Share on Facebook

Main News Page

ਗੁਲਾਮ, ਗੁਲਾਮੀ ਅਤੇ ਮੂਰਤੀ
-: ਗੁਰਦੇਵ ਸਿੰਘ ਸੱਧੇਵਾਲੀਆ 05.07.2012
#KhalsaNews #GurdevSingh #Sadhewalia #Idol #Statue #GuruNanak #Ghulam #Nanaksar

ਚਿਰ ਦੀ ਗੱਲ ਹੈ ਦੋ ਖ਼ਬਰਾਂ ਬੜੀਆਂ ਚਰਚਾ ਵਿਚ ਰਹੀਆਂ ਇੱਕ ਤਮਾਕੂ ਦੇ ਗੁਟਕੇ ਉਪਰ ਗੁਰੂ ਨਾਨਕ ਸਾਹਿਬ ਦੀ ਅਖੌਤੀ ਮੂਰਤੀ ਤੇ ਦੂਜੀ ਵੀ ਇਸ ਨਾਲ ਹੀ ਰਲਦੀ-ਮਿਲਦੀ ਜਿਹੜੀ ਬਾਹਰ ਕਿਸੇ ਗੋਰੇ ਨੇ ਗੁਰੂ ਨਾਨਕ ਸਾਹਿਬ ਦੇ ਹੱਥ ਵਿਚ ਮੂਵੀ ਕੈਮਰਾ ਫੜਾਇਆ ਹੋਇਆ। ਤੇ ਤੀਜੀ ਹੁਣ ਹੈ ਜਿਹੜੀ ਗੁਰੂ ਸਾਹਿਬ ਦੀ ਆਦਮ ਕੱਦ ਪੱਥਰ ਦੀ ਮੂਰਤੀ।

ਤਮਾਕੂ ਵਾਲੀ ਖ਼ਬਰ ਦੇ ਹੇਠ 'ਖਾਲਸਾ ਨਿਊਜ' ਉਪਰ ਕਿਸੇ ਭਰਾ ਦਾ 'ਕਮੈਂਟਸ' ਸੀ ਜਿਸ ਦਾ ਸਿੱਧਾ ਅਰਥ ਸੀ ਕਿ ਇਹ ਸਭ ਕੁਝ ਗੁਲਾਮੀ ਕਾਰਨ ਹੈ ਤੇ ਗੁਲਾਮ ਕੁਝ ਨਹੀਂ ਕਰ ਸਕਦਾ ਹੁੰਦਾ।

ਪਰ ਗੁਲਾਮ ਕਿਸਦਾ? ਦਿੱਲੀ ਦਾ ? ਹਿੰਦੂ ਦਾ? ਪਰ ਦਿੱਲੀ ਜਾਂ ਹਿੰਦੂ ਨੇ ਤਾਂ ਮੇਰੇ ਘਰ ਮੂਰਤੀ ਨਹੀਂ ਸਜਾਈ। ਕਿਸ ਨੇ ਕਿਹਾ ਮੂਰਤੀ ਸਜਾਉਣ ਨੂੰ ਮੈਨੂੰ, ਸ੍ਰੀ ਗੁਰੂ ਗਰੰਥ ਸਾਹਿਬ ਨੇ ਜਾਂ ਖੁਦ ਗੁਰੁ ਨਾਨਕ ਸਾਹਿਬ ਨੇ? ਜੇ ਕਿਸੇ ਵੀ ਨਹੀਂ ਤਾਂ ਇਹ ਮੂਰਤੀ ਆਈ ਕਿਥੋਂ? ਜੇ ਇਹ ਮੂਰਤੀ ਹੁੰਦੀ ਹੀ ਨਾ, ਤੇ ਮੈਂ ਕੀ ਮੰਨ ਲਿਆ ਕਿ ਇਹੀ ਮੂਰਤੀ ਗੁਰੂ ਨਾਨਕ ਸਾਹਿਬ ਦੀ ਹੈ? ਇਸ ਮੰਨ ਲੈਣ ਨੇ ਹੀ ਅੱਜ ਪੱਥਰਾਂ ਦੇ ਬੁੱਤ ਬਣਾਉਂਣੇ ਸ਼ੁਰੂ ਕਰ ਦਿੱਤੇ ਹੋਏ ਨੇ। ਯਾਦ ਰਹੇ ਕਿ ਬੁੱਧ ਧਰਮ ਬੁੱਤ ਪੂਜਾ ਦਾ ਕੱਟੜ ਵਿਰੋਧੀ ਪਰ ਅੱਜ ਖੁਦ ਬੁੱਧ ਦੇ ਬੁੱਤ ਅਸਮਾਨ ਛੂੰਹਦੇ। ਇਹ ਕੋਈ ਦੋ-ਚਾਰ-ਪੰਜ ਸਾਲਾਂ ਵਿਚ ਹੀ ਨਹੀਂ ਸੀ ਹੋਇਆ। ਹਜਾਰਾਂ ਸਾਲ ਲੱਗ ਗਏ ਬੁੱਧ ਦੇ ਬੁੱਤ ਖੜੇ ਕਰਨ ਲਈ। ਤੁਹਾਨੂੰ ਤਾਂ ਹਾਲੇ ਪੰਜ ਸੌ ਸਾਲ ਹੀ ਹੋਇਆ ਤੇ ਤੁਸੀ ਬੁੱਤ ਖੜੇ ਕਰ ਵੀ ਲਏ।

ਮੈਂ ਜਦ ਮੰਨ ਹੀ ਲਿਆ ਕਿ ਮੂਰਤੀ ਵਾਲਾ ਗੁਰੂ ਮੇਰਾ ਹੈ ਤਾਂ ਬੁੱਤ ਤਾਂ ਖੜੇ ਹੋਣਗੇ ਹੀ। ਮੂਰਤੀ ਨੇ ਤਾਂ ਮੂੰਹੋਂ ਨਹੀਂ ਨਾ ਬੋਲਣਾ ਕਿ ਮੈਂ ਕਿਸਦੀ ਮੂਰਤੀ ਹਾਂ। ਬੁੱਤ ਕਦੇ ਬੋਲਿਆ? ਬੁੱਤ ਕਿਵੇਂ ਦਸੂਗਾ ਕਿ ਮੈਂ ਗੁਰੂ ਨਾਨਕ ਸਾਹਬ ਦਾ ਬੁੱਤ ਹਾਂ, ਇਹ ਫੈਲਸਾ ਗੁਰੂ ਦਾ ਨਹੀਂ ਕਿ ਬੁੱਤ ਮੇਰਾ ਹੈ ਇਹ ਤਾਂ ਗੁਰੂ ਉਪਰ ਫੈਸਲਾ ਤੁਸੀਂ ਠੋਸਿਆ ਕਿ ਆਹ ਬੁੱਤ ਤੇਰਾ ਹੈ। ਯਾਣੀ ਤੁਸੀਂ ਹੀ ਫੈਸਲਾ ਕਰਨ ਵਾਲੇ ਹੋਏ ਨਾ ਗੁਰੂ ਦਾ ਕਿ ਬਾਬਾ ਤੂੰ ਓਹ ਨਹੀਂ ਜਿਹੜਾ ਗੁਰੂ ਗ੍ਰੰਥ ਸਹਿਬ ਵਿਚ ਬੁਤ ਤੋੜ ਰਿਹਾਂ ਹੈਂ ਬਲਕਿ ਤੂੰ ਖੁਦ ਹੀ ਬੁਤ ਹੈਂ।


ਬਾਬਾ ਜੀ ੳਪਣਾ ਕਹਿੰਦੇ ਮੈਂ ਆਹ ਨਹੀਂ ਹਾਂ ਪਰ ਤੁਸੀਂ ਕਹਿੰਨੇ ਨਾ ਯਾਣੀ ਤੁਸੀਂ ਜੱਜ ਗੁਰੂ ਮੁਲਜਮ। ਤੁਸੀਂ ਗੁਰੂ ਨੂੰ ਵੀ ਜੱਜ ਬਣਕੇ ਬੁੱਤਾਂ ਵਾਲੇ ਕਟਹਿਰੇ ਖੜੇ ਕਰ ਮਾਰਿਆ। ਤੁਹਾਡਾ ਗੁਰੂ ਦੇ ਬੁੱਤ ਯਾਣੀ ਮੂਰਤੀ ਅੱਗੇ ਖੜਕੇ ਅਰਦਾਸਾਂ ਕਰਨਾ ਗੁਰੂ ਨਾਲ ਧਰੋਹ ਹੈ ਗੁਰੂ ਨੇ ਕਦ ਕਿਹਾ ਕਿਥੇ ਕਿਹਾ ਕਿ ਆਹ ਬੁੱਤ ਮੇਰਾ ਹੈ। ਤੁਸੀਂ ਖੁਦ ਹੀ ਗੁਰੂ ਨੂੰ ਬਣਾਇਆ, ਉਸ ਦੀ ਮੂਰਤੀ ਬਣਾਈ, ਉਸ ਦਾ ਬੁੱਤ ਬਣਾਇਆ ਤੇ ਖੁਦ ਹੀ ਉਸ ਦੇ ਅਗੇ ਵਾਸਤੇ ਪਾਉਂਣ ਲੱਗੇ ਤਾਂ ਤੁਹਾਡੇ ਤੇ ਪੰਡੀਏ ਵਿਚ ਫਰਕ ਕੀ ਹੈ। ਉਸ ਵੀ ਪੱਥਰ ਦਾ ਰੱਬ ਬਣਾਇਆ ਖੁਦ ਦੇ ਬਣਾਏ ਰੱਬ ਅਗੇ ਖੁਦ ਹੀ ਕੋਡਾ ਹੋ ਲਿਆ ਯਾਣੀ ਬਣਨ ਵਾਲਾ ਵੱਡਾ ਘੜਨ ਵਾਲਾ ਛੋਟਾ। ਜਦ ਤੁਸੀਂ ਕਹਿੰਨੇ ਗੁਰੂ ਨਾਨਕ ਵੱਡਾ ਤਾਂ ਇਹ ਝੂਠ ਨਹੀਂ? ਵੱਡਾ ਬਣਾਉਂਣ ਵਾਲਾ ਹੁੰਦਾ ਨਾ ਕਿ ਬਣਨ ਵਾਲਾ। ਜਦ ਗੁਰੂ ਨਾਨਕ ਸਾਹਬ ਦੀ ਮੂਰਤੀ ਜਾਂ ਬੁੱਤ ਨੂੰ ਬਣਾਉਂਣ ਵਾਲੇ ਤੁਸੀਂ ਹੋ ਤਾਂ ਤੁਸੀਂ ਸਾਬਤ ਕੀਤਾ ਕਿ ਤੁਸੀਂ ਵੱਡੇ ਹੋ।
ਪੰਡੀਏ ਦੇ 'ਭਗਵਾਨ' ਵਾਂਗ ਅੱਜ ਜੇ ਤੇਰਾ ਮੇਰਾ ਸਭਨਾ ਦਾ ਨਾਨਕ ਪੈਰਾਂ ਹੇਠ ਰੱਖ ਕੇ ਛੈਣੀ-ਹਥੌੜਿਆਂ ਨਾਲ ਤਰਾਸ਼ਿਆ ਜਾ ਰਿਹਾ ਤਾਂ ਇਸ ਦੇ ਗੁਨਾਹਗਾਰ ਮੂਰਤੀ ਪੂਜਕ 'ਸੰਤ' ਤਾਂ ਹਨ ਹੀ ਪਰ ਮੈਂ ਖੁਦ ਵੀ ਹਾਂ ਜਿਹੜਾ ਇਨ੍ਹਾਂ ਗੁੰਗ ਬੋਲੇ ਬੁੱਤਾਂ ਅਤੇ ਮੂਰਤੀਆਂ ਨੂੰ ਅਪਣੇ ਘਰ ਦਾ ਸ਼ਿੰਗਾਰ ਬਣਾ ਰਿਹਾ ਹਾਂ ਤੇ ਮੰਨ ਲਿਆ ਕਿ ਇਹ ਮੂਰਤੀ ਗੁਰੂ ਨਾਨਕ ਸਾਹਬ ਜੀ ਦੀ ਹੈ। ਤੁਸੀਂ ਮੂਰਤੀ ਸਵੀਕਾਰ ਨਾ ਕਰਦੇ ਤਾਂ ਇਹ ਮੂਰਤੀਆਂ ਵਿਚੋਂ ਬੁੱਤ ਕਿਥੇ ਜਨਮਦੇ।

ਇਹ ਤਾਂ ਤੁਸੀਂ ਮੰਨਿਆਂ ਕਿ ਇਹ ਮੂਰਤੀ ਗੁਰੂ ਦੀ ਹੈ। ਇਹ ਤਾਂ ਦੇਖਣ ਵਾਲੇ ਦੱਸਣਾ ਕਿ ਇਹ ਕਿਸਦੀ ਮੂਰਤੀ ਹੈ। ਤੇ ਮੈਂ ਮੰਨ ਲਿਆ ਕਿ ਇਹ ਗੁਰੂ ਨਾਨਕ ਦੀ ਮੂਰਤੀ ਹੈ ਤੇ ਜੇ ਮੈਂ ਮੰਨ ਲਿਆ ਇਹੀ ਮੂਰਤੀ ਵਾਲਾ ਹੀ ਮੇਰਾ ਗੁਰੂ ਹੈ ਤਾਂ ਫਿਰ ਸ੍ਰੀ ਗੁਰੂ ਗਰੰਥ ਸਾਹਿਬ ਵਾਲੇ ਮੇਰੇ ਨਾਨਕ ਦਾ ਕੀ ਕਰੋਂਗੇ ਜਿਹੜਾ ਬੁੱਤ ਪੂਜਕ ਨੂੰ ਮੂਰਖ, ਮੁਗਧ ਤੇ ਗਵਾਰ ਕਹਿ ਰਿਹਾ!

ਮੈਂ ਕਹਿੰਨਾ ਮੈਨੂੰ ਹਿੰਦੂ ਨੇ ਗੁਲਾਮ ਕੀਤਾ, ਪਰ ਹਿੰਦੂ ਨੇ ਕਦ ਕਿਹਾ ਤੂੰ ਅਪਣੇ ਘਰ ਵਿਚ ਮੂਰਤੀਆਂ ਸਜਾ! ਕਿਹਾ? ਹਿੰਦੂ ਦੀ ਗੁਲਾਮੀ ਦਾ ਸਭ ਤੋਂ ਜਿਆਦਾ ਰੌਲਾ ਪਾਉਂਣ ਵਾਲਿਆਂ ਘਰ ਕੀ ਇਹ ਗੁੰਗੀਆਂ ਮੂਰਤੀਆਂ ਨਹੀਂ? ਉਹ ਬੁੱਤ, ਉਹ ਮੂਰਤੀ ਤਾਂ ਮੈਂ ਖੁਦ ਘਰੇ ਲੈ ਕੇ ਆਇਆ ਹਾਂ ਨਾ, ਖਰੀਦ ਕੇ ਯਾਣੀ ਗੁਰੂ ਨਾਨਕ ਨੂੰ ਖਰੀਦ ਕੇ। ਗੁਰੂ ਨਾਨਕ ਜੇ ਖਰੀਦਿਆ ਜਾ ਸਕਦਾ ਹੈ, ਵੇਚਿਆ ਜਾ ਸਕਦਾ ਹੈ ਤਾਂ ਵਿਕਣ ਵਾਲਾ ਵਡਾ ਕਿਵੇਂ ਹੋਇਆ। ਇਹ ਤੌਹੀਨ ਹੈ ਗੁਰੂ ਦੀ ਕਿ ਮੈਂ ਗੁਰੂ ਨਾਨਕ ਨੂੰ ਖਰੀਦ ਸਕਦਾ ਹਾਂ। ਜੇ ਮੂਰਤੀ ਬਣ ਕੇ ਅੱਜ ਬਜਾਰ ਵਿਚ ਗੁਰੂ ਵਿੱਕ ਰਿਹੈ ਤਾਂ ਇਸ ਵਿਚ ਕਿਸੇ ਦੀ ਕੀ ਸਾਜਸ਼ ਹੋ ਸਕਦੀ ਬਈ। ਹੋ ਸਕਦੀ?

ਗੁਰੂ ਨਾਨਕ ਦੀ ਮੂਰਤੀ ਦਾ ਖਰੀਦਾਰ ਕੌਣ ਹੈ, ਮੁਸਲਮਾਨ, ਹਿੰਦੂ, ਇਸਾਈ, ਤਾਂ ਫਿਰ ਮੈਂ ਹੀ ਹਾਂ ਨਾ। ਸਿੱਖ! ਮੂਰਤੀ ਦੇਖੋ ਮੈਨੂੰ ਪਰੋਸੀ ਕਿਵੇਂ ਗਈ। ਅਖੇ ਬਾਬਾ ਜੀ ਨੂੰ ਖੁਦ ਪ੍ਰਤਖ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ। ਮੂਰਤੀ ਬਣਾਉਂਣ ਲਈ!! ਪਰ ਜਿਹੜਾ ਦਰਸ਼ਨ ਦੇਣ ਆਇਆ ਉਹ 'ਬਾਬਿਆਂ' ਨੂੰ ਇਹ ਨਹੀਂ ਦੱਸ ਕੇ ਗਿਆ ਇਹ ਮੂਰਤੀਆਂ ਤਾਂ ਮੈਂ ਤੋੜ ਚੁੱਕਾਂ। ਇਥੋਂ ਸਾਬਤ ਹੁੰਦਾ ਸ੍ਰੀ ਗੁਰੂ ਗਰੰਥ ਸਾਹਿਬ ਉਪਰ ਰਾਜਾਈਆਂ-ਕੰਬਲ ਦੇਣ ਦੇ ਖੇਖਨ ਕਰਨ ਵਾਲੇ 'ਬਾਬਿਆਂ' ਕਦੇ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਖੋਹਲ ਕੇ ਨਹੀਂ ਦੇਖਿਆ ਜੇ ਦੇਖਿਆ ਹੁੰਦਾ ਤਾਂ ਇਨ੍ਹਾਂ ਗੁੰਗੇ ਬੋਲੇ ਬੁੱਤਾਂ ਬਾਰੇ ਜੋ ਲਾਹਨਤਾ ਸ੍ਰੀ ਗੁਰੂ ਜੀ ਦੀ ਬਾਣੀ ਨੇ ਪਾਈਆਂ ਉਹ ਜਰੂਰ ਜਾਣ ਲੈਂਦੇ ਤੇ ਉਨ੍ਹਾਂ ਦੇ ਡੇਰਿਆਂ ਵਿਚ ਇਨੇ ਵੱਡੇ ਮੂਰਤੇ ਨਾ ਖੜੇ ਹੁੰਦੇ। ਕਿ ਹੁੰਦੇ? ਮੂਰਤੀ ਮੇਰੀ ਕੌਮ ਦੀ ਕਮਜੋਰੀ ਬਣ ਚੁੱਕੀ।

ਮੈਂ ਮੂਰਤੀ ਤੋਂ ਬਿਨਾ ਹੁਣ ਨਹੀਂ ਰਹਿ ਸਕਦਾ। ਹਰੇਕ ਘਰ ਦਾ ਸ਼ਿੰਗਾਰ ਹੈ ਮੂਰਤੀ। ਮੂਰਤੀਂ ਤੋਂ ਬਿਨਾ ਤਾਂ 'ਸਿੱਖ' ਦਾ ਘਰ ਸੁੰਨਾ ਜਾਪਦਾ। ਯਾਦ ਰਹੇ ਕਿ ਉਹ ਰੋਜਾਨਾ ਮੂਰਤੀ ਅਗੇ ਸਿਰ ਨਹੀਂ ਝੁਕਾਉਂਦਾ ਬਲਕਿ ਗੁਰੂ ਦਾ ਮੂੰਹ ਚਿੜਾਉਂਦਾ ਹੈ। ਦੰਦੀਆਂ ਖਰਾਉਂਦਾ ਹੈ। ਜੁਬਾਨਾਂ ਕੱਢਦਾ ਹੈ। ਇੰਝ ਹੀ ਹੁੰਦਾ ਹੈ ਨਾ? ਕਿਉਂ ਨਹੀਂ ਹੁੰਦਾ? ਬੁੱਤ ਪੂਜਣ ਵਾਲੇ ਨੂੰ ਜਦ ਉਹੀ ਗੁਰੂ ਮੂਰਖ, ਮੁਗਧ, ਗਵਾਰ, ਅੰਨ੍ਹਾ, ਗੁੰਗਾ, ਬੋਲਾ ਕਹਿ ਰਹੇ ਹਨ ਤਾਂ ਉਸੇ ਗੁਰੂ ਦੀ ਮੂਰਤੀ ਬਣਾ ਕੇ ਜਦ ਮੈਂ ਮੱਥੇ ਟੇਕਦਾਂ ਤਾਂ ਇਹ ਬੇਇਜਤੀ ਹੀ ਤਾਂ ਕਰਨ ਹੈ ਗੁਰੂ ਦੀ।

ਮੇਰਾ ਇੱਕ ਮਿੱਤਰ ਹੈ ਹਾਲੇ ਕੁਝ ਦਿਨ ਹੀ ਹੋਏ ਮੂਰਤੀ ਸਬੰਧੀ ਚਲਦੀ ਗੱਲ ਵਿਚ ਕਹਿਣ ਲੱਗਾ ਕਿ ਮੈਂ ਤਾਂ ਚੱਕ ਕੇ ਸਾਰੀਆਂ ਮੂਰਤੀਆਂ ਗੁਰਦੁਆਰੇ ਰੱਖ ਆਦੀਆਂ ਕਿ ਚਲ ਕੋਈ ਸ਼ਰਧਾਵਾਨ ਲੈ ਜਾਏਗਾ! ਯਾਣੀ ਅਪਣੀ ਬਿਮਾਰੀ ਹੋਰ ਕਿਸੇ ਲਈ ਛੱਡ ਆਂਦੀ। ਮੈਂ ਕਿਹਾ ਗਾਰਬੇਜ਼ ਕਰ ਦਿੰਦਾ ਜਾਂ ਫੂਕ ਸੁਟਦਾ ਓਹ ਕਹਿੰਦਾ ਯਾਰ ਇਨਾ ਹੌਸਲਾ ਹੀ ਨਹੀਂ ਪਿਆ! ਕਿਉਂ? ਕਿਉਂਕਿ ਹਾਲੇ ਵੀ ਉਸ ਨੂੰ ਜਾਪਦਾ ਸੀ ਕਿ ਇਹ ਮੂਰਤੀ ਸਰਬ ਕਲਾ ਸਮਰਥ ਹੈ ਤੇ ਇਸ ਦੀ ਅਵੱਗਿਆ ਨਹੀਂ ਹੋ ਸਕਦੀ! ਯਾਣੀ ਗਲ ਅੰਦਰੋਂ ਨਿਕਲ ਕੇ ਹਲਕ ਵਿਚ ਫਸ ਗਈ!! ਮੈਂ ਹਿੰਦੂ ਤੋਂ ਤਾਂ ਅਜਾਦ ਹੋਣਾ ਚਾਹੁੰਦਾ ਪਰ ਉਸ ਦੀਆਂ ਆਦਤਾਂ ਤੋਂ ਨਹੀਂ।

ਸਰੀਰਕ ਗੁਲਾਮੀ ਇਨੀ ਘਾਤਕ ਨਹੀਂ ਹੁੰਦੀ ਜਿੰਨੀ ਮਾਨਸਿਕ। ਸਰੀਰ ਤਾਂ ਸ਼ਾਇਦ ਕਿਤੇ ਛੁੱਟ ਜਾਏ ਪਰ ਮਾਨਸਿਕਤਾ ਦੀ ਗੁਲਾਮੀ ਪੀਹੜੀਆਂ ਤੱਕ ਨਾਲ ਜਾਵੇਗੀ। ਤੁਸੀਂ ਛੁੱਟ ਹੀ ਨਹੀਂ ਸਕਦੇ। ਸਰੀਰ ਤਾਂ ਚਲੋ ਜੇ ਕਿਤੇ ਦੁਨੀਆਂ ਉਪਰ ਉੱਥਲ-ਪੁੱਥਲ ਹੋਵੇ ਤਾਂ ਅਜਾਦ ਹੋ ਜਾਵੇ ਪਰ ਸਿਰ ਨੂੰ ਕੋਈ ਦੁਨੀਆਂ ਦੀ ਤਾਕਤ ਅਜਾਦ ਨਹੀਂ ਕਰ ਸਕਦੀ। ਉਹ ਤਾਂ ਜਿਥੇ ਵੀ ਤੁਸੀਂ ਹੋਵੋਂਗੇ ਫੱਸੇ ਤੋਤਿਆਂ ਵਾਂਗ ਰਾਮ ਕਥਾ ਪੜੀ ਜਾਵੋਂਗੇ!! ਨਹੀਂ?

ਉਨੀ ਸ਼ੁਰੂ ਦੇਖੋ ਕਿਵੇਂ ਕੀਤਾ। 'ਬਾਬਿਆਂ' ਦੀਆਂ ਕਹਾਣੀਆਂ ਸੁਣਾ ਕੇ ਪਹਿਲਾਂ ਪ੍ਰਤਖ ਕੀਤਾ, ਫਿਰ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਤੇ ਫਿਰ ਪੇਂਟਰ ਸੱਦ ਕੇ ਮੂਰਤੀ ਬਣਵਾਈ। ਫਿਰ ਡੇਰਿਆਂ ਵਿਚ ਵੱਡੇ ਵੱਡੇ ਮੂਰਤੇ ਲਵਾਏ ਤੇ ਅੱਜ ਉਹੀ ਮੂਰਤੇ ਬੁੱਤਾਂ ਦਾ ਰੂਪ ਲੈ ਰਹੇ ਹਨ। ਤੇ ਯਾਦ ਰਹੇ ਕਿ ਆਉਂਣ ਵਾਲੇ ੫੦-੧੦੦ ਸਾਲਾਂ ਵਿਚ ਤੁਹਾਡੇ ਗੁਰਦੁਆਰੇ ਜੇ ਗੁੰਗੇ ਬੋਲੇ ਬੁੱਤਾਂ ਦੇ ਬੁੱਤ ਖਾਨੇ ਨਾ ਜੇ ਬਣ ਕੇ ਰਹਿ ਗਏ ਤਾਂ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top