Share on Facebook

Main News Page

⚠️ ਚੁੰਨੀ ⚠️
-: ਗੁਰਦੇਵ ਸਿੰਘ ਸੱਧੇਵਾਲੀਆ 
02.09.2022
#GurdevSingh #Sadhewalia #KhalsaNews #Turban #Chunni
 

👳 ਸਿੰਘ ਅਤੇ ਕੌਰ, ਪੱਗ ਅਤੇ ਚੁੰਨੀ ਇਸ ਨੂੰ ਤੁਸੀਂ ਪੰਜਾਬ ਦੇ ਕਲਚਰ ਨਾਲੋਂ ਵੱਖ ਕਰਕੇ ਨਹੀਂ ਦੇਖ ਸਕਦੇ ਕਿਓਂਕਿ ਇਹ ਕੇਵਲ ਇਕ ਸਭਿਆਚਾਰਕ ਵਖਰੇਵਾਂ ਹੀ ਨਹੀਂ ਬਲਕਿ ਇਸ ਪਿਛੇ ਗੁਰਾਂ ਦਾ ਫਲਸਫਾ ਵੀ ਖੜੋਤਾ ਹੈ ਅਤੇ ਉਸ ਤੋਂ ਬਾਅਦ ਇਕ ਪੂਰਾ ਇਤਿਹਾਸ। ਪਰ ਪੰਜਾਬ ਨੂੰ ਅਜ ਇਸ ਮਾਨਸਿਕ ਪੀੜਾ ਵਿਚੋਂ ਲੰਘਣਾ ਪੈ ਰਿਹਾ ਜਿਸ ਦੇ ਨਾ ਸਿਰ 'ਤੇ "ਪੱਗ" ਰਹੀ ਨਾ "ਚੁੰਨੀ" ਅਤੇ ਜਿਸ ਦਾ "ਸਿੰਘ" ਵੀ ਉਡ ਗਿਆ "ਕੌਰ" ਵੀ।

🔸 ਚੁੰਨੀ ਜਦ ਪਹਿਲੀ ਵਾਰ ਸਿਰ ਤੋਂ ਖਿਸਕੀ, ਤਾਂ ਘਰ ਦੇ ਨਿਆਣੇ ਹੀ ਮਾਣ ਨਾ ਸਨ ਜਿਹੜੇ ਭੈਣ ਦੇ ਵਡੇ ਹੋਣ ਦੇ ਬਾਵਜੂਦ ਰੋਕਣ ਅਤੇ ਟੋਕਣ ਦਾ ਹੱਕ ਰਖਦੇ ਸਨ, ਕਿਓਂਕਿ ਓਨਾ ਪਿਛੇ ਵੱਡਿਆਂ ਦੀ ਸਹਿਮਤੀ ਹੁੰਦੀ ਸੀ।

🔹 ਚੁੰਨੀ ਜਦ ਪਹਿਲਾਂ ਪਹਿਲਾਂ ਸਿਰ ਤੋਂ ਖਿਸਕਣ ਲਗੀ ਤਾਂ ਮੈਂ ਸੋਚਿਆ ਅਚਾਨਕ ਹੈ, ਹੋ ਜਾਂਦਾ ਕਦੇ ਇਓਂ। ਸਹਿਜੇ ਸਹਿਜੇ ਚੁੰਨੀ ਨੇ ਖਿਸਕਣ ਦਾ ਜਦ ਸਮਾਂ ਵਧਾਇਆ ਤਾਂ ਮੈਂ ਗਲ ਗੌਲੀ ਨਾ ਕਿ ਚਲੋ ਹੋ ਜਾਂਦਾ। ਖਿਸਕਦੀ ਖਿਸਕਦੀ ਚੁੰਨੀ ਆਖਰ ਗਲ ਵਿਚ ਆ ਪਈ ਤਾਂ ਮੈਂ ਤੜਫਿਆ... ਪਰ ਔਰਤ ਨੇ ਕੋਈ ਨਾ ਜੀ ਜਮਾਨਾ ਬਦਲ ਰਿਹਾ ਕਹਿਕੇ ਚੁੱਪ ਕਰਾ ਦਿਤਾ। ਪਤਾ ਹੀ ਓਦੋਂ ਲਗਾ ਜਦ ਚੁੰਨੀ ਗਲ ਵਿਚੋਂ ਵੀ ਉਡ ਕੇ ਕਿੱਲੀ 'ਤੇ ਟੰਗ ਹੋ ਗਈ, ਓਦੋਂ ਤੀਕ ਬੰਦਾ ਬਰਦਾਸ਼ਤ ਕਰਨਾ ਸਿਖ ਗਿਆ ਹੋਇਆ ਸੀ ਅਤੇ ਇੱਕ ਦਿਨ ਓਹ ਆਇਆ ਜਦ ਚੁੰਨੀ ਕਿਤੇ ਕਿੱਲੀ ਤੇ ਵੀ ਨਾ ਲਭੀ ਅਤੇ ਔਰਤ ਦੀ ਗੁੱਤ ਖੁੱਲ ਕੇ ਵਾਲ਼ ਗੱਲ਼ ਵਿਚ ਆ ਪਏ।

👉 ਤਾਂ ਗਲ ਹੁਣ ਇਥੇ ਤੱਕ ਹੀ ਥੋੜੋਂ ਰਹਿਣੀ ਸੀ ਕਿਓਂਕਿ ਗਲ ਤਾਂ ਹੁਣ ਟੇਸ਼ਨ ਛੱਡ ਚੁਕੀ ਹੋਈ ਸੀ ਅਤੇ ਲੰਘੀ ਇਸ ਗਲ ਨੇ ਕਪੜੇ ਵੀ ਪਾੜ ਮਾਰੇ। ਗਲ ਤੋਂ ਹੇਠਾਂ ਅਤੇ ਗੋਡਿਆਂ ਤੋਂ ਉਪਰ ਯਾਣੀ ਚੁੰਨੀ ਵੀ ਗਾਇਬ ਸੁੱਥਣ ਵੀ ਮਗਰੇ ਵਗਾਹ ਮਾਰੀ ਅਤੇ ਆਖਰੀ ਗਲ ਤਾਂ ਹੁਣ ਇਹ ਹੋਈ ਕਿ 'ਵਡੀ ਮਲ' ਮਾਰਦਿਆਂ ਪੰਜਾਬ 'ਮਿਸ ਯੂਨੀਵਰਸ' ਮੁਬਾਕਲਾ ਵੀ ਜਿਤ ਲਿਆਇਆ ਜਿਥੇ ਔਰਤ ਦੇ ਕਪੜੇ ਨਾ ਹੋਇਆਂ ਵਰਗੇ ਅਤੇ ਜਿਹੜੇ ਕਪੜੇ ਔਰਤ ਕਦੇ ਇਕਲੀ ਪਾਓਣ ਲਗੀ ਵੀ ਸ਼ਰਮ ਮੰਨਦੀ ਸੀ।

☝️ ਪਰ ਸਭ ਤੋਂ ਹੈਰਾਨੀ ਓਦੋਂ ਹੋਈ ਜਦ ਗੁਰਾਂ ਦੇ ਫਲਸਫੇ ਘੋਟਣ ਵਾਲੇ ਵੱਡੇ ਵੱਡੇ ਮਹਾਂਰਥੀਆਂ ਵੀ ਮੁਬਾਰਕਾਂ ਦੇ ਟੋਕਰੇ ਢੇਰੀ ਕਰ ਮਾਰੇ ਅਤੇ ਵਧਾਈਆਂ ਦੀਆਂ ਸ਼ਹਿਬਰਾਂ ਲਾ ਛੱਡੀਆਂ ਅਤੇ ਇਸ ਨੰਗੀ ਨੁਮਾਇਸ਼ ਨੂੰ ਤਰੱਕੀ ਅਤੇ ਸਖਤ ਮਿਹਨਤ ਦਸਿਆ।

🐇 ਜਦ ਸਿਹਾ ਲੰਘਿਆ ਤਾਂ ਕੁੱਤਿਆਂ ਦੀ ਧਾੜ ਲਈ ਆਓਂਦਾ ਸ਼ਿਕਾਰੀ ਕਹਿੰਦਾ... ਜੱਟਾ ਲੰਘ ਲੈਣਦੇ ਸ਼ਿਕਾਰ ਮਗਰ ਲੂਣ ਮਸਾਲਾ ਤੈਨੂੰ ਵੀ ਵਖਾਊਂ। ਓਹ ਕਹਿੰਦਾ ਤੇਰੇ ਲੂਣ ਮਸਾਲੇ ਖਾਤਰ ਮੈਂ ਪਿਹਾ ਨਹੀ ਪਵਾਓਂਣ ਲਗਾ ਵਗ ਜਾਹ ਅਪਣੇ ਕੁਤੇ ਲੈ ਕੇ।

📍 ਗਲ ਨਾਲ ਤਾਂ ਉਦੋ ਨਜਿਠਿਆ ਜਾਣਾ ਸੀ ਜਦ ਸਿਹਾ ਲੰਘਿਆ ਪਰ ਜਦ ਮੈਂ ਸਿਹਾ ਹੀ ਲੰਘ ਜਾਣ ਦਿਤਾ ਪਿਹਾ ਤਾਂ ਪੈਣਾ ਹੀ ਸੀ ਅਤੇ ਹੁਣ ਪਿਹਾ ਹੀ ਦਿਸਦਾ ਕਣਕ ਤਾਂ ਮਿਧ ਗਏ ਸ਼ਿਕਾਰੀ ਯਾਣੀ ਗੱਲ ਤਾਂ ਚੁੰਨੀ ਲਥ ਕੇ ਗਲ ਪੈਣ ਤੋਂ ਸ਼ੁਰੂ ਹੋਈ ਸੀ।

💢 ਕਲ ਬੜਾ ਪਿਆਰਾ ਮਿਤਰ ਮੇਰਾ ਇਕ ਫਾਰਮ ਵਿਚ ਆਇਆ ਓਹ ਇਕ ਗੁਰੂ ਘਰ ਨਾਲ ਸੰਬਧਤ ਹੈ ਅਤੇ ਜੋ ਉਸ ਨਿਆਣਿਆਂ ਦੀ ਖਾਸਕਰ ਪੰਜਾਬੋਂ ਆਈਆਂ ਕੁੜੀਆਂ ਦੀ ਹਾਲਤ ਦਸੀ ਤੋਬਾ ਕਰ ਜਾਣ ਵਰਗੀ ਅਤੇ ਜੀਹਨਾ ਦੀ ਗੁਰੂ ਘਰ ਵਲੋਂ ਇਕ ਸੁਲਝਿਆ ਪ੍ਰਚਾਰਕ ਕੌਂਸਲਿੰਗ ਕਰ ਰਿਹਾ। ਯਾਣੀ ਲਿਸ਼ਕਣ ਪੁਸ਼ਕ ਜੋ ਉਪਰੋਂ ਦਿਸ ਰਿਹਾ ਹੇਠਾਂ ਹੈ ਹੀ ਕੱਖ ਨਹੀਂ।

⛔ ਲੂੰਡਾ ਕਰਕੇ ਜਾਂ ਵਾਲ ਗਲ ਵਿਚ ਪਾ ਕੇ ਔਰਤ ਉਪਰੋਂ ਤਾਂ ਚੁਲਬਲੀ ਜਿਹੀ ਦਿਸਣ ਲਗ ਗਈ ਪਰ ਅੰਦਰੋਂ ਭਾਂਡੇ ਖਾਲੀ ਖੜਕੀ ਜਾਂਦੇ, ਇਹ ਗਲ ਕੋਟਾਂ ਵਿਚ ਜਾ ਕੇ ਪਤਾ ਕਰੋ ਜਿਥੇ ਨਿਤ ਸਿਆਪੇ ਅਤੇ ਡਾਇਵੋਰਸ ਫਾਈਲਾਂ ਦੇ ਢੇਰ। ਗੋਰੀਆਂ ਤਰਾਂ ਨਿਆਣੇ ਕਿਤੇ ਔਰਤ ਕਿਤੇ, ਬੰਦਾ ਕਿਤੇ, ਮਾਂ ਪੇ ਕਿਤੇ। ਇਸ ਨੂੰ ਤੁਸੀਂ ਅੱਜ ਦੇ ਸਮੇਂ ਦੀ ਤਰਕੀ ਕਹਿੰਨੇ ਓਂ ਜਿਥੇ ਸਬਰ ਸੰਤੋਖ ਨਾ ਦੀ ਗਲ ਹੀ ਕੋਈ ਨਹੀਂ ਰਹੀ ਅਤੇ ਜੌਬ ਟੁਟਣ ਤੇ ਇਕ ਦੂਜੇ ਨੂੰ ਗੁੱਡ ਬਾਇ ਕਹਿਕੇ ਔਹ ਜਾਂਦੇ?

‼️ ਯਾਦ ਰਖਣਾ ਲੀੜਾ ਕਪੜਾ ਬੰਦੇ ਦੀ ਮਾਨਸਿਕਤਾ ਤੈਅ ਕਰਦਾ ਅਤੇ ਲੀੜਾ ਕਪੜਾ ਤੁਹਾਡੀ ਮਾਨਸਿਕਤਾ ਨੂੰ ਭੜਕਾਉਣ ਵਿਚ ਅਵਸ਼ ਸਹਾਈ ਹੁੰਦਾ। ਚਾਰ ਘੰਟੇ ਸੀਸ਼ੇ ਅਗੇ ਖੜ ਕੇ ਆਈ ਔਰਤ ਖੁਦ ਨਾਲ ਕਿਥੇ ਇਕਮਿੱਕ ਹੋ ਲਊ ਅਤੇ ਸਹਿਜ, ਸਬਰ, ਸੰਤੋਖ ਕਿਥੇ ਜਿੰਦਗੀ ਵਿਚ ਉਤਰ ਜਾਊ ਧਿਆਨ ਤਾਂ ਸਾਰਾ ਇਥੇ ਫੋਕਸ ਕਿ ਕੌਣ ਦੇਖ ਰਿਹਾ ਕਿਵੇਂ ਦੇਖ ਰਿਹਾ ਪਰ ਜਦ ਕੋਈ ਲੰਡਰ ਸਚ ਹੀ ਦੇਖਦਾ ਤਾਂ ਰੌਲਾ ਕਾਹਦਾ ਦਿਖਣ ਖਾਤਰ ਹੀ ਤਾਂ ਚੁੰਨੀ ਲਾਹੀ ਸੀ ਮੈਂ ਹੁਣ ਦੇਖਣ ਦਿਓ। ਨਹੀਂ?❓


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top