| 💥 #ਸ਼੍ਰੋਮਣੀ #ਕਮੇਟੀ ਅਤੇ #ਪ੍ਰਚਾਰਕਾਂ ਦੀ #ਮੀਟਿੰਗ 
	😶 -: ਗੁਰਦੇਵ ਸਿੰਘ ਸੱਧੇਵਾਲੀਆ 
	10.11.2024
 #KhalsaNews #GurdevSingh #sadhewalia #SGPC #parcharak #preachers #truth 
	#lies
 
		
		 👳♂️ 
		ਬਾਬਾ ਫੌਜਾ ਸਿੰਘ ਨੇ ਸੁਣਿਆ ਕਿ ਇੱਕ ਵਾਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ 
		ਮੀਟਿੰਗ ਚਲ ਰਹੀ ਸੀ ਉਸ ਵਿਚ ਪ੍ਰਚਾਰਕਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿੱਚ ਹੋ ਰਹੇ 
		ਪ੍ਰਚਾਰ ਅਤੇ 'ਪ੍ਰਾਪਤੀਆਂ' ਬਾਰੇ ਪੁੱਛਿਆ ਜਾ ਰਿਹਾ ਸੀ ਕਿੰਨ ਕੀ ਕੀ ਕੀਤਾ, ਕਿੱਥੇ 
		ਕਿੱਥੇ ਗਏ ਤੇ ਉਥੇ ਲੋਕਾਂ ਕੀ ਹੁੰਗਾਰਾ ਦਿੱਤਾ। 
 ♨ ਤਰਨਤਾਰਨ ਹਲਕੇ ਦੇ ਇੱਕ ਮੂੰਹ ਫੱਟ ਜਿਹੇ ਪ੍ਰਚਾਰਕ ਦੀ ਦੱਸਣ ਦੀ ਜਦ ਵਾਰੀ ਆਈ ਤਾਂ ਉਹ 
		ਕਹਿਣ ਲੱਗਾ ਕਿ ਭਰਾਵੋ! ਸੱਚੀ ਗੱਲ ਤਾਂ ਇਹ ਹੈ ਕਿ ਮੈਂ ਕੋਈ ਪ੍ਰਚਾਰ-ਵਰਚਾਰ ਨਹੀਂ ਜੇ 
		ਕੀਤਾ, ਨਾ ਮੇਰੇ ਕੋਲੇ ਕੁਝ ਦੱਸਣ ਨੂੰ ਹੈ ਅਗੋਂ ਤੁਹਾਡੀ ਮਰਜੀ ਰੱਖਣਾ ਜਾਂ ਨਹੀ।
 
 🛎 #ਕਾਰਣ ਪੁੱਛਣ ਤੇ ਉਸ ਦੱਸਿਆ ਕਿ ਇੱਕ ਪਿੰਡ ਮੈਂ ਗਿਆ। ਪਾਠ ਦੇ ਭੋਗ ਤੋਂ ਬਾਅਦ ਕਥਾ 
		ਕਰਨੀ ਸ਼ੁਰੂ ਕਰ ਦਿੱਤੀ। ਬਾਰਡਰ ਦਾ ਏਰੀਆ ਸੀ ਲੋਕ ਸ਼ਰਾਬਾਂ-ਨਸ਼ਿਆਂ ਨੇ ਕਮਲੇ ਕੀਤੇ ਪਏ ਸਨ 
		ਮੈਥੋਂ ਰਹਿ ਨਾ ਹੋਇਆ। ਮੈਂ ਨਸ਼ਿਆਂ ਉਪਰ ਕੁਝ ਜਿਆਦਾ ਹੀ ਬੋਲ ਗਿਆ।
 
 ⏰ ਪਰ ਜਦ ਭੋਗ ਪਿਆ ਤਾਂ ੫-੭ ਬੁੜੀਆਂ ਨੇ ਆਣ ਮੇਰਾ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਦੇਸੀ 
		ਮਾਈਆਂ ਸਨ ਉਨ 'ਚੌਰਿਆ' 'ਕੰਜਰਾ' ਤੋਂ ਜਿਉਂ ਸ਼ੁਰੂ ਕੀਤੀਆਂ ਕਿ ਮੇਰੇ ਕੰਨਾਂ ਦੀ ਤੌਬਾ 
		ਕਰਾ ਦਿੱਤੀ। ਇੰਨਾ ਸ਼ੁਕਰ ਰਿਹਾ ਜਿਹੜਾ ਉਨ ਮੇਰੀ ਪਰ੍ਹੇ 'ਚ ਪੱਗ ਨਹੀਂ ਲਾਹੀ। ਉਨ੍ਹਾਂ 
		ਦਾ ਗਿਲਾ ਇਹ ਸੀ ਕਿ ਹਾਲੇ ਕੱਲ ਤੁਸੀਂ ਸ਼ਰੋਮਣੀ ਕਮੇਟੀ ਵਾਲੇ ਹੀ ਸਾਡੇ ਖਸਮਾਂ ਨੂੰ 
		ਭੁੱਕੀਆਂ, ਡੋਡੇ, ਸ਼ਰਾਬਾਂ ਵੰਡ ਕੇ ਗਏ ਓ ਅੱਜ ਤੁਸੀਂ ਸਾਨੂੰ ਮੂਰਖ ਬਣਾਉਂਣ ਆ ਗਏ ਓ ਕਿ 
		ਨਸ਼ੇ ਛੱਡੋ?
 
 😧 ਨਾ ਤੈਂ ਨਸ਼ਿਆਂ ਦਾ ਠੇਕਾ ਲਿਆ ਮਰਨ ਦੇ ਜਿਹੜਾ ਮਰਦਾ ਹੋਰ ਥੋੜਾ ਕੁਝ ਸੀ ਕਹਿਣ ਨੂੰ? 
		ਬੀਮਾਰੀ ਦੀ ਜੜ ਹੀ ਨਾ ਫੜੀ ਤਾਂ ਹੋਰ ਕਹਿਣ ਨੂੰ ਬਚਿਆ ਕੀ?
 
 👉 ਕਹਿਣ ਨੂੰ ਕੀ ਏ ਜੋ ਮਰਜੀ ਕਹੀ ਚਲੋ। ਜਮਦੂਤ ਨੇ, ਧਰਮਰਾਜ ਏ, ਚਿਤ੍ਰ-ਗੁਪਤ ਦੀਆਂ 
		ਕਹਾਣੀਆਂ ਨੇ, ਨਰਕਾਂ ਦੇ ਕੜਾਹੇ ਤੱਪ ਰਹੇ ਹਨ ਭਵੇਂ ਦਿਨ ਪੁਰ ਰਾਤ ਤਾਈਂ ਰੱਖੋ ਠੰਡੇ ਨਹੀਂ 
		ਹੁੰਦੇ। ਬਾਬਿਆਂ ਦੇਖ ਲੈ ਠੰਡੇ ਨਹੀਂ ਹੋਣ ਦਿੱਤੇ। ਲੋਕਾਂ ਲਈ ਕੜਾਹੇ ਤੱਪਦੇ ਰੱਖਕੇ ਆਪ 
		ਠੰਡੇ ਭੋਰਿਆਂ ਵਿੱਚ ਐਸ਼ਾਂ ਮਾਰਦੇ ਤੇ ਠੰਡੀਆਂ ਗੱਡੀਆਂ ਝੂਟਦੇ। ਇਨ੍ਹਾਂ ਨੂੰ ਜਿਹੜਾ ਅਕਲ 
		ਦੀ ਗੱਲ ਦੱਸੂ ਉਸ ਦੇ ਇਹ ਵੈਰੀ ਨੇ। ਲੁੱਟਣ ਵਾਲੇ ਦੇ ਇਹ ਪੈਰ ਧੋ ਧੋ ਪੀਂਦੇ ਨੇ।
 
 🔹 ਪਰ ਇਨ੍ਹਾਂ ਦਾ ਕੀ ਕਸੂਰ ਅਸੀਂ ਵਰਤਾਉਂਦੇ ਤਾਂ ਕਹਿੰਦੇ ਲੋਕ?
 🔸 ਓ ਯਾਰ ਆਪਾਂ ਰੋਜ ਵਰਤਾਉਂਦੇ? ਕਿਤੇ ਵੋਟਾਂ ਵੇਲੇ ਚਲ ਹੋਇਆ, ਪਰ ਬਾਕੀ ਸਾਰਾ ਸਮਾਂ 
		ਤਾਂ ਇਹ ਆਪ ਹੀ ਪੀਂਦੇ ਨੇ।
 🔹 ਪਰ ਹੈ ਤਾਂ ਗਲਤ!
 🔸 ਬੱਅਸ! ਤਾਂ ਹੀ ਤੂੰ ਖਾਧੀਆਂ। ਤੂੰ ਅੰਬ ਚੂਪ, ਗਿਟਕਾਂ ਤੋਂ ਤੈਂ ਕੀ ਲੈਣਾ? ਕੁੱਝ 
		ਲੈਣਾ?
 ਇਨ੍ਹਾਂ ਨੂੰ ਉਹ ਗੱਲ ਦੱਸੋ ਜਿਹੜੀ ਇਨ੍ਹਾਂ ਦੀ ਸਮਝ ਨਾ ਆਵੇ। ਜਿਹੜੀ ਅਣਡਿੱਠੀ, ਅਣਹੋਣੀ 
		ਤੇ ਅਣਸੁਣੀ ਹੋਵੇ। ਤਾਂ ਹੀ ਤਾਂ 'ਅਣਡਿੱਠੀ ਦੁਨੀਆਂ' ਦੇ ਸ਼ੈਦਾਈ ਨੇ। ਜਿੰਨਾ ਜ਼ਿਆਦਾ ਕਮਲ 
		ਘੋਟੋ, ਉਨਾਂ ਵੱਡਾ ਬ੍ਰਹਮਗਿਆਨੀ ਮੰਨਣਗੇ। ਕਹਾਣੀ ਪਾਓ ਕਹਾਣੀ! ਕਿਸੇ ਪਰੀ ਜਿਹੀ ਕਹਾਣੀ 
		ਵਰਗੀ ਹੋਵੇ। ਸੁਆਦੀ ਹੋਵੇ ਸਿਰ ਤੇ ਭਾਰ ਪਾਉਣ ਵਾਲੀ ਨਾ ਹੋਵੇ। ਸਿਰ ਤੇ ਭਾਰ ਪਿਆ ਨਹੀਂ 
		ਤੇ ਇਹ ਤੁਹਾਡੇ ਵੈਰੀ ਬਣੇ ਨਹੀਂ।
 
 ⚠ ਤੇ ਉਧਰ ਸਾਧ ਲੁੱਡੀਆਂ ਪਾਉਂਦੇ ਫਿਰਦੇ। ਕਿਉਂ ਭਲਾ?
 ਕਿਉਂਕਿ ਉਨ੍ਹਾਂ ਕੋਲੇ ੨੦ ੨੦ ਫੁੱਟੇ ਸ਼ਹੀਦ ਨੇ, ਉਨ੍ਹਾਂ ਦਾ ਤੇ ਖਾਲਸਾ ਰਾਜ ਵੀ ਸ਼ਹੀਦਾਂ 
		ਨੇ ਆਣ ਕੇ ਬਣਾਉਂਣਾ ਹੈ, ਉਹ ਕੁੱਤਿਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਨੇ, ਉਹ ਮੁਰਦਿਆਂ 
		ਨੂੰ ਜੀਵਤ ਕਰੀ ਜਾਂਦੇ ਨੇ, ਉਨ੍ਹਾਂ ਦੇ ਤੇ ਬਾਬੇ ਦਾ ਸਿਰ ਅਕਾਸ਼ ਨੂੰ ਛੁਹ ਰਿਹੈ, ਉਨ੍ਹਾਂ 
		ਦੇ ਪ੍ਰਸ਼ਾਦੇ ਬਾਬਾ ਜੀ ਆਪ ਛੱਕਦੇ ਨੇ ਆ ਕੇ ਠੰਡੇ ਭੋਰਿਆਂ ਵਿੱਚ, ਉਨ੍ਹਾਂ ਦੇ ਡੇਰਿਆਂ 
		ਦੀਆਂ ਸੰਗਮਰਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀਆਂ ਟਾਪਾਂ ਸੁਣਦੀਆਂ ਹੀ 
		ਰਹਿੰਦੀਆਂ ਹਨ। ਉਨ੍ਹਾਂ ਦੇ ਤਾਂ 'ਗਰੰਥ' ਵੀ ਅਜੀਬ। ਸੁਆਦੀ ਕਹਾਣੀਆਂ ਨਾਲ ਲਰਬੇਜ। 
		ਵੰਨ-ਸਵੰਨੇ ਆਸਣ ਕਾਮ ਕਰਨ ਦੇ, ਵੰਨ ਸਵੰਨੇ ਤਰੀਕੇ ਨਸ਼ੇ ਕਰਨ ਦੇ, ਤੇ ਤੂੰ ਨਸ਼ੇ ਛੁਡਾਉਣ 
		ਦੀਆਂ ਕਥਾਵਾਂ ਕਰ ਰਿਹੈਂ?
 
 🙏 ਸੋ ਭਰਾ ਤੂੰ ਦੱਸ ਪ੍ਰਚਾਰ ਦਾ ਤੇਰਾ ਇਹ ਤਰੀਕਾ ਠੀਕ ਕਿਵੇਂ ਹੋਇਆ। ਚਲ ਐਂ ਕਰ ਪਾਠ 
		ਕਰ ਲਿਆ ਕਰ, ਰੌਲਾਂ ਲਾ ਲਿਆ ਕਰ, ਤੈਨੂੰ ਕੱਢਦੇ ਨਹੀਂ, ਫਿਰ ਵੀ ਤੂੰ ਥੋੜਾ ਈਮਾਨਦਾਰ 
		ਬੰਦਾ ਜਾਪਦਾਂ, ਪਰ ਤੂੰ ਪ੍ਰਚਾਰ ਦੇ ਜਮਾਂ ਈ ਫਿੱਟ ਨਹੀਂ।
 
 😳 ਤੇ ਕਹਿੰਦੇ ਨੇ ਹੁਣ ਉਹ ਵਿਚਾਰਾ ਰੌਲਾਂ ਲਾ ਕੇ ਅਪਣਾ ਸਮਾਂ ਪੂਰਾ ਕਰਦਾ ਹੋਇਆ 'ਪ੍ਰਚਾਰਕ' 
		ਬਣਨ ਦੀ ਕੋਸ਼ਿਸ਼ ਵੀ ਨਾਲ ਨਾਲ ਕਰ ਰਿਹੈ।
 
  
	
    | 
		
	
				
	
			| 
 |  
    | 
                        << 
  ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ 
                        ਦੀਆਂ ਹੋਰ ਲਿਖਤਾਂ 
  >> |  
	
				
	
			| 
	
				
	
			
			 | 
			 ਜੇ 
			ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |  
	
				
			| 
 |  
	
				
			| 
			 | ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 
			ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ 
			ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, 
			ਸੰਤ, ਬਾਬੇ, 
			ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ 
			ਅਤੇ ਕਰਦੇ ਰਹਾਂਗੇ।  
			ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ 
			ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ 
			ਅਤੇ ਸੱਚ 'ਤੇ ਪਹਿਰਾ ਦੇਣ ਦੀ 
			ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ 
			ਹਿੰਮਤ ਰੱਖਦਾ ਹੋਵੇ।
 |  |  
    | 
				
				
				Disclaimer: Khalsanews.org 
				does not necessarily endorse the views and opinions voiced in 
				the news / articles / audios / videos or any other contents 
				published on www.khalsanews.org and 
				cannot be held responsible for their views. 
				Read full 
				details.... |  |  |