Share on Facebook

Main News Page

️🎯 ਅਕਲੀਂ ਕੀਚੈ ਦਾਨ🙏
-: ਗੁਰਦੇਵ ਸਿੰਘ ਸੱਧੇਵਾਲੀਆ
24.04.2024
#KhalsaNews #GurdevSingh #Sadhewalia #Rumaale #Wastage #Money

👳 ਕੌਮ ਮੇਰੀ ਕੋਲੇ ਸਰਮਾਇਆ ਵੀ ਬੜਾ, ਦਿਲਦਾਰ ਵੀ ਬੜੀ ਇਹ, ਖੁਲਾ ਦਿਲ, ਦਾਨੀ ਵੀ ਬੜੀ, ਖੁਲੇ ਦਿਲ ਪੈਸਾ ਦਿੰਦੀ ਜਿਥੇ ਲੋੜ ਹੋਵੇ ਪਰ ਦਾਨ ਕਰਨ ਲਗੀ ਬਹੁਤੀ ਵਾਰੀ ਖੋਤਾ ਈ ਖੂਹ ਸੁਟ ਬਹਿੰਦੀ।

💰 ਅਜਿਹੇ ਨਖਿੱਧ ਥਾਂ ਪੈਸਾ ਖਰਚਦੇ ਕਿ ਓਹ ਦਿਤਾ ਦਾਨ ਹੀ ਗਲ ਦਾ ਫਾਹਾ ਬਣ ਜਾਂਦਾ। ਜਿਸ ਦੀਆਂ ਵੱਡੀਆਂ ਮਿਸਾਲਾਂ ਧਾੜਾਂ ਦੀਆਂ ਧਾੜਾਂ ਵਿਹਲੜਾਂ ਦੀਆਂ, ਭੰਗ ਪੀਣਿਆਂ ਦੀਆਂ, ਵੱਡੀਆਂ ਬਥੂਹੀਆਂ ਵਾਲਿਆਂ ਦੀਆਂ, ਪਾਲਣ ਤੋਂ ਲੈ ਕੇ ਖੁਦ ਦੀਆਂ ਹੀ ਇਤਿਹਾਸਕ ਯਾਦਾਂ ਦਾ ਮਲੀਆਮੇਟ ਕਰ ਬੈਠਣ ਤੱਕ।

📣 ਅਕਲ ਯਾਣੀ ਸਮਝ ਤੋਂ ਬਿਨਾ ਕੀਤਾ ਦਾਨ ਓਸ ਪੀਤੇ ਘਿਓ ਵਰਗਾ ਹੋ ਨਿਬੜਦਾ ਜਿਸ ਨੂੰ ਪੀਣ ਵਾਲਾ ਪਹਿਲਾਂ ਹੀ ਬਲਡ ਪ੍ਰੈਸ਼ਰ ਨੇ ਗੋਡਿਆਂ ਹੇਠ ਲਿਆ ਹੋਇਆ ਸੀ ਮੁੜ ਦਿਲ ਦੀਆਂ ਬਚਦੀਆਂ ਵਹਿਣੀਆਂ ਘਿਓ ਨੇ ਬੰਦ ਕਰ ਮਾਰੀਆਂ ਅਤੇ ਚਕ ਲਓ ਬੰਦਾ ਆਵਦਾ।

🌳 ਕਿਸਾਨ ਮੋਰਚੇ ਦੌਰਾਨ ਬਦਾਮ, ਪਿੰਨੀਆਂ ਅਤੇ ਪੰਝੀਰੀਆਂ ਖਵਾ ਖਵਾ ਈ ਕਈ ਚੱਕ ਤੇ ਧਰਤੀ ਤੋਂ। ਲੋਕਾਂ ਜਿੰਦਗੀ 'ਚ ਇਨੀ ਕਦੇ ਮੂੰਗਫਲੀ ਨਹੀਂ ਚੱਬੀ ਹੋਣੀ ਜਿੰਨੇ ਓਥੇ ਬਦਾਮ ਚੱਬ ਗਏ ਯਾਣੀ ਖੁਲੇ ਦਿਲਾਂ ਦੀਆਂ ਬਰਕਤਾਂ ਲੈ ਕੇ ਪੈਦਾ ਹੋਈ ਕੌਮ। ਗਲ ਹੋਰ ਈ ਪਾਸੇ ਚਲੇ ਗਈ ਪਰ ਚਲੋ।

👨 ਹਿੰਦੂ ਦੀ ਗਲ ਸਮਝ ਆਓਂਦੀ ਕਿ ਚੁੰਨੀਆਂ ਕਿਨਾਰੀਆਂ ਗੋਟਿਆਂ ਵਾਲੇ ਕਪੜੇ ਮੰਦਰ ਵਿੱਚ ਅਪਣੀ ਮਾਈ ਨੂੰ ਚਾਹੜੇ ਯਾਣੀ ਮਾਈ ਦੇ ਚੁੰਨੀ ਚੜਾਵਾ ਕਰੇ ਕਿਓਕਿ ਓਨਾ ਦੀ ਦੇਵੀ ਔਰਤ ਦਾ ਪ੍ਰਤੀਕ ਹੈ, ਪਰ ਸਿੱਖਾਂ ਦੀ ਗਲ ਸਮਝ ਨਹੀਂ ਆਈ ਕਿ ਇਹ ਹਰੇਕ ਗਲੇ ਪੰਡੀਏ ਮਗਰ ਲਗ ਤੁਰੇ ਤੁਰੇ ਜਾਂਦੇ ਹੀ ਗਲ ਫਾਹਾ ਪਾ ਬਹਿੰਦੇ ਅਤੇ ਉਸ ਗਲ ਦਾ ਧੂੰਆਂ ਕਢ ਕੇ ਛਡਦੇ।

👉 ਇਨ ਬਾਕੀ ਘੜਿਆਂ ਮੌਲੀਆਂ ਨਾਰੀਅਲਾਂ ਤੋਂ ਇਲਾਵਾ ਗੋਟੇ ਕਿਨਾਰੀਆਂ ਵਾਲੀਆਂ ਚੁੰਨੀਆਂ ਜਿਹੀਆਂ ਵੀ ਚਕ ਕੇ ਗੁਰੂ ਗ੍ਰੰਥ ਸਾਹਿਬ ਉਪਰ ਲਿਆ ਦਿਤੀਆਂ ਅਤੇ ਅਪਣੇ ਪਰਦੇ ਕਜਣ ਦੇ ਗੇੜ ਵਿਚ ਇਸ ਹੱਦ ਤੱਕ ਲਿਆ ਦਿਤੀਆਂ ਕਿ ਢੇਰਾਂ ਦੇ ਢੇਰ ਰੁਮਾਲਿਆਂ ਦੀਆਂ ਬੱਧੀਆਂ ਪੰਡਾਂ ਅਪਣੀ ਵਾਰੀ ਉਡੀਕਦੀਆਂ ਹੀ ਗਲ਼ ਸੜ ਗਈਆਂ ਅਤੇ ਕੌਮ ਦਾ ਅੰਨਾ ਸਰਮਾਇਆ ਇਨਾ ਗੋਟਿਆਂ ਚੁੰਨੀਆਂ ਦੀ ਭੇਟ ਚੜ ਗਿਆ ਅਤੇ ਚੜ ਰਿਹਾ।

🇨🇦 ਟਰੰਟੋ ਦੀ ਹੀ ਗਲ ਕਰਦੇ ਆਂ। ਗੁਰਦੁਆਰੇ ਹੋਰ ਜਾਂ ਘਰਾਂ ਵਿਚ ਵੀ ਬਹੁਤ ਨੇ ਪਰ ਜਿਥੇ ਸੰਗਤ ਦੀ ਆਮ ਆਵਾਜਾਈ ਐ 25-30 ਕੁ ਗੁਰੂ ਘਰ ਇਵੇਂ ਦੇ ਹੈਨ ਜਿਥੇ ਤੁਸੀਂ ਮੰਨ ਸਕਦੇ ਕਿ ਕਰੀਬਨ ਹਰੇਕ ਗੁਰਦੁਆਰੇ 25 ਕੁ ਰੁਮਾਲੇ ਤਾਂ ਹਰੇਕ ਹਫਤੇ ਚੜਦੇ ਨੇ। 25 ਨੂੰ 25 ਨਾਲ ਗੁਣਾ ਕਰੋ ਤਾਂ 625 ਬਣ ਜਾਂਦੇ ਇਨਾ ਨੂੰ ਅਗਿਓਂ ਚਾਰ ਹਫਤਿਆਂ ਨਾਲ ਕਰੋ ਤਾਂ ਢਾਈ ਹਜਾਰ ਰੁਮਾਲਾ ਬਣ ਜਾਂਦਾ ਮਹੀਨੇ ਦਾ ਜਿਹੜਾ ਚੜਦਾ। ਆਮ ਤੌਰ 'ਤੇ ਰੁਮਾਲਾ 50 ਕੁ ਡਾਲਰ ਦਾ ਹੈ ਅਤੇ ਇਸ ਨੂੰ ਗੁਣਾਂ ਕੀਤਿਆਂ ਇਕ ਲਖ ਪੰਝੀ ਹਜਾਰ ਬਣਦਾ। ਇਸ ਨੂੰ ਜੇ ਪੂਰੇ ਸਿੱਖ ਸੰਸਾਰ ਦੇ ਗੁਰਦੁਆਰਿਆਂ ਨਾਲ ਗੁਣਾਂ ਕਰੋ ਤਾਂ ਸਿਰ ਘੁੰਮ ਜਾਂਦਾ ਕਿ ਅਸੀਂ ਕਰ ਕੀ ਰਹੇ ਹਾਂ ਅਤੇ ਉਸ ਤੋਂ ਅੱਗੇ ਜਾ ਕੇ ਜੇ ਕਿਤੇ ਤੁਸੀਂ ਪਿਛਲੀਆਂ ਕਾਲ ਕੋਠੜੀਆਂ ਵਿਚ ਕੈਦ ਰੁਮਾਲਿਆਂ ਦਾ ਹਾਲ ਦੇਖ ਸਕਦੇ ਹੁੰਦੇ।

💢 ਪ੍ਰਬੰਧਕ ਜੇ ਸੁਟਦੇ ਤਾਂ ਫਸਦੇ ਕਿ ਦੇਖੋ ਜੀ ਬੇਅਦਬੀ ਜੇ ਸਾੜਦੇ ਸਿਟੀ ਆਣ ਦੁਆਲੇ ਹੁੰਦੀ। ਯਾਣੀ ਮੇਰੀ ਬੇਅਕਲੀ ਦੇ ਕੀਤੇ ਦਾਨ ਦੀ ਇਨੀ ਬੇਕਦਰੀ ਕਿ ਉਸ ਨੂੰ ਸੜਨਾ ਵੀ ਨਸੀਬ ਨਹੀਂ ਐ ਬਲਕਿ ਗਲਦੇ ਰਹਿਣਾ ਉਸ ਦੇ 'ਧੁਰ ਦੇ ਕਰਮ' ਨੇ।

🇨🇦 ਟਰੰਟੋ ਭਾਈ ਤਜਿੰਦਰ ਸਿੰਘ ਹੋਰਾਂ ਇਕ ਉਪਰਾਲਾ ਅਰੰਭਿਆ ਹੈ ਗੁਰੂ ਘਰਾਂ ਤਕ ਵੀ ਉਨ ਪਹੁੰਚ ਕੀਤੀ ਹੈ ਕੀ ਤਾਮਿਲ ਵਾਲੇ ਪਾਸੇ ਦੇ ਦਲਿਤ ਭਾਈਚਾਰੇ ਨਾਲ ਸੰਬਧਤ ਲੋਕ ਸਿੱਖੀ ਵਾਲੇ ਪਾਸੇ ਬੜਾ ਤਿੱਖਾ ਮੋੜ ਕਟ ਰਹੇ ਨੇ। ਓਨਾ ਦਾ ਓਨਾ ਨੂੰ ਓਥੇ ਮਸ਼ੀਨਾਂ ਲਾ ਕੇ ਦਿਤੀਆਂ ਜਾਣ ਦਾ ਇਰਾਦਾ ਹੈ ਤਾਂ ਕਿ ਗੁਰੂ ਘਰਾਂ ਵਿਚ ਰੁਲਦੇ ਰੁਮਾਲਿਆਂ ਦੇ ਨਿਆਣਿਆਂ ਲਈ ਕਪੜੇ ਬਣਾ ਕੇ ਓਨਾ ਦਾ ਤਨ ਕਜਿਆ ਜਾ ਸਕੇ।

👳 ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਬਣਦਾ ਹੈ ਇ ਓਹ ਇਕ ਇਕ ਕੰਟੇਨਰ ਇਨਾ ਰੁਲ ਰਹੇ ਰੁਮਾਲਿਆਂ ਦਾ ਓਥੇ ਭੇਜਣ ਦੀ ਜਿੰਮੇਵਾਰੀ ਲੈਣ ਤਾਂ ਕਿ ਕਿਸੇ ਗਰੀਬ ਦੇ ਨਿਆਣੇ ਦਾ ਤਨ ਢਕਿਆ ਜਾ ਸਕੇ ਅਤੇ ਰੁਮਾਲੇ ਚੜਾਓਂਣ ਵਾਲੇ ਵੀ ਧਿਆਨ ਦੇਣ ਕਿ ਕਿਸੇ ਦਾ ਪਰਦਾ ਕਜਣਾ ਹੀ ਤੁਹਾਡਾ ਪਰਦਾ ਕੱਜੇ ਜਾਣ ਦਾ ਸਬੱਬ ਬਣਦਾ ਹੈ, ਨਹੀਂ ਤਾਂ ਅਪਣੇ ਪਰਦਿਆਂ ਦੇ ਗੇੜ ਵਿਚ ਅੰਨਾ ਸਰਮਾਇਆ ਮੈਂ ਖੂਹ ਵਿੱਚ ਸੁੱਟ ਰਿਹਾ ਹਾਂ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top