ਭਾਈ
ਜੀਉ ਇੱਕ ਵੀਡੀਓ ਕਲਿੱਪ ਵਿੱਚ ਆਪ ਜੀ ਨੇ ਬਿਲ ਗੇਟਸ ਦੀ ਬੜੀ ਤਾਰੀਫ਼ ਕਰਦੇ ਦੱਸਿਆ
ਕਿ, ‘ਵੇਖੋ ੯੦ ਬਿਲੀਅਨ ਡਾਲਰ ਦਾ ਮਾਲਕ ਆਪਣੇ ਬੱਚਿਆਂ
ਨੂੰ ਸਿਰਫ਼ ੧੦ ਮਿਲਿਅਨ ਡਾਲਰ ਹੀ ਦੇਵੇਗਾ ਤਾਂ ਕਿ ਉਸਦੇ ਬੱਚੇ ਨਿਕੰਮੇ ਨਾ ਬਣਨ ਬਲਕਿ
ਜੁੰਮੇਵਾਰ ਬਣਨ ਅਤੇ ਆਪਣੇ ਪੈਰਾਂ 'ਤੇ ਆਪ ਖੜੇ ਹੋਣ !’
ਭਾਈ ਜੀਉ ਧਿਆਨ ਦਿਉ, ਬਿਲ ਗੇਟਸ ਬਚਿੱਆਂ ਨੂੰ ੧੦ ਮਿਲਿਅਨ ਨਹੀਂ ਦਵੇਗਾ, ਬਲਕਿ ੩੦
ਮਿਲਿਅਨ ਦਵੇਗਾ ! ਯਾਨੀ ਕਿ ਹਰ ਬੱਚੇ ਨੂੰ ੧੦ ਮਿਲਿਅਨ ਦੇ ਹਿਸਾਬ ਨਾਲ ਤਿੰਨ ਬਚਿੱਆਂ
ਨੂੰ ੩੦ ਮਿਲਿਅਨ! ਵੈਸੇ ੩੦ ਮਿਲਿਅਨ ਡਾਲਰ ਵੀ ਘੱਟ ਨਹੀਂ ਹੁੰਦੇ, ਪਰ ਚਲੋ ੯੦
ਬੀਲਿਅਨ ਦੇ ਮੁਕਾਬਲੇ ਤਾਂ ਘੱਟ ਹੀ ਹੈ।
ਗੇਟਸ ਦੀ ਸੋਚ ਚੰਗੀ ਹੈ, ਪਰ ਭਾਈ ਜੀਉ ਆਪ ਜੀ ਅਕਸਰ ਗਲਤ ਤੱਥ ਕਿਉਂ ਪੇਸ਼ ਕਰਦੇ ਹੋ?
ਜਿਵੇਂ ਕਿ ਕਲਿੱਪ ਵਿੱਚ ਆਪ ਜੀ ਨੇ ਬਾਣੀ ਵਿਚ ਦਰਸਾਏ ਰੱਬ ਨੂੰ ਵੀ ਆਪਣੀ ਮਨਮਤਿ
ਨਾਲ ਪੇਸ਼ ਕੀਤਾ ਹੈ।
ਖ਼ੈਰ ਭਾਈ ਜੀਉ, ਸੱਚ ਇਹ ਵੀ ਹੈ ਕਿ ਬਿਲ ਗੇਟਸ ਈਸਾਈ ਹੈ
ਅਤੇ ਰੱਬ 'ਤੇ ਯਕੀਨ ਕਰਨ ਵਾਲਾ ਹੈ। ਈਸਾਈ ਅਕੀਦੇ ਮੁਤਾਬਕ ਉਹ ਯਕੀਨ ਕਰਦਾ ਹੈ ਕਿ
ਕੁਦਰਤ ਦਾ ਇੱਕ ਕਾਦਰ ਹੈ।
ਉਹ ਆਪਣੇ ਬਚਿੱਆਂ ਨੂੰ ਨਿਰੰਤਰ ਕੈਥਲਿਕ ਚਰਚ ਵੀ ਲੈਕੇ ਜਾਉਂਦਾ ਹੈ ਅਤੇ ਮੰਨਦਾ ਹੈ,
ਕਿ ਲੋਕ ਭਲਾਈ ਦੇ ਕੰਮ ਕਰਨ ਦੀ ਪ੍ਰੇਰਨਾ , ਉਸ ਨੂੰ ਆਪਣੇ ਧਾਰਮਕ ਅਕੀਦੇ ਤੋਂ ਮਿਲਦੀ
ਹੈ। ਉਹ ਧਰਮ ਦੇ ਨੈਤਿਕ ਪੱਖ ਨੂੰ ਨਿਹਾਅਤ ਜ਼ਰੂਰੀ ਸਮਝਦਾ ਹੈ ਅਤੇ ਉਸਨੇ ਆਪਣੇ ਬੱਚੇ
ਧਾਰਮਕ ਅਕੀਦੇ ਅਨੁਸਾਰ ਪਾਲੇ ਹਨ।
ਹੁਣ ਭਾਈ ਜੀ ਆਪ ਹੀ ਵੇਖੋ ਕਿ ਕੁਦਰਤ ਨੂੰ ਰਚਣ ਵਾਲੇ ਕਾਦਰ ਵਿਚ ਯਕੀਨ ਕਰਨ ਵਾਲਾ
ਬਿਲ ਗੇਟਸ, ਆਪਣੀ ਬਾਕੀ ਦੌਲਤ ਲੋਕ ਭਲਾਈ ਲਈ ਦੇ ਦੇਵੇਗਾ ਅਤੇ ਤੁਹਾਡੇ ਖ਼ੇਮੇ ਦੀ
ਸੋਚ ਮੁਤਾਬਕ, ਇਹ ਨਹੀਂ ਸੋਚੇਗਾ ਕਿ ਇਹ ਕੰਮ ਤਾਂ ਸਰਕਾਰ ਦੇ ਹਨ !
ਆਪ ਜੀ ਦੇ ਖ਼ੇਮੇ ਨੂੰ ਖ਼ਾਲਸਾ ਏਡ ਵਾਲਾ ਰਵੀ ਸਿੰਘ,
ਪੰਜਾਬ ਦੇ ਹੜਾਂ ਵਿੱਚ ਮਦਦ ਕਰਦਾ ਮਾੜਾ ਲੱਗਾ, ਪਰ ਜਿਸ ਵੇਲੇ ਪਿੱਛਲੇ ਸਾਲ,
ਕੇਰਲ (ਭਾਰਤ) ਵਿਚ ਆਏ ਹੜਾਂ ਵਿਚ ਬਿਲ ਗੇਟਸ ਨੇ ੬੦੦,੦੦੦ ਡਾਲਰ ਦਿੱਤੇ ਤਾਂ ਆਪ ਜੀ
ਦੇ ਖੇਮੇ ਨੇ ਉਸਦੀ ਨਿੰਦਾ ਕਿਉਂ ਨਾ ਕੀਤੀ ਕਿ, ' ਬਿਲ
ਗੇਟਸ ਸਰਕਾਰੀ ਜਿੰਮੇਵਾਰੀ ਕਿਉਂ ਚੱਕ ਰਿਹਾ ?'
ਭਾਈ ਤੁਸੀ ਤਾਂ ਕਹਿੰਦੇ ' ਕੁਦਰਤ
ਦਾ ਕਾਦਰ ' ਪੁਜਾਰੀ ਦਾ ਛੱਡਿਆ ਅਜਿਹਾ ਸ਼ੋਸ਼ਾ ਹੈ ਜਿਸ ਵਿਚ ਯਕੀਨ ਬੰਦੇ ਦਾ ਬੇੜਾ
ਗ਼ਰਕ ਕਰਦਾ ਹੈ। ਤਾਂ ਫਿਰ ਇਹ ਦੱਸੋ ਕਿ ਪੁਜਾਰੀ
ਦੇ ਸ਼ੋਸ਼ੇ 'ਤੇ ਯਕੀਨ ਕਰਨ ਵਾਲਾ ਬਿਲ ਗੇਟਸ ਕਿਵੇਂ ਚੰਗਾ ਹੋ ਗਿਆ ਕਿ ਆਪ ਜੀ ਨੇ ਉਸ
ਦੀ ਵੱਡੀਆਈ ਵਿੱਚ ਕਲਿੱਪ ਕੱਡ ਮਾਰਿਆ? ਭਾਈ ਜੀ
ਕੁਦਰਤ ਦੇ ਕਾਦਰ ਵਿਚ ਯਕੀਨ ਕਾਰਣ ਬਿਲ ਗੇਟਸ ਦਾ ਬੇੜਾ ਕਿਉਂ ਨਾ ਗ਼ਰਕ ਹੋਇਆ ?
ਭਾਈ ਜੀਉ, ਆਪ ਜੀ ਦੀ Theory ਥਯੂਰੀ ਮੁਤਾਬਕ, ਕੀ ਉਹ ਬਚਿੱਆਂ ਨੂੰ ਚਰਚ ਲੈ ਜਾ ਕੇ
ਬਚਿੱਆਂ ਦਾ ਵੀ ਬੇੜਾ ਗ਼ਰਕ ਨਹੀਂ ਕਰ ਰਿਹਾ ? ਬੇਨਤੀ ਹੈ ਭਾਈ ਜੀ ਪਹਿਲਾਂ ਆਪਣੇ
'Factual' ਅਤੇ 'ਵਿਚਾਰਕ' ਵਿਰੋਧਾਭਾਸਾਂ ਨੂੰ ਸਪਸ਼ਟ ਕਰੋ ਜੀ !
ਇਹ ਵੀ ਬੇਨਤੀ ਹੈ ਕਿ ਮੇਰੀ ਸਵਾਲਨੁਮਾਂ ਜਿਗਿਆਸਾ ਨੂੰ ਸਕਾਰਾਤਮਕ ਅਤੇ ਚੰਗੇ ਸੰਵਾਦ
ਰੇ ਰੂਪ ਵਿੱਚ ਲਿਆ ਜਾਏ !
ਹਰਦੇਵ ਸਿੰਘ-੦੨.੧੦.੨੦੧੯(ਜੰਮੂ)