Share on Facebook

Main News Page

ਪੰਜਾਬ ਦੇ ਕਾਮਰੇਡਾਂ ਦੀ ਦੁਬਿਧਾ
-: ਗੁਰਦੇਵ ਸਿੰਘ ਸੱਧੇਵਾਲੀਆ
19.10.2021
#KhalsaNews #GurdevSinghSadhewalia #Punjab #Comrades #BhagatSingh #Gandhi

ਕਾਮਰੇਡ ਇੱਕ ਹੱਥ ਨਾਲ ਗਾਂਧੀ ਦੀ ਬੱਕਰੀ ਦੀ ਪੂਛ ਫੜੀ ਬੈਠੇ, ਦੂਜਾ ਹੱਥ ਭਗਤ ਸਿੰਘ ਦੇ ਸਿੰਗਾਂ ਨੂੰ ਪਾਇਆ। ਦਿਲ ਕਰਦਾ ਗਾਂਧੀ ਦੀ ਪੂਛ ਨਾਲ ਲਮਕ ਆਓਂਦੇ ਨਹੀਂ ਤਾਂ ਭਗਤ ਸਿੰਘ ਦੇ ਸਿੰਗਾਂ ਨਾਲ ਪੀਂਘ ਪਾ ਬੈਠਦੇ। ਜਦ ਦਾ ਬੰਦੂਕ ਦੀ ਨਾਲੀ ਵਾਲਾ ਇਨਕਲਾਬ ਠੁੱਸ ਹੋਇਆ ਓਦੋਂ ਤੋਂ ਰਾਸ਼ਟਰਵਾਦੀ ਹੋ ਕੇ ਗਾਂਧੀਵਾਦੀ ਯਾਣੀ ਕਨੂੰਨ ਵਿਚ ਰਹਿਣ ਵਾਲੇ ਬੀਬੇ ਕਬੂਤਰ ਹੋ ਲਏ।

ਹੁਣ ਪਟਾਕਾ ਚਲੇ 'ਤੇ ਵੀ ਸ਼ਾਂਤੀ ਭੰਗ ਕਰ ਬੈਠਦੇ ਆਪਦੀ ਅਤੇ ਕਨੂੰਨ ਦਾ ਫਿਕਰ ਹੋਣ ਲਗਦਾ। ਭਗਤ ਸਿੰਘ ਬੰਬ ਮਾਰਕੇ ਸ਼ਾਂਤੀ ਭੰਗ ਕਰਦਾ ਤਾਂ ਇਨਕਲਾਬ ਸਿਖ ਕੋਈ ਪਟਾਕਾ ਚਲਾ ਦਏ ਤਾਂ ਅੱਤਵਾਦ। ਅਜਿਹੇ ਦੋਹਰੇ ਮਾਪਦੰਡ ਤਾਂ ਦੁਬਿਧਾ ਵਾਲੇ ਯਾਣੀ ਦੋਗਲੇ ਬੰਦੇ ਹੀ ਅਪਣਾ ਸਕਦੇ।

ਉਧਰ ਗਾਂਧੀ ਅਤੇ ਭਗਤ ਸਿੰਘ ਦਾ ਮੇਲ ਹੀ ਕੋਈ ਨਾ ਪਰ ਪੂਜਾ ਦੋਹਾਂ ਦੀ। ਇੱਕ ਦੀ ਸਿੱਧੇ ਦੂਜੀ ਅਸਿੱਧੇ। ਇਕ ਸ਼ਾਤੀਂ ਭੰਗ ਕਰਦਾ ਰਿਹਾ ਜਦਕਿ ਗਾਂਧੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਨਫਰਤ ਕਰਦਾ ਸੀ। ਕਾਮਰੇਡਾਂ ਨੂੰ ਸਮਝ ਨਹੀ ਆ ਰਹੀ ਭਗਤ ਸਿੰਘ ਰਖਣਾ ਜਾਂ ਗਾਂਧੀ ਯਾਣੀ ਇਨਕਲਾਬ ਜਾਂ ਰਾਸ਼ਟਰਵਾਦ। ਪਰ ਇਨਕਲਾਬ ਤਾਂ ਰੱਖ ਕੇ ਦੇਖ ਲਿਆ ਕਮਾਦਾਂ ਵਿਚ ਲੁਕਣਾ ਪੈਂਦਾ ਸੀ ਘਰਬਾਰ ਛਡਣਾ। ਪਰ ਰਾਸ਼ਟਰਵਾਦ ਵਿਚ ਫਾਇਦੇ ਈ ਫਾਇਦੇ। ਪਤਾ ਸਰਕਾਰ ਨੂੰ ਵੀ ਏ ਕਿ ਝੰਡੇ ਈ ਝੰਡੇ ਨੇ ਡੰਡਾ ਵਿਚ ਹੈ ਨੀ ਇਨਾ ਦੇ ਯਾਣੀ Boneless ਮੁਰਗੇ।

ਸਿੱਖਾਂ ਨਾਲ ਕਾਮਰੇਡਾਂ ਦੀ ਦੁਸ਼ਮਣੀ ਦਾ ਰਸਤਾ ਰਾਸ਼ਟਰਵਾਦ ਵਿਚਦੀ ਹੋ ਕੇ ਆਓਂਦਾ ਨਹੀਂ ਤਾਂ ਸਿੱਖਾਂ ਨੇ ਕਾਮਰੇਡਾਂ ਨੂੰ ਜਾਣਬੁਝ ਕੇ ਕੁਝ ਨਹੀ ਕਿਹਾ। ਖਾੜਕੂਵਾਦ ਵੇਲੇ ਵੀ ਖੁਦ ਕਾਮਰੇਡ ਹੀ ਰਸਤਾ ਰੋਕਦੇ ਰਹੇ ਨੇ ਤਾਂ ਫਿਰ ਰਸਤਾ ਖਾਲੀ ਕਰਨ ਲਈ ਅਗਲਿਆਂ ਅਪਣੀਆਂ ਨਾਲੀਆਂ ਤਾਂ ਖਾਲੀ ਕਰਨੀਆਂ ਹੀ ਸਨ। ਕਾਮਰੇਡ ਜਦ ਰਾਸ਼ਟਰਵਾਦੀ ਹੋ ਕੇ ਸੋਚਦਾ ਹੈ ਤਾਂ ਰਾਸ਼ਟਰਵਾਦ ਦਾ ਸਭ ਤੋਂ ਵੱਡਾ ਰੋੜਾ ਸਿਖ ਨੇ ਜਿਹੜੇ ਅਪਣੇ ਖੁੱਸੇ ਰਾਜ ਨੂੰ ਭੁਲਾ ਨਹੀ ਪਾਓਂਦੇ ਅਤੇ ਜਿਸ ਨੂੰ ਖੁੱਸਣ ਵਿਚ ਸਭ ਤੋਂ ਵੱਡਾ ਰੋਲ ਹਿੰਦੂ ਡੋਗਰਿਆਂ ਦਾ ਰਿਹਾ ਅਤੇ ਪੰਜਾਬ ਉਪਰ ਚੜ ਕੇ ਆਏ ਅੰਗਰੇਜੀ ਫੌਜਾਂ ਦੇ ਕਟਕ ਵੇਲੇ ਹਿੰਦੂ ਪੂਰਬੀਏ ਸਭ ਤੋਂ ਮੂਹਰੇ ਰਹੇ।

ਸਿੱਖਾਂ ਅੰਦਰਲੀ ਗਾਂਧੀ ਵਰਗਿਆਂ ਵਲੋ ਖਾਧੀ ਖਤਾ ਵੀ ਸਿੱਖ ਨੂੰ ਵੱਟ ਚਾਹੜੀ ਰੱਖਦੀ ਜਿਸ ਨੇ ਝੂਠੇ ਵਾਅਦੇ ਅਤੇ ਲਾਰਿਆਂ ਰਾਹੀਂ ਲੀਡਰਾਂ ਨੂੰ ਭਰਮਾ ਕੇ ਖੂਨ ਡੋਹਲ ਕੇ ਲਿਆ ਰਾਜ ਹੜੱਪ ਲਿਆ ਅਤੇ ਮੁੜ ਓਹ ਦਿਨ ਲੱਦ ਗਏ ਕਹਿਕੇ ਗਾਂਧੀ ਵਰਗੇ ਧੋਤੀ ਚੁੱਕ ਗਏ।

ਕਾਮਰੇਡਾਂ ਦੇ ਰਾਸ਼ਟਰਵਾਦ ਦਾ ਰਾਹ ਸਿੱਖਾਂ ਨਾਲ ਦੁਸ਼ਮਣੀ ਵੰਨੀ ਜਾ ਖੁਲਦਾ ਹੈ ਜਿਸ ਨੂੰ ਸਿਆਣੇ ਕਾਮਰੇਡਾਂ ਵੀ ਬੰਦ ਕਰਨ ਦਾ ਕਦੇ ਕੋਈ ਉਜਰ ਨਹੀਂ ਕੀਤਾ।  ਕਾਮਰੇਡਾਂ ਦਾ ਗਾਂਧੀ ਦੀ ਗੱਡ ਨਾਲ ਇਨਕਲਾਬ ਦਾ ਕੱਟਾ ਬੰਨੀ ਫਿਰਨਾ ਬੜਾ ਹਾਸੋਹੀਣਾ ਹੋ ਨਿਬੜਿਆ ਹੈ ਜਿਹੜੇ ਖੁਦ ਦਾ ਭਵਿੱਖ ਸ਼ਾਇਦ ਰਾਸ਼ਟਰਵਾਦ ਵਿਚੋਂ ਦੇਖ ਰਹੇ ਨੇ ਜਦਕਿ ਰਾਸ਼ਟਰਵਾਦ ਕਾਮਰੇਡਾਂ ਨੂੰ ਵੀ ਓਨੀ ਨਫਰਤ ਕਰਦਾ ਜਿੰਨੀ ਸਿਖਾਂ ਨੂੰ ਇਹ ਗੱਲ ਮੋਰਚੇ ਵੇਲੇ ਰਾਸ਼ਟਰਵਾਦੀ ਮੀਡੀਏ ਦੀ ਕਾਮਰੇਡਾਂ ਪ੍ਰਤੀ ਜਹਿਰੀਲੀਆਂ ਟਿਪਣੀਆਂ ਵੇਲੇ ਸਾਹਵੇਂ ਆ ਗਈ ਸੀ, ਪਰ ਪੁਰਾਣੀਆਂ ਕੁੱਟਾਂ ਤੋਂ ਡਰੇ ਕਾਮਰੇਡ ਇਸ ਉਗਲੇ ਗਏ ਜਹਿਰ ਖਿਲਾਫ ਚੂੰਅ ਨਹੀ ਕੀਤੇ।

ਪੁਲਿਸ ਜਦ ਟਾਊਟ ਨੂੰ ਇਕ ਵਾਰੀ ਚਲਦਾ ਕਰ ਲੈਂਦੀ ਫਿਰ ਓਹ ਪੁਲਸ ਜੋਗਾ ਹੀ ਰਹਿ ਜਾਣ ਤਰਾਂ ਕਾਮਰੇਡ ਰਾਸ਼ਟਰਵਾਦ ਨੇ ਅਜਿਹੇ ਧਰ ਲਏ ਹੋਏ ਨੇ ਹੁਣ ਇਹ ਰਾਸ਼ਟਰਵਾਦ ਜੋਗੇ ਹੀ ਰਹਿ ਗਏ ਨੇ। ਜਦ ਇਹ ਸਿਖਾਂ ਨੂੰ 84 ਦੀ ਕੁੱਟ ਯਾਦ ਕਰਾਓਂਦੇ ਦਰਅਸਲ ਇਹਨਾ ਦਾ ਖੁਦ ਦੀ ਕੁੱਟ ਦਾ ਡਰ ਬੋਲ ਰਿਹਾ ਹੁੰਦਾ। ਹਰੇਕ ਸਿੱਖ ਮੁੱਦੇ ਉਪਰ ਕਾਮਰੇਡਾਂ ਦਾ ਮੁੜਕੋ ਮੁੜਕੀ ਹੋਣਾ ਦੱਸਦਾ ਕਿ ਰਾਸ਼ਟਰਵਾਦ ਦੀ ਸਾਊ ਘੋੜੀ ਸਾਬਤ ਕਰਨ ਖਾਤਰ ਇਨੀ ਸਿੱਖ ਦੁਸ਼ਮਣੀ ਦੀਆਂ ਜੜਾਂ ਪਤਾਲੀਂ ਜਾ ਲਾਈਆਂ ਹਨ ਜਿਸ ਨੂੰ ਹਿੰਦੂ ਵਲੋਂ ਕੀਤਾ ਜਬਰ ਤਾਂ ਕਦੇ ਨਹੀ ਦਿੱਸਦਾ ਪਰ ਸਿਖਾਂ ਵਲੋਂ ਮਾਰੀ ਨਿੱਛ ਵੀ ਸ਼ਾਂਤੀ ਭੰਗ ਕਰ ਜਾਂਦੀ ਹੈ।

ਪਰੀਤ ਲੜੀ ਵਾਲੇ ਗੁਰਬਖਸ਼ ਸਿਓਂ ਤੋਂ ਸ਼ੁਰੂ ਕਰਕੇ ਨਾਟਕਕਾਰ ਗੁਰਸ਼ਰਨ ਤੋਂ ਲੈ ਕੇ ਸੰਤ ਸਿੰਘ ਸੇਖੋਂ ਵਿਚਦੀ ਲੰਘਦੀ ਕਾਮਰੇਡਾਂ ਦੀ ਨਫਰਤ ਜਗਜੀਤ ਅਨੰਦ ਜਾਂ ਸਤਪਾਲ ਡਾਂਗ ਜਾਂ ਜਤਿੰਦਰ ਪੰਨੂੰ ਵਰਗਿਆਂ ਤਕ ਆਣ ਪਹੁੰਚਦੀ ਹੈ ਜਿਥੇ ਓਹ ਸਿਖ ਨੌਜਵਾਨੀ ਦਾ ਨਰ ਸੰਘਾਰ ਕਰਨ ਵਾਲੇ ਕੇ ਪੀ ਗਿੱਲ ਵਰਗੇ ਜਰਵਾਣਿਆਂ ਨਾਲ ਵੀ ਜਾ ਜੱਫੀ ਪਾਓਂਦੇ ਅਤੇ ਉਸ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਨੇ। ਸੜਕਨਾਮੇ ਜਾਂ ਗੱਗ ਵਰਗਿਆਂ ਨਾਲ ਇਨਾ ਦਾ ਜਾ ਖੜੋਣਾ ਇਨਾ ਦਾ ਰਾਸ਼ਟਰਵਾਦ ਪ੍ਰਤੀ ਵਫਾਦਾਰੀ ਦਾ ਖੁਲਾ ਐਲਾਨ ਹੈ ਜਿਹੜੇ ਸਿੱਖ ਇਤਿਹਾਸ ਦੀ ਕਿਦਾਰਕੁਸ਼ੀ ਕਰਨ ਲਗੇ ਕਿਸੇ ਸਖਸ਼ੀਅਤ ਬਾਰੇ ਲਿਖਣ ਦੀ ਸਾਰੀ ਮਰਿਯਾਦਾ ਵੀ ਭੁਲ ਜਾਂਦੇ ਹਨ।

ਕੁਲ ਪਾ ਕੇ ਪੰਜਾਬ ਦਾ ਕਾਮਰੇਡ ਦੁਬਿਧਾ ਵਿਚ ਜਿਓ ਰਿਹਾ ਹੈ ਜਿਹੜਾ ਭਗਤ ਸਿੰਘ ਨੂੰ ਵੀ ਨਹੀਂ ਛੱਡ ਸਕਦਾ ਅਤੇ ਸਰਦਾ ਇਨਾ ਦਾ ਗਾਂਧੀ ਕਿਆਂ ਬਿਨਾ ਵੀ ਨਹੀਂ ਕਿਓਂਕਿ ਦੇਸ਼ ਭਗਤ ਰਾਸ਼ਟਰਵਾਦੀ ਬਣਨ ਖਾਤਰ ਸਿੱਖਾਂ ਨਾਲ ਗਹਿਗੱਚ ਦੁਸ਼ਮਣੀ ਪਾਲਣੀ ਹੀ ਪਵੇਗੀ ਜਿਹੜੀ ਕਿ ਓਹ ਤਨ ਦੇਹੀ ਨਾਲ ਪਾਲ ਰਹੇ ਹਨ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top