Share on Facebook

Main News Page

⚠️ ਬੱਕਰੀ, ਤਕੜੀ, ਕੱਟਾ ਅਤੇ ਮੰਜਾ
-: ਗੁਰਦੇਵ ਸਿੰਘ ਸੱਧੇਵਾਲੀਆ
10.03.2022
#GurdevSingh #Sadhewalia #PunjabElections2022 #BhagwantMann #Channi #AmrinderSingh #Sidhu #Moosewala #Rajewal

ਦੁੱਧ ਨਾ ਬੱਕਰੀ ਹੇਠ ਨਿਕਲਿਆ ਨਾ ਹੀ ਬਲੀ ਚਾਹੜਿਆ ਪੰਡਤ ਦਾ ਕੱਟਾ ਕਿਸੇ ਕੰਮ ਆਇਆ। ਸੁਖਣਾਂ ਤਾਂ ਸੁੱਖੇ ਕਿਆਂ ਵੀ ਬੜੀਆਂ ਸੁਖੀਆਂ ਹੋਣੀਆਂ ਪਰ ਤਕੜੀ ਦੀਆਂ ਤੜਾਵਾਂ ਟੁੱਟ ਕੇ ਔਹ ਗਈਆਂ।

ਓਧਰ ਮਾਨ ਕੀ ਬਾਲਟੀ ਵੀ ਮੂਧੀ ਵੱਜ ਗਈ, ਪਰ ਚਲੋ ਇਹ ਕਿਹੜਾ ਨਵੀਂ ਵੱਜੀ ਪਰ ਦੀਪ ਕਰਕੇ ਪਹਿਲੀ ਵਾਰੀ ਅਫਸੋਸ ਹੋਇਆ ਕਿ ਵਜਣੀ ਨਹੀਂ ਸੀ ਚਾਹੀਦੀ, ਕਿਓਂਕਿ ਇਸ ਵਾਰੀ ਮਾਮਲਾ ਮਾਨ ਦਾ ਹੈ ਹੀ ਨਹੀਂ ਸੀ।

ਮੰਜੇ ਵਾਲਿਆਂ ਦਾ ਤਾਂ ਸਿਰ ਹੀ ਪੈਂਦ ਵਿਚ ਫਸ ਗਿਆ 40 ਸਾਲ ਦੇ ਤਜਰਬੇ ਵਾਲੇ ਉਸ ਬਾਬੇ ਨੂੰ ਤਾਂ ਕਹਿੰਦੇ ਘਰ ਦੀਆਂ ਵੀ ਪੂਰੀਆਂ ਵੋਟਾਂ ਨਹੀਂ ਪਈਆਂ, ਪਰ ਚਲੋ ਹੁਣ ਕੁਝ ਚਿਰ ਟਿਕਿਆ ਰਹੂ ਬਾਹਰੋਂ ਹਿੱਸੇ ਆਈ ਉਨ ਚੋਣਾਂ ਵਿਚ ਲੁਹਾ ਬੈਠਾ ਹੋਣਾ।

ਕਾਮਰੇਡ ਸ਼ੈਤਾਨ ਅਤੇ ਹੰਡੇ ਸਨ, ਓਹ ਸਮਝਦੇ ਸਨ ਕਿ ਦਿਲੀ ਵਾਲਾ ਇਕੱਠ ਸਾਡੀ ਨਹੀ ਹੋਰ ਈ ਸਾਧ ਦੀ ਭੂਰੀ ਤੇ ਸੀ ਲੋਕ ਤਾਂ ਫਸੇ ਹੀ ਬਲਾ ਬਲਾ ਕਰੀ ਜਾਂਦੇ ਸਨ ਬਿਹਤਰ ਹੈ ਅਪਣੀ ਇਜਤ ਬਚਾਓ ਨਹੀ ਤਾਂ ਮਗਰੋਂ ਮੂਸੇ ਤਰਾਂ ਰੋਦਾ ਜਿਆ ਮੂੰਹ ਬਣਾ ਕੇ ਜੂ ਕਰਦੇ ਫਿਰਨਾ ਕਿ ਲੋਕਾਂ ਨਾਲੇ ਮੈਨੂੰ ਚੂੰਡੀਆਂ ਵੱਡੀਆਂ ਨਾਲੇ ਜਬਰਦਸਤੀ ਕੀਤੀ। ਮੂਸਾ ਅਤੇ ਮੰਜਾ ਤਾਂ ਹਵਾ ਵਿੱਚ ਹੀ ਰਗੜੇ ਗਏ ਜਿਹੜੇ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਸਨ ਕਿ ਸੀਟੀਆਂ ਵਾਲੀਆਂ ਭੀੜਾਂ ਹਵਾ ਈ ਹੁੰਦੀਆਂ ਅਤੇ ਹਵਾਵਾਂ ਬਕਸਿਆਂ ਵਿਚ ਨਹੀਂ ਪੈਦੀਆਂ।
ਅਮਰੀਕਾ ਵਾਲਾ ਡਾਕਟਰ ਵੀ ਤੇਜ ਨਿਕਲਿਆ ਓਹ ਪਾ ਕੇ ਬੈਗੀ ਜਿਹੀ ਗਲ 'ਅਖੇ ਹਮ ਯੂਕਰੇਨ ਜਾ ਰਹੇ ਹੈਂ' ਬਹਿ ਬਹਿ ਨਿਕਲ ਗਿਆ, ਸਿੱਧਾ ਅਮਰੀਕਾ ਜਾਂਦਾ ਤਾਂ ਲੋਕਾਂ ਰਾਜੇਵਾਲ ਵਾਲੀ ਮੰਜੀ ਉਸ ਦੇ ਗਲ ਵੀ ਪਾਈ ਫਿਰਨੀ ਸੀ। ਹੁਣ ਚਾਰ ਕੁ ਮੂਰਤੀਆਂ ਯੂਕਰੇਨ ਦੀਆਂ ਖਿਚਾ ਕੇ ਅਮਰੀਕਾ ਬੈਠਾ ਕਿਸ਼ਤਾਂ ਵਿਚ ਪਾਈ ਜਾਇਆ ਕਰੂ ਕਿ ਅਜ ਕਿੰਨੇ ਟੀਕੇ ਲਾਏ ਅਤੇ ਕਲ ਕਿੰਨੀਆਂ ਗੋਲੀਆਂ ਵੰਡੀਆਂ।

ਮੈਂ ਕੁੱਝ ਚਿਰ ਪਹਿਲਾਂ ਵੀ ਲਿਖਿਆ ਸੀ ਕੀ ਡੈਮੋਕ੍ਰੇਸੀ ਬੰਦੇ ਨਾਲ ਕੀਤਾ ਜਾਂਦਾ ਇਕ ਡਰਾਮਾ ਹੈ ਯਾਣੀ ਕੂਕਰ ਦੀ ਸੀਟੀ ਕਿ ਬੰਦੇ ਅੰਦਰਲੀ ਬਗਾਵਤ ਨੂੰ ਫਟਣ ਤੋਂ ਬਚਾਇਆ ਜਾ ਸਕੇ ਕਿ ਪੰਜ ਚਾਰ ਸਾਲ ਬਾਅਦ ਢਕਣ ਚੁਕ ਦਿਓ ਅੰਦਰਲਾ ਗੁਭ ਗੁਲਾਟ ਨਿਕਲ ਜਾਏ ਅਤੇ ਬੰਦਾ ਅਗਲੇ ਪੰਜ ਸਾਲਾਂ ਲਈ ਠਰਿਆ ਰਹੇ ਨਹੀ ਤਾਂ ਚੋਣਾਂ ਵਿਚ ਕਢਣ ਪਾਓਂਣ ਨੂੰ ਕਖ ਨਹੀ ਹੁੰਦਾ ਬਸ ਛਿਤਰ ਹੀ ਬਦਲਦਾ।

ਝਾੜੂ ਲੋਕਾਂ ਦੀ ਮਜਬੂਰੀ ਸੀ, ਪਰ ਜਦ ਅਸੀਂ ਕਹਿੰਨੇ ਝਾੜੂ ਰਾਹੀ ਲਾਲਾ ਪੰਜਾਬ 'ਤੇ ਰਾਜ ਕਰੂ ਤਾਂ ਅਸੀਂ ਇਕ ਗਲ ਭੁਲ ਜਾਨੇ ਕਿ ਪੰਜਾਬ ਉਪਰ ਰਾਜ ਹਮੇਸ਼ਾਂ ਦਿਲੀ ਦਾ ਹੀ ਰਿਹਾ ਅਤੇ ਰਹਿਣਾ ਚਾਹੇ ਓਹ ਬਾਦਲਾਂ ਰਾਹੀਂ ਕੈਪਟਨਾ ਜਾਂ ਭਗਵੰਤ ਰਾਹੀਂ ਹੋਵੇ ਲਾਲਾ ਕੋਈ ਨਵਾਂ ਜਿੰਨ ਨਹੀਂ ਨਿਕਲਿਆ ਬੋਤਲ 'ਚੋਂ।

ਬਾਕੀ ਜਿਤ ਹਾਰ ਦੀ ਖਾਧੀ ਕੜੀ, ਪਰ ਪੰਜਾਬ ਦੀਆਂ ਇਨਾ ਚੋਣਾਂ ਬਾਅਦ ਮਨ ਨੂੰ ਇਕ ਤਸੱਲੀ ਜਿਹੀ ਹੋਈ ਕਿ ਪੰਜਾਬ ਦੇ ਲੋਕ ਮਨਾ ਵਿਚੋਂ ਹਾਲੇ ਗੁਰੂ ਗ੍ਰੰਥ ਸਾਹਿਬ ਦਾ ਆਦਰ ਮਾਣ ਮਰਿਆ ਨਹੀਂ ਕਿਓਂਕਿ ਜਿਸ ਤਰੀਕੇ ਇਸ ਵਾਰੀ ਪੰਜਾਬ ਨੇ ਬਾਦਲਾਂ ਦੀ ਮਕਾਣ ਲਾਹੀ ਅਜਿਹਾ ਪਲਟਾ ਪਹਿਲਾਂ ਕਦੇ ਨਾ ਸੀ ਵਜਿਆ।

ਝਾੜੂ ਚੁਕੀ ਰਖੋ ਜਾਂ ਤਕੜੀ, ਪਰ ਯਾਦ ਰਖਿਓ ਨਾ ਕਿਸੇ ਤੁਹਾਡੇ ਪਾਣੀ ਦੀ ਗਲ ਕਰਨੀ ਨਾ ਕਿਸੇ ਤੁਹਾਡੀ ਬੰਜਰ ਹੋ ਰਹੀ ਧਰਤੀ ਦੀ। ਨਾ ਤੁਹਾਡੇ ਉਪਰ ਵਜ ਰਹੇ ਡਾਕਿਆਂ ਦੀ ਨਾ ਤੁਹਾਡੇ ਘਰੋਂ ਬੇਘਰ ਹੋ ਰਹੇ ਨਿਆਣਿਆਂ ਦੀ।

ਤੁਹਾਡੀ ਹਸਤੀ ਅਤੇ ਹੋਣੀ ਤਾਂ ਬਹੁਤ ਦੂਰ ਦੀਆਂ ਗਲਾਂ ਨੇ ਕਿਓਂਕਿ ਹਸਤੀ ਅਤੇ ਹੋਣੀ ਦੀਆਂ ਬਾਤਾਂ ਪਾਓਣ ਵਾਲਿਆਂ ਦੀ ਸਫ ਤਾਂ ਇਸ ਦੁਨੀਆਂ ਤੋਂ ਵਲੇਟ ਸੁਟਦੇ ਨੇ ਜਾਂ ਬਦਨਾਮ ਹੀ ਇਨਾ ਕਰ ਦਿੰਦੇ ਨੇ ਕਿ ਬੰਦਾ ਖੁਦ ਅਪਣਿਆਂ ਦੇ ਹੀ ਹਲਕ ਹੇਠੋਂ ਲੰਘਣਾ ਔਖਾ ਹੋ ਜਾਂਦਾ ਅਤੇ ਬੇਗੈਰਤ ਮਿੱਟੀ ਦੇ ਲੋਕ ਕੁੱਟ ਖਾ ਕੇ ਖੁਦ ਹੀ ਕਹੀ ਜਾਣਗੇ ਕਿ ਇਹ ਤਾਂ ਸਾਡੇ ਪੈਣੀਆਂ ਹੀ ਸਨ।

ਫਿਰ ਕਹਾਂ ਝਾੜੂ ਦਾ ਫਿਰਨਾ ਲੋਕਾਂ ਦੀ ਮਜਬੂਰੀ ਹੈ ਕਿ ਚਲੋ ਮਾੜਿਆਂ ਵਿਚੋਂ ਸ਼ਾਇਦ ਘੱਟ ਮਾੜੇ ਹੋਣਗੇ ਬਾਕੀ ਵਰਤੇ ਤੇ ਪਤਾ ਲਗੂ ਪਰ ਫਿਕਰਮੰਦ ਨਾ ਹੋਵੋ ਪੰਜਾਬ ਮਰਦਾ ਨਹੀਂ ਕਿਓਂਕਿ ਇਹ ਗੁਰਾਂ ਦਾ ਨਾਂ 'ਤੇ ਜਿਓਂਦਾ ਹੈ ਅਤੇ ਰਹੇਗਾ। ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top