Share on Facebook

Main News Page

👳 ਪੰਜਾਬੀ ਦਾ ਦਿਨ
-: ਗੁਰਦੇਵ ਸਿੰਘ ਸੱਧੇਵਾਲੀਆ
 21.02.2022
#KhalsaNews #GurdevSingh #Sadhewalia #PunjabiDay

⚠️ ਪਰ ਅਪਣੀ ਮਾਂ ਦਾ ਦਿਨ ਸਾਲ ਬਾਅਦ ਮਨਾਓਂਣ ਵਾਲੀਆਂ ਕੌਮਾਂ ਅਪਣੀ ਬੋਲੀ ਨੂੰ ਜਿਆਦਾ ਚਿਰ ਜਿੰਦਾ ਨਹੀਂ ਰੱਖ ਸਕਦੀਆਂ, ਕਿਓਂਕਿ ਤੁਹਾਡੀ ਬੋਲੀ ਓਹ ਕੋਮਲ ਬੂਟਾ ਹੈ ਜਿਸ ਨੂੰ ਹਰ ਦਿਨ ਹਰ ਸਮੇ ਪਾਣੀ ਅਤੇ ਖੁਰਾਕ ਅਤੇ ਸਾਵਧਾਨੀ ਦੀ ਲੋੜ ਹੈ।

ਮੇਰਾ ਮਿੱਤਰ ਇਕ Realtor (Property dealer) ਹੈ, ਉਸ ਦੀ Brokerage ਗੁਜਰਾਤੀ ਦੀ ਹੈ। ਉਸ ਦਫਤਰ ਅਪਣੇ ਹਮਕੋ ਤੁਮਕੋ ਵਾਲੀਆਂ ਕੁੜੀਆਂ ਰਖੀਆਂ ਹੋਈਆਂ ਸਨ ਜਦ ਕਿ ਵਪਾਰ ਸਾਰਾ ਪੰਜਾਬੀ ਲਿਆ ਕੇ ਦੇ ਰਹੇ ਸਨ। ਪਰ ਮਿਤਰ ਮੇਰਾ ਸਿਧਾ ਦੇਸੀ ਪੰਜਾਬੀ ਵਿਚ ਡਾਂਡੇ ਮੀਂਡੇ ਹੋ ਪੈਂਦਾ ਤਾਂ ਇਕ ਦਿਨ ਕੁੜੀ ਇਕ ਕਹਿੰਦੀ ਅੰਗਰੇਜੀ ਜਾਂ ਹਿੰਦੀ ਬੋਲਿਆ ਕਰ ਤਾਂ ਓਹ ਕਹਿੰਦਾ ਚੰਗਾ ਫਿਰ ਆਹਾ ਚਕ ਅਪਣੀ ਹਿੰਦੀ ਅਤੇ ਓਹ ਓਥੋਂ ਅਲਵਿਦਾ ਕਰਕੇ ਹੋਰ ਕਿਤੇ ਚਲਾ ਗਿਆ।

ਮਹੀਨੇ ਕੁ ਬਾਅਦ ਗੁਜਰਾਤੀ ਮਾਲਕ ਦਾ ਫੋਨ ਆਇਆ ਕਿ ਮਿਸਟਰ ਸਿੰਘ ਵਾਪਸ ਆ ਜਾਹ ਮੈਂ ਪੰਜਾਬੀ ਕੁੜੀਆਂ ਰਖ ਲਈਆਂ।

ਮੇਰੀ ਫਾਰਮੇਸੀ ਵਾਲੀ ਹਿੰਦੂ ਕੁੜੀ ਸੀ ਓਹ ਪੰਜਾਬੀ ਵੀ ਚੰਗੀ ਬੋਲ ਲੈਂਦੀ ਸੀ ਪਰ ਉਸ ਦੀ ਗਰਾਰੀ ਬਦੋ ਬਦੀ ਹਿੰਦੀ ਤੇ ਜਾ ਚੜਦੀ ਸੀ ਤਾਂ ਮੈਂ ਕਿਹਾ ਕੁੜੀਏ ਜੇ ਮੇਰੇ ਨਾਲ ਹਮਕੋ ਤੁਮਕੋ ਕੀਤੀ ਤਾਂ ਮੈਂ ਫਾਰਮੇਸੀ ਬਦਲ ਲੈਣੀ ਅਤੇ ਮਜਾਲ ਓਹ ਹਿੰਦੀ ਬੋਲ ਗਈ ਹੋਵੇ।

ਤੁਸੀਂ ਅਸੀਂ ਇਥੇ ਕਨੇਡਾ ਵਿਚ ਆਏ ਹਾਂ ਗੋਰਿਆਂ ਪੰਜਾਬੀ ਨਹੀਂ ਸਿਖੀ ਤੁਸੀਂ ਅੰਗਰੇਜੀ ਨੂੰ ਮੂੰਹ ਮਾਰਨਾ ਸਿਖਿਆ ਪਰ ਪੰਜਾਬ ਵਿਚ ਆਏ ਬਈਆਂ ਨੇ ਤੁਹਾਡੀ ਬੋਲੀ ਦੀ ਅਜਿਹੀ ਜਹੀ ਤਹੀ ਫੇਰੀ ਕਿ ਪਿੰਡਾਂ ਵਾਲੇ ਬਈਆਂ ਨਾਲ ਹਮਕੋ ਤੁਮਕੋ ਕਰਦੇ ਅਪਣੀ ਬੋਲੀ ਹੀ ਵਿਗਾੜ ਕੇ ਬੈਠ ਗਏ।

ਮੈਂ ਬੈਂਕ ਗਿਆ ਕਦੇ ਅੰਗਰੇਜੀ ਨਹੀਂ ਬੋਲਦਾ ਜੇ ਕੁੜੀ ਅਪਣੀ ਬੈਠੀ ਹੋਵੇ ਕਿਓਂਕਿ ਓਨੀ ਰਖੀਆਂ ਹੀ ਤੁਹਾਡੀ ਸਹੂਲਤ ਲਈ ਨੇ ਤਾਂ ਮੈਂ ਕਿਓਂ ਅਡੀਆਂ ਚੁਕ ਚੁਕ ਡਬਲਯੂ ਅਪਣੇ ਸੰਘ ਵਿਚ ਫਸਾਈ ਫਿਰਾਂ ਤਾਂ ਇਕ ਵਾਰੀ ਪੰਜਾਬੀ ਜਾਪਦੀ ਕੁੜੀ ਹਿੰਦੀ ਨਿਕਲੀ ਤਾਂ ਪੰਜਾਬੀ ਉਸ ਦੇ ਸਮਝ ਨਾ ਆਈ ਤਾਂ ਕਹਿੰਦੀ ਪੰਜਾਬੀ ਮੈਨੂੰ ਆਓਂਦੀ ਨਹੀਂ ਮੈਂ ਕਿਹਾ ਹਿੰਦੀ ਆਓਂਦੀ ਤਾਂ ਕਹਿੰਦੀ ਆਓਂਦੀ ਮੈਂ ਕਿਹ ਚਲ ਤੂੰ ਆਵਦੀ ਹਿੰਦੀ ਬੋਲੀ ਚਲ ਮੈਂ ਅਪਣੀ ਪੰਜਾਬੀ ਤਾਂ ਕਹਿੰਦੀ ਪੰਜਾਬੀ ਮੇਰੇ ਸਮਝ ਵੀ ਨਹੀਂ ਆਓਂਦੀ ਤਾਂ ਮੈਂ ਕਿਹਾ ਚਲ ਫਿਰ ਤੁਰ ਇਥੋਂ ਹੋਰ ਕੋਈ ਭੇਜ ਮੈਨੂੰ ਨਾ ਅੰਗਰੇਜੀ ਆਓਂਦੀ ਨਾ ਹਿੰਦੀ ਤਾਂ ਚੰਗੀ ਭਲੀ ਪੰਜਾਬੀ ਸਮਝ ਆ ਗਈ ਉਸ ਦੇ।

ਜਦ ਮੈਂ ਅਪਣੀ ਬੋਲੀ ਦੀ ਗਲ ਕਰਦਾਂ ਤਾਂ ਬੋਲੀ ਪ੍ਰਤੀ ਮੈਨੂੰ ਕਟੜ ਹੋਣਾ ਪਵੇਗਾ ਨਹੀਂ ਤਾਂ ਸੰਸਾਰ ਦੀਆਂ ਮਰ ਰਹੀਆਂ ਬੋਲੀਆਂ ਵਿਚ ਇਕ ਮੇਰੀ ਬੋਲੀ ਵੀ ਹੋਵੇਗੀ।

ਸਾਡੀ ਸਮੱਸਿਆ ਕਹੋ ਜਾਂ ਹੀਣ ਭਾਵਨਾ ਜਾਂ ਅਣਗਹਿਲੀ ਕਿ ਛੋਟੀ ਜਿਹੀ ਗਲੇ ਆ ਨਿਕਲ ਬਾਹਰ ਵਰਗੀ ਕਾਹਲੀ ਤਰਾਂ ਅਗਲਾ ਮਾੜਾ ਜਿਹਾ ਵੀ ਹਮਕੋ ਤੁਮਕੋ ਕਰਨ ਲਗੇ ਤਾਂ ਅਸੀਂ ਝਟ ਦੇਣੀ ਅਪਣੀ ਬੋਲੀ ਛੱਡਕੇ ਅਗਲੇ ਦੀ ਉਗਲ ਫੜ ਬੈਠਦੇ ਹਾਂ ਜਿਵੇਂ ਮੇਰੀ ਬੋਲੀ ਹਾਲੇ ਬਹੁਤ ਨਿਆਣੀ ਹੋਵੇ ਅਤੇ ਹਿੰਦੀ ਮਗਰ ਵਟੇ ਵਟ ਹੋਣਾ ਇਸ ਦਾ ਜਰੂਰੀ ਹੋਵੇ।

ਤੁਸੀਂ ਕਹੋਂਗੇ ਅੰਗਰੇਜੀ ਵੀ ਤਾਂ ਬੋਲਦੇ ਈ ਆਂ ਹਿੰਦੀ ਨਾਲ ਕੀ ਫਰਕ ਪੈਂਦਾ ਪਰ ਯਾਦ ਰਖਣਾ ਤੁਹਾਡੇ ਉਪਰ ਰਾਜ ਹੁਣ ਅੰਗਰੇਜੀ ਨਹੀਂ ਹਿੰਦੀ ਵਾਲੇ ਕਰ ਰਹੇ ਨੇ ਅਤੇ ਜਿਹੜੀ ਬੋਲੀ ਤੁਹਾਡੇ ਉਪਰ ਰਾਜ ਰਹੀ ਹੋਵੇ ਓਹ ਤੁਹਾਡੀਆਂ ਨਸਲਾਂ ਯਾਣੀ ਤੁਹਾਡੀ ਕੌਮੀਅਤ ਲਈ ਅਤ ਖਤਰਨਾਕ ਹੋਇਆ ਕਰਦੀ ਜਿਹੜੀ ਤੁਹਾਡੀ ਬੋਲੀ ਤੋਂ ਲੈ ਕੇ ਤੁਹਾਡੇ ਕਲਚਰ, ਤੁਹਾਡੇ ਰਹਿਣ ਸਹਿਣ ਅਤੇ ਇਤਹਾਸ ਤਕ ਦਾ ਸਾਹ ਘੁਟ ਕੇ ਰਖ ਦਿੰਦੀ।

ਜੇ ਪੰਜਾਬੀ ਨੂੰ ਮਾਂ ਕਿਹਾ ਤਾਂ ਇਸ ਮਾਂ ਨੂੰ ਸੋ ਕਾਲ ਮਾਸੀ ਦੇ ਜਹਿਰੀਲੇ ਡੰਗਾਂ ਤੋਂ ਬਚਾਓਣ ਲਈ ਤੁਹਾਨੂੰ ਅਪਣੀ ਬੋਲੀ ਪ੍ਰਤੀ ਕਟੜ ਹੋਣਾ ਪਵੇਗਾ।

👉 ਯਾਦ ਰਹੇ ਜਿਹੜੀਆਂ ਕੌਮਾਂ ਅਪਣੀ ਬੋਲੀ ਪ੍ਰਤੀ ਹੀਣਭਾਵਨਾ ਵਿਚ ਉਤਰ ਜਾਣ ਅਤੇ ਲਾਈਲਗ ਹੋ ਕੇ ਹਮਕੋ ਤੁਮਕੋ ਕਰਨ ਲਗ ਜਾਣ, ਤਾਂ ਓਹ ਅਪਣੀ ਮਾਂ ਦਾ ਗਲ ਖੁਦ ਘੁਟਣ ਦੇ ਗੁਨਾਹ ਤੋਂ ਬਚ ਨਹੀਂ ਸਕਦੀਆਂ। ਕਿ ਸਕਦੀਆਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top