ ਵਿੱਚ ਇਕ ਵਿਵਾਦ ਦਾ ਰੂਪ ਲੈ ਚੁਕਾ ਹੈ ।

ਦਾਸ ਦਾ ਇਹ ਲੇਖ ਵੀਰ ਅਤਿੰਦਰਪਾਲ ਸਿੰਘ ਜੀ ਦੇ ਲੇਖ ਦੀ ਕੋਈ ਪੜਚੋਲ ਨਹੀਂ ਹੈ, ਜੋ ਇਸ ਦਾ ਬਿਉਰੇ ਵਾਰ ਖੰਡਨ ਜਾਂ ਸਮਰਥਨ ਕੀਤਾ  ਜਾਵੇ । ਦਾਸ ਨੇ ਤਾਂ  ਉਨ੍ਹਾਂ ਦੇ ਇਸ  ਲੇਖ ਵਿੱਚੋਂ ਕੁਝ ਹੀ ਅੰਸ਼ ਲਏ ਹਨ ਕਿਉਂਕਿ ਲੇਖ ਬਹੁਤ  ਹੀ ਲੰਮਾ ਹੈ । ਕਿਸੇ ਦੇ ਮਨ ਵਿੱਚ ਕੋਈ ਇਹ ਸ਼ੰਕਾ ਨਾਂ ਖੜੀ ਹੋ ਜਾਵੇ ਕਿ ਦਾਸ ਨੇ ਅਪਣੇ ਵਿਚਾਰਾਂ ਦੀ ਪ੍ਰੌੜਤਾਂ ਕਰਣ ਲਈ ਇਹ ਅੰਸ਼ ਲਏ ਹਨ,  ਜਾਂ ਕਾਪੀ ਪੇਸਟ ਕਰਦਿਆਂ ਕੋਈ ਰੱਦੋ ਬਦਲ ਕਰ ਦਿੱਤੀ ਹੈ । ਇੱਸੇ ਲਈ ਦਾਸ ਇਸ ਲੇਖ ਦਾ ਲਿੰਕ ਹੇਠਾਂ ਦੇ ਰਿਹਾ ਹੈ, ਜਿਸਤੇ ਜਾ ਕੇ ਕੋਈ ਵੀ ਇਸ ਪੂਰੇ ਲੇਖ ਨੂੰ ਪੜ੍ਹ ਸਕਦਾ ਹੈ ।

ਵੀਰ ਅਤਿੰਦਰ ਪਾਲ ਸਿੰਘ ਜੀ ਨੇ ਇਸ ਲੇਖ  ਦੇ ਸ਼ੁਰੂ ਤੋਂ ਲੈ ਕੇ ਅੰਤ ਤਕ ਕੁਝ  ਤੱਥ  ਬੜੀ ਦ੍ਰਿੜਤਾ ਅਤੇ  ਸਬੂਤਾਂ ਨਾਲ   ਸਵੀਕਾਰ ਕੀਤੇ  ਹਨ। ਇਨ੍ਹਾਂ ਵਿੱਚ ਪ੍ਰਮੁਖ ਰੂਪ ਵਿੱਚ ਇਹ ਤੱਥ ਹੈ  ਕਿ "ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਨਾਂ ਕਦੀ ਹੋਇਆ ਹੈ, ਅਤੇ ਨਾਂ ਹੀ ਕਦੀ ਲਿਖਿਆ ਗਿਆ ਹੈ ।" ਬਹੁਤਾ ਕੁਝ ਅਪਣੇ ਸ਼ਬਦਾਂ ਵਿੱਚ ਨਾਂ ਕਹਿੰਦੇ ਹੋਏ, ਉਨ੍ਹਾਂ ਦੇ ਇਸ ਲੇਖ ਦੇ ਕੁੱਝ ਅੰਸ਼ ਇਥੇ ਕਾਪੀ ਪੇਸਟ ਕਰਕੇ ਆਪ ਜੀ ਦੀ ਜਾਨਕਾਰੀ ਲਈ ਇੱਥੇ ਪਾ ਰਿਹਾ ਹਾਂ ।

ਵੀਰ ਜੀ ਇਸ ਲੇਖ ਦੇ ਸ਼ੁਰੂ ਵਿੱਚ ਹੀ ਕਹਿੰਦੇ ਹਨ  ਕੀ, "ਇਹ ਸੋਚਣ ਵਾਲੀ ਗੱਲ ਨਹੀਂ ਹੈ ਕਿ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਖ਼ਿਲਾਫ਼ ਹੀ ਕਿਉਂ ਹਨ ? ਵਿਵਾਦ ਕਾਹਦਾ ਜਦ ਦਸਮ ਗ੍ਰੰਥ ਨਾਮ ਤੋਂ ਕਿਸੇ ਗ੍ਰੰਥ ਦਾ ਵਜੂਦ ਹੀ ਨਹੀਂ ਹੈ।"

ਇਨ੍ਹਾਂ ਸਤਰਾਂ ਤੋਂ ਬਾਅਦ ਹੀ ਉਹ ਭਾਈ ਮਨੀ ਸਿੰਘ ਵਾਲੀ ਚਿੱਠੀ ਨੂੰ, ਜੋ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਲਿਖੀ ਗਈ ਸੀ ਦਾ ਜਿਕਰ ਕਰਦੇ ਉਹ ਉਸ  ਚਿੱਠੀ ਦੀ ਤਸਵੀਰ ਵੀ  ਛਾਪਦੇ ਹਨ । ਇਸ ਬਾਰੇ ਬਹੁਤ ਕੁਝ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਵਿਵਾਦਿਤ ਚਿੱਠੀ ਬਾਰੇ ਬਹੁਤ ਸਾਰੇ ਵਿੱਦਵਾਨ ਇਸਨੂੰ ਪਹਿਲਾਂ ਹੀ ਨਕਲੀ ਸਾਬਿਤ ਕਰ ਚੁਕੇ ਹਨ। ਇਸਤੋਂ ਬਾਅਦ ਉਹ ਕਿਸੇ "ਸਿੱਖ ਰਾਸ਼ਟ੍ਰੀਯਤਾ" ਅਤੇ "ਸਿੱਖ ਨੇਸ਼ਨ" ਦੀ ਵਿਆਖਿਆ ਕਰਦਿਆਂ, ਨਿਤਨੇਮ ਦੀਆਂ ਬਾਣੀਆਂ ਨੂੰ ਵੀ ਪ੍ਰਮਾਣਿਕ ਸਾਬਿਤ ਕਰਣ ਦੀ ਅਸਫਲ ਕੋਸ਼ਿਸ਼ ਕਰਦੇ ਹਨ ।  ਸਿੱਖ ਰਾਸ਼ਟ੍ਰੀਯਤਾ ਨਾਲ ਨਿਤਨੇਮ ਦੀਆਂ ਬਾਣੀਆਂ ਦਾ ਕੀ ਸੰਬੰਧ ਹੈ  ਇਹ ਨੁਕਤਾ  ਸਾਡੀ ਤੁੱਛ ਬੁੱਧੀ ਵਾਲਿਆਂ ਦੀ ਸਮਝ ਤੋ ਬਾਹਰ ਦਾ ਹੈ ਇਸ ਲਈ ਅਸੀਂ ਇਸ ਵਲ ਕੋਈ ਤਵੱਜੋ ਨਹੀਂ ਦੇ ਸਕੇ ।  ਅਸੀਂ ਉਸ ਮੁੱਖ ਮੁੱਦੇ 'ਤੇ ਆਉਦੇ ਹਾਂ ਜਿਸ ਵਿੱਚ ਉਨ੍ਹਾਂ ਨੇ ਅਪਣੀ ਖੋਜ ਅਨੁਸਾਰ ਇਹ ਸਾਬਿਤ ਕੀਤਾ ਹੈ ਕਿ ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਨਹੀਂ ਹੈ , ਅਤੇ ਨਾਂ ਹੀ ਕਦੀ ਲਿਖਿਆ ਗਿਆ ਹੈ । ਵੀਰ ਅਤਿੰਦਰਪਾਲ ਸਿੰਘ ਜੀ ਲਿਖਦੇ ਹਨ 

"............ਜਿੱਥੋਂ ਤਕ ਵਰਤਮਾਨ ਵਿੱਚ "ਦਸਮ ਗ੍ਰੰਥ” ਦੇ ਨਾਮਕਰਨ ਵਿੱਚ ਸੰਕਲਿਤ ਦਸਵੇਂ ਪਾਤਸ਼ਾਹ ਦੀਆਂ ਰਚਨਾਵਾਂ ਦੇ ਗ੍ਰੰਥ ਦੀ ਜਾਂ ਵੱਢ ਆਕਾਰੀ "ਪੋਥੀ” ਰੂਪੀ ਪੁਸਤਕ ਦੀ ਗੱਲ ਹੈ ਤਾਂ ਇਹ ਗੱਲ ਸਮਝ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਕਿ ਇਹ ਇੱਕ ਸੰਪਾਦਿਤ ਪੋਥੀ ਹੈ । ਕਿਸੇ ਲੇਖਕ ਵੱਲੋਂ ਆਪਣੀਆਂ ਰਚਨਾਵਾਂ ਦਾ ਸੰਕਲਨ ਨਹੀਂ ਹੈ । ਮੇਰੇ ਪਾਸ ਡਿਜ਼ਿਟਲੀ ਸੰਭਾਲਿਆਂ ਅਜਿਹਾ ਬਹੁਤ ਸਾਰਾ ਖ਼ਜ਼ਾਨਾ ਹੈ ਜਿਸ ਦੇ ਅਧਾਰ ਤੇ ਇਹ ਗੱਲ ਸਾਬਤ ਕੀਤੀ ਜਾ ਸਕਦੀ ਹੈ ਕਿ ਤਥਾ ਕਥਿਤ ਦਸਮ ਗ੍ਰੰਥ ਨਾਮ ਦਾ ਕਦੇ ਵੀ ਕੋਈ ਗ੍ਰੰਥ, "ਦਸਮ ਗ੍ਰੰਥ” ਨਾਮ ਤੋਂ ਪੰਥ ਵਿਚ ਰਿਹਾ ਹੀ ਨਹੀਂ ਹੈ। 

ਮੈਂ ਵੰਨਗੀ ਰੂਪ ਵਿੱਚ ਭਾਈ ਮਨੀ ਸਿੰਘ ਜੀ ਸ਼ਹੀਦ ਵਲੋਂ ਸਭ ਤੋਂ ਪਹਿਲਾਂ ਦਸਮ ਪਿਤਾ ਜੀ ਦੀਆਂ ਰਚਨਾਵਾਂ ਦੀ ਸੰਪਾਦਿਤ ਪੋਥੀ ਦੀ ਉਦਾਹਰਣ ਪੇਸ਼ ਕਰਦਾ ਹਾਂ। ਇਸ ਦਾ ਆਰੰਭ ਭਾਈ ਸਾਹਿਬ ਜੀ ਸਤਿਕਾਰ ਵਜੋਂ "ਜਾਪੁ” ਸਾਹਿਬ ਤੋਂ ਹੀ ਕਰਦੇ ਹਨ । "ਜਾਪੁ” ਸਾਹਿਬ ਤੋਂ ਬਾਅਦ ਗ੍ਰੰਥ ਦਾ ਆਰੰਭ ਕਰਦੇ ਹੋਏ ਨਾਮਕਰਨ ਦੇ ਤੌਰ 'ਤੇ "ੴ ਸਤਿਗੁਰ ਪ੍ਰਸਾਦਿ॥ ਅਥਿ ਬਚਿਤ੍ਰ ਨਾਟਕ ਗਿਰੰਥ ਲਿਖਅਤੇ ਤਵਪ੍ਰਸਾਦਿ ਸ੍ਰੀ ਮੁਖ ਵਾਕ ਪਾਤਸ਼ਾਹੀ 10॥” ਜੋ ਇੰਝ ਹੈ: 1892 ਤੋਂ 1975 ਤਕ ਪੰਥ ਵੱਲੋਂ ਲਏ ਗਏ ਨਿਰਨਿਆਂ ਵਿੱਚ ਵੀ ਇਹ ਗੱਲ ਸਵੀਕਾਰ ਕੀਤੀ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਜਦੋਂ ਭਾਈ ਮਨੀ ਸਿੰਘ ਜੀ ਨੇ ਇਕੱਠਾ ਕਰਕੇ ਇੱਕ ਪੋਥੀ ਦੇ ਰੂਪ ਵਿੱਚ ਬੰਨਿਆਂ ਤਾਂ ਇਸ ਦਾ ਕੋਈ ਵੀ ਨਾਮ ਕਰਨ ਨਹੀਂ ਸੀ ਕੀਤਾ ਗਿਆ। ਇਹ ਸਾਹਮਣੇ ਦਿੱਤੀ ਉਸ ਪੋਥੀ ਦੀ ਮੂਲ ਫੋਟੋ ਮੇਰੇ ਮਤ ਨੂੰ ਪਰਮਾਣਿਤ ਕਰਦੀ ਹੈ।

ਸੰਗਰੂਰ ਵਾਲੀ ਪੋਥੀ, ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪਈਆਂ ਪੁਰਾਤਨ ਹੱਥ ਲਿਖਤ ਦਸਮ (?) ਗ੍ਰੰਥ ਰੂਪੀ ਪ੍ਰਚਾਰੇ ਜਾਂਦੇ ਤਥਾ ਕਥਿਤ ਦਸਮ ਗ੍ਰੰਥਾਂ ਨੂੰ ਮੈਂ ਵੇਖਿਆ ਹੈ। ਇਨ੍ਹਾਂ ਦੇ ਤਤਕਰੇ ਵਿਚ ‘ਬਚਿਤ੍ਰ ਨਾਟਕ ਗ੍ਰੰਥ’ ਦਾ ਨਾਮਕਰਨ ਤਾਂ ਹੈ । ਜੋ ‘ਬਚਿਤ੍ਰ ਨਾਟਕ ਰਚਨਾ ਵਿੱਚ ਆਉਂਦੇ ਕਈ ਪ੍ਰਸੰਗਾਂ’ ਕਰਕੇ ਹੈ ਪਰ  ਤਥਾ ਕਥਿਤ "ਦਸਮ ਗ੍ਰੰਥ” ਨਾਮ ਨਹੀਂ ਦਿੱਤਾ ਗਿਆ ਹੈ । ਇੰਝ ਇਹ ਤਿੰਨੋਂ ਮੂਲ ਸ੍ਰੋਤ ਮੇਰੀ ਧਾਰਨਾ ਨੂੰ ਹੀ ਪਰਮਾਣਿਤ ਕਰਦੇ ਹਨ ਕਿ ਦਸਮ ਗ੍ਰੰਥ ਨਾਮ ਕਰਨ ਤੋਂ ਪੰਥ ਵਿੱਚ ਕਦੇ ਵੀ ਕੋਈ ਗ੍ਰੰਥ ਨਹੀਂ ਰਿਹਾ ਹੈ । ਭਾਈ ਮਨੀ ਸਿੰਘ ਜੀ ਵਾਲੀ ਪੋਥੀ ਦਾ ਵੀ ਨਾਮ ਕਰਨ ਵੀ ਦਸਮ ਗ੍ਰੰਥ ਨਹੀਂ ਕੀਤਾ ਗਿਆ ਹੈ।

ਸੰਗਰੂਰ ਵਾਲੀ ਪੋਥੀ, ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪਈਆਂ ਪੁਰਾਤਨ ਹੱਥ ਲਿਖਤ ਦਸਮ (?) ਗ੍ਰੰਥ ਰੂਪੀ ਪ੍ਰਚਾਰੇ ਜਾਂਦੇ ਤਥਾ ਕਥਿਤ ਦਸਮ ਗ੍ਰੰਥਾਂ ਨੂੰ ਮੈਂ ਵੇਖਿਆ ਹੈ। ਇਨ੍ਹਾਂ ਦੇ ਤਤਕਰੇ ਵਿਚ ‘ਬਚਿਤ੍ਰ ਨਾਟਕ ਗ੍ਰੰਥ’ ਦਾ ਨਾਮਕਰਨ ਤਾਂ ਹੈ ਪਰ  ਤਥਾ ਕਥਿਤ "ਦਸਮ ਗ੍ਰੰਥ” ਨਾਮ ਨਹੀਂ ਦਿੱਤਾ ਗਿਆ ਹੈ । ਇੰਝ ਇਹ ਤਿੰਨੋਂ ਮੂਲ ਸ੍ਰੋਤ ਮੇਰੀ ਧਾਰਨਾ ਨੂੰ ਹੀ ਪਰਮਾਣਿਤ ਕਰਦੇ ਹਨ ਕਿ ਦਸਮ ਗ੍ਰੰਥ ਨਾਮ ਕਰਨ ਤੋਂ ਪੰਥ ਵਿੱਚ ਕਦੇ ਵੀ ਕੋਈ ਗ੍ਰੰਥ ਨਹੀਂ ਰਿਹਾ ਹੈ। ਭਾਈ ਮਨੀ ਸਿੰਘ ਜੀ ਵਾਲੀ ਪੋਥੀ ਦਾ ਵੀ ਨਾਮ ਕਰਨ ਵੀ ਦਸਮ ਗ੍ਰੰਥ ਨਹੀਂ ਕੀਤਾ ਗਿਆ ਹੈ।

ਮੈਨੂੰ ਇਕ ਦਸਮ ਗ੍ਰੰਥ ਕਰਕੇ ਮੰਨੀ ਜਾਂਦੀ ਪੋਥੀ ਫੂਲਪੁਰ ਯੂ.ਪੀ. ਵਿੱਚ ਵੀ ਹਾਸਲ ਹੋਈ ਹੈ। ਜਿਸ ਦੀ ਮੈਂ ਡਿਜ਼ੀਟਲ ਸੰਭਾਲ ਕਰ ਲਈ ਹੈ। ਇਹ ਪੋਥੀ ਅੱਜ ਤਕ ਕਿਸੇ ਵੀ ਵਿਦਵਾਨ ਅਤੇ ਪੰਥ ਵੱਲੋਂ ਬਣਾਈਆਂ ਗਈਆਂ ਕਮੇਟੀਆਂ ਦੀ ਨਜ਼ਰੀ ਨਹੀਂ ਸੀ ਪਈ । ਸਾਰੀਆਂ ਹੀ ਮਿਲਦੀਆਂ ਪੋਥੀਆਂ ਵਾਂਗ ਇਸ ਦੀ ਵੀ ਇਹ ਸਮਾਨਤਾ ਹੈ ਕਿ ਇਸ ਪੋਥੀ ਤੇ ਵੀ ਲਿਖਾਰੀ ਨੇ ਕੋਈ ਵੀ ਲਿਖਣ ਦੀ ਤਰੀਕ ਨਹੀਂ ਪਾਈ ਹੈ । ਇਸ ਨਵੀਂ ਲਭਤ ਪੋਥੀ ਵਿੱਚ ਵੀ ਨਾਮਕਰਨ ‘ਬਚਿੱਤ੍ਰ ਨਾਟਕ ਗ੍ਰੰਥ’ ਹੀ ਕੀਤਾ ਗਿਆ ਹੈ। 

ਵੀਰ ਅਤਿੰਦਰਪਾਲ ਸਿੰਘ ਜੀ ਅਪਣੀ ਖੋਜ ਨੂੰ ਹੋਰ ਪ੍ਰੌੜ੍ਹਤਾ ਦੇਣ ਲਈ ਕੁਝ ਕੁ ਹੋਰ ਮਹੱਤਵ ਪੂਰਣ ਤੱਥ ਪੇਸ਼ ਕਰਦਿਆਂ ਲਿਖਦੇ ਹਨ ਕਿ -

".....ਤਖ਼ਤ ਸ੍ਰੀ ਅਬਚਲ ਨਗਰ, ਹਜ਼ੂਰ ਸਾਹਿਬ ਵਾਲੀ ਅਖੌਤੀ ਦਸਮ ਗ੍ਰੰਥ ਦੀ ਪੋਥੀ ਨੂੰ ਵੀ ਮੈਂ ਦੇਖਿਆ ਹੈ । ਉਥੋਂ ਦੇ ਪੁਜਾਰੀਆਂ ਨੇ ਮੈਨੂੰ ਉਸ ਦਾ ਅਧਿਐਨ ਤਾਂ ਨਹੀਂ ਕਰਨ ਦਿੱਤਾ ਪਰ ਤਤਕਰਾ ਦੇਖਣ ਦਿੱਤਾ। ਜੋ ਪੋਥੀ ਉਥੇ ਤਥਾ ਕਥਿਤ ਦਸਮ ਗ੍ਰੰਥ ਦੇ ਤੋਰ ਤੇ ਪਾਲਕੀ ਵਿਚ ਸੁਸ਼ੋਭਿਤ ਕੀਤੀ ਜਾਂਦੀ ਹੈ ਦੇ ਅਰੰਭ ਵਿਚ ਕਿਤੇ ਵੀ ‘ਦਸਮ ਗ੍ਰੰਥ’ ਜਾਂ ‘ਦਸਮ ਪਾਤਸ਼ਾਹ ਦਾ ਸ੍ਰੀ ਗੁਰੂ ਦਸਮ ਗ੍ਰੰਥ’ ਨਹੀਂ ਲਿਖਿਆ ਹੈ। ਤਤਕਰਾ ਬਾਕੀ ਦੀਆਂ ਬੀੜਾਂ ਅਨੁਸਾਰ ਹੀ ਅਰੰਭ ਹੁੰਦਾ ਹੈ ਅਤੇ ਬਚਿਤ੍ਰ ਨਾਟਕ ਗ੍ਰੰਥ ਦੇ ਰੂਪ ਵਿਚ ਇਸ ਨੂੰ ਲਿਖਾਰੀ ਆਪਣੇ ਵਲੋਂ ਲਿਖਿਤ ਕਰਦਾ ਹੈ।ਨਾ ਹੀ ਲਿਖਾਰੀ ਨੇ ਆਪਣਾ ਨਾਮ ਲਿਖਿਆ ਹੈ ਅਤੇ ਨਾ ਹੀ ਲਿਖਣ ਦਾ ਕੋਈ ਵੀ ਸੰਮਤ ਦਰਜ ਕੀਤਾ ਗਿਆ ਹੈ। ਇਸ ਦਾ ਅਰੰਭ ਵੀ ਸਭ ਬੀੜਾਂ ਵਾਂਗ ‘ਜਾਪੁ’ ਬਾਣੀ ਤੋਂ ਹੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ‘ਜਾਪੁ’ ਰਾਹੀਂ ਅਰੰਭਣ ਨਾਲ ਇਹ ਸਮੁੱਚੀ ਪੁਸਤਕ ‘ਗੁਰਬਾਣੀ’ ਦਾ ਗ੍ਰੰਥ ਨਹੀਂ ਬਣ ਜਾਂਦੀ ਤੇ ਨਾਂ ਹੀ "ਗੁਰਬਾਣੀ” ਬਣ ਜਾਂਦੀ ਹੈ। ਨਿਤਨੇਮ ਦੀ ਬਾਣੀ ਜਾਪੁ ਦਾ ਇਸਤੇਮਾਲ ਇਸ ਗ੍ਰੰਥ ਦੀ ਸੰਪਾਦਨ ਕਲਾਂ ਵਿਚ ਬਾਕੀ ਸਭ ਪ੍ਰਾਪਤ ਪੋਥੀਆਂ ਵਾਂਗ ਹੀ ਮੰਗਲਾਚਰਣ ਦੇ ਤੌਰ ਤੇ ਹੈ। ਮੰਗਲਾਚਰਣ ਇਸ ਪੂਰੇ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਖ਼ੁਦ ਦੀ ਰਚਿਤ ਬਾਣੀ ਸਾਬਤ ਨਹੀਂ ਕਰ ਸਕਦਾ। ਇਹ ਤੱਥ ਨਿਰਵਿਵਾਦ ਹੈ।

ਨਿਹੰਗ ਮੁਖੀ ਬਾਬਾ ਸੰਤਾਂ ਸਿੰਘ ਜੀ ਦੇ ਧੜੇ ਪਾਸ ਇਕ ਪੁਰਾਤਨ ਬੀੜ ਹੈ। ਪਰ ਇਸ ਬੀੜ ਨੂੰ ਵੀ ਇਹ ਲੋਕ ‘ਤਥਾ ਕਥਿਤ ਦਸਮ ਗ੍ਰੰਥ’ ਨਹੀਂ ਸਾਬਤ ਕਰ ਸਕਦੇ ਕਿਉਂਕਿ ਇਸ ਦੇ ਅਰੰਭ ਵਿਚ ਵੀ ਕਿਤੇ ਵੀ ਇਸ ਵਿਸ਼ਾਲ ਕਾਏ ਪੁਸਤਕ ਦਾ ਨਾਮ ਕਰਨ ਨਹੀਂ ਕੀਤਾ ਗਿਆ ਹੈ । ਹਾਂ ਅਰੰਭ ਵਿਚ ਕੁਝ ਪੱਤਰੇ ਕੁਲ ਮਿਲਾ ਕੇ ਅੱਠ ਖਾਲੀ ਹਨ । ਹੁਣ ਉਹ ਇਸ ਤੇ ਆਪਣੀ ਗੱਲ ਪੁਗਾਉਣ ਲਈ ਕੁਝ ਲਿਖ ਲੈਣ ਤਾਂ ਪਤਾ ਨਹੀਂ। ਪਰ ਜੋ ਹੁਣ ਇਹ ਲਿਖਣਗੇ ਉਹ ਬਾਕੀ ਸਭ ਪੁਰਾਤਨਤਾ ਨੂੰ ਵੀ ਨਸ਼ਟ ਤੇ ਭ੍ਰਿਸ਼ਟ ਕਰ ਜਾਏਗਾ। ਇਸ ਦੇ ਤਤਕਰੇ ਵਿਚ ‘ਬਚਿਤ੍ਰ ਨਾਟਕ ਗ੍ਰੰਥ’ ਦਾ ਜਿਕਰ ਹੈ। ਤਥਾ ਕਥਿਤ ਦਸਮ ਗ੍ਰੰਥ ਦਾ ਨਹੀਂ। ਇਸ ਲਈ ਇਸ ‘ਦਸਮ ਗ੍ਰੰਥ’ ਨਾਮਕਰਨ ਕਰ ਕੇ ਇਹ ਲੋਕ ਵੀ ਜਿਹੜੀ ਪੁਸਤਕ ਦਾ ਪਰਚਾਰ ਕਰਦੇ ਹਨ ਅਸਲ ਵਿਚ ਉਹ ਬੇ ਨਾਮੀ ਪੁਸਤਕ ਹੈ। ਲਿਖਾਰੀ ਦਾ ਅਤੇ ਲਿਖਣ ਦੀ ਮਿਤੀ ਜਾਂ ਉਤਾਰਾ ਕਰਨ ਦੀ ਮਿਤੀ ਅਥਵਾ ਕਿਸ ਗ੍ਰੰਥ ਤੋਂ ਉਤਾਰਾ ਕੀਤਾ ਗਿਆ ਹੈ ਇਸ ਦਾ ਕੋਈ ਵੀ ਜਿਕਰ ਇਸ ਪੋਥੀ ਵਿੱਚ ਵੀ ਨਹੀਂ ਕੀਤਾ ਗਿਆ ਹੈ। ਹਾਂ, ਤਤਕਰੇ ਵਿਚ ਦਿੱਤੇ ਨਾਮਕਰਨ ਅਨੁਸਾਰ ਇਸ ਨੂੰ ‘ਬਚਿਤ੍ਰ ਨਾਟਕ’ ਤੇ ਹੋਰ ਸਾਹਿਤ ਦਾ ਸੰਪਾਦਿਤ ਗ੍ਰੰਥ ਕਿਹਾ ਜਾ ਸਕਦਾ ਹੈ ਕਿਉਂਕਿ ਤਤਕਰੇ ਵਿਚ ਇੰਜ ਦਰਜ ਹੈ। ਪਰ, ਪੁਸਤਕ ਦੇ ਅਰੰਭ ਵਿਚ ਇਸ ਦਾ ਕੋਈ ਵੀ ਨਾਮਕਰਨ ਨਹੀਂ ਕੀਤਾ ਗਿਆ ਹੈ। ਇਸ ਦੀ ਸੰਪਾਦਨਾਂ ਕਿਸ ਨੇ ਕੀਤੀ ਦਾ ਵੀ ਕੋਈ ਜਿਕਰ ਨਹੀਂ। 

ਪੁਰਾਤਨ ਸਥਾਪਿਤ ਰਵਾਇਤਾਂ ਤੋਂ ਬਿਲਕੁਲ ਵਿਪਰੀਤ ਇਸ ਵਿਚ ਅਜਿਹਾ ਵੀ ਕੋਈ ਹਵਾਲਾ ਨਹੀਂ ਕਿ ਉਹ ਕਿਵੇਂ ਅਤੇ ਕਿਸ ਰਾਹੀਂ ਇਨ੍ਹਾਂ ਦੇ ਜਥੇ ਪਾਸ ਆਈ ਅਤੇ ਅਸਲ ਵਿਚ ਕਿਸ ਨੇ ਉਸ ਦਾ ਕਿਸ ਪੁਸਤਕ ਤੋਂ ਉਤਾਰਾ ਕੀਤਾ। ਅਗਰ ਇਹ ਮੂਲ ਲਿਖਾਰੀ ਦੀ ਪੁਸਤਕ ਹੁੰਦੀ, ਜਾਂ ਸੰਪਾਦਨ ਹੁੰਦੀ ਤਾਂ ਇਸ ਦੇ ਅਰੰਭ ਜਾਂ ਅੰਤ ਵਿਚ ਉਸ ਵਕਤ ਦੀ ਪਰੰਪਰਾ ਮੁਤਾਬਕ ਇਸ ਦਾ ਸਨਿਮਰ ਜ਼ਿਕਰ ਹੁੰਦਾ। ਅਜਿਹਾ ਵੀ ਕੋਈ ਜਿਕਰ ਇਸ ਵਿਚ ਨਹੀਂ ਹੈ। ਇਸ ਲਈ ਅਜਿਹਾ ਕੋਈ ਅਧਾਰ ਨਹੀਂ ਹੈ ਕਿ ਬੁੱਢਾ ਦਲ ਵਾਲੀ ਇਸ ਕਿਤਾਬ ਨੂੰ ਪਰਮਾਣਿਤ ਕਿਤਾਬ ਦਾ ਦਰਜਾ ਦਿੱਤਾ ਜਾ ਸਕੇ। ਜਾਂ ਜਿਵੇਂ ਸਿੱਖ ਪਰੰਪਰਾ ਵਿੱਚ ਗੁਰਬਾਣੀ ਦੀ ਇਕੱਤਰਤਾ ਤੋਂ ਲੈ ਕੇ ਪੰਜਵੀ ਪਾਤਸ਼ਾਹੀ ਤਕ ਸੰਪਾਦਨਾਂ ਤੇ ਫਿਰ ਦਸਮ ਪਿਤਾ ਤਕ ਦਮਦਮੀ ਬੀੜ ਦੀ ਸੰਪੂਰਨਤਾ ਤਕ ਦਾ ਇੱਕ ਸਿਲਸਿਲੇਵਾਰ ਜਿਕਰ ਮਿਲਦਾ ਹੈ; ਉਵੇਂ ਹੀ ਇਸ ਗ੍ਰੰਥ ਦਾ ਵੀ ਅਵੱਸ਼ ਮਿਲਣਾ ਚਾਹੀਦਾ ਸੀ, ਜੋ ਨਹੀਂ ਮਿਲਦਾ ਹੈ ।ਇਹੋ ਹਾਲ ਫ਼ਰੀਦਕੋਟ ਵਾਲੀ ਦਸਮ ਗ੍ਰੰਥ ਦੀ ਪੋਥੀ ਦਾ ਵੀ ਹੈ। ਇਹ ਵੀ ਮੂਲ ਸ੍ਰੋਤ ਵਜੋਂ ਮੰਨੀ ਜਾਂਦੀ ਹੈ, ਪਰ ਨਾਮਰਨ ਦੇ ਤੋਰ ਤੇ ਬੇਨਾਮੀ ਹੀ ਹੈ।

ਫਰੀਦ ਕੋਟ ਵਾਲੀ ਪੋਥੀ 

ਇਨ੍ਹਾਂ ਤਿੰਨਾਂ ਹੀ ਮੂਲ ਸ੍ਰੋਤਾਂ ਵਿਚ ਕਿਸੇ ਇਕ ਗ੍ਰੰਥ ਤੇ ਵੀ "ਗੁਰੂ ਗੋਬਿੰਦ ਸਿੰਘ ਜੀ” ਦੇ ਨਿਸ਼ਾਨ ਨਹੀਂ ਹਨ। ਗੌਰ ਤਲਬ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਹੀ ਗ੍ਰੰਥਾਂ ਵਿਚੋਂ ਕਿਸੇ ਵੀ ਇਕ ਗ੍ਰੰਥ ਤੇ ਇਹ ਵੀ ਕਿਸੇ ਵੀ ਪੰਨੇ ਤੇ ਨਹੀਂ ਲਿਖਿਆ ਮਿਲਦਾ ਕਿ ਇਹ ‘ਦਸਮ ਗ੍ਰੰਥ’ ਹੈ ਜਾਂ ਇਹ ਦਸਮ ਗੁਰੂ ਸਾਹਿਬ ਦੀ ਹੀ ਬਾਣੀ ਹੈ। ਹਾਂ ਇਨ੍ਹਾਂ ਵਿੱਚ ਦਰਜ ਕੁਝ ਰਚਨਾਵਾਂ ਵਿੱਚ ਇਹ ਅਵੱਸ਼ ਦਰਜ ਹੈ "ਸ੍ਰੀ ਮੁਖ ਵਾਕ ਪਾ: 10”, ਪਰ ਇਹ ਸਾਰੀਆਂ ਰਚਨਾਵਾਂ ਵਿੱਚ ਦਰਜ ਨਹੀਂ ਹੈ।

ਪੁਰਾਤਨ ਮੰਨੇ ਜਾਂਦੇ ਗ੍ਰੰਥਾਂ ਵਿਚੋਂ ਇਕ ਗ੍ਰੰਥ ਹੋਤੀ ਮਰਦਾਨ ਵਾਲਾ ਇਹ (ਸੱਜੇ ਹਥਲਾ) ਸਰੂਪ ਵੀ ਹੈ। ਇਸ ਵੰਨਗੀ ਦੇ ਅੱਗੋਂ ਸਭ ਤੋਂ ਜਿਆਦਾ ਉਤਾਰੇ ਹੋਏ ਹਨ। ਇਹ ਪੋਥੀ ਮੂਲ ਗ੍ਰੰਥ ਦੀ ਆਪਣੀ ਵੱਖਰੀ ਮੌਲਿਕਤਾ ਨਹੀਂ ਰੱਖਦੀ ਹੈ। ਇਸ ਗ੍ਰੰਥ ਦੇ ਵੀ ਅਰੰਭ ਵਿਚ ਕੋਈ ਨਾਮ ਕਰਨ ਨਹੀਂ ਹੈ। ਨਾ ਹੀ ਲਿਖਣ ਦੀ ਕੋਈ ਮਿਤੀ ਦਰਜ ਕੀਤੀ ਗਈ ਹੈ। ਲਿਖਾਰੀ ਵੀ ਅਨਾਮ ਹੀ ਹੈ। ਕਿਤੇ ਵੀ ਕਿਸੇ ਵੀ ਪੱਤਰੇ ਤੇ ਅਤੇ ਇਸ ਦੇ ਤਤਕਰੇ ਵਿਚ ਕਿਤੇ ਵੀ "ਦਸਮ ਗ੍ਰੰਥ” ਨਹੀਂ ਲਿਖਿਆ ਮਿਲਦਾ । ਇਹ ਗ੍ਰੰਥ ਹੋਤੀ ਮਰਦਾਨ ਵਾਲੀ ਸੰਤ ਸੰਪ੍ਰਦਾ ਪਾਸ ਕਿਦਾਂ ਆਇਆ ਇਹ ਤਾਂ ਪਤਾ ਹੈ ਪਰ ਕਿੱਥੋਂ ਆਇਆ ਤੇ ਕਿਹੜੇ ਅਸਲ ਗ੍ਰੰਥ ਤੋਂ ਇਸ ਦਾ ਅੱਗੇ ਉਤਾਰਾ ਕੀਤਾ ਗਿਆ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਹ ਸੰਸਥਾ ਕੋਈ ਗੁਰੂ ਵਰੋਸਾਈ ਸੰਸਥਾ ਨਹੀਂ ਹੈ। ਇਸ ਨੇ ਅੰਗਰੇਜ਼ ਸਾਮਰਾਜ ਵੇਲੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਸੀ। ਇਸ ਲਈ ਇਹ ਗ੍ਰੰਥ ਇਨ੍ਹਾਂ ਪਾਸ ਅੰਗਰੇਜ਼ ਸਾਮਰਾਜ ਦੇ ਸਮੇਂ ਕਾਲ ਵਿਚ ਹੀ ਆਇਆ ਹੈ। ਇਸ ਲਈ ਇਸ ਗ੍ਰੰਥ ਦੀ ਪ੍ਰਮਾਣਿਕਤਾ ਵੀ ਸ਼ੱਕੀ ਹੀ ਹੈ ਕਿਉਂਕਿ ਗੁਰੂ ਕਾਲ ਜਾਂ ਯਕਦਮ ਬਾਅਦ ਵਡ ਆਕਾਰੀ ਸੰਪਾਦਿਤ "ਬਚਿਤ੍ਰ ਨਾਟਕ” (ਅਖੌਤੀ ਦਸਮ ਗ੍ਰੰਥ) ਦੀ ਕੋਈ ਵੀ ਹੋਂਦ ਮੌਜੂਦ ਨਹੀਂ ਸੀ। ਹਾਂ ਇਕੱਲੀ ਕਾਵਿ ਰਚਨਾ ‘ਬਚਿਤ੍ਰ ਨਾਟਕ’ ਅਵੱਸ਼ ਲਿਖੀ ਜਾ ਚੁਕੀ ਸੀ।

ਦਮਦਮੀ ਟਕਸਾਲ ਜਿਨ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਕਰ ਕਰਦੀ ਹੈ ਅਤੇ ਆਪਣਾ ਮੁਖੀ ਅਤੇ ਆਰੰਭਕ ਸ੍ਰੋਤ ਦੱਸਦੀ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਾਂ ਖੁਦ ਲਿਖੀ, ਜਿਹੜੀ ਕਿ ਹੁਣ ਨਾ ਹੀ ਦਮਦਮੀ ਟਕਸਾਲ ਪਾਸ ਅਤੇ ਨਾ ਹੀ ਪੰਥ ਪਾਸ ਹੈ। ਪਰ ਬਾਬਾ ਦੀਪ ਸਿੰਘ ਜੀ ਨੇ ਕਦੇ ਵੀ ‘ਦਸਮ ਗ੍ਰੰਥ’ ਨਾਮੀ ਕੋਈ ਵੀ ਤਥਾ ਕਥਿਤ ਗ੍ਰੰਥ ਨਹੀਂ ਲਿਖਿਆ। ਨਾ ਹੀ ਅਜਿਹਾ ਦਮਦਮੀ ਟਕਸਾਲ ਆਪਣੇ ਖੁਦ ਦੇ ਲਿਖੇ ਇਤਿਹਾਸ ਵਿਚ ਖੁਦ ਆਪ ਕੋਈ ਗਵਾਹੀ ਭਰ ਸਕਦੀ ਹੈ।

ਇਹ ਸਨ  ਸਰਦਾਰ ਅਤਿੰਦਰਪਾਲ ਸਿੰਘ ਜੀ ਦੇ ਖੋਜ ਪੂਰਨ ਲੇਖ ਵਿੱਚੋ ਕੁਝ ਮਹੱਤਵ ਪੂਰਣ ਅੰਸ਼ ਜੋ  ਉਨ੍ਹਾਂ  ਦੇ ਹੀ ਸ਼ਬਦਾਂ ਵਿੱਚ ਇਹ  ਸਾਬਿਤ ਕਰਦੇ ਹਨ ਕਿ    

* "......ਇਹ ਸੋਚਣ ਵਾਲੀ ਗੱਲ ਨਹੀਂ ਹੈ ਕਿ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਖ਼ਿਲਾਫ਼ ਹੀ ਕਿਉਂ ਹਨ ? ਵਿਵਾਦ ਕਾਹਦਾ ਜਦ ਦਸਮ ਗ੍ਰੰਥ ਨਾਮ ਤੋਂ ਕਿਸੇ ਗ੍ਰੰਥ ਦਾ ਵਜੂਦ ਹੀ ਨਹੀਂ ਹੈ।"

* "......ਤਥਾ ਕਥਿਤ ਦਸਮ ਗ੍ਰੰਥ ਨਾਮ ਦਾ ਕਦੇ ਵੀ ਕੋਈ ਗ੍ਰੰਥ, "ਦਸਮ ਗ੍ਰੰਥ” ਨਾਮ ਤੋਂ ਪੰਥ ਵਿਚ ਰਿਹਾ ਹੀ ਨਹੀਂ ਹੈ।

* ".....ਇਨ੍ਹਾਂ ਦੇ ਤਤਕਰੇ ਵਿਚ ‘ਬਚਿਤ੍ਰ ਨਾਟਕ ਗ੍ਰੰਥ’ ਦਾ ਨਾਮਕਰਨ ਤਾਂ ਹੈ । ਜੋ ‘ਬਚਿਤ੍ਰ ਨਾਟਕ ਰਚਨਾ ਵਿੱਚ ਆਉਂਦੇ ਕਈ ਪ੍ਰਸੰਗਾਂ’ ਕਰਕੇ ਹੈ ਪਰ  ਤਥਾ ਕਥਿਤ "ਦਸਮ ਗ੍ਰੰਥ” ਨਾਮ ਨਹੀਂ ਦਿੱਤਾ ਗਿਆ ਹੈ ।"

* ".....ਤਖ਼ਤ ਸ੍ਰੀ ਅਬਚਲ ਨਗਰ, ਹਜ਼ੂਰ ਸਾਹਿਬ ਵਾਲੀ ਅਖੌਤੀ ਦਸਮ ਗ੍ਰੰਥ ਦੀ ਪੋਥੀ ਨੂੰ ਵੀ ਮੈਂ ਦੇਖਿਆ ਹੈ । ਉਥੋਂ ਦੇ ਪੁਜਾਰੀਆਂ ਨੇ ਮੈਨੂੰ ਉਸ ਦਾ ਅਧਿਐਨ ਤਾਂ ਨਹੀਂ ਕਰਨ ਦਿੱਤਾ ਪਰ ਤਤਕਰਾ ਦੇਖਣ ਦਿੱਤਾ। ਜੋ ਪੋਥੀ ਉਥੇ ਤਥਾ ਕਥਿਤ ਦਸਮ ਗ੍ਰੰਥ ਦੇ ਤੌਰ 'ਤੇ ਪਾਲਕੀ ਵਿਚ ਸੁਸ਼ੋਭਿਤ ਕੀਤੀ ਜਾਂਦੀ ਹੈ ਦੇ ਅਰੰਭ ਵਿਚ ਕਿਤੇ ਵੀ ‘ਦਸਮ ਗ੍ਰੰਥ’ ਜਾਂ ‘ਦਸਮ ਪਾਤਸ਼ਾਹ ਦਾ ਸ੍ਰੀ ਗੁਰੂ ਦਸਮ ਗ੍ਰੰਥ’ ਨਹੀਂ ਲਿਖਿਆ ਹੈ।"

* "......ਇਸ ਲਈ ਇਸ ‘ਦਸਮ ਗ੍ਰੰਥ’ ਨਾਮਕਰਨ ਕਰ ਕੇ ਇਹ ਲੋਕ ਵੀ ਜਿਹੜੀ ਪੁਸਤਕ ਦਾ ਪਰਚਾਰ ਕਰਦੇ ਹਨ ਅਸਲ ਵਿਚ ਉਹ ਬੇ ਨਾਮੀ ਪੁਸਤਕ ਹੈ। ਲਿਖਾਰੀ ਦਾ ਅਤੇ ਲਿਖਣ ਦੀ ਮਿਤੀ ਜਾਂ ਉਤਾਰਾ ਕਰਨ ਦੀ ਮਿਤੀ ਅਥਵਾ ਕਿਸ ਗ੍ਰੰਥ ਤੋਂ ਉਤਾਰਾ ਕੀਤਾ ਗਿਆ ਹੈ ਇਸ ਦਾ ਕੋਈ ਵੀ ਜਿਕਰ ਇਸ ਪੋਥੀ ਵਿੱਚ ਵੀ ਨਹੀਂ ਕੀਤਾ ਗਿਆ ਹੈ।

Source: http://fwdindia.com/atinderpalsingh/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top