Share on Facebook

Main News Page

ਜੁੱਗ ਬਦਲ ਗਿਆ ਹੈ ?
-:  ਗੁਰਦੇਵ ਸਿੰਘ ਸੱਧੇਵਾਲੀਆ
22.02.2023
#KhalsaNews #GurdevSingh #Sadhewalia #Yugg #ChangedWorld

ਹਾਂਅ! ਬਿਲਕੁਲ ਬਦਲ ਗਿਆ ਹੈ ਜੁੱਗ।

ਹੁਣ ਨੂੰਹ ਨਹੀਂ ਸੱਸ ਡਰਦੀ ਹੈ ਨੂੰਹ ਤੋਂ। ਪੁੱਤ ਨਹੀਂ ਹੁਣ ਬਾਪ ਡਰਦਾ ਪੁੱਤ ਤੋਂ। ਮਰਦ ਦਾ ਨਹੀਂ ਹੁਣ ਔਰਤ ਦਾ ਦਬਕਾ ਚਲਦਾ ਘਰ ਵਿੱਚ। ਜੇ ਗੱਡਿਆਂ ਤੋਂ ਜਹਾਜਾਂ ਰਾਕਟਾਂ ਤੱਕ ਜੁੱਗ ਆਣ ਪਹੁੰਚਿਆ ਤਾਂ ਬਾਕੀ ਵੀ ਤਾਂ ਬਦਲਣਾ ਬਣਦਾ ਸੀ ਪਰ ਯਾਦ ਰਖਣਾ ਬੁਨਿਆਦੀ ਗਲ ਉਵੇਂ ਦੀ ਉਵੇਂ।

ਡਰ ਦਾ ਰੂਪ ਬਦਲਿਆ ਪਰ ਡਰ ਉਵੇਂ ਦਾ ਉਵੇਂ। ਸੱਸ ਦਾ ਡਰ ਨੂੰਹ ਦੇ ਅਤੇ ਪਿਓ ਦਾ ਪੁੱਤ ਦੇ ਡਰ ਵਿੱਚ।
ਧਰਤੀ ਉਪਰ ਹੀ ਗੱਡਾ ਰਿੜਦਾ ਸੀ ਧਰਤੀ ਉਪਰੋਂ ਹੀ ਜਹਾਜ ਰਿੜਕੇ ਜਾਂਦਾ ਹੈ।
ਰੱਬੀ ਨਿਯਮ ਓਵੇਂ ਦੇ ਓਵੇਂ। ਰੱਬੀ ਵਰਤਾਰੇ ਓਵੇਂ ਦੇ ਓਵੇਂ।

ਬਾਬਾ ਜੀ ਆਪਣਿਆਂ ਅਗੇ ਜਦ ਜੁੱਗ ਦੇ ਬਦਲਣ ਜਾ ਸਵਾਲ ਆਇਆ ਤਾਂ ਓਹ ਕਹਿੰਦੇ ਕੁਝ ਵੀ ਤਾਂ ਨਹੀਂ ਬਦਲਿਆ।
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ
ਓਹੀ ਦਿਨ ਤਪਦਾ ਹੈ ਬਦਲਿਆ ਕੀ ?

ਬੰਦਾ ਕਹਿੰਦਾ ਥੋਡੇ ਵਾਲੇ ਜਮਾਨੇ ਲੱਦ ਗਏ। ਕਮਲਿਆ! ਸਾਡੇ ਵਾਲੇ ਜ਼ਮਾਨੇ ਕਿਹੜਾ ਲੋਹੇ ਦੀ ਧਰਤੀ ਵਿੱਚ ਹਲ਼ ਜੋਤਦੇ ਸਨ ਜਿਹੜਾ ਹੁਣ ਤੂੰ ਸੋਨੇ ਦੀ ਵਿੱਚ ਬੀਜਣ ਲੱਗ ਗਿਆਂ! ਹਵਾ, ਧਰਤੀ, ਅੱਗ, ਪਾਣੀ ਵੀ ਓਹੀ ਅਤੇ ਦੋ ਟੰਗਾ ਜਾਨਵਰ ਵੀ ਓਹੀ।

ਇਨਾ ਈ ਫਰਕ ਪਿਆ ਉਪਰੋਂ ਕੋਟ ਟਾਈ ਲਾ ਲਈ ਅਤੇ ਓਸੇ ਕਪੜੇ ਦੀਆਂ ਦੋ ਚਾਰ ਟਾਕੀਆਂ ਲੀਰਾਂ ਇਧਰ ਉਧਰ ਲਮਕਾ ਕੇ 'ਬਰੈਂਡ' ਬਣਾ ਲਿਆ ਬਦਲਿਆ ਕੀ। ਹਾਲੇ ਕਲ ਹੀ ਕਾਸਕੋ Costco ਦੇ ਕਾਊਂਟਰ 'ਤੇ ਖੜੀ ਮਾਈ ਇਕ 'ਗੂਚੀ' Gucci ਦੀ ਬਨੈਣ ਉਪਰ ਦੋ ਛਿੱਤਰ ਜਿਹੇ ਲਮਕਾਈ ਫਿਰੇ ਚਲੋ ਜੀ ਬਦਲ ਗਿਆ ਜੁੱਗ। ਕਿਸੇ ਗਰੀਬ ਦੀ ਡਿੱਗ ਕੇ ਪੈਂਟ ਪਾੜ ਗਈ ਉਨ ਓਸੇ ਵਿਚ ਚਾਰ ਮੋਰੀਆਂ ਹੋਰ ਕਢ ਕੇ ਬਰੈਂਡ ਬਣਾ ਲਿਆ।

ਪਿਛਲੇ ਸਾਲ ਦੀ ਗਲ ਐ ਮੇਰੀ ਇੱਕ ਜੁਰਾਬ ਪਾਟ ਗਈ, ਮੈਂ ਦੂਜੀ ਪਾਟੀ ਵਾਲੀ ਦਾ ਸਬੂਤਾ ਪੈਰ ਫਸਾ ਲਿਆ। ਨਿਆਣੇ ਆਂਹਦੇ ਆਹਾ ਕੀ? ਮੈਂ ਕਿਹਾ ਨਵਾਂ 'ਬਰੈਂਡ' ਕਢਿਆ ਅਰਮਾਨੀ ਵਾਲਿਆਂ।

ਗੁੱਤ ਵੱਢ ਕੇ ਲੂੰਡਾ ਕਰ ਲਿਆ ਲਓ ਜੀ ਬਦਲ ਗਿਆ ਜੁੱਗ। ਇਵੇਂ ਦੇ 'ਜੁਗ' ਰਾਤ ਹੋਰ ਹੁੰਦੇ ਸਵੇਰ ਤਕ ਅਜਿਹੇ ਪਲਟਦੇ ਜੁੱਗ ਕੇ ਘਰਵਾਲੇ ਤੋਂ ਈ ਪਛਾਣ ਨਹੀਂ ਹੁੰਦੇ। ਯਾਣੀ ਰਾਤੋ ਰਾਤ ਜੁੱਗ ਪਲਟਾ।

ਵੈਨਕੁਵਰ ਦੀ ਗਲ ਹੈ ਘਰਵਾਲੀ 'ਜੁੱਗ ਪਲਟਾ' ਕੇ ਨਿਕਲੀ ਤਾਂ ਟੈਕਸੀ ਨੂੰ ਹੱਥ ਦਿਤਾ। ਟੈਕਸੀ ਵਾਲਾ ਕੁਦਰਤੀਂ ਉਸ ਜਾ ਘਰਵਾਲਾ ਸੀ, ਪਰ ਉਸ ਬਦਲਿਆ ਜੁੱਗ ਪਛਾਣਿਆਂ ਨਾ ਤਾਂ ਮੂੰਹ ਭਵਾ ਕੇ ਕਹਿੰਦਾ ਭੈਣ ਜੀ ਕਿਥੇ ਜਾਣਾ?

ਜੁੱਗ ਤੇ ਤਾਂ ਪਲਟਿਆ ਹੁੰਦਾ ਕੀ ਜੰਗਲ ਵਿਚੋਂ ਨਿਕਲ ਕੇ ਮੈਂ ਬੰਦਾ ਹੋਣ ਵੰਨੀ ਤੁਰਦਾ ਪਰ ਮੇਰਾ ਜੁਗ ਅਜਿਹਾ ਪਲਟਿਆ ਕਿ ਜੰਗਲ ਵਿਚ ਨੰਗੇ ਰਹਿਣਾ ਬੰਦੇ ਦੀ ਮਜਬੂਰੀ ਸੀ ਪਰ ਹੁਣ ਨੰਗੇ ਦਿਸਣਾ ਸ਼ੌਂਕ।

ਇਸ ਬਦਲੇ ਹੋਏ ਜੁੱਗ ਨੇ ਬੰਦੇ ਨੂੰ ਦੇਹੀ ਤੋਂ ਲੈ ਕੇ ਮਾਨਸਿਕਤਾ ਤੀਕ ਅਜਿਹਾ ਬਿਮਾਰ ਕੀਤਾ ਕਿ ਓਹ ਸੰਸਾਰ ਦੇ ਕੁਝ ਘਰਾਣਿਆਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ ਅਤੇ ਭਵਿੱਖ ਵਿੱਚ ਵੱਡੀ ਗੱਲ ਨਹੀਂ ਕਿ ਵਾਇਰਸਾਂ ਦੇ ਹੋਰ ਸ਼ੋਸ਼ੇ ਛਡ ਕੇ ਬੰਦੇ ਦੀ ਸਫ ਹੀ ਧਰਤੀ ਤੋਂ ਵਲੇਟ ਦਿਤੀ ਜਾਵੇ ਅਤੇ ਓਨੇ ਕੁ ਰੱਖ ਲਏ ਜਾਣ ਜਿੰਨਿਆਂ ਨੂੰ ਜੰਗਲ ਵਿਚ ਚਾਰਨਾ ਸੌਖਾ ਰਹੇ ਕਿਓਂਕਿ ਜੁਗ ਬਦਲ ਗਿਆ ਹੈ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top