Share on Facebook

Main News Page

👨‍👩‍👧‍👦ਰਿਸ਼ਤਿਆਂ ਵਿਚਲੀ ਖੂਬਸੂਰਤੀ 💞
-: ਗੁਰਦੇਵ ਸਿੰਘ ਸੱਧੇਵਾਲੀਆ
04 Dec 2023
#KhalsaNews #GurdevSingh #Sadhewalia #Family #Relations
  ਰਿਸ਼ਤੇ ਤਾਂ ਰਹਿ ਗਏ ਪਰ ਖੂਬਸੂਰਤੀ ਜਾਂਦੀ ਲਗੀ ਯਾਣੀ ਭੌਰ ਉਡ ਗਿਆ ਕਲਬੂਤ ਬਾਕੀ ਬਚਿਆ ਅਤੇ ਬਹੁਤਾ ਸੰਸਾਰ ਲਾਸ਼ਾਂ ਹੀ ਮੋਢਿਆਂ ਉਪਰ ਰਖ ਧੂਹੀ ਫਿਰ ਰਿਹਾ ਅਤੇ ਜਿਸ ਨੂੰ ਜਿੰਨੀ ਕੁ ਲੋੜ ਹੁੰਦੀ ਓਨਾ ਕੁ ਚੁਕੀ ਰਖਦਾ ਬਾਕੀ ਦਾ ਵਢ ਟੁਕ ਕੇ ਸੁਟ ਦਿੰਦਾ ਯਣੀ 'ਕੋਈ ਯਹਾਂ ਕੋਈ ਵਹਾਂ ਗਿਰਾ' ਤਰਾਂ ।

ਕੁਝ ਭਾਰ ਮੂੰਹ ਮੁਲਾਜਹੇ ਦੇ ਪੁਰਾਣੇ ਸਮਾਨ ਤਰਾਂ ਚੁਖ ਰਖਦਾ ਕਿ ਚਲ ਕਿਤੇ ਕੰਮ ਹੀ ਆ ਜਾਂਦਾ।

ਇਓਂ ਹਰੇਕ ਨੇ ਪੁਰਾਣੇ ਅਤੇ ਖਸਤਾ ਸਮਾਨ ਤਰਾਂ ਆਵਦੇ ਆਵਦੇ ਫੋਨਾਂ ਦੀਆਂ ਕੋਠੜੀਆਂ ਭਰੀਆਂ ਵੀਆਂ।

📱ਫੋਨਾਂ ਦੀਆਂ ਇਨਾ ਹਨੇਰ ਕੋਠੜੀਆਂ ਵਿਚ ਫਿਰਦਿਆਂ ਕਦੇ ਕੁਝ ਪੈਰ ਹੇਠ ਆ ਜਾਂਦਾ ਕਦੇ ਕੋਈ ਅਤੇ ਬੰਦਾ ਲੋੜ ਜਿਹੇ ਵਾਲੀ ਚੀਜ 'ਫੇਵਰਟ' ਵਾਲੀ ਕੋਠੜੀ ਵਿਚ ਧਰ ਲੈਂਦਾ ਬਾਕੀ ਓਂ ਈ ਪੈਰਾਂ ਵਿਚ ਵਜਦੀ ਰਹਿਣ ਦਿੰਦਾ।

ਉਂਝ ਬੰਦੇ ਨੂੰ ਪਤਾ ਸਾਰਾ ਹੁੰਦਾ ਮੇਰਾ 'ਸਮਾਨ' ਕਿਹੜਾ ਕਿਹੜਾ ਕਿਥੇ ਕਿਥੇ ਪਿਆ ਪਰ ਜਦ ਲੋੜ ਹੀ ਨਹੀ ਐਵੇਂ ਕਢ ਕਢ ਝਾੜਦਾ ਫਿਰੇ।

ਕਈ ਵਾਰੀ ਸਾਫ ਸਫਾਈ ਕਰਦਿਆਂ ਬੰਦਾ ਸੁਟਣ ਲਗਦਾ ਕਿ ਕਿਹੜਾ ਵਰਤਣਾ ਐਵੇਂ ਈ ਥਾਂ ਮਲੀ ਪਰ ਫਿਰ ਰਖ ਲੈਂਦਾ ਕਿ ਕਿਤੇ ਸ਼ਾਇਦ।

ਕਈ ਰਿਸ਼ਤੇ ਬੰਦੇ ਨੇ ਮਾਈਆਂ ਦੇ ਓਨਾ ਸੂਟਾਂ ਤਰਾਂ ਐਵੇਂ ਈ ਸਾਂਭ ਰਖੇ ਕਿ ਚਲੋ ਪੈਣੇ ਤਾਂ ਹੈ ਨਹੀ ਦੇਣ ਲੈਣ ਦੇ ਕੰਮ ਆ ਜਾਣਗੇ ਯਾਣੀ ਭੀੜ ਕਰਨ ਦੇ।

ਰਿਸ਼ਤਿਆਂ ਵਿਚ ਤਾਂਘ ਰਹੀ ਨਾ ਉਡੀਕ। ਨਾ ਕਾਂ ਬੋਲਦਾ ਨਾ ਫਿਰਨੀ ਤੋਂ ਪਿੰਡ ਵਾਲੀ ਆਖਰੀ ਬਸ ਦੀ ਘੂਕ ਸੁਣਦੀ। ਚਾਅ ਰਿਹਾ ਨਾ ਮੁਬਹਤ।

ਤਾਜਪਨ, ਕੂਲਾਪਨ ਕਖ ਨਹੀ। ਫਰਿਜ ਵਿਚੋਂ ਕਢੋ ਅਤੇ ਵਰਤ ਲਓ ਬਚਦਾ ਰਿਸ਼ਤਾ ਫਿਰ ਫਰਿਜ ਵਿਚ। ਕਿਹੜਾ ਖਰਾਬ ਹੋਣਾ ਅਗਲੇ ਸਾਲ ਕਿਸੇ ਕਾਕੇ ਕਾਕੀ ਦੇ ਵਿਆਹ ਤੇ ਫਿਰ ਕਢ ਲਾਂਗੇ। ਚੀਨ ਦੀ ਪੱਕੀ ਡੋਰ ਵਰਗੇ ਰਿਸ਼ਤੇ ਨਹੀ ਕਿ ਗਲ ਤਾਂ ਵਢ ਹੋ ਜੇ ਪਰ ਟੁਟਦੇ ਨਾ ਸਨ। ਹੁਣ ਤਾਂ ਹਾਲੇ ਪੂਣੀ ਕਤਣ ਲਈ ਬਾਂਹ ਵੀ ਨਹੀ ਉਲਾਰੀ ਹੁੰਦੀ ਕਿ ਕਚੀ ਤੰਦ ਤਰਾਂ ਵਿਚਾਲਿਓਂ ਲਥ ਕੇ ਔਹ ਜਾਂਦਾ।

ਸ਼ਾਮਿਆਨੇ ਲਗੇ ਹੀ ਰਹਿ ਜਾਂਦੇ, ਜਲੇਬੀਆਂ ਕਢਦੇ ਹਲਵਾਈ ਦੀ ਬਾਂਹ ਹਾਲੇ ਆਟੇ ਵਿਚ ਹੀ ਲਿਬੜੀ ਹੁੰਦੀ ਕਿ ਐਲਾਨ ਹੋ ਜਾਂਦਾ ਇਹ ਰਿਸ਼ਤਾ ਨਹੀ ਹੋਵੇਗਾ ਕੁੜੀ ਮੁੰਡੇ ਦੀ ਬਰੇਕ ਹੋ ਗਈ।

ਸਸਤੇ ਪਰ ਲਿਸ਼ਕਦੇ ਕਪੜਿਆਂ ਵਰਗੇ ਰਿਸ਼ਤੇ ਇਕ ਵਾਰ ਮਸ਼ੀਨ 'ਚ ਪਾਓ ਪਤਾ ਹੀ ਨਹੀ ਲਗਦਾ ਝਗਾ ਸੀ ਜਾਂ ਪਜਾਮਾ।

ਕੁੜੀ ਕਹਿੰਦੀ ਮੁੰਡੇ ਨੇ ਨਿਆਣੇ ਦਾ ਡਾਇਪਰ ਨਹੀ ਬਦਲਿਆ ਕਲ ਲੜਾਈ ਹੋ ਗਈ ਤਾਂ ਚਲੋ ਘਰੋ ਘਰ ਮੇਲਾ ਖਤਮ।

ਵਿਆਹ ਆਈਲੈਟ ਨਾਲ ਹੋਇਆ ਸੀ ਮਸਲੇ ਹਲ ਹੁਣ ਅਖੇ ਕੁੜੀ ਬੋਲਦੀ ਸੀ ਅਗਿਓਂ। ਦਸ ਪਹਿਲਾਂ ਹੀ ਗੁੰਗੀ ਲਭ ਲੈਂਦਾ। ਬੋਲਣ ਦੇ ਬੁਲਡੋਜਰ ਮਗਰ ਪਾ ਕੇ ਹੀ ਤਾਂ ਤੈਨੂੰ ਕਨੇਡਾ ਲਿਆਈ ਸੀ ਹੁਣ ਕਹਿੰਨਾ ਬੋਲੇ ਨਾ।

ਖੂਬਸੂਰਤੀ, ਵਫਾ, ਇਕ ਦੂਏ ਤੋਂ ਮਰ ਮਿਟਣ ਵਰਗਾ ਰਿਸ਼ਤਿਆਂ ਦਾ ਸੁਹਪਣ ਖਤਮ।

ਬੰਦਾ ਕਹਿੰਦਾ ਸੰਸਾਰ ਨੇੜੇ ਹੋ ਗਿਆ ਦਸੋ ਇਸ ਤੋਂ ਵਡਾ ਝੂਠ ਕੀ ਹੋ ਸਕਦਾ। ਗੋਡੇ ਨਾ ਗੋਡਾ ਲਾ ਕੇ ਬੈਠੇ ਮੀਆਂ ਬੀਵੀ ਨਹੀ ਇਕ ਦੂਏ ਨੂੰ ਲਭਦੇ ਨੇੜੇ ਸਵਾਹ ਹੋ ਗਿਆ।

ਰਿਸ਼ਤਿਆਂ ਦੇ ਜਦ ਦੇ ਨਾਂ ਵਿਗੜੇ ਰਿਸ਼ਤਿਆਂ ਵਿਚਲੀ ਮਹਿਕ ਵੀ ਜਾਂਦੀ ਲਗੀ।

ਪੰਜਾਬ ਵਿਚਲਾ ਕੋਈ ਰਿਸ਼ਤਾ ਜੀ ਤੋਂ ਬਿਨਾ ਅਧੂਰਾ ਸੀ ਪਰ ਹੁਣ ਦਾਦੂ ਚਾਚੂ ਨਾਨੂ ਤਾਊ ਭੂਈ ਦੀਦੀ ਸਿਸ ਜਾਂ ਬਰੋਅ ਵਿਚੋਂ ਕੀ ਲਭ ਲਓਂਗੇ। ਸੜੇ ਹੋਏ ਨਕਲੀ ਫੁਲਾਂ ਵਰਗਾ ਅਹਿਸਾਸ ਹੁੰਦਾ ਅਜਿਹੇ ਨਾਵਾਂ ਵਾਲੇ ਰਿਸ਼ਤਿਆਂ ਵਿਚੋਂ ਤਾਂ ਮਰ ਚੁਕੀ ਇਸ ਰਿਸ਼ਤਿਆਂ ਦੀ ਮਿਟੀ ਵਿਚੋਂ ਖੂਬਸੂਰਤੀ ਜਾਂ ਮਹਿਕ ਕਿਥੇ ਹੈ।

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top