Share on Facebook

Main News Page

⚠️ ਬਾਬਾ ਹੋਰੁ ਖਾਣਾ ਖੁਸੀ ਖੁਆਰੁ॥⚕️
-: ਗੁਰਦੇਵ ਸਿੰਘ ਸੱਧੇਵਾਲੀਆ
23.04.2026
#KhalsaNews #GurdevSingh #sadhewalia #eating #habits #obesity

ਸਿਰੀਰਾਗੁ ਮਹਲਾ 1॥ ਪੰਨਾਂ 16
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥1॥ਰਹਾਉ॥

👉 #ਹੋਰੁ ਦਾ ਮਤਲਬ: ਲੋੜ ਤੋਂ ਵੱਧ ਖਾਣਾ, ਬਿਨਾਂ ਭੁੱਖ ਤੋਂ ਖਾਣਾ

🍔🍕🍟ਖਾਣਾ, ਖਾਣਾ, ਖਾਣਾ, ਹਰ ਵੇਲੇ ਖਾਣਾ, ਖਾਈ ਜਾਣਾ, ਢਿੱਡ ਤੂੜ ਕੇ ਖਾਣਾ, ਬਿਨਾ ਭੁਖ ਤੋਂ ਖਾਣਾ, ਜੋ ਆ ਗਿਆ ਖਾਣਾ। ਜੰਕ, ਕੂੜਾ, ਫਾਸਟ ਫੂਡ, ਭਾਰਾ, ਤਲਿਆ ਗਲਿਆ ਸਭ ਖਾਣਾ। ਹੁਣੇ ਖਾ ਕੇ ਹੱਟਣਾ, ਅਗਲਾ ਖਾਣ ਲਈ ਫਿਰ ਸਿਰ ਖਾਣਾ। ਯਾਣੀ ਖਾਣਾ ਈ ਖਾਣਾ।

📛 ਇਹ ਮੇਰਾ ਖੁਦ ਉਪਰ ਜ਼ੁਲਮ, ਖੁਦ ਨਾਲ ਧੱਕਾ, ਖੁਦ ਨਾਲ ਬੇਵਫਾਈ। ਮੈ ਖੁਦ ਦਾ ਹੀ ਨਾ ਬਣ ਸਕਿਆ, ਖੁਦ ਦੀ ਦੇਹ ਨਾਲ ਅਕਿਰਤਘਣਤਾ।

🚶‍♂️ ਜਿਹੜੀ ਦੇਹ ਮੈਨੂੰ ਸੰਸਾਰ ਵਿਚ ਲੈ ਕੇ ਆਈ, ਜਿਹੜੀ ਦੇਹ ਮੈਨੂੰ ਲੈ ਕੇ ਉਡਦੀ ਫਿਰੀ, ਜਿਸ ਦੇਸ ਕਾਰਨ ਮੇਰੀ ਪਹਿਚਾਣ ਬਣੀ, ਜਿਹੜੀ ਦੇਹ ਕਾਰਨ ਮੈਂ ਧੀਆਂ ਪੁੱਤਾਂ ਵਾਲਾ ਹੋ ਕੇ ਸੰਸਾਰ ਵਿਚ ਤੁਰਿਆ, ਸੰਸਾਰ ਦੇ ਰੰਗ ਦੇਖੇ, ਓਸੇ ਦੇਹ ਉਪਰ ਜੁਲਮ?

🧍‍♂️🧍‍♀️ ਓਹ ਬੰਦੇ ਬੰਦੀਆਂ ਤਾਂ ਬਿਲਕੁਲ ਹੀ ਧਰੋਹ ਕਰ ਰਹੇ ਹੁੰਦੇ ਦੇਹ ਅਪਣੀ ਨਾਲ ਜਿਹੜੇ ਪਕੌੜੇ ਜਾਂ ਪਰੌਠਿਆਂ ਨਾਲ ਲਿਹੜ ਕੇ ਭਾਰੀ ਪੰਡ ਹੇਠ ਮਾੜੀ ਖੋਤੀ ਦੇ ਡਿੱਗਣ ਤਰਾਂ ਬੇਬਸ ਜਿਹੇ ਹੋਏ ਧਾਹੜ ਕਰਕੇ ਸੋਫੇ 'ਤੇ ਡਿੱਗ ਜਾਂਦੇ ਨੇ।

👨‍⚕️ ਤਨ ਪੀੜਿਆ ਨਾ ਜਾਊ ਤਾਂ ਕੀ ਹੋਊ? ਮੈਨੂੰ ਵੀ ਮੁਫਤੇ 'ਚ ਪਤਾ ਨਹੀਂ ਲਗਾ ਤਜ਼ੁਰਬਾ ਬੜਾ ਕੁੱਝ ਸਿਖਾਓਂਦਾ ਬੰਦੇ ਨੂੰ। ਥੇਟਰ ਅੰਦਰ ਡਾਕਟਰਾਂ ਦੀਆਂ ਲਿਸ਼ਕਾਰੇ ਮਾਰਦੀਆਂ ਛੁਰੀਆਂ ਮਾੜੇ ਬੰਦੇ ਨੂੰ ਤਾਂ ਚੀਰਨ ਤੋਂ ਪਹਿਲਾਂ ਈ ਚੀਰ ਦਿੰਦੀਆਂ। ਛੁਰੀ ਫੇਰਨ ਲਗਿਆਂ ਤਾਂ ਨਹੀਂ ਪਤਾ ਲਗਦਾ, ਪਰ ਜਦ ਅੱਖ ਖੁਲਦੀ ਤਾਂ ਪੀੜਾਂ ਦੇ ਦਰਿਆ ਛੱਲਾਂ ਤਰਾਂ ਚੜਦੇ ਸਿਰ ਨੂੰ।

🏥 ਓਥੇ ਫਿਰ ਬੰਦੇ ਦਾ ਇਕੋ ਹੀ ਸਹਾਰਾ ਰਹਿ ਜਾਂਦਾ ਤੇ ਓਹ ਹੈ 'ਹਾਏਏਏਏ'! ਐਵੇਂ ਝੂਠ ਬੋਲੀ ਜਾਵਾਂ ਕਿ ਰੱਬ ਦਾ ਨਾਂ ਨਿਕਲਦਾ। ਇਨੀ ਸਤਿਆ ਹੀ ਕਿਥੇ ਹੁੰਦੀ ਕਿ ਥੋੜਾ ਜਿਹਾ ਵੀ ਜ਼ੋਰ ਵਾਲਾ ਨਾਂ ਨਿਕਲ ਜਾਏ। ਹਾਏ ਸਿੱਧੀ ਤੇ ਸਰਲ ਹੈ ਇਸ ਨਾਲ ਹੀ ਮਾੜੀ ਮੋਟੀ ਰਾਹਤ ਮਿਲਦੀ, ਕਈ ਵਾਰ ਤਾਂ ਬਾਬਿਆਂ ਦੇ ਜੱਗੇ ਜੱਟ ਦੀ ਤਾਨ ਤਰ੍ਹਾਂ ਧੁਰ ਉਪਰਲੀ 'ਸਾਅ' 'ਤੇ ਪਹੁੰਚ ਜਾਂਦੀ ਤਾਂ ਨਰਸਾਂ 'ਪੇਨ ਕਿਲਰ' ਦਾ ਟੀਕਾ ਲਾ ਕੇ ਬੰਦੇ ਨੂੰ ਸ਼ਾਂਤ ਕਰਦੀਆਂ।

💦 ਕਰੋਨਾ Corona ਵਾਇਰਸ ਕਾਰਨ ਘਰੇ ਬੈਠੀ ਮਨੁੱਖਤਾ ਦੀ ਭੁੱਖ ਦਾ ਢਿੱਡ ਨੰਗਾ ਹੋ ਕੇ ਰਹਿ ਗਿਆ ਹੈ ਕਿ ਬੰਦਾ ਇਨਾ ਭੁੱਖੜ ਕਿਵੇਂ ਹੋ ਸਕਦਾ! ਬੰਦਾ ਜ਼ੁਬਾਨ ਅਪਣੀ ਦਾ ਆਪਾ ਹੀ ਖੋਹ ਬੈਠਾ। ਬਾਬਾ ਜੀ ਅਪਣੇ ਕਹਿੰਦੇ ਹਰ ਸਮੇਂ ਖਾਈ ਜਾਣ ਦੀ ਖੁਸ਼ੀ ਖੁਆਰੀ ਤੋਂ ਸਿਵਾਏ ਕੱਖ ਨਾ ਜਿਹੜੀ ਤਨ ਨੂੰ ਯਾਣੀ ਦੇਹ ਨੂੰ ਵੇਲਣੇ 'ਚ ਪਾ ਪੀੜ ਦਿੰਦੀ ਹੈ ਤੇ ਸਿਵਾਏ ਹਾਲ ਪਾਹਰਿਆ ਬਚਦਾ ਕੱਖ ਨਹੀਂ।

👅 ਜੇ ਜ਼ੁਬਾਨ ਕਾਬੂ ਨਹੀਂ ਰਹਿੰਦੀ ਤਾਂ ਲੱਤਾਂ ਵੀ ਖੁਲੀਆਂ ਛੱਡੋ ਯਾਣੀ ਘੰਟਾ ਦੋ ਘੰਟੇ ਮੁੜਕਾ ਕੱਢੋ ਦੇਹ ਦਾ, ਤਾਂ ਕਿ ਵਾਧਾ ਘਾਟਾ ਖਾਧਾ 'Grind' ਹੋ ਸਕੇ, ਨਹੀਂ ਤਾਂ ਤਨ ਦਾ ਪੀੜਿਆ (Grind) ਜਾਣਾ ਤੈਅ ਹੈ। 🚶‍♂️⛹️🤸🤾‍♂️🚶‍♂️⛹️🤸🤸‍♂️🤾‍♂️🎾🏏🏑🏓⚽🏀🏈🥎


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top